ਨਿੰਦਰ ਘੁਗਿਆਣਵੀ ਵਲੋਂ ਰਾਜਪਾਲ ਸੰਧੂ ਦੀ ਕਿਤਾਬ “ਅਨਹਦ ਨਾਦ” ਦੀ ਘੁੰਢ ਚੁਕਾਈ.......... ਪੁਸਤਕ ਰਿਲੀਜ਼ / ਬਲਜੀਤ ਖੇਲਾ


ਸਿਡਨੀ : ਸਿਡਨੀ ਦੇ ਨੌਜਵਾਨ ਲੇਖਕ ਰਾਜਪਾਲ ਸੰਧੂ ਦੀ ਪਲੇਠੀ ਕਿਤਾਬ ਨੂੰ ਦੀ ਘੁੰਢ ਚੁਕਾਈ ਸੰਬੰਧੀ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ “ਰੂਹ ਪੰਜਾਬ ਦੀ” ਭੰਗੜਾ ਅਕੈਡਮੀ ਵੱਲੋਂ  ਇੱਥੋਂ ਦੇ ਕਸਬੇ ਲੇਲਰ ਪਾਰਕ ‘ਚ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ‘ਚ ਮੁੱਖ ਮਹਿਮਾਨ ਵਜੋਂ ਪੰਜਾਬੀ ਦੇ ਮਸ਼ਹੂਰ ਲੇਖਕ ਨਿੰਦਰ ਘੁਿਗਆਣਵੀ ਜੀ ਪੰਜਾਬ ਤੋਂ ਵਿਸ਼ੇਸ ਤੌਰ ਤੇ ਪਹੁੰਚੇ। ਇਸ ਮੌਕੇ ਸਿਡਨੀ ਦੇ ਅਨੇਕਾਂ ਸਾਹਿਤਕ ਪ੍ਰੇਮੀਆਂ ਦੀ ਹਾਜ਼ਰੀ ‘ਚ ਹੋਏ ਇਸ ਪ੍ਰਭਾਵਸ਼ਾਲੀ ਸਮਾਗਮ ਦੀ ਮੰਚ ਸੰਚਾਲਨਾ ਰਣਜੀਤ ਖੈੜਾ ਵੱਲੋਂ ਪ੍ਰਭਾਵਸ਼ਾਲੀ ਤਰੀਕੇ ਨਾਲ ਨਿਭਾਈ ਗਈ ਤੇ ਆਏ ਸਾਰੇ ਸੱਜਣਾਂ ਨੂੰ ਜੀ ਆਇਆਂ ਕਿਹਾ। 
ਬਾਅਦ ‘ਚ ਕੁਝ ਬੁਲਾਰਿਆਂ ਜਿਹਨਾਂ ‘ਚ ਗਿਆਨੀ ਸੰਤੋਖ ਸਿੰਘ, ਸਾਬ੍ਹੀ ਫਤਹਿਪੁਰੀ, ਹਰਜਿੰਦਰ ਜੌਹਲ, ਲੱਕੀ ਸਿੰਘ, ਡਾ. ਗੁਰਚਰਨ ਸਿੱਧੂ ਤੇ ਹੋਰਨਾਂ ਨੇ ਰਾਜਪਾਲ ਸੰਧੂ ਨੂੰ ਪਲੇਠੀ ਪੁਸਤਕ ਮਾਂ ਬੋਲੀ ਦੀ ਝੋਲੀ ‘ਚ ਪਾਉਣ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਸਾਬ੍ਹੀ ਫਤਿਹਪੁਰੀ ਤੇ ਰਾਜਿੰਦਰ ਬੱਬਲੂ ਨੇ ਆਪਣੇ ਵਿਲੱਖਣ ਅੰਦਾਜ ‘ਚ ਰਾਜਪਾਲ ਦੀ ਕਿਤਾਬ ‘ਚੋਂ ਕੁਝ ਨਜ਼ਮਾਂ ਵੀ ਸੁਣਾਈਆਂ। ਇਸ ਮੌਕੇ ਕਿਤਾਬ ਦੀ ਘੁੰਡ ਚੁਕਾਈ ਨਿੰਦਰ ਘੁਗਿਆਣਵੀ, ਡਾ.ਸਿੱਧੂ ਤੇ ਲੱਕੀ ਸਿੰਘ ਵਲੋਂ ਸਾਂਝੇ ਤੌਰ ਤੇ ਕੀਤੀ ਗਈ। ਬਾਅਦ ‘ਚ ਬੋਲਦੇ ਹੋਏ ਨਿੰਦਰ ਘੁਗਿਆਣਵੀ ਨੇ ਜਿੱਥੇ ਰਾਜਪਾਲ ਸੰਧੂ ਨੂੰ ਪਲੇਠੀ ਕਿਤਾਬ ਦੀ ਮੁਬਾਰਕਬਾਦ ਦਿੱਤੀ ਉੱਥੇ ਹੀ ਸਾਹਿਤ ‘ਚ ਫੈਲ ਰਹੇ ਸਾਹਿਤਕ ਪ੍ਰਦੂਸ਼ਣ ਤੇ ਚਿੰਤਾ ਵੀ ਜਾਹਿਰ ਕੀਤੀ। ਅਖੀਰ ‘ਚ ਰਾਜਪਾਲ ਸੰਧੂ ਨੇ ਹਾਜ਼ਰ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਇੱਕ ਨਜ਼ਮ ਤਰੰਨਮ ‘ਚ ਗਾ ਕੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਲਵਿੰਦਰ ਪੰਧੇਰ, ਹਰਕੀਰਤ ਸੰਧਰ, ਅਮਰਜੀਤ ਖੇਲਾ, ਦਲਜੀਤ ਲਾਲੀ, ਅਜੀਤਪਾਲ ਸਿੰਘ, ਇਕਬਾਲ ਸਿੰਘ ਕਾਲਕਟ, ਇੰਦਰ ਖਹਿਰਾ, ਸੁਖਜਿੰਦਰਪਾਲ ਸਿੰਘ, ਸਵਰਨ ਬਰਨਾਲਾ ਤੇ ਹੋਰ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ।

****

No comments: