ਘੂਕ ਸੁੱਤੀਆਂ ਯਾਦਾਂ ਦੀ ਜਾਗ.......... ਅਭੁੱਲ ਯਾਦਾਂ / ਤਰਲੋਚਨ ਸਿੰਘ ‘ਦੁਪਾਲਪੁਰ’

ਪੂਰੀ ਇਮਾਨਦਾਰੀ ਨਾਲ ਪਹਿਲੋਂ ਇਹ ਸੱਚ-ਸੱਚ ਦੱਸ ਦਿਆਂ ਕਿ ਇਸ ਲਿਖਤ ਵਿੱਚ ਆਪਣੇ ਸਾਹਿਤਕ ਸਨੇਹ ਦੇ ਦੋ ਵਾਕਿਆ ਜੋ ਪਾਠਕਾਂ ਅੱਗੇ ਰੱਖ ਰਿਹਾ ਹਾਂ, ਉਸ ਦਾ ਇਹ ਮਤਲਬ ਹਰਗਿਜ਼ ਨਹੀਂ ਕਿ ਮੈਂ ਆਪਣੀ ਕਿਸੇ ਚਤੁਰਤਾ ਜਾਂ ਆਪਣੇ ‘ਅਕਲ-ਮੰਦ’ ਹੋਣ ਦਾ ਪ੍ਰਗਟਾਵਾ ਕਰਨਾ ਚਾਹੁੰਦਾ ਹਾਂ। ਅਜਿਹਾ ਕਰਨਾ ਮੂਰਖਤਾ ਦੀ ਨਿਸ਼ਾਨੀ ਹੁੰਦੀ ਹੈ। ਬੱਸ, ਇਹਨਾਂ ਨੂੰ ਮਹਿਜ਼ ਇਤਫਾਕ ਨਾਲ ਹੋਏ ਅਸਚਰਜ ਮੌਕਾ-ਮੇਲ਼ ਹੀ ਕਿਹਾ ਜਾ ਸਕਦਾ ਹੈ। ਇਹਦੇ ’ਚ ਕੋਈ ਹਉਮੈ ਜਾਂ ਵਡਿਆਈ ਦੀ ਗੱਲ ਨਹੀਂ। ਹਾਂ, ਆਪਣੀ ਯਾਦ-ਦਾਸ਼ਤ ਉੱਤੇ ਭੋਰਾ ਕੁ ਜਿੰਨਾ ਫ਼ਖਰ ਕਰਨ ਦੀ ਗੁਸਤਾਖੀ ਜ਼ਰੂਰ ਕਰਨੀ ਚਾਹਾਂਗਾ। ਉਮੀਦ ਹੈ ਕਿ ਪਾਠਕ-ਜਨ ਸਾਰਾ ਲੇਖ ਪੜ੍ਹਨ ਉਪਰੰਤ ਮੈਨੂੰ ਏਨੀ ਕੁ ਖੁੱਲ੍ਹ ਜ਼ਰੂਰ ਦੇ ਦੇਣਗੇ।
ਕਿਤੇ ਵੀ ਛਪੀ ਹੋਈ ਕੋਈ ਵਧੀਆ ਲੇਖਣੀ ਪੜ੍ਹ ਕੇ ਉਸ ਦੇ ਲੇਖਕ ਨਾਲ ਸੰਪਰਕ ਕਰਨ ਦੀ ‘ਖੋਟੀ ਆਦਤ’ ਮੈਨੂੰ ਮੁੱਢੋਂ ਹੀ ਪਈ ਹੋਈ ਹੈ; ਉਦੋਂ ਦੀ, ਜਦੋਂ ਹਾਲੇ ਟੈਲੀਫੋਨ ਦੀ ਵਰਤੋਂ ਆਮ ਨਹੀਂ ਸੀ ਹੋਈ। ਉਨ੍ਹਾਂ ਦਿਨਾਂ ਵਿੱਚ ਮੈਂ ਕਵੀਆਂ-ਲੇਖਕਾਂ ਨੂੰ ਹੱਥੀਂ ਚਿੱਠੀਆਂ ਲਿਖਿਆ ਕਰਦਾ ਸਾਂ। ਇਹ ‘ਰੋਗ’ ਫਿਰ ਵੱਖ-ਵੱਖ ਅਖ਼ਬਾਰਾਂ-ਮੈਗਜ਼ੀਨਾਂ ਦੇ ‘ਸੰਪਾਦਕ ਦੀ ਡਾਕ’ ਕਾਲਮ ਨੂੰ ਖ਼ਤ ਲਿਖਣ ਤੱਕ ਵਧ ਗਿਆ। ਅਮਰੀਕਾ ਆ ਕੇ ‘ਨੈੱਟ’ ਅਤੇ ਫੋਨ ਦੀ ਖੁੱਲ੍ਹੀ ਸਹੂਲਤ ਮਿਲਣ ਸਦਕਾ ਮੇਰੇ ਸ਼ੌਕ ਦਾ ਦਾਇਰਾ ਕੌਮਾਂਤਰੀ ਹੋ ਗਿਆ। ਕਿਸੇ ਲੇਖਕ ਦੀ ਰਚਨਾ ਬਾਰੇ ਉਸ ਦੀ ਨੁਕਤਾਚੀਨੀ ਕਰਨੀ ਜਾਂ ਲਿਖਾਰੀ ਦੀ ਹੌਸਲਾ-ਅਫ਼ਜ਼ਾਈ ਕਰਨੀ ਮੇਰੇ ਲਈ ਸੁਖਾਲੀ ਹੋ ਗਈ। ਕਿਸੇ ਮਜਬੂਰੀ ਅਧੀਨ ਨਹੀਂ, ਸਗੋਂ ਸਵੈ-ਸਿਰਜੇ ਫਰਜ਼ ਮੁਤਾਬਕ ਅਜਿਹਾ ਕਰਦਿਆਂ ਮੈਨੂੰ ਮਾਨਸਿਕ ਤਸੱਲੀ ਮਿਲਦੀ ਹੈ।
ਅਮਰੀਕਾ ’ਚ ਛਪਦੀ ਇੱਕ ਪੰਜਾਬੀ ਅਖ਼ਬਾਰ ਵਿੱਚ ਡਾ: ਕ੍ਰਿਸ਼ਨ ਕੁਮਾਰ ਰੱਤੂ ਦਾ ਇੱਕ ਲੇਖ ਪੜ੍ਹਿਆ। ‘ਖ਼ਵਾਬ ਹੋਏ ਬੰਜਰ ਇਸ ਪਹਿਰ’ ਦੇ ਸਿਰਲੇਖ ਵਾਲੀ ਇਸ ਲਿਖਤ ਵਿੱਚ ਡਾ: ਰੱਤੂ ਨੇ ਖਲੀਲ ਜਿਬਰਾਨ ਦੀ ਯਾਦ ਤਾਜ਼ਾ ਕਰਵਾ ਦਿੱਤੀ। ਏਨੇ ਮਾਰਮਿਕ ਭਾਵਾਂ ਨੂੰ ਸ਼ਬਦੀ ਜਾਮਾ ਪਹਿਨਾਉਂਦਿਆਂ ਡਾਕਟਰ ਸਾਹਿਬ ਨੇ ਕਮਾਲ ਹੀ ਕੀਤੀ ਹੋਈ ਸੀ ਇਸ ਲੇਖ ਵਿੱਚ। ਵੰਨਗੀ-ਮਾਤਰ ਕੁਝ ਸਤਰਾਂ ਲਿਖ ਰਿਹਾ ਹਾਂ :
‘‘...ਦੋਸਤੋ, ਉਮਰ ਦੇ ਇਸ ਪਹਿਰ ’ਚ ਜਦੋਂ ਸ਼ਹਿਰ ਉਦਾਸ ਤੇ ਮੌਸਮ ਬੇ-ਰੌਣਕੇ ਹੋਣ ਲੱਗਦੇ ਨੇ, ਬਨੇਰੇ ’ਤੇ ਕੋਈ ਕਾਂ ਸੁਨੇਹੇ ਲੈ ਕੇ ਨਹੀਂ ਆਉਂਦਾ...ਬੁੱਢੀਆਂ ਤੇ ਥੱਕੀਆਂ ਅੱਖਾਂ ਦੀਆਂ ਆਸ਼ਾਵਾਂ ਨੂੰ ਬੂਰ ਪੈਣ ਦੀ ਆਖਰੀ ਰੁੱਤ ਵੀ ਚੰਦਰੀ ਹੋ ਜਾਂਦੀ ਹੈ, ਪਰ ਫਿਰ ਆਸ਼ਾ ਦੀਆਂ ਕਿਰਨਾਂ ਆਪਣੇ ਸੁਨਹਿਰੀ ਅੱਖਰਾਂ ’ਚ ਤੁਹਾਡਾ ਨਾਂਅ ਤਾਂ ਉਸ ਇੰਦਰਧਨੁਸ਼ ’ਚ ਲਿਖਦੀਆਂ ਨੇ, ਪਰ ਇਹ ਤੁਹਾਡੇ ’ਤੇ ਹੈ ਕਿ ਹਿੰਮਤ ਕਰ ਕੇ ਉਸ ਵਿੱਚ ਲਿਖਿਆ ਆਪਣਾ ਨਾਂਅ ਪੜ੍ਹ ਲਵੋ...ਇਹ ਹੀ ਹੈ, ਇਸ ਪਹਿਰ ਖ਼ਵਾਬਾਂ ਨੂੰ ਬੰਜਰ ਹੋਇਆ ਵੇਖਣ ਦੀ ਤ੍ਰਾਸਦੀ...
ਸੁੰਨੇ ਘਰ, ਉਦਾਸ ਵਿਹੜੇ
ਬੰਜਰ ਮਨ, ਵੀਰਾਨ ਹੋਏ ਗਿਰਾਂ,
ਸਮੁੰਦਰ ਘੋਰ ਨਿਰਾਸ਼
ਸੁਨਾਮੀ ਪੁੱਛੇ ਗਿਰਾਂ।
ਆਉ, ਹੁਣ ਆਪਣਾ-ਆਪਣਾ ਪੁਰਖਾ ਘਰ ਵੇਖ ਆਈਏ!’’
ਡਾ: ਰੱਤੂ ਦੀ ਸਾਹਿਤਕ ਪ੍ਰਤਿਭਾ ਬਾਰੇ ਮੈਨੂੰ ਕਾਫ਼ੀ ਜਾਣਕਾਰੀ ਹੈ, ਪਰ ਉਹਨਾ ਨਾਲ ਫੋਨ ’ਤੇ ਗੱਲਬਾਤ ਇੱਕ-ਅੱਧ ਵਾਰ ਹੀ ਕੀਤੀ ਹੋਵੇਗੀ। ਉਹਨਾ ਦੇ ਉਕਤ ਲੇਖ ਤੋਂ ਵਿਸਮਾਦਿਤ ਹੁੰਦਿਆਂ ਉਹਨਾ ਨੂੰ ਫੋਨ ਮਿਲਾਇਆ, ਪਰ ਕੰਪਿਊਟਰੀ ਸੁਨੇਹਾ ਮਿਲਿਆ ਕਿ ਉਹ ‘ਕਵਰੇਜ ਕਸ਼ੇਤਰ ਸੇ ਬਾਹਰ’ ਹਨ। ਉਸ ਦਿਨ ਗੁਫ਼ਤਗੂ ਤਾਂ ਹੋ ਨਾ ਸਕੀ, ਪਰ ਉਹਨਾ ਸੰਬੰਧੀ ਇੱਕ ਸਵਾਲ ਚਾਣਚੱਕ ਮੇਰੇ ਚੇਤਿਆਂ ’ਚ ਅੰਗੜਾਈਆਂ ਭਰਨ ਲੱਗ ਪਿਆ। ‘ਕ੍ਰਿਸ਼ਨ ਕੁਮਾਰ ਰੱਤੂ’...ਇਹ ਨਾਮ ਤੈਰਦਾ-ਤੈਰਦਾ ਮੇਰੇ ਦਿਲ-ਦਿਮਾਗ ’ਚ ਵਸੀਆਂ ਪ੍ਰਾਇਮਰੀ ਸਕੂਲ ਦੇ ਦਿਨਾਂ ਦੀਆਂ ਘੂਕ ਸੁੱਤੀਆਂ ਯਾਦਾਂ ਨਾਲ ਜਾ ਟਕਰਾਇਆ।
ਗੂਗਲ ’ਤੇ ਸਰਚ ਮਾਰਨ ਵਾਂਗ ਮੇਰੇ ਸਾਹਮਣੇ ‘ਮਸਤਾਨਾ’ ਆ ਗਿਆ। ਇਹ ਕੋਈ ਵੈਰਾਗੀ, ਫੱਕਰ ਜਾਂ ਰਮਤਾ ਨਹੀਂ, ਸਗੋਂ ਅੰਮ੍ਰਿਤਸਰ ਦੇ ਬਾਜ਼ਾਰ ਮਾਈ ਸੇਵਾਂ ਤੋਂ ਛਪਦੇ ਇੱਕ ਨਿੱਕੇ ਜਿੰਨੇ ਮਹੀਨਾਵਾਰ ਮੈਗਜ਼ੀਨ ਦਾ ਨਾਂਅ ਹੁੰਦਾ ਸੀ। ਦੋ ਰੁਪਏ ਸਾਲ ਦੇ ਚੰਦੇ ਵਾਲਾ ਇਹ ਮੈਗਜ਼ੀਨ ਮੇਰੇ ਬਾਪ ਨੇ ਬੜੇ ਚਾਅ ਤੇ ਰੀਝ ਨਾਲ ਮੇਰੇ ਨਾਂਅ ’ਤੇ ਲਗਵਾਇਆ ਹੁੰਦਾ ਸੀ। ਡਾ: ਵਾਸਦੇਵ ਸਿੰਘ ਗਰੋਵਰ ਹੁਣਾਂ ਦੀ ਦੁਆਈਆਂ ਦੀ ਫ਼ਰਮ ਵੱਲੋਂ ਛਾਪੇ ਜਾਂਦੇ ‘ਮਸਤਾਨੇ’ ਵਿੱਚ ਚੋਣਵੀਆਂ ਖ਼ਬਰਾਂ, ਕੁਝ ਗੀਤ-ਗ਼ਜ਼ਲਾਂ ਅਤੇ ਇੱਕ-ਅੱਧ ਲੇਖ ਜਾਂ ਕਹਾਣੀ ਤੋਂ ਇਲਾਵਾ ‘ਗਰੋਵਰ ਐਂਡ ਸੰਨਜ਼’ ਦੀਆਂ ਦੁਆਈਆਂ ਦੀ ਮਸ਼ਹੂਰੀ ਹੁੰਦੀ ਸੀ। ਅਸੀਂ ਤਿੰਨੇ ਭਰਾ ਇਸ ਦੀ ਹਰ ਮਹੀਨੇ ਬੜੀ ਬੇ-ਸਬਰੀ ਨਾਲ ਉਡੀਕ ਕਰਦੇ ਹੁੰਦੇ ਸਾਂ।  ਮੱਝਾਂ ਚਰਾਉਣ ਗਏ ਹੋਏ ਇਸ ਨੂੰ ਨਿੱਠ ਕੇ ਪੜ੍ਹਦੇ ਹੁੰਦੇ ਸਾਂ ਅਸੀਂ। ਅਸਲ ਵਿੱਚ ਮੇਰੇ ਸਾਹਿਤਕ ਸ਼ੌਕ ਦਾ ਨੀਂਹ-ਪੱਥਰ ਸੀ ਇਹ ‘ਮਸਤਾਨਾ’ ਮੈਗਜ਼ੀਨ।
ਲੱਗਭੱਗ ਪੰਜਤਾਲੀ-ਛਿਆਲੀ ਸਾਲਾਂ ਦੇ ਲੰਮੇ ਵਕਫ਼ੇ ਬਾਅਦ ਧੁੰਦਲੇ ਜਿਹੇ ਪ੍ਰਛਾਵਿਆਂ ਵਾਂਗ ਮੈਨੂੰ ‘ਮਸਤਾਨੇ’ ਵਿੱਚ ਛਪਦਾ ਰਿਹਾ ‘ਕ੍ਰਿਸ਼ਨ ਕੁਮਾਰ ਰੱਤੂ’ ਦਾ ਨਾਂਅ ਯਾਦ ਆਇਆ। ਜਦੋਂ ਜ਼ਿਹਨੀ ਸਮੁੰਦਰ ਵਿੱਚ ਡੁਬਕੀਆਂ ਵੱਜਣ ਲੱਗੀਆਂ, ਤਦ ਮੈਨੂੰ ‘ਮਸਤਾਨੇ’ ਦੇ ਕਿਸੇ ਅੰਕ ਵਿੱਚ ਕ੍ਰਿਸ਼ਨ ਕੁਮਾਰ ਰੱਤੂ ਵੱਲੋਂ ਲਿਖੇ ਗਏ ਇੱਕ ਗੀਤ ਦਾ ਮੁਖੜਾ ਵੀ ਚੇਤੇ ਆਉਣ ਲੱਗਾ, ‘ਨੀਂ ਨਿੰਦੀਏ ਨਾ ਮਾਲਕਾਂ ਨੂੰ, ਭਾਵੇਂ ਹੋਵੇ ਕੰਬਲੀ ਤੋਂ ਕਾਲਾ...।’ ਨਾਲ ਹੀ ਸੋਚ ਆਈ ਕਿ ਮਸਤਾਨੇ ’ਚ ਛਪਦਾ ਕ੍ਰਿਸ਼ਨ ਕੁਮਾਰ ਰੱਤੂ ਜ਼ਰੂਰੀ ਨਹੀਂ ਕਿ ਅੱਜ ਵਾਲਾ ਡਾਕਟਰ ਰੱਤੂ ਹੀ ਹੋਵੇ। ਇੱਕੋ ਨਾਂਅ ਵਾਲੇ ਬਥੇਰੇ ਬੰਦੇ ਹੁੰਦੇ ਨੇ, ਪਰ ਮਸਤਾਨੇ ਵਾਲਾ ਰੱਤੂ ਮੇਰੇ ਮਨ-ਚਿੱਤ ਵਿੱਚ ਅਟਕਿਆ ਰਿਹਾ।
ਖ਼ੈਰ, ਕੁਝ ਦਿਨਾਂ ਬਾਅਦ ਅਮਰੀਕਨ ਪੰਜਾਬੀ ਅਖ਼ਬਾਰ ਵਿੱਚੋਂ ਪੜ੍ਹੇ ਹੋਏ ਲੇਖ ਬਾਰੇ ਗੱਲਬਾਤ ਕਰਨ ਲਈ ਮੈਂ ਡਾ:”ਰੱਤੂ ਨੂੰ ਕਾਲ ਕਰ ਲਈ। ਮੇਰਾ ਨੰਬਰ ਦੇਖ ਕੇ ਉਹ ਇੱਕਦਮ ਚਹਿਕਦਿਆਂ ਬੋਲੇ, ‘‘...ਤੁਹਾਡੀ ਉਮਰ ਬਹੁਤ ਹੈ ਵੀਰ...!’’ ਮੈਂ ਉਤਸੁਕਤਾ ਨਾਲ ਉਨ੍ਹਾਂ ਮੂੰਹੋਂ ਅਗਲੀ ਗੱਲ ਸੁਣਨ ਲਈ ਕੰਨ ਨਾਲ ਫੋਨ ਹੋਰ ਘੁੱਟ ਕੇ ਲਾ ਲਿਆ। ‘‘ਆਹ, ਅੱਜ ਦੇ ‘ਨਵਾਂ ਜ਼ਮਾਨਾ’ ਵਿੱਚ ਛਪਿਆ ਤੁਹਾਡਾ ਈ ਲੇਖ ਪੜ੍ਹ ਰਿਹਾ ਹਾਂ।’’
ਉਨ੍ਹਾਂ ਨਾਲ ਗੱਲਾਂ-ਬਾਤਾਂ ਕਰਦਿਆਂ ਮੇਰੇ ਦਿਲ ’ਚ ਰਹਿ-ਰਹਿ ਕੇ ਆਵੇ ਕਿ ਮੈਂ ਉਹਨਾ ਨੂੰ ਪੁੱਛ ਲਵਾਂ ਕਿ ਉਹ ਕਦੇ ‘ਮਸਤਾਨਾ’ ਨਾਂਅ ਦੇ ਪੱਤਰ ਵਿੱਚ ਵੀ ਲਿਖਦੇ ਰਹੇ ਹਨ? ਮੈਂ ਜਕ ਗਿਆ ਕਿ ਸਾਹਿਤਕ ਖੇਤਰ ਵਿੱਚ ਪਾਏ ਬਹੁ-ਮੁੱਲੇ ਯੋਗਦਾਨ ਸਦਕਾ ਭਾਰਤ ਦੇ ਰਾਸ਼ਟਰਪਤੀ ਪਾਸੋਂ ਵਿਸ਼ੇਸ਼ ਸਨਮਾਨ ਪ੍ਰਾਪਤ ਅਤੇ ਦੂਰਦਰਸ਼ਨ ਕੇਂਦਰ ਜੈਪੁਰ ਦੇ ਡਾਇਰੈਕਟਰ ਦੇ ਅਹੁਦੇ ’ਤੇ ਸਸ਼ੋਭਿਤ ਡਾਕਟਰ ਰੱਤੂ ਨੂੰ ਕਿਹੜੇ ਮੂੰਹ ਨਾਲ ਦੋ ਰੁਪਏ ਸਾਲਾਨਾ ਚੰਦੇ ਵਾਲੇ ਮਸਤਾਨੇ ਵਿੱਚ ਛਪਣ ਦਾ ਸਵਾਲ ਪੁੱਛਾਂ?   ‘ਮੂੰਹ ਆਈ ਬਾਤ ਨਾ ਰਹਿੰਦੀ ਏ’ ਅਨੁਸਾਰ ਵਲ਼-ਫੇਰ ਜਿਹਾ ਪਾ ਕੇ ਮੈਂ ਉਹਨਾ ਨੂੰ ਪੁੱਛ ਹੀ ਲਿਆ, ‘‘ਡਾਕਟਰ ਸਾਹਬ ਬੜੇ ਪੁਰਾਣੇ ਵੇਲਿਆਂ ’ਚ ਤੁਹਾਡਾ ਕੋਈ ਸਰ-ਨਾਮੀਆਂ ‘ਮਸਤਾਨਾ’ ਨਾਂਅ ਵਾਲੇ ਮੈਗਜ਼ੀਨ ਵਿੱਚ  ਵੀ ਛਪਦਾ ਹੁੰਦਾ ਸੀ?’’
ਮੇਰੇ ਮੂੰਹੋਂ ਗੱਲ ਬੋਚਦਿਆਂ ਉਹ ਹੈਰਾਨੀ ਤੇ ਗੰਭੀਰਤਾ ਦੇ ਰਲੇ-ਮਿਲੇ ਸੁਰ ’ਚ ਕਹਿੰਦੇ, ‘‘ਤੁਸੀਂ ਇਸ ਵੇਲੇ ਉਸੇ ਕ੍ਰਿਸ਼ਨ ਕੁਮਾਰ ਰੱਤੂ ਨਾਲ ਗੱਲਾਂ ਕਰ ਰਹੇ ਹੋ, ਜੋ ਮਸਤਾਨੇ ’ਚ ਗੀਤ-ਗ਼ਜ਼ਲਾਂ ਲਿਖਦਾ ਹੁੰਦਾ ਸੀ।’’ ਨਾਲ ਹੀ ਉਨ੍ਹਾਂ ਮੈਨੂੰ ਚੌਂਕ ਕੇ ਪੁੱਛਿਆ, ‘‘ਮਸਤਾਨੇ ਦਾ ਕੋਈ ਅੰਕ ਸਾਂਭਿਆ ਹੋਇਐ ਤੁਸੀਂ?’’
ਆਪਣੀ ਯਾਦ-ਦਾਸ਼ਤ ਨੂੰ ਆਪੇ ਥਾਪੜਾ ਦਿੰਦਿਆਂ ਮੈਂ ਦਿਲ ’ਚ ਕਿਹਾ ਕਿ ਮਸਤਾਨੇ ਕਿਹਨੇ ਸਾਂਭਣੇ ਸਨ? ਅਮਰੀਕਾ ’ਚ ਆ ਕੇ ਤਾਂ ਮੈਂ ਖ਼ੁਦ ‘ਮਸਤਾਨਾ’ ਬਣਿਆ ਹੋਇਐਂ।
ਅਗਲਾ ਕਿੱਸਾ ਵੀ ਸਾਹਿਤਕ ਪਿੜ ਨਾਲ ਹੀ ਸੰਬੰਧਤ ਹੈ। ਅਮਰੀਕਾ ਪਹੁੰਚਦਿਆਂ ਮੈਨੂੰ ਹਾਲੇ ਦੋ ਕੁ ਸਾਲ ਹੀ ਹੋਏ ਸਨ। ਇੱਥੋਂ ਦੀਆਂ ਪੰਜਾਬੀ ਅਖ਼ਬਾਰਾਂ ਨਾਲ ਮੇਰੀ ਜਾਣ-ਪਹਿਚਾਣ ਹਾਲੇ ਖੁੱਲ੍ਹ ਕੇ ਨਹੀਂ ਸੀ ਹੋਈ। ਇੱਕ ਦਿਨ ਆਪਣੇ ਮੇਲ-ਬਾਕਸ ਵਿੱਚੋਂ ਨਿਕਲੀ ਡਾਕ ਵਿੱਚ ਇੱਕ ਪਾਕਿਸਤਾਨੀ ਮੈਗਜ਼ੀਨ ਦੇਖ ਕੇ ਮੈਂ ਹੈਰਾਨ ਰਹਿ ਗਿਆ। ‘ਲਹਿਰਾਂ’ ਨਾਂਅ ਦੇ ਇਸ ਪੰਜਾਬੀ ਰਸਾਲੇ ਦੇ ਬਾਹਰ ਮੇਰਾ ਇੱਥੋਂ ਦਾ ਐਡਰੈੱਸ ਪੈੱਨ ਨਾਲ ਲਿਖਿਆ ਸੀ। ਮੈਨੂੰ ਪਾਕਿਸਤਾਨ ’ਚ ਛਪਦੇ ਕਿਸੇ ਪੰਜਾਬੀ ਪਰਚੇ ਬਾਰੇ ਕੋਈ ਜਾਣਕਾਰੀ ਨਹੀਂ ਸੀ, ਪਰ ਪਤਾ ਨਹੀਂ ‘ਲਹਿਰਾਂ’ ਵਾਲਿਆਂ ਨੇ ਮੇਰਾ ਐਡਰੈੱਸ ਕਿੱਥੋਂ ਤੇ ਕਿਵੇਂ ਲਿਆ ਹੋਵੇਗਾ? ਉਹ ਮੈਗਜ਼ੀਨ ਮੈਨੂੰ ਰੈਗੂਲਰ ਡਾਕ ਰਾਹੀਂ ਮਿਲਣਾ ਸ਼ੁਰੂ ਹੋ ਗਿਆ। ਇਹ ਮੈਗਜ਼ੀਨ ਸਾਰਾ ਉਰਦੂ ਅੱਖਰਾਂ ਵਿੱਚ ਹੁੰਦਾ ਤੇ ਵਿੱਚ ਇੱਕ-ਦੋ ਗ਼ਜ਼ਲਾਂ ਜਾਂ ਗੀਤ ਗੁਰਮੁਖੀ ਵਿੱਚ ਵੀ ਛਾਪੇ ਹੁੰਦੇ। ਉਰਦੂ ਤੋਂ ਮੈਂ ਬਿਲਕੁੱਲ ਨਾ-ਵਾਕਿਫ਼ ਸਾਂ। ਇਸ ਲਈ ਮੈਗਜ਼ੀਨ ’ਤੇ ਪੰਛੀ-ਝਾਤ ਮਾਰਦਿਆਂ ਗੁਰਮੁਖੀ ਵਾਲਾ ਹਿੱਸਾ ਪੜ੍ਹ ਕੇ ਇਹਨਾਂ ਨੂੰ ਗੁਰਦੁਆਰੇ ਕਮਿਊਨਿਟੀ ਸੈਂਟਰ ਵਿੱਚ ਬੈਠਣ ਵਾਲੇ ਉਹਨਾਂ ਵਿਹਲੇ ਬਜ਼ੁਰਗਾਂ ਨੂੰ ਦੇ ਆਉਂਦਾ, ਜਿਨ੍ਹਾਂ ’ਚੋਂ ਕਈ ਉਰਦੂ ਪੜ੍ਹਨਾ ਜਾਣਦੇ ਸਨ। ਇਹ ਸਿਲਸਿਲਾ ਕਈ ਮਹੀਨੇ ਚੱਲਦਾ ਰਿਹਾ।
ਇੱਕ ਦਿਨ ਤਾਜ਼ੇ ਮਿਲੇ ਨਵੇਂ ਮੈਗਜ਼ੀਨ ਦੀ ਸਰਸਰੀ ਉਥੱਲ-ਪੁਥੱਲ ਕਰਦਿਆਂ ਸੁੱਤੇ ਹੀ ਮੈਨੂੰ ਪੰਜਾਬੀ ਹਾਸਰਸ ਦੇ ਪੁਰਾਤਨ ਕਵੀ ਐੱਸ ਐੱਸ ਚਰਨ ਸਿੰਘ ‘ਸ਼ਹੀਦ’ ਦਾ ਚੇਤਾ ਆ ਗਿਆ। ਉਨ੍ਹਾਂ ਬਾਰੇ ਏਨੀ ਕੁ ਗੱਲ ਮੈਂ ਕਿਤੇ ਪੜ੍ਹੀ ਹੋਈ ਹੈ ਕਿ ਸੰਨ ਸੰਤਾਲੀ ਦੀ ਵੰਡ ਵੇਲੇ ਉਹ ਖ਼ੁਦ ਤਾਂ ਜਾਨ ਬਚਾ ਕੇ ਅੰਮ੍ਰਿਤਸਰ ਪਹੁੰਚ ਗਏ ਸਨ, ਪਰ ਮਚੀ ਹੋਈ ਆਪਾ-ਧਾਪੀ ਵਿੱਚ ਉਹਨਾਂ ਦੀਆਂ ਧੀਆਂ ਉਧਰ ਹੀ ਰਹਿ ਗਈਆਂ ਸਨ। ਕਵੀ ਸ਼ਹੀਦ ਜੀ ਦੇ ਇਸ ਪਰਵਾਰਕ ਵੇਰਵੇ ਦੀ ਮੈਨੂੰ ਏਨੀ ਕੁ ਜਾਣਕਾਰੀ ਹੈ, ਹੋਰ ਕੁਝ ਨਹੀਂ ਸੀ ਪਤਾ। ਨਾ ਹੀ ਕਦੇ ਮੈਨੂੰ ਇਸ ਗੱਲ ਨੇ ਕੁਰੇਦਿਆ ਸੀ ਕਿ ਮੈਂ ਉਹਨਾ ਦੀਆਂ ਧੀਆਂ ਦਾ ਅਤਾ-ਪਤਾ ਲਵਾਂ, ਪਰ ਪਾਕਿਸਤਾਨੋਂ ਆਇਆ ਪੰਜਾਬੀ ਮੈਗਜ਼ੀਨ ਸਾਹਮਣੇ ਪਿਆ ਵੇਖ ਕੇ ਮੈਨੂੰ ਇੱਕ ਫੁਰਨਾ ਫੁਰਿਆ। ਸੋਚਿਆ ਕਿ ਕਿਉਂ ਨਾ ਇਸ ਮੈਗਜ਼ੀਨ ਦੇ ਛਾਪਕਾਂ ਨਾਲ ਰਾਬਤਾ ਬਣਾ ਕੇ ਕਵੀ ਦੀਆਂ ਧੀਆਂ ਬਾਰੇ ਪੁੱਛਿਆ ਜਾਵੇ?  ਮੈਗਜ਼ੀਨ ਦੇ ਸਰ-ਵਰਕ ’ਤੇ ਛਪੀ ਹੋਈ ਸੰਪਾਦਕੀ-ਮੰਡਲ ਦੀ ‘ਈ-ਮੇਲ’ ਆਈ ਡੀ ਦੇਖ ਕੇ ਮੇਰੀ ਜਗਿਆਸਾ ਹੋਰ ਚਮਕ ਪਈ।
ਸਵਰਗੀ ਸ਼ਹੀਦ ਜੀ ਦੀ ਪਾਕਿਸਤਾਨ ਵਿਚਲੀ ਕਿਸੇ ਪੁਰਾਣੀ ਰਿਹਾਇਸ਼ ਬਾਰੇ ਮੈਨੂੰ ਕੋਈ ਇਲਮ ਨਹੀਂ ਸੀ। ਇਸ ਲਈ ਰੋਮਨ ਅੱਖਰਾਂ ਵਿੱਚ ਅਟੇ-ਸਟੇ ਹੀ ਉਹਨਾ ਦਾ ਸੰਕੋਚਵਾਂ ਜਿਹਾ ਵੇਰਵਾ ਲਿਖ ਕੇ ਮੈਂ ਸੰਪਾਦਕ ਜੀ ਨੂੰ ਪੁੱਛਿਆ ਕਿ ਆਪਣੇ ਬਾਪ ਨਾਲੋਂ ਵਿੱਛੜ ਜਾਣ ਬਾਅਦ ਉਹਨਾਂ ਕੁੜੀਆਂ ਦੀ ਕਿਤਿਉਂ ਕੋਈ ਉਘ-ਸੁੱਘ ਨਿਕਲੀ ਜਾਂ ਉਹ ਵਿਚਾਰੀਆਂ ਵੀ ਰੌਲੇ-ਗੌਲੇ ’ਚ ਤਹਿ-ਤੇਗ ਹੋ ਗਈਆਂ? ਕੁਝ ਸਤਰਾਂ ਲਿਖ ਕੇ ‘ਈ-ਮੇਲ’ ਭੇਜ ਦਿੱਤੀ।
ਅੱਠਾਂ-ਦਸਾਂ ਦਿਨਾਂ ਬਾਅਦ ਮੈਨੂੰ ‘ਈ-ਮੇਲ’ ਦਾ ਜਵਾਬ ਆ ਗਿਆ। ਮੋੜਵੀਂ ‘ਈ-ਮੇਲ’ ਵਿੱਚ ਉਸ ਮੈਗਜ਼ੀਨ ਦੇ ਸੰਪਾਦਕ ਨੇ ਕੁਝ ਅਜਿਹਾ ਵੇਰਵਾ ਲਿਖਿਆ ਹੋਇਆ ਸੀ :
‘‘ਜਨਾਬ...ਸਿੰਘ, ਆਪ ਕੇ ਖ਼ਤ ਕਾ ਜਵਾਬ ਲਿਖਨੇ ਮੇਂ ਦੇਰੀ ਕਾ ਸਬੱਬ ਯਿਹ ਹੂਆ ਕਿ ਮੇਰੀ ਬੀਵੀ...ਬੇਗ਼ਮ ਕਾ ਇੰਤਕਾਲ (ਮੌਤ) ਹੋ ਗਯਾ ਥਾ। ਜਿਸ ਦਿਨ ਆਪ ਕਾ ਖ਼ਤ ਮਾਸੂਲ ਹੂਆ, ਉਸੀ ਦਿਨ ਉਸੇ ਸਪੁਰਦੇ-ਖ਼ਾਕ ਕੀਆ ਗਯਾ ਥਾ। ਆਪ ਕੋ ਵਾਜ਼ਿਆ ਕਰਦੂੰ ਕਿ ਸਰਦਾਰ ਚਰਨ ਸਿੰਘ ‘ਸ਼ਹੀਦ’ ਕੀ ਜਿਨ ਬੇਟੀਉਂ ਕੇ ਬਾਰੇ ਮੇਂ ਆਪ ਨੇ ਇਤਲਾਹ ਮਾਂਗੀ ਹੈ, ਉਨ ਮੇਂ ਸੇ ਏਕ ਮੇਰੀ ਬੀਵੀ ਥੀ, ਜਿਸ ਕਾ ਪਹਿਲਾ ਨਾਮ...ਕੌਰ ਥਾ...ਵੋਹ ਭੀ ਕਭੀ-ਕਭਾਰ ਗ਼ਜ਼ਲ ਵਗੈਰਾ ਲਿਖ ਲੇਤੀ ਥੀ...।’’

****

No comments: