ਤਜ਼ਰਬੇ……… ਵਿਚਾਰਾਂ / ਵਿਵੇਕ ਕੋਟ ਈਸੇ ਖਾਂ

ਸਰਕਾਰ ਵਿੱਦਿਆ ਦੇ ਖੇਤਰ ਵਿੱਚ ਕਈ ਤਰ੍ਹਾਂ ਦੇ ਤਜ਼ਰਬੇ ਕਰਦੀ ਰਹਿੰਦੀ ਹੈ। ਕਦੇ ਬੱਚਿਆਂ ਨੂੰ ਦਸਤਕਾਰੀ ਸਿਖਾਉਣੀ ਕਦੇ  ਹਰ ਸਕੂਲ ਵਿੱਚ ਕੰਪਿਉਟਰ ਦੇਣ ਦਾ ਐਲਾਨ ਕਰਨਾ ਕਦੇ ਜਾਤ ਅਧਾਰਿਤ ਕਿਤਾਬਾਂ ਦੇਣਾ ਜਾਂ ਫਿਰ ਹੁਣ ਸਾਰੇ ਸਰਕਾਰੀ ਸਕੂਲਾਂ ਵਿੱਚ ਅੱਠਵੀ ਤੱਕ ਹਰ ਇੱਕ ਨੂੰ ਮੁਫਤ ਕਿਤਾਬਾਂ ਜਾਰੀ ਕਰਨਾ । ਹੋਰ ਵੀ ਅਜਿਹੇ ਢੰਗ ਤਰੀਕੇ ਸਰਕਾਰ ਸਰਕਾਰੀ ਸਕੂਲਾਂ ਵਿੱਚ ਲਾਗੂ ਕਰਦੀ ਰਹਿੰਦੀ ਹੈ। ਪਰ ਮੂਲ ਸਮੱਸਿਆ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਰਾਜ ਵਿੱਚ ਸਰਕਾਰੀ ਵਿੱਦਿਆ ਪ੍ਰਣਾਲੀ ਦਿਨੋਂ ਦਿਨ ਗੰਭੀਰ ਹਾਲਤ ਵਿੱਚ ਪੁੱਜ ਚੁੱਕੀ ਹੈ।

ਮੂਲ ਕਾਰਨ ਇਹ ਹਨ ਕਿ ਕਿਸੇ ਵੀ ਸਰਕਾਰੀ ਸਕੂਲ ਦੀ ਇਮਾਰਤ ਚੰਗੀ ਹਾਲਤ ਵਿੱਚ ਨਹੀਂ ਹੈ। ਖਾਸ ਕਰ ਪੇਂਡੂ ਇਲਾਕਿਆਂ ਵਿੱਚ ਕਈ ਅਜਿਹੇ ਸਕੂਲ ਹਨ ਜੋ ਇੱਕ ਇੱਕ ਕਮਰੇ ਦੇ ਹੀ ਹਨ । ਉਥੇ ਨਿਯੁਕਤ ਅਧਿਆਪਕ ਨੂੰ ਸੇਵਾਦਾਰ ਤੋਂ ਲੈ ਕਲਰਕ ਤੱਕ ਦੇ ਸਾਰੇ ਕੰਮ ਆਪ ਕਰਨੇ ਪੈਂਦੇ ਹਨ। ਦੂਜਾ ਕਾਰਨ ਇਹ ਵੀ ਹੈ ਕਿ ਸਕੂਲਾਂ ਵਿੱਚ ਪੂਰਾ ਸਟਾਫ ਵੀ ਨਹੀ ਹੁੰਦਾ ਤੇ ਫਿਰ ਵੀ ਸਰਕਾਰ ਅਧਿਆਪਕਾਂ ਤੋਂ ਹੀ ਹਰ ਸਰਕਾਰੀ ਸਰਵੇ ਕਰਵਾਉਣ ਦਾ ਕੰਮ ਲੈਂਦੀ ਹੈ, ਜਿਸ ਨਾਲ ਸਕੂਲਾਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ। ਇਸ ਦੀ ਥਾਂ ਸਰਕਾਰ ਪੜ੍ਹੇ ਲਿਖੇ ਬੇਰੋਜ਼ਗਾਰ ਨੌਜਵਾਨਾਂ ਤੋਂ ਸਰਕਾਰੀ ਸਰਵੇ ਕਰਵਾਉਣ ਦਾ ਕੰਮ ਲੈ ਸਕਦੀ ਹੈ। ਆਦਰਸ਼ ਸਕੂਲ ਪ੍ਰਣਾਲੀ ਵੀ ਅੰਤਿਮ ਸਾਹ ਲੈ ਰਹੀ ਜਾਪਦੀ ਹੈ।

ਲਗਾਤਾਰ ਤਜ਼ਰਬੇ ਕਰਨ ਦੀ ਬਜਾਏ ਸਰਕਾਰ ਉਨ੍ਹਾਂ ਬੇਰੋਜ਼ਗਾਰਾਂ ਨੂੰ ਨਿਯੁਕਤ ਕਰੇ ਜਿਨ੍ਹਾਂ ਨੇ ਟੀਚਰ ਟਰੇਨਿੰਗ ਦਾ ਕੋਰਸ ਕੀਤਾ ਹੈ । ਇਮਾਰਤਾਂ ਦੀ ਹਾਲਤ ਸੁਧਾਰੇ। ਬਿਜਲੀ ਪਾਣੀ ਤੇ ਹੋਰ ਜ਼ਰੂਰੀ ਸਹੂਲਤਾਂ ਨੂੰ ਠੀਕ ਕਰੇ। ਨਿੱਜੀ ਸਕੂਲ ਤਰੱਕੀ ਕਰ ਸਕਦੇ ਹਨ, ਸਰਕਾਰੀ ਸਕੂਲ ਜੋ ਗਰੀਬ ਪਰਿਵਾਰਾਂ ਦੇ ਇੱਕ ਮਾਤਰ ਸਿੱਖਿਆ ਦੇ ਸਾਧਨ ਹਨ, ਉਹਨਾਂ ਨੂੰ ਹੋਰ ਬੇਹਤਰ ਬਣਾਉਣਾ ਕਲਿਆਣਕਾਰੀ ਸਰਕਾਰ ਦੀ ਪਹਿਲੀ ਜੁੰਮੇਵਾਰੀ ਹੈ । ਜ਼ਿਆਦਾ ਤਜ਼ਰਬੇ ਕਰਨ ਕਰਕੇ ਸਰਕਾਰੀ ਵਿੱਦਿਆ ਪ੍ਰਣਾਲੀ ਤੋਂ ਕਿਤੇ ਜਨਤਾ ਦਾ ਰਹਿੰਦਾ ਖੂੰਹਦਾ ਯਕੀਨ ਵੀ ਖਤਮ ਨਾ ਹੋ ਜਾਵੇ । ਜੇਕਰ ਇੰਝ ਹੋ ਗਿਆ ਤਾਂ ਗਰੀਬ ਪਰਿਵਾਰਾਂ ਦੇ ਬੱਚੇ ਗਿਆਨ ਦਾ ਚਾਨਣ ਲੈਣ ਤੋਂ ਵਾਂਝੇ ਰਹਿ ਜਾਣਗੇ। ਲਾਜ਼ਮੀ ਸਿੱਖਿਆ ਵੀ ਤਦ ਹੀ ਲਾਗੂ ਕੀਤੀ ਜਾ ਸਕਦੀ ਜੇ ਮੁੱਢਲਾ ਢਾਂਚਾ ਸਹੀ ਹੋਵੇਗਾ।

****No comments: