ਗੁੰਮਸ਼ੁਦਾ ਮੁਹੱਬਤ......... ਨਜ਼ਮ/ਕਵਿਤਾ / ਸ਼ਮੀ ਜਲੰਧਰੀ


ਐ ਸ਼ਿਵ ! ਤੂੰ ਕਦੇ ਇਸ਼ਤਿਹਾਰ ਦਿੱਤਾ ਸੀ
ਇੱਕ ਗੁੰਮਸ਼ੁਦਾ ਕੁੜੀ ਦਾ
ਜੋ ਹਾਲੇ ਵੀ ਗੁੰਮ ਹੈ...
ਕਿਸੇ ਨੇ ਹੀਲਾ ਹੀ ਨਹੀਂ ਕੀਤਾ
ਉਹਨੂੰ ਲੱਭਣ ਦਾ, ਤੇਰੇ ਤੋ ਬਾਅਦ
ਨਹੀਂ ਤਾਂ ਉਹ ਵੀ ਫ਼ਕੀਰ ਹੋ ਜਾਂਦਾ
ਤੇਰੇ ਵਾਂਗ...
ਤੂੰ ਉਸ ਕੁੜੀ ਦਾ ਇਸ਼ਤਿਹਾਰ ਦਿੱਤਾ ਸੀ

ਜਿਸ ਦਾ ਨਾਮ ਸੀ ਮੁਹੱਬਤ
ਜੋ ਕਿ ਦੁਨੀਆਂ ਦੇ ਹਰ ਰਿਸ਼ਤੇ ‘ਚੋ ਖ਼ਤਮ ਹੋ ਚੁੱਕੀ ਏ
ਤੂੰ ਉਹਦੀ ਗੱਲ ਕੀਤੀ
ਜਿਸ ਦੀ ਸੂਰਤ ਸੀ ਪਰੀਆਂ ਵਰਗੀ
ਜੋ ਗੁੰਮ ਚੁੱਕੀ ਏ ਨਕਲੀ ਮਖੌਟਿਆਂ ਦੀ ਭੀੜ ‘ਚ
ਤੂੰ ਉਸ ਦਾ ਜ਼ਿਕਰ ਕੀਤਾ
ਜਿਸ ਦੀ ਸੀਰਤ ਸੀ ਪਾਕ ਅਤੇ ਸਾਫ਼
ਮਰੀਅਮ ਵਰਗੀ
ਜੋ ਕਿ ਅਲੋਪ ਚੁੱਕੀ ਏ
ਮੰਦੀਆਂ ਸੋਚਾਂ ਦੇ ਹਨੇਰੇ ‘ਚ
ਐ ਸ਼ਿਵ ! ਇਹ ਕਿਹੋ ਜਿਹੀ ਕੁੜੀ ਸੀ
ਜਿਸ ਦੀ ਖਾਤਿਰ ਜੱਗ ਤੈਨੂੰ ਤੋਹਮਤਾਂ ਲਾਈਆਂ
ਖੋਟੀਆਂ ਤੇ ਖਰੀਆਂ ਸੁਣਾਈਆਂ
ਅੱਜ ਵੀ ਰਿਹਾ ਹੈ ਸੁਣਾ
ਇਹ ਲੋਕ ਇੱਕ ਕੁੜੀ ਦੀ ਭਾਲ ‘ਚ ਨੇ
ਪਰ ਇਹ ਤੇਰੇ ਵਾਂਗੂੰ ਫਕੀਰ ਨਹੀ ਹੋਣਗੇ
ਉਸ ਨੂੰ ਲੱਭਦੇ ਲੱਭਦੇ
ਕਿਉਂਕਿ ਜਿਸ ਨੂੰ ਇਹ ਲੱਭ ਰਹੇ ਨੇ
ਉਸ ਦਾ ਨਾਮ ਮੁਹੱਬਤ ਨਹੀ
ਦੌਲਤ ਹੈ, ਸ਼ੋਹਰਤ ਹੈ
ਜੋ ਉਨ੍ਹਾਂ ਨੂੰ ਇੱਕ ਦਿਨ ਜਰੂਰ ਮਿਲ ਜਾਵੇਗੀ
ਜਾਂ ਸ਼ਾਇਦ ਮਿਲ ਚੁੱਕੀ ਹੋਵੇਗੀ
ਪਰ ਐ ਸ਼ਿਵ !
ਜਿਸ ਕੁੜੀ ਦਾ ਤੂੰ ਇਸ਼ਤਿਹਾਰ ਦਿੱਤਾ ਸੀ
ਉਹ ਹਾਲੇ ਵੀ ਗੁੰਮ ਹੈ...

(ਸ਼ਿਵ ਦੀ ਕਵਿਤਾ ‘ਇਸ਼ਤਿਹਾਰ’ ਤੇ ਅਧਾਰਿਤ)

2 comments:

Anonymous said...

ਸ਼ਮੀ ਜੀ ਦੀ ਨਜ਼ਮ ਲਾਜਵਾਬ ਹੈ....
ਸੱਚੀਂ ਅਸੀਂ ਨਹੀਂ ਜਾਣਦੇ ਓਹ ਚਿੜੀ ਕਿਥੇ ਫੁਰਰ ਹੋ ਗਈ ਹੈ...ਜੀ ਹਾਂ...ਗੁੰਮ ਹੈ..ਨਿੱਘਾ ਮੋਹ..
ਮੋਹ...
ਲਾਪਤਾ ਹੈ
ਪਤਾ ਨਹੀਂ ਮਿਲਦਾ
ਖੈਰਾਤ 'ਚ
ਐਵੇਂ ਨਹੀਂ ਮਿਲ਼ਦਾ
ਮੋਹ ਬਜ਼ਾਰੋਂ
ਮੁੱਲ ਨਹੀਂ ਮਿਲ਼ਦਾ !

ਹਰਦੀਪ

Shammi Jalandhari said...

Hardeep ji shukria ,,,