ਪਰਵਾਸ……… ਵਿਚਾਰਾਂ / ਵਿਵੇਕ ਕੋਟ ਈਸੇ ਖਾਂ

ਪਰਵਾਸ ਸ਼ਬਦ ਆਪਣੇ ਵਿੱਚ ਕਈ ਕੁਝ ਛੁਪਾ ਕੇ ਬੈਠਾ ਹੈ। ਘਰ ਦੀ ਮਜ਼ਬੂਰੀ, ਆਪਣਿਆਂ ਤੋਂ ਦੂਰੀ, ਪਰਾਇਆ ਪਣ, ਬੇਗਾਨੀ ਧਰਤੀ ਦੇ ਨਾਲ ਨਾਲ ਹੋਰ ਵੀ ਬਹੁਤ ਕੁਝ ਹੈ । ਇਸ ਸ਼ਬਦ ਦੇ ਅੰਦਰ, ਪਰਵਾਸ ਚਾਹੇ ਆਪਣੇ ਦੇਸ਼ ਵਿੱਚ ਹੋਵੇ ਜਾਂ ਫਿਰ ਬੇਗਾਨੇ ਦੇਸ਼ ਵਿੱਚ ਇਹ ਹਮੇਸ਼ਾ ਹੀ ਪੀੜਾਦਾਇਕ ਹੁੰਦਾ ਹੈ।

ਪਰਵਾਸ ਹੰਢਾ ਰਹੇ ਵਿਅਕਤੀ ਦੇ ਮਨ ਦਾ ਪੰਛੀ ਹਮੇਸ਼ਾ ਆਪਣੇ ਲੋਕ ,ਆਪਣੀ ਧਰਤੀ ਵੱਲ ਉਡਾਰੀ ਮਾਰਨਾ ਲੋਚਦਾ ਹੈ। ਉਹ ਹੋਰ ਕੁਝ ਨਾ ਕਰ ਸਕਦਾ ਹੋਵੇ ਤਾਂ ਇਹ ਇੱਛਾ ਹਮੇਸ਼ਾ ਬਣੀ ਰਹਿੰਦੀ ਹੈ ਕਿ ਉਹ ਆਪਣੀ ਮਿੱਟੀ ਲਈ ਕੁਝ ਨਾ ਕੁਝ ਜ਼ਰੂਰ ਕਰੇ। ਜਿਹੜੀਆਂ ਪਰਸਥਿਤੀਆਂ ਕਾਰਨ ਉਸ ਨੂੰ ਆਪਣੀ ਧਰਤੀ ਛੱਡਣੀ ਪਈ ਤੇ ਬੇਗਾਨੇ ਥਾਂ ਕੰਮਕਾਜ ਕਰਨਾ ਪਿਆ, ਉਸ ਸਥਿਤੀ  ‘ਚੋਂ ਹੋਰ ਲੋਕ ਨਾ ਲੰਘਣ, ਪਰਵਾਸੀ ਚਾਹੇ ਬੇਗਾਨੀ ਧਰਤੀ ਤੇ ਲੱਖ ਸਹੂਲਤਾਂ ਮਾਣ ਰਿਹਾ ਹੋਵੇ ਪਰ ਫਿਰ ਵੀ ਉਸਨੂੰ ਆਪਣਾ ਪੁਰਾਣਾ ਘਰ, ਕੰਧਾਂ, ਗਲੀ ਬਜ਼ਾਰ, ਦੋਸਤ, ਹੱਸਦੇ ਰੋਂਦੇ ਚਿਹਰੇ ਹਰ ਪਲ ਯਾਦ ਆਉਂਦੇ ਹੀ ਰਹਿੰਦੇ ਹਨ। ਪਰਵਾਸ ਆਪਣੇ ਪਿੱਛੇ ਕਈ ਕਥਾ ਕਹਾਣੀਆਂ ਛੱਡ ਜਾਂਦਾ ਹੈ।

ਪੰਜਾਬ ਸਰਕਾਰ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ, ਜੋ ਹਰ ਸਾਲ ਪਰਵਾਸੀ ਭਾਰਤੀ ਸੰਮੇਲਨ ਦਾ ਆਯੋਜਨ ਕਰਦੀ ਹੈ। ਇਹ ਇੱਕ ਤਰ੍ਹਾਂ ਨਾਲ ਟੁੱਟੀਆਂ ਡੋਰੀਆਂ ਜੋੜਣ ਵਾਲੀ ਗੱਲ ਹੈ। ਆਪਣੀ ਬੋਲੀ, ਆਪਣਾ ਪੰਜਾਬ, ਹੋਣ ਦੇ ਮੋਹ ਵੱਸ ਪਰਵਾਸੀ ਵੀਰ ਇਸ ਵਿੱਚ ਵੱਧ ਚੜ੍ਹ ਕੇ ਭਾਗ ਲੈਂਦੇ ਹਨ।ਇਹਨਾਂ ਸੰਮੇਲਨਾਂ ਵਿੱਚ ਜੋ ਮੁੱਦਾ ਉਭਰ ਕੇ ਸਾਹਮਣੇ ਆਉਂਦਾ ਹੈ, ਉਹ ਇਹ ਹੈ ਕਿ ਇੱਕ ਤਾਂ ਪਰਵਾਸੀ ਪੰਜਾਬੀ ਚਾਹੁੰਦੇ ਹਨ ਕਿ ਨਵੀਂ ਪੀੜ੍ਹੀ ਪੰਜਾਬੀ ਸੱਭਿਆਚਾਰ ਨਾਲ ਜੁੜੇ । ਇਸ ਲਈ ਉਹ ਪੰਜਾਬ ਵਿੱਚ ਨਿਵੇਸ਼ ਕਰਨ ਨੂੰ ਵੀ ਤਿਆਰ ਹਨ ਪਰ ਢੁੱਕਵਾਂ ਮਾਹੌਲ ਨਹੀਂ ਮਿਲਦਾ। ਭ੍ਰਿਸ਼ਟਾਚਾਰ, ਨਸ਼ੇ, ਧੋਖਾਧੜੀ ਵਰਗੇ ਮਸਲੇ ਅੜਿੱਕਾ ਬਣਦੇ ਹਨ। ਦੂਜਾ ਵੱਡਾ ਮੁੱਦਾ ਠੱਗ ਏਜੰਟਾਂ ਦਾ ਹੈ ਜਿਸ ਕਾਰਨ ਪਰਵਾਸੀ ਵੀ ਬਦਨਾਮ ਹੁੰਦੇ ਹਨ। ਜੇ ਇਹ ਮੁੱਦੇ ਹੱਲ ਹੋ ਜਾਣ ਤਾਂ ਇਹਨਾਂ ਸੰਮੇਲਨਾਂ ਦਾ ਮਕਸਦ ਪੂਰਾ ਹੂੰਦਾ ਹੈ। ਇਸਦੇ ਨਾਲ ਪੰਜਾਬ ਨਵੀਂ ਤੱਰਕੀ ਵੱਲ ਪੁਲਾਘਾਂ ਪੱਟੇਗਾ।ਕਿਉਂਕਿ ਪਰਵਾਸੀ ਪੰਜਾਬੀਆਂ ਦੇ ਦਿਲਾਂ ‘ਚ ਪੰਜਾਬ ਤਾਂ ਹਰ ਵੇਲੇ ਧੜਕਦਾ ਰਹਿੰਦਾ ਹੈ।

****

No comments: