ਮੈਂ ਤੇ ਮੇਰਾ ਗੁਰਦਾਸ ਮਾਨ.......... ਅਭੁੱਲ ਯਾਦਾਂ / ਸੁਮਿਤ ਟੰਡਨ (ਆਸਟ੍ਰੇਲੀਆ)

ਟਿੰਡੀ ਨਿੱਕੇ ਹੁੰਦਿਆਂ ਬੀਬੀ ਨੂੰ (ਦਾਦੀ ਨੂੰ) : ਪਹਿਲਾਂ ਐਂ ਦੱਸ, ਆਹ ਗਰਦਾਸ ਮਾਣ ਤੇਰਾ ਆੜੀ ਐ ਜਾਂ ਭਾਪੇ ਦਾ ! ਉਹ ਵੀ ਸਾਰਾ ਦਿਨ ਉਸੇ ਨੂੰ ਸੁਣੀ ਜਾਂਦਾ ਤੇ ਕੰਨਾਂ ‘ਚੋਂ ਰੇਡੂਆ ਤੂੰ ਵੀ ਨੀ ਲਾਹੁੰਦੀ ! ਸਾਰਾ ਦਿਨ ਗੂੰਠਾ ਦਿਲ ਆਲੀ ਬਹੀ ‘ਤੇ ਲਾਈ ਜਾਂਦੀ ਐ, ਤੇਰੇ ਰੇਡੂਏ ਦੀ ਤਾਂ ਕਦੇ ਸਿਆਹੀ ਵੀ ਨੀਂ ਸੁੱਕਦੀ ! ਬੀਬੀ ਸੱਚ ਦੱਸ ਇਹ ਭਲਾ ਤੇਰਾ ਹਾਣੀ ਐ ਜਾਂ ਭਾਪੇ ਦਾ ਜਾਂ ਫਿਰ ਮੇਰਾ, ਮੈਨੂੰ ਤਾਂ ਊਂ ਈ ਨੀ ਸਮਝ ਪੈਂਦੀ । ਡੈਡੀ ਕਹਿੰਦਾ ਉਹ ਵੀ ਛੋਟੇ ਹੁੰਦੇ ਤੋਂ ਗੁਰਦਾਸ ਮਾਣ ਦੇ ਗਾਣੇ ਸੁਣਦਾ ਤੇ ਤੂੰ ਕਹਿੰਦੀ ਤੂੰ ਵੀ ਲੰਮੇ ਵੇਲੇ ਤੋਂ ਇਸੇ ਨੂੰ ਸੁਣ ਰਹੀ ਏਂ ! ਲੈ ਹੁਣ ਤੂੰ ਆਪ ਮੈਨੂੰ ਈ ਦੇਖ ਲੈ, ਮੇਰੀ ਅਲਮਾਰੀ ਵੀ ਗਰਦਾਸ ਮਾਨ ਦੀਆਂ ਟੇਪਾਂ ਨਾਲ ਭਰੀ ਪਈ ਐ, ਐਨੀਆਂ ਤਾਂ ਖੌਰੇ ਉਹਦੇ ਆਪਣੇ ਕੋਲ ਵੀ ਨਾ ਹੋਣ, ਉਸਦੀ ਲਮਾਰੀ ‘ਚ ! ਬੀਬੀ ਭਲਾ ਇਹ ਐਨਾ ਵਧੀਆ ਕਿਮੇ ਲਿਖਦਾ ਤੇ ਗਾਂਦਾ, ਕੀ ਇਸਤੋਂ ਸੱਚੀਂ ਰੱਬ ਲਖਾਂਦਾ ? ਨਾਲੇ ਊਂ ਵੀ ਮੈਨੂੰ ਤਾ ਇਹ ਮਰਜਾਣਾ ਸੋਹਣਾ ਈ ਬੜਾ ਲੱਗਦਾ । ਮੈਂ ਵੀ ਬੜਾ ਹੋ ਕੇ ਗਰਦਾਸ ਮਾਣ ਬਣਨਾ….ਤੂੰ ਬਣਾਊਂਗੀ ਨਾ ਮੈਨੂੰ ਵੀ ਗਰਦਾਸ ਮਾਨ…. ?

ਟਿੰਡੀ ਅੱਜ ਪੂਰੇ 23 ਸਾਲਾਂ ਦਾ ਹੋ ਗਿਆ ਹੈ, ਜਿਸਦਾ ਲਗਾਓ ਬਚਪਨ ਤੋਂ ਲੈ ਕੇ ਅੱਜ ਤੱਕ ਪੜ੍ਹਾਈ ਨਾਲ ਘੱਟ ਅਤੇ ਗੁਰਦਾਸ ਮਾਨ ਨਾਲ ਜਾਂ ਵਾਲੀਬਾਲ ਨਾਲ ਵੱਧ ਰਿਹਾ ਹੈ ! ਉਮਰ ਦਾ ਲੰਮਾ ਪੈਂਡਾ ਕਿਸ ਤਰ੍ਹਾਂ ਉਸ ਨੇ ਗੁਰਦਾਸ ਮਾਨ ਦੇ ਲੋਰੀ ਵਰਗੇ ਗੀਤਾਂ ਦੇ ਪਰਛਾਵੇਂ ਹੇਠ ਗੁਜ਼ਾਰ ਲਿਆ ਪਤਾ ਹੀ ਨਹੀਂ ਚੱਲਿਆ । ਤੀਸਰੀ ਜਮਾਤ ਵਿੱਚ ਪੜ੍ਹਦੇ ਜਿਸ ਬੱਚੇ ਨੂੰ ਵਾਲੀਬਾਲ ਅਤੇ ਗੁਰਦਾਸ ਮਾਨ ਦਾ ਚਸਕਾ ਲੱਗ ਜਾਵੇ, ਉਸਦੀ ਇਨ੍ਹਾਂ ਦੋਹਾਂ ਚੀਜ਼ਾਂ ਪ੍ਰਤੀ ਦੀਵਾਨਗ਼ੀ ਕਿਸ ਹੱਦ ਤੱਕ ਹੋ ਸਕਦੀ ਹੈ ਸ਼ਾਇਦ ਬਿਆਨ ਕੀਤਿਆਂ ਵੀ ਅਧੂਰੀ ਰਹਿ ਜਾਵੇ। ਟਿੰਡੀ ਜੋ ਸੌਣ ਤੋਂ ਲੈ ਕੇ ਉੱਠਣ ਤੱਕ ਜਾਂ ਫਿਰ ਨਹਾਉਣ, ਖਾਣ, ਖੇਡਣ, ਇੱਥੋਂ ਤੱਕ ਕਿ ਸਵੇਰ ਨੂੰ ਪਾਠ ਵੀ ਗੁਰਦਾਸ ਮਾਨ ਦੀ ਵੰਦਨਾ (ਰੱਖੀਓ ਲਾਜ ਗੁਰੂਦੇਵ) ਦਾ ਹੀ ਕਰਦਾ ਰਿਹਾ ਹੋਵੇ, ਉਹ ਗੁਰਦਾਸ ਮਾਨ ਨੂੰ ਕਿਸ ਸ਼ਿੱਦਤ ਨਾਲ ਚਾਹੁੰਦਾ ਹੋਵੇਗਾ ਇਹ ਵੀ ਲਿਖਣਾ ਮੁਸ਼ਕਿਲ ਹੈ। ਗੁਰਦਾਸ ਮਾਨ ਬਚਪਨ ਤੋਂ ਉਸ ਲਈ ਪ੍ਰੇਰਣਾ ਸ੍ਰੋਤ ਹੈ, ਜਿਸ ਦਾ ਹਰ ਬੋਲ ਉਸ ਲਈ ਇਲਾਹੀ ਬਾਣੀ ਵਾਂਗੂੰ ਹੈ, ਜਿਵੇਂ ‘ਮਸਤੋਂ ਕਾ ਝੂਮਨਾ ਭੀ ਬੰਦਗ਼ੀ ਸੇ ਕਮ ਨਹੀਂ’ ਹੁੰਦਾ। ਟਿੰਡੀ ਦੀ ਗੁਰਦਾਸ ਮਾਨ ਪ੍ਰਤੀ ਖਿੱਚ ਇੰਨੀ ਵੱਧ ਚੁੱਕੀ ਸੀ ਕਿ ਹੁਣ ਤਾਂ ਮਾਪਿਆਂ ਤੋਂ ਇਲਾਵਾ ਗਲੀ-ਗੁਆਂਢ, ਰਿਸ਼ਤੇਦਾਰ, ਸੱਜਣ ਬੇਲੀ ਜਾਂ ਹੋਰ ਨਜ਼ਦੀਕੀ ਵੀ ਉਸਦੀ ਮਹਿਕ ਭਾਪਣ ਲੱਗ ਪਏ ਸੰਨ। ਕਈ ਵਾਰ ਤਾਂ ਯਾਰਾਂ ਦੋਸਤਾਂ ਦੀਆਂ ਟਿੱਚਰਾਂ ਤੋਂ ਉੱਕਿਆ ਟਿੰਡੀ ਇਹ ਕਹਿ ਕੇ ਖੈਹੜਾ ਛੁਡਾਉਂਦਾ ਕਿ ‘ਜਦ ਦੁਸ਼ਮਣ ਬਣ ਜਣ ਯਾਰ ਤੇ ਉੱਠ ਜਾਏ ਸੱਜਣਾ ਦਾ ਇਤਬਾਰ ਮੁੱਹਬਤਾਂ ਕੀ ਕਰੀਏ’ । ਟਿੰਡੀ ਨੇ ਜ਼ਿੰਦਗ਼ੀ ਵਿੱਚ ਕਦੇ ਵੀ ਗੁਰਦਾਸ ਮਾਨ ਨੂੰ ਮਿਲਣ ਲਈ ਹੁੰਗਾਰਾ ਨਹੀਂ ਸੀ ਭਰਿਆ, ਉਹ ਸਿਰਫ਼ ਤੇ ਸਿਰਫ਼ ਗੁਰਦਾਸ ਮਾਨ ਨੂੰ ਸੁਣ ਕੇ ਹੀ ਖੁਸ਼ੀ ਮਹਿਸੂਸ ਕਰਦਾ ਸੀ। ਪਿੰਡ ਵਿੱਚ ਰਹਿੰਦਿਆਂ ਗੁਰਦਾਸ ਮਾਨ ਨੂੰ ਸੁਣਨ ਦਾ ਜ਼ਰੀਆ ਸਿਰਫ਼ ਕੈਸਟਾਂ ਹੀ ਹੁੰਦੀਆਂ ਸੰਨ ਅਤੇ ਜੇ ਕਦੇ ਕਦਾਈਂ ਅਖਬਾਰ ਵਿੱਚ ਜਾਂ ਜਲੰਧਰ ਦੂਰਦਰਸ਼ਨ ਦੇ ਰੌਣਕ ਮੇਲਾ ਪ੍ਰੋਗਰਾਮ ਵਿੱਚ ਜਾਂ ਲਿਸ਼ਕਾਰੇ ‘ਚ ਗੁਰਦਾਸ ਮਾਨ ਨੂੰ ਅੱਖੀਂ ਦੇਖ ਲੈਣਾ ਤਾਂ ਉਸਨੇ ਕਈ ਕਈ ਦਿਨ ਊਂ ਈ ਖੁਸ਼ੀ ‘ਚ ਗੁਬਾਰੇ ਵਾਂਗੂੰ ਫੁੱਲੇ ਰਹਿਣਾ !
ਟਿੰਡੀ ਨੇ ਪਹਿਲੀ ਵਾਰ ਜਦੋਂ ਆਨੰਦਪੁਰ ਸਾਹਿਬ ਦੇ ਮੈਦਾਨ ਵਿੱਚ ਵਿਸਾਖੀ ਮੌਕੇ ਗੁਰਦਾਸ ਮਾਨ ਨੂੰ ਨੇੜੇ ਤੋਂ ਗਾਉਂਦੇ ਸੁਣਿਆ ਬੱਸ ਉਹ ਸਮਾਂ ਉਸ ਲਈ ਨਾ ਭੁੱਲਣ ਵਾਲੀ ਕਿਤਾਬ ‘ਤੇ ਉਕਰਿਆ ਗਿਆ। ਉਸ ਤੋਂ ਬਾਅਦ ਆਲਮ ਕੀ ਹੋਵੇਗਾ ਟਿੰਡੀ ਦਾ….ਤੁਸੀਂ ਸਮਝ ਸਕਦੇ ਓ ? ਜਿਵੇਂ ਕਿਵੇਂ ਕਰਕੇ ਸਮਾਂ ਲੰਘਦਾ ਗਿਆ, ਟਿੰਡੀ ਦੀ ਗੁਰਦਾਸ ਮਾਨ ਪ੍ਰਤੀ ਖਿੱਚ ਘੱਟ ਹੋਣ ਦੀ ਬਜਾਇ ਵੱਧਦੀ ਚਲੀ ਗਈ, ਉਸਦਾ ਮੁੱਖ ਕਾਰਨ ਗੁਰਦਾਸ ਮਾਨ ਦੀ ਉੱਚ ਪਾਏ ਦੀ ਗਾਇਕੀ ਅਤੇ ਵਧੀਆ ਸ਼ੈਲੀ ਹੈ । ਮਾਂ-ਪਿਓ ਨੇ ਟਿੰਡੀ ਨੂੰ ੳੁੱਚ ਵਿੱਦਿਆ ਲਈ ਪੰਜਾਬ ਦੇ ਕਿਸੇ ਨਾਮੀ ਕਾਲਜ ਵਿੱਚ ਭਰਤੀ ਕਰਵਾ ਦਿੱਤਾ, ਜਿੱਥੇ ਜਾ ਕੇ ਉਸ ਨੇ ਮਾਂ-ਬਾਪ ਦੇ ਇੱਕ ਇੱਕ ਪੈਸੇ ਨੂੰ ਗੁਰਦਾਸ ਮਾਨ ਦੇ ਲੇਖੇ ਲਾ ਦਿੱਤਾ, ਹੋਸਟਲ ਤੋਂ ਵਾਪਸ ਪਰਤਣ ਵੇਲੇ ਹੋਰ ਬੱਚਿਆਂ ਦੇ ਝੋਲਿਆਂ ‘ਚ ਕਿਤਾਬਾਂ ਅਤੇ ਟਿੰਡੀ ਦੇ ਝੋਲੇ ਦਾ ਬੋਝ ਗੁਰਦਾਸ ਮਾਨ ਦੀਆਂ ਕੈਸਟਾਂ ਢੋਂਦੀਆਂ। ਮਾਪਿਆਂ ਨੂੰ ਇਲਮ ਹੁੰਦੇ ਹੋਏ ਵੀ ਸ਼ਾਇਦ ਇਸ ਗੱਲ ਦਾ ਰੰਜ ਨਹੀਂ ਸੀ ਕਿਊਂ ਕਿ ਉਹ ਸੋਚਦੇ ਸੰਨ ਕਿ ਉਨ੍ਹਾਂ ਦਾ ਪੁੱਤਰ ਪੈਸੇ ਨੂੰ ਕਿਸੇ ਨਸ਼ੇ ਵਿੱਚ ਜਾਂ ਜੂਏ ਵਿੱਚ ਜਾਂ ਹੋਰ ਮਾੜੀਆਂ ਅਲਾਮਤਾਂ ਵਿੱਚ ਨਹੀਂ ਸੀ ਉਡਾ ਰਿਹਾ । ਸਗੋਂ ਉਹਨਾਂ ਨੂੰ ਵੀ ਪਤਾ ਸੀ ਕਿ ਗੁਰਦਾਸ ਮਾਨ ਦੇ ਹਰ ਬੋਲ ਜਾਂ ਗੀਤ ਵਿੱਚ ਉਹੀ ਨਸੀਹਤ ਹੈ ਜੋ ਅਕਸਰ ਮਾਪੇ ਬੱਚਿਆਂ ਨੂੰ ਦੇਣਾ ਚਾਹੁੰਦੇ ਹਨ। ਇਸ ਲਈ ਸਿਰਫ਼ ਹਲਕੀ ਫੁਲਕੀ ਡਾਂਟ ਨਾਲ ਹੀ ਨਿਬੇੜਾ ਹੁੰਦਾ ਰਿਹਾ ।
ਸਮੇਂ ਨੇ ਕਰਵਟ ਬਦਲੀ ਤੇ ਟਿੰਡੀ ਇੰਜੀਨੀਅਰ ਬਣਦਾ ਬਣਦਾ ਰਹਿ ਗਿਆ ? ਹੁਣ ਟਿੰਡੀ ਦੇ ਮਾਪੇ ਬੱਚਿਆਂ ਦੇ ਉੱਜਲ ਭਵਿੱਖ ਲਈ ਪਿੰਡ ਛੱਡ ਕੇ ਚੰਡੀਗੜ੍ਹ ਆ ਬਿਰਾਜੇ ਅਤੇ ਟਿੰਡੀ ਨੂੰ ਵੀ ਉਨ੍ਹਾਂ ਦੇ ਨਾਲ ਪਿੰਡ ਛੱਡਣਾ ਪੈ ਗਿਆ। ਚੰਡੀਗੜ੍ਹ ਆ ਕੇ ਉਸਦੀ ਲਤ ਵਾਲੀਬਾਲ ਅਤੇ ਗੁਰਦਾਸ ਮਾਨ ਲਈ ਇੰਨੀ ਪੱਕੀ ਹੋ ਗਈ ਕਿ ਉਸਨੇ ਇਨ੍ਹਾਂ ਇਲਾਕਿਆਂ ਵਿੱਚ ਜਾਂ ਪੰਜਾਬ ਯੂਨੀਵਰਸਿਟੀ ਵਿੱਚ ਹੋਣ ਵਾਲੇ ਗੁਰਦਾਸ ਮਾਨ ਦੇ ਕਿਸੇ ਵੀ ਪ੍ਰਗੋਰਾਮ ਨੂੰ ਸੁਣਨ ਤੋਂ ਨਹੀਂ ਛੱਡਿਆ ! ਉਦੋਂ ਸ਼ਾਇਦ ਉਹ ਪ੍ਰੋਗਰਾਮ ਵੀ ਟਿੰਡੀ ਦੀ ਸ਼ਿਰਕਤ ਤੋਂ ਬਿਨਾਂ ਅਧੂਰੇ ਲੱਗਦੇ ਹੋਣਗੇ ? ਰੱਬ ਜਾਣੇ ਟਿੰਡੀ ਕੋਲ ਕਿਹੜੀ ਗਿੱਦੜਸਿੰਗੀ ਸੀ ਕਿ ਉਸ ਨੇ ਬਿਨਾ ਕਿਸੇ ਕਰਤੂਤ ਦੇ ਵੀ ਗੁਰਦਾਸ ਮਾਨ ਦੇ ਜ਼ਿਆਦਾ ਪ੍ਰੋਗਰਾਮ ਵੀ.ਆਈ.ਪੀ ਜਾਂ ਵੀ.ਵੀ.ਆਈ. ਪੀ. ਕੁਰਸੀਆਂ ‘ਤੇ ਬੈਠ ਕੇ ਦੇਖੇ ! ਕਹਿੰਦੇ ਹਨ ਕਿ ਗਧੇ ਨੂੰ ਭਾਰ ਤੇ ਯਾਰਾਂ ਨੂੰ ਯਾਰ ਅਕਸਰ ਸੌ ਕੋਹ ‘ਤੇ ਵੀ ਟੱਕਰ ਜਾਂਦਾ ਹੈ, ਇਸ ਲਈ ਹਰਫ਼ਨਮੌਲਾ ਸੁਭਾ ਦਾ ਟਿੰਡੀ ਬਾਕੀ ਯਾਰਾਂ ਵਿੱਚ ਖਿੱਚ ਦਾ ਕੇਂਦਰ ਰਹਿੰਦਾ ਸੀ ।
ਇੱਕ ਦਿਨ ਵਾਲੀਬਾਲ ਦੇ ਗਰਾਊਂਡ ਵਿੱਚ ਮੈਚ ਦੌਰਾਨ ਐਸਾ ਫਰਿਸ਼ਤਾ ਆ ਬਹੁੜਿਆ ਜੋ ਉਸ ਲਈ ਸੱਜਣ ਘੱਟ ਤੇ ਨਜਦੀਕੀ ਵੱਧ ਬਣ ਬੈਠਾ। ਉਹ ਪੰਜਾਬ ਦਾ ਨਾਮੀ ਗਾਇਕ ਹੋਣ ਦੇ ਨਾਲ ਨਾਲ ਚੰਗਾ ਇਨਸਾਨ ਵੀ ਹੈ, ਜਿਸ ਨੂੰ ਸ਼ਾਇਦ ਵਾਲੀਬਾਲ ਖੇਡਣ ਦੀ ਖਿੱਚ, ਖਿੱਚ ਲਿਆਈ ਸੀ ਜਾਂ ਉਹ ਟਿੰਡੀ ਦੇ ਧੰਨ ਭਾਗ ਸੰਨ ਕਿ ਐਡੇ ਵੱਡੇ ਫ਼ਨਕਾਰ ਨੇ ਉਸਦੀ ਟੀਮ ਨਾਲ ਸਾਂਝ ਵਧਾਈ ! ਟਿੰਡੀ ਉਸ ਕਲਾਕਾਰ ਨੂੰ ਹੱਦੋਂ ਵੱਧ ਪਿਆਰ ਤੇ ਸਤਿਕਾਰ ਕਰਦਾ ਜਿਸਦਾ ਮੁੱਲ ਉਹ ਕਲਾਕਾਰ ਵੀ ਪਛਾਣਦਾ ਸੀ। ਉਨ੍ਹਾਂ ਦੋਹਾਂ ਵਿੱਚ ਇੱਕ ਗੱਲ ਹੋਰ ਸਾਂਝੀ ਹੋ ਨਿੱਬੜੀ ਕਿ ਜਿੰਨੇ ਸਿਦਕ ਨਾਲ ਟਿੰਡੀ ਗੁਰਦਾਸ ਮਾਨ ਨੂੰ ਚਾਹੁੰਦਾ ਸੀ ਉੰਨੇ ਹੀ ਜਜ਼ਬੇ ਨਾਲ ਉਹ ਕਲਾਕਾਰ ਵੀ ਗੁਰਦਾਸ ਮਾਨ ਦਾ ਸਤਿਕਾਰ ਕਰਦਾ ਸੀ।
ਟਿੰਡੀ ਦੀ ਰੋਜ਼ਮਰਾ ਦੀ ਜ਼ਿੰਦਗ਼ੀ ਸਕੂਨ ਨਾਲ ਗੁਜ਼ਰ ਰਹੀ ਸੀ ਅਤੇ ਉਸਨੇ ਬੇਕਾਰ ਆਦਮੀ (ਭਅ) ਤੋਂ ਮਹਾਂ-ਬੇਕਾਰ ਹੋਣ ਲਈ (ੰਭਅ) ਕਾਲਜ ਵਿੱਚ ਦਾਖਲਾ ਲੈ ਲਿਆ, ਉਸਨੂੰ ਕੀ ਪਤਾ ਸੀ ਜਿਸ ਕਿਸ਼ਤੀ ਦੀ ਸਵਾਰੀ ਉਹ ਮਾਣ ਰਿਹਾ ਹੈ ਉਹ ਉਸਦੀ ਮੰਜ਼ਿਲ ਵੱਲ ਨਹੀਂ ਸੀ ਜਾ ਰਹੀ । ਉਹ ਰੋਜ਼ ਹਵਾ ਦੇ ਵਹਾਅ ਦੇ ਉਲਟ ਵਗਦਾ ਵਗਦਾ ਉਮਰ ਦੇ ਕਈ ਕਿਲੋਮੀਟਰ ਤੈਅ ਕਰ ਗਿਆ, ਅਖ਼ੀਰ ਜਦੋਂ ਮੰਜ਼ਿਲ ਦੇ ਨੇੜੇ ਪਹੁੰਚ ਕੇ ਪਤਾ ਕੀਤਾ ਤਾਂ ਪਿੰਡ ਅਤੇ ਡਾਕਖ਼ਾਨਾ ਤਾਂ ਸਹੀ ਸੀ ਪਰ ਤਹਿਸੀਲ ਅਤੇ ਜ਼ਿਲ੍ਹਾ ਬਦਲ ਗਏ ।
ਇਹ ਭੇਤ ਉਦੋਂ ਖੁੱਲ੍ਹਿਆ ਜਦੋਂ ਇੱਕ ਦਿਨ ਅਚਾਨਕ ਉਸ ਗਾਇਕ ਨੇ ਟਿੰਡੀ ਨੂੰ ਛੇਤੀ ਤੋਂ ਪਹਿਲਾਂ ਆਪਣੇ ਘਰ ਆਉਣ ਬਾਰੇ ਸੱਦਾ ਦਿੱਤਾ, ਕਿਊਂਕਿ ਉਸ ਦਿਨ ਗੁਰਦਾਸ ਮਾਨ ਸਾਹਿਬ ਉਸ ਨੂੰ ਨਵੀਂ ਰਿਲੀਜ਼ ਹੋਈ ਐਲਬਮ ਦੀ ਵਧਾਈ ਦੇਣ ਆਏ ਸੰਨ। ਉਸ ਵੇਲੇ ਅਚਾਨਕ ਟਿੰਡੀ ਵੀ ਅੱਖਾਂ ਮਲਦਾ ਉਨ੍ਹਾਂ ਦੇ ਘਰ ਜਾ ਅੱਪੜਿਆ, ਜੱਥੇ ਉਸਨੇ ਮਾਨ ਸਾਹਿਬ ਨੂੰ ਪਹਿਲੀ ਵਾਰ ਨਜ਼ਦੀਕ ਤੋਂ ਤੱਕਿਆ ਅਤੇ ਚਿਰਾਂ ਤੋਂ ਪਿਆਸੀ ਰੂਹ ਨੂੰ ਠੰਢਕ ਦੁਆਈ ਟਿੰਡੀ ਦੇ ਮਾਨ ਸਾਹਿਬ ਪ੍ਰਤੀ ਬਹੁਤ ਜ਼ਿਆਦਾ ਉਤੇਜਿਤ ਹੋਣ ਕਾਰਨ ਮਾਨ ਸਾਹਿਬ ਉਸਨੂੰ ਕੋਈ ਪੱਤਰਕਾਰ ਆਇਆ ਸਮਝ ਬੈਠੇ ਅਤੇ ਜਾਣ ਲੱਗੇ ਆਸ਼ਿਰਵਾਦ ਦੇ ਗਏ ਕਿ ਤੂੰ ਇਸ ਕਿੱਤੇ ਵਿਚ ਜ਼ਰੂਰ ਅੱਗੇ ਵਧੇਂਗਾ….. !
ਟਿੰਡੀ ਮਾਨ ਸਾਹਿਬ ਦੇ ਉਸੀ ਭੁਲੇਖੇ ਨਾਲ ਘਰ ਵਾਪਸ ਪਰਤ ਆਇਆ ਅਤੇ ਫੱਕਰਾਂ ਦੇ ਬਚਨ, ਇਸ਼ਟ ਦੀ ਬਾਣੀ ਜਾਂ ਕੁੱਝ ਹੋਰ ਸੋਚਦਾ ਸੋਚਦਾ ਇਹ ਫ਼ੈਸਲਾ ਕਰ ਬੈਠਾ ਕਿ ਮੇਰੀ ਮੰਜ਼ਿਲ ਅਤੇ ਰਾਹ ਅੱਜ ਤੋਂ ਉਹੀ ਹਨ, ਜਿਸ ਬਾਰੇ ਅੱਜ ਮੇਰੇ ਕਪਾਟ ਖੁੱਲ੍ਹੇ ਹਨ। ਟਿੰਡੀ ਨੇ ਦੁਨੀਆਦਾਰੀ ਦੀ ਪਰਵਾਹ ਛੱਡ ਆਪਣੇ ਆਪ ਨੂੰ ਮੁੜ ਕੇਂਦਰਿਤ ਕੀਤਾ ਅਤੇ ਪੱਤਰਕਾਰਤਾ ਵਿੱਚ ਡਿਗਰੀ ਹਾਸਿਲ ਕਰ ਲਈ ਅਤੇ ਪੰਜਾਬ ਦੇ ਹੀ ਇੱਕ ਨਾਮੀ ਅਖ਼ਬਾਰ ਵਿੱਚ ਉਪ-ਸੰਪਾਦਕ ਵੀ ਭਰਤੀ ਹੋ ਗਿਆ। ਜਿਨ੍ਹਾਂ ਦਿਨਾਂ ਵਿੱਚ ਉਹ ਨੌਕਰੀ ਕਰ ਰਿਹਾ ਸੀ ੳਨ੍ਹਾਂ ਦਿਨਾਂ ਵਿੱਚ ਗੁਰਦਾਸ ਮਾਨ ਦੀ ਫ਼ਿਲਮ ਵਾਰਿਸ ਸ਼ਾਹ ਦੀ ਸ਼ੂਟਿੰਗ ਚੱਲ ਰਹੀ ਸੀ ਜਿਸ ਕਾਰਨ ਟਿੰਡੀ ਨੂੰ ਮਾਨ ਸਾਹਬ ਨੂੰ ਹੋਰ ਨਜ਼ਦੀਕ ਤੋਂ ਜਾਨਣ ਦਾ ਮੌਕਾ ਮਿਲ ਗਿਆ। ਹਰ ਰੋਜ਼ ਮਾਨ ਸਾਹਿਬ ਦੀਆਂ ਖ਼ਬਰਾਂ ਨੂੰ ਵੱਖ ਵੱਖ ਸਿਰਲੇਖਾਂ ਅਧੀਨ ਜੜ ਕੇ ਵਧੀਆ ਫ਼ੋਟੋਆਂ ਤਰਾਸ਼ ਕੇ ਲਾਉਣ ਨਾਲ ਜੋ ਉਸ ਦੇ ਮਨ ਨੂੰ ਸਕੂਨ ਮਿਲਦਾ ਸ਼ਾਇਦ ਇਹ ਵੀ ਕਿਸੇ ਮਸਤੀ ਤੋਂ ਘੱਟ ਨਹੀਂ ਸੀ ! ਅਖੀਰ ਉਸਦੇ ਸੁਪਨਿਆਂ ਨੂੰ ਬੂਰ ਪਿਆ ਜਦੋਂ ਉਹ ਆਪਣੇ ਸਹਿਕਰਮੀ ਅਤੇ ਉੱਚ ਦਰਜੇ ਦੇ ਪੱਤਰਕਾਰ ਨਾਲ ਚੰਡੀਗੜ੍ਹ ਦੇ ਫ਼ਨ-ਰਿਪਬਲਿਕ ਸਿਨਮੇ ਵਿਖੇ ਵਾਰਿਸ ਸ਼ਾਹ ਫ਼ਿਲਮ ਦੇ ਪ੍ਰੀਮੀਅਰ ਉੱਤੇ ਗਿਆ, ਜਿੱਥੇ ਉਸਨੇ ਮਾਨ ਸਾਹਬ ਨੂੰ ਉਹ ਸਾਰੀਆਂ ਅਖ਼ਬਾਰਾਂ ਸਮਰਪਿਤ ਕੀਤੀਆਂ ਜਿਹੜੀਆਂ ਪੰਜਾਬੀ ਪੱਤਰਕਾਰੀ ਵਿੱਚ ਹਕੀਕਤਨ ਲਾਮਿਸਾਲ ਸਨ ਅਤੇ ਜਿਨ੍ਹਾਂ ਨੂੰ ਟਿੰਡੀ ਨੇ ਹੱਥੀਂ ਸੰਜੋਇਆ ਸੀ । ਮਾਨ ਸਾਹਿਬ ਨੇ ਉਹ ਅਖ਼ਬਾਰਾਂ ਹੱਥ ‘ਚ ਫੜਦਿਆਂ ਪਹਿਲਾਂ ਮੱਥੇ ਨਾਲ ਲਾਈਆਂ ਤੇ ਮੁੜ ਟਿੰਡੀ ਨੂੰ ਸੀਨੇ ਨਾਲ ਲਾ ਲਿਆ ਪਰ ਉਸ ਵੇਲੇ ਟਿੰਡੀ ਲਈ ਮਾਨ ਸਾਹਿਬ ਤਾਂ ਉਹੀ ਸਨ ਜਿਨ੍ਹਾਂ ਦੀ ਬਦੌਲਤ ਉਸਨੇ ਅੱਜ ਇਹ ਮੁਕਾਮ ਹਾਸਲ ਕੀਤਾ ਸੀ ਪਰ ਮਾਨ ਸਾਹਿਬ ਲਈ ਉਹ ਨਿਰੋਲ ਪੱਤਰਕਾਰ ਸੀ ਜੋ ਉਨ੍ਹਾਂ ਦੀ ਫ਼ਿਲਮ ਦਾ ਰੀਵਿਊ ਲੈਣ ਅਇਆ ਹੈ ! ਉਨ੍ਹਾਂ ਨੂੰ ਕਿਵੇਂ ਪਤਾ ਹੋ ਸਕਦਾ ਸੀ ਕਿ ਇਹ ਉਹੀ ਟਿੰਡੀ ਹੈ ਜਿਸ ਨੂੰ ਉਨ੍ਹਾਂ ਸੁਭਾਵਕ ਹੀ ਆਸ਼ਿਰਵਾਦ ਦੇ ਦਿੱਤਾ ਸੀ । ਪ੍ਰੋਗਰਾਮ ਤੋਂ ਬਾਅਦ ਟਿੰਡੀ ਨੇ ਮਾਨ ਸਾਹਿਬ ਨਾਲ ਇੱਕ ਯਾਦਗ਼ਾਰ ਤਸਵੀਰ ਉਤਰਵਾਈ ਅਤੇ ‘ਖ਼ਾਸ ਸ਼ਮਾ ਅੱਜ ਤੇਰੇ ਲਈ ਜਗਾਈ ਹੋਈ ਏ….’ ਗੁਣਗੁਣਾਉਂਦਾ ਘਰ ਆ ਗਿਆ ਅਤੇ ਅੱਜ ਤੱਕ ਮਾਨ ਸਾਹਿਬ ਨੂੰ ਦੱਸੇ ਬਗ਼ੈਰ ਕਿ ਇਹ ਕੌਣ ਟਿੰਡੀ ਹੈ ਉਨ੍ਹਾਂ ਦੇ ਹਰ ਪ੍ਰੋਗਰਾਮ ਨੂੰ ਮੂਹਰੇ ਬਹਿ ਕੇ ਸੁਣਦਾ ਹੈ ਅਤੇ ਮਾਨ ਸਾਹਿਬ ਦਿਆਂ ਗੀਤਾਂ ਦਾ ਆਨੰਦ ਮਾਣਦਾ ਹੈ ਅਤੇ ਸੋਚਦਾ ਹੈ ਤੇ ਆਪਣੇ ਨੂੰ ਕਹਿੰਦਾ ਹੈ ਕਿ ਚਾਂਦ ਕੋ ਕਿਆ ਮਾਲੂਮ, ਚਾਹਤਾ ਹੈ ਉਸੇ ਕੋਈ ਚਕੋਰ ! ਵੋਹ ਬੇਚਾਰਾ ਦੂਰ ਸੇ ਦੇਖੇ, ਕਰੇ ਨਾ ਕੋਈ ਸ਼ੋਰ…..।


No comments: