ਚਿੜੀਆਂ ਵਾਲੀ ਚਾਦਰ.......... ਕਹਾਣੀ / ਰਤਨ ਰੀਹਲ (ਡਾ:)



ਪ੍ਰੀਤੀ ਆਪਣੇ ਦਾਜ ਵਾਸਤੇ ਚਾਦਰ ਉਪਰ ਬਚਪਨ ਤੋਂ ਚਿੜੀਆਂ ਦੀ ਕਢਾਈ ਕਰਦੀ ਮੁਟਿਆਰ ਹੋਈ। ਚਾਦਰ ਉਪਰ ਚਿੜੀਆਂ ਦੀ ਕਢਾਈ ਨੂੰ ਸਿਖਾਲਣ ਵਾਲੀ ਉਸਦੀ ਕਰਤਾਰੋ ਨਾਨੀ ਸੀ। ਪ੍ਰੀਤੀ ਨੇ ਜਦੋਂ ਤੋਂ ਸੁਰਤ ਸੰਭਾਲੀ ਉਹ ਆਪਣੇ ਨਾਨਕੇ ਪਿੰਡ ਰਹੀ, ਉਥੇ ਹੀ ਪੜ੍ਹੀ ਅਤੇ ਮਟਿਆਰ ਹੋਈ। ਕਰਤਾਰੋ ਨੇ ਵੀ ਇਸ ਤਰ੍ਹਾਂ ਦੀ ਕਢਾਈ ਵਾਲੀ ਇਕ ਚਾਦਰ ਦਾਜ ਵਿੱਚ ਲਿਆਂਦੀ ਸੀ। ਪ੍ਰੀਤੀ ਦਾ ਨਾਨਾ ਚਿੜੀਆਂ ਵਾਲੀ ਚਾਦਰ ਨੂੰ ਪਲੰਘ ਉਪਰ ਵਿਛਾਉਣੋਂ ਉਸ ਸਮੇਂ ਹਟਿਆ ਸੀ ਜਦ ਉਸਦੀ ਉਮਰ ਵਾਂਗ, ਚਾਦਰ ਵੀ ਘਸ-ਪਿਟ ਗਈ। ਕਰਤਾਰੋ ਪ੍ਰੀਤੀ ਕੋਲ ਉਸਦੇ ਨਾਨੇ ਦੀਆਂ ਸਿਫ਼ਤਾਂ ਕਰਦੀ ਅਕਸਰ ਕਹਿੰਦੀ ਹੁੰਦੀ ਸੀ, ‘ਪਲੰਘ ਉਪਰ ਵਿਛੀ ਇਹ ਚਾਦਰ ਵੇਖ ਕੇ ਤੇਰਾ ਨਾਨਾ ਮੇਰੀਆਂ ਸਿਫ਼ਤਾਂ ਕਰਦਾ ਨਹੀਂ ਸੀ ਥੱਕਦਾ। ਕਦੇ ਉਹ ਕਹਿੰਦਾਂ ਕਿ ਕਿੰਨੀ ਮਗਜ਼ਖੋਰੀ ਕੀਤੀ ਸੀ ਤੂੰ ਕਰਤਾਰੋ। ਕਦੇ ਕਹਿੰਦਾ ਕਿ ਏਨੀ ਨਿਗਾਹ ਲਾਉਂਦੀ ਦੇ ਤੇਰੇ ਦੀਦੇ ਨਹੀਂ ਦੁਖੇ। ਕਦੇ ਮੈਨੂੰ ਕਲਾਵੇ ਵਿੱਚ ਭਰ ਕੇ ਕਹਿੰਦਾ ਹੁੰਦਾ ਸੀ ਕਿ ਕਿੰਨਾਂ ਚਾਅ ਸੀ ਤੈਨੂੰ ਚਾਦਰ ਕੱਢਣ ਦਾ ਤੇ ਮੁਕਲਾਵੇ ਵਾਲੀ ਰਾਤ ਨੂੰ ਪਲੰਘ ਉਪਰ ਵਿਛਾਉਣ ਦਾ? ਚਾਦਰ ਵੇਖ ਵੇਖ ਮੇਰਾ ਜੀਅ ਕਰਦਾ ਕਿ ਕਰਤਾਰੋ ਤੈਨੂੰ ਘੁੱਟ ਘੁੱਟ ਤੇਰੇ ਬਚਪਨ ਦਾ ਥਕੇਵਾਂ ਦੂਰ ਕਰ ਦਿਆਂ।’

ਔਰਤ ਵਿੱਚ ਕੁਦਰਤੀ ਆਪਣੇ ਮਰਦ ਹਿੱਤ ਸਤਿਕਾਰ ਹੁੰਦਾ ਹੈ। ਪ੍ਰੀਤੀ ਵੀ ਨਾਨੇ ਬਾਰੇ ਗੱਲ ਕਰਦੀ ਆਪਣੀ ਨਾਨੀ ਦੇ ਭਰੇ ਗੱਚ ਨੂੰ ਹਿਰਦੇ ਵਿੱਚ ਵਸਾਈ ਰੱਖਦੀ ਅਤੇ ਚਾਦਰ ਦੀ ਕਢਾਈ ਵਿੱਚ ਆਪਣਾ ਮਨ ਖੋਭ ਲੈਂਦੀ। ਕਈ ਵਾਰ ਸੂਈ ਗਧੂਈ ਨੇ ਉਸ ਦੀਆਂ ਉਂਗਲਾਂ ਦੇ ਪੋਟੇ ਬਿੰਨ੍ਹੇ ਪਰ ਨਿਕਲੇ ਖੂਨ ਨੂੰ ਪ੍ਰੀਤੀ ਚੂਸ ਚੂਸ ਬੰਦ ਕਰਦੀ ਰਹੀ। ਕਈ ਵਾਰ ਨਾਨੀ ਦੀਆਂ ਝਿੜਕਾਂ ਵੀ ਸਹਿੰਦੀ ਰਹੀ। ਸਾਰੀ ਸਾਰੀ ਦਿਹਾੜੀ ਦੀ ਕੱਢੀ ਹੋਈ ਦਸੂਤੀ ਦੀ ਕਢਾਈ ਵੀ ਦੂਸਰੇ ਦਿਨ ਉਧੇੜਦੀ ਰਹੀ ਪਰ ਉਸ ਦਾ ਮਨ ਚਾਦਰ ਦੀ ਕਢਾਈ ਤੋਂ ਕਦੇ ਨਾ ਅੱਕਿਆ। ਸਕੂਲ ਤੋਂ ਛੁੱਟੀ ਹੁੰਦੀ ਸਿੱਧੀ ਘਰ ਆਉਂਦੀ, ਉਸਨੂੰ ਨਾ ਪਾਣੀ ਨਾ ਧਾਣੀ ਦੀ ਕੋਈ ਸਾਰ ਰਹਿੰਦੀ। ਬਸ ਆਉਂਦੀ ਹੀ ਚਾਦਰ ਦੀ ਕਢਾਈ ਵਿੱਚ ਰੁੱਝ ਜਾਦੀ। ਕਈ ਵਾਰ ਉਸਦੀ ਨਾਨੀ ਜਦ ਕਿਸੇ ਕੰਮ ਵਿੱਚ ਵਿਅੱਸਤ ਹੁੰਦੀ ਤਾਂ ਉਸ ਨੂੰ ਵਿਹਲੀ ਰਹਿਣਾ ਔਖਾ ਹੋ ਜਾਂਦੈ। ਉਂਝ ਤਾਂ ਨਾਨੇ ਨੇ ਸਾਰੇ ਰੰਗਾਂ ਦੇ ਰੇਸ਼ਮੀ ਧਾਗਿਆਂ ਦਾ ਘਰ ਵਿੱਚ ਢੇਰ ਲਾਇਆ ਹੋਇਆ ਸੀ ਪਰ ਉਸਦੇ ਨਾਨਕੇ ਪਿੰਡ ਦੀਆਂ ਕਈ ਆਂਢਣਾ-ਗੁਆਂਢਣਾ ਉਸਨੂੰ ਨਵੇਂ ਰੰਗ ਭਰਨ ਲਈ ਕਹਿੰਦੀਆਂ ਰਹਿੰਦੀਆਂ। ਪ੍ਰੀਤੀ ਨੂੰ ਕਈ ਕਈ ਦਿਨ ਘਰ ਆਉਣ ਵਾਲੇ ਨਵੇਂ ਰੰਗ ਦੇ ਧਾਗਿਆਂ ਦੀ ਉਡੀਕ ਰਹਿੰਦੀ। ਇਸ ਸਮੇਂ ਵੀ ਉਹ ਵਿਹਲੀ ਨਾ ਬਹਿੰਦੀ। ਨਾਨੀ ਦੇ ਤਜਰਬੇ ਨਾਲ ਉਹ ਸੂਈ ਨਾਲ ਸੜੋਪੇ ਮਾਰ ਕੇ ਅਗਲੇ ਘਰ ਵਿੱਚ ਜਾ ਕੇ ਕਢਾਈ ਕਰਨ ਲੱਗ ਪੈਂਦੀ। ਪਤਾ ਨਹੀਂ ਕਿਉਂ ਉਸਦਾ ਛੋਟੀ ਉਮਰੇ ਹੀ ਚਾਦਰ ਦੀ ਕਢਾਈ ਵਿੱਚ ਮਨ ਲੱਗ ਗਿਆ ਸੀ। ਕਈ ਵਾਰ ਉਸਦੀਆਂ ਸਹੇਲੀਆਂ ਆਣ ਕੇ ਵੀ ਉਸਦਾ ਹੱਥ ਵਟਾਉਂਦੀਆਂ ਰਹਿੰਦੀਆਂ ਪਰ ਪ੍ਰੀਤੀ ਸਹੇਲੀਆਂ ਦੀ ਕਢਾਈ ਨੂੰ ਆਪਣੇ ਨੱਕ ਹੇਠ ਨਾ ਰੱਖਦੀ। ਇੱਕ ਵਾਰ ਉਸਦੀ ਨਾਨੀ ਨੇ ਨਗੰਦਾ ਗਲਤ ਪਾ ਲਿਆ ਤਾਂ ਪ੍ਰੀਤੀ ਬਹੁਤ ਹੱਸੀ। ਨਾਨੀ ਨੇ ਪ੍ਰੀਤੀ ਦੇ ਵੱਟ ਕੇ ਚੁਪੇੜ ਮਾਰ ਕੇ ਉਸਦੀਆਂ ਗੱਲਾਂ ਉਪਰ ਉਂਗਲਾਂ ਦੇ ਨਿਸ਼ਾਨ ਪਾ ਦਿਤੇ। ਪ੍ਰੀਤੀ ਨੇ ਫਿਰ ਵੀ ਆਪਣੀ ਨਾਨੀ ਨੂੰ ਉਸਦੀ ਗਲਤੀ ਬਾਰੇ ਨਹੀਂ ਦਸਿਆ ਕਿ ਉਸਨੇ ਦੋ ਤੋਪੇ ਪਹਿਲਾਂ ਚੁੱਕ ਲਏ ਹਨ ਜਿਸ ਨਾਲ ਪੈਣ ਵਾਲੀਆਂ ਅਗਲੀਆਂ ਚਿੜੀਆਂ ਦੀਆਂ ਸ਼ਕਲਾਂ ਹੋਰ ਹੋ ਜਾਣੀਆਂ ਹਨ। ਉਸ ਰਾਤ ਉਹ ਸਾਰੀ ਰਾਤ ਜਾਗਦੀ ਰਹੀ ਅਤੇ ਆਪਣੀ ਨਾਨੀ ਦੀ ਕੱਢੀ ਕਢਾਈ ਨੂੰ ਉਸ ਨੇ ਪਹਿਲਾਂ ਉਧੇੜਿਆਂ ਅਤੇ ਫਿਰ ਸੂਈ ਲੈ ਕੇ ਪ੍ਰੀਤੀ ਨੇ ਪਹਿਲਾਂ ਦੋ ਤੋਪੇ ਸਿੱਧੇ ਭਰ ਕੇ ਕਢਾਈ ਨੂੰ ਸਿੱਧਿਆਂ ਕਰ ਲਿਆ ਅਤੇ ਫਿਰ ਸਾਰੀ ਰਾਤ ਚਾਦਰ ਉਪਰ ਤੋਪੇ ਲਾਉਂਦੀ ਰਹੀ। ਸਵੇਰੇ ਸਕੂਲ ਜਾਣਾ ਸੀ ਪਰ ਉਸ ਦਿਨ ਉਹ ਨਾਨੀ ਦੇ ਉਠਾਲਣ ਉਪਰ ਵੀ ਨਹੀਂ ਉਠਦੀ ਸੀ। ਪ੍ਰੀਤੀ ਪਿੱਠ ਭਾਰ ਮੰਜੇ ਉਪਰ ਘੂਕ ਸੁੱਤੀ ਪਈ ਸੀ। ਪ੍ਰੀਤੀ ਦੇ ਪਾਇਆ ਹੋਇਆ ਫਿਟ ਫਿਟ ਕੁੜਤਾ ਪੰਜਾਮਾ ਪ੍ਰੀਤੀ ਦੇ ਉੱਚੇ ਨੀਵੇਂ ਸਰੀਰ ਨੂੰ ਦਰਸਾ ਰਿਹਾ ਸੀ। ਕਰਤਾਰੋ ਨੇ ਅੱਜ ਪਹਿਲੀ ਵਾਰ ਮਹਿਸੂਸ ਕੀਤਾ ਕਿ ਪ੍ਰੀਤੀ ਹੁਣ ਮੁਟਿਆਰ ਹੋ ਗਈ ਹੈ ਅਤੇ ਵਿਆਹ ਕਰਵਾਉਣ ਦੇ ਕਾਬਲ ਹੈ। ਉਸੇ ਸਵੇਰ ਨੂੰ ਕਰਤਾਰੋ ਨੇ ਆਪਣੀ ਧੀ ਜੀਤੋ ਨੂੰ ਪ੍ਰੀਤੀ ਦਾ ਵਿਆਹ ਕਰ ਦੇਣ ਦੀ ਸਲਾਹ ਦੇਣ ਦਾ ਮਨ ਬਣਾ ਲਿਆ ਸੀ। ਪ੍ਰੀਤੀ ਦੀ ਨਾਨੀ ਨੂੰ ਵਿੜਕ ਤਾਂ ਪੈਂਦੀ ਸੀ ਕਿ ਪ੍ਰੀਤੀ ਰਾਤੀ ਚਾਦਰ ਦੀ ਕਢਾਈ ਕਰ ਰਹੀ ਸੀ ਪਰ ਉਸ ਦੀ ਪਤਾ ਨਹੀਂ ਕਦ ਅੱਖ ਲੱਗ ਗਈ ਸੀ। ਸਵੇਰੇ ਉੱਠ ਕੇ ਪ੍ਰੀਤੀ ਦੀ ਨਾਨੀ ਨੇ ਲਪੇਟੀ ਹੋਈ ਚਾਦਰ ਨੂੰ ਖੋਲ੍ਹ ਕੇ ਵੇਖਿਆਂ ਤਾਂ ਉਸ ਨੂੰ ਪਤਾ ਲੱਗਿਆ ਕਿ ਪ੍ਰੀਤੀ ਨੇ ਉਸ ਵਾਲੀ ਕਢਾਈ ਨੂੰ ਉਧੇੜ ਕੇ ਹੋਰ ਕਢਾਈ ਕਰ ਦਿੱਤੀ ਹੈ ਤਾਂ ਉਹ ਪ੍ਰੀਤੀ ਦੇ ਹੱਥਾਂ ਦੀ ਸਫਾਈ ਵੇਖ ਕੇ ਬਹੁਤ ਹੈਰਾਨ ਹੋਈ ਅਤੇ ਉਸ ਦਿਨ ਤੋਂ ਨਾਨੀ ਨੇ ਮੁੜ ਕਦੇ ਪ੍ਰੀਤੀ ਨੂੰ ਕੁਝ ਦਸਣ ਦੀ ਕੋਸਿ਼ਸ਼ ਇਸ ਕਰਕੇ ਨਹੀਂ ਕੀਤੀ ਕਿਉਂਕਿ ਹੁਣ ਉਸਨੂੰ ਪਤਾ ਲੱਗ ਗਿਆ ਸੀ ਕਿ ਪ੍ਰੀਤੀ ਉਸਦੇ ਬੁੱਢੇ ਦਿਮਾਗ਼ ਨੂੰ ਕੱਟ ਗਈ ਹੈ। ਕਰਤਾਰੋ ਨੇ ਇੱਕ ਦਿਨ ਹੱਸਦੀ ਨੇ ਪ੍ਰੀਤੀ ਨੂੰ ਕਿਹਾ, ‘ਕੁੜੀਏ ਚਾਦਰ ਨੂੰ ਛੇਤੀ ਛੇਤੀ ਨਬੇੜ ਲੈ। ਕਿਥੇ ਗਿੱਲਾ ਪੀਹਣ ਲੈ ਕੇ ਬੈਠੀ ਏ? ਤੇਰੇ ਬਾਪ ਨੇ ਤੇਰੇ ਵਾਸਤੇ ਵਰ ਲੱਭ ਲਿਆ ਹੈ।’

ਪ੍ਰੀਤੀ ਨੇ ਆਪਣੀ ਨਾਨੀ ਨੂੰ ਕਿਹਾ, ‘ਭਾਪੇ ਨੂੰ ਕਹਿ ਦੇ, ਪ੍ਰੀਤੀ ਨੇ ਅਜੇ ਵਿਆਹ ਨਹੀਂ ਕਰਵਾਉਂਣਾ, ਚਾਦਰ ਕੱਢਣ ਵਾਲੀ ਰਹਿੰਦੀ ਹੈ।’
‘ਨਾ ਨਾ ਧੀਏ! ਇਹ ਤਾਂ ਸੰਯੋਗਾ ਦੇ ਮਾਮਲੇ ਹੁੰਦੇ ਹਨ। ਵਿਆਹ ਕਰਵਾ ਕੇ ਤੈਨੂੰ ਸੁਹਰੇ ਘਰ ਜਾਣਾ ਹੀ ਪੈਣਾ ਹੈ।’
‘ਨਹੀਂ ਨਾਨੀ ਜੀ, ਮੈਂ ਸੁਹਰੇ ਘਰ ਨਹੀਂ ਜਾਣਾ, ਮੈਂ ਸਾਰੀ ਉਮਰ ਤੇਰੇ ਕੋਲ ਹੀ ਰਹਿਣਾ ਹੈ।’ ਪ੍ਰੀਤੀ ਨੇ ਨਾਨੀ ਅੱਗੇ ਦੋਵੇਂ ਹੱਥ ਜੋੜ ਕੇ ਤਰਲਾ ਕੀਤਾ।
‘ਤੂੰ ਫਿਕਰ ਨਾ ਕਰ ਪ੍ਰੀਤੀ, ਪਹਿਲਾਂ ਵਿਆਹ ਕਰਵਾ ਲੈ, ਸੁਹਰੇ ਘਰੋਂ ਮੈਂ ਤੈਨੂੰ ਆਪਣੇ ਕੋਲ ਵਾਪਸ ਲਿਆਉਣ ਦਾ ਕੋਈ ਸਬੱਬ ਬਣਾ ਲਊਂਗੀ। ਤੇਰਾ ਮਾਮਾ ਤਾਂ ਮਰ ਜਾਣੇ ਐਕਸੀਡੈਂਟ ਨੇ ਖਾ ਲਿਆ। ਮੈਂ ਹੁਣ ਇੱਕਲੀ ਹੀ ਹਾਂ। ਤੇਰੇ ਨਾਨੇ ਤੋਂ ਬਿਨ੍ਹਾਂ ਮੇਰਾ ਤੂੰ ਹੀ ਇੱਕ ਸਹਾਰਾ ਏਂ ਧੀਏ। ਅਸੀਂ ਤਾਂ ਪੱਕੇ ਹੋਏ ਅੰਬ ਹਾਂ। ਪਤਾ ਨਹੀਂ ਕਿਹੜੀ ਨ੍ਹੇਰੀ ਨਾਲ ਝੜ ਜਾਈਏ। ਸੁਣ! ਅਜੇ ਤੇਰੇ ਵਿਆਹ ਵਿੱਚ ਛੇ ਮਹੀਨੇ ਬਾਕੀ ਹਨ। ਚੱਲ ਆਪਾਂ ਦੋਵੇਂ ਲੱਗ ਕੇ ਚਾਦਰ ਦੀ ਕਢਾਈ ਪੂਰੀ ਕਰ ਲੈਂਦੇ ਹਾਂ।’ ਉਸਦੀ ਨਾਨੀ ਨੇ ਹੌਸਲਾ ਦਿੱਤਾ।
‘ਨਹੀਂ ਨਾਨੀ ਜੀ, ਤੂੰ ਬੁੱਢੀ ਹੋ ਗਈ ਏ। ਤੈਥੋਂ ਸੂਈ ਵਿੱਚ ਤਾਂ ਧਾਗਾ ਪੈਂਦਾ ਨਹੀਂ। ਨਾਨੀ ਜੀ, ਜਦ ਤੱਕ ਮੈਂ ਤੇਰੇ ਵਾਸਤੇ ਸੂਈ 
ਵਿੱਚ ਧਾਗਾ ਪਾਉਂਣਾ ਤਦ ਤੱਕ ਤਾਂ ਚਾਰ ਬੂਟੇ ਪਾ ਲੈਣੇ ਹਨ। ਮੈਂ ਤੇਰੇ ਹੱਥ ਨਹੀਂ ਲੁਆਉਂਣੇ। ਹੁਣ ਮੈਨੂੰ ਕਢਾਈ ਆ ਗਈ ਹੈ। ਇਸ ਚਾਦਰ ਨੂੰ ਮੈਂ ਹੀ ਪੂਰੀ ਕਰਾਗੀ। ਅਕਸਰ ਇਸ ਚਾਦਰ ਉਪਰ ਮੇਰੇ ਪ੍ਰਾਹਉਣੇ ਨੇ ਹੀ ਤਾਂ ਸੌਣਾ ਹੈ।’ ਪ੍ਰੀਤੀ ਨੇ ਆਪਣੀ ਨਾਨੀ ਦੀ ਨਿਘਰਦੀ ਸਿਹਤ ਵੱਲ ਵੇਖਦਿਆਂ ਕਿਹਾ।
‘ਅਜੇ…ਈ ਅੰਨ੍ਹੀ, ਅਜੇ ਤਾਂ ਮੈਂ ਤੇਰੀ ਨਿੱਕੀ ਭੈਣ ਨੂੰ ਚਾਦਰ ਕੱਢਣੀ ਸਿਖਾਉਣੀ ਹੈ। ਮੈਂ ਤੇਰੀ ਮਾਂ ਨੂੰ ਕਈ ਵਾਰ ਚਾਦਰ ਕੱਢਣ ਵਾਸਤੇ ਕਿਹਾ ਪਰ ਕਢਾਈ ਵਿੱਚ ਉਸਦੇ ਦੀਦੇ ਨਹੀਂ ਲੱਗੇ। ਮੈਂ ਇਸ ਕਲਾ ਨੂੰ ਆਪਣੇ ਨਾਲ ਲੈ ਕੇ ਨਹੀਂ ਮਰਨਾ। ਇਸ ਕਰਕੇ ਮੈਂ ਤੇਰੀ ਮਾਂ ਨੂੰ ਕਹਿ ਕੇ ਤੈਨੂੰ ਏਥੇ ਆਪਣੇ ਕੋਲ ਮੰਗਵਾ ਲਿਆ ਸੀ।’ ਕਰਤਾਰੋ ਨੇ ਪ੍ਰੀਤੀ ਨੂੰ ਜਵਾਬ ਦਿਤਾ।
ਪ੍ਰੀਤੀ ਨੂੰ ਵਿਆਹ ਦੇ ਚਾਅ ਨਾਲੋਂ ਚਾਦਰ ਦੀ ਕਢਾਈ ਦਾ ਜਿ਼ਆਦਾ ਫਿਕਰ ਰਹਿੰਦਾ। ਉਹ ਦਿਨ ਰਾਤ ਚਾਦਰ ਦੀ ਕਢਾਈ ਵਿੱਚ ਲੱਗੀ ਰਹਿੰਦੀ। ਜਦ ਪ੍ਰੀਤੀ ਦਾ ਬਿਮਾਰ ਪਈ ਦਾ ਉਸਦੇ ਬਾਪ ਨੂੰ ਪਤਾ ਲੱਗਿਆ ਤਾਂ ਇੱਕ ਦਿਨ ਉਸਦਾ ਬਾਪ ਉਸਨੂੰ ਨਾਨਕਿਆਂ ਤੋਂ ਲੈਣ ਆ ਗਿਆ। ਪ੍ਰੀਤੀ ਨੇ ਆਪਣੀ ਨਾਨੀ  ਨੂੰ ਕਿਹਾ ਮੇਰੇ ਬਾਪ ਨੂੰ ਇਹ ਕਹਿ ਕਿ ਮੋੜ ਦੇਵੇ ਕਿ ਅਜੇ ਸਕੂਲ ਦੀ ਪੜ੍ਹਾਈ ਦਾ ਇਕ ਮਹੀਨਾ ਬਾਕੀ ਪਿਆ ਹੈ। ਜਮਾਤ ਪਾਸ ਕਰਕੇ ਹੀ ਆਵੇਗੀ। ਜਦ ਉਸਦਾ ਬਾਪ ਵਾਪਸ ਚਲੇ ਗਿਆ ਤਾਂ ਉਹ ਬਿਮਾਰ ਪਈ ਪਈ ਉਠ ਖੜ੍ਹੀ। ਹੁਣ ਚਾਦਰ ਵੀ ਪੂਰੀ ਹੋਣ ਵਾਲੀ ਸੀ ਅਤੇ ਉਸਦੀ ਬਿਮਾਰੀ ਨੂੰ ਵੀ ਮੋੜ ਪੈ ਗਿਆ ਸੀ। ਚਾਦਰ ਦੀ ਕਢਾਈ ਪੂਰੀ ਹੋ ਜਾਣ ਉਪਰ ਉਸ ਨੂੰ ਧੋ ਸੁਆਰ ਕੇ ਟਰੰਕ ਵਿੱਚ ਰੱਖਣ ਲੱਗੀ ਇੱਕ ਵਾਰ ਪਲੰਘ ਉਪਰ ਵਿਛਾ ਕੇ ਕੁਝ ਮਨ ਵਿੱਚ ਚਿਤਵਦੀ ਬੜੀ ਨੀਝ ਨਾਲ ਵੇਖਦੀ ਹੈ। ਚਾਦਰ ਦੀ ਕਿਨਾਰੀ ਉਪਰ ਲੜੀ ਵਾਰ ਰੰਗ-ਬਿਰੰਗੀਆਂ ਚਿੜੀਆਂ ਦੇ ਵਖੋ ਵੱਖਰੇ ‘ਪੋਜ਼’ ਕੋਈ ਚੋਗਾ ਚੁੱਗਦੀ ਦਾ, ਕੋਈ ਪਾਣੀ ਪੀਂਦੀ ਦਾ, ਕੋਈ ਪਰ ਖਿਲਾਰ ਕੇ ਬੈਠੀ ਅਤੇ ਕੋਈ ਪੈਰ ਚੁੱਕੀ ਸਰੀਰ ਉਪਰ ਫੇਰਦੀ ਦਾ ਮੁਹਾਂਦਰਾ ਉਸਨੂੰ ਸਾਫ਼ ਵਿਖਾਈ ਦਿੱਤਾ। ਉਸਨੇ ਆਪਣੀਆਂ ਅੱਖਾਂ ਨੂੰ ਦਿਬਾਇਆ ਅਤੇ ਫਿਰ ਉਘਾੜ ਕੇ ਵੇਖਿਆ।  ਇੱਕ ਚਿੜੀ ਦੀ ਇੱਕ ਲੱਤ ਦੀ ਕਢਾਈ ਹੀ ਨਹੀਂ ਹੋਈ ਵੇਖੀ ਤਾਂ ਉਹ ਹੱਸੀ ਅਤੇ ਬੁੜਬੁੜਾਈ, ‘ਚਲੋ ਇੱਕ ਚਿੜੀ ਲ਼ੰਗੀ ਹੀ ਸਈਂ। ਚਾਦਰ ਦੇ ਵਿਚਕਾਰ ਇੱਕ ਵੱਡੇ ਸਾਰੇ ਦਰੱਖਤ ਦੇ ਪਹਿਲਾਂ ਦੋ ਟਾਹਣੇ ਹਨ। ਫਿਰ ਦੋ ਟਾਹਣਿਆਂ ਤੋਂ ਅੱਗੇ ਦੋ ਦੋ ਹੋਰ ਟਾਹਣ ਹੋ ਜਾਂਦੇ ਹਨ ਅਤੇ ਫਿਰ ਕਈ ਹੋਰ ਟਾਹਣੀਆਂ। ਪਹਿਲੇ ਦੋ ਟਾਹਣਿਆਂ ਦੇ ਆਸਣ ਉਪਰ ਚਿੜੀ ਅਤੇ ਚਿੜਾ ਬੜੇ ਪਿਆਰ ਨਾਲ ਚੁੰਝਾਂ ਵਿੱਚ ਚੁੰਝਾਂ ਫਸਾਈ ਬੈਠੇ ਹਨ। ਇਹ ਵੇਖ ਕੇ ਪ੍ਰੀਤੀ ਨੇ ਆਪਣੇ ਬੁੱਲਾਂ ਉਪਰ ਜੀਭ ਫੇਰੀ ਅਤੇ ਮੁਸਕਰਾ ਪਈ। ਸੱਜੇ ਪਾਸੇ ਦੀ ਟਾਹਣ ਉਤੇ ਆਲ੍ਹਣੇ ਵਿੱਚ ਇਕ ਚਿੜੀ ਆਪਣੇ ਬੱਚੇ ਨੂੰ ਚੋਗ ਖਿਲਾ ਰਹੀ ਹੈ। ਉਸਨੇ ਆਪਣੇ ਢਿੱਡ ਉਪਰ ਹੱਥ ਫੇਰਿਆ। ਜਿਵੇਂ ਕੋਈ ਅੰਬ ਦਾ ਦਰੱਖਤ ਅੰਬਾਂ ਨਾਲ ਲੱਦਿਆ ਹੁੰਦਾ ਹੈ, ਠੀਕ ਇਸੇ ਤਰ੍ਹਾਂ ਦਰੱਖਤ ਉਪਰ ਬੈਠੀਆਂ ਚਿੜੀਆਂ ਕਈ ਤਰ੍ਹਾਂ ਦੇ ਪੋਜ ਬਣਾ ਕੇ ਬਿਠਾਈਆਂ ਹੋਈਆਂ ਵੇਖਦੀ ਹੈ। ਦਰੱਖਤ ਦੇ ਥੱਲੇ ਬਿੱਲੀ ਨੇ ਆਪਣੇ ਪੰਜੇ ਹੇਠਾਂ ਇੱਕ ਚਿੜੀ ਨੂੰ ਦੱਬਿਆ ਹੋਇਆ ਹੈ ਅਤੇ ਚਿੜੀ ਨੇ ਆਪਣੇ ਦੋਵੇਂ ਪਰ ਫੈਲਾਏ ਹੋਏ ਹਨ। ਉਸ ਦੁਆਲੇ ਉੜਦੀਆਂ ਚਿੜੀਆਂ ਦੇ ਪਰ ਫੜ-ਫੜਾਉਂਦੇ ਹਨ। ਪ੍ਰੀਤੀ ਨੇ ਆਪਣੇ ਬੁੱਲ੍ਹ ਅਟੇਰੇ ਅਤੇ ਬੁੜ-ਬੁੜਾਈ, ‘ਤੇਰੀ ਕਿਸਮਤ ਚਿੜੀਏ! ਜੇ ਤੇਰੇ ਥਾਂ ਮੈਂ ਹੁੰਦੀ ਤਾਂ ਸਭ ਤੋਂ ਪਹਿਲਾਂ ਉੱਡ ਜਾਣਾ ਸੀ।’ ਬਿੱਲੀ ਦੇ ਪੈਰਾਂ ਹੇਠਾਂ ਦੱਬੀ ਚਿੜੀ ਵਾਲੀ ਕਢਾਈ ਪ੍ਰੀਤੀ ਦੇ ਆਪਣੇ ਦਿਮਾਗ਼ ਦੀ ਕਾਢ ਹੈ। ਇਸ ਵਾਸਤੇ ਉਸਦੀ ਨਾਨੀ ਦਾ ਕੋਈ ਯੋਗਦਾਨ ਨਹੀਂ ਹੈ। ਪ੍ਰੀਤੀ ਚੰਗੇ ਨੰਬਰ ਲੈ ਕੇ ਦਸਵੀਂ ਜਮਾਤ ਵਿੱਚੋਂ ਵੀ ਪਾਸ ਹੋ ਗਈ। ਉਸਨੇ ਕਿਹਾ, ‘ਚੱਲ ਨਾਨੀ ਹੁਣ ਮੈਨੂੰ ਮੇਰੀ ਮਾਂ ਕੋਲ ਛੱਡ ਆ।’
ਪ੍ਰੀਤੀ ਚਿੜੀਆਂ ਵਾਲੀ ਚਾਦਰ ਨਾਲ ਹੀ ਲੈ ਆਈ। ਚਿੜੀਆਂ ਵਾਲੀ ਚਾਦਰ ਨੂੰ ਉਸਨੇ ਆਪਣੀ ਮਾਂ ਨੂੰ ਬੜੇ ਚਾਵਾਂ ਨਾਲ ਵਿਖਾਇਆ। ਉਸਦੀ ਮਾਂ ਨੂੰ ਯਾਦ ਆਉਂਦਾ ਕਿ ਕਿਵੇਂ ਉਸਦਾ ਬਾਪ ਇਸ ਚਿੜੀਆਂ ਵਾਲੀ ਚਾਦਰ ਦੀ ਸਿਫ਼ਤ ਕਰਦਾ ਹੁੰਦਾ ਸੀ। ਉਹ ਵੇਲੇ ਨੂੰ ਪਛਤਾਉਂਦੀ ਜਦ ਉਸ ਨੇ ਕਢਾਈ ਸਿਲਾਈ ਵੱਲ ਆਪਣੀ ਕੋਈ ਰੁੱਚੀ ਨਹੀਂ ਵਿਖਾਈ। ਪ੍ਰੀਤੀ ਦੀ ਇਸ ਲਗਨ ਨੂੰ ਵੇਖ ਕੇ ਬਹੁਤ ਹੁੱਬੀ ਅਤੇ ਦਿਲ ਹੀ ਦਿਲ ਵਿੱਚ ਬੁੜਬੁੜਾਈ, ‘ਚਲੋ ਜੇ ਮਾਂ ਨੇ ਨਹੀਂ ਤਾਂ ਧੀ ਨੇ ਤਾਂ ਦੀਦੇ ਲਾ ਹੀ ਲਏ।’
ਮਾਂ ਨੂੰ ਗੁੰਮ ਸੁੰਮ ਹੋਈ ਨੂੰ ਵੇਖ ਕੇ ਪ੍ਰੀਤੀ ਨੇ ਕਿਹਾ, ‘ਮਾਂ ਕਿਹੜੀਆਂ ਸੋਚਾਂ ਵਿੱਚ ਡੁੱਬੀ ਹੋਈ ਏ!’
‘ਕੁਝ ਨਹੀਂ ਧੀਏ, ਮੈਂ ਸੋਚਦੀ ਸੀ ਕਿ ਕਿੰਨਾਂ ਔਖਾ ਤੂੰ ਕੰਮ ਕਰਦੀ ਰਹੀ ਏਂ! ਜਿਹੜਾ ਮੈਥੋਂ ਨਹੀਂ ਹੋਇਆ ਤੂੰ ਕਰ ਵਿਖਾਇਆ ਹੈ।’ ਇੰਝ ਕਹਿੰਦੀ ਹੋਈ ਜੀਤੋ ਨੇ ਪ੍ਰੀਤੀ ਦੇ ਦੋਵੇਂ ਹੱਥ ਫ਼ੜਕੇ ਉਸਦੀਆਂ ਉਂਗਲਾਂ ਪਿਆਰਨ ਲੱਗ ਪਈ।
ਚਿੜੀਆਂ ਵਾਲੀ ਚਾਦਰ ਉਪਰ ਵਿਖਾਈ ਆਪਣੀ ਕਲਾ ਉਪਰ ਪ੍ਰੀਤੀ ਨੂੰ ਬਹੁਤ ਗਰਭ ਸੀ। ਇਸ ਚਾਦਰ ਦੇ ਮਾਣ ਕਾਰਨ ਉਸਨੇ ਸੁਹਰੇ ਘਰ ਜਾਂਦੀ ਨੇ ਦਿਲ ਵਿੱਚ ਰਤਾ ਖੌਫ਼ ਨਾ ਖਾਧਾ। ਉਸਦਾ ਦਿਲ ਕਹਿੰਦਾ ਸੀ ਕਿ ਇਸ ਚਿੜੀਆਂ ਵਾਲੀ ਚਾਦਰ ਕਰਕੇ ਸੁਹਰੇ ਘਰ ਵਿੱਚ ਉਸਦਾ ਬਹੁਤ ਜੱਸ ਹੋਵੇਗਾ। ਉਹ ਸੁਹਰੇ ਘਰ ਵਿੱਚ ਜੁੜੀਆਂ ਮੁਟਿਆਰਾਂ ਵਿਚਕਾਰ ਘਿਰੀ ਆਪਣੇ ਆਪ ਨੂੰ ਮੁਟਿਆਰਾਂ ਦੀ ਸਰਦਾਰ ਸਮਝਦੀ। ਉਸ ਨੂੰ ਆਪਣੀ ਕਲਾ ਉਪਰ ਏਨਾ ਫ਼ਖਰ ਸੀ ਕਿ ਉਹ ਸਮਝਦੀ ਕਿ ਇਹ ਜੁੜੀਆਂ ਮੁਟਿਆਰਾਂ ਦੇ ਪੱਲੇ ਵਿੱਚ ਕਲਾ ਦਾ ਇੱਕ ਧੇਲਾ ਵੀ ਨਹੀਂ ਹੈ। ਪ੍ਰੀਤੀ ਉਨ੍ਹਾਂ ਮੁਟਿਆਰਾਂ ਨਾਲ ਇਵੇਂ ਰਚ ਮਿਚ ਗਈ ਜਿਵੇਂ ਸਾਲਾਂ ਬੱਧੀ ਜਾਣਦੀ ਹੋਵੇ। ਪ੍ਰੀਤੀ ਦਾ ਘਰਵਾਲਾ ਸੁਖਰਾਜ ਉਨ੍ਹਾਂ ਮੁਟਿਆਰਾਂ ਵਿੱਚੋਂ ਇੱਕ ਬਹੁਤ ਹੀ ਸੁਨੱਖੀ ਮੁਟਿਆਰ ਨਾਲ ਖੁਲ੍ਹ ਕੇ ਗੱਲਾਂ ਕਰਦਾ ਸੀ। ਪ੍ਰੀਤੀ ਨੂੰ ਸੁਖਰਾਜ ਦੀ ਆਦਤ ਦਾ ਹੁਣ ਤੱਕ ਪਤਾ ਲੱਗ ਗਿਆ ਸੀ ਕਿ ਉਹ ਬਹੁਤ ਹੀ ਹੱਸਮੁਖ ਸੁਭਾ ਵਾਲਾ ਮਨੁੱਖ ਹੈ। ਪ੍ਰੀਤੀ ਨੇ ਕੁੜੀਆਂ ਵਿੱਚ ਬੈਠੀ ਉਸ ਸੁਨੱਖੀ ਮੁਟਿਆਰ ਜਿਹੜੀ ਅੱਖਾਂ ਨਾਲ ਹੀ ਗੱਲਾਂ ਕਰਦੀ ਸੀ ਅਤੇ ਉਸ ਵੱਲ ਟਿਕਟਿਕੀ ਲਾ ਕੇ ਲਗਾਤਾਰ ਵੇਖ ਰਹੀ ਸੀ, ਉਸ ਕੋਲੋਂ ਪੁੱਛਿਆ, ‘ਤੁਸੀਂ ਵੀ ਆਪਣੇ ਦਾਜ ਵਾਸਤੇ ਕੋਈ ਚੀਜ਼ ਬਣਾਈ ਹੈ?’
‘ਕਿਉਂ ਅਸੀਂ ਕਿਉਂ ਬਣਾਈਏ? ਕੀ ਸਾਡੇ ਮਾਪੇ ਮਰ ਗਏ ਕਿਤੇ!’ ਸਨੁੱਖੀ ਮੁਟਿਆਰ ਨੇ ਪਟੱਕ ਜਵਾਬ ਦਿਤਾ।
ਏਨੇ ਨੂੰ ਸਾਰੀਆਂ ਮੁਟਿਆਰਾਂ ਇੱਕ ਸਾਰ ਹੀ ਬੋਲੀਆਂ, ‘ਤੂੰ ਕੀ ਆਪਣੇ ਦਾਜ ਵਿੱਚ ਬਣਾ ਕੇ ਲਿਆਂਈ ਏ, ਬੇਬੇ?’
‘ਚਿੜੀਆਂ ਵਾਲੀ ਚਾਦਰ, ਪੂਰੇ ਦਸ ਸਾਲ ਲਾ ਕੇ ਮੈਂ ਆਪ ਕਢਾਈ ਕਰਕੇ ਆਪਣੇ ਦਾਜ ਵਾਸਤੇ ਬਣਾਈ ਹੈ।’ ਪ੍ਰੀਤੀ ਨੇ ਬੜੇ ਮਾਣ ਨਾਲ ਕਿਹਾ।
‘ਹੈਂ…ਆਂ, ਚਿੜੀਆਂ ਵਾਲੀ ਚਾਦਰ ਉਪਰ ਤੈਂ ਆਪ ਕਢਾਈ ਕੀਤੀ ਹੈ!’ ਸਾਰੀਆਂ ਮੁਟਿਆਰਾਂ ਨੇ ਹੈਰਾਨ ਹੁੰਦੀਆਂ ਨੇ ਇੱਕਠਿਆਂ ਹੀ ਕਿਹਾ ਅਤੇ ਸਨੁੱਖੀ ਮੁਟਿਆਰ ਨੇ ਉਸਦੇ ਦੋਵੇਂ ਹੱਥ ਫ਼ੜ ਕੇ ਚੁੰਮ ਲਏ। 
ਸੁਹਰੇ ਪਿੰਡ ਦੀਆਂ ਔਰਤਾਂ ਦਾ ਜਦ ਘਰ ਵਿੱਚ ਆਉਣਾ ਜਾਣਾ ਬੰਦ ਹੋ ਗਿਆ ਤਾਂ ਇੱਕ ਦਿਨ ਪ੍ਰੀਤੀ ਨੇ ਚਿੜੀਆਂ ਵਾਲੀ ਚਾਦਰ ਅਪਣੇ ਪਤੀ ਸੁਖਰਾਜ ਨੂੰ ਵਿਖਾਈ ਅਤੇ ਆਪਣੀ ਦਸਾਂ ਸਾਲਾਂ ਦੀ ਮਿਹਨਤ ਬਾਰੇ ਸੁਖਰਾਜ ਦੇ ਮੂੰਹੋਂ ਪ੍ਰਸੰਸਾ ਸੁਣਨ ਦੀ ਉਡੀਕ ਕਰਨ ਲੱਗੀ। ਜਦ ਸੁਖਰਾਜ ਨੇ ਮੂੰਹੋ ਪ੍ਰਸੰਸਾਂ ਦਾ ਇੱਕ ਸ਼ਬਦ ਵੀ ਨਾ ਬੋਲਿਆਂ ਤਾਂ ਪ੍ਰੀਤੀ ਨੇ ਉਸਦੀ ਹਿੱਕ ਉਪਰ ਆਪਣਾ ਸਿਰ ਰੱਖਦੀ ਹੋਈ ਨੇ ਬੜੇ ਮੁਹ ਵਿੱਚ ਕਿਹਾ, ‘ਜੀ! ਸਾਲਾਂ ਭਰ ਮੈਂ ਇਹ ਸੋਚ ਕੇ ਕਢਾਈ ਕਰਦੀ ਰਹੀ ਕਿ ਇੱਕ ਦਿਨ ਇਸ ਚਾਦਰ ਉਪਰ ਮੇਰੇ ਪਤੀ ਪ੍ਰਮੇਸ਼ਰ 
ਜੀ ਸੁੱਖ ਦੀ ਨੀਂਦਰ ਸੌਂਣਗੇ।’
‘ਚੱਲ ਫਿਰ ਅੱਜ ਬਿਸਤਰ ਉਪਰ ਇਹੀ ਚਾਦਰ ਵਿਛਾ ਲੈਂਦੇ ਹਾ।’ ਸੁਖਰਾਜ ਨੇ ਚਾਦਰ ਨੂੰ ਝਾੜ ਕੇ ਪਲੰਘ ਉਪਰ ਤਾਣ ਦਿਤਾ।
‘ਨਹੀਂ ਜੀ ਅਜੇ ਨਹੀਂ, ਜਦ ਮਾਂ ਜੀ ਮੈਨੂੰ ਇਸ ਘਰ ਵਿੱਚ ਕੰਮ ਕਰਨ ਦੀ ਇਜ਼ਾਜਤ ਦੇਣਗੇ। ਮੈਂ ਫਿਰ ਇਸ ਚਾਦਰ ਨੂੰ ਆਪਣੇ ਹੱਥੀਂ ਪਲੰਘ ਉਪਰ ਵਿਛਾਵਾਂਗੀ।’ ਪ੍ਰੀਤੀ ਨੇ ਚਾਦਰ ਨੂੰ ਇੱਕਠੀ ਕਰਦੀ ਹੋਈ ਨੇ ਕਿਹਾ।
‘ਤੂੰ ਮੇਰਾ ਕਹਿਣਾ ਮੰਨਣਾ ਹੈ ਜਾਂ ਮੇਰੀ ਮਾਂ ਦਾ।’ ਸੁਖਰਾਜ ਨੇ ਉਸਨੂੰ ਕਿਹਾ।
‘ਕਹਿਣਾ ਤਾਂ ਮੈਂ ਤੁਹਾਡਾ ਹੀ ਮੰਨਣਾ ਹੈ ਪਰ ਮਾਂ ਦਾ ਕਹਿਣਾ ਮੰਨਣਾ ਤੁਹਾਡਾ ਵੀ ਤਾਂ ਫ਼ਰਜ ਹੈ।’ ਜਦ ਪ੍ਰੀਤੀ ਨੇ ਇਸ ਤਰ੍ਹਾਂ ਕਿਹਾ ਤਾਂ ਸੁਖਰਾਜ ਆਪਣੀ ਅੜੀ ਛੱਡ ਗਿਆ। ਸਮਾਂ ਲੰਘਣ ਨੂੰ ਬਹੁਤਾ ਚਿਰ ਨਹੀਂ ਲਗਦਾ। ਅੱਜ ਪ੍ਰੀਤੀ ਬਹੁਤ ਖੁਸ਼ ਸੀ। ਰਾਤੀਂ ਪ੍ਰੀਤੀ ਦੀ ਸੱਸ ਨੇ ਚੁੱਲ੍ਹਾ ਚੌਂਕਾ ਕਰਨ ਦੀ ਇਜ਼ਾਜਤ ਦੇ ਦਿਤੀ ਸੀ। ਉਹ ਸੁਵੱਖਤੇ ਉਠ ਖੜੌਤੀ। ਦੁੱਧ ਰਿੜਕਿਆ। ਮੱਖਣ ਕੱਢਿਆ। ਲੱਸੀ ਬਣਾਈ। ਚੁੱਲਾ ਤਪਾਇਆ। ਦਾਲ ਧਰੀ। ਰੋਟੀਆਂ ਪਕਾਈਆਂ। ਚਾਹ ਬਣਾਈ। ਰਸੋਈ ਦਾ ਸਾਰਾ ਕੰਮ ਨਬੇੜ ਕੇ ਇਸ਼ਨਾਨ ਕੀਤਾ ਅਤੇ ਨਵੀਂ ਨਵੇਲੀ ਬਣ ਕੇ ਬੈਠ ਗਈ। ਜਦ ਤੱਕ ਘਰ ਦੇ ਹੋਰ ਜੀਅ ਆਪਣੀ ਨੀਂਦਰ ਤੋਂ ਉਠੇ ਤਾਂ ਰਸੋਈ ਦੇ ਸਾਰੇ ਕੰਮ ਹੋ ਚੁੱਕੇ ਸਨ। ਉਸਦੀ ਸੱਸ ਨੇ ਹੈਰਾਨ ਹੁੰਦੀ ਨੇ ਕਿਹਾ, ‘ਪ੍ਰੀਤੀ ਏਨੀ ਕਾਹਲੀ ਦੀ ਵੀ ਕੀ ਲੋੜ ਸੀ। ਉਠਣ ਲੱਗੀ ਜ਼ਰਾ ਸੂਰਜ ਤਾਂ ਚੜ੍ਹਨ ਦਿੰਦੀ।’
‘ਨਹੀਂ ਮਾਂ ਜੀ, ਵੇਲੇ ਸਿਰ ਕੰਮ ਹੋ ਜਾਣਾ ਚਾਹੀਦਾ ਹੈ। ਮੈਥੋਂ ਹੋਰ ਵਿਹਲਿਆਂ ਨਹੀਂ ਬੈਠਿਆ ਜਾਣਾ। ਤੁਸੀਂ ਹੁਣ ਆਰਾਮ ਕਰਿਓ ਕਰੋ। ਸਾਰੇ ਕੰਮ ਮੈਂ ਸੰਭਾਲ ਲਵਾਂਗੀ।’ ਪ੍ਰੀਤੀ ਨੇ ਆਪਣੀ ਸੱਸ ਨੂੰ ਅਵਕਾਸ਼ ਲੈਣ ਵਾਸਤੇ ਬੇਨਤੀ ਕੀਤੀ।
ਅੱਜ ਸੁਖਰਾਜ ਵੀ ਕੰਮ ਉਪਰ ਨਹੀਂ ਗਿਆ ਸੀ। ਪ੍ਰੀਤੀ ਨੇ ਸੁਖਰਾਜ ਨੂੰ ਬੇਨਤੀ ਕੀਤੀ ਕਿ ਉਹ ਮਾਂ ਜੀ ਕੋਲੋਂ ਪੁੱਛ ਲਵੇ ਕਿ ਮੈਂ ਚਿੜੀਆਂ ਵਾਲੀ ਚਾਦਰ ਪਲੰਘ ਉਪਰ ਵਿਛਾਉਣੀ ਚਾਹੁੰਦੀ ਹਾਂ ਕਿਉਂਕਿ ਪ੍ਰੀਤੀ ਮਾਂ ਜੀ ਨੂੰ ਗੱਲਾਂ ਗੱਲਾਂ ਵਿੱਚ ਅਜਿਹਾ ਕਈ ਵਾਰ ਚਿਤਾਰ ਚੁੱਕੀ ਸੀ, ਪਰ ਉਸਨੇ ਪ੍ਰੀਤੀ ਨੂੰ ਕੋਈ ਹੁੰਗਾਰਾ ਨਹੀਂ ਭਰਿਆ ਸੀ।
‘ਲਿਆ ਕੱਢ ਚਿੜੀਆਂ ਵਾਲੀ ਚਾਦਰ ਟਰੰਕ ਵਿੱਚੋਂ ਮੈਂ ਵਿਛਾ ਦਿੰਦਾ ਹਾਂ।’ ਸੁਖਰਾਜ ਨੇ ਟਰੰਕ ਵੱਲ ਇਸ਼ਾਰਾ ਕਰਦਿਆਂ ਪ੍ਰੀਤੀ ਨੂੰ ਕਿਹਾ।
‘ਹਾਏ ਮੈਂ ਮਰ ਜਾਂ! ਇਹ ਕੰਮ ਤਾਂ ਮੇਰਾ ਹੈ।’ ਅਜਿਹਾ ਕਹਿੰਦੀ ਪ੍ਰੀਤੀ ਦੇ ਬੋਲਾਂ ਵਿੱਚ ਡਰ ਸੀ।
ਪ੍ਰੀਤੀ ਦੇ ਰੋਕਦਿਆਂ ਰੋਕਦਿਆਂ ਸੁਖਰਾਜ ਨੇ ਟਰੰਕ ਖੋਲ੍ਹਿਆ ਅਤੇ ਚਾਦਰ ਪਲੰਘ ਉਪਰ ਵਿਛਾ ਦਿਤੀ ਅਤੇ ਆਪ ਬਾਹਰ ਅੰਦਰ ਚਲੇ ਗਿਆ। ਜਦ ਦੇਰ ਬਾਅਦ ਉਹ ਘਰ ਪਰਤਿਆਂ ਤਾਂ ਪਲੰਘ ਉਪਰ ਚਿੜੀਆਂ ਵਾਲੀ ਚਾਦਰ ਨਹੀਂ ਸੀ। ਉਸਨੇ ਆਪਣੀ ਮਾਂ ਨੂੰ ਪੁੱਛਿਆ, ‘ਪਲੰਘ ਉਤੋਂ ਚਾਦਰ ਕਿਸ ਨੇ ਚੁੱਕੀ ਹੈ?’
‘ਮੈਂ ਚੁੱਕੀ ਹੈ।’ ਪ੍ਰੀਤੀ ਨੇ ਤੁਰੰਤ ਜਵਾਬ ਦਿਤਾ।
‘ਕਿਉਂ ਤੂੰ ਕਿਉਂ ਚੁੱਕੀ ਹੈ?’ ਸੁਖਰਾਜ ਨੇ ਪੁੱਛਿਆ।
‘ਮਾਂ ਜੀ ਨੇ ਕਿਹਾ ਸੀ।’ ਪ੍ਰੀਤੀ ਨੇ ਡਰਦੀ ਨੇ ਜਵਾਬ ਦਿਤਾ।
‘ਮਾਂ ਪ੍ਰੀਤੀ ਨੂੰ ਪਲੰਘ ਉਪਰੋਂ ਚਾਦਰ ਚੁੱਕਣ ਵਾਸਤੇ ਤੁਸੀਂ ਕਿਉਂ ਕਿਹਾ?’ ਸੁਖਰਾਜ ਨੇ ਆਪਣੀ ਮਾਂ ਨੂੰ ਸਵਾਲ ਕਰ ਦਿਤਾ।
‘ਰਾਜ ਪੁੱਤਰ, ਇਹ ਚਿੜੀਆਂ ਵਾਲੀ ਚਾਦਰ ਬਹੁਤ ਸੁਹਣੀ ਹੈ ਅਤੇ ਆਪਾ ਤੇਰੀ ਨਿੱਕੀ ਭੈਣ ਮਨੀ ਦੇ ਦਾਜ ਵਿੱਚ ਰੱਖਣੀ ਹੈ। ਇਸ ਕਰਕੇ।’ ਮਾਂ ਨੇ ਸੁਖਰਾਜ ਨੂੰ ਕੋਰਾ ਜਵਾਬ ਦਿਤਾ।
ਸੁਖਰਾਜ ਆਪਣੀ ਮਾਂ ਦਾ ਆਖਾ ਮੋੜ ਨਾ ਸਕਿਆ ਪਰ ਪ੍ਰੀਤੀ ਦੇ ਬੋਲ ਉਸਦੇ ਕੰਨਾਂ ਵਿੱਚ ਗੂੰਜਣ ਲੱਗੇ ਕਿ ਮੈਂ ਤੁਹਾਡੇ ਵਾਸਤੇ ਇਹ ਚਾਦਰ ਉਪਰ ਦਸ ਸਾਲ ਦਸੂਤੀ ਦੀ ਕਢਾਈ ਕੱਢਦੀ ਰਹੀਂ ਹਾਂ। ਉਹ ਵਿੱਚੋਂ ਵਿੱਚ ਮਘਣ ਲੱਗਾ।
ਸਮਾਂ ਬੀਤ ਗਿਆ। ਉਨ੍ਹਾਂ ਦੇ ਘਰ ਇੱਕ ਧੀ ਮੀਤੋ ਨੇ ਜਨਮ ਲਿਆ ਤੇ ਸੁਖਰਾਜ ਕਬੀਲਦਾਰ ਹੋ ਗਿਆ। ਤਿੰਨ ਸਾਲ ਬਾਅਦ ਇੱਕ ਮੁੰਡੇ ਬਲਰਾਜ ਨੇ ਜਨਮ ਲਿਆ। ਕੁੜੀ ਜੰਮਣ ਕਰਕੇ ਘਰ ਵਿੱਚ ਪ੍ਰੀਤੀ ਦੀ ਜਿੰਨੀ ਬੇਕਦਰੀ ਸੀ, ਬਲਰਾਜ ਦੇ ਜਨਮ ਨੇ ਪ੍ਰੀਤੀ ਦਾ ਘਰ ਵਿੱਚ ਫਿਰ ਅੱਗ੍ਹ ਵਧਾ ਦਿਤਾ। ਪ੍ਰੀਤੀ ਦੀ ਧੀ ਗਿਆਰਵੇਂ ਸਾਲ ਵਿੱਚ ਹੋ ਗਈ ਅਤੇ ਬਲਰਾਜ ਤੀਜੀ ਜਮਾਤ ਵਿੱਚ ਦਾਖ਼ਲ ਹੋ ਗਿਆ ਸੀ। ਇਸ ਤੋਂ ਚਾਰ ਸਾਲ ਪਹਿਲਾਂ ਉਨ੍ਹਾਂ ਦੇ ਘਰ ਉਪਰੋਥਲੀ ਪਹਿਲਾਂ ਜਗਰਾਜ ਨੇ ਜਨਮ ਲਿਆ ਅਤੇ ਫਿਰ ਸਿਰਤਾਜ ਦੇ ਜਨਮ ਦੀਆਂ ਖੁਸ਼ੀਆਂ ਮਨਾਈਆਂ ਗਈਆਂ। ਮੀਤੋ ਭਾਵੇਂ ਗਿਆਰਵੇਂ ਵਿੱਚ ਸੀ ਪਰ ਪ੍ਰੀਤੀ ਨਾਲੋਂ ਇੱਕ ਗਿੱਠ ਲੰਮੀ ਦਿਸਦੀ ਸੀ। ਉਸਦਾ ਮੁਹਾਂਦਰਾ ਸੁਖਰਾਜ ਉਪਰ ਗਿਆ ਸੀ। ਪ੍ਰੀਤੀ ਨੇ ਘਰ ਦੇ ਸਾਰੇ ਕੰਮ ਕਾਜ ਆਪਣੇ ਹੱਥ ਵਿੱਚ ਲੈ ਲਏ ਸਨ। ਉਸਦਾ ਵਿਚਾਰ ਸੀ ਹਰ ਪ੍ਰਾਣੀ ਦੂਸਰੇ ਪ੍ਰਾਣੀ ਦੀ ਲੋੜ ਕਰਕੇ ਹੀ ਉਸਨੂੰ ਪਸੰਦ ਕਰਦਾ ਹੈ ਅਤੇ ਇਸ ਵਿਚਾਰ ਅਧੀਨ ਉਸਨੇ ਘਰ ਦੇ ਸਾਰੇ ਕੰਮ ਕਾਰ ਆਪ ਸੰਭਾਲ ਕੇ ਆਪਣੀ ਸੱਸ ਸਵਰਨੀ ਨੂੰ ਨਿਖੱਟੂ ਬਣਾ ਦਿਤਾ ਸੀ ਅਤੇ ਆਪਣੀ ਸਿ਼ੰਗਾਰ-ਪੱਟੀ ਵੀ ਸਵਰਨੀ ਨੂੰ ਇਹ ਕਹਿ ਕੇ ਸੌਂਪ ਦਿਤੀ ਸੀ ਕਿ ਕੰਮਾ ਕਾਰਾਂ ਵਿੱਚ ਰੁੱਝੀ ਰਹਿਣ ਕਰਕੇ ਉਸ ਕੋਲ ਸਿ਼ੰਗਾਰ ਕਰਨ ਵਾਸਤੇ ਸਮਾਂ ਹੀ ਨਹੀ ਹੈ। ਸਵਰਨੀ ਨਿੱਤ ਸੂਹੇ ਰੰਗ ਦੇ ਭੜਕੀਲੇ ਅਤੇ ਕਈ ਰੰਗ ਬਰੰਗੇ ਸੂਟ ਪਹਿਨਦੀ, ਤਰ੍ਹਾਂ ਤਰ੍ਹਾਂ ਦਾ ਸਿ਼ੰਗਾਰ ਕਰਦੀ ਤਾਂ ਇੰਝ ਲਗਦਾ ਕਿ ਜਿਵੇਂ ਉਹ ਮੁਕਲਾਵੇ ਆਈ ਹੋਵੇ। ਪ੍ਰੀਤੀ ਦਾ ਦਾਅ ਚਲ ਗਿਆ ਸੀ। ਇੱਕ ਦਿਨ ਸ਼ੀਸ਼ੇ ਮੁਹਰੇ ਖੜ੍ਹੀ ਆਪਣੇ ਆਪ ਨੂੰ ਆਖ ਰਹੀ ਸੀ, ‘ਮੈਂ ਉਹ ਚਿੜੀ ਨਹੀਂ ਜਿਹੜੀ ਬਿੱਲੀ ਦੇ ਪੈਰ ਹੇਠਾਂ ਦੱਬੀ ਜਾਵੇ।’
ਹੁਣ ਪ੍ਰੀਤੀ ਨੇ ਪਲੰਘ ਕੋਲ ਇੱਕ ਮੰਜੀ ਡਾਹ ਕੇ ਸੁਖਰਾਜ ਨੂੰ ਕਹਿ ਦਿਤਾ ਕਿ ਉਹ ਪਲੰਘ ਉਪਰ ਉਤਨਾ ਚਿਰ ਨਹੀਂ ਸੋਵੇਂਗੀ ਜਿੰਨਾ ਚਿਰ ਚਿੜੀਆਂ ਵਾਲੀ ਚਾਦਰ ਨਹੀਂ ਵਿਛੇਗੀ। ਸਵਰਨੀ ਇਹ ਨਹੀਂ ਚਾਹੁੰਦੀ ਸੀ ਕਿ ਚਿੜੀਆਂ ਵਾਲੀ ਚਾਦਰ ਮੈਲੀ ਹੋਵੇ ਅਤੇ ਨਾ ਹੀ ਉਹ ਮੁਫ਼ਤ ਦੀ ਕਾਮੀ ਪ੍ਰੀਤੀ ਨੂੰ ਆਪਣੇ ਹੱਥੋਂ ਗੁਆਉਣਾ ਚਾਹੁੰਦੀ ਸੀ। ਘਰ ਵਿੱਚ ਨਿੱਤ ਦਾ ਕਲੇਸ਼ ਮਿਟਾਉਣ ਵਾਸਤੇ ਉਸ ਨੇ ਸੁਖਰਾਜ ਨੂੰ ਸਾਫ਼ ਕਹਿ ਦਿਤਾ ਸੀ ਕਿ ਚਾਚੇ ਦੇ ਘਰ ਦੇ ਨਾਲ ਦਾ ਖੁੱਲ੍ਹਾ ਘਰ ਉਨ੍ਹਾਂ ਨੂੰ ਦੇ ਦੇਵੇਗੀ ਪਰ ਚਿੜੀਆਂ ਵਾਲੀ ਚਾਦਰ ਤਾਂ ਮੈਂ ਆਪਣੀ ਧੀ ਮਨੀ ਦੇ ਦਾਜ ਵਿੱਚ ਹੀ ਦੇਣੀ ਹੈ। ਸਕੂਲ ਦੀਆਂ ਛੁੱਟੀਆਂ ਵਿੱਚ ਪ੍ਰੀਤੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਪੇਕੇ ਚਲੇ ਗਈ। ਉਸਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ ਤਾਂ ਉਸਨੇ ਫ਼ੈਸਲਾ ਹੀ ਕਰ ਦਿਤਾ ਕਿ ਤੇਰੀ ਨਾਨੀ ਛੇ ਵਿਘੇ ਜ਼ਮੀਨ ਅਤੇ ਆਪਣਾ ਪੱਕਾ ਮਕਾਨ ਤੇਰੇ ਨਾਮੇ ਕਰ ਗਈ ਹੈ। ਤੁਸੀਂ ਉਥੇ ਚਲੇ ਜਾਓ। ਪ੍ਰੀਤੀ ਨੇ ਸੁਹਰੇ ਘਰ ਵਾਪਸ ਆਣ ਕੇ ਸੁਖਰਾਜ ਨੂੰ ਮਨਾਇਆ ਅਤੇ ਉਹ ਚਿੜੀਆਂ ਵਾਲੀ ਚਾਦਰ ਲੈ ਕੇ ਜੁਦਾ ਹੋ ਗਏ। 
ਇਹ ਚਿੜੀਆਂ ਵਾਲੀ ਚਾਦਰ ਨੇ ਸੁਖਰਾਜ ਨੂੰ ਆਪਣੇ ਮਾਪਿਆ ਤੋਂ ਜੁਦਾ ਕਰ ਦਿਤਾ। ਸੁਖਰਾਜ ਦੇ ਜਿਵੇਂ ਹਾਸੇ ਹੀ ਉੱਡ ਗਏ ਹੁੰਦੇ ਹਨ। ਉਹ ਦਿਨ ਵੇਲੇ ਕੰਮਾਂ ਕਾਰਾਂ ਵਿੱਚ ਰੁੱਝਾ ਰਹਿੰਦਾ ਅਤੇ ਰਾਤ ਨੂੰ ਸ਼ਰਾਬ ਪੀਣ ਦਾ ਆਦੀ ਹੋ ਗਿਆ। ਇੱਕ ਦਿਨ ਸੁਖਰਾਜ ਜਦ ਸਵੇਰੇ ਉਠਿਆ ਤਾਂ ਉਹ ਪ੍ਰੀਤੀ ਨੂੰ ਬੜੇ ਪਿਆਰ ਨਾਲ ਆਪਣੀ ਗੱਲਵੱਕੜੀ ਵਿੱਚ ਲੈ ਕੇ ਕਹਿੰਦਾ, ‘ਮਾਲਕ ਨੇ ਉਸਦੇ ਕੰਮ ਦੀ ਤਰੱਕੀ ਕਰ ਦੇਣੀ ਹੈ। ਪ੍ਰੀਤੀ ਇਹ ਆਪਣੀ ਧੀ ਮੀਤੋ ਦੀ ਹੀ ਸਾਰੀ ਕਿਸਮਤ ਹੈ। ਤਰੱਕੀ ਹੋ ਜਾਣ ਬਾਅਦ ਉਸਦਾ ਦਾਜ ਸੌਖਿਆ ਹੀ ਬਣ ਜਾਵੇਗਾ।’ 
ਪ੍ਰੀਤੀ ਸਾਰੀ ਦਿਹਾੜੀ ਸੁਖਰਾਜ ਦੇ ਕੰਮ ਤੋਂ ਵਾਪਸ ਆਉਣ ਦੀ ਉਡੀਕ ਕਰਦੀ ਰਹੀ। ਉਸ ਨੇ ਬਹੁਤ ਸਧਰਾਂ ਨਾਲ ਪਲੰਘ ਉਪਰ ਚਿੜੀਆਂ ਵਾਲੀ ਚਾਦਰ ਨੂੰ ਵਿਛਾਇਆ। ਅੱਧੀ ਰਾਤ ਹੋ ਗਈ ਪਰ ਸੁਖਰਾਜ ਘਰ ਵਾਪਸ ਨਾ ਆਇਆ। ਬੱਚੇ ਉਡੀਕਦੇ ਦੇਰ ਰਾਤ ਗਈ ਘੂਕ ਸੌਂ ਗਏ। ਅੱਧੀ ਰਾਤ ਢਲਦਿਆਂ ਜਦ ਸੁਖਰਾਜ ਨਸ਼ੇ ਵਿੱਚ ਧੁੱਤ ਘਰ ਆਇਆ ਤਾ ਉਸਦੀ ਹਾਲਤ ਵੇਖ ਕੇ ਪ੍ਰੀਤੀ ਸਹਿਮ ਗਈ। ਉਹ ਆਪਣੇ ਕਾਰਖਾਨੇ ਦੇ ਮਾਲਕ ਦਾ ਨਾਮ  ਲੈ ਕੇ ਗਾਲਾਂ ਕੱਢ ਰਿਹਾਂ ਸੀ ਅਤੇ ਜੋ ਮੂੰਹ ਆੳਂੁਦਾ ਬਕੀ ਜਾ ਰਿਹਾ ਸੀ। ਪ੍ਰੀਤੀ ਨੇ ਬੜੇ ਪਿਆਰ ਨਾਲ ਉਸ ਨੂੰ ਸਮਝਾਉਣ ਦੀ ਵੀ ਕੋਸਿ਼ਸ ਕੀਤੀ ਪਰ ਉਹ ਬਕਵਾਸ ਕਰਦਾ ਕਰਦਾ ਪਲੰਘ ਉਪਰ ਡਿੱਗਦਾ ਹੀ ਘੂਕ ਸੌ ਗਿਆ। ਪ੍ਰੀਤੀ ਸਾਰੀ ਰਾਤ ਉਸਦੇ ਸਰਾਹਣੇ ਪੀੜ੍ਹੀ ਉਪਰ ਬੈਠੀ ਉਸ ਨੂੰ ਸੁਰਤ ਆਉਣ ਦੀ ਉਡੀਕ ਕਰਦੀ ਰਹੀ ਸੀ ਪਰ ਸੁਖਰਾਜ ਨੂੰ ਸੁਰਤ ਸਵੇਰੇ ਦਸ ਵਜੇ ਆਈ ਜਦ ਚਮਕਦੇ ਸੂਰਜ ਨੇ ਉਸ ਦੀਆਂ ਅੱਖਾਂ ਚੁੰਧਿਆ ਦਿਤੀਆਂ। ਸੁਖਰਾਜ ਨੇ ਵੇਖਿਆ ਕਿ ਪ੍ਰੀਤੀ ਮੰਜੇ ਦੀ ਬਾਹੀ ਉਪਰ ਲਪੇਟੀਆਂ ਬਾਹਾਂ ਉਤੇ ਆਪਣੇ ਸੱਜੇ ਕੰਨ ਭਾਰ ਸੁੱਤੀ ਪਈ ਸੀ। ਉਸ ਨੇ ਬਿਨ੍ਹਾਂ ਖੜਾਕ ਕਾਹਲੀ ਕਾਹਲੀ ਮੂੰਹ ਧੋਤਾ ਅਤੇ ਬਿਨਾਂ ਕਿਸੇ ਗੱਲ ਬਾਤ ਦੇ ਉਹ ਕੰਮ ਵੱਲ ਤੁਰ ਪਿਆ। ਪ੍ਰੀਤੀ ਨੇ ਆਪਣੀਆਂ ਅੱਖਾਂ ਖੋਲ੍ਹਦੀ ਹੋਈ ਨੇ ਸੁਖਰਾਜ ਦੀ ਬਾਂਹ ਫੜਕੇ ਰਾਤ ਬਾਰੇ ਪੁੱਛਣਾ ਚਾਹਿਆ ਤਾਂ ਉਹ ਕਮੰ ਉਪਰ ਜਾਂਦਾ ਜਾਂਦਾ ਕਹਿ ਗਿਆ, ‘ਮਾਲਕ ਨੇ ਤਰੱਕੀ ਕਿਸੇ ਹੋਰ ਕਾਮੇ ਦੀ ਕਰ ਦਿੱਤੀ ਹੈ।’ 
ਪ੍ਰੀਤੀ ਨੇ ਚਿੜੀਆਂ ਵਾਲੀ ਚਾਦਰ ਨੂੰ ਉਵੇਂ ਦੀ ਉਵੇ ਲਪੇਟਿਆ ਅਤੇ ਟਰੰਕ ਵਿੱਚ ਰੱਖ ਦਿਤਾ। ਵਰ੍ਹੇ ਬੀਤ ਗਏ ਪਰ ਪ੍ਰੀਤੀ ਨੇ ਉਸ ਚਾਦਰ ਵੱਲ ਝਾਕ ਕੇ ਵੀ ਨਹੀਂ ਵੇਖਿਆ। ਸੁਖਰਾਜ ਆਪਣੀ ਧੀ ਮੀਤੋ ਦੇ ਦਾਜ ਬਣਾਉਣ ਵਾਸਤੇ ਦਿਨ ਰਾਤ ਕੰਮ ਕਰ ਰਿਹਾ ਸੀ। ਸੁਖਰਾਜ ਨੂੰ ਹੁਣ ਮੁਟਿਆਰ ਧੀ ਮੀਤੋ ਦੇ ਹੱਥ ਪੀਲੇ ਕਰਨ ਦਾ ਹੀ ਫਿਕਰ ਖਾਈ ਜਾਂਦਾ ਸੀ। 
ਪ੍ਰੀਤੀ ਹੁਣ ਤੱਕ ਚਾਰ ਬੱਚਿਆਂ ਦੀ ਮਾ ਬਣ ਗਈ ਸੀ। ਉਨ੍ਹਾਂ ਦੀ ਵੱਡੀ ਧੀ ਮੀਤੋ ਦਾ ਵਿਆਹ ਵੀ ਧਰ ਦਿਤਾ ਗਿਆ। ਪ੍ਰੀਤੀ ਨੇ ਸੁਖਰਾਜ ਨੂੰ ਬਹੁਤ ਵਾਰ ਆਖਿਆ ਕਿ ਉਹ ਮੀਤੋ ਦੇ ਬਣਾਏ ਦਾਜ ਨੂੰ ਚੰਗੀ ਤਰ੍ਹਾਂ ਵੇਖ ਲਵੇ ਪਰ ਉਹ ਅੱਗਿਓ ਇਹੀ ਕਹਿੰਦਾ ਰਿਹਾ, ‘ ਮੈਨੂੰ ਤੇਰੇ ਉਪਰ ਯਕੀਨ ਹੈ ਪ੍ਰੀਤੀ। ਜੇਕਰ ਹੋਰ ਪੈਸਿਆਂ ਦੀ ਜ਼ਰੂਰਤ ਹੈ ਉਸਨੂੰ ਦੱਸੀ, ਬਾਕੀ ਦਾਜ ਤਿਆਰ ਕਰਨ ਦੀ ਸਾਰੀ ਤੇਰੀ ਹੀ ਜਿੰਮੇਵਾਰੀ ਹੈ।’
ਪ੍ਰੀਤੀ ਨੇ ਸੁਖਰਾਜ ਦੀ ਆਰਥਕ ਹਾਲਤ ਨੂੰ ਸਮਝਦਿਆਂ ਅਤੇ ਆਪਣੇ ਵਿਆਹ ਦੀ ਵਰੀ ਵਿੱਚੋਂ ਕਪੜੇ ਲਾ ਕੇ ਦਾਜ ਪੂਰਾ ਕਰ ਲਿਆ ਸੀ ਅਤੇ ਸੁਖਰਾਜ ਨੂੰ ਹੌਸਲਾ ਦੇਣ ਵਾਸਤੇ ਕਿਹਾ, ‘ਜਿੰਨੇ ਤੁਸੀਂ ਦਾਜ ਬਣਾਉਣ ਨੂੰ ਪੈਸੇ ਦਿਤੇ ਸਨ ਉਹ ਬਹੁਤ ਹਨ। ਮੈਂ ਤਾਂ ਉਨ੍ਹਾਂ ਵਿਚੋਂ ਵੀ ਬਚਾ ਲਏ ਹਨ।’
‘ਸ਼ਾਬਾਸ਼!’ ਸੁਖਰਾਜ ਨੇ ਕਿਹਾ।
ਵਿਆਹ ਦੇ ਕਾਰਜਾਂ ਤੋਂ ਵਿਹਲੇ ਹੋ ਕੇ ਸੁਖਰਾਜ ਨੇ ਥੋੜੀ ਸੁਰਤ ਸੰਭਾਲੀ। ਬੱਚਿਆਂ ਨੂੰ ਸਕੂਲੋਂ ਛੁੱਟੀਆਂ ਹੋਣ ਕਾਰਨ ਪਿਛਲੇ ਮਹੀਨੇ ਪ੍ਰੀਤੀ ਆਪਣੀ ਮਾਂ ਕੋਲ ਰਹਿਣ ਲਈ ਚਲੇ ਗਈ ਸੀ। ਜਿਵੇਂ ਕਹਿੰਦੇ ਹਨ ਕਿ ਵਿਛੜ ਕੇ ਹੀ ਕਿਸੇ ਦੀ ਯਾਦ ਆਉਂਦੀ ਹੈ। ਸੁਖਰਾਜ ਨੂੰ ਪ੍ਰੀਤੀ ਦੀ ਬੋਲ-ਬਾਣੀ ਬਹੁਤ ਚੇਤੇ ਆਉਂਦੀ ਅਤੇ ਘਰ ਦੇ ਕੰਮ ਕਾਜ ਦਾ ਸਾਰਾ ਬੋਝ ਸਿਰ ਉਪਰ ਚੁੱਕ ਰੱਖਣ ਦਾ ਅਹਿਸਾਸ ਹੁੰਦਾ, ਪਰ ਉਸ ਨੇ ਸਬਰ ਕੀਤਾ ਕਿ ਇੱਕ ਹਫ਼ਤਾ ਹੋਰ ਹੈ, ਬੱਚਿਆਂ ਨੇ ਸਕੂਲ ਜਾਣ ਲੱਗ ਪੈਣਾ ਹੈ ਅਤੇ ਫਿਰ ਪ੍ਰੀਤੀ ਨੇ ਘਰ ਆ ਹੀ ਜਾਣਾ ਹੈ। ਪ੍ਰੀਤੀ ਘਰ ਆ ਗਈ। ਸੁਖਰਾਜ ਬਹੁਤ ਖੁਸ਼ ਖੁਸ਼ ਸੀ। ਪ੍ਰੀਤੀ ਨੇ ਵੀ ਉਸ ਨੂੰ ਮੋਹ ਮਹੱਬਤ ਦਰਸਾ ਕੇ ਉਸਦੀ ਖੁਸ਼ੀ ਨੂੰ ਦੂਣ ਸਵਾਇਆ ਕੀਤਾ। ਢੇਰ ਚਿਰ ਬਾਅਦ ਇੱਕ ਦਿਨ ਬੱਚੇ ਆਪਣੀ ਨਾਨੀ ਨੂੰ ਮਿਲਣ ਗਏ ਹੋਏ ਸਨ। ਉਸ ਦਿਨ ਸੁਖਰਾਜ ਨੇ ਆਪਣੇ ਤੇੜ ਲੱਠੇ ਦੇ ਚਾਦਰੇ ਉਪਰ ਮਲਮਲ ਦਾ ਕੁੜਤਾ ਅਤੇ ਤੁਰਲੇ ਵਾਲੀ ਤੋਤਾ-ਰੰਗੀ ਪੱਗ ਬੰਨ੍ਹੀ ਹੋਈ ਸੀ। ਕੱਟੀ ਹੋਈ ਦਾਹੜੀ ਦੇ ਕੁਸ਼ਕੱਤਾਂ ਅੰਦਰ ਮੁੱਛਾਂ ਨੂੰ ਵੱਟ ਚਾੜ੍ਹ ਕੇ ਕੁੰਡੀਆਂ ਕੀਤੀਆਂ ਹੋਈਆਂ ਸਨ। ਸੁਖਰਾਜ ਨੇ ਬੜੀ ਹੀ ਅਪਣਤ ਨਾਲ ਪ੍ਰੀਤੀ ਨੂੰ ਕਿਹਾ, ‘ਅੱਜ ਤੇਰੀ ਵੀ ਰੀਝ ਪੂਰੀ ਕਰ ਦਿੰਦੇ ਹਾਂ। ਲਿਆ ਚਿੜੀਆਂ ਵਾਲੀ ਚਾਦਰ ਪਲੰਘ ਉਪਰ ਵਿਛਾ। ਮੇਰਾ ਦਿਲ ਚਿੜੀਆਂ ਵਾਲੀ ਚਾਦਰ ਉਪਰ ਸੌਣ ਨੂੰ ਕਰਦਾ ਹੈ।’
ਇਹ ਸੁਣ ਕੇ ਪ੍ਰੀਤੀ ਬਹੁਤ ਗੰਭੀਰ ਹੋ ਗਈ। ਸੁਖਰਾਜ ਦੇ ਵਾਰ ਵਾਰ ਪੁੱਛਣ ਉਪਰ ਵੀ ਆਪਣੇ ਦਿਲ ਦੀ ਘੁੰਡੀ ਨਹੀਂ ਸੀ ਖੋਲ੍ਹ ਰਹੀ। ਸੁਖਰਾਜ ਅੰਦਰ ਉਮੰਡ ਰਿਹਾ ਪਿਆਰ ਵੇਖ ਕੇ ਉਹ ਸੋਚਾਂ ਵਿੱਚ ਡੁੱਬ ਗਈ। ਚਿੜੀਆਂ ਵਾਲੀ ਚਾਦਰ ਬਾਰੇ ਉਹ ਸੁਖਰਾਜ ਨੂੰ ਕੀ ਜਵਾਬ ਦੇਵੇ? ਜਿਸ ਕਾਰਜ ਬਦਲੇ ਉਸ ਨੇ ਬਚਪਨ ਤੋਂ ਲੈ ਕੇ ਜੁਆਨੀ ਤੱਕ ਆਪਣੀਆਂ ਅੱਖਾਂ ਗਾਲੀਆਂ ਸਨ, ਉਹ ਸਮਾਂ ਹੁਣ ਆ ਗਿਆ ਸੀ ਪਰ…………।
ਸੁਖਰਾਜ ਨੇ ਪ੍ਰੀਤੀ ਨੂੰ ਝੰਜੋੜ ਕੇ ਪੁੱਛਿਆ, ‘ਕੀ ਗੱਲ ਹੈ? ਬੋਲਦੀ ਕਿਉਂ ਨਹੀਂ?’
‘ਜੀ, ਚਿੜੀਆਂ ਵਾਲੀ ਚਾਦਰ ਤਾਂ ਮੈਂ ਆਪਣੀ ਧੀ ਮੀਤੋ ਦੇ ਦਾਜ ਵਿੱਚ ਦੇ ਦਿਤੀ ਹੈ।’ ਆਪਣੇ ਵਿੱਚੋਂ ਕੁਝ ਗੁਆਚੇ ਨੂੰ ਮਹਿਸੂਸਦੀ ਹੋਈ ਨੇ ਬਹੁਤ ਸਹਿਮ ਕੇ ਆਖਿਆ।
ਸੁਖਰਾਜ ਨੇ ਪ੍ਰੀਤੀ ਦੀ ਮਿਹਨਤ ਵਿੱਚ ਪਿਆਰ ਅਤੇ ਸਤਿਕਾਰ ਮਹਿਸੂਸ ਕਰਦਿਆਂ ਉਸਨੂੰ ਆਪਣੀ ਗਲਵਕੜੀ ਵਿੱਚ ਘੁੱਟਕੇ ਆਖਿਆ, ‘ਪ੍ਰੀਤੀ, ਚਿੜੀਆਂ ਵਾਲੀ ਚਾਦਰ ਉਪਰ ਕੀਤੀ ਮਿਹਨਤ ਤਾਂ ਤੇਰੇ ਕੋਲ ਹੀ ਹੈ!’

****

No comments: