ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ(ਰਜਿ:) ਵੱਲੋਂ ਸਭਾ ਦੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਦੀ ਰਹਿਨੁਮਾਹੀ ਹੇਠ ਸਭਾ ਦੇ ਮੀਤ-ਪ੍ਰਧਾਨ ਮਾਸਟਰ ਕਰਨੈਲ ਸਿੰਘ ਦੀ ਪਹਿਲ ਕਦਮੀ ਸਦਕਾ ਗ੍ਰਾਮ-ਪੰਚਾਇਤ ਨੇਕਨਾਮਾ(ਜਿਲ੍ਹਾ ਹੁਸ਼ਿਆਰਪੁਰ(ਪੰਜਾਬ) ਅਤੇ ਮਹਿਲਾ ਮੰਡਲ ਨੇਕਨਾਮਾ ਦੇ ਸਹਿਯੋਗ ਨਾਲ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਇੱਕ ਵਿਸ਼ਾਲ ਨਾਟਕ ਅਤੇ ਸਾਹਿਤਕ ਸਮਾਗਮ ਕਰਵਾਇਆ ਗਿਆ । ਜਿਸਦੀ ਪ੍ਰਧਾਨਗੀ “ਸੱਚੀ ਗੱਲ” ਅਖ਼ਬਾਰ ਦੇ ਸੰਪਾਦਕ ਸੰਜੀਵ ਡਾਬਰ ਨੇ ਕੀਤੀ । ਇਸ ਸਮਾਗਮ ਵਿੱਚ ਆਜ਼ਾਦ ਰੰਗ ਮੰਚ ਚੱਕ ਦੇਸ ਰਾਜ ਵੱਲੋਂ ਬੀਬਾ ਬਲਵੰਤ ਦੀ ਨਿਰਦੇਸ਼ਤਾ ਹੇਠ ਤਿੰਨ ਨਾਟਕ ਖੇਡੇ ਗਏ ।ਜਿਨ੍ਹਾਂ ਵਿੱਚ ਪਹਿਲਾ ਨਾਟਕ “ ਫਾਂਸੀ ” ਜੋ ਕਿ ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਸੋਚ ਨੂੰ ਸਮਰਪਿਤ ਸੀ , ਦੂਸਰਾ ਨਾਟਕ ” ਮਾਏ ਨੀ ਮਾਏ ਇੱਕ ਲੋਰੀ ਦੇ ਦੇ “, ਜੋ ਕਿ ਧੀਆਂ ਨੂੰ ਕੁੱਖ ਵਿੱਚ ਮਾਰਨ ਦੀ ਅਜੋਕੇ ਸਮਾਜ ਦੀ ਨਾਪਾਕ ਪ੍ਰਥਾ ‘ਤੇ ਚੋਟ ਕਰਨ ਵਾਲਾ ਸੀ , ਜਦਕਿ ਤੀਸਰਾ ਨਾਟਕ ਨੰਦ ਲਾਲ ਨੂਰਪੂਰੀ ਦੀ ਪ੍ਰਸਿੱਧ ਕਵਿਤਾ “ ਮੰਗਤੀ “ ਦਾ ਨਾਟ ਰੂਪਾਂਤਰ ਸੀ । ਇਸ ਵਿੱਚ ਲਾਚਾਰ ਅਬਲਾਵਾਂ ਨਾਲ ਹਰ ਜਣੇ ਖਣੇ ਵੱਲੋਂ ਕੀਤੇ ਜਾਂਦੇ ਵਰਤਾਰੇ ਦਾ ਜ਼ਿਕਰ ਸੀ । ਇਹਨਾਂ ਨਾਟਕਾਂ ਦੇ ਨਾਲ ਨਾਲ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜਿ:) ਦੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਨੇ ਸਭਾ ਸਮੇਤ “ਸੱਚੀ ਗੱਲ ” ਨਾਲ ਜੁੜੇ ਸ਼ਾਇਰਾਂ ਰਾਹੀਂ ਕਵਿਤਾ ਦਾ ਦੌਰ ਵੀ ਜਾਰੀ ਰੱਖਿਆ ।
ਇਸ ਸਮੇਂ ਪ੍ਰੋ : ਬਲਦੇਵ ਸਿੰਘ ਬੱਲੀ ਡੀ.ਪੀ.ਆਰ.ਓ. ਨੇ ਸੱਚੀ ਗੱਲ ਦੀ ਪੂਰੀ ਟੀਮ ਅਤੇ ਹੋਰ ਪਤਵੰਤਿਆਂ ਅਤੇ ਇਲਾਕਾ ਨਿਵਾਸੀਆਂ ਨੂੰ ਜੀ ਆਇਆ ਕਿਹਾ । ਇਸ ਸਮੇਂ ਆਪਣੇ ਸੰਬੋਧਨ ਵਿੱਚ ਸ਼੍ਰੀ ਸੰਜੀਵ ਡਾਬਰ ਨੇ ਕਿਹਾ ਕਿ ਸਾਹਿਤ ਸਭਾ ਵੱਲੋਂ ਸਮੇਂ ਸਮੇਂ ਕੀਤੇ ਜਾਂਦੇ ਅਜਿਹੇ ਉਪਰਾਲੇ ਸੱਚਮੁੱਚ ਸਲਾਹੁਣਯੋਗ ਹਨ ਅਤੇ ਇਸ ਸਭਾ ਪੰਜਾਬ ਦੀਆਂ ਮੋਹਰਲੀ ਕਤਾਰ ਵਾਲੀਆਂ ਸਭਾਵਾਂ ਵਿੱਚੋਂ ਇੱਕ ਹੈ । ਉਹਨਾਂ ਕਿਹਾ ਕਿ ਆਜ਼ਾਦ ਰੰਗ ਮੰਚ ਵੱਲੋਂ ਪੇਸ਼ ਨਾਟਕ ਦੀ ਤਾਰੀਫ਼ ਦੇ ਯੋਗ ਹਨ , ਜਦਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦਿਨ-ਬ-ਦਿਨ ਹੋਰ ਵੀ ਜ਼ਿਆਦਾ ਮਕਬੂਲ ਹੋ ਰਹੀ ਹੈ । ਉਨ੍ਹਾਂ ਕਿਹਾ ਕਿ ਜਲਦੀ ਹੀ ਦਸੂਹਾ ਵਿਖੇ ਸ਼ਹੀਦ ਭਗਤ ਸਿੰਘ ਦਾ ਬੁੱਤ ਸਥਾਪਿਤ ਕਰਨ ਲਈ ਹੋਰਨਾਂ ਸੰਸਥਾਵਾਂ ਦੇ ਸਹਿਯੋਗ ਨਾਲ ਉਪਰਾਲਾ ਕੀਤਾ ਜਾਵੇਗਾ ਅਤੇ ਸ਼ਹੀਦੀ ਦਿਨ 23 ਮਾਰਚ ਵਾਲੇ ਦਿਨ ਇਸ ਆਜ਼ਾਦ ਰੰਗ ਮੰਚ ਦੇ ਸਹਿਯੋਗ ਨਾਲ ਇੱਕ ਨਾਟਕ ਸਮਾਗਮ ਵੀ ਕਰਵਾਉਣ ਦਾ ਯਤਨ ਕੀਤਾ ਜਾਵੇਗਾ । ਉਨ੍ਹਾਂ ਮਾਸਟਰ ਕਰਨੈਲ ਸਿੰਘ ਨੇਕਨਾਮਾ ਦੇ ਅਤੇ ਸਹਿਤ ਸਭਾ ਦੇ ਇਸ ਸਮਾਗਮ ਕਰਵਾਉਣ ਦੇ ਸ਼ਲਾਘਾਯੋਗ ਉਪਰਾਲੇ ਲਈ ਉਨ੍ਹਾਂ ਨੂੰ ਵਧਾਈ ਦਾ ਪਾਤਰ ਦੱਸਦਿਆ ਕਿਹਾ ਕਿ ਇਸ ਸਭਾ ਦਾ ਇੱਕ ਇੱਕ ਮੈਂਬਰ ਆਪਣੇ ਆਪ ਵਿੱਚ ਇੱਕ ਸੰਸਥਾ ਹੈ । ਇਸ ਸਮੇਂ ਸ਼ਾਇਰ ਰਣਜੀਤ ਸਿੰਘ ਰਾਣਾ, ਦਿਲਪ੍ਰੀਤ ਸਿੰਘ ਕਾਹਲੋਂ , ਮਾਸਟਰ ਕਰਨੈਲ ਸਿੰਘ , ਪ੍ਰੋ: ਬਲਦੇਵ ਸਿੰਘ ਬੱਲੀ ਡੀ।ਪੀ।ਆਰ।ਓ ।, ਅਮਰੀਕ ਡੋਗਰਾ , ਨਵਤੇਜ ਗੜ੍ਹਦੀਵਾਲਾ ,ਮਹਿੰਦਰ ਸਿੰਘ ਇੰਸਪੈਕਟਰ, ਤਰਲੋਚਨ ਮੌਜੀ, ਜਸਵੀਰ ਕੁੱਲੀਆਂ,ਕੁੰਦਨ ਲਾਲ ਕੁੰਦਨ , ਬੂਟਾ ਰਾਮ ਰਾਜੂ, ਇੰਦਰਜੀਤ ਕਾਜਲ, ਬਾਵਾ ਰਮਦਾਸਪੁਰੀ, ਸੁਰਜੀਤ ਸਿੰਘ ਸੰਸਾਰਪੁਰ , ਸੋਨੂੰ ਦਸੂਹੇ ਵਾਲਾ, ਅਸ਼ੋਕ ਚਕੋਤਾ , ਮੀਕਾ ਹੀਰ , ਭਿੰਦਰ ਬੁੱਧੋਬਰਕਤ, ਸਮੇਤ ਕਈ ਕਵੀਆਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ । ਪਿੰਡ ਦੇ ਐਲੀਮੈਂਟਰੀ ਸਕੂਲ ਦੀ ਅਧਿਆਪਕਾ ਜਸਵੀਰ ਕੌਰ ਅਤੇ ਮਾਸਟਰ ਮਨਜੀਤ ਸਿੰਘ ਵੱਲੋਂ ਛੋਟੀਆਂ ਛੋਟੀਆਂ ਬੱਚੀਆਂ ਦਾ ਤਿਆਰ ਕਰਵਾਇਆ ਗਿੱਧਾ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਦਾ ਗੀਤ ਵੀ ਇਸ ਸਮਾਗਮ ਦਾ ਵੱਡਾ ਆਕਰਸ਼ਨ ਦਾ ਕੇਂਦਰ ਰਿਹਾ । ਪਿੰਡ ਦੀ ਸਰਪੰਚ ਸੰਤੋਸ਼ ਦੇਵੀ ਅਤੇ ਅਤੇ ਮਹਿਲਾ ਮੰਡਲ ਦੀ ਪ੍ਰਧਾਨ ਪਰਮਜੀਤ ਕੌਰ ਅਤੇ ਨੌਜਵਾਨ ਪ੍ਰਬੰਧਕ ਗੁਲਸ਼ਨ ਕੁਮਾਰ,ਪੁਸ਼ਪਿੰਦਰ ਸਿੰਘ ਅਤੇ ਹੋਰਨਾਂ ਨਗਰ ਵਾਸੀਆਂ ਨੇ ਪਿੰਡ ਨੇਕਨਾਮਾ ਅੰਦਰ ਨਾਟਕਾਂ ਦੇ ਅਜਿਹੇ ਪਹਿਲੇ ਪ੍ਰਵੇਸ਼ ਦੀ ਭਰਪੂਰ ਸ਼ਲਾਘਾ ਕਰਦਿਆਂ ਆਉਂਦੇ ਸਮਿਆਂ ਵਿੱਚ ਵੀ ਅਜਿਹੇ ਸਮਾਗਮ ਕਰਵਾਉਂਦੇ ਰਹਿਣ ਦੀ ਹਾਮੀ ਭਰੀ । ਇਸ ਸਮੇਂ ਕੌਲੀਆਂ ਪਿੰਡ ਦੇ ਸਰਪੰਚ ਸੁੱਖਾ ਸਿੰਘ ਕਾਮਰੇਡ, ਪੈਨਸ਼ਨਰਸ਼ ਐਸੋਸੀਏਸ਼ਨ ਦੇ ਤਹਿਸੀਲ ਕਨਵੀਨਰ ਕੇਸਰ ਸਿੰਘ ਬੰਸੀਆ , ਸਾਹਿਤ ਸਭਾ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਨੇਕੀ, ਸਕੱਤਰ ਗੁਰਇਕਬਾਲ ਸਿੰਘ ਬੋਦਲ , ਹਰਮਿੰਦਰ ਸਿੰਘ ਨੇਕਨਾਮਾ, ਜਗਵਿੰਦਰ ਸਿੰਘ ਜੱਗੀ , ਮੰਗਲ ਸਿੰਘ ਮੰਗਾ, ਗਿਆਨੀ ਪ੍ਰਤਾਪ ਸਿੰਘ, ਬਖਸ਼ੀਸ਼ ਸਿੰਘ, ਡਾ. ਜੀਤ ਸਿੰਘ, ਜਸਵੀਰ ਜੱਸੀ, ਸੋਮਰਾਜ, ਰੌਸ਼ਨ ਨੰਦਨ, ਨਵਦੀਪ ਗੌਤਮ, ਰਾਮ ਸਰੂਪ ਅੱਤਰੀ, ਸੂਬੇ ਆਰ.ਕੇ. ਸ਼ਰਮਾ, ਪ੍ਰੀਤਮ ਸਿੰਘ, ਕਰਨੈਲ ਮਾਂਗਟ, ਜਸਵੀਰ ਕੁੱਲੀਆਂ, ਜਤਿੰਦਰ ਗੰਭੋਵਾਲੀਆਂ, ਕੁੰਦਨ ਲਾਲ ਭੱਟੀ, ਚੰਚਲ ਦੁਲਮੀਵਾਲ, ਜਸਵੀਰ ਰਾਣਾ ਨੇ ਵੀ ਪ੍ਰੋਗਰਾਮ ਨੁੰ ਸਫ਼ਲ ਬਣਾਉਣ ਵਿੱਚ ਭਰਵੀਂ ਸ਼ਿਰਕਤ ਕੀਤੀ ।****
No comments:
Post a Comment