ਮਾਂ- ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ……… ਗੀਤ / ਬਲਵਿੰਦਰ ਸਿੰਘ ਮੋਹੀ


ਮਾਂ ਨੂੰ ਛੱਡ ਮਤਰੇਈ ਤਾਈਂ ਤਖਤ ਬਿਠਾਇਉ ਨਾ,
ਮਾਂ-ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।

ਆਪਣਾ ਦੇਸ਼ ਤੇ ਬੋਲੀ ਹੁੰਦੇ ਜਾਨੋਂ ਵੱਧ ਪਿਆਰੇ,
ਲ਼ੋਕ-ਗੀਤ ਖੁਸ਼ਬੋਆਂ ਵੰਡਣ ਮਹਿਕਾਂ ਦੇ ਵਣਜਾਰੇ,
ਮਹਿਕ ਏਸਦੀ ਬੋਲਾਂ ਵਿਚੋਂ ਕਦੇ ਗਵਾਇਉ ਨਾ,
ਮਾਂ-ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।

ਮਾਂ ਆਪਣੀ ਤੋਂ ਸੁਣੀਆਂ ਲੋਰੀਆਂ ਦਾਦੀ ਕੋਲੋਂ ਬਾਤਾਂ,
ਨਾਲ ਏਸਦੇ ਸ਼ੁਰੂ ਹੋਏ ਸੀ ਆਪਣੇ ਦਿਨ ਤੇ ਰਾਤਾਂ,
ਕਦਰ ਏਸਦੀ ਮਨ ਦੇ ਵਿਚੋਂ ਮਾਰ ਮੁਕਾਇਉ ਨਾ,
ਮਾਂ-ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।


ਘੁੱਗੂ ਘੋੜੇ ਪਾਉਣੇ ਜਿਸ ਨੇ ਆਪ ਸਿਖਾਏ ਸੀ,
ਫੱਟੀ ਤੇ ਜਦ ਗਾਚੀ ਦੇ ਨਾਲ ਪੋਚੇ ਲਾਏ ਸੀ,
ਪਏ ਪੂਰਨੇ ਦਿਲ ਤੇ ਜਿਹੜੇ ਕਦੇ ਮਿਟਾਇਉ ਨਾ,
ਮਾਂ-ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।

ਗੁਰੂਆਂ ਪੀਰਾਂ ਤੇ ਭਗਤਾਂ ਨੇ ਇਸ ਦੀ ਕਦਰ ਪਛਾਣੀ,
ਏਸੇ ਵਿੱਚ ਹੀ ਲਿਖੀ ਹੋਈ ਹੈ ਚਾਨਣ ਵੰਡਦੀ ਬਾਣੀ,
ਛੱਡ ਕੇ ਇਸਨੂੰ ਆਪਣੇ ਮੱਥੇ ਕਾਲਖ ਲਾਇਉ ਨਾ,
ਮਾਂ-ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।

ਵਿੱਚ ਵਿਦੇਸ਼ਾਂ ੳੁੱਚਾ ਹੋਇਆ ਦੇਖੋ ਰੁਤਬਾ ਇਸਦਾ,
ਖੈਰ ਪੰਜਾਬੀ ਦੀ ਹੈ ਮੰਗਦਾ ਔਹ ਸ਼ਰਫ ਵੀ ਦਿਸਦਾ,
ਮਨ ਮੰਦਰ ਵਿੱਚ ਬਲਦਾ ਇਹ ਚਿਰਾਗ ਬੁਝਾਇਉ ਨਾ,
ਮਾਂ-ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।

ਸ਼ਾਇਰਾਂ ਅਤੇ ਅਦੀਬਾਂ ਨੇ ਹੈ ਇਸਦੀ ਸ਼ਾਨ ਵਧਾਈ,
ਓੇਹਦੇ ਸਦਕੇ ਕੁਲ ਦੁਨੀਆਂ ਦੇ ਵਿੱਚ ਪਛਾਣ ਬਣਾਈ,
ਛੱਡ ਕੇ ਇਸਨੂੰ ‘ਮੋਹੀ’ ਆਪਣਾ ਮੂਲ ਗਵਾਇਉ ਨਾ,
ਮਾਂ-ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।

ਮਾਂ ਨੂੰ ਛੱਡ ਮਤਰੇਈ ਤਾਈਂ ਤਖਤ ਬਿਠਾਇਉ ਨਾ,
ਮਾਂ-ਬੋਲੀ ਪੰਜਾਬੀ ਆਪਣੀ ਦਿਲੋਂ ਭੁਲਾਇਉ ਨਾ।
****

No comments: