ਮੈਂ ਤਾਂ ਪੁੱਤ ਕੱਲੀ ਰਹਿ ਜੂੰ......... ਕਹਾਣੀ / ਵਕੀਲ ਕਲੇਰ


ਹਰਮੀਤ ਨੇ ਬੈੱਡਰੂਮ ਦੀ ਵਿੰਡੋ ਦਾ ਪਰਦਾ ਹਟਾਕੇ ਬਾਹਰ ਨਿਗ੍ਹਾ ਮਾਰੀ । ਰਾਤ ਅਪਣੇ ਜਲੌਅ ਵਿੱਚ ਆਈ ਹੋਈ ਸੀ । ਚੰਦ ਬੱਦਲਾਂ ਨਾਲ ਹਾਈਡ ਐਂਡ ਸੀਕ ਦੀ ਖੇਡ ਖੇਡ ਰਿਹਾ ਸੀ । ਤਾਰਿਆਂ ਦੀ ਹੋਂਦ ਦਾ ਅਹਿਸਾਸ ਹੀ ਨਹੀਂ ਹੋ ਰਿਹਾ ਸੀ । ਉਸਨੇ ਹਾਉਕਾ ਭਰਿਆ ਤੇ ਪਰਦਾ ਫਿਰ ਖਿਸਕਾ ਕੇ ਬੰਦ ਕਰ ਦਿੱਤਾ । ਵਾਸ਼ਰੂਮ ਵਿੱਚ ਜਾ ਕੇ ਆਪਣੇ ਰੂਪ ਨੂੰ ਨਿਹਾਰਨ ਲੱਗੀ । ਜੂੜਾ ਖੋਲ ਕੇ ਵਾਲਾਂ ਨੂੰ ਆਪਣੀ ਹਿੱਕ ਉੱਪਰ ਖਿਲਾਰ ਲਿਆ । ਫਿਰ ਡਰਾਇਰ ਵਿੱਚੋਂ ਰਬੜ ਚੱਕ ਕੇ ਵਾਲਾਂ ਨੂੰ ਪਿਛਲੇ ਪਾਸੇ ਕਰਕੇ ਬੰਨ੍ਹ ਲਿਆ । ਵਾਸ਼ਰੂਮ ਵਿੱਚੋਂ ਨਿੱਕਲ ਕੇ ਹੇਠਾਂ ਲਿਵਿੰਗ ਰੂਮ ਵਿੱਚ ਆ ਕੇ ਟੀਵੀ ਔਨ ਕਰ ਲਿਆ । ਰਾਤ ਦੇ ਸਾਢੇ ਬਾਰਾਂ ਵੱਜ ਚੁੱਕੇ ਸਨ । ਏ ਐਮ ਸੀ ਚੈਨਲ ਉੱਪਰ ਟਾਈਟੈਨਕ ਮੂਵੀ ਦਾ ਉਹ ਸੀਨ ਆ ਰਿਹਾ ਸੀ, ਜਿਸ ਵਿੱਚ ਫਿਲਮ ਦਾ ਹੀਰੋ ਅਤੇ ਹੀਰੋਇਨ ਜਹਾਜ਼ ਦੇ ਬਿਲਕੁੱਲ ਅਗਲੇ ਪਾਸੇ ਅਖੀਰ ਤੇ ਖੜੇ ਸਨ । ਉਸਤੋਂ ਅੱਗੇ ਬੱਸ ਸਾਗਰ ਸੀ ਜਾਂ ਜਲ ਪਰੀਆਂ ਗੀਤ ਗਾਉਂਦੀਆਂ ਗਾਉਂਦੀਆਂ ਜਾ ਰਹੀਆਂ ਸਨ । ਮੂਵੀ ਦੇ ਹੀਰੋ ਨੇ ਹੀਰੋਇਨ ਦੀਆ ਬਾਹਾਂ ਫੜਕੇ ਹੰਸ ਵਾਂਗੂੰ ਫੈਲਾਈਆਂ ਹੋਈਆਂ ਸਨ । ਇਸ ਤਰ੍ਹਾਂ ਲੱਗ ਰਿਹਾ ਸੀ, ਜਿਵੇਂ ਨੀਲੇ ਕਾਲੇ ਸਾਗਰ ਉੱਪਰ ਦੀ ਉਡਾਨ ਭਰਨ ਦੀ ਤਿਆਰੀ ਵਿੱਚ ਹੋਣ । ਹਰਮੀਤ ਦਾ ਚਿੱਤ ਕਾਹਲਾ ਪੈ ਗਿਆ । ਉਹ ਕਿਚਨ ਵਿੱਚ ਗਈ, ਗਿਲਾਸ ਪੂੁਰਾ ਭਰਕੇ ਪਾਣੀ ਪੀਤਾ । ਫਿਰ ਸੋਫੇ ਤੇ ਬੈਠਕੇ ਮੂਵੀ ਵੇਖਣ ਲੱਗ ਪਈ । ਹੁਣ ਹੀਰੋ ਤੇ ਹੀਰੋਇਨ ਜਹਾਜ਼ ਵਿੱਚ ਲੱਦੀਆਂ ਕਾਰਾਂ ਵਿੱਚੋਂ ਇੱਕ ਕਾਰ ਵਿੱਚ ਬੈਠਕੇ ਇਸ ਜਹਾਨ ਤੋ਼ ਬੇ ਖਬਰ ਕਿਸੇ ਹੋਰ ਦੁਨੀਆਂ ਵਿੱਚ ਗਵਾਚੇ ਹੋਏ ਸਨ ।

ਹਰਮੀਤ ਦਾ ਪਤੀ ਗੁਰਇਕਬਾਲ ਰਾਤ ਦੀ ਸਿ਼ਫਟ ਕਰਦਾ ਸੀ । ਉਸਨੂੰ ਕਦੇ ਕਿਸੇ ਦਿਨ ਆਫ਼ ਹੁੰਦਾ, ਕਦੇ ਕਿਸੇ ਦਿਨ । ਅੱਜ ਉਹ ਕੰਮ ਤੇ ਸੀ । ਹਰਮੀਤ ਅਤੇ ਗੁਰਇਕਬਾਲ ਦੇ ਵਿਆਹ ਹੋਏ ਨੂੰ ਅਜੇ 5-7 ਮਹੀਨੇ ਹੀ ਹੋਏ ਸਨ । ਭਾਵੇਂ ਗੁਰਇਕਬਾਲ ਇੰਡੀਆ ਤੋਂ ਪੋਲਿਟੀਕਲ ਸਾਇੰਸ ਦੀ ਐਮ ਏ ਕਰਕੇ ਆਇਆ ਸੀ ਪਰ ਉਸਦੀ ਆਰਟਸ ਵਿੱਚ ਕੀਤੀ ਐਮ ਏ ਐਥੇ ਕੈਨੇਡਾ ਵਿੱਚ ਕਿਸੇ ਕੰਮ ਨਾ ਆਈ । ਉਸਦੀ ਖਾਹਿਸ਼ ਤਾਂ ਸੀ ਕਿ ਐਥੇ ਕੈਨੇਡਾ ਵਿੱਚ ਵੀ ਕੋਈ ਕੋਰਸ ਵਗੈਰਾ ਕਰਕੇ ਕਿਸੇ ਚੰਗੀ ਜਾਬ ਤੇ ਲੱਗ ਜਾਵੇ ਪਰ ਉਸਦੇ ਆਉਣ ਤੋਂ ਚਾਰ ਕੁ ਮਹੀਨਿਆਂ ਪਿੱਛੋਂ ਹੀ ਹਰਜੀਤ ਨੇ ਬੇਟੀ ਨੂੰ ਜਨਮ ਦਿੱਤਾ । ਪਹਿਲਾਂ ਪਹਿਲਾਂ ਤਾਂ ਗੁਰਇਕਬਾਲ ਅਪਣੇ ਸਹੁਰਿਆਂ ਦੇ ਘਰ ਹੀ ਰਿਹਾ ਪਰ ਹਰਜੀਤ ਦੇ ਕੁੜੀ ਹੋਣ ਪਿੱਛੋਂ ਉਸਦੀ ਭਰਜਾਈ ਆਨੀ ਬਹਾਨੀ ਹਰਜੀਤ ਨੂੰ ਸੁਨਾਉਣ ਲੱਗ ਪਈ ਸੀ..


“ਇੱਕ ਤਾਂ ਫੈਕਟਰੀ ‘ਚ 8 ਘੰਟੇ ਦੇਹ ਤੋੜਕੇ ਕੰਮ ਕਰਕੇ ਆਉ, ਫਿਰ ਘਰੇ ਆ ਕੇ ਸਾਰਾ ਧੰਦਾ ਵੀ ਕਰੋ । ਜੁਆਕ ਸਾਰੀਆਂ ਈ ਜੰਮਦੀਆਂ ਨੇ । ਇਸਨੇ ਕੋਈ ਜੁਆਕ ਜੰਮ ਕੇ ਕੀ ਕੱਦੂ ‘ਚ ਤੀਰ ਮਾਰਤਾ, ਬਈ ਜਿਹੜਾ ਦੂਜਿਆਂ ਤੋਂ ਨੀ ਵੱਜਿਆ । ਬੰਦਾ ਹੋਰ ਨਹੀਂ ਤਾਂ ਹੌਲੀ ਹੌਲੀ ਕੋਈ ਦਾਲ ਸਬਜੀ ਹੀ ਬਣਾ ਲਏ । ਹੈਂ ! ਦੂਜੇ ਵੀ ਤਾਂ ਬੰਦੇ ਈ ਐ । ਜੈ ਖਾਣੇ ਦਾ ਆਥਣ ਤਾਈਂ ਸਰੀਰ ਐਂ ਪਿੰਜਿਆ ਜਾਂਦਾ ਐ, ਜਿਵੇਂ ਕਿਸੇ ਨੇ ਡਾਂਗਾਂ ਨਾਲ ਧਨੇਸੜੀ ਦਿੱਤੀ ਹੋਵੇ । ਇੱਕ ਅਹੁ ਬਾਂਦਰ ਮੂਹਾਂ ਜਿਆ ਫੋਰਮੈਨ ਆਖੂ, ਮਿਸਜ਼ ਸਿੱਧੂ ਤੇਰੀ ਪਰੋਡਕਸ਼ਨ ਘੱਟ ਆਂਉਂਦੀ ਐ । ਥੋੜਾ ਤੇਜੀ ਨਾਲ ਕੰਮ ਨਬੇੜਿਆ ਕਰ । ਓਸਨੂੰ ਮੇਰੇ ਪਿਉ ਦੇ ਸਾਲੇ ਨੂੰ ਪੁੱਛਣ ਆਲਾ ਹੋਵੇ, ਬਈ ਮੈਂ ਕੋਈ ਮਸ਼ੀਨ ਤਾਂ ਨੀ ਬਈ ਕਿਹੜਾ ਥੱਕਣਾ ਐ । ਹੈਂ ਦੱਸ !  ਅੱਧੀ ਰਾਤ ਤੀਕ ਤਾਂ ਘਰ ਦਾ ਕਮਾਂਦੜਾ ਈ ਨੀ ਸੂਤ ਆਉਂਦਾ । ਪੈਂਦਿਆਂ ਕਰਦਿਆਂ ਨੂੰ ਬਾਰਾਂ ਤਾਂ ਸਹਿਜੇ ਵੱਜ ਜਾਂਦੇ ਐ । ਫਿਰ ਸਦੇਹਾਂ ਉੱਠਕੇ ਮਸਾਂ ਹੱਡ ਕੱਠੇ ਕਰਕੇ ਧੂਅ ਘੜੀਸ ਕਰਕੇ ਕੰਮ ਤੇ ਅੱਪੜੀਦਾ ਐ ਤੇ ਅੱਗੋਂ ਇਹ ਆਖੂ, ਮਿਸਜ਼ ਸਿੱਧੂ ਤੇਰੀ ਪਰੋਡਕਸ਼ਨ ਘੱਟ ਐ । ਜੀ ਤਾਂ ਕਰਦਾ ਐ ਚੱਕ ਕੇ ਫੌੜਾ ਮਾਰਾਂ ਮੌਰਾਂ ‘ਚ ਬਾਂਦਰ ਮੂੰਹੇ ਜਹੇ ਦੇ ।” 

ਸਿਮਰਨ (ਹਰਜੀਤ ਦੀ ਭਰਜਾਈ) ਵੀ ਸੱਚੀ ਸੀ । 8-9 ਘੰਟੇ ਫੈਕਟਰੀ ਵਿੱਚ ਕੰਮ ਕਰਨ ਪਿੱਛੋਂ ਘਰੇ ਆ ਕੇ ਵੀ 10 ਜੀਆਂ ਦੇ ਰੋਟੀ ਪਾਣੀ ਦਾ ਕਰਨਾ । ਫਿਰ ਉਸਦੇ ਵੀ ਆਪਣੇ ਦੋ ਛੋਟੇ ਛੋਟੇ ਬੱਚੇ ਨਵੀ 7 ਕੁ ਸਾਲ ਦਾ ਅਤੇ ਪਾਇਲ 5 ਕੁ ਸਾਲ ਦੀ । ਦੋਹੇਂ ਸਕੂਲ ਜਾਂਦੇ ਸਨ । ਸਵੇਰੇ ਪਹਿਲਾਂ ਉਹਨਾਂ ਦਾ ਲੰਚ ਬਣਾ ਕੇ ਵੀ ਰੱਖਣਾ ਹੁੰਦਾ ਸੀ । ਬੱਸ ਮਸਾਂ ਹੀ ਭੱਜ ਨੱਠ ਕਰਕੇ ਕੰਮ ਤੇ ਪਹੁੰਚਦੀ ਸੀ ਤੇ ਅੱਗੋਂ ਫੋਰਮੈਨ ਆਖਣ ਲੱਗ ਪੈਂਦਾ ਸੀ, ਮਿਸਜ਼ ਸਿੱਧੂ ਤੇਰੀ ਪਰੋਡਕਸ਼ਨ ਘੱਟ ਆਉਂਦੀ ਹੈ।

ਹਰਮੀਤ ਦੇ ਭਰਾ ਰਣਜੋਧ ਨੇ ਸਪੌਂਸਰ ਕਰਕੇ ਆਪਣੇ ਮਾਂ ਪਿਉ ਅਤੇ 4 ਭੈਣ ਭਰਾਵਾਂ ਨੂੰ ਕੈਨੇਡਾ ਸੱਦਿਆ ਸੀ । ਜਦੋਂ ਇਹਨਾਂ ਦਾ ਕੇਸ ਅਪਲਾਈ ਕੀਤਾ ਸੀ ਤਾਂ ਦੋਹਾਂ ਜੀਆਂ ਨੂੰ ਦੋ ਦੋ ਜੌਬਾਂ ਕਰਨੀਆਂ ਪੈਂਦੀਆਂ ਸਨ । 5 ਸਾਲਾਂ ਪਿੱਛੋ ਦਿੱਲੀ, ਕੈਨੇਡੀਅਨ ਅੰਬੈਸੀ ਨੇ ਇਹ ਸਬੂਤ ਮੰਗ ਲਿਆ ਕਿ ਰਣਜੋਧ ਦੇ ਮਾਤਾ ਪਿਤਾ ਡੀ ਐਨ ਏ ਕਰਾਕੇ ਇਹ ਸਾਬਤ ਕਰਨ ਕਿ ਜਿਨ੍ਹਾਂ ਚਾਰਾਂ ਬੱਚਿਆਂ ਨੂੰ ਨਾਲ ਲਿਜਾ ਰਹੇ ਹਨ, ਉਹ ਵਾਕਿਆ ਹੀ ਉਨ੍ਹਾਂ ਦੇ ਹੀ ਹਨ । ਦਿੱਲੀ ਤੋਂ ਪੇਪਰ ਐਥੇ ਕੈਨੇਡਾ ਕਿਸੇ  ਲੈਬ ਚੋਂ ਵੀ ਟੈਸਟ ਹੋਣੇ ਸਨ । 2-3 ਹਜ਼ਾਰ ਇਸ ਕੰਮ ਤੇ ਲੱਗ ਗਿਆ । ਕਿੱਸਾ ਕੋਤਾ ਕੀ ਕਿ ਜਦੋਂ ਨੂੰ ਰਣਜੋਧ ਦੀ ਫੈਮਲੀ ਕੇਨੇਡਾ ਪਹੁੰਚੀ, ਰਣਜੋਧ ਅਤੇ ਉਸਦੀ ਵਾਈਫ ਦੇ ਸਰੀਰ ਕੰਮ ਕਰ ਕਰਕੇ ਬੋਦੇ ਹੋਏ ਪਏ ਸੀ ਅਤੇ ਹੁਣ ਸਿਮਰਨ ਨੂੰ ਹੋਰ ਵੀ ਔਖਾ ਹੋ ਗਿਆ ਸੀ ।

ਸਿਮਰਨ ਦੀ ਨਾਰਾਜ਼ਗੀ ਅਤੇ ਉਸਦੀ ਸੱਸ ਦੀ ਘੈਂਸ ਘੈਂਸ ਹੁਣ ਖੁਲ੍ਹ ਕੇ ਸਾਹਮਣੇ ਆ ਗਈ ਸੀ । ਹਰਮੀਤ ਦੀ ਮਾਂ ਨੇ ਕੁਦਰਤੀ ਹੀ ਅਪਣੀ ਧੀ ਦਾ ਪੱਖ ਹੀ ਲੈਣਾ ਸੀ । ਉਹ ਕਹਿੰਦੀ... 

“ਕੁੜੀ ਕੋਲੇ ਛੋਟਾ ਨਿੱਕਾ ਨਿਆਣਾ ਐ । ਹੱਡੀਂ ਪਾਣੀ ਪਿਆ ਵਿਆ ਐ । ਪਰਸੂਤਾ ਉੱਠਕੇ ਕਿਵੇਂ ਕੰਮ ਨੂੰ ਹੱਥ ਪਾਵੇ । ਕੱਲ ਨੂੰ ਕੋਈ ਕੁੜੀ ਨੂੰ ਅਹੁਰ ਸਹੁਰ ਹੋਗੀ ਤਾਂ ਸਿਰ ਸਵਾਹ ਤਾਂ ਮੇਰੇ ਹੀ ਪਊ ਨਾ । ਅਗਲੇ ਆਖਣਗੇ ਇਹ ਤਾਂ ਭਲਾ ਨਿਆਣੀਆਂ ਸੀ, ਤੂੰ ਤਾਂ ਧੌਲੇ ਝਾਟੇ ਆਲੀ ਸੀ ਕੋਲੇ । ਹੈਂ ! ਤੇਰੀ ਮੱਤ ਨੂੰ ਕੀ ਹੋ ਗਿਆ ਸੀ । ਏਸਦੀ ਸੱਸ ਊਂਈ ਨੀ ਸਿੱਧੇ ਪਿਆਂ ਨੂੰ ਛੱਡਦੀ, ਫਿਰ ਤਾਂ ਓਸਨੇ ਸਾਡਾ ਜਿਉਣਾ ਦੂਭਰ ਕਰ ਦੇਣਾ ਐਂ । ਨਾ ਭਾਈ ! ਮੈਥੋਂ ਨੀ ਆਵਦੀ ਧੀ ਨੂੰ ਮਿਹਣੇ ਦਵਾਏ ਜਾਂਦੇ ।”

ਕਈ ਵਾਰੀ ਰਣਜੋਧ ਥੱਕਿਆ ਟੁੱਟਿਆ ਕੰਮ ਤੋਂ ਆਉਂਦਾ ਤੇ ਅੱਗੇ ਘਰੇ ਮਹਾਂਭਾਰਤ ਛਿੜੀ ਹੁੰਦੀ ਤਾਂ ਉਸਦਾ ਦਿਲ ਬੜਾ ਖਰਾਬ ਹੁੰਦਾ । ਪਹਿਲਾਂ ਪਹਿਲਾਂ ਤਾਂ ਉਹ ਮਾਂ ਦੀਆਂ ਵੀ ਸੁਣ ਲਿਆ ਕਰੇ ਅਤੇ ਸਿਮਰਨ ਦੀ ਵੀ, ਪਰ ਕਿੰਨਾ ਕੁ ਚਿਰ ? ਆਖੀਰ ਇੱਕ ਦਿਨ ਉਸਨੇ ਆਪਣੇ ਪਿਉ ਨੂੰ ਇਕੱਲਿਆਂ ਬਿਠਾ ਲਿਆ ਤੇ ਕਹਿੰਦਾ...

“ਵੇਖ ਬਾਪੂ ! ਜੋ ਕੁਸ਼ ਆਪਣੇ ਘਰੇ ਹੋਈ ਜਾਂਦਾ ਐ, ਉਹ ਤੈਨੂੰ  ਵੀ ਦਿਸੀ ਜਾਂਦਾ ਐ । ਹੁਣ ਗੱਡੀ ਕਿੰਨ੍ਹਾਂ ਕੁ ਚਿਰ ਚੱਲੂ ?  ਬਿਹਤਰ ਐ, ਆਪਾਂ ਅੱਡ ਹੋ ਜੀਏ । ਵਿੱਚੋਂ ਕਜੀਆ ਮੁੱਕੂ । ਜੇ ਕਿਤੇ ਥੋਨੂੰ ਲੋੜ ਪਊ ਤਾਂ ਮੈਂ ਬਣਦੀ ਸਰਦੀ ਮੱਦਦ ਕਰੂੰ” 

ਉਸਦੀ ਗੱਲ ਸੁਣਕੇ ਉਸਦਾ ਪਿਤਾ ਰਾਮ ਸਿੰਘ ਬੋਲਿਆ “ਹਾਂ ਗੱਲ ਤਾਂ ਤੇਰੀ ਠੀਕ ਐ । ਮੈਂ ਤਾਂ ਤੈਨੂੂੰ ਆਪ ਕਈਆਂ ਦਿਨਾਂ ਦਾ ਆਖਣ ਨੂੰ ਫਿਰਦਾ ਸੀ । ਚੰਗਾ ਹੋਇਆ ਤੈਂ ਆਪੇ ਗੱਲ ਛੇੜਲੀ । ਆਪਾਂ ਇਉਂ ਕਰੀਏ ਸਾਨੂੰ ਆਵਦੇ ਨੇੜੇ ਕੋਈ ਬੇਸਮੈਂਟ ਲੈ ਦੇ । ਹਾਲ ਦੀ ਘੜੀ ਘਰ ਘੁਰ ਲੈਣ ਦੀ ਤਾਂ ਸਾਡੇ ‘ਚ ਸ਼ੇਰਾ ਪਹੁੰਚ ਨੀ । ਤੈਨੂੰ ਵੀ ਸਾਰਾ ਪਤਾ ਈ ਐ, ਘਰ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਆਉਣ ਤੇ ਖਰਚੇ ਲਈ ਦੋ ਕਿੱਲੇ ਲੰਬਰਦਾਰਾਂ ਨੂੰ ਗਹਿਣੇ ਕਰਕੇ ਆਏ ਹਾਂ, ਉਹ ਛੁਡਾਵਾਂਗੇ ਭਾਈ । ਪਿੰਡ ‘ਚ ਇੱਜ਼ਤ ਨੀ ਰਹਿੰਦੀ । ਕੁਸ਼ ਕਰਜ਼ਾ ਪਹਿਲਾਂ ਦਾ ਹੀ ਖੜੋਤਾ ਐ, ਤੇਰੇ ਅਤੇ ਹਰਮੀਤ ਦੇ ਵਿਆਹ ਵੇਲੇ ਦਾ ।”

“ਠੀਕ ਐ ਬਾਪੂ ! ਆਪਾਂ ਪਹਿਲੀ ਸਤੰਬਰ ਤੋਂ ਕਿਸੇ ਬੇਸਮੈਂਟ ਦਾ ਇੰਤਜਾਮ ਕਰ ਲੈਨੇ ਆਂ । ਪਰ ਤੁਸੀਂ ਗੁਰਇਕਬਾਲ ਸਣੇ ਸੱਤ ਜੀਅ ਬਣਦੇ ਓਂ । ਐਨਿਆਂ ਨੂੰ ਬੇਸਮੈਂਟ ਨੀ ਕਿਸੇ ਨੇ ਦੇਣੀ ।”

“ਗੱਲ ਤਾਂ ਮੱਲਾ ਤੇਰੀ ਠੀਕ ਐ, ਪਰ ਹੁਣ ਪ੍ਰਾਉਣੇ ਨੂੰ ਮੂੰਹ ਪਾੜਕੇ ਆਖਿਆ ਵੀ ਤਾਂ ਨੀ ਜਾਂਦਾ । ਸਮਝ ਨੀ ਆਉਂਦੀ ਕਰੀਏ ਤਾਂ ਕੀ ਕਰੀਏ ।”

“ਅਸਲ ‘ਚ ਬਾਪੂ ਜੇ ਵੇਖੀਏ ਤਾਂ ਹਰਮੀਤ ਹੋਰਾਂ ਨੂੰ ਥੋਡੇ ਨਾਲ ਨੀ ਰਹਿਣਾ ਚਾਹੀਦਾ । ਘਰ ‘ਚ ਸੌ ਗੱਲ ਹੋ ਜਾਂਦੀ ਐ । ਫਿਰ ਤੁਸੀਂ ਬੋਲਣੋ ਵੀ ਜਾਉਂਗੇ । ਆਪਾਂ ਠਰੰਮੇਂ ਨਾਲ ਗੁਰਇਕਬਾਲ ਨੂੰ ਸਮਝਾਈਏ । ਉਹ ਸਿਆਣਾ ਐ । ਸਾਰੀ ਘਾਣੀ ਸਮਝਲੂਗਾ ।”

“ਹਾਂ ਇਹ ਠੀਕ ਰਹੂ ।” 

...ਅਤੇ ਉਸ ਪਿੱਛੋਂ ਉਹਨਾਂ ਦੋਹਾਂ ਪਿਉ ਪੁੱਤਾਂ ਨੇ ਗੁਰਇਕਬਾਲ ਅਤੇ ਹਰਮੀਤ ਨੂੰ ਬਿਠਾਕੇ ਗੱਲ ਕੀਤੀ । 

“ਅਸੀਂ ਤਾਂ ਪਹਿਲਾਂ ਹੀ ਥੋਡੇ ਨਾਲ ਗੱਲ ਕਰਨ ਨੂੰ ਫਿਰਦੇ ਸੀ, ਬਈ ਅਸੀਂ ਤਾਂ ਅੱਡ ਰਹਿਣਾ ਐ । ਹੁਣ ਤਾਂ ਭਾਬੀ ਨਾਲ ਫਰਕ ਪੈ ਗਿਆ, ਫਿਰ...” ਹਰਮੀਤ ਨੇ ਕਿਹਾ ।

“ਕੋਈ ਫਰਕ ਫੁਰਕ ਨੀ ਪਿਆ । ਜੇ ਸਿਮਰ ਮੇਰਾ ਸਾਥ ਨਾ ਦਿੰਦੀ ਤਾਂ ਤੁਸੀਂ ਕੈਨੇਡਾ ਨੀ ਸੀ ਆ ਸਕਦੇ....।” ਰਣਜੋਧ ਨੇ ਅਪਣੀ ਵਾਈਫ ਦੇ ਹੱਕ ਵਿੱਚ ਕਿਹਾ ।

“ਲੈ ਬਾਈ ਫਰਕ ਕਿਵੇਂ ਨੀ ਪਿਆ ? ਹੋਰ ਫਰਕ ਕਿਵੇਂ ਪੈਂਦਾ ਹੁੰਦਾ ਐ ? ਉਹ ਸਿੱਧੇ ਮੂੰਹ ਤਾਂ ਗੱਲ ਨੀ ਕਰਦੀ । ਚੱਤੋ ਪਹਿਰ ਓਸਨੂੰ ਸੂੰਡਕਾ ਚੜਿਆ ਰਹਿੰਦਾ ਐ... ।” ਹਰਮੀਤ ਦਾ ਕਹਿਣਾ ਸੀ ।

ਰਾਮ ਸਿੰਘ ਕਹਿੰਦਾ “ਚੱਲ ਭਾਈ ! ਜੋ ਨਿਭਗੀ ਵਾਹ ਭਲੀ । ਕੁੜੀਏ ਤੁਸੀਂ ਵੀ ਆਵਦੀ ਕੋਈ ਬੇਸਮੈਂਟ ਵੇਖ ਲੋ । ਜੇ ਕਿਤੇ ਅੜੇ-ਥੁੜੇ ਲੋੜ ਪਊ ਤਾਂ ਅਸੀਂ ਭਾਈ ਫੇਰ ਕਿਹੜਾ ਤੈਥੋਂ ਮੁਨਕਰ ਆਂ ? ਵੇਲੇ ਕੁਵੇਲੇ ਤੇਰੇ ਨਾਲ ਖੜਾਂਗੇ ।”

“ਬਸ ਬਾਪੂ ਸਾਡੀ ਐਨੀ ਕੁ ਮੱਦਦ ਕਰ ਦਿਆ, ਜੇ ਬੇਬੇ ਸਾਡੇ ਨਿਆਣੇ ਸਾਂਭ ਲਿਆ ਕਰੇ । ਸਾਲ ਖੰਡ ‘ਚ ਸਾਡੇ ਪੈਰ ਲੱਗ ਜਾਣਗੇ ।”

“ਲੈ ! ਹੈ ਕਮਲੀ ! ਏਸ ‘ਚ ਮਦਾਦ ਆਲੀ ਕਿਹੜੀ ਗੱਲ ? ਸਾਂਭਾਗੇ ! ਸਾਂਭਾਗੇ ! ਕਿਉਂ ਨੀ ? ਤੇਰੀ ਬੇਬੇ ਕਿਹੜਾ ਕੰਮ ਕਰਦੀ ਐ ? ਏਸ ਗੱਲੋਂ ਤੁਸੀਂ ਨਿਸਚਿੰਤ ਹੋ ਜੋ ।” 

ਗੁਰਇਕਬਾਲ ਹੁਣ ਤੀਕ ਚੁੱਪ ਕਰਕੇ ਬੈਠਾ ਸੀ ਬੋਲਿਆ “ਬਾਈ ਜੀ ! ਥੋੜੀ ਜੀ ਮੱਦਦ ਇੱਕ ਹੋਰ ਕਰ ਦਿਉ ।” ਉਸਨੇ ਰਣਜੋਧ ਨੂੰ ਸੰਬੋਧਨ ਹੁੰਦਿਆਂ ਕਿਹਾ ।

“ਦੱਸ”

“ਮੇਰਾ ਰਾਦਾ ਐ ਬਈ ਮੈਂ ਟਰੱਕ ਚਲਾਵਾਂ । ਸੁਣਿਆ ਐ, ਏਸ ਕੰਮ ‘ਚ ਵਾਹਵਾ ਪੈਸੇ ਬਣ ਜਾਂਦੇ ਐ । ਥੋਡੀ ਐਥੇ ਜਾਣ ਪਛਾਣ ਜੀ ਹੈਗੀ ਐ । ਕਿਸੇ ਚੱਜ ਦੇ ਟਰੱਕ ਡਰਾਈਵਿੰਗ ਸਕੂਲ ਨਾਲ ਮੇਰੀ ਗੱਲ ਕਰਾ ਦਿਉ ।”

“ਜਵਾਂ ਕੋਈ ਤੌਖਲਾ ਈ ਨਾ ਕਰ । ਏਥੇ ਮੋਗਾ ਟਰੱਕ ਸਕੂਲ ਹੈਗਾ । ਆਪਾਂ ਉਸਦੇ ਮਾਲਕ ਨਾਲ ਗੱਲ ਕਰਲਾਂਗੇ । ਬੰਦਾ ਚੰਗਾ ਐ । ਜੇ ਤੂੰ ਟਰੱਕ ਤੇ ਚੜ੍ਹ ਜੇਂ ਤਾਂ ਸ਼ੈਂਤ ਮੈਂ ਵੀ ਮਨ ਬਣਾਲਾਂ । ਫੈਕਟਰੀਆਂ ‘ਚ ਕੰਮ ਕਰ ਕਰ ਕੇ ਬੱਸ ਹੋਈ ਪਈ ਐ ।”

ਸਤੰਬਰ ਤੋਂ ਸਾਰੇ ਆਪੋ ਆਪਣੀ ਬੇਸਮੈਂਟ ਵਿੱਚ ਚਲੇ ਗਏ । ਹਰਮੀਤ ਨੇ ਪਲਾਸਟਿਕ ਦੀ ਫੈਕਟਰੀ ਵਿੱਚ ਜਾਬ ਲੈ ਲਈ । ਹੁਣ ਕੋਈ ਰੌਲਾ ਨਹੀਂ ਸੀ । ਸਾਰੇ ਆਪੋ ਆਪਣੀ ਜ੍ਹਗਾ ਖੁਸ਼ ਸਨ ਇੱਕ । ਪਰ ਹਰਮੀਤ ਦੇ ਦਿਲ ਵਿੱਚ ਇੱਕ ਖੁੰਦਕ ਸੀ ਕਿ ਆਵਦੀ ਭਰਜਾਈ ਨੂੰ ਵਿਖਾ ਦੇਣਾ ਐ, ਕਿ ਅਸੀਂ ਤਹਾਡੇ ਤੋਂ ਘੱਟ ਨਹੀਂ ਹਾਂ । ਗੁਰਇਕਬਾਲ ਨੇ ਟਰੱਕ ਦਾ ਲਾਇਸੈਂਸ ਲੈ ਲਿਆ ਅਤੇ ਕਿਸੇ ਦਾ ਟਰੱਕ ਚਲਾਉਣ ਲੱਗ ਪਿਆ । ਦਿਨ ਫਿਰਨ ਲੱਗੇ । ਚਾਰ ਪੰਜ ਮਹੀਨਿਆਂ ‘ਚ ਹੀ ਉਹਨਾਂ ਦੇ ਅਕਾਊਂਟ ‘ਚ ਪੰਜ ਛੇ ਹਜ਼ਾਰ ਡਾਲਰ ਜਮ੍ਹਾ ਹੋ ਗਿਆ । ਕੰਮ ਤੇ ਨਾਲ ਦੀਆਂ ਨਾਲ ਗੱਲੀਂ ਗੱਲੀਂ ਹਰਮੀਤ ਪਤਾ ਲਾਉਣ ਲੱਗ ਪਈ, ਬਈ ਘਰ ਕਿਵੇਂ ਲਈਦਾ ਹੈ ? ਡਾਊਨ ਪੇਮੈਂਟ ਕਿੰਨੀ ਕੁ ਪਾਈਏ ? ਮੋਰਗੇਜ ਕਿਵੇਂ ਕਰਾਈਦੀ ਐ.... ਆਦਿ ।

ਹਰਮੀਤ ਦੀ ਮਾਂ ਬੱਚਿਆਂ ਨੂੰ ਲੈਕੇ ਪਾਰਕ ‘ਚ ਚਲੀ ਜਾਂਦੀ ਸੀ । ਉਥੇ ਦੂਜੀਆਂ ਜਨਾਨੀਆਂ ਤੋਂ ਉਸਨੂੰ ਪਤਾ ਲੱਗ ਗਿਆ ਬਈ ਜਨਾਨੀਆਂ ਨੂੰ ਦੇਸੀ ਰੈਸਟੋਰੈਂਟਾਂ ਵਾਲੇ ਕੈਸ਼ ਹੀ ਕੰਮ ਤੇ ਰੱਖ ਲੈਂਦੇ ਐ ਅਤੇ ਜਿਹੜੀਆਂ ਜਨਾਨੀਆਂ ਇਉਂ ਰੈਸਟੋਰੈਂਟਾਂ ਤੇ ਕੰਮ ਕਰਦੀਆਂ ਸੀ । ਉਹਨਾਂ ਕੋਲ ਪੈਸਾ ਧੇਲਾ ਖੁ਼ੱਲਾ ਖਰਚਣ ਨੂੰ ਹੁੰਦਾ ਸੀ । ਉਹਨਾਂ ‘ਚੋਂ ਕਈ ਗੱਲ ਵੀ ਵਧਾ ਚੜ੍ਹਾ ਕੇ ਕਰਦੀਆਂ । ਕਦੇ ਆਵਦੀਆਂ ਨਵੀਆਂ ਬਣਵਾਈਆ ਵੰਗਾਂ ਦਾ ਵਿਖਾਵਾ ਕਰਦੀਆਂ । ਕਦੇ ਨਵੇਂ ਖਰੀਦੇ ਸੂਟਾਂ ਦੀ ਨੁਮਾਇਸ਼ ਕਰਦੀਆਂ । ਇੱਕ ਦਿਨ ਇੱਕ ਜਿ਼ਆਦਾ ਹੀ ਚੱਕਵੀਂ ਬੁੜ੍ਹੀ ਨੇ ਹਰਮੀਤ ਦੀ ਮਾਂ ਨੂੰ ਵੀ ਲੂਤੀ ਲਾਤੀ । 

“ਏਸ ਮੁਲਕ ‘ਚ ਭੈਣ ਜੀ, ਬਿਨਾ ਡਾਲਰਾਂ ਦੇ ਕੋਈ ਨੀ ਬਾਤ ਪੁੱਛਦਾ ।  ਆਹ ਤੇਰੇ ਸਾਹਮਣੇ ਅਸੀਂ ਸੱਤ ਅੱਠ ਮਹੀਨੇ ਨੂੰਹ ਪੁੱਤ ਦੇ ਘਰੇ ਰਹੇ । ਨਾਲੇ ਤਾਂ ਆਵਦੇ ਪੋਤੇ ਪੋਤੀਆਂ ਸਾਂਭਿਆ ਕਰੀਏ । ਨੂੰਹ ਪੁੱਤ ਕੰਮ ਕਰਿਆ ਕਰਨ ਤੇ ਜੇ ਕਿਤੇ ਗੁਰਦਵਾਰੇ ਵੀ ਜਾਣਾ ਹੁੰਦਾ ਤਾਂ ਇੱਕ ਇੱਕ ਛਿੱਲੜ ਵੀ ਜਾਣੀ ਔਖੇ ਹੋਕੇ ਦਿਆ ਕਰਨ । ਸੱਚੀ ਗੱਲ ਐ, ਜਦੋਂ ਕਿਤੇ ਕਿਸੇ ਰਿਸ਼ਤੇਦਾਰ ਦੇ ਦਿਨ ਸੁਧ ਤੇ ਜਾਣਾ ਤਾਂ ਐਵੇਂ ਮੂੰਹ ਜਿਹਾ ਲੁਕੋਣਾ । ਜਿਵੇਂ ਆਖਦੇ  ਹੁੰਦੇ ਐ, ਬਈ ਪੈਸਾ ਹੈਨੀ ਪੱਲੇ ਤੇ ਬਜਾਰ ਖੜੀ ਹੱਲੇ ।  ਉਹ ਗੱਲ ਸਾਡੀ ਸੀ । ਫਿਰ ਭਾਈ ਸਾਡੇ ਇਨ੍ਹਾਂ ਨੂੰ ਪਾਰਕ ‘ਚ ਕੋਈ ਭਲਾਮਾਣਸ ਟੱਕਰਿਆ ।  ਮੈਂ ਤਾਂ ਕਹਿੰਨੀ ਆਂ, ਭਲਾ ਹੋਵੇ ਵਿਚਾਰੇ ਦਾ, ਜੀਹਨੇ ਸਾਡੇ ਇਨ੍ਹਾਂ ਨੂੰ ਮੱਤ ਦਿੱਤੀ । ਭਲਿਆ ਮਾਣਸਾ ! ਅਜੇ ਸੁੱਖ ਨਾਲ ਛਰੀਰ ਕੈਮ ਪਿਆ ਐ ।  ਐਥੇ ਫਾਰਮਾਂ ‘ਚ ਦਿਹਾੜੀ ਲੈਕੇ ਜਾਂਦੇ ਐ । ਇੱਕ ਦਿਨ ਦੇ 40-45 ਡਾਲੇ ਬਣ ਜਾਂਦੇ ਐ ।  ਏਸਨੇ ਮੇਰੇ ਨਾਲ ਰੈ ਰਲਾਈ ।  ਮੈਂ ਆਖਿਆ, ਪਾਂਧਾ ਨਾ ਪੁੱਛ । ਚੱਲ ਮੇਰੇ ਭਾਈ ! ਇਹ ਤਾਂ ਫਾਰਮ’ਚ ਜਾਣ ਲੱਗ ਪੇ ਤੇ ਮੈਂ ਤਾਂ ਆਪ ਰੈਸਟੋਰੈਂਟ ‘ਚ ਕੰਮ ਲੈ ਲਿਆ । ਮੈਂ ਬੀਕ ਦੇ ਡੂਢ ਦੋ ਸੌ ਮਾਂਜ ਲਿਆ ਕਰਾਂ ।  ਲੈ ਭੈਣੇ ! ਸਾਡੀ ਨੂੰਹ ਸਾਡੇ ਪੁੱਤ ਨੂੰ ਕਹਿੰਦੀ ਇਹ ਹੁਣ ਖਰਚਾ ਦਿਆ ਕਰਨ । ਅਸੀਂ ਆਖਿਆ ਜੀ ਸਦਕੇ ! ਅਸੀਂ ਭਾਈ ਦੋਵੇਂ ਜਣੇ 14-15 ਸੌ ਕੁੱਟ ਲੈਂਦੇ ਸੀ । ਸਾਡਾ ਮੁੰਡਾ ਕਹਿੰਦਾ, ਸਾਨੂੰ ਤੁਸੀਂ ਪੰਜ ਸੌ ਦੇ ਦਿਆ ਕਰੋ । ਅਸੀਂ ਹੱਸਕੇ ਮਹੀਨਾ ਚੜਦੇ ਈ ਉਨ੍ਹਾਂ ਨੂੰ ਦੇ ਦਿਆ ਕਰੀਏ । ਕੁਸ ਚਿਰ ਤਾਂ ਚੱਲੀ ਗਿਆ । ਮੁੜਕੇ ਸਾਡੀ ਬਹੂ ਕਹਿੰਦੀ ਇਹ ਆਵਦੀ ਕੁੜੀ ਨੂੰ ਦੇਈ ਜਾਂਦੇ ਐ । ਆਪਾਂ ਨੂੰ ਵੀ ਹੱਥ ਝਾੜਿਆ ਕਰਨ । ਅਸੀਂ ਤਾਂ ਹਾਰ ਕੇ ਆਵਦੀ ਲੈਲੀ ਬੇਸਮਿੰਟ ਤੇ ਮੌਜਾਂ ਕਰੀਦੀਆਂ ਨੇ । ਕਿਸੇ ਦੀ ਹੈ ਹੈ ਨੀ ਕਿਸੇ ਦੀ ਖੈਹ ਖੈਹ ਨੀ ।”

ਹਰਮੀਤ ਦੀ ਮਾਂ ਨੂੰ ਉਸ ਬੁੜ੍ਹੀ ਦੀ ਗੱਲ ਜਚ ਗਈ । ਉਸਨੇ ਆਵਦੇ ਘਰ ਵਾਲੇ ਨਾਲ ਗੱਲ ਕੀਤੀ... 

“ਮੈਂ ਆਖਿਆ, ਹਰਮੀਤ ਦੇ ਬਾਪੂ ! ਮੈਂ ਸੁਣਕੇ ਆਈ ਆਂ ਬਈ ਐਥੇ ਬੁੜ੍ਹਿਆਂ ਨੂੰ ਕੰਮ ...”

“ਲੈ ਤੈਨੂੰ ਅੱਜ ਪਤਾ ਲੱਗਿਆ ਐ । ਮੈਨੂੰ ਤਾਂ ਖਾਸੇ ਚਿਰ ਦਾ ਪਤਾ ਐ ਏਸ ਗੱਲ ਦਾ । ਪਾਰਕ ‘ਚ ਸਾਰਾ ਦਿਨ ਏਹੀ ਚਰਚਾ ਹੂੰਦੀ ਐ ।  ਮੈਂ ਤਾਂ ਐਂ ਈ ਸੋਚਿਆ, ਬਈ ਚੱਲ ਕੁੜੀ ਦਾ ਕੁਸ ਬਣਜੇ । ਓਸਦੇ ਜੁਆਕਾਂ ਨੂੰ ਸਾਂਭੀ ਜਾਨੇ ਆਂ । ਪ੍ਰਾਹੁਣਾ ਟਰੱਕ ਲੈ ਕੇ ਜਾਂਦਾ ਐ । ਚੱਲ ਵਾਹਵਾ ਉਹਨਾ ਦੀ ਗੱਡੀ ਜੀ ਰ੍ਹਿੜ ਪਈ ਐ...।”

“ਪਰ ਹਰਮੀਤ ਦੇ ਬਾਪੂ ! ਇਹ ਦੇਸ ਈ ਐਸਾ ਐ, ਜਿਦੇਂ ਆਪਾਂ ਡਿੱਗਪੇ, ਕਿਸੇ ਨੇ ਸਿਆਣ ਨੀ ਕੱਢਣੀ । ਆਵਦਾ ਦਮ ਐ ਤਾਂ ਬੱਸ ਹੈ ਨਹੀਂ ਲੋਕਾਂ ਦੀਆਂ ਗੱਲਾਂ ਸੁਣਦੇ ਆਂ । ਧੀਆਂ ਪੁੱਤ ਅੱਧੀ ਅੱਧੀ ਰਾਤੀਂ ਘੱਰੋਂ ਕੱਢ ਦਿੰਦੇ ਐ...।”

“ਗੱਲ ਤਾਂ ਤੇਰੀ ਠੀਕ ਐ, ਫੇਰ ਹੁਣ ਕਿਵੇਂ ਕਰੀਏ ?”

“ਕਰਨਾ ਕੀ ਐ ? ਪਹਿਲਾਂ ਤੂੰ ਕਿਸੇ ਨਾਲ ਅੱਟੀ ਸੱਟੀ ਲਾਅ ਤੇ ਕੋਈ ਕੰਮ ਕੁੰਮ ਲੱਭ ।”

“ਲੈ ਕੰਮ ਤਾਂ ਲੱਭਿਆ ਲਭਾਇਆ ਈ ਐ । ਨਿਹਾਲ ਸੁੰਹ ਤਾਂ ਮੈਨੂੰ ਖਾਸੇ ਚਿਰ ਦਾ ਆਖੀ ਜਾਂਦਾ ਐ । ਬਈ ਜੇ ਵਜਦੈ ਚਿੱਤ ਤਾਂ ਵੇਖ ਲਾ । ਉਹ ਫਾਰਮਾਂ ‘ਚ ਕੰਮ ਕਰਦੇ ਐ । ਮੈਂ ਤਾਂ ਕੱਲ ਨੂੰ ਓਸਨੂੰ ਆਖਦੂੰ, ਬਈ ਮੈਨੂੰ ਵੀ ਨਾਲ ਲੈ ਜਿਆ ਕਰੋ ।”

“ਬੱਸ ਫੇਰ ਠੀਕ ਐ । ਤੂੰ ਕੱਲ ਤੋਂ ਕੰਮ ਤੇ ਬਗ ਜਿਆ ਕਰ । ਜੈ ਖਾਣੇ ਪੈਸੇ ਪੈਸੇ ਤੋਂ ਮੁਥਾਜ ਹੋਏ ਪਏ ਆਂ । ਆਵਦੇ ਕੋਲੇ ਚਾਰ ਪੈਸੇ ਹੋਣ । ਬੰਦਾ ਜੀਹਨੂੰ ਮਰਜੀ ਦੇਵੇ । ਜੋ ਮਰਜੀ ਐ ਕਰੇ । ਹੁਣ ਤਾਂ ਲੈ ਗੁਰਦੁਆਰੇ ਮੱਥਾ ਟੇਕਣ ਨੂੰ ਦੋ ਛਿੱਲੜ ਮੰਗਣੇ ਪੈਂਦੇ ਐ । ਲੈ ਜਿਉਂ ਐਥੇ ਆਏ ਹਾਂ, ਸਹੁੰ ਐ ਜੇ ਕਿਤੇ ਮੀਤਾਂ (ਹਰਮੀਤ) ਦੇ ਜਾਂ ਓਸਦੇ ਜੁਆਕਾਂ ਦੇ ਹੱਥ ਤੇ ਕੋਈ ਛਿੱਲੜ ਵੀ ਧਰਿਆ ਹੋਵੇ । ਮਾਪੇ ਦਿਨ ਸੁਧ ਤੇ ਸੌ ਧੀਆਂ ਨੂੰ ਦਿੰਦੇ ਐ ਤੇ ਅਸੀਂ...।”

ਹਰਮੀਤ ਦੇ ਮਾਂ ਪਿਉ ਦੋਹਾਂ ਨੇ ਹੀ ਕੰਮ ਲੱਭ ਲਏ । ਹੁਣ ਬੱਚਿਆਂ ਨੂੰ ਕੌਣ ਸਾਂਭੇ ? ਇੱਕ ਦਿਨ ਹਰਮੀਤ ਨੇ ਆਵਦੇ ਘਰ ਵਾਲੇ ਨੂੰ ਕਿਹਾ “ਬੱਲੀ ! ਆਪਾਂ ਇਉਂ ਨਾ ਕਰੀਏ ਬੇਜੀ (ਗੁਰਇਕਬਾਲ ਦੀ ਮਾਤਾ ਜੀ) ਨੂੰ ਸਦਾ ਲਈਏ । ਨਾਲੇ ਤਾਂ ਉਹ ਉਥੇ ਕੱਲੇ ਐ । ਐਥੇ ਆਪਣੇ ਕੋਲੇ ਆ ਜਾਣਗੇ । ਆਪਾਂ ਨੂੰ ਵੀ ਸੁਖ ਹੋਜੂ । ਉਹ ਨਿਆਣੇ ਸਾਂਭ ਲਿਆ ਕਰਨਗੇ । ਆਪਾਂ ਬੇਫਿਕਰ ਹੋਕੇ ਕੰਮ ਕਰਾਂਗੇ । ਚਾਰ ਪੰਜ ਸਾਲ ਦੱਬਕੇ ਕੰਮ ਕਰਾਂਗੇ ਤਾਂ ਆਪਾਂ ਵੀ ਬਾਈ ਦੇ ਉਤੋਂ ਦੀ ਘਰ ਲੈ ਕੇ ਵਿਖਾਉਣਾ ਐ, ਓਸਦੀ ਰੰਨ ਨੂੰ । ਓਸਦੀ ਆਕੜ ਤਾਂ ਮੈਂ ਭੰਨਣੀ ਹੀ ਭੰਨਣੀ ਐ ਕੇਰਾਂ ਤਾਂ । ਕਿਵੇਂ ਹੰਕਾਰੀ ਫਿਰਦੀ ਐ ? ਜਿੱਥੇ ਕਿਤੇ ਕੱਠੇ ਹੋਈਏ, ਓਥੇ ਈ ਮਠਾਰ ਮਠਾਰ ਗੱਲਾਂ ਕਰੂ । ਬਾਈ ਨੂੰ ਵੀ ਬਾਪੂ ਨੇ ਕੈਨੇਡਾ ਦੇ ਚਾਅ ‘ਚ ਈ ਨੰਗਾ ਦੇ ਈ ਵਿਆਹ ਤਾਂ ਗਏ, ਖਲਣੇ ਦੀ ਨੇ ਕੁੜੀ ਹੋਈ ਤੋਂ ਮੇਰੇ ਚਾਰ ਦਿਨ ਵੀ ਨਾ ਕਟਾਏ । ਸਿਆਪਾ ਈ ਪਾਈ ਰੱਖਿਆ । ਅਸਲ ‘ਚ ਬਾਈ ਹੀ ਉਸਦੇ ਥੱਲੇ ਲੱਗਿਆ ਫਿਰਦਾ ਐ, ਬੁਦਰੀ ਜੀ ਦੇ । ਆਵਦੇ ਜਣੇ ਗੋਰੀ ਬਣਦੀ ਐ, ਆਵਦੀਆਂ ਜਟੂਰੀਆਂ ਜੀਆਂ ਬੜਕੌਂਦੀ । ਫਿਰੂ ਨਾ ਮੂੰਹ ਨਾਂ ਮੱਥਾ...” 

ਹਰਮੀਤ ਨੇ ਗੁੱਸਾ ਆਵਦੀ ਭਰਜਾਈ ਉੱਪਰ ਕੱਢ ਲਿਆ ਤਾਂ ਗੁਰਇਕਬਾਲ ਕਹਿੰਦਾ “ਬੇਬੇ ਨੂੰ ਇੱਕ ਦੋ ਵਾਰੀ ਆਪਾਂ ਅੱਗੇ ਵੀ ਅਖਿਆ ਐ, ਪਰ ਉਹ ਤਾਂ ਪੈਰ ਈ ਨੀ ਲਾਉਂਦੀ । ਊਂ ਤੇਰੀ ਗੱਲ ਤਾਂ ਠੀਕ ਐ । ਬੇਬੇ ਦੇ ਹੁੰਦਿਆਂ ਆਪਾਂ ਨੂੰ ਜੁਆਕਾਂ ਦਾ ਫਿਕਰ ਤਾਂ ਨੀ ਕੋਈ ਰਹਿਣਾ ।”

ਗੁਰਇਕਬਾਲ ਨੇ ਆਪਣੀ ਮਾਤਾ ਨੂੰ ਸਮਝਾ ਬੁਝਾ ਕੇ ਕੈਨੇਡਾ ਪੱਕੇ ਤੌਰ ਤੇ ਸੱਦ ਲਿਆ । ਗੁਰਇਕਬਾਲ ਦੇ ਦੋ ਭਾਈ ਤੇ ਇੱਕ ਭੈਣ ਹੋਰ ਸਨ, ਜੋ ਇੰਡੀਆ ਵਿੱਚ ਵਿਆਹੇ ਵਰ੍ਹੇ, ਬਾਲ ਬੱਚੇਦਾਰ ਸਨ । ਬਿਸ਼ਨ ਕੌਰ ਦਾ ਕੈਨੇਡਾ ਆ ਕੇ ਪਹਿਲਾਂ ਪਹਿਲ ਤਾਂ ਜੀਅ ਨਾ ਲੱਗਿਆ । ਉਸਦਾ ਮੋਹ ਪਿਆਰ ਪਿੱਛੇ ਆਵਦੇ ਪੋਤੇ ਪੋਤੀਆਂ ਨਾਲ ਜਿਆਦਾ ਸੀ, ਕਿਉਂਕਿ ਉਨ੍ਹਾਂ ਦੇ ਕੋਲ ਰਹੀ ਸੀ ਪਰ ਹੌਲੀ ਹੌਲੀ ਇੱਥੋਂ ਵਾਲੇ ਪੋਤੇ ਪੋਤੀ ਨਾਲ ਮੋਹ ਪੈ ਗਿਆ । ਹੁਣ ਉਸਦਾ ਮਨ ਭਟਕਦਾ ਨਹੀਂ ਸੀ ਜੇ ਕਦੇ ਚਿੱਤ ਉਛਾਲਾ ਮਾਰਦਾ ਵੀ ਤਾਂ ਸੁਖਮਨੀ ਸਾਹਿਬ ਦਾ ਪਾਠ ਕਰਨ ਨਾਲ ਚਿੱਤ ਸਹਿਜ ਹੋ ਜਾਂਦਾ ਸੀ । 

ਦਿਨ ਬੀਤਦੇ ਗਏ । ਬੱਚੇ ਵੱਡੇ ਹੁੰਦੇ ਗਏ । ਵੱਡੀ ਕੁੜੀ 12 ਗਰੇਡ ਕਰਕੇ ਯੁਨਵਰਸਿਟੀ ਚਲੀ ਗਈ । ਛੋਟਾ ਮੁੰਡਾ ਅਜੇ 9ਵੇਂ ਗਰੇਡ ਵਿੱਚ ਸੀ । ਹੁਣ ਗੁਰਇਕਬਾਲ ਹੋਰਾਂ ਕੋਲ ਵਾਕਿਆ ਹੀ ਰਣਜੋਧ ਹੋਰਾਂ ਤੋਂ ਵੱਡਾ ਘਰ ਸੀ । ਗੁਰਇਕਬਾਲ ਨੂੰ ਟਰੱਕਿੰਗ ਬਿਜ਼ਨਿਸ ਦਾ ਕਾਫੀ ਤਜ਼ਰਬਾ ਹੋ ਗਿਆ । ਉਸਨੇ ਅਪਣੀ ਕੰਪਨੀ ਖੋਲ ਕੇ ਹੋਰਾਂ ਦੇ ਟਰੱਕ ਅਪਣੀ ਕੰਪਨੀ ਵਿੱਚ ਪਾ ਲਏ । ਹਰਮੀਤ ਹੁਣ ਕੰਮ ਨਹੀਂ ਕਰਦੀ ਸੀ । ਉਸਦਾ ਕੰਮ ਸਿਰਫ ਆਪਣੇ ਆਪ ਨੂੰ ਸੱਜਣਾ ਸੰਵਾਰਨਾ ਹੀ ਸੀ ।  ਪੈਸਾ ਵਾਧੂ, ਮਾਇਆ ਸਾਂਭੀ ਨਹੀਂ ਜਾਂਦੀ ਸੀ । ਹਰਮੀਤ ਦਾ ਬਹਿਣ ਉੱਠਣ ਵੀ ਉੱਚੀ ਸੋਸਾਇਟੀ ਵਾਲੀਆਂ ਔਰਤਾਂ ਨਾਲ ਹੋ ਗਿਆ । ਕਿੱਟੀ ਪਾਰਟੀਆਂ, ਕਸੀਨੋ ਵਰਗੇ ਨਵੇਂ ਨਵੇਂ ਸ਼ੌਕ ਪਾਲ ਲਏ ਸਨ । ਇਧਰ ਬਿਸ਼ਨ ਕੌਰ ਦਾ ਸਰੀਰ ਕਾਫੀ ਬਿਰਧ ਹੋ ਗਿਆ ਸੀ । ਹੁਣ ਉਸਨੂੰ ਦਿਸਦਾ ਘੱਟ ਸੀ ਤੇ ਸੁਣਦਾ ਵੀ ਉੱਚਾ ਸੀ । ਸਰੀਰ ਦਿਨੋ ਦਿਨ ਨਿਘਰਦਾ ਹੀ ਜਾਂਦਾ ਸੀ । ਗੁਰਇਕਬਾਲ ਆਪ ਤਾਂ ਟਰੱਕਿੰਗ ਦੇ ਬਿਜ਼ਨਿਸ ਵਿੱਚ ਐਨਾ ਜਿਆਦਾ ਬਿਜ਼ੀ ਹੋ ਗਿਆ ਕਿ ਉਸ ਕੋਲ ਐਨਾ ਸਮਾਂ ਕਿੱਥੇ ਕਿ ਉਹ ਮਾਂ ਕੋਲ ਬੈਠਕੇ ਦੋ ਗੱਲਾਂ ਹੀ ਕਰ ਲਵੇ, ਉਸਦਾ ਕਦੇ ਹਾਲ ਹੀ ਪੁੱਛੇ । ਉਸ ਕੋਲ ਇਨ੍ਹਾਂ ਸਭ ਗੱਲਾਂ ਲਈ ਸਮਾਂ ਕਿੱਥੇ ਸੀ ? ਉਹ ਤਾਂ ਟੋਰਾਂਟੋ ਏਰੀਏ ‘ਚੋਂ ਨੰਬਰ ਵੰਨ ਟਰੱਕਿੰਗ ਕੰਪਨੀ ਦਾ ਮਾਲਕ ਬਣਨਾ ਚਾਹੁੰਦਾ ਸੀ, ਮਾਂ ਕਿਸਦੇ ਯਾਦ ਸੀ ? ਮਾਈ ਨੂੰ ਡਾਕਟਰ ਦੇ ਲੈ ਕੇ ਜਾਣਾ, ਗੁਰਦੁਆਰੇ ਲੈ ਕੇ ਜਾਂ ਹੋਰ ਵੀ ਕਿਤੇ ਅੰਦਰ ਬਾਹਰ ਲੈ ਕੇ ਜਾਣ ਦੀ ਜਿ਼ੰਮੇਵਾਰੀ ਹਰਮੀਤ ਦੀ ਹੀ ਸੀ । ਉਸਨੂੰ ਹੁਣ ਇਹ ਬੁੜ੍ਹੀ ਆਪਣੀ ਆਜ਼ਾਦੀ ਵਿੱਚ ਬਹੁਤ ਵੱਡੀ ਅੜਚਣ ਲਗਦੀ । ਕਈ ਵਾਰੀ ਉਸਦੀਆਂ ਸਹੇਲੀਆਂ ਦੇ ਪਰੋਗਰਾਮ ਹੁੰਦੇ ਪਰ ਉਸਨੇ ਮਾਈ ਨੂੰ ਡਾਕਟਰ ਦੇ ਲੈ ਕੇ ਜਾਣਾ ਹੁੰਦਾ । ਹਰਮੀਤ ਨੂੰ ਸਭ ਕੁਝ ਬਹੁਤ ਬੁਰਾ ਲਗਦਾ । ਉਸਦੇ ਨਾਲ ਦੀਆਂ ਉਸਨੂੰ ਸਲਾਹਾਂ ਦਿੰਦੀਆਂ...

“ਨੀ ਤੂੰ ਕਿਹੜੇ ਸਿਆਪੇ ਨੂੰ ਫੜੀ ਐਂ ? ਅਸੀਂ ਤਾਂ ਆਵਦੇ ਬੁੜ੍ਹੇ ਬੁੜ੍ਹੀ ਨੂੰ ਸੀਨੀਅਰ ਸਿਟੀਜ਼ਨ ਹੋਮ ‘ਚ ਭੇਜਿਆ ਵਿਆ । ਆਪੇ ਉਹ ਸਾਂਭਣ ਕਰਨ । ਮੈਂ ਤਾਂ ਆਪਣੇ ਹੱਬੀ (ਹਸਬੈਂਡ) ਨੂੰ ਸਾਫ਼ ਕਹਿਤਾ, ਬਈ ਮੈਂ ਨੀ ਬਰਦਾਸ਼ਤ ਕਰ ਸਕਦੀ । ਤੇਰੀ ਮਾਂ ਸਵੇਰੇ ਅਰਲੀ ਉੱਠਕੇ ਤੁਰੀ ਫਿਰਦੀ ਐ । ਓਧਰੋਂ ਪਾਠ ਲਾ ਲਊ । ਰਾਤ ਨੂੰ ਊਂ ਖੰਘੀ ਜਾਂਦੀ ਸੀ । ਚੱਜ ਨਾਲ ਸੌਣ ਵੀ ਨੀ ਦਿੰਦੀ ਸੀ । ਇੱਕ ਤਾਂ ਰਾਤ ਨੂੰ ਕਿੱਟੀ ਪਾਰਟੀ ਲੇਟ ਤੀਕ ਚਲਦੀ ਸੀ, ਮੁੜਕੇ ਇਹ ਬੁੜ੍ਹੀ ਨਾਂ ਸੌਣ ਦਿਆ ਕਰੇ । ਮੈਂ ਆਖਕੇ ਆਵਦੇ ਹੱਬੀ ਨੂੰ, ਫਾਹਾ ਵੱਢਤਾ । ਹੁਣ ਇਹ ਮਹੀਨੇ ‘ਚ ਇੱਕ ਅੱਧੀ ਵਾਰ ਮਿਲ ਆਉਂਦੇ ਐ । ਜੇ ਕਿਤੇ ਮੈਨੂੰ ਆਖਣ ਬਈ ਤੂੰ ਚੱਲਣਾ ਐ, ਮੈਂ ਤਾਂ ਫੱਟ ਨਾਂਹ ਕਰ ਦਿੰਦੀ ਹਾਂ । ਅੜੀਏ ਚਾਰ ਦਿਨ ਦੀ ਜਿੰਦਗੀ ਮਿਲੀ ਐ, ਚੱਜ ਨਾਲ ਬੰਦਾ ਜਿਉਵੇਂ । ਨਾਲੇ ਮੈਂ ਕੀ ਲੈਣਾ ਐ, ਮਾਤਾ ਦੇ ਮਾਲ ਤੋਂ ? ਸਾਡੀ ਬੁੜ੍ਹੀ ਚੋਂ ਤਾਂ ਅਵੱਲਾ ਈ ਮੁਸ਼ਕ ਮਾਰਦਾ ਐ । ਮੈਂ  ਪਹਿਲਾਂ ਪਹਿਲਾਂ ਇੱਕ ਅੱਧੀ ਵਾਰ ਇਨ੍ਹਾਂ ਨਾਲ ਗਈ ਸੀ । ਮੁੜਕੇ ਮੈਂ ਕਦੇ ਨੀ ਗਈ।”

ਇ੍ਹਨਾਂ ਗੱਲਾਂ ਦਾ ਹਰਮੀਤ ਉੱਪਰ ਵੀ ਅਸਰ ਹੋਣਾ ਕੁਦਰਤੀ ਸੀ । ਉਹ ਵੀ ਸੋਚਣ ਲੱਗ ਪਈ, ਗੱਲ ਤਾਂ ਠੀਕ ਐ ਸੀਨੀਅਰ ਸਿਟੀਜ਼ਨ ਹੋਮ ਵਿੱਚ ਆਪੇ ਨਰਸਾਂ ਸਾਂਭਣਗੀਆਂ । ਮੇਰਾ ਖਹਿੜਾ ਛੁੱਟੂ । ਉਸਨੇ ਆਨੀ ਬਹਾਨੀ ਗੁਰਇਕਬਾਲ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਆਪਾਂ ਬੇਜੀ ਨੂੰ ਸੀਨੀਅਰ ਸਿਟੀਜ਼ਨ ਹੋਮ ਵਿੱਚ ਛੱਡ ਆਈਏ । ਪਹਿਲਾਂ ਪਹਿਲ ਤਾਂ ਗੁਰਇਕਬਾਲ ਨੇ ਕੋਈ ਖਾਸ ਧਿਆਨ ਨਾ ਦਿੱਤਾ । ਜਦੋਂ ਉਸਨੂੰ ਹਰਮੀਤ ਹਰ ਰੋਜ਼ ਹੀ ਕਹਿਣ ਲੱਗ ਪਈ ਤਾਂ ਉਸਨੇ ਵੀ ਮਨ ਬਣਾ ਲਿਆ ਕਿ ਮਾਤਾ ਨੂੰ ਸੀਨੀਅਰ ਸਿਟੀਜ਼ਨ ਹੋਮ ਵਿੱਚ ਹੀ ਛੱਡ ਆਂਦਾ ਜਾਵੇ । ਪਤਾ ਕਰਕੇ ਪੂਰੀ ਤਿਆਰੀ ਕਰ ਲਈ ਗਈ ਅਤੇ ਮਾਈ ਨੂੰ ਸੀਨੀਅਰ ਸਿਟੀਜਨ ਹੋਮ ਵਿੱਚ ਲੈ ਜਾਣ ਲੱਗੇ ਤਾਂ ਬਿਸ਼ਨ ਕੌਰ ਨੇ ਆਵਦੇ ਪੁੱਤ ਨੂੰ ਕਿਹਾ “ਪੁੱਤ ਮੈਨੂੰ ਪਤਾ ਐ, ਮੈਂ ਹੁਣ ਬਾਹਲਾ ਚਿਰ ਤਾਂ ਬਚਦੀ ਨੀਂ । ਤੁਸੀ ਮੈਨੂੰ ਪਿੰਡ ਆਵਦੇ ਓੜਮੇ ਕੋੜਮੇ ਵਿੱਚ ਈ ਘੱਲ ਦਿਉ । ਉਹ ਜਾਣੇ, ਜਦੋਂ ਮੈਂ ਪਰਾਣ ਤਿਆਗੂੰ ਤਾਂ ਆਵਦੇ ਭਾਈਚਾਰੇ ‘ਚ ਤਾਂ ਰਲ ਜੂੰ ਤੇ ਪੁੱਤ ਐਥੇ ਜੇ ਮੁੱਕਗੀ ਗੋਰੇ ਗੋਰੀਆਂ ਨੇ ਤਾਂ ਮੈਨੂੰ ਸੱਗ ਨੀਂ ਰਲਾਉਣਾ । ਮੈਂ ਤਾਂ ਪੁੱਤ ਕੱਲੀ ਰਹਿ ਜੂੰ !!!”

****

No comments: