ਪੰਜਾਬ ਵਿਧਾਨ ਸਭਾ ਚੋਣਾਂ ਤੋਂ ਸਿਰਫ਼ 6 ਮਹੀਨੇ ਪਹਿਲਾਂ ......... ਤਿਰਛੀ ਨਜ਼ਰ / ਬਲਜੀਤ ਬੱਲੀ

ਕਿਥੇ  ਕੁ ਖੜ੍ਹਾ  ਹੈ ਪੰਜਾਬ ਦਾ ਸਿਆਸੀ ਤਾਪਮਾਨ 

ਜਾਂ

ਸਿਆਸੀ ਉਲਝਣਾਂ ਭਰਿਆ  ਹੈ ਇਸ ਵਾਰ ਪੰਜਾਬ ਦਾ ਵਿਧਾਨ ਸਭਾ ਚੋਣ ਦ੍ਰਿਸ਼

ਜਾਂ

ਨਵੇਕਲਾ  ਅਤੇ ਦਿਲਚਸਪ ਹੈ ਇਸ ਵਾਰ ਪੰਜਾਬ ਦਾ ਸਿਆਸੀ ਚੋਣ ਦ੍ਰਿਸ਼

ਕਿੰਨਾ ਕੁ ਚਲੇਗਾ ਮਨਪ੍ਰੀਤ ਬਾਦਲ ਦਾ ਜਾਦੂ  ?

ਮੈਂ ਅਪ੍ਰੈਲ ਅਤੇ ਮਈ ਵਿਚ ਲਗਭਗ ਡੇਢ ਮਹੀਨਾ ਕੈਨੇਡਾ  ਅਤੇ ਅਮਰੀਕਾ ਬਿਤਾ ਕੇ ਆਇਆ ਸੀ। ਅਪ੍ਰੈਲ,2011 ਦੇ ਅੱਧ ਵਿਚ ਮੈਂ ਆਪਣੇ ਚੈਨਲ ਪੀ. ਟੀ.  ਸੀ. ਲਈ ਕੈਨੇਡਾ ਦੀ ਪਾਰਲੀਮੈਂਟ (ਹਾਊਸ ਆਫ ਕਾਮਨਜ਼)  ਦੀਆਂ ਚੋਣਾਂ ਦੀ ਕਵਰੇਜ ਅਤੇ ਚੈਨਲ ਦੇ ਕੰਮਕਾਜ  ਸਬੰਧੀ ਕੈਨੇਡਾ ਗਿਆ ਸੀ।  ਇਨ੍ਹਾਂ ਚੋਣਾਂ ਵਿਚ ਪੂਰੀ ਤਰ੍ਹਾਂ ਰੁੱਝੇ ਹੋਏ ਹੋਣ ਦੇ ਬਾਵਜੂਦ ਪੰਜਾਬੀ ਐਨ. ਆਰ. ਆਈਜ਼  ਦੀ ਬੇਹੱਦ ਉਤਸੁਕਤਾ ਪੰਜਾਬ ਦੀਆਂ ਅਗਲੇ ਵਰ੍ਹੇ ਹੋਣ ਵਾਲੀਆਂ ਚੋਣਾਂ ਬਾਰੇ ਦੇਖੀ ਗਈ। ਪਹਿਲਾਂ ਕਨੇਡਾ  ਤੇ ਫੇਰ ਉਸ ਤੋਂ ਬਾਦ ਅਮਰੀਕਾ ਵਿਚ, ਮੈਂ ਜਿੱਥੇ ਵੀ ਗਿਆ  ਅਤੇ ਜਿਨ੍ਹਾਂ ਵੀ ਪੰਜਾਬੀ ਦੋਸਤਾਂ -ਮਿੱਤਰਾਂ , ਸਿਆਸੀ ਨੇਤਾਵਾਂ ਜਾਂ ਵੱਖ ਵੱਖ ਖੇਤਰਾਂ ਦੇ ਵਾਕਿਫ ਜਾਂ ਨਾਵਾਕਿਫ਼ ਲੋਕਾਂ ਨੂੰ ਮਿਲਿਆ, ਹਰ ਜਗ੍ਹਾ ਇਕੋ ਹੀ ਸਵਾਲ ਹੁੰਦਾ ਸੀ- ਇਸ ਵਾਰ ਕੀ ਬਣੇਗਾ ਪੰਜਾਬ ਦਾ ? ਚੋਣਾਂ ਪਿਛੋਂ ਕਿਸ ਦੀ ਸਰਕਾਰ ਬਣੇਗੀ ? ਤੇ ਇਹ ਸਵਾਲ ਹਰੇਕ ਦੀ ਜ਼ਬਾਨ ਤੇ ਸੀ- ਮਨਪ੍ਰੀਤ ਬਾਦਲ ਦਾ ਕੀ ਬਣੇਗਾ ? ਉਹ ਕਿੰਨੀਆ ਕੁ ਸੀਟਾਂ ਲਵੇਗਾ ? 


ਪ੍ਰਵਾਸੀ ਪੰਜਾਬੀਆਂ ਦਾ ਰੁੱਖ ਕਿਧਰ ਨੂੰ ?

ਕਈ ਇਸ ਤੋਂ ਅੱਗੇ ਵੀ ਪੁੱਛਦੇ -ਇਹ ਵੀ ਹੋ ਸਕਦੈ ਕਿ ਮਨਪ੍ਰੀਤ ਕੁਝ ਸੀਟਾਂ ਜਿੱਤ ਜਾਵੇ ਅਤੇ ਸਰਕਾਰ ਬਨਾਉਣ ਦਾ ਤਵਾਜ਼ਨ ਉਸਦੇ ਹੱਥ ਆ ਜਾਵੇ ? ਕੋਈ ਕੋਈ ਜਣਾ ਇਹ ਵੀ ਸਵਾਲ ਕਰਦਾ ਸੀ -ਕਿ ਇਹ ਬਾਦਲਾਂ ਦਾ ਕੋਈ ਡਰਾਮਾ ਤਾਂ ਨਹੀ ? ਉਨ੍ਹਾਂ ਵਿੱਚੋਂ ਕਾਫ਼ੀ ਜਣੇ ਮਨਪ੍ਰੀਤ ਬਾਦਲ ਨਾਲ ਹਮਦਰਦੀ ਵੀ ਜ਼ਾਹਰ ਕਰਦੇ ਸਨ ਅਤੇ ਉਸਦੀ ਸ਼ਖ਼ਸੀਅਤ ਦੀਆਂ ਸਿਫ਼ਤਾਂ ਕਰਕੇ ਉਸਦੀ ਹਮਾਇਤ ਦਾ ਦਮ ਵੀ ਭਰਦੇ ਸਨ। ਕੁਝ ਕੁ ਜਣੇ ਇਹ ਦੱਸਦੇ ਕਿ ਦੋ ਮਹੀਨੇ ਬਾਅਦ ਮਨਪ੍ਰੀਤ ਬਾਦਲ ਦੇ ਕੈਨੇਡਾ ਅਤੇ ਅਮਰੀਕਾ ਦੇ ਤਜ਼ਵੀਜ਼ ਕੀਤੇ ਦੌਰੇ ਦੌਰਾਨ ਉਸਨੂੰ ਕਾਫ਼ੀ ਮੋਟਾ ਡਾਲਰ-ਫ਼ੰਡ ਵੀ ਇਕੱਠਾ ਹੋਵੇਗਾ। ਮੈਂ ਆਪਣੀ ਸਮਝ ਮੁਤਾਬਿਕ ਹਰ ਜਗ੍ਹਾ ਜਵਾਬ ਦਿੰਦਾ ਰਿਹਾ ਕਿ ਬੇਸ਼ੱਕ ਮਨਪ੍ਰੀਤ ਨੂੰ ਲੋਕਾਂ ਦੇ ਇੱਕ ਹਿੱਸੇ ਅਤੇ ਨੌਜਵਾਨ ਵਰਗ ਦਾ ਹੁੰਗਾਰਾ ਤਾਂ ਚੰਗਾ ਮਿਲਿਐ ਪਰ ਉਸਨੇ ਅਜੇ ਆਪਣੀ ਪਾਰਟੀ ਦਾ ਗਠਨ ਕਰਨਾ ਹੈ। ਮਨਪ੍ਰੀਤ ਦੀ ਪਾਰਟੀ ਦੇ ਕਿਹੋ-ਜਿਹੇ ਅਤੇ ਕੌਣ-ਕੌਣ ਉਮੀਦਵਾਰ ਹੋਣਗੇ ਅਤੇ ਚੋਣਾਂ ਨੇੜੇ ਕਿਹੋ ਜਿਹਾ ਮਾਹੌਲ ਹੋਵੇਗਾ, ਇਸ ਬਾਰੇ ਅਜੇ ਹਿਸਾਬ ਲਾਉਣਾ ਮੁਸ਼ਕਲ ਹੈ ਪਰ ਬਹੁਤੇ ਐਨ ਆਰ. ਆਈ. ਪੰਜਾਬੀ ਉਸਨੂੰ ਅਤੇ ਉਸਦੀ ਪਾਰਟੀ ਨੂੰ ਇੱਕ ਤੀਜੀ ਸਿਆਸੀ ਧਿਰ ਮੰਨਣ ਲੱਗੇ ਨੇ। ਇਹ ਵੀ ਅੰਦਾਜ਼ਾ ਲੱਗ ਰਿਹਾ ਸੀ ਮਨਪ੍ਰੀਤ ਦਿਕਨਦਾ -ਅਮਰੀਕਾ ਫੇਰੀ ਦੌਰਾਨ ਉਸਨੂੰ  ਕਾਫ਼ੀ ਚੰਗਾ ਹੁੰਗਾਰਾ ਮਿਲਣ ਦੀ ਉਮੀਦ ਹੈ।

ਵਿਦੇਸ਼ਾਂ  ਅਤੇ ਖ਼ਾਸ ਕਰਕੇ ਅਮਰੀਕਾ-ਕੈਨੇਡਾ  ਵਿਚ ਅਕਾਲੀ ਦਲ ਅਤੇ ਕਾਂਗਰਸ-ਦੋਵਾਂ ਪਾਰਟੀਆਂ ਦੇ ਹਮਾਇਤੀ ਹਨ । ਇਨ੍ਹਾਂ ਦੇ  ਕਈ-ਕਈ ਯੂਨਿਟ ਵੀ ਬਣਾਏ ਹੋਏ ਨੇ। ਪਰ  ਮੈਂ  ਇਹ ਗੱਲ ਨੋਟ ਕੀਤੀ ਕਿ ਪੱਕੇ ਕਾਂਗਰਸੀਆਂ ਤੋਂ ਇਲਾਵਾ ਗ਼ੈਰ-ਅਕਾਲੀ ਜਾਂ ਬਾਦਲ-ਵਿਰੋਧੀ  ਜਿਹੜੇ ਬਾਕੀ ਪ੍ਰਵਾਸੀ ਪੰਜਾਬੀ ਪਿਛਲੇ ਵਰ੍ਹਿਆਂ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕ ਹੋਇਆ ਕਰਦੇ ਸਨ , ਉਨ੍ਹਾਂ ਵਿਚ  ਹੁਣ ਕਾਫ਼ੀ ਵੱਡਾ ਹਿੱਸਾ ਮਨਪ੍ਰੀਤ ਬਾਦਲ ਵੱਲ ਝੁਕਿਆ ਨਜ਼ਰ ਆਇਆ। ਇਹ ਇੱਕ ਹਕੀਕਤ ਹੈ ਕਿ 2002 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਅਤੇ ਖ਼ਾਸ ਕਰਕੇ 2004 ਵਿੱਚ  ਦਰਿਆਈ ਪਾਣੀਆਂ ਬਾਰੇ ਵਾਟਰ ਟਰਮੀਨੇਸ਼ਨ ਐਕਟ ਪਾਸ ਕੀਤੇ ਜਾਣ ਤੋਂ ਬਾਅਦ ਤਾਂ  ਕੈਪਟਨ ਸਿੰਘ ਬਹੁਤੇ ਪ੍ਰਵਾਸੀ ਭਾਰਤੀਆਂ ਦੇ ਨਾਇਕ ਬਣੇ ਰਹੇ । ਉਦੋਂ  ਹਰ ਕੋਈ ਉਨ੍ਹਾਂ ਦੀ ਚਰਚਾ ਕਰਦਾ ਸੀ । ਬੇਸ਼ੱਕ ਅਮਰਿੰਦਰ ਸਿੰਘ ਦੇ ਇਸ ਪੱਖੋਂ ਅੱਜ ਵੀ ਬਹੁਤ ਪ੍ਰਸ਼ੰਸਕ ਹਨ, ਪਰ ਇਸ  ਵਾਰ ਪਹਿਲਾਂ ਨਾਲੋਂ ਹਾਲਤ ਕੁਝ ਵੱਖਰੀ ਨਜ਼ਰ ਆਈ।  ਪੰਜਾਬ ਕਾਂਗਰਸ ਵਿਚਲੀ ਅੰਦਰੂਨੀ ਧੜੇਬੰਦੀ ਦਾ ਪਰਛਾਵਾਂ ਕੈਨੇਡਾ ਅਮਰੀਕਾ ਦੇ ਕਾਂਗਰਸੀ ਸਮਰਥਕਾਂ ‘ਤੇ ਵੀ ਹੈਗਾ। ਕੈਪਟਨ ਸਮਰਥਕਾਂ ਤੋਂ ਇਲਾਵਾ ਉਥੇ  ਕੋਈ ਭੱਠਲ ਹਮਾਇਤੀ ਹੈ ਤੇ ਕੋਈ ਪਰਤਾਪ ਬਾਜਵੇ ਦਾ ਪੈਰੋਕਾਰ। ਕਈਆਂ ਨੇ ਆਪਣੀਆ ਤਾਰਾਂ ਸਿੱਧੀਆਂ ਦਿੱਲੀ ਵਿਚ ਹਾਈ ਕਮਾਂਡ ਦੇ ਨੇਤਾਵਾਂ ਨਾਲ ਜੋੜੀਆਂ ਹੋਈਆਂ ਨੇ। ਪ੍ਰਵਾਸੀ ਪੰਜਾਬੀਆਂ ਵਿੱਚੋਂ ਭਾਵੇਂ ਕੋਈ ਕਿਸੇ ਨਾਲ ਵੀ ਜੁੜਿਆ ਹੋਵੇ ਅਤੇ ਕਿਸੇ ਦੀ ਹਮਦਰਦੀ ਜਾਂ ਹਮਾਇਤ ਕਿਸੇ ਵੱਲ ਵੀ ਹੋਵੇ ਪਰ ਉਨ੍ਹਾਂ ਵਿਚ ਇੱਕ ਪ੍ਰਭਾਵ ਸਭ ਥਾਂ ‘ਤੇ ਸਾਂਝਾ ਸੀ ਕਿ ਇਸ ਵਾਰ ਪੰਜਾਬ ਵਿਧਾਨ ਸਭਾ ਚੋਣ ਦ੍ਰਿਸ਼ ਧੁੰਦਲਾ ਜਿਹਾ ਦਿਖਾਈ ਦੇ ਰਿਹਾ ਹੈ।

ਪੰਜਾਬ ‘ਚ ਵੀ ਉਹੋ ਸਵਾਲ

ਚੰਡੀਗੜ੍ਹ ਪਰਤਕੇ ਵੀ ਹਰ ਜਾਣੂ ਮੈਨੂੰ ਉਹੀ ਸਵਾਲ ਕਰ ਰਿਹਾ ਹੈ -ਕੀ ਬਣੇਗਾ ਜੀ ਚੋਣਾਂ ਦਾ ? ਮਨਪ੍ਰੀਤ ਬਾਦਲ  ਲੈਜੇਗਾ ਕੋਈ 5-7 ਸੀਟਾਂ? ਕਾਂਗਰਸ ਪਲਟਾ ਮਾਰੇਗੀ ਜਾਂ ਨਹੀਂ ? ਇਥੋਂ ਤੱਕ ਕਿ ਇਹ ਸਵਾਲ ਵੀ ਕਈਆਂ ਨੇ ਕੀਤੇ ਕਿ ਚੋਣਾਂ ਵੇਲੇ ਫੇਰ ਤਾਂ ਨਹੀਂ ਸਾਰੇ ਬਾਦਲ ਕੱਠੇ ਹੋ ਜਾਣਗੇ ? ਮੁਕਤਸਰ  ਅਤੇ ਫ਼ਰੀਦਕੋਟ ਜ਼ਿਲ੍ਹਿਆਂ ਦੇ ਕਈ ਕਾਂਗਰਸੀ ਵੀ ਇਹ ਪੁੱਛਦੇ ਨੇ ਕਿਤੇ ਮਨਪ੍ਰੀਤ ਨੂੰ ਖੜ੍ਹਾ ਕਰਨਾ ਬਾਦਲ ਦੀ ਕੋਈ ਚਾਲ ਤਾਂ ਨਹੀਂ ? ਅਜਿਹੇ ਸਵਾਲ ਮੇਰੇ ਵਰਗੇ ਹੋਰ ਪੱਤਰਕਾਰਾਂ  ਜਾਂ ਸਿਆਸੀ ਮਾਹਰਾਂ ਨੂੰ ਵੀ ਜ਼ਰੂਰ ਹੁੰਦੇ ਹੋਣੇ ਨੇ। ਕਈ ਸਵਾਲਾਂ ਦੇ ਅਜੇ ਸਿੱਧੇ ਜਵਾਬ ਦੇਣ ਮੁਸ਼ਕਲ ਨੇ ਪਰ ਪੰਜਾਬ ਦੇ ਸਿਆਸੀ ਮਾਹੌਲ ਦੇ ਕੁਝ ਲੱਛਣ ਕਾਫ਼ੀ ਉੱਘੜਵੇਂ ਹਨ।

ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਆਮ ਤੌਰ  ‘ਤੇ ਹਰ ਸਰਕਾਰ  ਦੇ 5ਵੇਂ ਸਾਲ ਦੌਰਾਨ  ਅਤੇ ਖਾਸ ਕਰਕੇ ਕੁਝ ਮਹੀਨੇ ਪਹਿਲਾ ਸਰਕਾਰ ਵਿਰੋਧੀ ਅਜਿਹਾ ਮਾਹੌਲ ਬਣ ਜਾਂਦੈ ਹੁੰਦੈ ਕਿ ਇੰਝ ਲਗਦਾ ਹੁੰਦੈ ਕਿ ਇਹ ਸਰਕਾਰ ਤਾਂ ਗਈ ਕਿ ਗਈ ਤੇ ਵਿਰੋਧੀ ਧਿਰ ਦੀ ਸਰਕਾਰ ਆਈ ਕਿ ਆਈ। ਅਫ਼ਸਰਸ਼ਾਹੀ  ਵੀ ਸੱਤਾਧਾਰੀ ਪਾਰਟੀ ਤੋਂ ਨਾਬਰ ਹੋ ਕੇ ਵਿਰੋਧੀ ਧਿਰ ਦੇ ਨੇਤਾਵਾਂ ਦੀ ਹਾਜ਼ਰੀ ਭਰਨ ਲੱਗ ਪੈਂਦੀ ਹੈ। ਸੱਤਾ ਵਿਚ ਆਉਣ ਦੀ ਦਾਅਵੇਦਾਰ ਪਾਰਟੀ ਹਮਲਾਵਰ ਰੁਖ਼ ਤੇ ਹੁੰਦੀ ਹੈ ਅਤੇ ਏਜੰਡਾ ਤਹਿ ਕਰਦੀ ਹੈ। ਰਾਜ ਭਾਗ ਤੇ ਕਾਬਜ਼ ਪਾਰਟੀ ਬਚਾਅ ਦੇ ਪੈਂਤੜੇ ਤੇ ਹੁੰਦੀ ਹੈ ਅਤੇ ਵਿਰੋਧੀ ਧਿਰ ਦੇ ਕੀਤੇ ਹਮਲਿਆਂ ਦੇ ਜਵਾਬ ਦਿੰਦੀ ਹੈ। ਪਰ ਇਸ ਵਾਰ  ਅਜਿਹਾ ਸਿਆਸੀ ਮਾਹੌਲ ਨਹੀਂ ਨਜ਼ਰ ਪੈਂਦਾ। ਬੇਸ਼ੱਕ ਬਾਦਲ ਸਰਕਾਰ  ਦੀ ਕਾਰਗੁਜ਼ਾਰੀ ਬਾਰੇ ਰਲਵਾਂ -ਮਿਲਵਾ ਪ੍ਰਤੀਕਰਮ ਹੈ । ਸਥਾਪਤੀ -ਵਿਰੋਧੀ ਵੋਟ ਬੈਂਕ ਵੀ ਬਥੇਰਾ  ਹੈ, ਲੋਕਾਂ ਦੇ ਕਈ ਹਿੱਸਿਆਂ ਦੇ ਗ਼ੁੱਸੇ-ਗਿਲੇ ਵੀ ਬਥੇਰੇ  ਨੇ, ਕੁਝ ਮੁੱਦਿਆਂ ਤੇ ਸਰਕਾਰ ਦੀ ਬਦਨਾਮੀ ਵੀ ਕਾਫ਼ੀ ਹੈ ਪਰ ਫਿਰ ਵੀ ਕੁਝ ਹੋਰ ਅਜਿਹੇ ਨਵੇਂ ਤੇ ਵੱਖਰੇ ਪਹਿਲੂ ਹਨ, ਜਿਨ੍ਹਾਂ ਕਰਕੇ ਲੋਕ ਸੋਚੀ ਪਏ  ਹਨ ਕਿ ਚੋਣ ਮੈਦਾਨ ਵਿਚ ਕਿਸਦਾ ਪਲੜਾ ਭਾਰੀ ਹੋਵੇਗਾ। ਨਵੀਂ ਹਲਕਾ ਬੰਦੀ ਤੋਂ ਬਾਅਦ ਇਹ ਪਹਿਲੀ ਵਿਧਾਨ ਸਭਾ ਚੋਣ ਹੈ । ਹਲਕਿਆਂ ਦੀ ਅਦਲਾ-ਬਦਲੀ ਅਤੇ ਕਾਫ਼ੀ ਉਮੀਦਵਾਰਾਂ ਦੇ ਏਧਰ- ਉਧਰ ਹੋਣ ਕਾਰਨ ਨਤੀਜੇ ਅਣਕਿਆਸੇ ਹੋ ਸਕਦੇ ਨੇ। 

ਪਹਿਲੀ ਵਾਰ ਬਾਦਲ ਪਰਿਵਾਰ  ਦਾ ਮਨਪ੍ਰੀਤ ਬੜਾ ਵਰਗਾ  ਕੋਈ ਤਕੜਾ ਨੇਤਾ, ਬਰਾਬਰ ਤੇ ਖੜ੍ਹ ਕੇ ਪੰਜਾਬ ਪੱਧਰ ਤੇ ਬਾਦਲ ਪਰਿਵਾਰ  ਅਤੇ ਅਕਾਲੀ ਦਲ ਨੂੰ ਚੁਣੌਤੀ ਦੇ ਰਿਹੈ। ਪਹਿਲੀ ਵਾਰ ਅਕਾਲੀ ਦਲ ਵਿਚੋਂ ਬਾਗ਼ੀ ਹੋ ਕੇ ਪਾਰਟੀ ਬਨਾਉਣ ਵਾਲੇ ਕਿਸੇ ਨੇਤਾ ਨੇ ਪੰਥਕ ਏਜੰਡੇ  ਦੀ ਥਾਂ ਸੈਕੂਲਰ ਅਤੇ ਲਿਬਰਲ ਵੋਟ ਬੈਂਕ ਤੇ ਟੇਕ ਰੱਖੀ ਹੈ। ਇਸ ਤੋਂ ਪਹਿਲਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਜਾਂ ਜਿੰਨੇ ਵੀ ਨੇਤਾ ਬਾਦਲ ਨਾਲੋਂ ਵੱਖ ਹੋ ਕੇ ਪਾਰਟੀ ਜਾਂ ਦਲ ਕਾਇਮ ਕਰਦੇ ਰਹੇ ਨੇ, ਉਹ ਪੰਥਕ ਅਜੰਡੇ ਨੂੰ ਲੈ ਕੇ ਬਾਦਲ ਨੂੰ ਠਿੱਬੀ ਲਾਉਣ ਦਾ ਯਤਨ ਕਰਦੇ ਰਹੇ ਨੇ ਪਰ ਬਾਦਲ ਹਥੋਂ ਸਿਆਸੀ ਮਾਤ ਹੁੰਦੇ ਰਹੇ ।

ਮਨਪ੍ਰੀਤ ਬਾਦਲ ਅਤੇ ਉਸਦੀ  ਪੀਪਲਜ਼ ਪਾਰਟੀ  ਆਫ ਪੰਜਾਬ (ਪੀ. ਪੀ. ਪੀ.), ਅਕਾਲੀ ਦਲ ਜਾਂ ਕਾਂਗਰਸ ਵਿਚੋਂ ਚੋਣਾਂ ਦੌਰਾਨ ਕਿਸਨੂੰ ਕਿੰਨਾ ਨੁਕਸਾਨ ਕਰੇਗੀ, ਇਹ ਕਿਆਸ ਅਜੇ ਲਾਉਣਾ ਔਖਾ ਹੈ ਪਰ ਇਹ ਸੱਚਾਈ  ਹੈ ਕਿ ਹੁਣ ਤੱਕ ਉਸਨੇ ਅਕਾਲੀ ਦੇ ਨਾਲ-ਨਾਲ  ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਨੁਕਸਾਨ ਵੀ ਬਰਾਬਰ ਦਾ ਕੀਤਾ ਹੈ। ਕੈਨੇਡਾ ਅਮਰੀਕਾ ਦੀ ਚਰਚਾ ਉਪਰ ਕੀਤੀ ਜਾ ਚੁੱਕੀ ਹੈ, ਪੰਜਾਬ ਵਿਚ ਵੀ  ਡਾ. ਐੱਸ ਐੱਸ ਜੌਹਲ ਵਰਗੇ ਅਰਥਸ਼ਾਸ਼ਤਰੀ ਅਤੇ ਉੁਸ  ਬੁੱਧੀਜੀਵੀ ਤਬਕੇ ਦਾ ਇੱਕ ਹਿੱਸਾ ਮਨਪ੍ਰੀਤ ਦੀ ਹਾਮੀ ਭਰ ਰਿਹੈ, ਜੋ 2002 ਦੀ ਵਿਧਾਨ ਸਭਾ ਚੋਣ ਵੇਲੇ ਅਤੇ ਉੁਸ ਤੋਂ ਬਾਅਦ  ਕਾਂਗਰਸ ਸਰਕਾਰ  ਦੌਰਾਨ ਕੈਪਟਨ ਅਮਰਿੰਦਰ ਸਿੰਘ ਦਾ ਪੱਕਾ ਸਮਰਥਕ ਸੀ। ਸ਼ਾਇਦ ਇਸੇ ਲਈ ਅਮਰਿੰਦਰ ਸਿੰਘ ਆਪਣੇ ਭਾਸ਼ਣਾਂ ਵਿੱਚ ਮਨਪ੍ਰੀਤ ਨੂੰ ਵੀ ਕਾਫ਼ੀ ਤਿੱਖਾ ਨਿਸ਼ਾਨਾ  ਬਣਾਉਂਦੇ  ਨੇ।

ਅਮਰਿੰਦਰ ਬਨਾਮ ਸੁਖਬੀਰ: ਲਾਹੇ ਤੇ ਘਾਟੇ

ਇਹ ਪਹਿਲੀ ਵਾਰ ਹੈ ਕਿ ਇਸ ਵਾਰ ਚੋਣਾਂ ਵੇਲੇ ਲਗਭਗ ਸਾਰੀ ਸਰਕਾਰ ਅਤੇ ਪਾਰਟੀ ਦੀ ਕਮਾਂਡ ਸੁਖਬੀਰ ਬਾਦਲ ਕੋਲ ਹੈ। ਇਸ ਦੇ ਅਕਾਲੀ ਦਲ ਅਤੇ ਸਰਕਾਰ ਲਈ ਹਾਂ-ਪੱਖੀ ਅਤੇ ਨਾਂਹ ਪੱਖੀ ਦੋਵੇਂ ਤਰ੍ਹਾਂ ਦੇ ਅਰਥ ਹਨ। ਉਸਦੇ ਨਿੱਜੀ ਅਕਸ ‘ਤੇ ਇੱਕ ਸੁਘੜ ਨੇਤਾ ਵਜੋਂ ਕਾਰਗੁਜ਼ਾਰੀ ਬਾਰੇ ਵੀ ਕਈ ਕਿੰਤੂ- ਪ੍ਰੰਤੂ ਲੱਗੇ ਹੋਏ  ਨੇ ਪਰ ਨਾਲ  ਹੀ ਉਸਦੀ ਜ਼ੁਰਅਤ, ਦਲੇਰੀ, ਤਕੜੇ ਫ਼ੈਸਲੇ ਲੈਣ ਅਤੇ ਇਨ੍ਹਾਂ ਨੂੰ ਲਾਗੂ ਕਰਨ ਲਈ ਜ਼ੋਰਦਾਰ ਪੈਰਵਾਈ ਕਰਨ ਦੀ ਸਿਆਸੀ ਕਲਾ ਅਤੇ ਨੇਤਾਵਾਂ ਵਰਕਰਾਂ ਨੂੰ ਅਤੇ ਲਾਮਬੰਦ ਕਰਨ ਦੀ ਸਮਰੱਥਾ ਲਾਹੇਵੰਦ ਪਹਿਲੂ ਹਨ। ਇਸਤੋਂ ਵੀ ਵੱਡੀ ਗੱਲ ਮੌਜੂਦਾ ਮੌਕਾਪ੍ਰਸਤ ਸਿਆਸਤ ਵਿਚ ਵਰਤੀ ਜਾਣ ਵਾਲੀ ਤਿਕੜਮਬਾਜ਼ੀ ਵਿੱਚ ਵੀ ਉਹ ਕਾਫ਼ੀ ਮਾਹਰ ਨੇ।

ਪਿਛਲੀ ਵਾਰ 2002 ਵਿਚ ਮਾਲਵੇ ਦੀ ਨਰਮਾ ਬੈਲਟ ਵਿਚ ਲਗਾਤਾਰ ਨਰਮੇ ਦੀ ਫ਼ਸਲ ਮਾਰੇ ਜਾਣ ਅਤੇ ਨਰਮਾ ਉਤਪਾਦਕਾਂ ਦੀ ਮੰਦੀ ਹੋਈ ਹਾਲਤ ਦਾ ਸਿੱਧਾ ਲਾਹਾ ਕਾਂਗਰਸ ਨੂੰ ਹੋਇਆ ਸੀ। ਕਿਸਾਨਾਂ ਅੰਦਰ ਅਕਾਲੀ ਸਰਕਾਰ ਖ਼ਿਲਾਫ਼ ਗ਼ੁੱਸਾ ਸੀ। ਇਸ ਵਾਰ ਨਰਮੇ ਦੀ ਫ਼ਸਲ ਵੀ ਚੰਗੀ ਰਹੀ ਤੇ ਭਾਅ ਵੀ ਉੱਚਾ ਮਿਲਿਆ।

ਹਾੜ੍ਹੀ ਫ਼ਸਲ ਖ਼ਾਸ ਕਰਕੇ ਕਣਕ ਦੀ ਪੈਦਾਵਾਰ ਅਤੇ ਵਿਕਰੀ ਵੀ ਮੋਟੇ ਤੌਰ ਤੇ ਠੀਕ ਰਹੀ ਹਾਲਾਂਕਿ ਦੇਰ ਨਾਲ ਬੋਲੀ ਹੋਣ ਤੇ ਮੰਡੀਆਂ ਵਿੱਚੋਂ ਕਣਕ ਛੇਤੀ ਨਾ ਚੁੱਕੇ ਜਾਣ ਕਾਰਨ ਕਿਸਾਨਾਂ ਨੂੰ ਕੁਝ ਪਰੇਸ਼ਾਨੀ ਵੀ ਹੁੰਦੀ ਰਹੀ। ਇਸ ਵਾਰ ਬਿਜਲੀ  ਪੱਖੋਂ ਵੀ ਅਜੇ ਤੱਕ ਉਹੋ ਜਿਹੀ ਥੁੜ ਅਤੇ ਹਾਹਾਕਾਰ ਨਹੀਂ ਮੱਚੀ, ਜਿਸ ਤਰ੍ਹਾਂ 2002 ਜਾਂ 2007 ਵਿਚ ਸੀ। ਇਸਦਾ ਇੱਕ ਕਾਰਨ ਤਾਂ ਦੇਵਤਾ ਦੀ ਮਿਹਰ ਬਣੀ ਭਾਵ ਮਈ -ਜੂਨ ਵਿਚ ਰੁਕ-ਰੁਕ ਹੋਈ ਬਾਰਸ਼ ਨੇ ਬਿਜਲੀ ਦੀ ਮੰਗ ਘਟਾ ਦਿੱਤੀ। ਦੂਜਾ ਕਾਰਨ ਇਹ ਵੀ ਹੈ ਕਿ ਵਿਧਾਨ  ਸਭਾ ਚੋਣਾਂ ਦੇ ਮੱਦੇ ਨਜ਼ਰ ਬਾਦਲ ਸਰਕਾਰ  ਨੇ ਕਾਫ਼ੀ ਬਿਜਲੀ ਖ਼ਰੀਦ ਕੇ (ਭਾਵੇਂ ਮਹਿੰਗੀ ਹੀ ਸਹੀ) ਰੱਖੀ ਹੋਈ ਹੈ। 

ਇਸ ਵਾਰ ਇਹ ਫ਼ਰਕ ਵੀ ਦਿਸ ਰਿਹੈ ਕਿ ਚੋਣਾਂ ਤੋਂ ਸਿਰਫ਼ 8 ਮਹੀਨੇ ਪਹਿਲਾਂ ਤੱਕ ਵੀ ਗਵਰਨੈਂਸ ਸੁਧਾਰਾਂ ਅਤੇ ਕੁਝ ਵਿਕਾਸ ਮੁੱਦਿਆਂ ਤੇ ਪਹਿਲ ਕਦਮੀ ਸਰਕਾਰ ਦੇ ਹੱਥ ਹੈ ਜਦੋਂ ਕਿ ਵਿਰੋਧੀ ਧਿਰ ਜਵਾਬੀ ਪੈਂਤੜੇ ਤੇ ਹੈ। ਸ਼ਾਇਦ ਇਹ ਪਹਿਲੀ ਵਾਰੀ ਵਾਪਰਿਐ ਕਿ ਹਾਕਮ ਗਠਜੋੜ ਮਹਿੰਗਾਈ, ਭਰਿਸ਼ਟਾਚਾਰ ਅਤੇ ਹੋਰ ਮੁੱਦਿਆਂ ਤੇ ਧਰਨੇ ਅਤੇ ਬੰਦ ਕਰ ਰਿਹੈ ਜਦੋਂ ਕਿ ਇਨ੍ਹਾਂ ਮਹੀਨਿਆਂ ਵਿਚ ਅਜਿਹੀ ਸਰਗਰਮੀ ਵਿਰੋਧੀ ਧਿਰ ਦੀ ਹੁੰਦੀ ਸੀ।

ਬੀ. ਜੇ. ਪੀ . ਦੀ ਖਸਤਾ ਹਾਲਤ -ਕਾਂਗਰਸ ਲਈ ਲਾਹੇਵੰਦ

ਜਿਥੋਂ ਤੱਕ ਬੀ ਜੇ ਪੀ ਦਾ ਸਬੰਧ ਹੈ, ਇਸਦਾ ਸ਼ਹਿਰੀ ਆਧਾਰ ਕਾਫ਼ੀ ਖੁਸਿਆ ਲਗਦੈ। ਇਸ ਦੀ ਕੋਈ ਇਕਹਿਰੀ ਤੇ ਧੜੱਲੇਦਾਰ ਅਤੇ ਸਰਬਪਰਵਾਨਿਤ ਲੀਡਰਸ਼ਿਪ ਨਹੀਂ ਉਭਰੀ ।ਬੇਸ਼ੱਕ ਮੰਤਰੀਆਂ ਦੀ ਟੀਮ ਵਿਚ ਅਦਲਾ-ਬਦਲੀ ਕਰਕੇ ਬੀ ਜੇ ਪੀ ਹਾਈ ਕਮਾਂਡ  ਨੇ ਸੂਬੇ ਵਿਚ ਸਰਕਾਰੀ ਧਿਰ ਨੂੰ ਨਵੀਂ ਦਿੱਖ ਦੇਣ ਦਾ ਯਤਨ ਕੀਤਾ ਹੈ ਪਰ ਫਿਰ ਵੀ ਭਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਇਸ ਪਾਰਟੀ ਦੇ ਨੇਤਾਵਾਂ ਦੀ ਬਦਨਾਮੀ ਵੀ ਕਾਫ਼ੀ ਹੋਈ ਹੈ । ਪਾਰਟੀ ਅੰਦਰਲੀ ਧੜੇਬੰਦੀ ਅਤੇ ਖੁੱਲ੍ਹੇਆਮ ਜ਼ਾਹਰ ਹੁੰਦੀ ਰਹੀ ਫ਼ੁੱਟ ਵੀ ਲੋਕਾਂ ਲੋਕਾਂ ਅੰਦਰ ਇਸ ਦਾ ਅਕਸ ਵਿਗਾੜ ਰਹੀ ਹੈ । ਪਾਰਟੀ ਮਾਮਲਿਆਂ ਦੇ ਇੰਚਾਰਜ ਬਣਾਏ ਸ਼ਾਂਤਾ ਕੁਮਾਰ ਵੀ ਬਹੁਤੇ ਨਹੀਂ ਹੋਏ, ਹੁਣ ਹਿਮਾਚਲ ਤੋਂ ਕੌਮੀ ਰਾਜਨੀਤੀ ਵਿਚ ਗਏ ਜਗਤ ਪ੍ਰਕਾਸ਼ ਨੱਡਾ ਨੂੰ ਵਿਧਾਨ ਸਭ ਚੋਣ ਇੰਚਾਰਜ ਬਣਾਇਆ ਗਿਆ  ਹੈ। ਉਹ ਕਿਵੇਂ ਨਿਭਦੇ ਨੇ, ਅਜੇ ਕੁਝ ਕਹਿਣਾ ਮੁਸ਼ਕਲ ਹੈ।

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਕਾਂਗਰਸ ਪਾਰਟੀ ਲਈ ਇਸ ਵਾਰ ਕੁਝ ਪੱਖ ਲਾਹੇਵੰਦ ਵੀ ਹਨ ਤੇ ਕੁਝ ਘਾਟੇ ਵਾਲੇ ਵੀ । ਹਾਲਾਂਕਿ ਪੰਜਾਬ ਕਾਂਗਰਸ ਅੰਦਰ ਵੀ ਧੜੇਬੰਦੀ ਬਰਕਰਾਰ ਹੈ ਪਰ ਫਿਰ ਵੀ ਅਮਰਿੰਦਰ ਸਿੰਘ ਦਾ ਪਾਰਟੀ ਮੁਖੀ ਹੋਣਾ, ਆਪਣੇ ਆਪ ਵਿਚ ਪਾਰਟੀ ਲਈ ਵੱਡਾ ਲਾਭ ਹੈ । ਉਹ ਅਕਾਲੀ ਦਲ ਦਾ ਮੁਕਾਬਲਾ ਕਰਨ ਲਈ ਕਾਂਗਰਸ ਦੇ ਧੜੱਲੇਦਾਰ ਨੇਤਾ ਮੰਨੇ ਜਾਂਦੇ ਨੇ। ਇਸ ਵਾਰ ਉਹ ਪਹਿਲਾਂ ਨਾਲੋਂ ਵਧੇਰੇ ਹਾਜ਼ਰੀ ਅਤੇ ਸਰਗਰਮੀ ਦਿਖਾ ਰਹੇ ਨੇ। ਉਹ ਕਾਂਗਰਸ ਭਵਨ ਜਾ ਕੇ ਬੈਠਦੇ ਨੇ, ਪਹਿਲਾਂ ਨਾਲੋਂ ਵਧ ਨੇਤਾਵਾਂ ਅਤੇ ਵਰਕਰਾਂ ਨੂੰ ਮਿਲਦੇ ਨੇ ਅਤੇ ਹਲਕਿਆਂ ਵਿਚ ਵਰਕਰ ਮੀਟਿੰਗਾਂ ਵੀ ਕਰਦੇ ਨੇ।

ਨਿੱਜੀ ਕੁੜੱਤਣ ਅਤੇ ਕਿਰਦਾਰਕੁਸ਼ੀ ਘਟੀ

ਕਾਂਗਰਸ ਪਾਰਟੀ ਕੋਲ ਸੂਬੇ ਦੀ ਕਮਜ਼ੋਰ ਵਿੱਤੀ ਹਾਲਤ, ਕਾਂਗਰਸੀ ਵਰਕਰਾਂ ਨਾਲ ਹੁੰਦੀ ਰਹੀ ਧੱਕੇਸ਼ਾਹੀ, ਸਿਹਤ, ਸਿੱਖਿਆ ਅਤੇ ਆਮ ਜਨਤਕ ਸੇਵਾਵਾਂ ਵਿਚ ਆਈ ਗਿਰਾਵਟ ਅਤੇ ਹੇਠਲੇ ਪੱਧਰ ਤੱਕ ਫੈਲਿਆ ਭਰਿਸ਼ਟਾਚਾਰ, ਸਰਕਾਰ ਵਿਰੋਧੀ ਚੋਣ ਮੁੱਦੇ ਹਨ। ਬਾਦਲ ਪਰਿਵਾਰ ਦੀ ਬੱਸ ਕੰਪਨੀ, ਕੇਬਲ ਟੀ ਵੀ ‘ਤੇ ਕਬਜ਼ੇ, ਰੇਤੇ ਦੀ ਵਿਕਰੀ ਅਤੇ ਲੈਂਡ ਮਾਫ਼ੀਆ ਆਦਿਕ ਮੁੱਦਿਆਂ ‘ਤੇ ਸਰਕਾਰ ਅਤੇ ਖ਼ਾਸ ਕਰਕੇ ਸੁਖਬੀਰ ਸਿੰਘ ਬਾਦਲ ਦੀ ਹੋਈ ਬਦਨਾਮੀ, ਕਾਂਗਰਸ ਲਈ ਨਿਆਮਤ ਹਨ। ਪਰ ਕਾਂਗਰਸ ਪਾਰਟੀ ਅਜੇ ਤੱਕ ਅਜਿਹਾ ਕੋਈ ਵੱਡਾ ਮੁੱਦਾ ਉਠਾਕੇ ਚੋਣ ਅਜੰਡਾ ਤਹਿ ਨਹੀਂ ਕਰ ਸਕੀ, ਜਿਸ ਨਾਲ ਸੱਤਾਧਾਰੀ ਬੱਚਾਅ ਦੇ ਪੈਂਤੜੇ ‘ਤੇ ਆ ਜਾਵੇ ਅਤੇ ਸਿਰਫ਼ ਜਵਾਬੀ ਧਿਰ ਬਣ ਕੇ ਰਹਿ ਜਾਵੇ। ਯਾਦ ਰਹੇ ਕਿ 2002 ਵਿਚ ਭਰਿਸ਼ਟਾਚਾਰ  ਦੇ ਮੁੱਦੇ ਤੇ, ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਹਮਲਾਵਰ ਰੁਖ਼ ਨੇ ਸਿਆਸਤ ਦਾ ਪਾਸਾ ਹੀ ਪਲਟ ਦਿਤਾ ਸੀ। ਇਸ ਵਾਰ ਸਰਕਾਰੀ ਭਰਤੀ ਵਿਚ ਓਸ ਤਰ੍ਹਾਂ ਦਾ ਭਾਈ ਭਤੀਜਾਵਾਦ ਅਤੇ ਭਰਿਸ਼ਟਾਚਾਰ ਸਾਹਮਣੇ ਵੀ ਨਹੀਂ ਆਇਆ। ਸ਼ਹਿਰੀ ਵੋਟ ਪੱਖੋਂ ਬੀ. ਜੇ. ਪੀ. ਦੀ ਪਤਲੀ ਹੋਈ ਹਾਲਤ ਦਾ ਸਿੱਧਾ ਲਾਹਾ ਕਾਂਗਰਸ ਨੂੰ ਜ਼ਰੂਰ ਮਿਲ ਸਕਦੈ।

ਕੌਮੀ ਪੱਧਰ ‘ਤੇ, ਭਰਿਸ਼ਟਾਚਾਰ  ਅਤੇ ਕਾਲੇ ਧਨ ਅਤੇ ਮਹਿੰਗਾਈ ਦੇ ਮੁੱਦਿਆਂ ਤੇ ਕਾਂਗਰਸ ਪਾਰਟੀ ਅਤੇ ਮਨਮੋਹਨ ਸਰਕਾਰ ਦੀ ਹੋਈ ਬਦਨਾਮੀ-ਪੰਜਾਬ ਕਾਂਗਰਸ ਲਈ ਇੱਕ ਸਿਆਸੀ ਘਾਟਾ ਹੈ। ਸ਼ਾਇਦ ਇਸੇ  ਲਈ ਹੀ ਇਨ੍ਹਾ ਮੁੱਦਿਆਂ ਤੇ ਕਾਂਗਰਸ ਇਸਦੇ ਨੇਤਾ ਉਨ੍ਹਾਂ ਤਿੱਖਾ ਹਮਲਾਵਰ ਰੁਖ਼ ਨਹੀਂ ਆਪਣਾ ਸਕਦੇ।

ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਵਿਚਕਾਰ ਪਿਛਲੇ ਸਮੇਂ ਦੌਰਾਨ ਚਲਦੀ ਰਹੀ ਨਿੱਜੀ ਕੁੜੱਤਣ ਅਤੇ ਕਿਰਦਾਰਕੁਸ਼ੀ ਵਾਲੀ ਮੁਹਿੰਮ ਅਤੇ ਸ਼ਬਦਾਵਲੀ ਵੀ ਇਸ ਵਾਰ ਨਾਮਾਤਰ ਹੀ ਹੈ ਪਰ ਇਸ ਵਾਰ ਇਹ ਹੈ ਕਿ ਅਸਲ ਮੁਕਾਬਲਾ ਪ੍ਰਕਾਸ਼ ਸਿੰਘ ਬਾਦਲ ਤੇ ਸਿੰਘ ਵਿਚਕਾਰ ਨਹੀਂ ਸੁਖਬੀਰ ਬਾਦਲ ਅਤੇ ਅਮਰਿੰਦਰ ਵਿਚਕਾਰ ਹੈ। ਫਿਲਹਾਲ, ਚੋਣ ਮੁੱਦੇ ਵਜੋਂ ਨਾ ਹੀ ਕੋਈ ਪੰਥਕ ਅਤੇ ਨਾ ਹੀ ਕੋਈ ਭਾਵੁਕ ਏਜੰਡਾ ਸਾਹਮਣੇ ਆਇਆ ਹੈ।

ਚੋਣ ਮੈਦਾਨ ਭਖਣ ਵਿੱਚ ਅਜੇ ਕੁਝ ਹੋਰ ਸਮਾਂ ਬਾਕੀ ਹੈ ਅਤੇ ਮਨਪ੍ਰੀਤ ਬਾਦਲ ਦੀ ਪਾਰਟੀ ਅਤੇ ਉਮੀਦਵਾਰਾਂ ਦੀ ਬਣਤਰ ਸਾਹਮਣੇ ਆਉਣੀ ਹੈ ਪਰ ਸਮੁੱਚੇ ਤੌਰ ‘ਤੇ ਇਸ ਵਾਰ ਸਥਿਤੀ ਸਿਆਸੀ ਤੌਰ ਤੇ ਕਾਫ਼ੀ ਉਲਝਣ ਭਰੀ ਹੈ ਪਰ ਇਹ ਸੰਕੇਤ ਜ਼ਰੂਰ ਹਨ ਕਿ ਇਹ ਚੋਣ ਹੁਣ ਤੱਕ ਦੀਆਂ ਸਾਰੀਆਂ ਚੋਣਾਂ ਨਾਲੋਂ ਵਧੇਰੇ ਫਸਵੀਂ, ਖ਼ਰਚੀਲੀ ਅਤੇ ਮਹਿੰਗੀ ਚੋਣ ਹੋਵੇਗੀ।

**** 
ਸੰਪਾਦਕੀ ਸਲਾਹਕਾਰ
ਪੀ ਟੀ ਸੀ ਨਿਊਜ਼
#283,ਇੰਡੀਅਨ ਐਕਸਪ੍ਰੈਸ ਸੁਸਾਇਟੀ
ਸੈਕਟਰ 48- ਏ,
ਚੰਡੀਗੜ੍ਹ
+91-99151 77722 

No comments: