...‘ਤੇ ਆਖਿਰ ਤੁਫਾਨ ਗੁਜ਼ਰ ਗਿਆ.......... ਕਹਾਣੀ / ਰਮੇਸ਼ ਸੇਠੀ ਬਾਦਲ

“ਨਹੀਂ ਨਹੀਂ ਮੈਂ ਠੀਕ ਹਾਂ। ਕੁਝ ਨਹੀਂ ਹੋਇਆ ਮੈਨੂੰ।“, ਜਦੋਂ ਉਸਨੂੰ ਸਿਰਹਾਣੇ ਦੀ ਓਟ ਲਾਈ ਅਧਲੇਟੇ ਪਏ ਨੂੰ ਘੂਕ ਨੀਂਦ ‘ਚੋਂ ਕਾਹਲੀ ਨਾਲ, ਨਾਲ ਪਈ ਪਤਨੀ ਨੇ ਪੁੱਛਿਆ, ਤਾਂ ਉਸਨੇ ਕਿਹਾ । ਥੋੜੀ ਜਿਹੀ  ਘਬਰਾਹਟ ਤੇ ਉਨੀਂਦਰੀ ਪਤਨੀ ਵੀ ਨਾਲ ਹੀ ਉੱਠਕੇ ਬੈਠ ਗਈ। ਸਾਹਮਣੇ ਘੜੀ ਤੇ ਸਮਾਂ ਦੇਖਿਆ ਤਾਂ ਲਾਲ ਲਾਲ ਚਮਕਦੇ ਅੱਖਰ ਦੋ ਤਿੰਨ ਚਾਰ ਤਿੰਨ ਪੰਜ ਨਜਰ ਆਏ ਮਤਲਬ ਸਵੇਰ ਦੇ ਦੋ ਵੱਜਕੇ ਚੌਂਤੀ ਮਿੰਟ ਤੇ ਪੈਂਤੀ ਸੈਕਿੰਡ ਹੋਏ ਸਨ। ਇਹ ਉਹ ਸਮਾਂ ਹੈ ਜਦੋ ਕਹਿੰਦੇ ਨੇ ਸਿਰਫ ਖੁਦਾ ਹੀ ਜਾਗਦਾ ਹੁੰਦਾ ਹੈ ਜਾਂ  ਕੋਈ ਪੂਰਨ ਸੰਤ। ਬਾਹਰ ਸ਼ਾਂਤੀ ਸੀ। ਕਿਸੇ ਧਾਰਮਿਕ ਸਥਾਨ ਦਾ ਕੋਈ ਸਪੀਕਰ ਸ਼ਾਂਤੀ ਨੂੰ ਭੰਗ ਨਹੀਂ ਕਰ ਰਿਹਾ ਸੀ। ਤੇ ਰਾਤ ਨੂੰ ਚਲਦੇ ਮੈਰਿਜ ਪੈਲੇਸਾਂ ਦੇ ਡੀ.ਜੇ. ਵੀ ਹੁਣ  ਬੰਦ ਹੋ ਚੁਕੇ ਸਨ ।ਹੁਣ ਤਾਂ ਕਿਸੇ ਚਾਬੀ ਵਾਲੀ ਘੜੀ ਦੀ ਟਿਕ ਟਿਕ ਨਹੀਂ ਸੀ ਸੁਣਦੀ ।
“ਫੇਰ ਏਸ ਤਰ੍ਹਾਂ ਕਿਉ ਪਏ ਹੋ ਕੀ ਤਕਲੀਫ ਹੈ, ਅੱਖਾਂ ਖੁੱਲੀਆਂ ਹਨ ਤੇ ਸੌਣ ਦੀ ਕੋਸਿ਼ਸ਼ ਵੀ ਨਹੀ ਕਰ ਰਹੇ । ਕੋਈ ਤਕਲੀਫ ਸੀ ਤਾਂ ਮੈਨੂੰ ਜਗਾ ਲੈਂਦੈ”, ਘਰਵਾਲੀ ਨੇ ਸਵਾਲਾਂ ਦੀ ਝੜੀ ਲਾ  ਦਿੱਤੀ। ਉਹ ਚੁੱਪ ਰਿਹਾ ਤੇ ਉਸ ਨੇ ਲੰਬਾ ਠੰਢਾ ਸਾਹ ਲਿਆ। ਗੱਲ ਸ਼ੁਰੂ ਕਰਨ ਲਈ ਬੁੱਲਾਂ ਤੇ ਜੀਭ ਫੇਰੀ ਪਰ ਉਸ ਦਾ ਤਾਂ ਗਲਾ ਖੁਸ਼ਕ ਹੋਇਆ ਪਿਆ ਸੀ । ਕੁਝ ਸੁੱਕੀ ਜਿਹੀ ਖਾਂਸੀ ਕੀਤੀ । ਆਖਿਰ ਉਸਨੇ ਸਿਰਹਾਣੇ ਪਏ ਪਾਣੀ ਦੇ ਗਿਲਾਸ ‘ਚੋਂ ਘੁੱਟ ਭਰਿਆ । ਤੇ ਉਸੇ ਤਰ੍ਹਾਂ ਚੁੱਪ ਚਾਪ ਲੇਟ ਗਿਆ । ਪਰ ਘਰਵਾਲੀ ਅਜੇ ਵੀ ਉੱਠਕੇ ਬੈਠੀ ਸੀ ਤੇ ਘਬਰਾਹਟ ਵਿੱਚ ਬੁੜ ਬੁੜ ਕਰ ਰਹੀ ਸੀ ।

“ਨਹੀ ਗੱਲ ਤਾਂ ਕੁਝ ਨਹੀਂ। ਬੱਸ ਮਨ ਬੈਚੈਨ ਜਿਹਾ ਰਹਿੰਦਾ ਹੈ। ਸਮਝ ਨਹੀਂ ਆਉਂਦਾ ਕੀ ਗਲਤੀ ਹੋਈ ਹੈ। ਕਦੇ ਕਿਸੇ ਦਾ ਬੁਰਾ ਨਹੀਂ ਚਾਹਿਆ ਤੇ ਨਾ ਕੀਤਾ । ਪਰ ਦੁਨੀਆਂ ਦੁਸ਼ਮਨ ਕਿਉਂ ਬਣ ਗਈ ? ਆਪਣੇ ਹੀ ਏਨੇ ਖੁਦਗਰਜ ਕਿਉੁ ਹੋ ਗਏ ਤੇ ਆਪਣੇ ਬੇਗਾਨੇ ਹੋ ਗਏ । ਗਿਲੇ ਸਿ਼ਕਵੇ ਸਭ ਦੇ ਹੁੰਦੇ ਹਨ। ਆਪਣਿਆਂ ਤੋ ਉਮੀਦਾਂ ਸਭ ਰੱਖਦੇ ਹਨ। ਰਿਸ਼ਤੇਦਾਰ ਹੀ ਦੁੱਖ ਸੁੱਖ ਤੇ ਕੰਮ ਆਉਦੇ ਹਨ। ਪਰ ਇਹ ਤਾਂ ਮੇਰੀ ਬਿਪਤਾ ਤੇ ਮੇਰਾ ਸਾਥ ਛੱਡ ਗਏ । ਉਹ ਵੀ ਉਸ ਵੇਲੇ ਜਦੋਂ ਜੁੰਮੇਵਾਰੀਆਂ ਤੇ ਤਿੰਨ ਪਰਿਵਾਰਾਂ ਦਾ ਬੋਝ ਮੇਰੇ ਸਿਰ ਤੇ ਅਚਾਨਕ ਪੈ ਗਿਆ ਸੀ । ਜਦੋਂ ਮੈ ਨਿਆਸਰਾ ਹੋ ਗਿਆ ਸੀ ਤਾਂ ਇਹਨਾਂ ਨੇ ਮੇਰੇ ਖਿਲਾਫ ਲਾਮਬੰਦ ਹੋ ਕੇ ਏਕਾ ਕਰ ਲਿਆ । ਆਪਣੀਆਂ ਗਲਤੀਆਂ ਮੰਨਣ ਦੀ ਬਜਾਏ ਮੇਰੇ ਘਰ ਨੂੰ ਤੋੜਣ ਵਾਸਤੇ ਸੇਂਧ ਲਾ ਲਈ । ਇਹਨਾਂ ਨੇ ਮੇਰਾ ਪਰਿਵਾਰ ਹੀ ਤੋੜ ਦਿੱਤਾ । ਮੇਰੇ ਚਰਿੱਤਰ ਤੇ ਉਂਗਲੀ ਉਠਾਕੇ  ਮੇਰੇ ਘਰ ਵਿੱਚ ਦਰਾਰ ਪੈਦਾ ਕਰ ਦਿੱਤੀ । ਮੇਰੀ ਪਤਨੀ ਨੂੰ ਮੇਰੇ ਖਿਲਾਫ ਭੜਕਾ ਕੇ ਮੇਰੇ ਮਕਾਨ ਦੀਆਂ ਨੀਹਾਂ ਖੋਖਲੀਆਂ ਕਰ ਦਿੱਤੀਆਂ। ਕਾਸ਼ ਮੇਰੇ ਇਹ ਨਜ਼ਦੀਕੀ ਨਾ ਹੁੰਦੇ, ਮੇਰੇ ਦੁਸ਼ਮਣ ਹੁੰਦੇ ਤਾਂ ਮੈ ਸੁਚੇਤ ਰਹਿੰਦਾ,” ਬੋਲਦੇ ਬੋਲਦੇ ਉਸਦਾ ਗਲਾ ਭਰ ਆਇਆ । ਅੱਖਾਂ ਚੋਂ ਪਰਲ ਪਰਲ ਹੰਝੂ ਕਿਰਨ ਲੱਗੇ। ਤੇ ਉੁਹ ਚੁੱਪ ਕਰ ਗਿਆ । ਉਸ ਤੋਂ ਬੋਲਿਆ ਨਾ ਗਿਆ । ਘਰਵਾਲੀ ਨੇ ਕੋਲ ਪਏ ਪਾਣੀ ਦੇ ਗਿਲਾਸ ਨੂੰ ਉਸਦੇ ਮੂੰਹ ਨਾਲ ਲਾ ਦਿੱਤਾ । ਤੇ ਚੁੰਨੀ ਨਾਲ ਉਸ ਦੀਆਂ ਅੱਖਾਂ ਪੂੰਝੀਆਂ ਪਾਣੀ ਪੀਣ ਦੇ ਬਾਵਜੂਦ ਵੀ ਹੌਕੇ ਤੇ ਹਿਚਕੀਆਂ ਬੰਦ ਨਾ ਹੋਈਆਂ । ਕਮਰੇ ਚ ਫੇਰ ਚੁੱਪ ਪਸਰ ਗਈ। ਸਿਰਫ ਕਦੇ ਕਦੇ ਹੌਕੇ ਸੁਣਾਈ ਦਿੰਦੇ ਸਨ। ਘਰਵਾਲੀ ਨੂੰ ਵੀ ਸਮਝ ਨਹੀਂ ਸੀ ਆ ਰਹੀ । ਕਿ ਉਹ ਕੀ ਬੋਲੇ ।ਉਸਨੇ ਗੱਲ ਸ਼ੁਰੂ ਕਰਨ ਦੀ ਕੋਸਿ਼ਸ਼ ਕੀਤੀ ਪਰ ਉਸਨੂੰ ਖੁਦ ਨੂੰ ਵੀ ਸਮਝ ਨਾ ਆਈ ਕੀ ਉਹ ਕੀ ਕਹੇ।

“ਕਿਸੇ ਨੂੰ ਚੰਗਾ ਵੇਖ ਕੇ ਉਹਨਾਂ ਨੇ ਆਪ ਚੰਗਾ ਬਨਣ ਦੀ ਬਜਾਏ, ਉਹਨਾਂ ਨਾਲ ਮੇਰਿਆ ਸਬੰਧਾਂ ‘ਤੇ ਉਂਗਲੀ ਉਠਾਈ । ਇਸ ਮਾਮਲੇ ਵਿੱਚ ਉਹਨਾਂ ਤੈਨੂੰ ਗਲਤ ਪਾਠ ਪੜਾਇਆ ਤੇ ਤੇਰੇ ਅੰਦਰ ਮੇਰੇ ਪ੍ਰਤੀ ਸ਼ੱਕ ਦੇ ਬੀਜ ਬੋ ਦਿੱਤੇ। ਤੇਰਾ ਮੇਰਾ ਤੀਹਾ ਸਾਲਾਂ ਦਾ ਰਿਸ਼ਤਾ ਵੀ ਸ਼ੱਕ ਦੇ ਘੇਰੇ ਵਿੱਚ ਲਿਆ ਦਿੱਤਾ । ਉੁਹ ਆਪਾਂ ਨੂੰ ਸਰੀਰਕ ਰੂਪ ਵਿੱਚ ਦੂਰ ਤਾਂ ਨਹੀਂ ਕਰ ਸਕੇ ਪਰ ਮਾਨਸਿਕ ਰੁਪ ਵਿੱਚ ਉਹ ਇਕ ਦੀਵਾਰ ਖੜੀ ਕਰਨ ਵਿੱਚ ਜਰੂਰ ਕਾਮਯਾਬ ਹੋ ਗਏ ਹਨ। ਇਹ ਏਸ ਝਮੇਲੇ ਨੇ ਮੈਨੂੰ ਸਰੀਰਕ ਤੇ ਮਾਨਸਿਕ ਰੋਗੀ ਬਣਾ ਦਿੱਤਾ ਹੈ। ਹੁਣ ਤਾਂ ਜਿੰਦਗੀ ਦਾ ਮਨੋਰਥ ਹੀ ਖਤਮ ਹੋ ਗਿਆ ਲਗਦਾ ਹੈ। ਏਸ ਨਰਕਮਈ ਜੀਵਨ ਨਾਲੋਂ ਤਾਂ ਬੰਦਾ.... ।” ਉਹ ਬੋਲਦਾ ਬੋਲਦਾ ਰੁਕ ਗਿਆ । ਘਰਵਾਲੀ ਦਾ ਪੀਲਾ ਜਰਦ ਚੇਹਰਾ ਉਸ ਤੋਂ ਦੇਖਿਆ ਨਾ ਗਿਆ । ਬੱਚਿਆਂ ਦੇ ਹੱਸਦੇ ਚੇਹਰੇ ਉਸਦੀ ਕਲਪਣਾ ਚ ਗਮਗੀਨ ਦਿੱਸੇ ਤੇ ਉਹ ਫੇਰ ਹੌਕੇ ਲੈਣ ਲੱਗ ਗਿਆ ਉਸਨੇ ਬੁੱਲਾਂ ਤੇ ਜੀਭ ਫੇਰੀ । ਗਲਾ ਤਰ ਕਰਨ ਦੀ ਕੋਸਿ਼ਸ਼ ਕੀਤੀ । ਹੁਣ ਘਰਆਲੀ ਦੀਆਂ ਅੱਖਾਂ ਚੋਂ ਹੰਝੂ ਕਿਰਨ ਲੱਗੇ ਤੇ ਤਰਸ ਜਿਹਾ ਆ ਗਿਆ। ਪਰ ਮਨ ਵਿੱਚ ਉਛਲਦੇ ਤੂਫਾਨ ਤੇ ਵਿਚਾਰਾਂ ਦੀ ਹਨੇਰੀ ਨੂੰ ਠੱਲ ਪਾਉਣ ਲਈ ਉਸਦਾ ਬੋਲਣਾ ਤੇ ਦਿਲ ਦੀ ਭੜਾਸ ਨੂੰ ਕੱਢਣਾ ਜਰੂਰੀ ਸੀ ।

“ਮੈਂ ਮੰਨਦਾ ਹਾਂ ਤੂੰ ਦੋਨੇ ਪਾਸੇ ਫਸੀ ਹੈਂ। ਇਕ ਪਾਸੇ ਤੇਰਾ ਪਰਿਵਾਰ ਹੈ। ਤੇਰਾ ਪਤੀ ਹੈ ਤੇ ਬੱਚੇ ਹਨ। ਤੇਰਾ ਹੱਸਦਾ ਖੇਡਦਾ ਸੰਸਾਰ ਹੈ। ਤੇ ਦੂਜੇ ਪਾਸੇ ਤੇਰੇ ਭਰਾ ਹਨ ਤੇਰੀ ਮਾਂ ਹੈ। ਤੇਰੀ ਮਾਂ ਨੂੰ  ਮੈਂ ਕੀ ਆਖਾਂ? ਮੇਰੀ ਜੁਬਾਨ ਮੇਰਾ ਸਾਥ ਨਹੀਂ ਦੇ ਰਹੀ। ਉਹ ਧੀ ਦੇ ਪਿਆਰ ਵਿੰਚ ਅੰਨ੍ਹੀ ਹੈ। ਜਿਵੇਂ ਸ਼ਕੁਣੀ ਮਾਮੇ  ਨੂੰ ਆਪਣਾ ਭਾਣਜਾ  ਦਰਯੋਧਨ ਦਿਸਦਾ ਸੀ। ਧ੍ਰਿਤਰਾਸ਼ਟਰ ਨੂੰ ਆਪਣਾ ਬੇਟਾ ਦਿੱਸਦਾ ਸੀ। ਉਸੇ ਤਰ੍ਹਾਂ ਤੇਰੀ ਮਾਂ ਨੂੰ ਤੂੰ ਦਿੱਸਦੀ ਹੈਂ ਤੇ ਉਹ ਬਸ ਤੈਨੂੰ ਹੀ ਮੇਰੇ ਖਿਲਾਫ ਭੜਕਾਉਂਦੀ ਰਹਿੰਦੀ ਹੈ। ਮੇਰੇ ਤੇ ਉਂਗਲੀ ਉਠਾਉਣ ਵਾਸਤੇ ਉਸਨੇ ਹੀ ਤੈਨੂੰ ਪ੍ਰੇਰਿਤ ਕੀਤਾ ਹੈ। ਉਹ ਘਰ ਵਿੱਚ ਇਕੱਲੀ ਹੁੰਦੀ ਹੈ।ਸਾਰਾ ਦਿਨ। ਘਰੇ ਉਸ ਨਾਲ ਕੋਈ ਗਲ ਕਰਨ ਵਾਲਾ ਨਹੀਂ ਹੁੰਦਾ । ਉਹ ਤੇਰਾ ਫੋਨ ਉਡੀਕਦੀ ਰਹਿੰਦੀ ਹੈ। ਉਹ ਤੈਨੂੰ ਦੱਸਦੀ ਹੈ ਕਿ ਤੂੰ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ । ਤੇ ਤੈਨੂੰ ਉਹ ਉਸ ਘਰ ਦੀ ਨਿੱਕੀ ਨਿੱਕੀ ਗੱਲ ਦੱਸਦੀ ਰਹਿੰਦੀ ਹੈ। ਤੇ ਉਸ ਦੀ ਪੜ੍ਹੀ ਪੜ੍ਹਾਈ ਤੂੰ ਉਹ ਕੁਝ ਬੋਲ ਦਿੰਦੀ ਹੈਂ, ਜੋ ਤੂੰ ਨਹੀਂ ਸੀ ਬੋਲਣਾ ਚਾਹੁੰਦੀ । ਉਸ ਦੀਆਂ ਪੜਾਈਆਂ ਪਾੜ੍ਹਤਾਂ ਤੇ ਹੀ ਆਪਣੇ ਘਰੇ ਕਲੇਸ਼ ਹੁੰਦਾ ਹੈ। ਜਿਸ ਵਿਸ਼ੇ ਤੇ ਤੇਰੇ ਭਰਾ ਤੇਰੇ ਨਾਲ ਗੱਲ ਨਹੀਂ ਕਰਦੇ । ਕਿਸੇ ਸਮਾਜਿਕ ਸਮਾਰੋਹ ਵਿੱਚ ਮੈਨੂੰ ਤਾਂ ਮਾਣ ਕੀ ਦੇਣਾ ਸੀ । ਉਹ ਤੈਨੂੰ ਵੀ ਕੁਝ ਨਹੀਂ ਸਮਝਦੇ । ਤੈਨੂੰ ਕਿਸੇ ਖੁਸ਼ੀ ਗਮੀ ਦੀ ਸੂਚਨਾਂ ਦੇਣਾ ਵੀ ਆਪਣਾ ਫਰਂ ਨਹੀ ਸਮਝਦੇ । ਪੈਸਾ ਟਕਾ ਦੇਣਾ ਤਾਂ ਦੂਰ ਦੀ ਗੱਲ ਹੈ। ਉਹ ਤੇਰੀ ਮਾਂ ਦੇ ਹੱਥ ਤੇ ਵੀ ਕੰਟਰੋਲ ਕਰਦੇ ਹਨ। ਤੇਰੀ ਮਾਂ ਦੀ ਹਿੰਮਤ ਨਹੀਂ ਕਿ ਉਹ ਤੈਨੂੰ ਉਹਨਾਂ ਤੋ ਬਿਨਾਂ ਪੁੱਛੇ ਆਸ਼ੀਰਵਾਦ ਵੀ ਦੇ ਦੇਵੇ। ਫੇਰ ਤੇਰੀ ਮਾਂ ਕਿਉ ਤੈਨੂੰ ਜਬਰੀ ਉਹਨਾਂ ਦੀ ਖੁਸ਼ੀ ਗਮੀ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਕਰਦੀ ਹੈ। ਤੈਨੂੰ ਸਦਾ ਮੇਰੇ ਤੋ ਬਾਹਰ ਹੋ ਕੇ ਆਪਣੇ ਕਹੇ ਅਨੂਸਾਰ ਚਲਣ ਲਈ ਮਜਬੂਰ ਕਰਦੀ ਹੈ। ਇਹ ਗੱਲਾਂ ਸਦਾ ਤੇਰੇ ਤੇ ਮੇਰੇ ਵਿੱਚ ਦਰਾਰ ਪੈਦਾ ਕਰਦੀਆਂ ਹਨ। ਤੇ ਆਪਣੇ ਵਿਚਲੀ ਭਾਵਨਾਤਿਮਕ ਦੂਰੀ ਨੂੰ ਵਧਾ ਰਹੀਆਂ ਹਨ। ਮੈਂ ਕਹਿਣਾ ਨਹੀਂ ਚਾਹੁੰਦਾ ਪਰ ਇਹਨਾਂ ਗੱਲਾਂ ਨੇ ਮੇਰੇ ਅੰਦਰ ਤਬਾਹੀ ਮਚਾਈ ਹੋਈ ਹੈ। ਮੇਰਾ ਸੁਖ ਚੈਨ ਸਭ ਖੋਹਿਆ ਹੋਇਆ ਹੈ। ਮੇਰਾ ਦਿਲ ਨਹੀ ਕਰਦਾ ਮੈਂ ਤੇਰਿਆਂ ਨੂੰ ਮਾੜਾ ਕਹਾਂ । ਗਲਤ ਬੋਲਾਂ । ਜਾਂ ਕਦੇ ਉੱਚਾ ਬੋਲਾਂ ਪਰ ਮੈਂ ਕੀ ਕਰਾਂ ਜੇ ਮੈ ਨਾ ਬੋਲਿਆ ਤਾਂ ਮੈਨੂੰ ਲਗਦਾ ਹੈ। ਮੈਂ ਪਾਗਲ ਹੋ ਜਾਵਾਂਗਾ”, ਇਹ ਕਹਿਕੇ ਉਸਨੇ ਲੰਬਾ ਸਾਹ ਲਿਆ । ਬਾਰ ਬਾਰ ਸੁੱਕੇ ਬੁੱਲਾਂ ਤੇ ਜੀਭ ਫੇਰੀ ਤੇ ਆਖਿਰ  ਪਾਣੀ ਦਾ ਘੁੱਟ ਪੀਤਾ ਤੇ ਅੱਖਾਂ ਚ ਆਏ ਹੰਝੂਆਂ ਨੂੰ ਆਪਣੀ ਕਮੀਜ਼ ਦੇ ਕਫ ਨਾਲ ਪੂੰਝਿਆ । ਕਮਰੇ ‘ਚ ਫੇਰ ਸ਼ੱਤੀ ਪਸਰ ਗਈ । ਉਸਦੇ ਅੰਦਰਲਾ ਤੂਫਾਨ ਕੁਝ ਠੱਲ ਚੁੱਕਿਆ ਸੀ। ਪਰ ਤੂਫਾਨੀ ਲਹਿਰਾਂ ਅਜੇ ਵੀ ਦਿਮਾਗ ਦੀ ਸ਼ਾਂਤੀ ਤੋ ਕੋਹਾਂ ਦੂਰ ਸਨ। ਉਸਨੂੰ ਲਗਦਾ ਸੀ ਕਿ ਇਹ ਅੱਗ ਭੜਕ ਵੀ ਸਕਦੀ ਹੈ। ਪਰ ਉੁਹ ਬਿਨਾਂ ਕਿਸੇ ਸਿੱਟੇ ਦੀ ਪਰਵਾਹ ਕੀਤੇ ਅੱਜ ਆਪਣਾ ਉਹ ਸਭ ਕੁਝ ਕਹਿਣਾ ਚਾਹੁੰਦਾ ਸੀ ਜਿਸਨੇ ਉਸਨੂੰ ਮਾਨਸਿਕ ਰੂਪ ਵਿੱਚ ਪਿਛਲੇ ਕਈ ਮਹੀਨਿਆਂ ਤੋ ਅਪਾਹਿਜ ਬਣਾ ਰੱਖਿਆ ਸੀ ।

“ ਤੇਰਾ ਬਾਰ ਬਾਰ ਮੇਰੇ ਤੋ ਬਾਹਰ ਹੋ ਕੇ ਜਾਂ ਮੇਰੀ ਮਰਜ਼ੀ ਦੇ ਖਿਲਾਫ ਉਹਨਾਂ ਕੋਲ ਜਾਣਾ, ਜਿਥੇ ਤੇਰੀ ਬੇ ਕਦਰੀ ਕਰਦਾ ਹੈ, ਉਥੇ ਮੇਰੇ ਤੋ ਵੀ ਤੈਨੂੰ ਦੂਰ ਕਰਦਾ ਹੈ। ਮੈਂ ਤੁਹਾਡੇ ਪੇਕਿਆਂ ਦੇ ਸਬੰਧਾਂ ਨੂੰ ਖਾਰਿਜ ਨਹੀਂ ਕਰਨਾ ਚਾਹੁੰਦਾ ਪਰ ਸੈਲਫ ਰਸਪੈਕਟ ਨੂੰ ਵੀ ਆਂਚ ਨਹੀਂ ਲਗਣ ਦੇਣਾ ਚਾਹੁੰਦਾ । ਉਹ ਤੈਨੂੰ ਟਿੱਚ ਸਮਝਦੇ ਹਨ। ਮਹਾਂਭਾਰਤ ਨੂੰ ਟਾਲਣ ਵਾਸਤੇ ਭਗਵਾਨ ਸ੍ਰੀ ਕ੍ਰਿਸ਼ਨ ਨੇ ਵੀ ਬਹੁਤ ਕੋਸਿ਼ਸ਼ਾਂ ਕੀਤੀਆਂ ਸੀ । ਪਰ ਆਖਿਰ ਮਹਾਂਭਾਰਤ ਹੋ ਕੇ ਰਿਹਾ । ਤੇਰਾ ਵਾਰ ਵਾਰ ਸ਼ਾਂਤੀ ਦੂਤ ਬਨਕੇ ਜਾਣਾ ਵੀ ਸ਼ਾਂਤੀ ਸ਼ਬਦ ਤੇ ਨਿਮਰਤਾ ਸ਼ਬਦ ਦਾ ਅਪਮਾਨ  ਹੈ। ਪਤਾ ਨਹੀਂ ਮੇਰੀ ਜਿੰਦਗੀ ਕਿੰਨੀ ਲੰਬੀ ਹੈ। ਕਿੰਨੇ ਸਾਲ ਬਚੇ ਹਨ। ਕਦੋਂ ਕੀ ਹੋ ਜਾਵੇ । ਪਰ ਜਿੰਨੀ  ਹੈ ਉਸਨੂੰ ਆਤਮ ਸਨਮਾਨ ਨਾਲ ਹੀ ਗੁਜਾਰਣਾ ਮੇਰਾ ਮਕਸਦ ਹੈ। ਮੁਆਫੀ ਤੇ ਭੁੱਲ ਜਾਓ ਜਿਹੇ ਸ਼ਬਦ ਦਾ ਵੇਲਾ ਖੁੰਝ ਚੁੱਕਿਆ ਹੈ' ਤੇ ਉਹ ਪਤਾ ਨਹੀਂ ਹੋਰ ਕੀ ਕੀ ਬੋਲਦਾ ਰਿਹਾ।

“ ਚਲੋ ਸੌਂ ਜਾਓ ਹੁਣ ਪੰਜ ਵੱਜ ਗਏ ਹਨ। ਸਾਢੇ ਛੇ ਵਜੇ ਉਠਕੇ ਤਿਆਰ ਵੀ ਹੋਣਾ ਹੈ। ਡਿਊਟੀ ਤੇ ਜਾਣਾ ਹੈ। ਪਰ ਤੁਹਾਡੀਆਂ ਗੱਲਾਂ ਸਹੀ ਹਨ। ਪਰ ਮੇਰੀ ਮਜਬੂਰੀ ਹੈ। ਮੈਂ ਮਾਂ ਨੂੰ ਵੀ ਦੁਖੀ ਤੇ ਅਸਹਾਇ ਨਹੀਂ ਦੇਖ ਸਕਦੀ । ਜੇ ਮੈ ਮਾਂ ਨੂੰ ਪ੍ਰੇਸ਼ਾਨ ਕਰਦੀ ਹਾਂ ਜਾਂ ਉਸ ਦੀ ਆਤਮਾਂ ਨੂੰ ਦੁਖੀ ਕਰਦੀ ਹਾਂ ਤਾਂ ਇਹ ਵੀ ਮੇਰੇ ਲਈ ਗਲਤ ਹੋਵੇਗਾ । ਪਰ ਮੈਂ ਪੂਰੀ ਕੋਸਿ਼ਸ਼ ਕਰਾਂਗੀ ਕਿ ਮੈਂ ਤੁਹਾਡੇ ਆਤਮ ਸਨਮਾਨ ਨੂੰ ਕੋਈ ਠੇਸ ਨਾ ਪਹੁੰਚੇ । ਮੇਰੇ ਲਈ ਮੇਰਾ ਘਰ ਪਤੀ ਤੇ ਮੇਰੇ ਬੱਚੇ ਪਹਿਲਾਂ ਹਨ। ਬਾਕੀ ਸਭ ਬਾਅਦ ਵਿੱਚ ਹਨ। ਤੁਸੀਂ ਦਿਲ ਤੇ ਕੋਈ ਬੋਝ ਨਾ ਰੱਖੋ ਹੁਣ ਤਾਂ ਪਹਿਲਾਂ ਹੋਈਆਂ ਗੱਲਾਂ ਨੂੰ ਭੁਲਾਇਆ ਹੀ ਜਾ ਸਕਦਾ ਹੈ। ਪਰ ਅੱਗੇ ਤੋ ਅਜੇਹਾ ਕੁਝ ਵੀ ਨਹੀਂ ਹੇਵੇਗਾ । ਮੈਂ ਜਿੰਦਗੀ ਰੂਪੀ ਗੱਡੀ ਨੂੰ ਚਲਾਉਣ ਲਈ ਤੁਹਾਡੀ ਪੂਰੀ ਸਹਾਇਤਾ ਕਰਾਂਗੀ । ਇਹ ਆਖ ਕੇ ਉਸਨੇ ਅੱਖ ‘ਚੋਂ ਕਿਰਦੀ ਬੂੰਦ ਨੂੰ ਹੱਥ ਦੀ ਤਲੀ ਨਾਲ ਪੂੰਝਿਆ ਤੇ ਅੱਖਾਂ ਬੰਦ ਕਰ ਲਈਆਂ । ਕਮਰੇ ਵਿੱਚ ਹੁਣ ਫਿਰ ਸ਼ਾਂਤੀ ਸੀ। ਇਕ ਭਾਰੀ ਤੂਫਾਨ ਗੁਜਰ ਚੁੱਕਿਆ ਸੀ। ਮਨ ਸੀਤ ਹੋ ਚੁੱਕਾ ਸੀ । ਹੁਣ ਕਮਰੇ ਵਿੱਚ ਪੂਰੀ ਖਮੋਸ਼ੀ ਸੀ ਜੋ ਤੁਫਾਨ ਤੋਂ ਪਹਿਲਾਂ ਦੀ ਖਮੋਸ਼ੀ ਨਾਲੋ ਵੱਖਰੀ ਸੀ । 

****

No comments: