‘ਤੇ ਧੀ ਤੋਰ ਦਿੱਤੀ.......... ਅਭੁੱਲ ਯਾਦਾਂ / ਰਮੇਸ਼ ਸੇਠੀ ਬਾਦਲ

ਗੁਰੂਦੁਆਰੇ ਵਿੱਚ ਵੜਦੇ ਹੀ ਬੜਾ ਅਜੀਬ ਜਿਹਾ ਮਹਿਸੂਸ ਹੋਇਆ । ਆਨੰਦ ਕਾਰਜ ਹੋ ਰਿਹਾ ਸੀ। ਲੋਕ ਸ਼ਰਧਾ ਤੇ ਖੁਸ਼ੀ ਨਾਲ ਬੈਠੇ ਅਨੰਦ ਕਾਰਜ ਨੂੰ ਦੇਖ ਰਹੇ ਸਨ।  ਪਵਿੱਤਰ ਗੁਰਬਾਣੀ ਦੀਆਂ ਰੀਤ ਰਿਵਾਜਾਂ ਨਾਲ ਕਾਰਜ ਸੰਪੰਨ ਹੋ ਰਹੇ ਸਨ। ਅਸੀਂ ਦੋਹਾਂ ਨੇ ਮੱਥਾ ਟੇਕਿਆ ਤੇ ਚੁੱਪਚਾਪ ਪਿੱਛੇ ਜਾ ਕੇ ਬੈਠ ਗਏ। ਸਾਨੂੰ ਏਥੇ ਕੋਈ ਨਹੀਂ ਸੀ ਜਾਣਦਾ।  ਨਾ ਲੜਕੇ ਵਾਲੇ ਨਾ ਲੜਕੀ ਵਾਲੇ । ਅਸੀਂ ਕਿਸੇ ਨੂੰ ਪਹਿਲਾਂ ਕਦੇ ਮਿਲੇ ਹੀ ਨਹੀਂ ਸੀ ਤੇ ਨਾ ਕਿਸੇ ਨੂੰ ਦੇਖਿਆ ਸੀ। ਇਸੇ ਸ਼ਸੋਪੰਜ ਵਿੱਚ ਸੋਚਦੇ ਸੋਚਦੇ ਮੇਰੀ ਸੋਚ ਮੈਨੂੰ ਬਹੁਤ ਪਿੱਛੇ ਲੈ ਗਈ, ਉਨ੍ਹੀ ਦਿਨੀਂ ਮੇਰੀ ਇੱਕ ਕਹਾਣੀ ‘ਕੌੜਾ ਸੱਚਅ ਰੋਜਾਨਾ ਸਪੋਕਸਮੈਨ ਅਖਬਾਰ ਵਿੱਚ ਛਪੀ ਸੀ।
“ਸਰ ਜੀ ਤੁਹਾਡੀ ਸਪੋਕਸ ਮੈਨ ਵਿੱਚ ਛਪੀ ਕਹਾਣੀ “ਕੌੜਾ ਸੱਚ” ਬਹੁਤ ਵਧੀਆ ਲੱਗੀ । ਫਰਾਮ ਦੀਪ। ਮੈਨੂੰ ਇੱਕ ਐਸ. ਐਮ. ਐਸ. ਪ੍ਰਾਪਤ ਹੋਇਆ ।
“ਸ਼ੁਕਰੀਆ ਜੀ, ਤੁਸੀਂ ਕੀ ਕਰਦੇ ਹੋ? ਕੀ ਤੁਸੀਂ ਟੀਚਰ ਹੋ ?”, ਮੈਂ ਉਸੇ ਤਰੀਕੇ ਨਾਲ ਹੀ ਸਵਾਲ ਕੀਤਾ।
“ਨਹੀਂ ਜੀ,  ਮੈਂ ਪੜ੍ਹਦੀ ਹਾਂ, ਟੀਚਰ ਨਹੀਂ ਹਾਂ।”, ਇਹ ਜਵਾਬ ਆਇਆ।
“ਪਹਿਲਾਂ ਤੁਸੀਂ ਇਹ ਲਿਖੋ ਕਿ ਇਹ ਕਹਾਣੀ ਤੁਹਾਨੂੰ ਕਿਉਂ ਅੱਛੀ ਲੱਗੀ ?”, ਮੈਂ ਫਿਰ ਮੈਸੈਜ ਰਾਹੀਂ ਪੁੱਛਿਆ ਕਿਉਂਕਿ ਇਕ ਲੇਖਕ ਦੀ ਇਹ ਜਾਨਣ ਦੀ  ਇੱਛਾ ਹੁੰਦੀ ਹੈ ਕਿ ਪਾਠਕ ਉਸਨੂੰ ਕਿਉਂ ਪਸੰਦ ਕਰਦੇ ਹਨ'।
“ਅੱਜ ਤਾਂ ਲੇਟ ਹੋ ਗਈ ਹਾਂ, ਕੱਲ੍ਹ ਨੂੰ ਪੂਰਾ ਕੋਮੈਂਟ ਭੇਜਾਂਗੀ”, ਮੈਨੂੰ ਜਵਾਬ ਮਿਲਿਆ । ਗੱਲ ਉਸ ਦੀ ਵੀ ਸਹੀ ਸੀ ਕਿਉਂਕਿ ਸ਼ਾਮ ਹੋ ਚੁੱਕੀ ਸੀ ਤੇ ਉਸਨੇ ਘਰ ਦਾ ਕੰਮ ਵੀ ਕਰਨਾ ਹੋਵੇਗਾ। ਮੈਂ ਤਾਂ ਭਲਾ ਵਿਹਲਾ ਸੀ ਤੇ ਆਪਣੀ ਪ੍ਰਸੰਸਾ ਸੁਣਨ ਦਾ ਭੁੱਖਾ ਕਿਉਂਕਿ ਉਸ ਕਹਾਣੀ ਤੇ ਮੈਨੂੰ ਬਹੁਤ ਸਾਰੇ ਮੈਸੇਜ ਆਏ । ਪੰਜ ਚਾਰ ਫੋਨ ਵੀ ਆਏ । ਵੱਡਿਆਂ ਦੇ ਛੋਟਿਆਂ ਦੇ, ਟੀਚਰਾਂ ਦੇ ਤੇ ਕੁਝ ਕੁ ਬਜੁਰਗ ਪਾਠਕਾਂ ਦੇ । 
“ਤੁਹਾਡੀ ਕਹਾਣੀ ਬਹੁਤ ਅੱਛਾ ਸੰਦੇਸ਼ ਦਿੰਦੀ ਹੈ। ਕੁੜੀਆਂ ਨੂੰ ਬਹੁਤ ਪ੍ਰੇਰਨਾ ਦਿੰਦੀ ਹੈ। ਉਹਨਾਂ ਨੂੰ ਸਬਰ ਕਰਨਾ ਸਿਖਾਉਂਦੀ ਹੈ। ਜੇ ਸਾਰੀਆਂ ਕੁੜੀਆਂ ਤੁਹਾਡੀ ਕਹਾਣੀ ਦੀ ਪਾਤਰ ਦੀਪੀ ਤਰ੍ਹਾਂ ਆਪਣੀ ਭੂਆ ਦੀਆਂ ਗੱਲਾਂ ‘ਤੇ ਅਮਲ ਕਰਨ ਤਾਂ ਕਈ ਘਰ ਉਜੜਨੋ ਬਚ ਸਕਦੇ ਹਨ। ਫਰਾਮ ਦੀਪ” । ਅਗਲੇ ਦਿਨ ਮੇਰੇ ਇਨਬੋਕਸ ਚ ਆਏ ਇਸ ਮੈਸੇਜ ਨੇ ਮੈਨੂੰ ਉਸ ਕੁੜੀ ਦਾ ਚੇਹਰਾ ਮੇਰੀ ਕਲਪਣਾ ਦੀ ਪਾਤਰ ਦੇ ਚੇਹਰੇ ਵਰਗਾ ਲੱਗਿਆ। ਮੈਂ ਉਸਦੇ ਮੈਸੇਜ ਤੋਂ ਬਹੁਤ ਪ੍ਰਭਾਵਿਤ ਹੋਇਆ । ਮੈਨੂੰ ਉਹ ਮੈਸੇਜ ਕਰਨ ਵਾਲੀ ਕੁੜੀ ਬਹੁਤ ਸਮਝਦਾਰ, ਸੁਸ਼ੀਲ ਲੱਗੀ। ਉਸ ਦੇ ਸ਼ਬਦਾਂ ਨੇ ਮੈਨੂੰ ਕਾਇਲ ਜਿਹਾ ਕਰ ਦਿੱਤਾ। 
“ਸ਼ੁਕਰੀਆ ਦੀਪ ਜੀ, ਤੁਹਾਡੇ ਕਮੈਂਟਸ ਮੈਨੂੰ ਹੋਰ ਵਧੀਆ ਲਿਖਣ ਲਈ ਪ੍ਰ੍ਰੇਰਿਤ ਕਰਨਗੇ”, ਮੈਂ ਜਵਾਬ ਦਿੱਤਾ।
“ਨਹੀਂ ਜੀ ਸ਼ੁਕਰੀਆ ਦੀ ਤਾਂ ਕੋਈ ਗੱਲ ਨਹੀਂ।  ਇਹ ਤਾਂ ਸਾਡਾ ਫਰਜ਼ ਹੈ। ਉਸਦੇ ਇਸ ਪਿਆਰੇ ਜਿਹੇ ਸੰਦੇਸ਼ ਨੇ ਮੈਨੂੰ ਹੋਰ ਹੀ ਤਰ੍ਹਾਂ ਦੀ ਖੁਸ਼ੀ ਦਿੱਤੀ  ਤੇ ਮੈਂ ਫਖ਼ਰ ਜਿਹਾ ਮਹਿਸੂਸ ਕੀਤਾ । ਮੋਬਾਇਲ ਫੋਨ ‘ਤੇ ਸੰਦੇਸ਼ਾਂ ਦਾ ਆਉਣ ਜਾਣ ਚਲਦਾ ਰਿਹਾ ਤੇ ਮੈਂ ਉਸ ਦੀ ਵਿਚਾਰਧਾਰਾ  ‘ਚ ਬੱਝਦਾ ਚਲਾ ਗਿਆ ।
“ਤੁਸੀਂ ਜਾਣਦੇ ਹੋ ਕਿ ਮੈਂ 53 ਸਾਲਾਂ ਦੀ ਅਧੇੜ ਉਮਰ ਦਾ ਲੇਖਕ ਹਾਂ । ਮੇਰੇ ਦੋਨੇ ਬੱਚੇ ਨੌਕਰੀ ਕਰਦੇ ਹਨ ਤੇ 25-26 ਸਾਲ ਦੀ ਉਮਰ ਦੇ ਹਨ ਤੇ ਤੂੰ ਸਿਰਫ 22 ਸਾਲਾਂ ਦੀ ਇੱਕ ਵਿਦਿਆਰਥਣ ਹੈਂ। ਤੇਰਾ ਮੇਰੇ ਪ੍ਰਤੀ ਕੀ ਨਜ਼ਰੀਆ ਹੈ। ਕਿਤੇ ਤੂੰ ਮੇਰੀ ਇਸ ਆਦਤ ਨੂੰ ਥੋੜਾ ਗਲਤ ਨਾ ਸਮਝ ਲਈ। ਮੇਰੀਆਂ ਭਾਵਨਾਵਾਂ ਨੂੰ ਮੇਰੇ ਨਜ਼ਰੀਏ ਨਾਲ ਹੀ ਸਮਝੀ”, ਮੈਂ ਇਕ ਦਿਨ ਉਸ ਨੂੰ ਥੋੜਾ ਜਿਹਾ ਸਖ਼ਤ ਤੇ ਚੇਤਾਵਨੀ ਭਰੇ  ਸ਼ਬਦਾਂ ਵਿੱਚ ਕਿਹਾ । ਕਿਉਂਕਿ ਕਈ ਵਾਰੀ ਬੱਚੇ ਅਲ੍ਹੜ ਉਮਰੇ ਹਰ ਨਾਤੇ ਨੂੰ ਗਲਤ ਲੈ ਜਾਂਦੇ ਹਨ।
“ਨਹੀਂ ਸਰ ਜੀ, ਮੈਂ ਸਭ ਜਾਣਦੀ ਹਾਂ। ਤੁਸੀ ਮੇਰੇ ਪਾਪਾ ਦੀ ਉਮਰ ਦੇ ਹੋ। ਮੈਂ ਤੁਹਾਡੇ ਵਿੱਚ ਆਪਣੇ ਫੌਜੀ ਪਾਪਾ ਦਾ ਅਕਸ ਦੇਖਦੀ ਹਾਂ। ਤੁਸੀ ਮੇਰੇ ਚਾਚਾ ਤਾਇਆ ਵਰਗੇ ਹੋ। ਪਰ ਇਕ ਬਾਪ ਵੀ ਤਾਂ ਆਪਣੀ ਬੇਟੀ ਦਾ ਦੋਸਤ ਹੋ ਸਕਦਾ ਹੈ।  ਉਸਦਾ ਮਾਰਗ ਦਰਸ਼ਕ ਹੋ ਸਕਦਾ ਹੈ। ਮੈਂ ਗਰੀਬ ਜ਼ਰੂਰ ਹਾਂ ਤੇ ਮੈਂ ਮਿਹਨਤ ਕਰਕੇ ਆਪਣੀ ਰੋਜ਼ੀ ਚਲਾਉਂਦੀ ਹਾਂ। ਬਾਪ ਦੀ ਪੱਗ ਨੂੰ ਦਾਗ, ਮੈਂ ਕਦੇ ਸੋਚ ਵੀ ਨਹੀਂ ਸਕਦੀ । ਉਸ ਦੀਆਂ ਬੇਬਾਕ ਗੱਲਾਂ ਉਸ ਦੀ ਉਚ ਸ਼ਖਸ਼ੀਅਤ ‘ਤੇ ਚਾਨਣਾ ਪਾਉਂਦੀਆਂ । ਮੈਨੂੰ ਉਹ ਕੁੜੀ ਮੇਹਨਤੀ ਲੱਗੀ । ਉਸਦੇ ਵਿਚਾਰ ‘ਤੇ ਵੱਡਿਆ ਪ੍ਰਤੀ ਉਸਦਾ ਪਿਆਰ ਮੇਰੇ ਮਨ ਅੰਦਰ ਆਪਨੀ ਪੈਂਠ ਬਨਾਉਣ ਵਿੱਚ ਸਫਲ ਰਿਹਾ।
“ਅੰਕਲ ਜੀ ਤੁਹਾਡੇ ਕਿੰਨੀਆਂ ਕੁੜੀਆਂ ਹਨ? ਆਂਟੀ ਜੀ ਕੀ ਕਰਦੇ ਹਨ?” ਇਕ ਦਿਨ ਫੇਰ ਅਚਾਨਕ ਆਏ ਉਸਦੇ ਮੋਬਾਇਲ ਮੈਸੇਜ ਨੇ ਮੈਨੂੰ ਚੌਂਕਾ ਦਿੱਤਾ । ਹੁਣ ਉਹ ਸਰ ਜੀ ਤੋਂ ਅੰਕਲ ਜੀ - ਆਂਟੀ ‘ਤੇ ਆ ਗਈ ਸੀ ਤੇ ਅਪਣੱਤ ਜਿਹੀ ਦਿਖਾਉਣ ਲਗ ਪਈ । ਕਈ ਵਾਰੀ ਘਰ ਦੀਆਂ ਛੋਟੀਆਂ ਛੋਟੀਆਂ ਗੱਲਾਂ ਕਰਦੀ ਤੰਗੀਆਂ ਤਰੁਸ਼ੀਆਂ ਦੀ ਗੱਲ ਵੀ ਕਰਦੀ। 
“ਮੇਰੇ ਕੋਈ ਬੇਟੀ ਨਹੀਂ ਹੈ। ਬਸ ਦੋ ਬੇਟੇ ਹੀ ਹਨ”, ਮੈਂ ਉਸ ਨੂੰ ਜਵਾਬ ਦਿੱਤਾ ਤੇ ਠੰਡਾ ਜਿਹਾ ਹੌਕਾ ਲਿਆ।
“ਫੇਰ ਤਾਂ ਮੈਂ ਤੁਹਾਨੂੰ ਪਾਪਾ ਕਹਿ ਸਕਦੀ ਹਾਂ ਨਾ ? ਬਸ ਜੀ ਮੈਂ ਤਾਂ ਹੁਣ ਤੁਹਾਨੂੰ ਪਾਪਾ ਫਰੈਂਡ ਹੀ ਕਿਹਾ ਕਹਾਂਗੀ”, ਉਸ ਦੇ ਇਸ ਮੈਸੇਜ ਨੇ ਮੈਨੂੰ ਫਿਰ ਹਲੂਣ ਜਿਹਾ ਦਿੱਤਾ।
“ਜਰੂਰ ਜਰੂਰ ਕਿਉਂ ਨਹੀਂ, ਤੂੰ ਮੇਰੀ ਧੀਆਂ ਵਰਗੀ ਹੀ ਹੈਂ। ਵਰਗੀ ਨਹੀਂ ਸਿਰਫ ਧੀ ਹੀ ਹੈਂ । ਪਰ...”, ਮੈਂ ਹੋਰ ਕੁਝ ਨਾ ਲਿਖ ਸਕਿਆ ।
“ਠੀਕ ਹੈ ਜੀ। ਤੁਸੀਂ ਮੈਨੂੰ ਬੇਟੀ ਆਖੋ ਨਾ ਆਖੋ, ਮੈਂ ਪਾਪਾ ਹੀ ਕਿਹਾ ਕਰਨਾ”, ਉਸਨੇ ਬੇਝਿਜਕ ਲਿਖ ਦਿੱਤਾ । ਹੁਣ ਕਦੇ ਕਦੇ ਸਾਡੀ ਫੋਨ ਤੇ ਗੱਲ ਵੀ ਜਾਂਦੀ ਸੀ। ਕਈ ਵਾਰੀ ਉਹ ਮੌਜੂਦਾ ਹਾਲਾਤਾਂ ਤੋ ਦੁਖੀ ਹੋ ਕੇ ਉੱਚੀ ਉੱਚੀ ਰੋਣ ਲੱਗ ਜਾਂਦੀ ਤੇ ਕਦੇ ਕੋਈ ਹੋਰ ਗੁੱਸਾ ਮੇਰੇ ਤੇ ਕੱਢ ਦਿੰਦੀ ।  ਰੁੱਸ ਜਾਂਦੀ । ਫਿਰ ਕਹਿੰਦੀ, “ਮੈਂ ਮਜ਼ਾਕ ਕਰਦੀ ਸੀ। ਮੈਂ ਤੁਹਾਡੇ ਨਾਲ ਨਾ ਰੁੱਸਾ ਤਾਂ ਹੋਰ ਕਿਸ ਨਾਲ ਰੁੱਸਾਂ ? ਤੁਸੀਂ ਤੇ ਮੇਰੇ ਪਾਪਾ ਦੋਸਤ ਹੋ” । ਇਸ ਤਰ੍ਹਾਂ ਆਪਣਿਆਂ ਵਰਗਾ ਵਿਵਹਾਰ ਕਰਦੀ ।  ਜਦੋਂ ਕਿਤੇ ਉਸਦੇ ਰਿਸ਼ਤੇ ਦੀ ਗੱਲ ਚਲਦੀ ਤਾਂ ਉਹ ਸਭ ਤੋਂ ਪਹਿਲਾਂ ਮੈਨੂੰ ਫੋਨ ਕਰਦੀ । ਰਿਸ਼ਤੇ ਬਾਰੇ ਮੇਰੀ ਰਾਇ ਲੈਂਦੀ ਤੇ ਹਰ ਪਹਿਲੂ ‘ਤੇ ਵਿਚਾਰ ਕਰਦੀ। ਉਹ ਕਹਿੰਦੀ ਮੈਂ ਤੁਹਾਡੇ ਕੋਲੋਂ ਬਹੁਤ ਕੁਝ ਸਿੱਖਿਆ ਹੈ। ਮੈਨੂੰ ਤੁਹਾਡੇ ਵਿੱਚ ਇਕ ਪਿਉ ਦਾ ਕੜਕ ਸੁਭਾਅ, ਮਾਂ ਦਾ ਪਿਆਰ ਤੇ ਦੋਸਤ ਦੇ ਵਿਸ਼ਵਾਸ਼ ਦਾ ਅਹਿਸਾਸ ਹੁੰਦਾ ਹੈ। ਫਿਰ ਉਸ ਦਾ ਰਿਸ਼ਤਾ ਇਕ ਚੰਗੇ ਘਰੇ ਇੱਕ ਸਾਊ ਤੇ ਪੜ੍ਹੇ ਲਿਖੇ ਨੌਜਵਾਨ ਨਾਲ ਹੋ ਗਿਆ । ਉਸਨੇ ਮੈਨੂੰ ਉਸ ਬਾਰੇ ਸਾਰਾ ਕੁਝ ਦੱਸਿਆ। ‘ਤੇ ਉਸ ਨੌਜਵਾਨ ਨੂੰ ਵੀ ਮੇਰੇ ਬਾਰੇ ਪੂਰਾ ਦੱਸਿਆ । ਹੁਣ ਮੈਂ ਤੇ ਮੇਰੀ ਘਰਵਾਲੀ  ਬੇਝਿਜਕ ਹੋ ਉਸ ਨਾਲ ਤੇ ਕਦੇ ਉਸਦੇ ਮੰਗੇਤਰ ਨਾਲ ਗੱਲ ਕਰ ਲੈਂਦੇ ਸੀ । ਫਿਰ ਉਸ ਦੇ ਵਿਆਹ ਦਾ ਦਿਨ ਪੱਕਾ ਹੋ ਗਿਆ ਤੇ ਉਸਨੇ ਮੈਨੂੰ ਵਿਆਹ ਦਾ ਸੱਦਾ ਭੇਜਿਆ । ਸੰਬੰਧਾਂ ਨੂੰ ਹੋਰ ਪੱਕਾ ਕਰਨ ਲਈ ਉਸਨੇ ਆਪਣੇ ਬਾਪੂ ਤੇ ਬੇਬੇ ਕੋਲੋਂ ਸਾਨੂੰ ਫੋਨ ਕਰਵਾਇਆ ਤੇ ਅੱਜ ਅਸੀਂ ਉਸ ਕੁੜੀ ਦੇ ਵਿਆਹ ਤੇ ਆਏ ਸੀ, ਜਿਸ ਨੂੰ ਅਸੀਂ ਕਦੇ ਵੇਖਿਆ ਨਹੀਂ ਸੀ। ਬਸ ਉਸਦਾ ਕਲਪਨਾਤਮਕ ਚਿਹਰਾ ਤੇ ਅਕਸ ਮੇਰੇ ਦਿਮਾਗ ਵਿੱਚ ਸੀ। ਉਸਦੇ ਜ਼ੋਰ ਪਾਉਣ ‘ਤੇ ਅਸੀਂ ਦੋਹੇਂ ਜੀਅ ਉਸ ਦੇ ਵਿਆਹ ਵਿਚ ਇਕ ਪਾਪਾ ਦੋਸਤ ਦੇ ਫਰਜ਼ ਅਦਾ ਕਰਨ ਲਈ ਆਏ ਸੀ।
“ਤੁਸੀਂ ਹੀ ਸੇਠੀ ਸਾਹਿਬ ਹੋ ? ਤੁਹਾਨੂੰ ਅੰਦਰ ਬੁਲਾਇਆ ਹੈ?” ਅਚਾਨਕ ਇਕ 24-25 ਸਾਲ ਦੇ ਮੁੰਡੇ ਨੇ ਬਾਹਰ ਮੈਨੂੰ ਹਲੂਣਿਆ । ਗੁਰੂਦੁਆਰੇ ਦਾ ਹਾਲ ਖਾਲੀ ਹੋ ਚੁੱਕਿਆ ਸੀ । ਬਾਹਰ ਸਭ ਖਾਣ ਪੀਣ  ਵਿੱਚ ਮਸਤ ਸਨ ਤੇ ਸਾਨੂੰ ਇੱਕ ਕਮਰੇ ਵਿੱਚ ਲੈ ਜਾਇਆ ਗਿਆ। ਜਿਥੇ ਸੂਹੇ ਕਪੜਿਆਂ ਵਿੱਚ ਦੁਲਹਨ ਬਣੀ ਦੀਪ ਤੇ ਉਸ ਦਾ ਜੀਵਨ ਸਾਥੀ ਸਾਡਾ ਇੰਤਜ਼ਾਰ ਕਰ ਰਹੇ ਸੀ। ਉੁਹ ਉਠੀ ਤੇ ਉਸਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ । ਉਸ ਚੁਲਬੁਲੀ ਨਾਜੁਕ ਤੇ ਤਿੱਖੇ ਨੈਣ ਨਕਸ਼ੱ ਵਾਲੀ ਕੁੜੀ ਨੂੰ ਭੁੱਬਾਂ ਮਾਰ ਕੇ ਰੋਂਦੀ ਵੇਖ ਮੇਰੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਮੈਂ ਉਸ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ । ਉਸ ਨੂੰ ਚੁੱਪ ਕਰਾਇਆ । ਉੁਹ ਮੇਰੀ ਕਲਪਨਾ ਦੀ  ਧੀ ਦੀਪ ਸੀ, ਮੇਰੀ ਕਲਪਨਾ ਨਾਲੋਂ ਵੀ ਸੁੰਦਰ ਦੀਪ ਸੀ। ਪਤਾ ਨਹੀਂ ਕਿੰਨੇ ਚਿਰਾਂ ਬਾਅਦ ਮੈਨੂੰ ਧੀ ਦੇ ਰੂਪ ਵਿੱਚ ਨਸੀਬ ਹੋਈ ਸੀ। ਫਿਰ ਉਹ ਘੁੱਟ ਕੇ ਆਪਣੀ ਆਂਟੀ ਨੂੰ ਮਿਲੀ ਤੇ ਉਸ ਦੇ ਜੀਵਨ ਸਾਥੀ ਨੌਜਵਾਨ ਨੇ ਉਠ ਕੇ ਮੇਰੇ ਪੈਰੀਂ ਹੱਥ ਲਾਏ ਤੇ ਆਸ਼ੀਰਵਾਦ ਲਿਆ ।
“ਬੇਟਾ ! ਮੇਰੀ ਧੀ ਮੈਨੂੰ ਅੱਜ ਹੀ ਮਿਲੀ ਹੈ। ਇਸ ਨੂੰ ਕਦੇ ਦੁੱਖ ਨਾ ਦੇਈਂ, ਸਦਾ ਸੁਖੀ ਰੱਖੀਂ । ਬੱਸ ਮੈਂ ਜਿ਼ਆਦਾ ਕੁਝ ਨਹੀਂ ਕਹਿੰਦਾ । ਬਾਕੀ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਅਸੀਂ ਡੋਲੀ ਤੋਰ ਦੇ ਵਾਪਿਸ ਘਰ ਨੂੰ ਚੱਲ ਪਏ । ਮੇਰਾ ਸਰੀਰ ਬੋਝਲ ਹੋਇਆ ਪਿਆ ਸੀ। ਪਰ ਇਕ ਪਾਸੇ ਉਹ ਸੁਰਖਰੂ  ਜਿਹਾ ਵੀ ਲਗਦਾ ਸੀ । ਕਿਉਂਕਿ ਮੈਂ ਇਕ ਧੀ ਨੂੰ ਤੋਰ ਕੇ ਆਇਆ ਸੀ। ਪਰ ਪਤਾ ਨਹੀਂ ਕਿਉਂ ਉਸ ਦੇ ਅਸਲੀ ਘਰ ਦੇ ਭਵਿੱਖ ਨੂੰ ਲੈ ਕੇ ਮਨ ਚਿੰਤਿਤ ਵੀ ਸੀ ।

****


No comments: