ਤੀਰਥ ਇਸ਼ਨਾਨ ਅਤੇ ਗੁਰਮਤਿ……… ਲੇਖ / ਅਵਤਾਰ ਸਿੰਘ ਮਿਸ਼ਨਰੀ

ਤੀਰਥ ਸੰਸਕ੍ਰਿਤ ਦਾ ਲਫ਼ਜ ਹੈ, ਭਾਈ ਕਾਨ੍ਹ ਸਿੰਘ ਜੀ ਰਚਿਤ ਮਹਾਨ ਕੋਸ਼ ਪੰਨਾ 594 ਅਨੁਸਾਰ ਇਸ ਦੇ ਅਰਥ ਹਨ-ਜਿਸ ਦੁਆਰਾ ਪਾਪਾਂ ਤੋਂ ਬਚ ਜਾਈਏ, ਪਵਿਤਰ ਅਸਥਾਨ, ਜਿਥੇ ਧਾਰਮਿਕ ਭਾਵ ਨਾਲ ਲੋਕ ਪਾਪ ਦੂਰ ਕਰਨ ਲਈ ਜਾਣ। ਸੰਸਾਰ ਦੇ ਸਾਰੇ ਮਤਾਂ ਨੇ ਆਪਣੇ ਨਿਸ਼ਚੇ ਅਨੁਸਾਰ ਅਨੇਕ ਪਵਿਤਰ ਥਾਂ ਤੀਰਥ ਮੰਨ ਰੱਖੇ ਹਨ। ਕਿਤਨਿਆਂ ਨੇ ਦਰਸ਼ਨ ਅਤੇ ਸ਼ਪਰਸ਼ ਮਾਤਰ ਤੋਂ ਹੀ ਤੀਰਥਾਂ ਨੂੰ ਮੁਕਤੀ ਦਾ ਸਾਧਨ ਨਿਸ਼ਚੇ ਕੀਤਾ ਹੈ। ਗੁਰਮਤਿ ਅਨੁਸਾਰ ਤਾਂ ਧਰਮ ਦੀ ਸਿਖਿਆ ਅਤੇ ਇਤਿਹਾਸ ਦੀ ਘਟਨਾ ਤੋਂ ਕੋਈ ਲਾਭ ਲੈਣ ਲਈ ਤੀਰਥਾਂ ਤੇ ਜਾਣਾ ਉੱਤਮ ਹੈ ਪਰ ਤੀਰਥਾਂ ਦਾ ਮੁਕਤੀ ਨਾਲ ਕੋਈ ਸ਼ਾਕਸ਼ਾਤ ਸਬੰਧ ਨਹੀਂ ਹੈ। ਗੁਰੂ ਸਾਹਿਬਾਨ ਨੇ ਜਥਾਰਥ ਤੀਰਥ ਜੋ ਸੰਸਾਰ ਨੂੰ ਦੱਸਿਆ ਹੈ ਉਹ ਇਹ ਹੈ-ਤੀਰਥ ਨਾਵਣ ਜਾਉਂ ਤੀਰਥੁ ਨਾਮੁ ਹੈ॥ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥ (687) ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ॥(1279) ਲੋਕਾਂ ਦੇ ਮੰਨੇ ਹੋਏ ਤੀਰਥਾਂ ਬਾਬਤ ਸਤਿਗੁਰੂ ਜੀ ਫੁਰਮਾਂਦੇ ਹਨ-ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲ ਗੁਮਾਨ॥(61) ਅਨੇਕ ਤੀਰਥ ਜੇ ਜਤਨ ਕਰੇ ਤਾ ਅੰਤਰਿ ਕੀ ਹਉਮੇ ਕਦੇ ਨਾ ਜਾਇ॥(ਗੂਜਰੀ ਮ:3) ਤੀਰਥ ਨਾਇ ਨ ਉਤਰਸਿ ਮੈਲ॥ਕਰਮ ਧਰਮ ਸਭ ਹਉਮੈ ਫੈਲ॥(890)
ਸ੍ਰ. ਪਿਆਰਾ ਸਿੰਘ ਪਦਮ ਨੇ *ਗੁਰੂ ਗ੍ਰੰਥ ਕੋਸ਼* ਦੇ ਪੰਨਾ 25 ਤੇ ਲਿਖਿਆ ਹੈ ਕਿ ਹਿੰਦੂ ਮਤਿ ਅਨੁਸਾਰ ਭਾਰਤ ਵਿੱਚ ਬੇਅੰਤ ਤੀਰਥ ਹਨ ਜਿਥੇ ਇਸ਼ਨਾਨ ਕਰਕੇ ਲੋਕ ਸਮਝਦੇ ਹਨ ਕਿ ਸਾਡੇ ਪਾਪ ਧੋਤੇ ਗਏ, ਓਥੇ ਬੈਠੇ ਧਰਮ ਆਗੂਆਂ ਨੂੰ ਪੁੰਨ ਦਾਨ ਕਰਦੇ ਹਨ। ਪਦਮ ਜੀ ਲਿਖਦੇ ਹਨ ਕਿ ਮਤਸਯ ਪੁਰਾਣ ਅਨੁਸਾਰ 2221 ਤੀਰਥ ਹਨ ਪਰੰਤੂ ਵਧੇਰੇ ਪ੍ਰਸਿੱਧ 68 ਹਨ ਪਰ ਕਪਿਲ ਤੰਤ੍ਰ ਗ੍ਰੰਥ ਅਨੁਸਾਰ 68 ਤੀਰਥ ਇਸ ਪ੍ਰਕਾਰ ਹਨ-1. ਓਅੰਕਾਰ 2. ਅਯੁਧਿਆ 3. ਅਵੰਤਿਕਾ 4. ਏਰਾਵਤੀ (ਰਾਵੀ) 5. ਸ਼ਤਦ੍ਰਵ 6. ਸਰਸਵਤੀ 7. ਸਰਯੂ 8. ਸਿੰਧ 9. ਸ਼ਿਪ੍ਰਾ 10. ਸ਼ੋਣ 11. ਸ੍ਰੀ ਸ਼ੈਲ 12. ਸ੍ਰੀ ਰੰਗ 13. ਹਰਿਦੁਆਰ 14. ਕਪਾਲ ਮੋਚਨ 15. ਕਪਿਲੋਦਕ 16. ਕਾਂਸ਼ੀ 17. ਕਾਂਚੀ 18. ਕਾਲੰਜਰ 19. ਕਾਵੇਰੀ 20. ਕੁਰਖੇਤਰ 21. ਕੇਦਾਰ ਨਾਥ 22. ਕੌਸ਼ਿਕੀ 23. ਗਯਾ 24. ਗੋ ਕਰਣ 25 . ਗੋਦਾਵਰੀ 26. ਗੋਮਤੀ 27. ਗੋਵਰਧਨ 28. ਗੰਗਾ ਸਾਗਰ 29. ਗੰਡਕਾ 30. ਘਰਘਰਾ 31. ਚਰਮਨਵਤੀ 32. ਚਿਤ੍ਰਕੂਟ 33. ਚੰਦ੍ਰਭਾਗਾ 34. ਜਗਨਨਾਥ 35. ਜਵਾਲਾ 36. ਤਾਪਤੀ 37. ਤਾਮ੍ਰ ਪਰਣੀ 38. ਤੁੰਗ ਭਦ੍ਰਾ 39. ਦਸ਼ਾਸਵਮੇਧ 40. ਦਵਾਰਿਕਾ 41. ਧਾਰਾ 42. ਨਰਮਦਾ 43. ਨਾਗ ਤੀਰਥ 44. ਨੈਮਿਸ 45. ਪੁਸ਼ਕਰ 46. ਪ੍ਰਯਾਗ (ਤ੍ਰਿਵੈਣੀ ਸੰਗਮ) 47. ਪ੍ਰਥੂਦਕ 48. ਬਦਰੀ ਨਰਾਇਣ 49. ਭਦ੍ਰੇਸ਼ਵਰ 50. ਭੀਮੇਸ਼ਵਰ 51. ਭ੍ਰਿੰਗ ਤੁੰਗ 52. ਮਹਾਂਕਾਲ 53. ਮਹਾਂ ਬੋਧਿ 54. ਮਥਰਾ 55. ਮਾਨ ਸਰੋਵਰ 56. ਮਾਯਾਪੁਰੀ 57. ਮੰਦਾ ਕਿਨੀ 58. ਯਮੁਨਾ 59. ਰਾਮੇਂਸ਼ਵਰ 60. ਵਿਤਸਤਾ 61. ਵਿੰਧਯ 62. ਬਿਆਸ 63. ਵਿਲਵੇਸ਼ਵਰ 64. ਵੇਣਾ 65. ਵੇਤ੍ਰਵਤੀ 66. ਵੈਸ਼ਨਵੀ 67..ਰਾਮ ਤੀਰਥ 68. ਵੈਦਯਨਾਤ ਆਦਿਕ। ਪਰ ਗੁਰੂ ਜੀ ਇਨ੍ਹਾਂ ਭਰਮ ਤੀਰਥਾਂ ਦਾ ਖੰਡਨ ਕਰਦੇ ਹੋਏ ਫੁਰਮਾਂਦੇ ਹਨ-ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ॥(473) ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਣੁ॥(135) ਲੋੜਵੰਦਾਂ ਦੀ ਮਦਦ ਕਰਨੀ ਹੀ ਜੀਅ ਦਇਆ ਹੈ ਨਾਂ ਕਿ ਮਨੁੱਖਤਾ ਦੇ ਵੈਰੀ ਕੀੜੇ-ਮਕੌੜੇ, ਸੱਪ-ਠੂੰਹੇਂ, ਮੱਖੀਆਂ-ਮੱਛਰ, ਜੂੰਆਂ ਅਤੇ ਚੂਹਿਆਂ ਨੂੰ ਬਚਾਉਂਦੇ ਫਿਰਨਾ। ਅਠਸਠਿ ਤੀਰਥ ਗੁਰੂ ਦਿਖਾਏ ਘਟਿ ਹੀ ਭੀਤਰਿ ਨਾਉਂਗੋ॥(ਨਾਮਦੇਵ-974) ਸੁਣਿਆਂ ਮੰਨਿਆ ਮੰਨਿ ਕੀਤਾ ਭਾਉ ਅੰਤਰਿ ਗਤਿ ਤੀਰਥ ਮਲਿ ਨਾਉ॥(ਜਪੁਜੀ) ਸੁਣਨਾ, ਮੰਨਣਾ ਅਤੇ ਅਮਲ ਕਰਨਾ ਹੀ ਅੰਤਰਿ ਗਤਿ ਤੀਰਥ ਨ੍ਹਾਉਂਣਾ ਹੈ। ਸਾਧਮੱਤ ਵੱਲੋਂ ਸਾਡੇ ਵਿੱਚ ਵੀ ਤੀਰਥ ਇਸ਼ਨਾਨਾਂ ਦੇ ਭਰਮ ਪਾਏ ਗਏ ਹਨ ਜੋ ਕਿ ਇੰਨ ਬਿੰਨ ਬ੍ਰਾਹਮਣੀ ਮੱਤ ਦੀ ਨਕਲ ਹਨ।
ਭਾਈ ਕਾਹਨ ਸਿੰਘ ਜੀ ਨ੍ਹਾਭਾ ਗੁਰਮਤਿ ਮਾਰਤੰਡ ਦੇ ਪੰਨਾ 559 ਤੇ ਵੀ ਤੀਰਥਾਂ ਬਾਰੇ ਲਿਖਦੇ ਹਨ ਕਿ-ਲੋਕਾਂ ਨੂੰ ਹਿੱਤ ਦਾ ਉਪਦੇਸ਼ ਦੇਣ, ਕੁਕਰਮਾਂ ਦੇ ਬੰਧਨਾਂ ਤੋਂ ਮੁਕਤ ਕਰਨ ਅਤੇ ਆਮਿਲ ਤਥਾ ਆਲਿਮ ਸਜਣਾ (ਵਿਦਵਾਨਾਂ) ਦੀ ਸੰਗਤ ਤੋਂ ਲਾਭ ਪ੍ਰਾਪਤ ਕਰਨ ਅਰ ਵਾਕਫ਼ੀਅਤ ਵਧਾਉਣ ਲਈ ਤੀਰਥਾਂ ਤੇ ਜਾਣਾ ਲਾਭਦਾਇਕ ਹੈ ਪਰ ਕੇਵਲ ਤੀਰਥ ਇਸ਼ਨਾਨ ਅਤੇ ਦਰਸ਼ਨ ਤੋਂ ਹੀ ਗਤਿ ਮੰਨਣੀ ਅਵਿਦਿਆ ਹੈ। ਇਹ ਹੀ ਤੀਰਥਾਂ ਦਾ ਭਰਮ ਹੈ। ਹੋਰ ਲਿਖਦੇ ਹਨ ਕਿ ਜੋ ਲੋਕ ਬਾਲਿਕ ਬਿਰਧ ਰੋਗੀ ਅਤੇ ਕਮਜ਼ੋਰ ਇਸਤਰੀਆਂ ਨੂੰ ਤੀਰਥਾਂ ਦੇ ਪਰਬਾਂ ਤੇ ਭੀੜ ਵਿੱਚ ਲੈ ਜਾ ਕੇ, ਦੁੱਖ ਦੇਣ ਦਾ ਕਾਰਣ ਬਣਦੇ ਹਨ ਅਤੇ ਬੇਅੰਤ ਭਿਆਨਕ ਰੋਗਾਂ ਦੇ ਫੈਲਾਉਣ ਵਿੱਚ ਸਹਾਈ ਹੁੰਦੇ ਹਨ ਉਹ ਦੇਸ਼ ਅਤੇ ਕੌਮ ਦੇ ਵੈਰੀ ਅਰ ਨ੍ਰਿਰੱਥਕ ਧਨ ਨਾਸ਼ ਕਰਨ ਦੇ ਦੋਸ਼ੀ ਹਨ। ਕੁੰਭ ਆਦਿਕ ਇੱਕ ਮੇਲੇ ਤੇ ਖਰਚ ਕੀਤਾ ਧਨ ਦੇਸ਼ ਵਿੱਚ ਵਿਦਿਆ ਅਤੇ ਹੁਨਰ ਫੈਲਾ ਕੇ ਦ੍ਰਿਦਰ ਦਸ਼ਾ ਦੂਰ ਕਰ ਸਕਦਾ ਹੈ।
ਤੀਰਥਾਂ ਦੀ ਹੋਂਦ-ਅਸਲ ਵਿੱਚ ਪੁਰਾਣੇ ਸਮੇਂ ਅੱਜ ਵਰਗੇ ਵਿਕਸਿਤ ਸਾਧਨ ਨਹੀਂ ਸਨ, ਇਸ ਕਰਕੇ ਸਿਆਣੇ ਲੋਕਾਂ ਨੇ ਜਲ-ਪਾਣੀ ਦੀ ਲੋੜ ਨੂੰ ਮੁੱਖ ਰੱਖ ਕੇ ਤੀਰਥ ਸਰੋਵਰ ਤਿਆਰ ਕੀਤੇ। ਪਹਿਲੇ ਲੋਕ ਨਦੀਆਂ, ਨਾਲਿਆਂ, ਦਰਿਆਵਾਂ ਅਤੇ ਝਰਨਿਆਂ ਆਦਿਕ ਤੋਂ ਹੀ ਕੁਦਰਤੀ ਪਾਣੀ ਪੀਣ, ਨਹਾਉਣ, ਕਪੜੇ ਧੋਣ ਅਤੇ ਸਫਾਈ ਆਦਿਕ ਲਈ ਵਰਤੋਂ ਕਰਦੇ ਪਰ ਹਰ ਥਾਂ ਤੇ ਦਰਿਆ ਸਮੁੰਦਰ ਨਦੀਆਂ ਨਹੀਂ ਹੁੰਦੇ ਸਨ। ਲੋਕਾਂ ਨੇ ਪਾਣੀ ਵਰਤੋਂ ਦੀ ਸਹੂਲਤ ਲਈ, ਟੋਭੇ, ਸਰੋਵਰ ਤੀਰਥ ਆਦਿਕ ਬਣਾਏ। (ਜਿਵੇਂ ਅੱਜ ਵੀ ਕੁਦਰਤੀ ਵਰਖਾ ਦੇ ਪਾਣੀ ਤੋਂ ਲਾਭ ਉਠਾਅਣ ਲਈ ਡੈਮ ਆਦਿਕ ਬਣਾਏ ਜਾਂਦੇ ਹਨ) ਇਨ੍ਹਾਂ ਹੀ ਨਦੀਆਂ, ਨਾਲਿਆਂ ਅਤੇ ਦਰਿਆਵਾਂ ਦੇ ਕੰਢੇ ਵਿਸ਼ੇਸ਼ ਭੇਖ ਧਾਰ ਕੇ ਲੋਕਾਂ ਦੀ ਨਿਗ੍ਹਾ ਵਿੱਚ ਧਰਮੀ ਦਿਸਣ ਵਾਲੇ ਭੇਖੀਆਂ ਨੇ ਆਪਣੇ ਪੱਕੇ ਡੇਰੇ ਬਣਾ ਲਏ। ਆਪੋ ਆਪਣੇ ਥਾਂ ਡੇਰੇ ਨੇੜਲੇ ਪਾਣੀ ਆਦਿਕ ਦੀ ਵੱਖਰੀ-2 ਵਿਸ਼ੇਸ਼ ਮਹਾਂਨਤਾ ਅਤੇ ਉਨ੍ਹਾਂ ਦੀ ਪੂਜਾ ਇਸ਼ਨਾਨ ਦੇ ਵੀ ਵੱਖਰੇ-2 ਮਹਾਤਮ ਦੱਸਣੇ ਸ਼ੁਰੂ ਕਰ ਦਿੱਤੇ ਕਿ ਇਨ੍ਹਾਂ ਤੀਰਥਾਂ ਤੇ ਸ਼ਰਧਾ ਭਾਵਨਾਂ ਨਾਲ ਪੁੰਨ ਦਾਨ ਅਤੇ ਤੀਰਥ ਇਸ਼ਨਾਨ ਕਰਨ ਨਾਲ ਪਾਪ ਧੋਤੇ ਜਾਂਦੇ, ਕਾਮਨਾਵਾਂ ਪੂਰੀਆਂ ਹੁੰਦੀਆਂ ਅਤੇ ਰੋਗ ਆਦਿਕ ਕੱਟੇ ਜਾਂਦੇ ਹਨ। ਪਹਿਲਾਂ ਤਾਂ ਕੁਝ ਚੰਗੇ ਲੋਕਾਂ ਨੇ ਆਂਮ ਲੋਕਾਂ ਦੀ ਸਹੂਲਤ ਲਈ ਤੀਰਥ, ਸਰੋਵਰ ਤੇ ਸਰਾਵਾਂ ਆਦਿਕ ਨਦੀਆਂ-ਦਰਿਆਵਾਂ ਦੇ ਕੰਢੇ ਬਣਾਏ ਸਨ ਪਰ ਚਾਲ ਬਾਜ ਲੋਕਾਂ ਨੇ ਖਾਸ ਕਰ ਬ੍ਰਾਹਮਣ ਸਾਧੂਆਂ ਨੇ ਲੋਕਾਂ ਦੀ ਅਗਿਆਨਤਾ ਦਾ ਨਾਜਾਇਜ ਫਾਇਦਾ ਉਠਾਉਂਦੇ ਹੋਏ, ਆਪਣੇ ਹਲਵੇ-ਮੰਡੇ ਦਾ ਪ੍ਰਬੰਧ ਕਰਨ ਲਈ, ਲੋਕਾਂ ਨੂੰ ਤੀਰਥ ਯਾਤਰਾ ਅਤੇ ਤੀਰਥਾਂ ਤੇ ਵਿਸ਼ੇਸ਼ ਇਸ਼ਨਾਨ ਕਰਨ ਦੇ ਭਰਮੀ ਉਪਦੇਸ਼ ਦੇਣੇ ਸ਼ੁਰੂ ਕਰ ਦਿੱਤੇ। ਇਵੇਂ ਹਰ ਸਾਲ ਤੀਰਥਾਂ ਉੱਤੇ ਮੇਲੇ ਲੱਗਣੇ ਸ਼ੁਰੂ ਹੋ ਕੇ ਪੁੰਨ ਦਾਨ ਰਾਹੀਂ ਚੜ੍ਹਤ-ਚੜਾਵੇ ਪਦਾਰਥ ਆਦਿਕ ਭਾਰੀ ਗਿਣਤੀ ਵਿੱਚ ਚੜ੍ਹਨ ਲੱਗ ਪਏ। ਮੱਸਿਆ, ਪੁੰਨਿਆਂ ਅਤੇ ਸੰਗ੍ਰਾਂਦਾਂ ਆਦਿਕਾਂ ਦੇ ਇਸ਼ਨਾਨ ਦੀ ਵਿਸ਼ੇਸ਼ ਮਹਾਨਤਾ ਦੱਸੀ ਜਾਣ ਲੱਗ ਪਈ।
ਪਹਿਲਾਂ ਅੱਜ ਵਰਗੇ ਆਵਾਜਾਈ ਦੇ ਸਾਧਨ ਨਹੀਂ ਸਨ ਇਸ ਕਰਕੇ ਲੋਕ ਸਾਲਾਂਬੱਧੀ ਜਿਵੇਂ 6 ਸਾਲਾਂ ਬਾਅਦ ਅਰਧ ਕੁੰਭ, 12 ਸਾਲਾਂ ਬਾਅਦ ਸੰਪੂਰਨ ਕੁੰਭ ਆਦਿਕ ਦੇ ਇਸ਼ਨਾਨਾਂ ਤੇ ਜਾਂਦੇ ਸਨ। ਜਿਵੇਂ-ਜਿਵੇਂ ਆਵਾਜਾਈ ਦੇ ਸਾਧਨ ਵਿਗਸਿਤ ਹੁੰਦੇ ਗਏ ਓਵੇਂ-ਓਵੇਂ ਚਾਲ-ਬਾਜ ਧਰਮ ਭੇਖੀਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਲ ਵਿੱਚ ਦੋ ਵਾਰ ਤੀਰਥ ਇਸ਼ਨਾਨ ਦਾ ਮਹਾਤਮ ਜਿਆਦਾ ਹੈ। ਵੱਖ-ਵੱਖ ਤੀਰਥ ਅਸਥਾਂਨਾ ਦੇ ਵੱਖਰੇ-ਵੱਖਰੇ ਸਮੇਂ ਨਿਯਤ ਕਰ ਦਿੱਤੇ ਗਏ। ਤੀਰਥਾਂ ਦੀ ਗਿਣਤੀ 68 ਮਿਥ ਲਈ ਗਈ, ਹਰ ਮਹੀਨੇ ਸੰਗ੍ਰਾਂਦ, ਮੱਸਿਆ, ਪੂਰਨਮਾਸ਼ੀ ਆਦਿਕ ਦਾ ਇਸ਼ਨਾਨ ਕਰਨਾ ਭਾਵ ਐਨੀਆਂ ਸੰਗ੍ਰਾਂਦਾਂ, ਐਨੀਆਂ ਮੱਸਿਆ ਅਤੇ ਐਨੀਆਂ ਪੁੰਨਿਆਂ ਪੈਂਚਕਾਂ ਆਦਿਕ ਨ੍ਹਾਉਗੇ ਤਾਂ ਵੱਧ ਫਲ ਮਿਲੇਗਾ। ਲੋਕਾਂ ਦੀਆਂ ਮੁੱਖ ਸਹੂਲਤਾਂ ਲਈ ਬਣੇ ਅਸਥਾਨਾਂ ਨੂੰ ਤੀਰਥ ਮਸ਼ਹੂਰ ਕਰ ਦਿੱਤਾ ਗਿਆ। ਇਵੇਂ ਉਨ੍ਹਾਂ ਥਾਵਾਂ ਦਾ ਅਸਲੀ ਭਾਵ ਹੀ ਖਤਮ ਹੋ ਗਿਆ ਤੇ ਕੇਵਲ ਸੁੱਖਾਂ ਸੁੱਖਣੀਆਂ ਅਤੇ ਮਨੋਕਾਮਨਾ ਪੂਰੀਆਂ ਹੋਣ ਦਾ ਪ੍ਰਚਲਤ ਕੀਤਾ ਭਰਮ ਹੀ ਰਹਿ ਗਿਆ, ਜਿਸ ਦੇ ਜਰੀਏ ਲੋਟੂ ਸਾਧ-ਸੰਤ, ਮਹੰਤ ਅਤੇ ਬ੍ਰਾਹਮਣ ਭੇਖੀ ਧਰਮੀ ਆਦਿਕ ਆਗੂ ਜਨਤਾ ਨੂੰ ਲੁੱਟਦੇ ਅਤੇ ਅੱਜ ਵੀ ਅਜਿਹੇ ਭੇਖਧਾਰੀ ਡੇਰੇਦਾਰ ਵਹਿਮੀ ਤੇ ਅਗਿਆਨੀ ਲੋਕਾਂ ਨੂੰ ਭਰਮਚੱਕ੍ਰਾਂ ਵਿੱਚ ਪਾ ਕੇ ਲੁੱਟੀ ਜਾ ਰਹੇ ਹਨ।
ਸਚੇ ਗਿਆਨ ਦੇ ਧਾਰਨੀ ਭਗਤਾਂ, ਗੁਰੂਆਂ ਅਤੇ ਭਲੇ ਲੋਕਾਂ ਨੇ ਆਮ ਲੋਕਾਈ ਨੂੰ ਭਰਮਾਂ ਚੋਂ ਕੱਢਣ ਲਈ ਇਨ੍ਹਾਂ ਮੰਨੇ ਗਏ ਤੀਰਥਾਂ ਤੇ ਜਾਣਾ ਸ਼ੁਰੂ ਕਰ ਦਿੱਤਾ ਕਿਉਂਕਿ ਤੀਰਥ ਆਦਿਕ ਥਾਵਾਂ ਤੇ ਬਹੁਤੇ ਲੋਕਾਂ ਨੂੰ ਥੋੜੇ ਸਮੇਂ ਵਿੱਚ ਉਪਦੇਸ਼ ਦਿੱਤਾ ਜਾ ਸਕਦਾ ਸੀ। ਲੋਕਾਈ ਦੇ ਉਧਾਰ ਵਾਸਤੇ ਗੁਰੂ ਸਹਿਬਾਂਨ ਵੀ ਤੀਰਥਾਂ ਤੇ ਗਏ-ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ॥(1116) ਭਾਈ ਗੁਰਦਾਸ ਜੀ ਵੀ ਤੀਰਥ ਇਸ਼ਨਾਨਾਂ ਦੇ ਫੋਕਟ ਭਰਮ ਬਾਰੇ ਲ਼ਿਖਦੇ ਹਨ ਕਿ ਬਾਬਾ ਨਾਨਕ ਜੀ ਤੀਰਥਾਂ ਤੇ ਕਿਉਂ ਗਏ? ਬਾਬਾ ਆਇਆ ਤੀਰਥੈਂ ਤੀਰਥ ਪੁਰਬਿ ਸਭੇ ਫਿਰਿ ਦੇਖੈ। ਪੁਰਬ ਧਰਮ ਬਹੁ ਕਰਮ ਕਰਿ ਭਾਉ ਭਗਤਿ ਬਿਨੁ ਕਿਤੇ ਨ ਲੇਖੈ। ਭਾਉ ਨਾ ਬ੍ਰਹਮੈ ਲਿਖਿਆ ਚਾਰਿ ਬੇਦਿ ਸਿੰਮ੍ਰਿਤਿ ਪੜਿ ਪੇਖੈ। ਢੂੰਢੀ ਸਗਲੀ ਪ੍ਰਿਥਵੀ ਸਤਿਜੁਗਿ ਆਦਿ ਦੁਆਪਰ ਤ੍ਰੇਤੈ। ਕਲਿਜੁਗਿ ਧੁੰਧੂਕਾਰ ਹੈ ਭਰਮਿ ਭਲਾਈ ਬਹੁ ਬਿਧਿ ਭੇਖੈ। ਭੇਖੀਂ ਪ੍ਰਭੂ ਨ ਪਾਈਐ ਆਪੁ ਗਵਾਏ ਰੂਪ ਨ ਰੇਖੈ॥25॥(ਵਾਰ-1 ਪਾਉੜੀ 25ਵੀਂ)
ਗੁਰਮਤਿ ਦੁਆਰਾ ਤੀਰਥ ਮਨੌਤਾਂ ਦਾ ਭਰਵਾਂ ਖੰਡਨ -ਤੀਰਥ ਨ੍ਹਾਵਾ ਜੇ ਤਿਸੁ ਭਾਵਾਂ ਵਿਣ ਭਾਣੇ ਕਿ ਨ੍ਹਾਇ ਕਰੀਂ (ਜਪੁ) ਤੀਰਥ ਦੇਖਿ ਨ ਜਲ ਮਹਿ ਪੈਸਉਂ ਜੀਅ ਜੰਤ ਨ ਸਤਾਵਉਂਗੋ॥ ਅਠਸਠਿ ਤੀਰਥ ਗੁਰੂ ਦਿਖਾਏ ਘਟਿ ਹੀ ਤੀਰਥ ਨ੍ਹਾਉਂਗੋ (ਨਾਮਦੇਵ-973) ਤੀਰਥ ਨਾਇ ਨ ਉਤਰਸਿ ਮੈਲੁ॥ਕਰਮ ਧਰਮ ਸਭਿ ਹਉਮੈ ਫੈਲੁ (890) ਬ੍ਰਾਹਮਣੀ ਭਰਮਗੜ੍ਹ ਤੇ ਜਬਰਦਸਤ ਹਮਲਾ ਕਰਦੇ ਹੋਏ ਭਗਤ ਕਬੀਰ ਜੀ ਵੀ ਫੁਰਮਾਂਦੇ ਹਨ-ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨਾ ਜਾਨਾ॥ਲੋਕ ਪਤੀਣੇ ਕਛੂ ਨ ਹੋਵੈ ਨਾਹੀਂ ਰਾਮ ਅਯਾਨਾ॥1॥ਪੂਜਹੁ ਰਾਮ ਏਕ ਹੀ ਦੇਵਾ॥ਸਾਚਾ ਨਾਵਣ ਗੁਰ ਕੀ ਸੇਵਾ॥1॥ਰਹਾਉ॥ ਜਲ ਕੈ ਮਜਨਿ ਜੇ ਗਤਿ ਹੋਵੇ ਨਿਤ ਨਿਤ ਮੇਂਡੁਕ ਨਾਵਹਿ॥ ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ॥2॥ (ਆਸਾ ਭਗਤ ਕਬੀਰ ਜੀ) ਜਨ ਕੇ ਚਰਨ ਤੀਰਥ ਕੋਟਿ ਗੰਗਾ॥(ਬਿਲਾਵਲੁ ਮਹਲਾ 5) ਭਾਈ ਗੁਰਦਾਸ ਜੀ ਵੀ ਫੁਰਮਾਦੇ ਹਨ ਕਿ -ਸਤਿਗੁਰ ਤੀਰਥ ਛਡਿ ਕੈ ਅਠਸਠਿ ਤੀਰਥਿ ਨਾਵਣ ਜਾਹੀਂ।(ਵਾਰ 15ਵੀਂ ਪਾਉੜੀ 10ਵੀਂ) ਗੰਗਾ ਆਦਿਕ ਤੀਰਥ ਨਹਿ ਜਾਵੈਂ। ਸੂਤਕ ਪਾਤਕ ਨਹਿ ਮਨਾਵੈਂ। (ਨਵੀਨ ਪੰਥ ਪ੍ਰਕਾਸ਼ ਅਧਿਯਾਇ 74)
ਤੀਰਥਾਂ ਤੇ ਛੂਆ-ਛਾਤ ਦਾ ਭਰਮ-ਸ਼ੂਦਰ ਤੀਰਥ ਇਸ਼ਨਾਨ ਨਹੀਂ ਕਰ ਸਕਦਾ ਕਿਉਂਕਿ ਸ਼ੂਦਰ ਦੇ ਨਹਾਉਣ ਨਾਲ ਤੀਰਥ ਭਿਟਿਆ ਗਿਆ ਸਮਝਿਆ ਜਾਂਦਾ ਹੈ-ਜਾਂ ਕੀ ਛੋਤੁ ਜਗਤ ਕਉ ਲਾਗੇ॥(ਰਵਿਦਾਸ ਜੀ) ਗੁਰੂ ਸਾਹਿਬਾਨ ਨੇ ਉਸ ਵੇਲੇ ਦੀ ਲੋੜ ਨੂੰ ਮੁੱਖ ਰੱਖ ਕੇ ਤੀਰਥ, ਸਰੋਵਰ, ਬਾਉਲੀਆਂ ਅਤੇ ਖੂਹ ਆਦਕਿ ਬਣਵਾਏ ਜਿਥੇ ਹਰ ਜਾਤੀ, ਮਜ਼ਹਬ ਦਾ ਇਨਸਾਨ ਪਾਣੀ ਪੀ ਤੇ ਨਹਾ ਸਕਦਾ ਹੈ। ਊਚ-ਨੀਚ ਦਾ ਕੋਈ ਭਰਮ ਨਹੀਂ ਅਤੇ ਨਾਂ ਹੀ ਕੋਈ ਮਹਾਤਮ ਦੱਸਿਆ ਜਾਂਦਾ ਹੈ-ਜਲ ਕੇ ਮਜਨਿ ਜੇ ਗਤਿ ਹੋਵੇ ਨਿਤ ਨਿਤ ਮੇਂਡੁਕ ਨਾਵਹਿ॥ਜੈਸੇ ਮੇਂਡਕ ਤੈਸੇ ਓਇ ਨਰ ਫਿਰਿ-ਫਿਰਿ ਜੋਨੀ ਆਵਹਿ॥(ਆਸਾ ਕਬੀਰ ਜੀ) ਜਲ ਨਾਲ ਤਾਂ ਕੇਵਲ ਪਿਆਸ ਬੁਝਾਈ ਜਾ ਸਕਦੀ ਹੈ, ਸਰੀਰ ਅਤੇ ਕਪੜੇ ਆਦਿਕ ਧੋਤੇ ਜਾ ਸਕਦੇ ਹਨ ਪਰ ਮਨ ਨਹੀਂ ਧੋਤਾ ਜਾ ਸਕਦਾ-ਤਨਿ ਧੋਤੇ ਮਨੁ ਹਛਾ ਨ ਹੋਇ॥(558) ਅੰਤਰਿ ਮੈਲੁ ਲਗੀ ਨਹੀ ਜਾਣੈ॥ਬਾਹਰੋ ਮਲਿ ਮਲਿ ਧੋਵੈ॥(139)
ਅਨਮਤੀਆਂ ਦੀ ਦੇਖਾ-ਦੇਖੀ ਅਤੇ ਅਨਮਤੀ ਰੀਤਾਂ ਸੰਤਾਂ-ਮਹੰਤਾਂ ਰਾਹੀਂ ਸਿੱਖ ਮਤਿ ਵਿੱਚ ਆ ਜਾਣ ਕਾਰਣ ਅੱਜ ਸਾਡੀ ਕੌਮ ਵਿੱਚ ਵੀ ਤੀਰਥ ਭਰਮ ਪੈਦਾ ਕਰ ਦਿੱਤੇ ਗਏ ਹਨ। ਅੱਜ ਜਦ ਪਾਣੀ ਸਾਧਨਾਂ ਦੀ ਕੋਈ ਘਾਟ ਨਹੀਂ ਫਿਰ ਵੀ ਧੜਾ-ਧੜ ਤੀਰਥ ਸਰੋਵਰ ਬਣਾਏ ਜਾ ਰਹੇ ਹਨ। ਕੌਮ ਦਾ ਕੀਮਤੀ ਸਰਮਾਇਆ ਸੋਨੇ ਦੇ ਕਲਸਾਂ, ਸੰਗਮਰਮਰੀ ਬਿਲਡਿੰਗਾਂ, ਤੀਰਥਾਂ ਸਰੋਵਰਾਂ ਅਤੇ ਵੋਟਾਂ ਬਟੋਰਨ ਤੇ ਬਰਬਾਦ ਕੀਤਾ ਜਾ ਰਿਹਾ ਹੈ। ਅੱਜ ਗੁਰਿਦੁਆਰਿਆਂ ਵਿੱਚ ਵੀ ਮੱਸਿਆ, ਪੁੰਨਿਆਂ, ਪੈਂਚਕਾਂ ਅਤੇ ਸੰਗ੍ਰਾਂਦਾਂ ਆਦਿਕ ਨ੍ਹਾਉਣ ਦਾ ਮਹਾਤਮ ਦਰਸਾਇਆ ਜਾ ਰਿਹਾ ਹੈ। ਭਾਰੀ ਗਿਣਤੀ ਵਿੱਚ ਕੇਸਧਾਰੀ ਸਿੱਖ ਵੀ ਸੁੱਖੀਆਂ-ਸੁਖਾਈਆਂ ਮੱਸਿਆ, ਪੁੰਨਿਆਂ ਸੰਗ੍ਰਾਂਦਾ ਨਹਾ ਕੇ ਸਮਝ ਰਹੇ ਹਨ ਕਿ ਇਵੇਂ ਕਰਨ ਨਾਲ ਪਾਪ ਧੋਤੇ ਜਾਣਗੇ। ਇਨ੍ਹਾਂ ਨੂੰ ਇਹ ਵੀ ਪਤਾ ਨਹੀਂ ਕਿ ਕਦੇ ਪਾਣੀ ਨਾਲ ਵੀ ਪਾਪ ਧੁਪ ਸਕਦੇ ਹਨ? ਇਸ ਬਾਰੇ ਜਪੁਜੀ ਸਾਹਿਬ ਵਿੱਚ ਸਾਫ ਲਿਖਿਆ ਹੈ-ਭਰੀਐ ਮਤਿ ਪਾਪਾਂ ਕੈ ਸੰਗਿ ਉਹ ਧੋਪੈ ਨਾਵੈ ਕੈ ਰੰਗਿ॥(ਜਪੁਜੀ) ਪਾਪਾਂ ਗੁਨਾਹਾਂ ਆਦਿ ਨਾਲ ਭਰੀ ਮਤਿ ਤਾਂ ਨਾਮ ਰੂਪੀ ਪਾਣੀ ਨਾਲ ਧੁਪ ਸਕਦੀ ਹੈ ਨਾਂ ਕਿ ਤੀਰਥ ਨ੍ਹਾਉਂਣ ਨਾਲ। ਇਹ ਭਰਮ ਕਿ ਤੀਰਥ ਨ੍ਹਾਉਂਣ ਨਾਲ ਪਾਪ ਦੂਰ ਹੋ ਜਾਂਦੇ ਹਨ। ਇਸ ਲਈ ਨਿਸ਼ੰਗ ਹੋ ਕੇ ਹੋਰ ਪਾਪ ਕਰਦੇ ਹਨ-ਪਾਪ ਕਰਹਿ ਪੰਚਾਂ ਕੇ ਬਸਿ ਰੇ॥ ਤੀਰਥ ਨ੍ਹਾਇ ਕਹਹਿ ਸਭ ਉਤਰੈ॥ ਬਹੁਰਿ ਕਮਾਵਹਿ ਹੋਹਿ ਨਿਸੰਕੁ॥ ਤਿਨ ਕਉ ਬਾਂਧਿ ਖਰਹਿ ਕਾਲੰਖੁ (1348)
ਗੁਰੂ ਸਾਹਿਬ ਤਾਂ ਗੁਰਬਾਣੀ ਸੰਗਤ ਨੂੰ ਹੀ ਮਹਾਨਤਾਂ ਦਿੰਦੇ ਹਨ ਕਿ-ਰਾਮਦਾਸ ਸਰੋਵਰ ਨ੍ਹਾਤੇ॥ ਸਭ ਉਤਰੇ ਪਾਪ ਕਮਾਤੇ॥ ਨਿਰਮਲ ਹੋਇ ਕਰਿ ਇਸ਼ਨਾਨਾ ਸਾਧ ਸੰਗਤਿ ਮਿਲਿ ਕੀਨੋ ਦਾਨਾਂ॥(625-ਮ:5) ਰਾਮਦਾਸ ਬਹੁ ਵਚਨ ਲਫ਼ਜ ਹੈ ਜਿਸ ਦਾ ਮਤਲਬ ਹੈ ਰਾਮ ਦੇ ਦਾਸ ਭਾਵ ਭਲੇ ਪੁਰਖ ਭਾਵ ਸਤਸੰਗੀਆਂ ਦੇ ਸਰੋਵਰ ਵਿੱਚ ਪ੍ਰਭੂ ਪ੍ਰਮਾਤਮਾਂ ਦੇ ਵਿਚਾਰ ਜਲ ਵਿੱਚ ਨ੍ਹਾਉਂਣ ਕਰਕੇ, ਮਨ ਬੁਰੇ ਕਰਮਾਂ ਵਲੋਂ ਹਟ ਜਾਂਦਾ ਹੈ ਪਰ ਜੇ ਸੌ-ਸੌ ਵਾਰ ਤੀਰਥ ਨਹਾ ਕੇ ਵੀ ਛੂਆ-ਛਾਤ, ਜਾਤਿ-ਪਾਤਿ, ਊਚ-ਨੀਚ ਅਤੇ ਨਫਰਤ ਆਦਿਕ ਨਾਂ ਗਈ ਤਾਂ-ਤੀਰਥ ਨ੍ਹਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ॥(61-ਮ:1) ਗੁਰਮਤਿ ਤਾਂ ਤੀਰਥ ਇਸ਼ਨਾਨ ਆਦਿਕ ਭਰਮਾਂ ਦਾ ਭਰਵਾਂ ਖੰਡਨ ਕਰਦੀ ਹੈ ਪਰ ਸਿੱਖਾਂ ਵਿੱਚ ਡੇਰੇ ਬਣਾਈ ਬੈਠੇ, ਸਾਧ-ਸੰਤ ਅਤੇ ਉਨ੍ਹਾਂ ਦੇ ਅਨੁਯਾਈ, ਮੰਡਨ ਕਰਦੇ ਹੋਏ, ਗੁਰਮਤਿ ਨੂੰ ਛਿੱਕੇ ਟੰਗ, ਸਭ ਭਰਮ ਕਰੀ ਕਰਾਈ ਜਾ ਰਹੇ ਹਨ। ਇੱਥੋਂ ਤੱਕ ਕਿ *ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਕਮੇਟੀ* ਵੀ ਅੱਖਾਂ ਮੀਟ ਕੇ ਸਭ ਕੁਝ ਹੁੰਦਾ ਦੇਖੀ ਹੀ ਨਹੀਂ ਜਾ ਰਹੀ ਸਗੋਂ ਭੇਖੀ ਸਾਧਾਂ-ਸੰਤਾਂ ਨੂੰ ਇਹ ਤੀਰਥਾਂ-ਸਰੋਵਰਾਂ ਆਦਿ ਦੀ ਕਾਰ ਸੇਵਾ ਵੀ ਠੇਕੇ ਤੇ ਦੇਈ ਜਾ ਰਹੀ ਹੈ ਅਤੇ ਹੁਣ ਜਨਵਰੀ 2013 ਵਾਲੇ ਹਿੰਦੂਆਂ ਦੇ ਹਰਿਦੁਆਰ ਵਿਖੇ ਮਹਾਂ ਕੁੰਭ ਮੇਲੇ ਤੇ ਰਾਸ਼ਟਰੀਆ ਸਿੱਖ ਸੰਗਤ ਦੇ ਸੱਦੇ ਤੇ, ਸਾਧੂ ਅਖਵਾਉਣ ਵਾਲੇ ਅਲਫ ਨੰਗੇ ਵਣਮਾਨਸਾਂ ਨੂੰ ਲੰਗਰ ਛਕਾ ਕੇ-ਨਗਨ ਫਿਰਤ ਜੌ ਪਾਈਐ ਜੋਗੁ॥ ਬਨ ਕਾ ਮਿਰਗੁ ਮੁਕਤਿ ਸਭੁ ਹੋਗੁ॥(324) ਵਾਲੇ ਫੁਰਮਾਨ ਦਾ ਦੀਵਾਲੀਆ ਕੱਢ ਆਈ ਹੈ।ਗੁਰਮਤਿ ਤੋਂ ਬਾਗੀ ਹੋ ਕੇ ਬਹੁਤੇ ਸਿੱਖ ਲੀਡਰ ਚਾਹੇ ਉਹ ਧਾਰਮਿਕ ਹਨ ਜਾਂ ਰਾਜਨੀਤਕ ਵੋਟਾਂ ਅਤੇ ਚੌਧਰ ਦੀ ਖਾਤਿਰ ਇਨ੍ਹਾਂ ਭੇਖੀ ਸਾਧਾਂ-ਸੰਤਾਂ ਦੇ ਡੇਰਿਆਂ ਤੇ ਜਾ ਕੇ ਮੱਥੇ ਰਗੜਦੇ ਹੋਏ, ਸਭ ਕਰਮ ਕਾਂਡ ਅਤੇ ਭਰਮ ਕਬੂਲਣ ਦੀ ਮੋਹਰ ਲਾ ਰਹੇ ਹਨ।
ਅੱਜ ਸਾਨੂੰ ਗੁਰਮਤਿ ਦੀ ਸੋਝੀ ਰੱਖਣ ਵਾਲੇ ਅਤੇ ਗੁਰਮਤਿ ਅਭਿਲਾਖੀ ਸਭ ਮਾਈ-ਭਾਈ ਨੂੰ, ਤੀਰਥ ਇਸ਼ਨਾਨਾਂ ਦਾ ਭਰਮ ਛੱਡ ਕੇ, ਗੁਰਬਾਣੀ ਰੂਪੀ ਤੀਰਥ ਵਿੱਚ ਨਹਾ ਕੇ, ਮਨ ਦੀ ਸਫਾਈ ਅਤੇ ਲੋਕ ਭਲਾਈ ਲਈ ਦੇਸ਼ਾਂ-ਵਿਦੇਸ਼ਾਂ, ਸ਼ਹਿਰਾਂ, ਪਿੰਡਾਂ ਅਤੇ ਕਸਬਿਆਂ ਵਿੱਚ ਗੁਰਬਾਣੀ ਪਾਠ-ਵਿਚਾਰ-ਸੰਥਿਆ ਦੇ ਸਕੂਲਾਂ ਰੂਪੀ ਤੀਰਥ ਸਰੋਵਰ ਕਾਇਮ ਕਰਨੇ ਚਾਹੀਦੇ ਹਨ ਜਿੱਥੇ ਕਰਮਕਾਂਡੀ ਅਤੇ ਭਰਮੀ ਮਨਾਂ ਨੂੰ, ਗੁਰਬਾਣੀ ਉਪਦੇਸ਼ ਵਿਚਾਰ ਰੂਪੀ ਪਵਿਤਰ ਜਲ ਨਾਲ ਧੋਤਾ ਜਾ ਸਕੇ। ਹਰੇਕ ਗੁਰਦੁਆਰਾ ਹੀ ਤੀਰਥ ਹੈ ਜਿਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰੂਪੀ ਪਵਿੱਤਰ ਜਲ ਭਰਿਆ ਪਿਆ ਹੈ-ਤੀਰਥ ਨਾਵਣ ਜਾਉ ਤੀਰਥ ਨਾਮ ਹੈ (687) ਭਾਈ ਗੁਰਦਾਸ ਜੀ ਵੀ ਭਰਮੀ ਲੋਕਾਂ ਬਾਰੇ, ਜੋ ਸੱਚੇ ਪਵਿੱਤਰ ਸਤਿਗੁਰੂ ਤੀਰਥ ਨੂੰ ਛੱਡ ਕੇ, ਭੇਖੀ ਸਾਧਾਂ-ਸੰਤਾਂ, ਡੇਰਾਵਾਦੀਆਂ ਅਤੇ ਸੰਪ੍ਰਦਾਈਆਂ ਆਦਿਕ ਦੇ ਪਾਏ ਭਰਮ ਜੋ ਤੀਰਥਾਂ ਉੱਪਰ ਮੱਸਿਆਂ, ਪੁੰਨਿਆਂ ਅਤੇ ਸੰਗ੍ਰਾਂਦਾਂ ਨਹਾ ਰਹੇ ਹਨ, ਉਨ੍ਹਾਂ ਦਾ ਪੜਦਾਫਾਸ਼ ਕਰਦੇ ਹੋਏ, ਡੰਕੇ ਦੀ ਚੋਟ ਨਾਲ ਕਹਿੰਦੇ ਹਨ ਕਿ-ਸਤਿਗੁਰ ਤੀਰਥ ਛਡਿ ਕੈ ਅਠਸਠਿ ਤੀਰਥ ਨਾਵਣ ਜਾਹੀਂ। ਨਦੀ ਨ ਡੁੱਬੇ ਤੂੰਬੜੀ ਤੀਰਥ ਵਿਸੁ ਨਿਵਾਰੇ ਨਾਹੀਂ। (ਵਾਰ 15ਵੀਂ ਪਉੜੀ 10ਵੀਂ) ਸਿੱਖ ਵਾਸਤੇ ਪ੍ਰਮੁੱਖ ਗੁਰਬਾਣੀ ਹੈ ਨਾਂ ਕਿ ਕੋਈ ਸਾਧ-ਸੰਤ ਜਾਂ ਉਸ ਰਾਹੀਂ ਚਲਾਇਆ ਕੋਈ ਭਰਮ-ਕੇਵਲ ਨਾਮ ਜਪੋ ਰੇ ਪ੍ਰਾਣੀ ਛੋਡਹੁ ਮਨ ਕੇ ਭਰਮਾਂ॥(ਭਗਤ ਕਬੀਰ) ਗੁਰੂ ਜੀ ਬਾਰ ਬਾਰ ਇਹ ਹੀ ਕਹਿ ਰਹੇ ਹਨ ਕਿ ਮਨ ਦੇ ਭਰਮ ਭੁਲੇਖਿਆਂ ਨੂੰ ਛੱਡ ਦਿਓ ਕਿਉਂਕਿ ਗੁਰੂ ਗਿਆਨ ਤੋਂ ਬਿਨਾਂ ਚਲੀਸੇ ਕੱਟ-ਕੱਟ ਕੇ ਅਤੇ ਗਿਣਤੀ ਮਿਣਤੀ ਦੇ ਪਾਠ ਕਰ-ਕਰ ਕੇ ਅਤੇ ਮੱਸਿਆ-ਪੁੰਨਿਆਂ-ਸੰਗ੍ਰਾਂਦਾਂ ਆਦਿਕ ਵਾਲੇ ਦਿਨਾਂ ਨੂੰ ਕਿਸੇ ਵੀ ਤੀਰਥ ਉੱਤੇ ਇਸ਼ਨਾਨ ਕਰਕੇ, ਨਾ ਮਨ ਕਰਕੇ ਪਵਿਤਰ ਹੋਇਆ ਜਾ ਸਕਦਾ ਹੈ ਅਤੇ ਨਾਂ ਹੀ ਭਵਜਲ ਸੰਸਾਰ ਤੋਂ ਤਰਿਆ ਜਾ ਸਕਦਾ ਹੈ। ਗੁਰ ਫੁਰਮਾਨ ਹੈ-ਮਤਿ ਕੋ ਭਰਮ ਭੁਲੇ ਸੰਸਾਰਿ॥ ਗੁਰਿ ਬਿਨ ਕੋਇ ਨ ਉਤਰਸਿ ਪਾਰਿ (864) ਅੰਤ ਵਿੱਚ ਇਹ ਲੇਖ ਇਸ ਫੁਰਮਾਨ ਨਾਲ ਸਮਾਪਤ ਕਰਦੇ ਹਾਂ ਕਿ-ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ॥ਲੋਕ ਪਤੀਣੇ ਕਛੂ ਨ ਹੋਵੇ ਨਾਹੀ ਰਾਮੁ ਅਯਾਣਾ॥1॥ਪੂਜਹੁ ਰਾਮੁ ਏਕੁ ਹੀ ਦੇਵਾ॥ਸਾਚਾ ਨਾਵਣੁ ਗੁਰ ਕੀ ਸੇਵਾ॥1॥ਰਹਾਉ॥ਜਲ ਕੈ ਮਜਨਿ ਜੇ ਗਤਿ ਹੋਵੈ॥ ਨਿਤ ਨਿਤ ਮੇਂਡੁਕ ਨਾਵਹਿ॥ ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ॥2॥(484) ਗੁਰਮਤਿ ਤੀਰਥਾਂ ਤੇ ਜਾ ਕੇ ਸੱਚ ਧਰਮ ਦਾ ਪ੍ਰਚਾਰ ਕਰਨ ਹਾਮੀ ਹੈ ਪਰ ਤੀਰਥਾਂ ਤੇ ਪੁੰਨਿਆਂ, ਮੱਸਿਆ, ਮਾਘੀਆਂ, ਸੰਗ੍ਰਾਂਦਾਂ ਆਦਿਕ ਮੇਲਿਆਂ ਤੇ ਦਾਨ-ਪੁੰਨ ਕਰਕੇ ਜਾਂ ਨਹਾ ਕੇ ਸਮਝਣਾ ਹੁਣ ਪਾਪ ਧੋਤੇ ਗਏ ਹਨ ਅਤੇ ਅਸੀਂ ਪੱਕੇ ਧਰਮੀ ਹਾਂ ਕੇਵਲ ਭਰਮ, ਪਾਖੰਡ ਅਤੇ ਭੇਖੀ ਧਰਮੀਆਂ ਪਾਸ ਲੁੱਟੇ ਜਾਣਾ ਸਮਝਦੀ ਹੈ।

****

No comments: