ਕਾਹਲੀ ਅੱਗੇ ਟੋਏ……… ਕਾਵਿ ਵਿਅੰਗ / ਰਵੇਲ ਸਿੰਘ ਇਟਲੀ

ਬਾਪੂ ਦੇ ਸਨ ਪੁੱਤਰ ਚਾਰ,
ਚਾਰੇ ਹੀ ਸਨ ਸੇਵਾਦਾਰ ।

ਇੱਕ ਦਿਨ ਬਾਪੂ ਪਿਆ ਬੀਮਾਰ,
ਡਾਢਾ ਸੀ ਹੋਇਆ ਲਾਚਾਰ ।

ਸਾਰੇ ਲੱਗੇ ਕਰਨ ਵਿਚਾਰ,
ਬਾਪੂ ਤੇ ਸਾਰਾ ਘਰ ਬਾਰ ।

ਬਾਪੂ ਨੂੰ ਕਿਧਰੇ ਲੈ ਜਾਈਏ,
ਤੇ ਇਸ ਦਾ ਇਲਾਜ ਕਰਾਈਏ ।

ਛੇਤੀ ਕਰੀਏ ਦੇਰ ਨਾ ਲਾਈਏ,
ਕਿਸੇ ਸਿਆਣੇ ਕੋਲ ਪੁਚਾਈਏ ।

ਲੈ ਗਏ ਕਿਸੇ ਸਿਆਣੇ ਕੋਲ,
ਜਿਸ ਨੇ ਡਿੱਠੀ ਨਬਜ਼ ਟਟੋਲ ।

ਮੁਸ਼ਕਲ ਨਾਲ ਬੀਮਾਰੀ ਬੁੱਝੀ,
ਉੁਸ ਨੂੰ ਫਿਰ ਦਵਾਈ ਸੁੱਝੀ ।

ਘੋਲ ਘਾਲ ਸ਼ੀਸ਼ੀ ਵਿਚ ਪਾਈ,
ਮੁੰਡਿਆਂ ਦੇ ਸੀ ਹੱਥ ਫੜਾਈ ।

ਕਹਿਕੇ ਇਸ ਨੂੰ ਖੂਬ ਹਿਲਾਇਓ,
ਫਿਰ ਇਹ ਬਾਪੂ ਤਾਈਂ ਪਿਲਾਇਓ ।

ਮੁੰਡਿਆਂ ਨੇ ਕਾਹਲੀ ਵਿਚ ਜਾ ਕੇ,
ਸੇਵਾ ਕੀਤੀ ਖੂਬ ਹਿਲਾ ਕੇ ।

ਦੋ ਮੁੰਡਿਆਂ ਨੇ ਲੱਤਾਂ ਤੋਂ ਫੜਕੇ,
ਦੋਹਾਂ ਨੇ ਬਾਹਾਂ ਤੋਂ ਫੜਕੇ ।

ਬਾਪੂ ਨੂੰ ਸੀ ਖੂਬ ਹਿਲਾਇਆ,
ਬਾਪੂ ਨੂੰ ਡਾਢਾ ਤੜਫਾਇਆ,

ਏਦਾਂ ਕਰਦੇ ਟੁੱਟ ਗਈ ਹੱਡੀ,
ਨਾਲ ਹੀ ਬੁੱਢਾ ਚੜ੍ਹ ਗਿਆ ਗੱਡੀ ।

ਰੋਂਦੇ ਕੋਲ ਹਕੀਮ ਦੇ ਆਏ,
ਡਾਢੇ ਵੈਣ ਕੀਰਣੇ ਪਾਏ ।

ਮੱਥੇ ਤੇ ਹੱਥ ਮਾਰੇ ਵੈਦ,
ਸੁਣ ਮੁੰਡਿਆਂ ਦੇ ਕਾਰੇ ਵੈਦ ।
ਮੈਂ ਤਾਂ ਕਿਹਾ ਸੀ ਦਵਾ ਹਿਲਾਇਓ,
ਫਿਰ ਬਾਪੂ ਜੀ ਦੇ ਤਾਂਈਂ ਪਿਲਾਇਓ ।

ਸ਼ੀਸ਼ੀ ਦੀ ਥਾਂ ਬੁੜ੍ਹਾ ਹਿਲਾਇਆ ।
ਬਾਪੂ ਨੂੰ ਹੈ ਸਵਰਗ ਪੁਚਾਇਆ ।

ਸੁਣ ਸਾਰੇ ਡਾਢੇ ਪਛਤਾਏ ,
ਰੋਂਦੇ ਖੱਪਦੇ ਘਰ ਨੂੰ ਆਏ ।
           
ਸੋਚ ਸਮਝ ਕੇ ਕਦਮ ਟਿਕਾਓ,
ਜੀਵਨ ਨਾ ਖਤਰੇ ਵਿਚ ਪਾਓ ।

***

Post a Comment