ਕਾਲ਼ੇ ਸਿਆਹ ਨਾ ਹੁੰਦੇ .......... ਗ਼ਜ਼ਲ / ਜਸਵਿੰਦਰ ਸਿੰਘ ਰੁਪਾਲ

ਕਾਲ਼ੇ ਸਿਆਹ ਨਾ ਹੁੰਦੇ,ਨ੍ਹੇਰੇ ਨੂੰ ਢੋਣ ਵਾਲੇ ।
ਮਨ ਦੇ ਨਾ ਮੈਲ਼ੇ ਹੁੰਦੇ,ਮੈਲ਼ੇ ਨੂੰ ਧੋਣ ਵਾਲੇ।

ਸੰਘਰਸ਼ ਜਿੰਦਗੀ ਹੈ,ਉਹ ਭੁੱਲ ਜਾਦੇ ਬਿਲਕੁਲ,
ਦਿਨ-ਰਾਤ ਹੰਝੂਆਂ ਦੀ ਮਾਲ਼ਾ ਪਰੋਣ ਵਾਲੇ।

ਬਿਰਹੋਂ ਦਾ ਰੋਗ ਚੰਨਾ,ਦਿਲ ਤਾਈਂ ਲਾ ਗਿਆ ਜੋ,
ਲੱਭਣਗੇ ਵੈਦ ਕਿੱਥੋਂ, ਨਾੜੀ ਨੂੰ ਟੋਹਣ ਵਾਲੇ?

ਇਹ ਮਿਤ ਕਿਸੇ ਦੇ ਨਾਹੀ,ਬਚ ਕੇ ਰਹੀਂ ਇਨਾਂ ਤੋਂ,
ਹੁਸਨਾਂ ਦੇ ਇਹ ਛਲਾਵੇ,ਦਿਲ ਤਾਈਂ ਮੋਹਣ ਵਾਲੇ ।

ਧੀ ਪੁੱਤ ਵੇਚ ਦਿੱਤੇ,ਖੱਟੇ ਨੇ ਪੌਂਡ ਡਾਲਰ,
ਸਭ ਬਣ ਗਏ ਵਪਾਰੀ,ਮੱਝਾਂ ਨੂੰ ਚੋਣ ਵਾਲੇ ।

ਕਿਰਤੀਓ ਨਾ ਹੱਥ ਅੱਡੋ,ਜਾਲਮ ਦੇ ਹੱਥ ਵੱਢੋ,
ਦੇਵਣਗੇ ਹੱਕ ਆਪੇ,ਹੱਕਾ ਨੂੰ ਖੋਹਣ ਵਾਲੇ।

ਪੀ ਲੈ ਤੂੰ ਐ ਸਿਤਮਗਰ,ਅੱਜ ਖੂਨ ਆਸ਼ਕਾਂ ਦਾ,
ਉਠਣਗੇ ਇਕ ਨਾ ਇਕ ਦਿਨ,ਬਰਬਾਦ ਹੋਣ ਵਾਲੇ ।

ਦੇਖੋ ਕਿਵੇਂ ਬਚਾਵਣ, ਆਪਾ ਇਹਦੀ ਜ਼ਹਿਰ ਤੋਂ,
“ਰੂਪਾਲ” ਨਾਗ਼ ਜ਼ਹਿਰੀ,ਅੰਦਰ ਲੁਕੋਣ ਵਾਲੇ ।

****



No comments: