ਇਸ ਦੁਨੀਆਂ ਦੀ ਹਰ ਵਸਤੂ ਅੰਦਰ ਵਿਰੋਧਾਭਾਸ ਹੈ। ਜਿਵੇਂ ਨਰ ਅਤੇ ਨਾਰੀ ਆਦਿ, ਪਰ ਮਦੀਨ ਮੱਛਰ ਹੁੰਦਿਆਂ ਹੋਇਆਂ ਵੀ ਮੱਛਰ ਦਾ ਕੋਈ ਮਦੀਨ ਨਾਮ ਨਹੀਂ ਹੈ। ਮੱਛਰ ਦੇ ਘਰਵਾਲੀ ਮਛਰੀ ਕਹੀਏ ਤਾਂ ਵੀ ਗੱਲ ਨਹੀਂ ਬਣਦੀ ਕਿਉਂਕ ਮਛਰੀ ਸ਼ਬਦ ਗੁਰੁ ਗ੍ਰੰਥ ਸਾਹਿਬ ਵਿਚ ਇਕ ਮਛਲੀ ਦੇ ਰੂਪ ਵਿਚ ਪੜ੍ਹਿਆ ਜਾਂਦਾ ਹੈ। ਮੱਛਰ ਦੀ ਘਰਵਾਲੀ ਨੂੰ ਮਛਰਾ ਕਹੀਏ ਤਾਂ ਵੀ ਠੀਕ ਨਹੀਂ ਹੈ। ਜਿਵੇਂ ਅਛਰਾ ਇਸ ਧਰਤੀ ਦੀ ਖੂਬਸੂਰਤ ਔਰਤ ਨੂੰ ਕਿਹਾ ਜਾਂਦਾ ਹੈ, ਪੱਛਰਾ ਪਰੀ ਦੇਸ ਦੀ ਸੁਹਣੀ ਔਰਤ ਨੂੰ ਕਹਿੰਦੇ ਹਨ ਅਤੇ ਮੱਛਰਾ ਪਾਤਾਲ ਲੋਕ ਦੀ ਸੁੰਦਰ ਨਾਰੀ ਦਾ ਨਾਮ ਗੁਰਬਾਣੀ ਵਿਚ ਆਉਂਦਾ ਹੈ ਜਿਵੇਂ ‘ਕਹੂ ਅਛਰਾ ਪਛਰਾ ਮਛਰਾ ਹੋ।’ ਮੈਂ ਤਾਂ ਬਹੁਤ ਡਿਕਸ਼ਨਰੀਆਂ ਫਰੋਲੀਆਂ ਪਰ ਮੈਨੂੰ ਮੱਛਰ ਦੀ ਘਰਵਾਲੀ ਦਾ ਕੋਈ ਨਾਮ ਨਹੀਂ ਪੜ੍ਹਣ ਵਾਸਤੇ ਮਿਲਿਆ ਪਰ ਜੇ ਕਿਸੇ ਹੋਰ ਨੂੰ ਪਤਾ ਹੋਵੇ ਤਾਂ ਲੇਖਕ ਨੂੰ ਸੂਚਤ ਜ਼ਰੂਰ ਕਰੇ ਜੀ।
ਇਹ ਅੰਡਜ਼ ਜੂਨ ਹੈ। ਨਰ ਮੱਛਰ ਦੇ ਡੰਗ ਨਾਲ ਮਲੇਰੀਆਂ ਨਹੀਂ ਹੁੰਦਾ। ਮਦੀਨ ਮੱਛਰ ਦੇ ਡੰਗ ਨਾਲ ਹੀ ਮਲੇਰੀਆਂ ਹੁੰਦਾ ਹੈ, ਫਿਰ ਵੀ ਮਦੀਨ ਮੱਛਰ ਦਾ ਕੋਈ ਨਾਮ ਨਹੀਂ ਹੈ। ਲੱਗ ਪਗ ਦੁਨੀਆਂ ਵਿਚ 215 ਮਿਲੀਅਨ ਲੋਕ ਮਲੇਰੀਆ ਦੀ ਬਿਮਾਰੀ ਤੋਂ ਪ੍ਰਭਾਵਤ ਹੁੰਦੇ ਹਨ, ਜਿਨ੍ਹਾਂ ਵਿਚੋਂ 655,000 ਲੋਕਾਂ ਦੀ ਹਰ ਸਾਲ ਮੌਤ ਹੋ ਜਾਂਦੀ ਹੈ। ਸਾਰੀ ਦੁਨੀਆਂ ਵਿਚ ਕਿੰਨੇ ਮੱਛਰ ਹਨ ਅਤੇ ਮੱਛਰਾਂ ਦੀਆਂ ਕਿੰਨੀਆਂ ਨਸਲਾਂ ਹਨ। ਇਸ ਗੱਲ ਦਾ ਅਨੁਮਾਨ ਲਾਉਂਣਾ ਪਾਗਲਪਨ ਹੀ ਹੈ। ਮਲੇਰੀਆਂ ਆਮ ਕਰਕੇ ਬੱਚਿਆਂ ਨੂੰ ਜ਼ਿਆਦਾ ਹੁੰਦਾ ਹੈ। ਦੁਨੀਆਂ ਵਿਚ ਹਰ ਤੀਹ ਸੈਕਿੰਟ ਬਾਅਦ ਇਕ ਬੱਚਾ ਮਲੇਰੀਏ ਨਾਲ ਮਰ ਜਾਂਦਾ ਹੈ। ਦੁਨੀਆਂ ਦੇ 90 ਦੇਸ਼ਾਂ ਵਿਚ ਜਿਹਨਾਂ ਵਿਚ ਅਫ਼ਰੀਕਾ, ਸਾਊਥ ਅਮਰੀਕਾ ਅਤੇ ਇੰਡੀਆਂ ਦੇ ਨਾਲ ਨਾਲ ਹੋਰ ਏਸ਼ੀਆਈ ਮੁਲਕ ਬਹੁਤ ਪ੍ਰਭਾਵਤ ਹੁੰਦੇ ਹਨ। ਮੱਛਰਾਂ ਦੇ ਵੀ ਕਈ ਸੁਭਾ ਹਨ ਜਿਵੇਂ ਨਰ ਮੱਛਰ ਦੇ ਕੱਟਣ ਨਾਲ ਮਲੇਰੀਆਂ ਨਹੀਂ ਹੁੰਦਾ ਅਤੇ ਕਈ ਮੱਛਰਾਂ ਦੇ ਕੱਟਣ ਨਾਲ ਊਂਘ ਹੀ ਆਉਂਦੀ ਹੈ ਮਲੇਰੀਆਂ ਨਹੀਂ ਹੁੰਦਾ ਆਦਿ ਆਦਿ।
ਦੁਨੀਆਂ ਭਰ ਵਿਚ ਅਜ ਕਲ੍ਹ ਬਣ ਰਹੀਆਂ ਫਿਲਮਾਂ ਵਿਚ ਪਸ਼ੂਆਂ ਪੰਛੀਆਂ ਅਤੇ ਕੀੜੇ ਮਕੌੜਿਆਂ ਨੂੰ ਆਪਸ ਵਿਚੀ ਕਈਆਂ ਬੋਲੀਆਂ ਵਿਚ ਬੋਲਦਾ ਵਿਖਾਇਆ ਜਾਂਦਾ ਹੈ। ਇਸ ਗੱਲ ਨੂੰ ਮੁੱਖ ਰੱਖ ਕੇ ਇਕ ਨਵੇਂ ਬਣੇ ਕਿਸੇ ਅਖ਼ਬਾਰ ਦੇ ਪੱਤਰਕਾਰ ਨੇ ਆਪਣੇ ਆਪ ਨੂੰ ਸਥਾਪਤ ਕਰਨ ਵਾਸਤੇ ਬਹੁਤ ਨੱਠ ਭੱਜ ਕਰਕੇ ਆਖਿਰ ਇਕ ਮੱਛਰ ਨੂੰ ਲੱਭ ਹੀ ਲਿਆ ਜਿਹੜਾ ਪੰਜਾਬੀ ਬੋਲਦਾ ਸੀ। ਰਿਪੋਰਟਰ ਗੰਦੇ ਨਾਲੇ ਦੇ ਕਿਨਾਰੇ ਉਪਰ ਆਪਣਾ ਨੱਕ ਘੁੱਟ ਕੇ ਬੈਠਾ ਮੱਛਰ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਕੇ ਮੱਸਕਾ ਲਗਾ ਰਿਹਾ ਸੀ ਕਿ ਉਹ ਉਸ ਨੂੰ ਮੁਲਾਕਾਤ ਦਾ ਸਮਾਂ ਦੇ ਦੇਵੇ ਪਰ ਮੱਛਰਿਆ ਮੱਛਰ ਆਪਣੀ ਆਦਤ ਅਨੁਸਾਰ ‘ਵਾ-ਵਰੋਲੇ ਵਾਂਗ ਉਸ ਦੇ ਦੁਆਲੇ ਚੱਕਰ ਲਾਵੇ ਅਤੇ ਕੁਝ ਕੁ ਗੇੜੀਆਂ ਤੋਂ ਬਾਅਦ ਉਹ ਫਿਰ ਗੰਦੇ ਨਾਲੇ ਦੇ ਗਾਹੜੇ ਪਾਣੀ ਉਪਰ ਜਾ ਬੈਠੇ। ਪਤਾ ਨਹੀਂ ਕਿਉਂ? ਨਾਲੇ ਦੇ ਗੰਦੇ ਪਾਣੀ ਉਪਰ ਬੈਠ ਕੇ ਖਬਰੇ ਆਪਣੀ ਬੈਟਰੀ ਚਾਰਜ ਕਰਦਾ ਸੀ ਅਤੇ ਛੇਤੀ ਹੀ ਉੱਠ ਕੇ ਫਿਰ ਭਿਣਕਣ ਲੱਗ ਪਵੇ। ਮੱਛਰ ਨੂੰ ਆਪਣੇ ਦੁਆਲੇ ਘੁੰਮਦੇ ਘੁੰਮਦੇ ਨੂੰ ਪੱਤਰਕਾਰ ਨੇ ਉਸਦਾ ਨਾਮ ਇਹ ਕਹਿ ਕੇ ਪੁੱਛਿਆ, ‘ਸਰ ਜੀ! ਮੇਰਾ ਨਾਮ ਪਟਕਾਮਾਰ ਪੱਤਰਕਾਰ ਹੈ। ਆਪ ਜੀ ਦਾ ਸ਼ੁਭ ਨਾਮ ਕੀ ਹੈ?’
‘ਮੇਰਾ ਨਾਮ ਮੁਸ਼ਕਾਰੀ ਭਾਈ ਹੈ ਜੀ।’ ਏਨਾ ਕਹਿ ਕੇ ਮੁਸ਼ਕਾਰੀ ਭਾਈ ਜੁਲਾਹੇ ਦੇ ਤਾਣੇ ਵਿਚ ਘੁੰਮਦੀ ਫਿਰਕੀ ਵਾਂਗ ਘੁੰਮਦਾ ਘੁੰਮਾਉਂਦਾ ਦੂਰ ਨਿਕਲ ਗਿਆ। ਪਟਕਾਮਾਰ ਪੱਤਰਕਾਰ ‘ਮੁਸ਼ਕਾਰੀਭਾਈ, ਮੁਸ਼ਕਾਰੀਭਾਈ ਹੀ ਕਹਿੰਦਾ ਰਹਿ ਗਿਆ।
ਆਖਿਰ ਕਾਰ ਪਟਕਾਮਾਰ ਪੱਤਰਕਾਰ ਨੇ ਚੁੱਟਕੀ ਬਜਾਈ ਕਿਉਂਕਿ ਉਸਨੂੰ ਇਕ ਵਿਚਾਰ ਆਇਆ ਕਿ ਉਹ ਕਿਸੇ ਹਸਪਤਾਲ ਵਿਚੋਂ ਚਾਰ ਪੰਜ ਸੌ ਰੁਪੈ ਖਰਚ ਕੇ ਖੂਨ ਦੀ ਬੋਤਲ ਲੈ ਆਵੇ ਅਤੇ ਇਕ ਕੌਲੇ ਵਿਚ ਪਾ ਕੇ ਰੱਖ ਦੇਵੇ ਤਾਂ ਕਿ ਮੱਛਰ ਆਪਣੀ ਖੁਰਾਕ ਵਾਸਤੇ ਜਦ ਕੁਝ ਪੱਲ ਕੌਲੇ ਦੇ ਕੰਢੇ ਉਪਰ ਬਹਿਣਗੇ ਤਾਂ ਉਸਨੂੰ ਕੁਝ ਪੁੱਛਣ ਦਾ ਮੌਕਾ ਮਿਲ ਜਾਵੇਗਾ।
ਕਹਿੰਦੇ ਹੁੰਦੇ ਹਨ ਕਿ ਭਗਤੀ ਕਰਨ ਦਾ ਫ਼ਲ ਅਵੱਸ਼ ਮਿਲਦਾ ਹੈ। ਉਸਦੀ ਲਗਨ ਇਕ ਦਿਨ ਰੰਗ ਲੈ ਕੇ ਆਈ। ਉਸਦੇ ਖ਼ੂਨ ਨਾਲ ਭਰੇ ਕੌਲੇ ਉਪਰ ਪੰਜ ਸੱਤ ਮੱਛਰ ਆਣ ਕੇ ਬੈਠ ਗਏ। ਪੱਤਰਕਾਰ ਪੱਟਕਾਮਾਰ ਨੇ ਬੜੇ ਪਿਆਰ ਅਤੇ ਸਤਿਕਾਰ ਨਾਲ ਬੁਲਾਇਆ, ‘ਮੁਸ਼ਕਾਰੀਭਾਈ! ਸਰ ਜੀ, ਕੀ ਹਾਲ ਹੈ?’
ਅਗਿਓ ਜਵਾਬ ਆਇਆ, ‘ਸਾਡੇ ਉਹ ਠੀਕ ਨਹੀਂ ਹਨ। ਮੈਂ ਸੁੰਗੇੜੀਬੇਨ ਉਨ੍ਹਾਂ ਦੀ ਧਰਮ ਸੁਪਤਨੀ ਹਾਂ।’
‘ਸੁੰਗੇੜੀਬੇਨ ਜੀ, ਸੌਰੀ! ਸੌਰੀ! ਪਛਾਨਣ ਵਿਚ ਗਲਤੀ ਹੋ ਗਈ। ਵੇਖਣ ਵਿਚ ਤਾਂ ਸਾਰੇ ਮੱਛਰ ਇਕ ਤਰ੍ਹਾਂ ਦੇ ਹੀ ਲਗਦੇ ਹਨ।’ ਪਟਕਾਮਾਰ ਪੱਤਰਕਾਰ ਨੇ ਆਪਣੇ ਦੋਨੋਂ ਕੰਨ ਫੜਦਿਆਂ ਆਪਣੀ ਗਲਤੀ ਮੰਨਦਿਆਂ ਆਖਿਆ।
‘ਕੋਈ ਗੱਲ ਨਹੀਂ ਜੀ, ਮੈਂ ਤੁਹਾਡੀ ਮਜ਼ਬੂਰੀ ਸਮਝਦੀ ਹਾਂ।’ ਸੁੰਗੇੜੀਬੇਨ ਨੇ ਉਤਰ ਦਿਤਾ।
‘ਸੁੰਗੇੜੀਬੇਨ ਜੀ! ਮੁਸ਼ਕਾਰੀਭਾਈ ਨੂੰ ਕੀ ਹੋਇਆ। ਉਹ ਕਿਉਂ ਨਹੀਂ ਆਉਂਦੇ?’ ਪਟਕਾਮਾਰ ਨੇ ਬੜੀ ਉਤਸੁੱਕਤਾ ਨਾਲ ਪੁੱਛਿਆ।
ਸੁੰਗੇੜੀਬੇਨ ਨੇ ਕਿਹਾ, ‘ਮੈਨੂੰ ਦਸਦੀ ਨੂੰ ਸ਼ਰਮ ਆਉਂਦੀ ਹੈ।’ ਏਨਾ ਕਹਿ ਸੁੰਗੇੜੀਬੇਨ ਆਪਣੀਆਂ ਸਹੇਲੀਆਂ ਨਾਲ ਘੁਸਰ ਮੁਸਰ
ਕਰਦੀ ਹੱਸਣ ਲੱਗ ਪਈ।
ਪਟਕਾਮਾਰ ਪੱਤਰਕਾਰ ਨੇ ਕਿਹਾ, ‘ਮੈਥੋਂ ਨਾ ਸੰਗੋ। ਮੈਂ ਜਿੰਮੇਦਾਰ ਪੱਤਰਕਾਰ ਹਾਂ। ਇਸ ਤਰ੍ਹਾਂ ਦਾ ਕੁਝ ਨਹੀਂ ਲਿਖਾਂਗਾ ਜਿਸ ਨਾਲ ਤੁਹਾਡੇ ਗੌਰਵ ਉਪਰ ਕੋਈ ਚਿੱਕੜ ਸੁੱਟੇ।
ਸੁੰਗੇੜੀਬੇਨ ਨੇ ਆਪਣਾ ਹਾਸਾ ਰੋਕਦੀ ਹੋਈ ਨੇ ਪੱਤਰਕਾਰ ਪਟਕਾਮਾਰ ਦੇ ਕੰਨ ਵਿਚ ਆ ਕੇ ਦਸਿਆ, ‘ਪਰਸੋਂ ਉਹਨਾਂ ਮੈਨੂੰ ਸਾਰੀ ਰਾਤ ਸੌਣ ਨਹੀਂ ਦਿਤਾ। ਕੱਲ ਸਵੇਰ ਦੇ ਉਹ ਗੰਦੇ ਨਾਲੇ ਦੇ ਕੰਢੇ ਨਾਲ ਲੱਗਦੇ ਆਪਣੇ ਪਰ ਲਪੇਟ ਕੇ ਪਏ ਹਨ।’ ਅਜਿਹਾ ਕਹਿੰਦੀ ਉੜਦੀ ਉੜਦੀ ਸੁੰਗੇੜੀਬੇਨ ਨੂੰ ਪੱਤਰਕਾਰ ਨੇ ਕਿਹਾ ਕਿ ਉਹਦੇ ਵਾਸਤੇ ਮੈਂ ਇਹ ਖ਼ੂਨ ਲਿਆਂਦਾ ਹੋਇਆ ਹੈ। ਜਦ ਥੋੜਾ ਜਿਹਾ ਰਾਜੀ ਹੋਇਆ, ਆਣ ਕੇ ਪੀ ਜਾਵੇ। ਵੇਖੀ ਉਸਨੇ ਮਿੰਟਾਂ ਵਿਚ ਘੋੜੇ ਵਰਗਾ ਹੋ ਜਾਵੇ।
ਸੁੰਗੇੜੀਬੇਨ ਆਪਣੇ ਬਿਮਾਰ ਮੱਛਰ ਨੂੰ ਭਿਣ ਭਿਣ ਕਰਦੀ ਨਾਲ ਲੈ ਆਈ। ਪੱਤਰਕਾਰ ਪਟਕਾਮਾਰ ਨੇ ਮੁਸ਼ਕਾਰੀਭਾਈ ਦਾ ਤਹਿ ਦਿਲੋਂ ਸਵਾਗਤ ਕੀਤਾ ਅਤੇ ਕੌਲੇ ਵਿਚ ਖ਼ੂਨ ਦੀ ਬੋਤਲ ਵਿਚੋਂ ਹੋਰ ਖ਼ੂਨ ਪਾ ਕੇ ਬੋਲਿਆ, ‘ਸਰ ਜੀ! ਦਿਲ ਖੋਲ੍ਹ ਕੇ ਖ਼ੂਨ ਪੀਓ। ਇਹ ਸਾਰਾ ਖ਼ੂਨ ਮੈਂ ਸਿਰਫ ਤੁਹਾਡੀ ਸੇਵਾ ਵਾਸਤੇ ਹੀ ਲਿਆਂਦਾ ਹੈ’
ਮੁਸ਼ਕਾਰੀਭਾਈ ਨੇ ਪਟਕਾਮਾਰ ਨੂੰ ਕਿਹਾ, ‘ਪਟਕਾਮਾਰ ਜੀ ਬਹੁਤ ਬਹੁਤ ਧੰਨਵਾਦ ਪਰ ਬਹੁਤੀ ਸ਼ਰਾਬ ਵੇਖ ਕੇ ਜਿਵੇਂ ਬਹੁਤੀ ਪੀਤੀ ਨਹੀਂ ਜਾਂਦੀ ਤਿਵੇਂ ਇਹ ਖੁਲ੍ਹਾ ਖ਼ੂਨ ਵੇਖ ਕੇ ਤਾਂ ਮੈਨੂੰ ਉਲਟੀ ਆੳੇੁਂਣ ਨੂੰ ਫਿਰਦੀ ਹੈ।’
‘ਅੱਤ ਘੱਟ ਚੁੱਕਿਆ ਕਰੋ ਮੁਸ਼ਕਾਰੀਭਾਈ। ਤੁਸੀਂ ਬਿਮਾਰ ਕਰਕੇ ਇਸ ਤਰ੍ਹਾਂ ਲਗਦਾ ਹੈ। ਦੋ ਘੁੱਟ ਭਰ ਲਓ। ਫਿਰ ਹੋਰ ਪੀਣ ਨੂੰ ਚਿੱਤ ਕਰਨ ਲੱਗ ਪੈਣਾ ਹੈ।’ ਪਟਕਾਮਾਰ ਪੱਤਰਕਾਰ ਨੇ ਮਹਿਮਾਨ ਨਿਵਾਜੀ ਦਰਸਾਈ।
‘ਪਟਕਾਮਾਰ ਜੀ, ਇਹ ਨਹੀਂ ਗੱਲ, ਗੱਲ ਇਹ ਹੈ ਕਿ ਜਿਵੇਂ ਸ਼ਰਾਬ ਨਾਲ ਗੋਸ਼ਤ ਜਾਂ ਗੰਡਾਂ ਹੋਵੇ, ਜੇ ਗੋਸ਼ਤ ਜਾਂ ਗੰਡਾ ਨਾ ਹੋਵੇ ਤਾਂ ਆਚਾਰ ਦੀ ਫਾੜੀ ਹੀ ਹੋਵੇ ਅਤੇ ਜੇ ਆਚਾਰ ਦੀ ਫਾੜੀ ਵੀ ਨਾ ਹੋਵੇ ਤਾਂ ਫਿਰ ਚਿੱਟਾ ਕੁੱਕੜ ਹੀ ਚਲਦਾ ਹੈ। ਫਿਰ ਤਾਂ ਬੰਦਾ ਘੁੱਟ ਔਖਾ ਸੌਖਾ ਹੋ ਕੇ ਪੀ ਹੀ ਲੈਂਦਾ ਹੈ। ਸਾਨੂੰ ਤਾਂ ਖ਼ੂਨ ਬੰਦੇ ਦੇ ਸਰੀਰ ਵਿਚੋਂ ਡੰਗ ਮਾਰ ਕੇ ਹੀ ਪੀਣਾ ਸੁਆਦ ਲਗਦਾ ਹੈ।’
‘ਮੁਸ਼ਕਾਰੀਭਾਈ ਜੀ, ਗੋਸ਼ਤ ਜਾਂ ਗੰਡਾ ਵੀ ਠੀਕ ਹੈ, ਆਚਾਰ ਵੀ ਠੀਕ ਹੈ, ਆਹ! ਚਿੱਟਾ ਕੁੱਕੜ ਕਿਹੜੀ ਬਲਾ ਦਾ ਨਾਮ ਹੈ। ਮੈਂ ਤਾਂ ਇਹ ਤੇਰੇ ਕੋਲੋਂ ਪਹਿਲੀ ਵਾਰ ਸੁਣਿਆ ਹੈ।’ ਪਟਕਾਮਾਰ ਨੇ ਪਟਕਾ ਕੇ ਪੁੱਛਿਆ।
‘ਪਟਕਾਮਾਰ ਜੀ, ਇਹ ਪੱਤਰਕਾਰੀ ਕਰਨੀ ਕਿਸੇ ਐਰੇ ਗੈਰੇ ਦੇ ਵਸ ਦੀ ਗੱਲ ਨਹੀਂ। ਪੱਤਰਕਾਰ ਬਣਨ ਵਾਸਤੇ ਹਰ ਤਰ੍ਹਾਂ ਦਾ ਗਿਆਨ ਹੋਣਾ ਚਾਹੀਦਾ ਹੈ। ਪੱਤਰਕਾਰ ਨੂੰ ਹਰ ਚੰਗੀ ਮਾੜੀ ਸੰਗਤ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਪੱਤਰਕਾਰ ਨੂੰ ਰਾਹੂ ਕੇਤੂ ਦੇ ਗਿਆਨ ਤੋਂ ਲੈ ਕੇ ਸਮਾਜਕ ਰੀਤੀ ਰਿਵਾਜ, ਸੱਭਿਆਚਾਰਕ ਇਕਾਈਆਂ, ਧਾਰਮਕ ਦਰਸ਼ਨ, ਨੇਤਾਵਾਂ ਦਾ ਰਾਜਨੀਤਕ ਸ਼ੋਸ਼ਣ, ਲੋਕਾਂ ਦਾ ਪਹਿਰਾਵਾ ਅਤੇ ਉਨ੍ਹਾਂ ਦੀ ਖਾਧ ਖੁਰਾਕ ਤੱਕ ਦਾ ਵਿਸ਼ਾਲ ਗਿਆਨ ਹੋਣਾ ਚਾਹੀਦਾ ਹੈ। ਪੱਤਰਕਾਰ ਨੂੰ ਹੋਰਾਂ ਦੀਆਂ ਮੱਛਰ ਚਾਲਾਂ ਵੀ ਆਉਂਣੀਆਂ ਚਾਹੀਦੀਆ ਹਨ। ਪਟਕਾਮਾਰ ਜੀ ਪੱਤਰਕਾਰੀ ਵਿਚ ਸਥਾਪਤ ਹੋਣ ਵਾਸਤੇ ਤੁਹਾਨੂੰ ਹਾਲੀ ਘੋਰ ਤਪੱਸਿਆ ਕਰਨ ਦੀ ਲੋੜ ਹੈ। ਤੁਹਾਨੂੰ ਤਾਂ ਇਹ ਵੀ ਨਹੀਂ ਪਤੈ ਕਿ ਲੂਣ ਨੂੰ ਚਿੱਟਾ ਕੁੱਕੜ ਕਹਿੰਦੇ ਹਨ।’
‘ਧੰਨਵਾਦ ਮੁਸ਼ਕਾਰੀਭਾਈ ਜੀ, ਧੰਨਵਾਦ! ਲੂੰਬੜ ਚਾਲਾਂ ਬਾਰੇ ਤਾਂ ਬਹੁਤ ਸੁਣਿਆ ਹੈ। ਆਹ, ਮੱਛਰ ਚਾਲਾਂ ਕੀ ਹੁੰਦੀਆਂ ਹਨ?’ ਪੱਤਰਕਾਰ ਨੇ ਪੁੱਛਿਆ।
‘ਇਹ ਨੇਤਾ ਸਾਰੇ ਮੱਛਰ ਚਾਲਾਂ ਹੀ ਚਲਦੇ ਹਨ। ਚੋਣ ਜਿੱਤ ਕੇ ਪਤਾ ਨਹੀਂ ਕਿਥੇ ਹਿਜ਼ਰਤ ਕਰਨ ਚਲੇ ਜਾਂਦੇ ਹਨ? ਪੰਜ ਪੰਜ ਸਾਲ ਫਿਰ ਜੰਤਾਂ ਨੂੰ ਮੂੰਹ ਨਹੀਂ ਵਿਖਾਲਦੇ। ਉਂਝ ਸਾਡੀ ਮੱਛਰ ਜੂਨ ਨੂੰ ਤਾਂ ਐਵੇਂ ਬਦਨਾਮ ਕੀਤਾ ਹੋਇਆ ਹੈ ਪਰ ਇਹ ਨੇਤਾ ਭਰਿਸ਼ਟਾਚਾਰ ਰਾਹੀਂ ਲੋਕਾ ਦਾ ਖ਼ੂਨ ਚੂਸਦੇ ਹਨ।’ ਮੁਸ਼ਕਾਰੀਭਾਈ ਨੇ ਪਟਕਾਮਾਰ ਨੂੰ ਦੱਸਿਆ।
ਪੱਤਰਕਾਰ ਪਟਕਾਮਾਰ ਨੇ ਮੁਸ਼ਕਾਰੀਭਾਈ ਕੋਲੋਂ ਪੁੱਛਿਆ, ‘ਤੁਹਾਡੀ ਇਹ ਜੂਨ ਯੂਰਪ ਨਾਲੋਂ ਇੰਡੀਆਂ ਵਿਚ ਅਤੇ ਇੰਡੀਆਂ ਵਿਚ ਪੰਜਾਬ ਦੇਸ਼ ਵਿਚ ਕਿਉਂ ਜ਼ਿਆਦਾ ਹੈ?’
‘ਪਟਕਾਮਾਰ ਜੀ ਪੱਤਰਕਾਰੀ ਤੁਸੀਂ ਖੇਹ ਤੇ ਸੁਆਹ ਦੀ ਕਰਨੀ ਹੈ! ਤੁਹਾਨੂੰ ਨਾ ਇਤਹਾਸ ਆਉਂਦੈ, ਨਾ ਜੁਗਰਾਫੀਆਂ ਅਤੇ ਨਾ ਹੀ ਤੁਹਾਨੂੰ ਸਾਲ ਭਰ ਵਿਚ ਬਦਲਣ ਵਾਲੇ ਅੰਤਰ ਰਾਸ਼ਟਰੀ ਮੌਸਮਾਂ ਦੀ ਖ਼ਬਰ ਸਾਰ ਹੈ। ਪਟਕਾਮਾਰ ਜੀ! ਯੂਰਪ ਵਿਚ ਛੇ ਮਹੀਨੇ ਤਾਂ ਅੱਤ ਦੀ ਸਰਦੀ ਦੀ ਰੁੱਤ ਰਹਿੰਦੀ ਹੈ। ਬਾਕੀ ਦੇ ਛੇ ਮਹੀਨੇ ਗਰਮੀ ਦੀ ਰੁੱਤ ਵੀ ਸਰਦੀ ਦੀ ਰੁੱਤ ਬਰਾਬਰ ਹੁੰਦੀ ਹੈ। ਅਸੀਂ ਅੰਡਜ਼ ਜੂਨ ਹਾਂ। ਅਸੀਂ ਹੁੰਮਸ ਨਾਲ ਅਵਤਾਰ ਧਾਰਦੇ ਹਾਂ। ਉਂਝ ਯੂਰਪੀਅਨ ਲੋਕ ਪੰਜਾਬ ਵਾਂਗ ਆਬਾਦੀ ਵਾਲੇ ਇਲਾਕਿਆਂ ਵਿਚ ਗੰਦਾ ਪਾਣੀ ਖੜਾ ਹੀ ਨਹੀਂ ਰਹਿਣ ਦਿੰਦੇ। ਗੰਦਾਂ ਪਾਣੀ ਧਰਤੀ ਦੇ ਹੇਠਾਂ ਦੀ ਬਾਹਰ ਇਕ ਥਾਂ ਲੈ ਜਾਂਦੇ ਹਨ ਅਤੇ ਉਥੇ ਸਾਫ ਕਰਕੇ ਕੁਝ ਤਾਂ ਫਿਰ ਪੀਣ ਵਾਸਤੇ ਬਣਾ ਲੈਂਦੇ ਹਨ ਅਤੇ ਕੁਝ ਕੁ ਗੰਦੇ ਪਾਣੀ ਨੂੰ ਦਰਿਆਵਾਂ ਵਿਚ ਵਗਾ ਮਾਰਦੇ ਹਨ। ਸਾਡੇ ਕੁਝ ਕੁ ਜਵਾਨ ਬਾਹਰ ਵਾਰ ਉਸ ਪਾਣੀ ਉਪਰ ਮੌਜ ਮਸਤੀ ਕਰਦੇ ਹਨ। ਜਦ ਭੁੱਖ ਸਹਿ ਨਹੀਂ ਹੁੰਦੀ ਤਾਂ ਉਥੇ ਹੀ ਉਨ੍ਹਾਂ ਦੀ ਸਤਨਾਮ ਸਤਨਾਮ ਹੋ ਜਾਂਦੀ ਹੈ। ਪੰਜਾਬ ਵਾਂਗ ਨਹੀਂ ਘਰਾਂ ਦੇ ਅਗਿਓ ਗਾੜ੍ਹਾ ਗੰਦਾ ਪਾਣੀ ਖੜ੍ਹਾ ਹੀ ਰੱਖਦੇ ਹਨ। ਹੋਰ ਬੇਲੋੜੀਆਂ ਉਥੇ ਖੁਰਾਕਾਂ ਬਹੁਤ ਹਨ ਪਰ ਪੰਜਾਬ ਵਾਂਗ ਸਾਨੂੰ ਉਥੇ ਅਵਤਾਰ ਧਾਰਨ ਦਾ ਮੌਕਾ ਹੀ ਨਹੀਂ ਦਿੰਦੇ। ਫਿਰ ਤੁਸੀਂ ਹੀ ਦਸੋ ਪਟਰਕਾਮਾਰ ਜੀ, ਅਸੀਂ ਪੰਜਾਬ ਤੋਂ ਜਾ ਕੇ ਉਨ੍ਹਾਂ ਦਾ ਖੂਨ ਚੂਸੀਏ!’
ਪੱਤਰਕਾਰ ਪਟਕਾਮਾਰ ਨੇ ਮੱਛਰ ਨੂੰ ਪੁੱਛਿਆ, ‘ਤੁਸੀਂ ਹੁਣੇ ਹੁਣੇ ਖ਼ੂਨ ਚੂਸਣ ਬਾਰੇ ਗੱਲ ਤੋਰੀ ਸੀ। ਤੁਹਾਡਾ ਇਸ ਤਰ੍ਹਾਂ ਗੱਲ ਕਰਨ ਤੋਂ ਕੀ ਭਾਵ ਸੀ?’
‘ਪਟਕਾਮਾਰ ਜੀ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਤੁਸੀਂ ਅਜੇ ਪੜੀ-ਪੱਤਰਕਾਰੀ ਨਾ ਕਰੋ। ਇਹ ਤੁਹਾਡੇ ਵਸ ਦਾ ਰੋਗ ਨਹੀਂ ਹੈ। ਫਿਰ ਵੀ ਤੁਸੀਂ ਪੁੱਛਿਆ ਹੈ ਤਾਂ ਅਸੀਂ ਦਸ ਹੀ ਦਿੰਦੇ ਹਾਂ। ਸੁਣੋ ਜੀ, ਧਿਆਨ ਨਾਲ ਸੁਣਿਓ। ਮੈਂ ਬਿਮਾਰ ਹੋਣ ਕਰਕੇ ਬਹੁਤ ਬੋਲ ਨਹੀਂ ਸਕਦਾ। ਨਾ ਹੀ ਕਿਸੇ ਗੱਲ ਨੂੰ ਵਾਰ ਵਾਰ ਦੁਹਰਾਉਂਣ ਦੀ ਮੇਰੀ ਆਦਤ ਹੈ। ਮੈਂ ਤਾਂ ਇਕ ਰੇਡੀਓ ਦੀ ਤਰ੍ਹਾਂ ਹੀ ਹਾਂ, ਜੋ ਇਕ ਵਾਰ ਬੋਲ ਗਿਆ ਸੋ ਬੋਲ ਗਿਆ। ਮੁੜਕੇ ਦੁਹਰਾਉਂਦਾ ਨਹੀਂ ਹੁੰਦਾ। ਇਕ ਵਾਰ ਮੈਂ ਇਕ ਆਦਮੀ ਦੀ ਗੱਲ੍ਹ ਉਪਰ ਬੈਠ ਕੇ ਉਸਦਾ ਖ਼ੂਨ ਪੀਣ ਲੱਗਾ ਤਾਂ ਕੋਲ ਬੈਠੀ ਉਸਦੀ ਘਰਵਾਲੀ ਨੇ ਆਪਣੇ ਹੀ ਪਤੀ ਦੇਵ ਦੀ ਗੱਲ੍ਹ ਉਪਰ ਜ਼ੋਰ ਨਾਲ ਇਕ ਥੱਪੜ ਜੜ੍ਹ ਦਿਤਾ। ਮੈਂ ਤਾਂ ਤੇਜ਼ ਆਉਂਦੇ ਥੱਪੜ ਦੀ ਹਵਾ ਨੂੰ ਮਹਿਸੂਸ ਕਰਕੇ ਉਥੋਂ ਉੱਡ ਗਿਆ ਪਰ ਔਰਤ ਦੇ ਪਤੀ ਦੀ ਗੱਲ੍ਹ ਉਪਰ ਪੰਜੇ ਉਂਗਲਾਂ ਹੀ ਛਪ ਗਈਆਂ। ਉਹ ਆਪਸ ਵਿੱਚ ਲੜ ਪਏ। ਘਰਵਾਲਾ ਖਿੱਝ ਕੇ ਪੁੱਛਦਾ, ‘ਕਿਉਂ ਤੂੰ ਮੇਰੇ ਥੱਪੜ ਕਿਉਂ ਮਾਰਿਆਂ?’
ਉਸਦੀ ਘਰਵਾਲੀ ਨੇ ਕਿਹਾ, ‘ਜੀ ਤੁਹਾਡੀ ਗੱਲ੍ਹ ਉਪਰ ਮੱਛਰ ਬੈਠਾ ਸੀ।’
‘ਜੇ ਮੱਛਰ ਵੀ ਬੈਠਾ ਸੀ। ਤੂੰ ਫਿਰ ਵੀ ਕਿਉਂ ਥੱਪੜ ਮਾਰਿਆ?’
ਉਸਦੀ ਘਰ ਵਾਲੀ ਨੇ ਕਿਹਾ, ‘ਜੀ ਇਹ ਗੱਲ ਮੈਨੂੰ ਨਹੀਂ ਚੰਗੀ ਲਗਦੀ ਕਿ ਮੇਰੇ ਹੁੰਦੇ ਸੁੰਦੇ ਤੁਹਾਡਾ ਕੋਈ ਹੋਰ ਖ਼ੂਨ ਚੂਸੇ।’
ਪੱਤਰਕਾਰ ਜੀ, ਤੁਸੀਂ ਸੁਣ ਲਿਆ ਹੈ ਨਾ ਕਿ ਅਸੀਂ ਇਕੱਲੇ ਨਹੀਂ ਖ਼ੂਨ ਪੀਂਦੇ, ਪੱਤਰਕਾਰ ਜੀ ਸਾਰੀ ਦੁਨੀਆਂ ਖ਼ੂਨ ਪੀਣਾ ਚਾਹੁੰਦੀ ਹੈ। ਅਜ ਕੱਲ੍ਹ ਕਿਸੇ ਨੂੰ ਦੁੱਧ ਘਿਓ ਨਹੀਂ ਪੱਚਦਾ। ਮੱਛਰਨਾ ਸਿਖੇ ਤਾਂ ਇਸ ਦਮੂੰਹੀ ਦੁਨੀਆਂ ਤੋਂ ਸਿਖੇ।’ ਮੁਸ਼ਕਾਰੀਭਾਈ ਨੇ ਪੱਤਰਕਾਰ ਨੂੰ ਸਮਝਾਉਂਣ ਦੀ ਕੋਸ਼ਿਸ਼ ਕੀਤੀ।
‘ਮੁਸ਼ਕਾਰੀ ਭਾਈ ਇਸ ਤਰ੍ਹਾਂ ਖ਼ੂਨ ਪੀਣਾ ਕੋਈ ਹੋਰ ਗੱਲ ਹੈ ਪਰ ਜਿਸ ਤਰ੍ਹਾਂ ਤੁਸੀਂ ਖ਼ੂੰਨ ਪੀਂਦੇ ਹੋ ਤਾਂ ਉਨ੍ਹਾਂ ਨਾਲ ਬਿਮਾਰੀਆਂ ਲਗਦੀਆਂ ਹਨ। ਬਾਕੀ ਗੱਲ ਰਹੀ ਮੱਛਰਨ ਦੀ। ਮੱਛਰ ਤਾਂ ਤੁਸੀਂ ਹੋ। ਇਸ ਦੁਨੀਆਂ ਦਾ ਮੱਛਰਨਾ ਕਹਿਣਾ, ਤੁਹਾਡੇ ਮੂੰਹੋਂ ਸ਼ੋਭਾ ਨਹੀਂ ਦਿੰਦਾ।’
‘ਪਟਕਾਮਾਰ ਜੀ, ਇਹ ਤੁਸੀਂ ਕੀ ਕਹਿੰਦੇ ਹੋ? ਸਾਰੇ ਯੂਰਪ ਦਾ ਕਲਚਰ ਹੀ ‘ਮੱਛਰ ਕਲਚਰ’ ਹੈ।’
‘ਮੁਸ਼ਕਾਰੀਭਾਈ, ਕਲਚਰ ਨੂੰ ਪੰਜਾਬੀ ਵਿਚ ਸੱਭਿਆਚਾਰ ਕਹਿੰਦੇ ਹਨ। ਤੁਹਾਡਾ ਮੱਛਰ ਸੱਭਿਆਚਾਰ ਵੀ ਕੋਈ ਸੱਭਿਆਚਾਰ ਹੈ?’
‘ਪਟਕਾਮਾਰ ਜੀ, ਏਥੇ ਤੁਸੀਂ ਫਿਰ ਮਾਰ ਖਾ ਗਏ। ਮੱਛਰ ਸੱਭਿਆਚਾਰ ਨਹੀਂ ਹੁੰਦਾ ਮੱਛਰ ਕਲਚਰ ਹੁੰਦਾ ਹੈ। ਸੱਭਿਆਚਾਰ ਕਿਸੇ ਸਾਰਥਕ ਵਿਧਾਨ ਦਾ ਧਾਰਨੀ ਹੁੰਦਾ ਹੈ। ਯੂਰਪ ਵਿਚ ਨਾ ਵੱਡਿਆ ਦੀ ਕੋਈ ਇਜ਼ਤ ਕਰਦਾ ਹੈ। ਉਥੇ ਨਾ ਕੋਈ ਮਾਂ ਬਾਪ ਦੀ ਗੱਲ ਸੁਣਦਾ ਹੈ। ਉਥੇ ਅਜ ਵਿਆਹ ਹੁੰਦਾ ਹੈ ਅਤੇ ਦੂਜੇ ਭਲਕ ਤਿਲਾਕ ਹੋ ਜਾਂਦਾ ਹੈ। ਕਾਮ ਦੇਵਤੇ ਨੇ ਸ਼ਰੇਆਮ ਹੱਟ ਖੋਲ੍ਹਿਆ ਹੋਇਆ ਹੈ। ਵਿਆਹ ਕਿਸੇ ਨਾਲ ਹੁੰਦਾ ਹੈ ਅਤੇ ਮੱਛਰ ਵਾਂਗ ਘੁੰਮ ਘੁੰਮ ਕੇ ਪਿਆਰ ਕਿਸੇ ਹੋਰ ਨਾਲ ਹੁੰਦੇ ਹਨ। ਕਾਮ ਪ੍ਰਧਾਨ ਸਮਾਜ ਨੂੰ ਕੀ ਤੁਸੀਂ ਸੱਭਿਆਚਾਰ ਕਹੋਂਗੇ। ਮੈਂ ਨਹੀਂ ਇਹ ਗੱਲ ਮੰਨਦਾ।’
‘ਮੁਸ਼ਕਾਰੀ ਭਾਈ ਜੀ, ਤੁਹਾਡਾ ਵੀ ਕਾਮ ਪ੍ਰਧਾਨ ਕਲਚਰ ਹੈ?’
‘ਹਾਂ ਜੀ, ਪਟਕਾਮਾਰ ਜੀ, ਸਾਡੇ ਵਿਆਹ ਨਹੀਂ ਹੁੰਦੇ। ਜਦ ਕਾਮ ਭਾਰੂ ਹੋਇਆ ਜਿਹੜੀ ਅੜਿੱਕੇ ਆ ਗਈ ਅਸੀਂ ਯੂਰਪੀ ਲੋਕਾਂ ਵਾਂਗ ਉਸ ਨਾਲ ਹੀ ਸਿਖਰ ਸੰਤੋਖ ਲੈ ਲੈਂਦੇ ਹਾਂ। ਤਾਂਹੀਓ ਅਸੀਂ ਮੁਸਲਮਾਨਾਂ ਵਾਂਗ ਹਮੇਸ਼ਾ ਬਹੁ ਗਿਣਤੀ ਵਿਚ ਰਹਿੰਦੇ ਹਾਂ।’
‘ਮੁਸ਼ਕਾਰੀਭਾਈ, ਤੁਹਾਡੇ ਜਵਾਬ ਵਿਚੋਂ ਹੀ ਤੁਹਾਡੀ ਜੂਨ ਵਾਂਗ ਇਕ ਸਵਾਲ ਹੋਰ ਪੈਦਾ ਹੋ ਗਿਆ ਹੈ। ਕੀ ਦਸ ਸਕਦੇ ਹੋ ਕਿ ਕਾਮ ਦੇਵਤਾ ਸਿਰਫ ਯੂਰਪ ਵਿਚ ਹੀ ਰਹਿਮਤ ਬਖ਼ਸ਼ਾਉਂਦਾ ਹੈ?’
‘ਪੱਤਰਕਾਰ ਪਟਕਾਮਾਰ ਜੀ। ਫਿਰ ਉਹੀ ਨੀਮ ਹਕੀਮ ਵਾਲਾ ਤੁਹਾਡਾ ਇਹ ਸਵਾਲ ਹੈ। ਅਜ ਕੱਲ ਸਾਰੀ ਦੁਨੀਆਂ ਦੇ ਦਿਲ ਅੰਦਰ ਕਾਮ ਦੇਵ ਦਾ ਵਾਸਾ ਹੋ ਗਿਆ ਹੈ। ਉਨ੍ਹਾਂ ਦੇ ਦਿਮਾਗ ਨੂੰ ਕਾਮ ਚੜ੍ਹ ਗਿਆ ਹੈ। ਜਿਹੜੀ ਔਰਤ ਜਾਤੀ ਇਸ ਮਨੁੱਖ ਨੂੰ ਜਨਮ ਦਿੰਦੀ ਹੈ ਅਤੇ ਉਸੇ ਔਰਤ ਨੂੰ ਕਾਮ ਗ੍ਰਸਤ ਲੋਕ ਰਲ ਕੇ ਉਸਦਾ ਬਲਾਤਕਾਰ ਕਰਦੇ ਹਨ। ਪੱਤਰਕਾਰ ਜੀ, ਇਹਨੂੰ ਕਹਿੰਦੇ ਹਨ ਮੱਛਰਨਾ! ਦੁਨੀਆਂ ਮੱਛਰੀ ਆਪ ਫਿਰਦੀ ਹੈ ਅਤੇ ਨਾਮ ਸਾਡਾ ਵਰਤ ਕੇ ਸਾਡਾ ਨਾਮ ਬਦਨਾਮ ਕਰਦੇ ਹਨ।’
‘ਮੁਸ਼ਕਾਰੀ ਭਾਈ ਜੀ, ਤੁਹਾਡਾ ਨਾਮ ਬਹੁਤ ਬਦਨਾਮ ਹੋਣ ਕਰਕੇ, ਲੋਕ ਤੁਹਾਡੇ ਕੋਲੋਂ ਬਚਣ ਵਾਸਤੇ ਕਈ ਤਰ੍ਹਾਂ ਦੇ ਪ੍ਰਬੰਧ ਕਰਦੇ ਹਨ।’ ਪੱਤਰਕਾਰ ਪਟਕਾਮਾਰ ਨੇ ਮੱਛਰ ਨੂੰ ਦਸਿਆ।
‘ਪੱਤਰਕਾਰ ਜੀ, ਤੁਹਾਡਾ ਇਸ਼ਾਰਾ ਮੱਛਰਦਾਨੀ ਵੱਲ ਹੈ ਨਾ? ਲਓ ਮੱਛਰਦਾਨੀ ਦੀ ਵੀ ਸੁਣ ਲਓ। ਆਪ ਭਾਵੇਂ ਆਦਮੀ ਔਰਤਾਂ ਨੂੰ ਤੋੜ ਤੋੜ ਕੇ ਖਾ ਲੈਣ। ਥਾਂ ਥਾਂ ਚੂੰਡੀਆਂ ਵੱਢ ਵੱਢ ਦਾਗ ਪਾ ਦੇਣ। ਖਾਖਾਂ ਉਪਰ ਦੰਦੀਆਂ ਵੱਢ ਵੱਢ ਸਾਰਾ ਜਵਾੜਾ ਹੀ ਛਾਪ ਦੇਣ। ਆਦਮੀ ਆਪ ਮੱਛਰੇ ਫਿਰਦੇ ਹਨ ਅਤੇ ਸਾਡਾ ਨਾਮ ਵਰਤਦੇ ਹਨ ਕਿ ਬਹੁਤਾ ਮੱਛਰਨਾ ਨਹੀਂ ਚਾਹੀਦਾ। ਜੇ ਕਰ ਅਸੀਂ ਮਾੜੀ ਜਿਹੀ ਦੰਦੀ ਵੱਢ ਕੇ ਖੂਨ ਚੂਸਦੇ ਹਾਂ ਤਾਂ ਔਰਤਾਂ ਕਹਿੰਦੀਆਂ ਹਨ, ‘ਮੱਛਰਦਾਨੀ ਲੈ ਦੇ ਵੇ, ਮੱਛਰ ਨੇ ਖਾ ਲਈ ਤੋੜ ਕੇ। ਪੱਤਰਕਾਰ ਜੀ ਇਹ ਤਾਂ ਉਹੋ ਗੱਲ ਹੋਈ ਕਿ ਛੜੇ ਜੇਠ ਨੂੰ ਲੱਸੀ ਨਹੀਂ ਦੇਣੀ, ਦਿਉਰ ਭਾਵੇਂ ਮੱਝ ਚੁੰਘ ਜਾਏ।’ ਏਨਾ ਕਹਿ ਕੇ ਮੱਛਰ ਨੇ ਖ਼ੂਨ ਦੇ ਦੋ ਹਾੜੇ ਲਾਏ ਅਤੇ ਉਥੇ ਭਿਣ ਭਿਣ ਕਰਦਾ ਉੱਡ ਗਿਆ।
****
No comments:
Post a Comment