ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ 16 ’ਤੇ ਸਾਧਾਰਨ ਪਾਠ ਦੇ ਸਿਰਲੇਖ ਹੇਠ ਇਹ ਹਦਾਇਤਾਂ ਦਰਜ ਹਨ:
(ੳ) ਹਰ ਇੱਕ ਸਿੱਖ ਨੂੰ ਵੱਸ ਲੱਗੇ, ਆਪਣੇ ਘਰ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਦਾ ਵੱਖਰਾ ਤੇ ਨਵੇਕਲਾ ਸਥਾਨ ਨਿਯਤ ਕਰਨਾ ਚਾਹੀਏ।
(ਅ) ਹਰ ਇੱਕ ਸਿੱਖ ਸਿੱਖਣੀ ਬੱਚੇ ਬੱਚੀ ਨੂੰ ਗੁਰਮੁਖੀ ਪੜ੍ਹ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਸਿੱਖਣਾ ਚਾਹੀਏ।
(ੲ) ਹਰ ਇੱਕ ਸਿੱਖ ਅੰਮ੍ਰਿਤ ਵੇਲੇ ਪ੍ਰਸ਼ਾਦ ਛਕਣ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲਵੇ। ਜੇ ਇਸ ਵਿਚ ਉਕਾਈ ਹੋ ਜਾਵੇ, ਤਾਂ ਦਿਨ ਵਿਚ ਕਿਸੇ ਨਾ ਕਿਸੇ ਵੇਲੇ ਜ਼ਰੂਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰੇ ਜਾਂ ਸੁਣੇ। ਸਫ਼ਰ ਆਦਿ ਔਕੜ ਔਕੜ ਵੇਲੇ ਦਰਸ਼ਨ ਕਰਨ ਤੋਂ ਅਸਮਰਥ ਹੋਵੇ ਤਾਂ ਸ਼ੰਕਾ ਨਹੀਂ ਕਰਨੀ।
(ਸ) ਚੰਗਾ ਤਾਂ ਇਹ ਹੈ ਕਿ ਹਰ ਇੱਕ ਸਿੱਖ ਆਪਣਾ ਸਾਧਾਰਨ ਪਾਠ ਜਾਰੀ ਰੱਖੇ ਤੇ ਮਹੀਨੇ ਦੋ ਮਹੀਨੇ ਮਗਰੋਂ (ਜਾਂ ਜਿਤਨੇ ਸਮੇਂ ਵਿਚ ਹੋ ਹੋ ਸਕੇ) ਭੋਗ ਪਾਵੇ।ਪਰ ਪੁਜਾਰੀ ਸ਼੍ਰੇਣੀ, ਜਿਨ੍ਹਾਂ ਨੇ ਧਰਮ ਨੂੰ ਧੰਦਾ ਜਾਂ ਵਪਾਰ ਬਣਾ ਲਿਆ ਹੈ ਉਨ੍ਹਾਂ ਨੇ ਸਿੱਖਾਂ ਨੂੰ ਵਹਿਮਾਂ ਭਰਮਾਂ ਵਿਚ ਉਲਝਾ ਕੇ ਇੰਨਾ ਡਰਾ ਦਿੱਤਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਤਾਂ ਇੱਕ ਪਾਸੇ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਜ਼ਦੀਕ ਆਉਣ ਤੋਂ ਵੀ ਡਰਨ ਲੱਗ ਪਏ ਹਨ। ਕਿਉਂਕਿ ਪ੍ਰਚਾਰਿਆ ਜਾ ਰਿਹਾ ਹੈ ਕਿ ਬਿਨਾਂ ਸੰਥਿਆ ਲਿਆਂ ਪਾਠ ਗ਼ਲਤ ਹੋ ਜਾਂਦਾ ਹੈ ਤੇ ਗ਼ਲਤ ਪਾਠ ਕਰਨ ਵਾਲੇ ਨੂੰ ਪਾਪ ਲੱਗਦਾ ਹੈ। ਉਨ੍ਹਾਂ ਅਨੁਸਾਰ ਵਿਧੀ ਪੂਰਵਕ ਪਾਠ ਕਰਨ ਦੀ ਮਰਿਆਦਾ
ਕੇਵਲ ਕਿਸੇ ਟਕਸਾਲ (ਭਾਵ ਵਿਹਲੜ ਡੇਰੇਦਾਰਾਂ ਦੇ ਡੇਰਿਆਂ) ਤੋਂ ਹੀ ਸਿੱਖੀ ਜਾ ਸਕਦੀ ਹੈ। ਮਰਿਆਦਾ ਦੀ ਉਲੰਘਣਾ ਹੋਣ ’ਤੇ ਵੀ ਪਾਪਾਂ ਦੇ ਭਾਗੀ ਬਣੀਦਾ ਹੈ। ਅੱਜ ਕੱਲ੍ਹ ਦੇ ਜੁੱਗ ਵਿਚ ਜਦੋਂ ਰੁਜ਼ਗਾਰ ਪ੍ਰਾਪਤ ਕਰਨ ਅਤੇ ਇਸ ਨੂੰ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਹੀ ਮਨੁੱਖ ਨੂੰ ਵੱਡੀ ਘਾਲਣਾ ਘਾਲਣੀ ਪੈਂਦੀ ਹੈ ਇਸ ਲਈ ਕਿਸੇ ਕੋਲ ਇਤਨਾ ਸਮਾਂ ਨਹੀਂ ਕਿ ਉਹ ਤਿੰਨ ਚਾਰ ਸਾਲ ਵਿਹਲੜਾਂ ਦੇ ਡੇਰੇ ਵਿਚ ਰਹਿ ਕੇ ਸ਼ੁੱਧ ਪਾਠ ਸਿੱਖਣ ਲਈ ਸੰਥਿਆ ਲੈਣ ਤੇ ਵਿਧੀ ਪੂਰਵਕ ਪਾਠਾਂ ਦੀਆਂ ਮਰਿਆਦਾਵਾਂ ਸਿੱਖਣ ਲਈ ਸਮਾਂ ਕੱਢ ਸਕੇ। ਜਿਹੜਾ ਕੱਢ ਵੀ ਲਵੇ ਉਸ ਨੂੰ ਵੀ ਗੁਰੂ ਦਾ ਗਿਆਨ ਦੇਣ ਦੀ ਬਜਾਏ ਮਰਿਆਦਾ ਦੇ ਨਾਮ ’ਤੇ ਉਹ ਕਰਮਕਾਂਡ ਹੀ ਸਿਖਾਏ ਜਾਂਦੇ ਹਨ ਜਿਨ੍ਹਾਂ ਦੀ ਜਿੱਲ੍ਹਣ ਤੋਂ 239 ਸਾਲ ਦੀਆਂ ਘਾਲਣਾ ਰਾਹੀ ਗੁਰੂ ਸਾਹਿਬ ਨੇ ਸਾਨੂੰ ਕੱਢਿਆ ਸੀ। ਇਸ ਤਰ੍ਹਾਂ ਡੇਰੇਦਾਰਾਂ ਤੇ ਪੁਜਾਰੀਆਂ ਦੇ ਪ੍ਰਚਾਰ ਸਦਕਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਖ਼ੁਦ ਨਾ ਕਰਨ ਦੀ ਕੋਤਾਹੀ ਕਰ ਕੇ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਹੋ ਰਹੀ ਹੈ ਗੁਰਬਾਣੀ ਤੋਂ ਸਿੱਖ ਪੂਰੀ ਤਰ੍ਹਾਂ ਟੁੱਟ ਕੇ ਸਿਧਾਂਤਕ ਪੱਖੋਂ ਰਸਾਤਲ ਵਿਚ ਜਾ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫ਼ਰਜ਼ ਬਣਦਾ ਸੀ ਕਿ ਕੇਵਲ ਸਿੱਖਾਂ ਨੂੰ ਹੀ ਨਹੀਂ ਬਲਕਿ ਸਮੂਹ ਲੁਕਾਈ ਨੂੰ ਗੁਰਬਾਣੀ ਦੇ ਅਰਥ ਭਾਵ ਸਮਝਾ ਕੇ ਉਨ੍ਹਾਂ ਨੂੰ ਗੁਰੂ ਦੇ ਲੜ ਲਾਉਂਦੀ। ਪਰ ਸ਼੍ਰੋਮਣੀ ਕਮੇਟੀ ਜਿੱਥੇ ਪੂਰੀ ਤਰ੍ਹਾਂ ਗੰਦੀ ਸਿਆਸਤ ਦੇ ਅਧੀਨ ਹੋ ਚੁੱਕੀ ਹੈ ਉੱਥੇ ਅਸਿੱਧੇ ਤੌਰ ’ਤੇ ਸ਼ਬਦ ਗੁਰੂ ਦੀ ਸਿਧਾਂਤਕ ਪੱਖੋਂ ਵਿਰੋਧੀ ਜਮਾਤ ਆਰਐੱਸਐੱਸ ਦੇ ਗ਼ਲਬੇ ਅਧੀਨ ਵੀ ਆ ਚੁੱਕੀ ਹੈ ਇਸ ਲਈ ਉਸ ਤੋਂ ਕੋਈ ਆਸ ਰੱਖਣੀ ਹੀ ਬੇਮਾਅਨੇ ਹੈ।ਕੰਪਿਊਟਰ ਦੇ ਇਸ ਯੁੱਗ ਵਿਚ ਅਮਰੀਕਾ ਨਿਵਾਸੀ ਸ: ਸਤਪਾਲ ਸਿੰਘ ਪੁਰੇਵਾਲ ਜੀ ਨੇ ਗੁਰਬਾਣੀ ਨੂੰ ਕੇਵਲ ਸਿੱਖਾਂ ਤੱਕ ਹੀ ਨਹੀਂ ਬਲਕਿ ਦੁਨੀਆਂ ਭਰ ਦੇ ਹਰ ਪ੍ਰਾਣੀ ਮਾਤਰ ਤੱਕ ਪਹੁੰਚਾਉਣ ਲਈ ਇੱਕ ਵੀਡੀਓ ਟਿਊਟਰ ਤਿਆਰ ਕਰਨ ਦਾ ਪ੍ਰੋਜੈਕਟ ਆਪਣੇ ਹੱਥ ਵਿਚ ਲਿਆ। ਤਕਰੀਬਨ 6-7 ਮਹੀਨੇ ਪਹਿਲਾਂ ਉਨ੍ਹਾਂ ਦੀ ਵੈੱਬ ਸਾਈਟ http://www.ektuhi.com ’ਤੇ ਗਿਆਨੀ ਜਗਤਾਰ ਸਿੰਘ ਜਾਚਕ ਜੀ ਦੀ ਆਵਾਜ਼ ’ਚ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਗਿਆ ਸੰਥਿਆ ਪਾਠ ਦੀਆਂ ਪਾਈਆਂ ਗਈਆਂ ਕੁੱਝ ਵੀਡੀਓ ਸੀਡੀ ਵੇਖਣ ਦਾ ਮੌਕਾ ਮਿਲਿਆ। ਮੇਰੇ ਮਨ ਨੂੰ ਇਹ ਉਪਰਾਲਾ ਕਾਫ਼ੀ ਚੰਗਾ ਲੱਗਾ ਕਿਉਂਕਿ ਇਸ ਵਿਚ ਪ੍ਰਕਰਣ ਮੁਤਾਬਿਕ ਅਰਥ ਸਪਸ਼ਟ ਕਰਦਾ ਹੋਇਆ ਸ਼ੁੱਧ ਉਚਾਰਨ ਤੇ ਗੁਰਬਾਣੀ ਵਿਆਕਰਨ ਅਨੁਸਾਰ ਸਹੀ ਥਾਂ ਵਿਸ਼ਰਾਮ ਤੇ ਅਰਧ ਵਿਸ਼ਰਾਮ ਲਾ ਕੇ ਪਾਠ ਕੀਤਾ ਗਿਆ ਹੈ, ਜਿਸ ਨਾਲ ਜਿਸ ਵਿਅਕਤੀ ਨੇ ਕਦੀ ਵੀ ਗੁਰਬਾਣੀ ਨਹੀਂ ਪੜ੍ਹੀ ਉਸ ਨੂੰ ਵੀ ਅੱਧੋਂ ਵੱਧ ਅਰਥ ਆਪਣੇ ਆਪ ਸਮਝ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਤੋਂ ਇਲਾਵਾ ਨਵੇਂ ਸਿੱਖਿਆਰਥੀਆਂ ਦੀ ਸਹੂਲਤ ਲਈ ਜਿਸ ਸ਼ਬਦ ਦਾ ਉਚਾਰਨ ਹੋ ਰਿਹਾ ਹੁੰਦਾ ਹੈ ਉਹ ਨਾਲ ਦੀ ਨਾਲ ਹਾਈਲਾਈਟ ਹੁੰਦਾ ਜਾ ਰਿਹਾ ਹੁੰਦਾ ਹੈ ਤਾਂ ਕਿ ਸਰੋਤੇ ਨੂੰ ਆਪਣੀ ਸੁਰਤ ਉਸ ਸ਼ਬਦ ਵਿਚ ਟਿਕਾਉਣ ਵਿਚ ਮਦਦ ਮਿਲ ਸਕੇ। ਇਸ ਲਈ ਗਿਆਨੀ ਜਗਤਾਰ ਸਿੰਘ ਜਾਚਕ ਜੀ ਦੀ ਸ਼ਲਾਘਾ ਕਰਨ ਅਤੇ ਇਸ ਨੂੰ ਹੋਰ ਲਾਹੇਵੰਦ ਬਣਾਉਣ ਲਈ ਕੁੱਝ ਸੁਝਾਉ ਦੇਣ ਵਾਸਤੇ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਹ ਕੰਮ ਸ: ਸਤਪਾਲ ਸਿੰਘ ਜੀ ਪੁਰੇਵਾਲ ‘ਯੂਨਿਊਜ਼ਟੂਡੇ ਡਾਟ ਕਾਮ’ ਵਾਲੇ ਕਰ ਰਹੇ ਹਨ ਇਸ ਲਈ ਉਨ੍ਹਾਂ ਦਾ ਧੰਨਵਾਦ ਵੀ ਕਰ ਦੇਵੋ ਤੇ ਆਪਣੇ ਇਹ ਸੁਝਾਉ ਵੀ ਉਨ੍ਹਾਂ ਤੱਕ ਪੁੱਜਦੇ ਕਰ ਦੇਵੋ। ਈਮੇਲ ਸੰਦੇਸ਼ ਰਾਹੀਂ ਸ: ਪੁਰੇਵਾਲ ਜੀ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਕੁੱਝ ਹੋਰ ਸੁਝਾਵਾਂ ਤੋਂ ਇਲਾਵਾ ਇਹ ਬੇਨਤੀ ਵੀ ਕੀਤੀ ਕਿ ਇਸ ਵਿਚ ਡਾਊਨ ਲੋਡ ਦੀ ਆਪਸ਼ਨ ਪਾਈ ਜਾਵੇ ਤਾਂ ਕਿ ਹਰ ਜਗਿਆਸੂ ਇਸ ਨੂੰ ਡਾਊਨ ਲੋਡ ਕਰ ਕੇ ਆਪਣੇ ਕੰਪਿਊਟਰ ਵਿਚ ਸੇਵ ਕਰ ਕੇ ਰੱਖ ਲਵੇ ਤਾਂ ਕਿ ਜੇ ਕਿਸੇ ਸਮੇਂ ਇੰਟਰਨੈੱਟ ਦੀ ਪ੍ਰਾਬਲਮ ਹੋਵੇ ਤਾਂ ਵੀ ਉਸ ਨੂੰ ਆਪਣਾ ਪਾਠ ਜਾਰੀ ਰੱਖਣ ਵਿਚ ਕੋਈ ਸਮੱਸਿਆ ਨਾ ਆਵੇ। ਇਸ ਤਰ੍ਹਾਂ ਕਰਨ ਨਾਲ ਜਿਨ੍ਹਾਂ ਕੋਲ ਇੰਟਰਨੈੱਟ ਕੁਨੈਕਸ਼ਨ ਦੀ ਸੁਵਿਧਾ ਨਾ ਵੀ ਹੋਵੇ ਉਨ੍ਹਾਂ ਨੂੰ ਵੀ ਪੈੱਨ ਡਰਾਈਵ ਜਾਂ ਸੀਡੀ ਵਿਚ ਕਾਪੀ ਕਰ ਕੇ ਦਿੱਤਾ ਜਾ ਸਕੇਗਾ। ਮੇਰੀ ਈਮੇਲ ਪਹੁੰਚਦਿਆਂ ਸਾਰ ਸ: ਪੁਰੇਵਾਲ ਜੀ ਨੇ ਮੇਰੇ ਨਾਲ ਸੰਪਰਕ ਕਰ ਕੇ ਦੱਸਿਆ ਕਿ ਉਸ ਵੱਲੋਂ ਇੱਕ ਵੀਡੀਓ ਟਿਊਟਰ ਬਣਾਇਆ ਜਾ ਰਿਹਾ ਹੈ ਜਿਸ ਵਿਚ ਸਿਰਫ਼ ਡਾਊਨਲੋਡ ਕਰਨ ਦੀ ਸੁਵਿਧਾ ਹੀ ਨਹੀਂ ਹੋਵੇਗੀ ਬਲਕਿ ਉਨ੍ਹਾਂ ਦਾ ਟੀਚਾ ਹੈ ਕਿ ਕੰਪਿਊਟਰ ਵਿੰਡੋ ਤਿਆਰ ਕਰਨ ਵਾਲੀਆਂ ਕੰਪਨੀਆਂ ਨਾਲ ਸੰਪਰਕ ਕਰ ਕੇ ਹਰ ਵਿੰਡੋ ਵਿਚ ਪਾ ਦਿੱਤਾ ਜਾਵੇਗਾ ਤਾਂ ਕਿ ਦੁਨੀਆਂ ਭਰ ਦੇ ਹਰ ਕੰਪਿਊਟਰ ਤੇ ਮੋਬਾਈਲ ਫੋਨਾਂ ਵਿਚ ਇਹ ਪਹੁੰਚ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਉਸ ਟਿਊਟਰ ਵਿਚ ਇਹ ਆਪਸ਼ਨ ਵੀ ਪਾਈ ਜਾਵੇਗੀ ਕਿ ਜੇ ਕਿਸੇ ਸਿੱਖਿਆਰਥੀ/ਸਰੋਤੇ ਨੂੰ ਪਾਠ ਸੁਣਦੇ ਸਮੇਂ ਕਿਸੇ ਸ਼ਬਦ ਦੇ ਉਚਾਰਨ ਦੀ ਪੂਰੀ ਸਮਝ ਨਾ ਆਵੇ ਤਾਂ ਉਸ ਸ਼ਬਦ ’ਤੇ ਦੁਬਾਰਾ ਕਲਿੱਕ ਕਰਨ 'ਤੇ ਉਸੇ ਸ਼ਬਦ ਤੋਂ ਫ਼ਿਰ ਉਚਾਰਨ ਸ਼ੁਰੂ ਹੋ ਜਾਵੇਗਾ ਤਾਂ ਕਿ ਸਿੱਖਿਆਰਥੀ ਚੰਗੀ ਤਰ੍ਹਾਂ ਸਹੀ ਉਚਾਰਨ ਸਮਝ ਤੇ ਕਰ ਸਕਣ ਦੇ ਸਮਰੱਥ ਹੋ ਸਕੇ। ਜੇ ਕਿਸੇ ਸਮੇਂ ਪਾਠ ਕਰਦੇ ਸਮੇਂ ਕਿਸੇ ਸ਼ਬਦ ਦੇ ਅਰਥ ਵੇਖਣ ਦੀ ਲੋੜ ਪੈ ਜਾਵੇ ਤਾਂ ਉਸ ਸ਼ਬਦ ਨੂੰ ਸਿਲੈੱਕਟ ਕਰ ਕੇ ਰਾਈਟ ਕਲਿੱਕ ਕਰਨ ਨਾਲ ਉਸ ਦੇ ਅਰਥ ਸਾਹਮਣੇ ਆ ਜਾਣਗੇ। ਜੇ ਕਿਸੇ ਸ਼ਬਦ ਨੂੰ ਸਰਚ ਕਰਨਾ ਹੋਵੇ ਤਾਂ ਉਸ ਦੀ ਵਿਵਸਥਾ ਵੀ ਇਸ ਵਿਚ ਪਾਈ ਜਾਵੇਗੀ। ਕੋਈ ਵੀ ਸ਼ਬਦ ਟਾਈਪ ਕਰ ਕੇ ਸਰਚ ਕਰਨ ਨਾਲ ਸਿੱਧਾ ਉਹ ਪੰਨਾ ਖੁੱਲ੍ਹਣ ਉਪਰੰਤ ਲੋੜੀਂਦਾ ਸ਼ਬਦ ਹਾਈਲਾਈਟ ਹੋ ਜਾਵੇਗਾ। ਇਸ ਤੋਂ ਇਲਾਵਾ ਫੌਂਟ ਦਾ ਸਾਈਜ਼ ਤੇ ਰੰਗ ਬਦਲਣ ਦੀ ਵਿਵਸਥਾ ਵੀ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਿਚ ਵਰਤੇ ਗਏ ਫੌਂਟ ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆਏ ਹੁਕਮਨਾਮੇ ਨੂੰ ਬੋਰਡ ’ਤੇ ਲਿਖਣ ਵਾਲੇ ਸਿੰਘ ਸ।ਮਨਵਿੰਦਰ ਸਿੰਘ ਜੀ ਤੋਂ ਇਕੱਲਾ ਇਕੱਲਾ ਅੱਖਰ ਲਿਖਵਾ ਕੇ ਉਸ ਦੀਆਂ ਫ਼ੋਟੋ ਲਈਆਂ ਤੇ ਉਸ ਫ਼ੋਟੋ ਤੋਂ ਵਿਸ਼ੇਸ਼ ਫੌਂਟ ਤਿਆਰ ਕੀਤਾ ਗਿਆ ਹੈ। ਇਸ ਦਾ ਲਾਭ ਇਹ ਹੈ ਕਿ ਗੁਰਬਾਣੀ ਵਿਚ ਵਰਤੇ ਗਏ ਕਈ ਚਿੰਨ੍ਹ ਜਿਵੇਂ ਕਿ ਪੈਰ ਵਿਚ ਵਰਤੇ ਜਾਣ ਵਾਲਾ ਅੱਧਾ ਯ, ਅੱਧਾ ਵ, ਅੱਧਾ ਤ, ਅੱਧਾ ਟ, ਅੱਧਾ ਚ, ਅੱਧਾ ਨ ਅਤੇ ਹਲੰਤ ਚਿੰਨ੍ਹ ਅਤੇ ਗੁਰਬਾਣੀ ਵਿਚ ਬਿਹਾਰੀ ਤੋਂ ਪਹਿਲਾਂ ਪੈਣ ਵਾਲੀ ਬਿੰਦੀ ਆਦਿ ਜਿਨ੍ਹਾਂ ਦੀ ਵਰਤੋਂ ਅੱਜ ਕੱਲ੍ਹ ਨਾ ਹੋਣ ਕਾਰਨ ਉਹ ਮੌਜੂਦਾ ਫੌਂਟਾਂ ਵਿਚ ਉਪਲਬਧ ਨਹੀਂ ਹਨ, ਉਨ੍ਹਾਂ ਦੇ ਸ਼ੁੱਧ ਰੂਪ ਵਿਚ ਫੌਂਟ ਤਿਆਰ ਕੀਤੇ ਗਏ ਹਨ।
ਸ: ਪੁਰੇਵਾਲ ਦੇ ਮਨ ਵਿਚ ਸੰਕਲਪ ਆਉਣ ਪਿੱਛੋਂ ਇਸ ਪ੍ਰੋਜੈਕਟ ਨੂੰ ਸਿਰੇ ਚਾੜ੍ਹਨ ਦੇ ਸਫ਼ਰ ਵਿਚ ਉਨ੍ਹਾਂ ਵੱਲੋਂ ਕੀਤੇ ਗਏ ਉੱਦਮ ਅਤੇ ਆਈਆਂ ਕਠਨਾਈਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਸੱਭ ਤੋਂ ਪਹਿਲਾਂ ਇਸ ਪ੍ਰੋਜੈਕਟ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਅਗੇ ਰੱਖਿਆ। ਫ਼ੋਨ ਤੇ ਹੋਈ ਗਲਬਾਤ ਰਾਹੀਂ ਉਨ੍ਹਾਂ ਨੂੰ ਪ੍ਰਧਾਨ ਬਣਨ ਦੀ ਮੁਬਾਰਕ ਵੀ ਦਿੱਤੀ। ਪਰ ਉਨ੍ਹਾਂ ਇਸ ਕੰਮ ਲਈ ਬਹੁਤੀ ਤਵੱਜੋ ਨਾ ਦਿੱਤੀ ਤੇ ਕਿਹਾ ਕਿ ਉਹ ਇਸ ਲਈ ਇੱਕ ਕਮੇਟੀ ਬਣਾਉਣਗੇ ਤੇ ਉਨ੍ਹਾਂ ਵੱਲੋਂ ਦਿੱਤੀ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਕਰ ਲਈ ਜਾਵੇਗੀ। ਸ: ਪੁਰੇਵਾਲ ਨੇ ਦੱਸਿਆ ਕਿ ਪ੍ਰਧਾਨ ਜੀ ਦੇ ਮੂੰਹੋਂ ਕਮੇਟੀ ਦਾ ਨਾਮ ਸੁਣਦਿਆਂ ਹੀ ਉਨ੍ਹਾਂ ਨੂੰ ਫ਼ਤਿਹ ਬੁਲਾਉਣੀ ਪਈ। ਕਿਉਂਕਿ ਕਿਸੇ ਕੰਮ ਨੂੰ ਖੂਹ ਖਾਤੇ ਪਾਉਣ ਲਈ ਇਹ ਕਮੇਟੀਆਂ ਬਣਾਈਆਂ ਜਾਂਦੀਆਂ ਹਨ ਤੇ ਉਹ ਹਾਲ ਹੀ ਇਸ ਕਾਰਜ ਨੂੰ ਸਿਰੇ ਲਾਉਣ ਲਈ ਹੋਵੇਗਾ। ਸ: ਪੁਰੇਵਾਲ ਨੇ ਦੱਸਿਆ ਕਿ ਉਸ ਤੋਂ ਬਾਦ ਵੀ ਉਨ੍ਹਾਂ ਹਿੰਮਤ ਨਹੀਂ ਹਾਰੀ ਤੇ ਕੋਸ਼ਿਸ਼ ਜਾਰੀ ਰੱਖੀ। ਫ਼ਿਰ ਇਸ ਪ੍ਰੋਜੈਕਟ ਦਾ ਕੌਂਟਰੇਕਟ ਗੁਰਦੀਪ ਸਿੰਘ ਪੰਧੇਰ ਨਾਲ ਹੋਇਆ ਪਰ ਕੈਨੇਡਾ ਆ ਗਏ ਅਤੇ ਹੋਰ ਬਹੁਤ ਸਾਰੀਆ ਮੁਸ਼ਕਲਾਂ ਕਾਰਨ ਲਗਭਗ ਪੂਰਾ ਹੋਇਆ ਕੰਮ ਰੱਦ ਕਰਨਾ ਪਿਆ। ਖ਼ਾਸ ਦਿੱਕਤ ਰਿਕਾਡਿੰਗ (ਉਚਾਰਨ) ਦੀ ਸੀ। ਇਸ ਲਈ ਸਾਰੀਆ ਸਿਰਮੋਰ ਸੰਸਥਾਵਾਂ ਨਾਲ ਸੰਪਰਕ ਕੀਤਾ ਪਰ ਕਿਸੇ ਨੇ ਸਾਥ ਨਹੀਂ ਦਿੱਤਾ। ਮੈਂ ਸਿਰਫ਼ ਇੱਕ ਪਾਠੀ ਦੇਣ ਲਈ ਹੀ ਬੇਨਤੀ ਕਰ ਰਿਹਾ ਸੀ।ਫ਼ਿਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਉਨ੍ਹਾਂ ਨੇ ਬੇਨਤੀ ਕੀਤੀ ਕਿ ਉਹ ਸੁਰੀਲੀ ਆਵਾਜ਼ ਤੇ ਸ਼ੁੱਧ ਪਾਠ ਕਰਨ ਵਾਲਾ ਸਭ ਤੋਂ ਵਧੀਆ ਪਾਠੀ ਪਾਠ ਰਿਕਾਰਡ ਕਰਨ ਲਈ ਉਨ੍ਹਾਂ ਨੂੰ ਦੇਣ ਤੇ ਬਾਕੀ ਦਾ ਸਾਰਾ ਕੰਮ ਤੇ ਖਰਚਾ ਉਹ (ਸ:ਪੁਰੇਵਾਲ) ਖ਼ੁਦ ਕਰਨਗੇ। ਬੀਬੀ ਜਗੀਰ ਕੌਰ ਨੇ ਹਾਂ ਕਰ ਦਿੱਤੀ ਪਰ ਕੁੱਝ ਹੀ ਸਮੇਂ ਪਿੱਛੋਂ ਉਨ੍ਹਾਂ ਦੇ ਪਰਵਾਰ ਵਿਚ ਮੰਦਭਾਗੀ ਘਟਨਾ ਵਾਪਰਨ ਕਰ ਕੇ ਉਨ੍ਹਾਂ ਨੂੰ ਪ੍ਰਧਾਨਗੀ ਛੱਡਣੀ ਪਈ।ਇਸ ਲਈ ਉਨ੍ਹਾਂ ਆਪਣੇ ਤੌਰ ’ਤੇ ਚੰਗੇ ਪਾਠੀ ਦੀ ਭਾਲ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇੱਕ ਨਿਹੰਗ ਸਿੰਘ ਜਥੇਬੰਦੀ ਵਿਚੋਂ ਕੁਝ ਸਿੰਘ ਮਿਲੇ ਜਿਨ੍ਹਾਂ ਦੀ ਆਵਾਜ਼ ਬਹੁਤ ਹੀ ਪਿਆਰੀ ਤੇ ਸੁਰੀਲੀ ਸੀ ਇਸ ਲਈ ਉਨ੍ਹਾਂ ਦੀ ਆਵਾਜ਼ ਵਿਚ ਰਿਕਾਰਡਿੰਗ ਕਰਵਾ ਕੇ ਉਹ ਉਸ ਸਮੇਂ ਦੇ ਜਥੇਦਾਰ ਅਕਾਲ ਤਖ਼ਤ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਮਿਲੇ ਤੇ ਆਪਣੇ ਪੂਰੇ ਪ੍ਰੋਜੈਕਟ ਦੀ ਜਾਣਕਾਰੀ ਉਨ੍ਹਾਂ ਨੂੰ ਦਿੱਤੀ। ਪਰ ਉਨ੍ਹਾਂ ਨੇ ਪਾਠ ਸੁਣ ਕੇ ਕਿਹਾ ਕਿ ਇਸ ਵਿਚ ਕੁੱਝ ਐਸੇ ਪਾਠ ਭੇਦ ਹਨ ਜਿਹੜੇ ਸ਼੍ਰੋਮਣੀ ਕਮੇਟੀ ਵੱਲੋਂ ਛਪਾਏ ਜਾ ਰਹੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਨਾਲ ਮੇਲ ਨਹੀਂ ਖਾਂਦੇ। ਸ: ਪੁਰੇਵਾਲ ਨੇ ਕਿਹਾ ਕਿ ਇਹ ਜਾਣ ਕੇ ਉਸ ਦੀ ਰਿਕਾਰਡਿੰਗ ਤੇ ਕੀਤੀ ਗਈ ਮੇਹਨਤ ਅਜਾਂਈ ਜਾਂਦੀ ਦਿਸੀ।ਕਿਉਂਕਿ ਉਹ ਨਹੀਂ ਸਨ ਚਾਹੁੰਦੇ ਕਿ ਉਸ ਵੱਲੋਂ ਕੀਤੇ ਕਿਸੇ ਕੰਮ ਨਾਲ ਕੌਮ ਵਿਚ ਨਵੀਂ ਦੁਬਿਧਾ ਖੜ੍ਹੀ ਹੋਵੇ ਕਿਉਂਕਿ ਪਾਠ ਭੇਦ ਵਾਲੇ ਪਾਠ ਨੂੰ ਉਹ ਨਿਹੰਗ ਸਿੰਘ ਸ਼੍ਰੋਮਣੀ ਕਮੇਟੀ ਵਾਲੀ ਮੌਜੂਦਾ ਬੀੜ ਅਨੁਸਾਰ ਪਾਠ ਕਰਨ ਨਾਲ ਸਹਿਮਤ ਨਹੀਂ ਸਨ। ਉਨ੍ਹਾਂ ਨਿਹੰਗ ਸਿੰਘਾ ਨੇ ਟਕਸਾਲ ਮੁਤਾਬਿਕ ਪਾਠ ਕਰਨ ਨੂੰ ਤਰਜੀਹ ਦਿੱਤੀ। ਇਸ ਉਪਰੰਤ ਉਨ੍ਹਾਂ ਦਾ ਤਾਲਮੇਲ ਗਿਆਨੀ ਜਗਤਾਰ ਸਿੰਘ ਜਾਚਕ ਜੀ ਨਾਲ ਹੋਇਆ। ਇਨ੍ਹਾਂ ਨਾਲ ਤਹਿ ਕੀਤਾ ਗਿਆ ਕਿ ਉਹ ਪਾਠ ਬਿਲਕੁਲ ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਜਾ ਰਹੀ ਬੀੜ ਅਨੁਸਾਰ ਕਰਨਗੇ, ਜਿੱਥੇ ਵੀ ਪਾਠ ਵਿਚ ਸਪਸ਼ਟਤਾ ਨਾ ਹੋਈ, ਜਾਂ ਪਾਠ ਕਰਦੇ ਸਮੇਂ ਕੋਈ ਛਿੱਕ, ਉਬਾਸੀ ਆ ਜਾਵੇ ਉਸ ਨੂੰ ਦੁਬਾਰਾ ਰਿਕਾਰਡ ਕਰ ਕੇ ਆਡਿਟਿੰਗ ਕਰ ਕੇ ਮੂਲ ਰਿਕਾਰਡਿੰਗ ਵਿਚ ਫਿੱਟ ਕੀਤਾ ਜਾਵੇਗਾ। ਜਿਸ ਦੀ ਉਨ੍ਹਾਂ ਨੂੰ ਇੱਕ ਵੱਡੀ ਰਕਮ ਅਦਾ ਕਰਨੀ ਪਈ। ਉਨ੍ਹਾਂ ਦੱਸਿਆ ਕਿ ਇਕੱਲੇ ਇਕੱਲੇ ਸ਼ਬਦ ਦੇ ਉਚਾਰਨ ਤੇ ਸ਼ਬਦ ਹਾਈਲਾਈਟ ਕਰਨ ਦੇ ਸਹੀ ਤਾਲਮੇਲ ਬਿਠਾਉਣ ਲਈ ਉਨ੍ਹਾਂ ਨੂੰ ਅਤਿਅੰਤ ਮਿਹਨਤ ਕਰਨੀ ਪਈ ਹੈ। ਇਸ ਟਿਊਟਰ ਨੂੰ ਉਹ ਉਸ ਸਮੇਂ ਹੀ ਨੈੱਟ ’ਤੇ ਪਾਉਣਗੇ ਜਦ ਉਸ ਵਿਚ ਕੋਈ ਵੀ ਗ਼ਲਤੀ ਨਹੀਂ ਰਹੇਗੀ। ਸ: ਸਤਪਾਲ ਸਿੰਘ ਜੀ ਪੁਰੇਵਾਲ ਵੱਲੋਂ ਕੀਤੀ ਜਾ ਰਹੀ ਮਿਹਨਤ ਅੱਗੇ ਸਿਰ ਸਤਿਕਾਰ ਨਾਲ ਝੁਕ ਗਿਆ ਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਤੁਹਾਡਾ ਹੁਣ ਤੱਕ ਆਇਆ ਖ਼ਰਚ ਤੇ ਕਠਨਾਈਆਂ ਦੇ ਵੇਰਵੇ ਸੰਖੇਪ ਰੂਪ ਵਿਚ ਲਿਖਤੀ ਰੂਪ ਵਿਚ ਦਿੱਤੇ ਜਾਣ ਤਾਂ ਕਿ ਮੈਂ ਇਸ ਨੂੰ ਲੇਖ ਦੇ ਰੂਪ ਵਿਚ ਮੀਡੀਏ ਰਾਹੀਂ ਪੰਥ ਦੇ ਰੂਬਰੂ ਕਰ ਸਕਾਂ ਤਾਂ ਕਿ ਕੁੱਝ ਹਿੰਮਤੀ ਸਿੰਘ ਤੁਹਾਡੀ ਕਿਸੇ ਨਾ ਕਿਸੇ ਰੂਪ ਵਿਚ ਸਹਾਇਤਾ ਕਰ ਸਕਣ। ਉਨ੍ਹਾਂ ਕਿਹਾ ਇਸ ਪ੍ਰੋਜੈਕਟ ’ਤੇ ਵੈਸੇ ਤਾਂ ਮੇਰਾ ਹੁਣ ਤੱਕ 50 ਲੱਖ ਰੁਪਈਆ ਖ਼ਰਚ ਹੋ ਚੁੱਕਾ ਹੈ ਪਰ ਜਦ ਤੱਕ ਇਹ ਪ੍ਰੋਜੈਕਟ ਸਿਰੇ ਨਹੀਂ ਚੜ੍ਹਦਾ ਉਹ ਇਸ ਸਬੰਧੀ ਕੁੱਝ ਵੀ ਲਿਖਣਾ ਨਹੀਂ ਚਾਹੁੰਦੇ ਕਿਉਂਕਿ ਇਸ ਨਾਲ ਕਈ ਬੰਦੇ ਇਹ ਸਮਝਣਗੇ ਸ਼ਾਇਦ ਮੈਂ ਕੋਈ ਸ਼ੋਭਾ ਖੱਟਣ ਲਈ ਜਾਂ ਪੈਸੇ ਇਕੱਠੇ ਕਰਨ ਲਈ ਕਰ ਰਿਹਾ ਹਾਂ। ਜਦ ਇਹ ਪ੍ਰੋਜੈਕਟ ਗੁਰੂ ਦੀ ਕਿਰਪਾ ਨਾਲ ਸਿਰੇ ਚੜ੍ਹ ਗਿਆ ਤੇ ਸੰਗਤਾਂ ਨੂੰ ਪਸੰਦ ਆ ਗਿਆ ਤਾਂ ਉਸ ਉਪਰੰਤ ਕੁੱਝ ਕਰਨ ਵਾਲੇ ਜ਼ਰੂਰੀ ਕੰਮਾਂ ਦੇ ਪ੍ਰੋਜੈਕਟ ਪਲੈਨ ਸਬੰਧੀ ਜਾਣਕਾਰੀ ਦੇ ਕੇ ਬੇਨਤੀ ਕਰਾਂਗਾ ਕਿ ਜੇ ਇਹ ਪੰਥ ਦੇ ਫ਼ਾਇਦੇ ਵਿਚ ਹਨ ਤਾਂ ਸਾਰੇ ਮਿਲ ਕੇ ਹੰਭਲਾ ਮਾਰਨ। ਉਨ੍ਹਾਂ ਗਿਲਾ ਕੀਤਾ ਕਿ ਪੰਥ ਵਿਚ ਬਹੁਤ ਸਾਰੇ ਪੰਥ ਦਰਦੀ ਆਪਣੀ ਆਪਣੀ ਸੇਵਾ ਕਰ ਰਹੇ ਹਨ ਪਰ ਉਨ੍ਹਾਂ ਵਿਚ ਆਪਸੀ ਕੋਈ ਤਾਲਮੇਲ ਨਹੀਂ ਹੈ ਤੇ ਬਹੁਤ ਸਾਰੇ ਇਹ ਪੂਰੀ ਤਰ੍ਹਾਂ ਜਾਣਦੇ ਹੋਏ ਵੀ ਕਿ ਉਸ ਪ੍ਰੋਜੈਕਟ ’ਤੇ ਪਹਿਲਾਂ ਹੀ ਕਿਸੇ ਨੇ ਕੰਮ ਕੀਤਾ ਹੋਇਆ ਹੈ ਜਾਂ ਕਰ ਰਹੇ ਹਨ। ਇਸ ਤਰ੍ਹਾਂ ਇੱਕੋ ਪ੍ਰੋਜੈਕਟ ਨੂੰ ਹੱਥ ਵਿਚ ਲੈ ਕੇ ਆਪਣਾ ਤੇ ਕੌਮ ਦਾ ਸਰਮਾਇਆ ਤੇ ਸਮਾਂ ਨਸ਼ਟ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਜਿਹੜਾ ਕੰਮ ਕੋਈ ਕਰ ਰਿਹਾ ਹੈ ਉਸ ਵਿਚ ਜੇ ਕੋਈ ਕਮੀ ਪੇਸ਼ੀ ਹੈ ਤਾਂ ਉਸ ਨੂੰ ਪੂਰੀ ਕਰਨ ਵਿਚ ਸਹਿਯੋਗ ਕੀਤਾ ਜਾਵੇ ਤੇ ਆਪ ਕੋਈ ਹੋਰ ਬਹੁਤ ਸਾਰੇ ਅਤਿ ਜ਼ਰੂਰੀ ਕੰਮ ਜੋ ਅਣਛੋਹੇ ਪਏ ਹਨ ਉਨ੍ਹਾਂ ਨੂੰ ਆਪਣੇ ਹੱਥ ਵਿਚ ਲੈਣ। ਇਸ ਉਪਰੰਤ ਸ: ਸਤਪਾਲ ਸਿੰਘ ਪੁਰੇਵਾਲ ਜੀ ਨਾਲ ਤਕਰੀਬਨ ਰਾਬਤਾ ਬਣਿਆ ਰਿਹਾ ਤੇ ਉਹ ਚਾਹੁੰਦੇ ਸਨ ਕਿ ਉਨ੍ਹਾਂ ਵੱਲੋਂ ਟਿਊਟਰ ਨੂੰ ਉਸ ਵੇਲੇ ਹੀ ਨੈੱਟ ’ਤੇ ਪਾਇਆ ਜਾਵੇਗਾ ਜਿਸ ਸਮੇਂ ਉਸ ਵਿਚ 0% ਗ਼ਲਤੀ ਦੀ ਸੰਭਾਵਨਾ ਵੀ ਨਹੀਂ ਰਹੇਗੀ ਕਿਉਂਕਿ ਉਹ ਨਹੀਂ ਚਾਹੁੰਣਗੇ ਕਿ ਉਨ੍ਹਾਂ ਦੀ ਗ਼ਲਤੀ ਨਾਲ ਪੰਥ ਵਿਚ ਕੋਈ ਨਵੀਂ ਦੁਬਿਧਾ ਪੈਦਾ ਹੋਵੇ। ਉਨ੍ਹਾਂ ਨੂੰ ਸਲਾਹ ਦਿੱਤੀ ਕਿ ‘ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥’ ਅਨੁਸਾਰ ਹਰ ਵਿਅਕਤੀ ਦੇ ਕੰਮ ਵਿਚ ਕਿਸੇ ਨਾ ਕਿਸੇ ਗ਼ਲਤੀ ਰਹਿਣ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਇਸ ਲਈ ਤੁਸੀਂ ਉਸ ਨੂੰ ਨੈੱਟ ’ਤੇ ਪਾ ਦੇਵੋ। ਇਸ ਉਪਰੰਤ ਉਹ ਕਈ ਵਿਦਵਾਨਾਂ ਦੀ ਨਜ਼ਰ ਵਿਚ ਆਏਗਾ ਤੇ ਕਈ ਤਰੁੱਟੀਆਂ ਤੇ ਨਵੇਂ ਸੁਝਾਉ ਆਉਣਗੇ ਇਸ ਤਰ੍ਹਾਂ ਨਾਲੋਂ ਨਾਲ ਅੱਪਡੇਟ ਹੁੰਦਾ ਰਹੇਗਾ। ਮੇਰੇ ਇਸ ਸੁਝਾਉ ’ਤੇ ਉਨ੍ਹਾਂ ਨਵੇਂ ਸਾਲ ਦੇ ਤੋਹਫ਼ੇ ਵਜੋਂ ਪਹਿਲੀ ਜਨਵਰੀ ਨੂੰ ਕੌਮ ਨੂੰ ਭੇਟ ਕਰਨ ਦਾ ਵਿਚਾਰ ਬਣਾਇਆ ਸੀ ਪਰ ਕੁੱਝ ਕਾਰਨਾਂ ਕਰ ਕੇ ਉਹ ਇੱਕ ਹਫ਼ਤਾ ਪਛੜ ਗਏ। ਪਾਠ ਕਰਦੇ ਸਮੇਂ ਕਿਸੇ ਸ਼ਬਦ ’ਤੇ ਰਾਈਟ ਕਲਿੱਕ ਕਰ ਕੇ ਉਸ ਦੇ ਅਰਥ ਵੇਖਣ ਨੂੰ ਛੱਡ ਕੇ ਬਾਕੀ ਸਾਰਾ ਕੰਮ ਤਕਰੀਬਨ ਮੁਕੰਮਲ ਹੈ। ਹੁਣ ਆਪ ਜੀ ੱ।ੲਕਟੁਹ।ਿਚੋਮ ’ਤੇ ਜਾ ਕੇ ਟਿਊਟਰ ਡਾਊਨ ਲੋਡ ਕਰ ਕੇ ਆਪਣੇ ਆਪਣੇ ਦੋਸਤਾਂ ਮਿੱਤਰਾਂ ਦੇ ਕੰਪਿਊਟਰਾਂ ਵਿਚ ਇੰਸਟਾਲ ਕਰ ਕੇ ਲਾਹਾ ਖੱਟਿਆ 'ਤੇ ਪੰਥਕ ਸੇਵਾ ਵਿਚ ਆਪਣਾ ਯੋਗਦਾਨ ਪਾਇਆ ਜਾਣਾ ਚਾਹੀਦਾ ਹੈ। ਇੰਸਟਾਲ ਕਰਨ ਲੱਗਿਆਂ ਕੋਈ 90% ਤੋਂ ਬਾਅਦ ਇੱਕ ਵਿੰਡੋ ਖੁੱਲ੍ਹੇਗੀ, ਜਿਸ ਵਿਚ ਆਪ ਜੀ ਨੇ ਇਗਨੋਰ ’ਤੇ ਕਲਿੱਕ ਕਰ ਦੇਣਾ ਹੈ।
ਕਿਸੇ ਉੱਚ ਅਹੁਦੇ/ਰੁਤਬੇ ’ਤੇ ਬਿਰਾਜਮਾਨ ਸ਼ਖ਼ਸੀਅਤ ਤੋਂ ਰੀਲੀਜ਼ ਕਰਵਾਉਣ ਤੋਂ ਬਿਨਾਂ ਹੀ ਚੁੱਪ ਚੁਪੀਤੇ ਆਪਣੀ ਸਾਈਟ ’ਤੇ ਪਾ ਕੇ ਇਸ ਦਾ ਸੰਦੇਸ਼ ਫੇਸ ਬੁੱਕ ਰਾਹੀਂ ਸੰਗਤਾਂ ਤੱਕ ਪਹੁੰਚਾਉਣ ਦੇ ਉਨ੍ਹਾਂ ਦੇ ਫ਼ੈਸਲੇ ਨੇ ਉਨ੍ਹਾਂ ਦੀ ਸ਼ਖ਼ਸੀਅਤ ਦਾ ਇੱਕ ਹੋਰ ਅਹਿਮ ਪੱਖ ਉਜਾਗਰ ਕੀਤਾ ਹੈ ਕਿ ਜਿੱਥੇ ਆਮ ਲੋਕੀਂ ਕੋਈ ਕੰਮ ਨੂੰ ਪੂਰਾ ਹੋਣ ਤੋਂ ਪਹਿਲਾਂ ਹੀ ਉਸ ਦੇ ਟਰੇਲਰ ਨੂੰ ਹੀ ਰੀਲੀਜ਼ ਕਰ ਕੇ ਮੀਡੀਏ ਰਾਹੀਂ ਇਸ਼ਤਿਹਾਰਬਾਜ਼ੀ ਕਰਦੇ ਹਨ ਉੱਥੇ ਸ: ਪੁਰੇਵਾਲ ਆਪਣਾ ਕੰਮ ਪੂਰਾ ਕਰਨ ਪਿੱਛੋਂ ਵੀ ਕਿਸੇ ਅਹਿਮ ਸ਼ਖ਼ਸੀਅਤ ਤੋਂ ਰੀਲੀਜ਼ ਕਰਵਾਉਣ ਦੇ ਝੰਜਟ ਤੋਂ ਦੂਰ ਰਹਿਣ ਦਾ ਯਤਨ ਕਰ ਰਹੇ ਹਨ। ਮੈਂ ਆਪਣਾ ਇਹ ਲੇਖ ਪੂਰਾ ਕਰਨ ਲਈ ਉਨ੍ਹਾਂ ਤੋਂ ਹੋਰ ਵੇਰਵੇ ਮੰਗਦਾ ਰਿਹਾ ਪਰ ਸ਼ਾਇਦ ਉਹ ਆਪਣੇ ਕੰਮ ਵਿਚ ਜ਼ਿਆਦਾ ਰੁੱਝੇ ਹੋਏ ਹੋਣ ਕਾਰਨ ਜਾਂ ਇਸ ਨੂੰ ਇਸ਼ਤਿਹਾਰਬਾਜ਼ੀ ਸਮਝ ਕੇ ਇਸ ਤੋਂ ਦੂਰ ਰਹਿਣ ਦੇ ਖ਼ਿਆਲ ਨਾਲ ਉਹ ਮੈਨੂੰ ਵੇਰਵੇ ਨਹੀਂ ਭੇਜ ਰਹੇ ਇਸ ਲਈ ਪਹਿਲਾਂ ਹੋਈਆਂ ਗੱਲਾਂ ਦੀ ਯਾਦਦਾਸ਼ਤ ਦੇ ਆਧਾਰ ’ਤੇ ਹੀ ਇਸ ਲੇਖ ਰਾਹੀਂ ਇਸ ਅਨਮੋਲ ਤੋਹਫ਼ੇ ਦੀ ਜਾਣਕਾਰੀ ਸੰਗਤਾਂ ਤੱਕ ਪਹੁੰਚਾਉਣ ਦਾ ਆਪਣਾ ਫ਼ਰਜ਼ ਪੂਰਾ ਕਰ ਰਿਹਾ ਹਾਂ।
****
No comments:
Post a Comment