ਭਾਵੇਂ ਸੱਭਿਆਚਾਰ ਸਿਰਫ਼ ਗੀਤਾਂ ਤੱਕ ਹੀ ਮਹਿਦੂਦ ਨਹੀਂ ਹੁੰਦਾ, ਪਰ ਇਸ ’ਚ ਵੀ ਕੋਈ ਸ਼ੱਕ ਨਹੀਂ ਕਿ ਗੀਤ ਸੱਭਿਆਚਾਰ ਦਾ ਮਹੱਤਵਪੂਰਨ ਅੰਗ ਹੁੰਦੇ ਹਨ।ਅਜੋਕੀ ਪੰਜਾਬੀ ਗਾਇਕੀ ਨੇ ਜਿਸ ਕਦਰ ਪੰਜਾਬੀ ਸੱਭਿਆਚਾਰ ਨੂੰ ਪਲੀਤ ਕਰਕੇ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾਇਆ ਹੈ, ਉਹ ਕਿਸੇ ਸੰਗੀਨ ਜੁਰਮ ਤੋਂ ਘੱਟ ਨਹੀਂ।ਭਾਵੇਂ ਇੰਟਰਨੈੱਟ ਦੇ ਤੇਜ਼ ਪਸਾਰ ਕਾਰਨ ਇਸ ਵਿਚ ਤੇਜ਼ੀ ਆਈ ਹੈ ਫਿਰ ਵੀ ਇਹ ਕੋਈ ਅਚਨਚੇਤ ਵਾਪਰਿਆ ਵਰਤਾਰਾ ਨਹੀਂ ।ਅਸਲ ਵਿਚ ਦੋ-ਅਰਥੀ ਤੇ ਗ਼ੈਰ-ਮਿਆਰੀ ਗਾਇਕੀ ਦਾ ਆਰੰਭ ਅੱਸੀਵਿਆਂ ਵਿਚ ਅਮਰ ਸਿੰਘ ਚਮਕੀਲੇ ਨੇ ਹੀ ਕਰ ਦਿੱਤਾ ਸੀ।ਪਰ ਹੁਣ ਤਾਂ ਚਮਕੀਲਿਆਂ ਦਾ ਹੜ੍ਹ ਜਿਹਾ ਹੀ ਆ ਗਿਆ ਹੈ।ਭਾਵੇਂ ਕਿ ਕਿਸੇ ਗੀਤ ਨੂੰ ਸੁਣਨਯੋਗ/ਦੇਖਣਯੋਗ ਰੂਪ ਵਿਚ ਪ੍ਰਸਤੁਤ ਕਰਨ ਵਿਚ ਗਾਇਕ/ਗਾਇਕਾ ਤੋਂ ਇਲਾਵਾ ਗੀਤਕਾਰ, ਵੀਡੀਓ ਨਿਰਦੇਸ਼ਕ ਅਤੇ ਪ੍ਰੋਡਿਊਸਰ ਵੀ ਜ਼ਿੰਮੇਵਾਰ ਹੁੰਦੇ ਹਨ ਤੇ ਬਾਅਦ ਵਿਚ ਗੀਤ ਨੂੰ ਪ੍ਰਮੋਟ ਕਰਨ ਵਾਲ਼ੇ ਚੈਨਲਾਂ ਨੂੰ ਵੀ ਇਸ ਜੁਰਮ ਤੋਂ ਬਰੀ ਨਹੀਂ ਕੀਤਾ ਜਾ ਸਕਦਾ, ਪਰ ਅਗਰਭੂਮੀ ਵਿਚ ਗਾਇਕ/ਗਾਇਕਾ ਹੀ ਹੋਣ ਕਾਰਨ ਸਭ ਤੋਂ ਵੱਡੀ ਜ਼ਿੰਮੇਵਾਰੀ ਓਸੇ ਦੀ ਹੁੰਦੀ ਹੈ।ਅੱਜ ਇਹਨਾਂ ਵਿਚੋਂ ਬਹੁਗਿਣਤੀ ਲੋਕ ਬਾਜ਼ਾਰੀ ਮਾਨਸਿਕਤਾ ਵਿਚ ਗ੍ਰਸੇ ਜਾਣ ਕਾਰਨ ਆਪਣੀ ਜ਼ਿੰਮੇਵਾਰੀ ਭੁੱਲੀ ਬੈਠੇ ਹਨ। ਇਸ ਦਾ ਭਾਵ ਇਹ ਵੀ ਨਹੀਂ ਕਿ ਪਹਿਲਾਂ ਸਾਰੇ ਗੀਤ ਚੰਗੇ ਹੀ ਹੁੰਦੇ ਸਨ, ਪਰ ਜਿਸ ਕਿਸਮ ਦੇ ਨਿਘਾਰ ਦੀ ਰਫ਼ਤਾਰ ਅਜੋਕੇ ਅਖੌਤੀ ਵਿਸ਼ਵੀਕਰਨ ਦੇ ਦੌਰ ਵਿਚ ਦੇਖਣ ਨੂੰ ਮਿਲ ਰਹੀ ਹੈ, ਅਜਿਹਾ ਨਿਰਸੰਦੇਹ ਪਹਿਲਾਂ ਕਦੇ ਨਹੀਂ ਹੋਇਆ।ਇਸ ਵਿਚ ਕੋਈ ਸ਼ੱਕ ਨਹੀਂ ਕਿ ਸਮਾਜ ਵਿਚ ਵੀ ਨਿਘਾਰ ਆ ਚੁੱਕਾ ਹੈ ਤੇ ਇਹ ਨਿਘਾਰ ਸਾਡੇ ਗੀਤ-ਸੰਗੀਤ ਵਿਚ ਵੀ ਝਲਕਣਾ ਸੁਭਾਵਿਕ ਸੀ, ਕਿਉਂਕਿ ਕਲਾ ਅਤੇ ਸਮਾਜ ਦਾ ਸੰਬੰਧ ਦਵੰਦਾਤਮਕ ਹੈ।ਪਰ ਕਲਾ ਦਾ ਕੋਈ ਸਮਾਜਕ ਮਨੋਰਥ ਵੀ ਹੁੰਦਾ ਹੈ, ਜਿਸ ਤੋਂ ਸਮਕਾਲੀ ਗੀਤਕਾਰੀ/ਗਾਇਕੀ ਕਾਫ਼ੀ ਹੱਦ ਤੱਕ ਵਿੱਥ ਥਾਪ ਚੁੱਕੀ ਹੈ।ਜਦੋਂ ਕਿਸੇ ਚੀਜ਼ ਨੂੰ ਮੰਡੀ ਦੀਆਂ ਤਾਕਤਾਂ ਸੰਚਾਲਿਤ ਕਰਦੀਆਂ ਹਨ ਤਾਂ ਅਜਿਹਾ ਹੋਣਾ ਸੁਭਾਵਿਕ ਹੀ ਹੁੰਦਾ ਹੈ।
ਅਸਲੀ ਕਲਾ ਅੰਦਰ ਸੱਤਿਅਮ ਸ਼ਿਵਮ ਸੁੰਦਰਮ ਨਾਮਕ ਖ਼ੂਬੀਆਂ ਇਸ ਕਦਰ ਆਤਮਸਾਤ ਹੋਈਆਂ ਹੁੰਦੀਆਂ ਹਨ ਕਿ ਇਹ ਉਸਦਾ ਸੁਭਾਅ ਹੀ ਬਣ ਜਾਂਦਾ ਹੈ।ਪਰ ਅਜੋਕੀ ਗਾਇਕੀ ਕੁਝ ਅਤਿ ਨਾਕਾਰਾਤਮਕ ਕੀਮਤਾਂ ਨੂੰ ਬੜੀ ਨਿਰਲੱਜਤਾ ਨਾਲ਼ ਗਲੋਰੀਫਾਈ ਤੇ ਗਲੈਮਰਾਈਜ਼ ਕਰ ਰਹੀ ਹੈ।ਇਕ ਤਰ੍ਹਾਂ ਨਾਲ ਇਸਨੇ ਨਾਕਾਰਾਤਮਕਤਾ ਦਾ ਪ੍ਰਵਚਨ ਹੀ ਸਿਰਜ ਦਿੱਤਾ ਹੈ।ਨਸ਼ਿਆਂ ਦਾ ਚਲਣ ਅੱਜ ਸਾਡੇ ਸਮਾਜ ਦਾ ਇਕ ਖ਼ਤਰਨਾਕ ਵਰਤਾਰਾ ਬਣ ਚੁੱਕਾ ਹੈ।ਇਸ ਪਿੱਛੇ ਸੱਤਾ ਦੀਆਂ ਨੀਤੀਆਂ ਨੂੰ ਕਸੂਰਵਾਰ ਠਹਿਰਾਏ ਬਿਨਾਂ ਨਹੀਂ ਰਿਹਾ ਜਾ ਸਕਦਾ।ਪਰ ਕਲਾ ਦਾ ਖ਼ਾਸਾ ਪ੍ਰਤਿਰੋਧੀ ਹੋਣਾ ਚਾਹੀਦਾ ਹੈ ਨਾ ਕਿ ਦਰਬਾਰੀ।ਪੰਜਾਬੀ ਗਾਇਕੀ ਦਾ ਖ਼ਾਸਾ ਪੂਰੀ ਤਰ੍ਹਾਂ ਦਰਬਾਰੀ ਬਣ ਚੁੱਕਾ ਹੈ। ਸਮਕਾਲੀ ਪੰਜਾਬੀ ਗਾਇਕੀ ਨਸ਼ਿਆਂ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨਾਂ ਨੂੰ ਇਹ ਲਤ ਲਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ।ਅੱਜਕਲ੍ਹ ਜਿਹੜੇ ਸ਼ਰਾਬ ਨਾਲ ਸੰਬੰਧਤ ਗੀਤ ਚਲ ਰਹੇ ਹਨ, ਜਿਵੇਂ ਯਾਰ ਅਣਮੁੱਲੇ, ਨਾ ਨਾ ਕਰਦਾ ਯਾਰਾਂ ਨੂੰ ਮੈਂ ਬੋਤਲ ਪੀ ਗਿਆ ਸਾਰੀ ਨੀਂ, ਮੁੰਡਾ ਵੈਲੀ ਹੋ ਗਿਆ ਨੀ ਸੋਹਣੀਏ ਤੇਰਿਆਂ ਦੁੱਖਾਂ ਦਾ ਮਾਰਾ, ਇਕ ਪੈੱਗ ਲਾਉਣਾ ਕਹਿ ਕੇ ਪੀ ਗਿਆ ਬੋਤਲ ਪੌਣੀ ਤੂੰ, ਸਾਡੇ ਦੇਸੀ ਬੰਦਿਆਂ ’ਤੇ ਅੰਗਰੇਜ਼ੀ ਅਸਰ ਨਈਂ ਕਰਦੀ, ਪੱਟਹੋਣੀ ਨੇ ਪਿਲਾਤੀ ਵੋਦਕਾ ਅਤੇ ਜਿਉਂਦਾ ਰਹੇ ਬਾਈ ਜਿਹਨੇ ਚੀਜ਼ ਇਹ ਬਣਾਈ ਆਦਿ ਨੂੰ ਸੁਣ ਕੇ ਨਵੀਂ ਪੀੜ੍ਹੀ, ਜਿਸਨੇ ਅਜੇ ਦਾਰੂ ਦਾ ਸਵਾਦ ਨਹੀਂ ਵੀ ਚੱਖਿਆ, ਉਹ ਵੀ ਇਕ ਵਾਰ ਇਸਦਾ ਸਵਾਦ ਚੱਖਣ ਲਈ ਉਤੇਜਤ ਹੁੰਦੀ ਹੈ।ਫਿਰ ਹੌਲ਼ੀ-ਹੌਲ਼ੀ ਇਸਦੀ ਆਦੀ ਬਣ ਜਾਂਦੀ ਹੈ।
ਅੱਜਕਲ੍ਹ ਜਿਸ ਕਦਰ ਨਾਕਾਰਾਤਮਕ ਕੀਮਤਾਂ ਨੂੰ ‘ਇੱਜ਼ਤ-ਮਾਣ’ ਪ੍ਰਦਾਨ ਕੀਤਾ ਜਾ ਰਿਹਾ ਹੈ, ਚੰਗੀਆਂ ਤੇ ਮਾੜੀਆਂ ਕੀਮਤਾਂ ਦਾ ਨਿਖੇੜਾ ਕਰਨਾ ਮੁਸ਼ਕਿਲ ਹੋ ਗਿਆ ਹੈ। ਯਾਰ ਅਣਮੁਲੇ ਗੀਤ ਵਿਚ ਨੌਜਵਾਨ ਵਿਦਿਆਥੀਆਂ ਦਾ ਜਿਹੜਾ ਬਿੰਬ ਉਜਾਗਰ ਹੁੰਦਾ ਹੈ, ਉਹ ਨਸ਼ੇੜੀ ਤੇ ਜ਼ਿੰਦਗੀ ਦੀਆਂ ਹਕੀਕਤਾਂ ਨੂੰ ਸਮਝਣ ਤੋਂ ਨਾਕਾਮ ਅਵਾਰਾ ਕਿਸਮ ਦੇ ਨੌਜਵਾਨਾਂ ਦਾ ਹੈ।ਹੁਣ ਉਸ ਤੋਂ ਵੀ ਅੱਗੇ ਦਾ ਇਕ ਗੀਤ ਅਇਆ ਹੈ ਜਿਸਦਾ ਸਿਰਲੇਖ ਯਾਰ ਕਮੀਨੇ ਹੈ।ਇਸ ਗੀਤ ਵਿਚ ਗਾਇਕ/ਨਾਇਕ ਆਪਣੇ ਯਾਰਾਂ ਦੇ ਕਮੀਨੇਪਨ ਨੂੰ ਇਸ ਢੰਗ ਨਾਲ ਪ੍ਰਸਤੁਤ ਕਰਦਾ ਹੈ ਜਿਵੇਂ ਕਮੀਨਾਪਨ ਗ੍ਰਹਿਣ ਕਰਨਾ ਕੋਈ ਅਹਿਮ ਪ੍ਰਾਪਤੀ ਹੋਵੇ।
ਕੋਈ ਸਮਾਂ ਸੀ ਜਦੋਂ ਗੀਤ ਗਾਏ ਜਾਂਦੇ ਸਨ ਕਿ ਮੈਨੂੰ ਯਾਰ ਮੇਰੇ ਜਾਪਦੇ ਖ਼ੁਦਾ ਵਰਗੇ, ਕਿਸੇ ਅੱਲ੍ਹਾ ਦੇ ਫ਼ਕੀਰ ਦੀ ਦੁਆ ਵਰਗੇ।ਇਸ ਗੀਤ ਵਿਚ ਜਿਹਨਾਂ ਯਾਰਾਂ ਦਾ ਜ਼ਿਕਰ ਆਉਂਦਾ ਹੈ, ਉਹਨਾਂ ’ਚੋਂ ਗੁਣਾਂ-ਗੜੁੱਚੇ ਯਾਰਾਂ ਦਾ ਬਿੰਬ ਉਜਾਗਰ ਹੁੰਦਾ ਹੈ, ਨਸ਼ੇੜੀਆਂ ਤੇ ਫ਼ਸਾਦੀਆਂ ਦਾ ਨਹੀਂ।
ਹਿੰਸਾ ਨੂੰ ਵੀ ਪਿਛਲੇ ਕੁਝ ਸਾਲਾਂ ਤੋਂ ਗੀਤਾਂ ਦੇ ਵਿਸ਼ਿਆਂ ਵਿਚ ਪ੍ਰਮੁੱਖ ਸਥਾਨ ਦਿੱਤਾ ਜਾ ਰਿਹਾ ਹੈ।ਚੱਕ ਲਓ ਰਿਵਾਲਵਰ ਰਫ਼ਲਾਂ ਕਬਜ਼ਾ ਲੈਣਾ ਏਂ, ਕਿਹੜਾ ਜੰਮ ਪਿਆ ਸੂਰਮਾ ਜਿਹੜਾ ਜੱਟ ਦੀ ਚੜ੍ਹਤ ਨੂੰ ਰੋਕੇ, ਮਿੱਤਰਾਂ ਦੀ ਅੱਖ ਅੱਜ ਲਾਲ ਏ ਕੋਈ ਬੰਦਾ ਬੁੰਦਾ ਮਾਰਨਾ ਤਾਂ ਦੱਸ, ਜੱਟ ਦੀ ਮਾਸ਼ੂਕ ਤਾਂ ਬੰਦੂਕ ਮਿੱਤਰੋ, ਮੂਹਰੇ ਜੱਟ ਖਾੜਕੂ ਖੜ੍ਹਾ ਅਤੇ ਤੇਰੇ ਪਿੱਛੇ ਮੈਂ ਗੱਡੀ ਚਾੜ੍ਹ ਦੂੰ ਕਿਸੇ ਨੂੰ ਜਿਹੇ ਗੀਤ ਨੌਜਵਾਨ ਪੀੜ੍ਹੀ ਨੂੰ ਜ਼ਿੰਦਗੀ ਦਾ ਕੋਈ ਭੇਦ ਸਮਝਾਉਣ ਦੀ ਬਜਾਇ ਮਰਨ-ਮਰਾਉਣ ਲਈ ਹੀ ਉਕਸਾਉਂਦੇ ਹਨ।ਇਹਨਾਂ ਗੀਤਾਂ ਦਾ ਪੰਜਾਬੀਆਂ ਦੇ ਜੀਵਨ ਢੰਗ ’ਤੇ ਅਸਰ ਵੀ ਪ੍ਰਤੱਖ ਨਜ਼ਰ ਆ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿਚ ਤੇਤੀ ਹਜ਼ਾਰ ਤੋਂ ਵੀ ਵੱਧ ਔਰਤਾਂ ਵੀ ਅਸਲਾ ਲਾਈਸੰਸ ਹਾਸਿਲ ਕਰ ਚੁੱਕੀਆਂ ਹਨ।ਗੁੰਡਾਗਰਦੀ, ਛੇੜਛਾੜ ਤੇ ਬਲਾਤਕਾਰ ਤਾਂ ਆਮ ਜਿਹੀ ਗੱਲ ਬਣ ਕੇ ਰਹਿ ਗਈ ਹੈ।ਜਦੋਂ ਲੋਕਾਂ ਦੀ ਪਸੰਦ ‘ਕੁੜੀ ਰਿਕਸ਼ੇ ’ਤੇ ਜਾਂਦੀ ਸੀ, ਪਿੱਛੇ ਲਾ ਲੈਂਦੇ ਸੀ ਕਾਰਾਂ’ ਵਰਗੇ ਗੀਤ ਬਣ ਜਾਣ ਉਦੋਂ ਅਜਿਹੀਆਂ ਘਟਨਾਵਾਂ ਤਾਂ ਵਾਪਰਨਗੀਆਂ ਹੀ।
ਪੰਜਾਬ ਦੀ ਆਰਥਿਕਤਾ ਦੀ ਵੀ ਇਹ ਗਾਇਕ ਬੜੀ ਗ਼ਲਤ ਤਸਵੀਰ ਪੇਸ਼ ਕਰ ਰਹੇ ਨੇ।ਇਹਨਾਂ ਗਾਇਕਾਂ ਦੇ ਗੀਤ ਸੁਣ ਕੇ ਜਵਾਨ ਹੋ ਰਹੀ ਪੀੜ੍ਹੀ ਨੂੰ ਲਗਦਾ ਹੈ ਕਿ ਪੰਜਾਬ ਬੜਾ ਖੁਸ਼ਹਾਲ ਸੂਬਾ ਹੈ।ਇਹ ਆਪਣੇ ਗੀਤਾਂ ਵਿਚ ਦੱਸਦੇ ਹਨ ਕਿ ਪੰਜਾਬੀਆਂ ਨੂੰ ਰੱਬ ਨੇ ‘ਮਹਾਰਾਜੇ’ ਬਣਾਇਆ ਹੋਇਆ ਹੈ ਤੇ ਉਹਨਾਂ ਦੀ ਦੁਨੀਆਂ ’ਚ ਕੋਈ ਰੀਸ ਨਹੀਂ ਕਰ ਸਕਦਾ। ਜਦਕਿ ਹਕੀਕਤ ਇਹ ਹੈ ਕਿ ਏਥੇ ਅੱਠਵੀਂ ਪਾਸ ਲੋੜੀਂਦੀ ਯੋਗਤਾ ਵਾਲੀ ਨੌਕਰੀ ’ਤੇ ਵੀ ਬੀ. ਏ.,ਬੀ. ਐੱਸ. ਸੀ. ਅਤੇ ਐੱਮ. ਬੀ. ਏ. ਤੱਕ ਯੋਗਤਾ ਵਾਲੇ ਅਪਲਾਈ ਕਰਦੇ ਹਨ। ਕਿਸਾਨੀ ਦੀ ਹਾਲਤ ਇਹ ਹੈ ਕਿ 40% ਕਿਸਾਨ ਖੇਤੀ ਦੇ ਘਾਟੇਵੰਦਾ ਧੰਦਾ ਹੋਣ ਕਾਰਨ ਖੇਤੀ ਛੱਡਣੀ ਚਾਹੁੰਦੇ ਹਨ, ਪਰ ਮਜਬੂਰੀ ਹੈ ਕਿ ਛੱਡ ਵੀ ਨਹੀਂ ਸਕਦੇ ਕਿਉਂਕਿ ਛੱਡ ਕੇ ਕਰਨਗੇ ਵੀ ਕੀ।ਇਹਨਾਂ ਗੀਤਾਂ ਦੇ ਪ੍ਰਭਾਵ ਹੇਠ ਆਏ ਸਕੂਲੀ ਵਿਦਿਆਰਥੀ ਸੋਚਦੇ ਹਨ ਕਿ ਹੋਰ ਦੋ-ਚਹੁੰ ਸਾਲਾਂ ਨੂੰ ਉਹ ਮੋਟਰ ਸਾਈਕਲਾਂ/ਕਾਰਾਂ ’ਤੇ ਹੀ ਕਾਲਜ ਜਾਇਆ ਕਰਨਗੇ।ਨੌਜਵਾਨ ਪੀੜ੍ਹੀ ਨੂੰ ਇਹ ਗਾਇਕ ਕੰਗਾਲ ਪੰਜਾਬ ਦੀ ਜੋ ਕਲਪਿਤ ਤਸਵੀਰ ਦਿਖਾ ਰਹੇ ਹਨ, ਉਸਦਾ ਨਮੂਨਾ ਪ੍ਰੀਤ ਹਰਪਾਲ ਦੁਆਰਾ ਗਾਏ ਇਕ ਦੀਆਂ ਨਿਮਨਲਿਖਤ ਸਤਰਾਂ ’ਚੋਂ ਬਾਖ਼ੂਬੀ ਝਲਕਦਾ ਹੈ-
ਕਾਲਜ ਆਉਂਦੀ ਮਰਜਾਣੀ ਬੱਸ ’ਤੇ ਨਿੱਤ ਚੜ੍ਹਕੇ ਨੀ
ਇਕ ਦਿਨ ਅਸੀਂ ਦੇਖ ਲਿਆ ਸੀ ਗੇਟ ’ਤੇ ਖੜ੍ਹਕੇ ਨੀ
ਆਪਾਂ ਵੀ ਚੰਗਾ ਰੌਲ਼ਾ ਪਾਇਆ, ਮੈਨੂੰ ਕਹਿੰਦੀ ਤੂੰ ਦੇਸੀ ਐਂ
ਅਜੋਕੇ ਮਹਿੰਗਾਈ ਦੇ ਜ਼ਮਾਨੇ ਵਿਚ ਚਾਲੀ-ਪੰਜਾਹ ਹਜ਼ਾਰ ਰੁਪਏ ਮਹੀਨੇ ਦੇ ਕਮਾਉਣ ਵਾਲਾ ਬੰਦਾ ਵੀ ਰੋਜ਼ ਕਾਰ ਦਾ ਖਰਚਾ ਨਹੀਂ ਝੱਲ ਸਕਦਾ ਤੇ ਸਾਡੇ ਇਹ ‘ਲੋਕ-ਗਾਇਕ’ ਵਿਦਿਆਰਥੀਆਂ ਨੂੰ ਅਤਿ ਮਹਿੰਗੀਆਂ ਕਾਰਾਂ ’ਚ ਕਾਲਜਾਂ ਨੂੰ ਆਉਣ ਨੂੰ ਉਕਸਾਉਂਦੇ ਨੇ।
ਪਿਆਰ ਦੀ ਗੱਲ ਕਰਨੀ ਗੀਤਾਂ ਵਿਚ ਵਰਜਿਤ ਨਹੀਂ।ਪਰ ਅੱਜ ਦੇ ਖਪਤਵਾਦੀ ਦੌਰ ਵਿਚ ਪਿਆਰ ਦਾ ਸੰਕਲਪ ਬਦਲ ਗਿਆ ਹੈ।ਮਨੁੱਖ ਵਸਤੂ ਬਣ ਗਿਆ ਹੈ। ਮੰਡੀ ਮਾਨਸਿਕਤਾ ਦੇ ਗ਼ੁਲਾਮ ਅਜੋਕੇ ਬਹੁਗਿਣਤੀ ਗਾਇਕ ਪਿਆਰ ਦੀ ਪਰਿਭਾਸ਼ਾ ਹੀ ਭੁੱਲ ਗਏ ਹਨ।ਹੁਣ ਉਹ ਜ਼ਮਾਨਾ ਨਹੀਂ ਰਿਹਾ ਜਦੋਂ ਕਿਹਾ ਜਾਂਦਾ ਸੀ ‘ਤੇਰੇ ਨਾਲ਼ ਸੋਹਣੀਏਂ ਜੇ ਦਗ਼ਾ ਮੈਂ ਕਮਾਵਾਂ, ਅੱਲ੍ਹਾ ਕਰੇ ਮੈਂ ਮਰ ਜਾਵਾਂ।’ ‘ਯਾਰੋ ਅਉਂਦੀਆਂ ਰਹਿਣੀਆਂ ਕੁੜੀਆਂ ਤੇ ਬੱਸਾਂ’ ਗਾਉਣ ਵਾਲ਼ਿਆਂ ਨੂੰ ਕੁੜੀਆਂ ਤੇ ਬੱਸਾਂ ਵਿਚ ਕੋਈ ਅੰਤਰ ਨਜ਼ਰ ਨਹੀਂ ਆਉਂਦਾ।ਇਕ ਗੀਤ ਵਿਚ ਇਹ ਕਿਹਾ ਗਿਆ ਹੈ ਕਿ ਤੇਰੇ ਛੱਡ ਜਾਣ ਕਾਰਨ ਜ਼ਿੰਦਗੀ ਦਾ ਸੁਆਦ ਆ ਗਿਆ ਹੈ ਕਿਉਂਕਿ ਤੇਰੇ ਛੱਡ ਜਾਣ ਬਾਅਦ ਤੇਰੇ ਤੋਂ ਵੀ ਸੋਹਣੀ ਮਿਲ ਗਈ ਹੈ।ਇਹ ਬਾਜ਼ਾਰੀ/ਉਪਭੋਗੀ ਮਾਨਸਿਕਤਾ ਹੈ, ਜਿਸ ਦੇ ਅੰਤਰਗਤ ਬਾਜ਼ਾਰ ਵਿਚ ਨਵਾਂ ਮਾਡਲ ਆ ਜਾਣ ਕਾਰਨ ਪਹਿਲਾਂ ਵਰਤੀਆਂ ਜਾ ਰਹੀਆਂ ਚੀਜ਼ਾਂ ਬੇਕਾਰ ਲੱਗਣ ਲੱਗ ਜਾਂਦੀਆਂ ਹਨ।
ਅਸਲ ਵਿਚ ਸਾਡੇ ਸਾਰੇ ਕੁਝ ’ਤੇ ਬਾਜ਼ਾਰ ਦੀਆਂ ਤਾਕਤਾਂ ਕਾਬਜ਼ ਹੋ ਗਈਆਂ ਹਨ, ਜਿਸ ਵਿਚ ਪਹਿਲਾਂ ਬਾਜ਼ਾਰ ਖ਼ੁਦ ਹੀ ਆਪਣੇ ਉਦੇਸ਼ ਦੀ ਪੂਰਤੀ ਲਈ ਲੋਕਾਂ ਵਿਚ ਕਿਸੇ ਚੀਜ਼ ਦੀ ਮੰਗ ਪੈਦਾ ਕਰਦਾ ਹੈ, ਫਿਰ ਖ਼ੁਦ ਹੀ ਇਹ ਤਰਕ ਦਿੰਦਾ ਹੈ ਕਿ ਉਹੀ ਪੇਸ਼ ਕੀਤਾ ਜਾ ਰਿਹਾ ਹੈ, ਜਿਸਦੀ ਮੰਗ ਹੈ।
ਇਸ ਸਾਰੇ ਵਰਤਾਰੇ ਦਾ ਵਿਚਾਰਧਾਰਕ ਤੇ ਜਥੇਬੰਦਕ ਵਿਰੋਧ ਕਰਨਾ ਬਣਦਾ ਹੈ।ਬੁੱਧੀਜੀਵੀ ਵਰਗ ਤਾਂ ਹਮੇਸ਼ਾ ਅਜਿਹੀ ਗ਼ੈਰ-ਮਿਆਰੀ ਗਾਇਕੀ ਦੇ ਖ਼ਿਲਾਫ਼ ਹੀ ਰਿਹਾ ਹੈ।ਇਸਤਰੀ ਜਾਗ੍ਰਿਤੀ ਮੰਚ ਜਿਹੀਆਂ ਕੁਝ ਸੰਸਥਾਵਾਂ ਇਸਦਾ ਵਿਰੋਧ ਕਰਨ ਲਈ ਅੱਗੇ ਆਈਆਂ ਹਨ।ਪੰਜਾਬੀ ਦੀ ਸਕੂਨ ਭਰਪੂਰ ਅਮੀਰ ਵਿਰਾਸਤੀ ਪਰੰਪਰਾ ਤੋਂ ਟੁੱਟੀ ਰੈਪ ਸ਼ੈਲੀ ਵਿਚ ਇਕ ਅਤਿ ਦਾ ਬੇਹੂਦਾ ਗਾਉਣ ਵਾਲੇ ਹਨੀ ਸਿੰਘ ਖ਼ਿਲਾਫ਼ ਕੇਸ ਵੀ ਦਰਜ ਹੋਏ ਹਨ।ਪਿਛਲੇ ਸਮੇਂ ਵਿਚ ਨਾ-ਬਰਦਾਸ਼ਤਯੋਗ ਗੀਤ ਗਾਉਣ ਵਾਲ਼ੇ ਕੁਝ ਗਾਇਕਾਂ ਦੇ ਪੁਤਲੇ ਫੂਕੇ ਗਏ ਹਨ, ਉਹਨਾਂ ਦੇ ਘਰਾਂ ਦਾ ਘਿਰਾਓ ਕੀਤਾ ਗਿਆ ਹੈ।ਕੁਝ ਗਾਇਕ ਵੀ ਗ਼ੈਰ-ਮਿਆਰੀ ਗਾਇਕੀ ਵਿਰੁੱਧ ਬੋਲੇ ਹਨ। ਜਿਹੜੇ ਗਾਇਕ ਗ਼ੈਰ-ਮਿਆਰੀ ਗਾਇਕੀ ਖ਼ਿਲਾਫ਼ ਬੋਲੇ ਹਨ, ਭਾਵੇਂ ਉਹਨਾਂ ਨੇ ਵੀ ਕੁਝ ਗ਼ੈਰ-ਮਿਆਰੀ ਗੀਤ ਗਾਏ ਹਨ, ਫਿਰ ਵੀ ਉਹਨਾਂ ਦਾ ਇੰਜ ਬੋਲਣਾ ਵੀ ਸ਼ੁਭ ਸ਼ਗਨ ਹੈ।ਪਰ ਕੁਲ ਮਿਲਾ ਕੇ ਵਿਰੋਧ ਕਰਨ ਵਾਲਿਆਂ ਦੀ ਗਿਣਤੀ ਨਿਗੂਣੀ ਹੈ ਤੇ ਇਹਨਾਂ ਦੀ ਗਾਇਕੀ ਨੂੰ ‘ਇੰਜੁਆਇ’ ਕਰਨ ਵਾਲ਼ਿਆ ਦੀ ਗਿਣਤੀ ਬਹੁਤ ਜ਼ਿਆਦਾ ਹੈ।ਆਪਣੇ ਪ੍ਰਸ਼ੰਸਕਾਂ ਦੀ ਵੱਡੀ ਗਿਣਤੀ ਕਾਰਨ ਗ਼ੈਰ-ਮਿਆਰੀ ਗਾਉਣ ਵਾਲੇ ਗਾਇਕ ਮੁੱਠੀ ਭਰ ਲੋਕਾਂ ਦੇ ਵਿਰੋਧ ਨੂੰ ਟਿੱਚ ਜਾਣਦੇ ਹਨ। ਕਈ ਤਾਂ ਵਿਰੋਧ ਨੂੰ ਵੀ ਆਪਣੀ ਪਬਲੀਸਿਟੀ ਦਾ ਜ਼ਰੀਆ ਹੀ ਸਮਝਦੇ ਹਨ।
ਇਹਨਾਂ ਸੱਭਿਆਚਾਰ ਨੂੰ ਪਲੀਤ ਕਰਨ ਵਾਲ਼ੇ ਗਾਇਕਾਂ ਦਾ ਵਿਰੋਧ ਕਰਨ ਦੇ ਨਾਲ਼ ਨਾਲ਼ ਇਹਨਾਂ ਦੇ ਗੀਤਾਂ ਨੂੰ ‘ਇੰਜੁਆਇ’ ਕਰਨ ਵਾਲਿਆਂ ਦੀ ਮਾਨਸਿਕਤਾ ਨੂੰ ਵੀ ਸਮਝਣ ਦੀ ਲੋੜ ਹੈ ਤੇ ਉਹਨਾਂ ਦੀ ਅਜਿਹੀ ਮਾਨਸਿਕਤਾ ਬਣਾਉਣ ਵਾਲ਼ੀਆ ਤਾਕਤਾਂ ਦੀ ਸ਼ਨਾਖ਼ਤ ਕਰ ਕੇ ਉਹਨਾਂ ਖ਼ਿਲਾਫ਼ ਲੜਨ ਦੀ ਵੀ।ਸਾਡੇ ਇਹ ਅਖੌਤੀ ਕਲਾਕਾਰ ਜਿਹਨਾਂ ਤਾਕਤਾਂ ਦੇ ਮੋਹਰੇ ਹਨ,ਉਹਨਾਂ ਤਾਕਤਾਂ ਖ਼ਿਲਾਫ਼ ਲੜਨਾ ਵੀ ਓਨਾ ਹੀ ਜ਼ਰੂਰੀ ਹੈ ਜਿੰਨਾ ਇਹਨਾਂ ਖ਼ਿਲਾਫ਼।ਅਸਲ ਵਿਚ ਇਹ ਵਿਰੋਧ ਜਦੋਂ ਤੱਕ ਆਮ ਜਨਤਾ ਦਾ ਵਿਰੋਧ ਨਹੀਂ ਬਣਦਾ ਉਦੋਂ ਤਕ ਇਸ ਰੁਝਾਨ ਨੂੰ ਰੋਕਿਆ ਨਹੀਂ ਜਾ ਸਕਦਾ।ਲੋਕਾਂ ਦੇ ਰੋਹ ਤੇ ਸੁਚੇਤਤਾ ਨੇ ਹੀ ਸਰਕਾਰ ਨੂੰ ਵੀ ਕਿਸੇ ਸਾਰਥਿਕ ਉਪਰਾਲੇ ਲਈ ਤਿਆਰ ਕਰਨਾ ਹੈ, ਨਹੀਂ ਤਾਂ ਸਰਕਾਰ ਦੇ ਉੱਚ ਅਧਿਕਾਰੀ ਅਤੇ ਮੰਤਰੀ ਵੀ ਪਹਿਲਾਂ ਵਾਂਗ ਇਹਨਾਂ ਗ਼ੈਰ-ਸੰਜੀਦਾ ਗਾਇਕਾਂ/ਗਾਇਕਾਵਾਂ ਨੂੰ ਆਪਣੇ ਸਮਾਗਮਾਂ ਵਿਚ ਬੁਲਾ ਕੇ ‘ਇੰਜੁਆਇ’ ਕਰਦੇ ਰਹਿਣਗੇ ਤੇ ਸਰਕਾਰੀ ਖ਼ਜ਼ਾਨਾ ਲੁਟਾਉਂਦੇ ਰਹਿਣਗੇ।ਜੇ ਲੋਕ ਅਜੇ ਵੀ ਨਾ ਜਾਗੇ ਤਾਂ ਜਿਸ ਦਿਸ਼ਾ ਵੱਲ ਸਮਾਜ ਜਾਵੇਗਾ, ਉਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
****
ਮੋਬਾਇਲ ਨੰਬਰ +91 94171 42415
No comments:
Post a Comment