ਕਾਲੀਆਂ ਰਾਤਾਂ.......... ਗੀਤ / ਰਾਜੂ ਪੁਰਬਾ

ਅੱਖਾਂ ਭਿੱਜੀਆਂ ਪੰਜਾਬ ਦੀਆਂ, ਖੌਰੇ ਕਦ ਤੱਕ ਸੁੱਕਣਗੀਆਂ।
ਦੇਸ਼ ਮੇਰੇ ਦੀਆਂ ਕਾਲੀਆਂ ਰਾਤਾਂ, ਕਦ ਤੱਕ ਮੁੱਕਣਗੀਆਂ।

ਧਰਮ ਦੇ ਨਾਂ ਤੇ ਵੰਡੀ ਪਾਤੀ ਲੀਡਰ ਲੋਕਾਂ ਨੇ।
ਰਖਵਾਲੇ ਕਿਉਂ ਦੇਸ਼ ਦੇ ਅੱਜ ਬਣ ਗਏ ਜੋਕਾਂ ਨੇ।
ਖੌਰੇ ਇਹਨਾਂ ਦੀਆਂ ਚਲਾਕੀਆਂ  ਕਦ ਤੱਕ ਲੁਕਣਗੀਆਂ।
ਦੇਸ਼ ਮੇਰੇ ਦੀਆਂ ਕਾਲੀਆਂ ਰਾਤਾਂ, ਕਦ ਤੱਕ ਮੁੱਕਣਗੀਆਂ।

ਲਹੂ ਬਣ ਗਿਆ ਪਾਣੀ ਜਿੰਨਾਂ ਨੇ ਐਸੀ ਕਰੀ ਕਮਾਈ ।
ਚੰਦ ਨੋਟਾਂ ਦੀ ਖਾਤਰ ਇੱਜਤ ਗ਼ੈਰਾਂ ਹੱਥੋਂ ਗਵਾਈ ।
ਕਤਲ ਭਰੋਸੇ ਦਾ ਕਰਕੇ ਧੌਣਾਂ ਕਦ ਤਕ ਝੁਕਣਗੀਆਂ ।
ਦੇਸ਼ ਮੇਰੇ ਦੀਆਂ ਕਾਲੀਆਂ ਰਾਤਾਂ, ਕਦ ਤੱਕ ਮੁੱਕਣਗੀਆਂ।

ਵੀਰ ਭਗਤ ਸਿੰਘ ਜਿਹੇ ਸੂਰਮੇ ਤਸਵੀਰਾਂ ਵਿੱਚ ਦਿਸਦੇ ਨੇ।
ਹਾਲ ਵੇਖ ਕੇ ਕੌਮ ਦਾ ਫੱਟ ਉਧਮ ਸਿੰਘ ਦੇ ਰਿਸਦੇ ਨੇ ।
ਆਪਣੀਆਂ ਬਾਹਾਂ ਗਲ ਆਪਣਾ ਕਦ ਤੱਕ ਘੁੱਟਣਗੀਆਂ।
ਦੇਸ਼ ਮੇਰੇ ਦੀਆਂ ਕਾਲੀਆਂ ਰਾਤਾਂ, ਕਦ ਤੱਕ ਮੁੱਕਣਗੀਆਂ।

ਹਰ ਦਿਲ ਅੰਦਰ ਰੱਬ ਵਸਦਾ ਗੁਰੂ ਨਾਨਕ ਨੇ ਫ਼ਰਮਾਇਆ ਏ ।
ਜ਼ੁਲਮ ਨਹੀ ਸਹਿਣਾ ਗੁਰੂ ਗੋਬਿੰਦ ਨੇ ਸਿਖਾਇਆ ਏ।
ਜਾਤ ਪਾਤ ਦੀਆਂ ਜ਼ੰਜੀਰਾਂ "ਰਾਜੂ" ਕਦ ਤਕ ਟੁੱਟਣਗੀਆ।
ਦੇਸ਼ ਮੇਰੇ ਦੀਆਂ ਕਾਲੀਆਂ ਰਾਤਾਂ, ਕਦ ਤੱਕ ਮੁੱਕਣਗੀਆਂ।

****

No comments: