ਪੰਜ ਪੁੱਤਰਾਂ ਦੀ ਮਾਂ ਦਾ ਹਾਲ.......... ਲੇਖ / ਤਰਲੋਚਨ ਸਿੰਘ ‘ਦੁਪਾਲਪੁਰ’

ਇਹ ਕਿਤਾਬ ਰਾਮ ਦੀ ਹੈ।
ਇਹ ਹੀ ਕਿਤਾਬ ਰਾਮ ਦੀ ਹੈ।
ਇਹ ਕਿਤਾਬ ਹੀ ਰਾਮ ਦੀ ਹੈ।
ਇਹ ਕਿਤਾਬ ਰਾਮ ਦੀ ਹੀ ਹੈ।
ਇਹ ਚਾਰ ਵਾਕ ਢੁੱਡੀਕੇ ਵਾਲੇ ਮਾਸਟਰ ਗੁਰਮੀਤ ਸਿੰਘ ਨੇ ਸਾਡਾ ਗਿਆਨ-ਪੱਧਰ ਪਰਖਣ ਲਈ ਬਲੈਕ ਬੋਰਡ ਉੱਤੇ ਲਿਖੇ ਸਨ, ਜਿਨ੍ਹਾਂ ਤੋਂ ਸਾਨੂੰ ਸੱਤਾਂ ਸਾਲਾਂ ਤੋਂ ਪੰਜਾਬੀ ਪੜ੍ਹਦਿਆਂ ਨੂੰ ਪਹਿਲੀ ਵਾਰੀ ਪਤਾ ਲੱਗਾ ਸੀ ਕਿ ਕਿਸੇ ਭਾਸ਼ਾ ਵਿੱਚ ਵਿਆਕਰਣ ਦਾ ਕੀ ਮਹੱਤਵ ਹੁੰਦਾ ਹੈ। ਛੇਵੀਂ ਜਮਾਤ ਵਿੱਚ ਲੱਗੀ ਵਿਆਕਰਣ ਦੀ ਪੁਸਤਿਕਾ ਨੂੰ ਅਸੀਂ ਅਣਜਾਣਪੁਣੇ ’ਚ ‘ਵਿਆਹ-ਕਰਣ’ ਹੀ ਬੋਲੀ ਗਏ। ਸੱਤਵੀਂ ਵਿੱਚ ਚੜ੍ਹ ਕੇ ਵੀ ਅਸੀਂ ਪੰਜਾਬੀ ਵਿਆਕਰਣ ਦੀ ਕਿਤਾਬ ਨੂੰ ਉਸ ਵੇਲੇ ਤੱਕ ‘ਐਵੇਂ ਵਾਧੂ’ ਹੀ ਸਮਝਦੇ ਰਹੇ, ਜਦੋਂ ਤੱਕ ਮਾਸਟਰ ਗੁਰਮੀਤ ਸਿੰਘ ਸਾਡੇ ਸਕੂਲ ਨਹੀਂ ਸੀ ਆ ਗਏ। ਧੁਰ ਅੰਦਰੋਂ ਰੂਹ ਨਾਲ ਪੜ੍ਹਾਂਈ ਕਰਾਉਣ ਵਾਲਾ ਇਹ ਸ਼ੁੱਧ ਮਲਵੱਈ ਅਧਿਆਪਕ ਸਾਨੂੰ ਦੁਆਬੀਆਂ ਨੂੰ ਕਿਵੇਂ ਨਸੀਬ ਹੋ ਗਿਆ?
ਇਸ ਸਵਾਲ ਦਾ ਜਵਾਬ ਇਉਂ ਹੈ ਕਿ ਸੰਨ 1969-70 ਵਿੱਚ ਪੰਜਾਬ ਦੀ ਅਕਾਲੀ ਸਰਕਾਰ ਦੇ ਵਿੱਦਿਆ ਮੰਤਰੀ ਸ੍ਰ: ਕਰਤਾਰ ਸਿੰਘ ਵੈਦ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ‘ਅਕਲ ਦੇਣ’ ਦੀ ਸਕੀਮ ਬਣਾਈ ਸੀ, ਜਿਸ ਦੇ ਤਹਿਤ ਉਹਨਾਂ ਨੂੰ ਆਪਣੇ ਘਰਾਂ ਤੋਂ ਵੀਹ-ਵੀਹ ਮੀਲ ਦੂਰ ਸਕੂਲਾਂ ਵਿੱਚ ਭੇਜ ਦਿੱਤਾ ਗਿਆ, ਤਾਂ ਕਿ ਉਹ ਆਪਣੇ ਘਰੇਲੂ ਕੰਮਾਂ ਵਿੱਚ ਉਲਝੇ ਰਹਿਣ ਦੀ ਥਾਂ ਵਿਦਿਆਰਥੀਆਂ ਨੂੰ ਪੂਰੀ ਤਵੱਜੋ ਨਾਲ ਪੜ੍ਹਾਂਈ ਕਰਵਾਉਣ। ਵੈਦ ਸਾਹਿਬ ਵੱਲੋਂ ਅਧਿਆਪਕਾਂ ਨੂੰ ਦਿੱਤੀ ਗਈ ‘ਦਵਾਈ’ ਅਧਿਆਪਕਾਂ ਨੂੰ ਤਾਂ ਕੀ ਰਾਸ ਆਉਣੀ ਸੀ, ਉਹ ਸਗੋਂ ਥੋੜ੍ਹੇ ਅਰਸੇ ਬਾਅਦ ਅਕਾਲੀ ਸਰਕਾਰ ਨੂੰ ਹੀ ‘ਰਿਐਕਸ਼ਨ’ ਕਰ ਗਈ, ਪਰ ਸਾਨੂੰ ਪੱਛੜੇ ਇਲਾਕੇ ਦੇ ਵਿਦਿਆਰਥੀਆਂ ਨੂੰ ਉਹ ਦਵਾਈ ਬਹੁਤ ਮਾਫ਼ਕ ਬੈਠੀ, ਕਿਉਂਕਿ ਥੋਕ ਦੇ ਭਾਅ ਹੋਈ ਮਾਸਟਰਾਂ ਦੀ ਚੱਕ-ਥੱਲ ਵਿੱਚ ਸਾਡੇ ਸਕੂਲੇ ਢੁੱਡੀਕੇ ਵਾਲੇ ਮਾਸਟਰ ਗੁਰਮੀਤ ਸਿੰਘ ਅਤੇ ਰੱਕੜਾਂ ਢਾਹਾਂ (ਉਦੋਂ ਜ਼ਿਲ੍ਹਾਂ ਹੁਸ਼ਿਆਰਪੁਰ) ਵਾਲੇ ਹੈੱਡਮਾਸਟਰ ਕੇਵਲ ਸਿੰਘ ਵਰਗੇ ਮਿਹਨਤੀ ਟੀਚਰ ਆ ਗਏ। ਸਾਡੇ ਇਲਾਕੇ ਦੀ ਪੇਂਡੂ ਬੋਲੀ ਦੇ ਕਈ ਲਫ਼ਜ਼ਾਂ ਤੋਂ ਨਾਵਾਕਿਫ ਢੁੱਡੀਕੇ ਵਾਲਾ ਅਧਿਆਪਕ ਜਾਡਲੇ ਦੇ ਬੱਸ ਅੱਡਿਉਂ ਉਤਰ ਕੇ ਪੈਦਲ ਚੱਲਦਾ ਹੋਇਆ ਸਾਡੇ ਸਕੂਲ ਕਿਵੇਂ ਪਹੁੰਚਿਆ, ਇਹ ਦਿਲਚਸਪ ਕਥਾ ਜ਼ਰਾ ਠਹਿਰ ਕੇ। ਪਹਿਲਾਂ ਉਪਰੋਕਤ ‘ਰਾਮ ਦੀ ਕਿਤਾਬ’ ਵਾਲੇ ਚਾਰ ਵਾਕਾਂ ਦੀ ਵਿਆਖਿਆ ਕਰ ਲਈਏ।
ਮਾ: ਗੁਰਮੀਤ ਸਿੰਘ ਨੇ ਸਕੂਲ ਪਹੁੰਚਣ ਤੋਂ ਦੂਜੇ-ਤੀਜੇ ਦਿਨ ਸਾਡੀ ਸੱਤਵੀਂ ਜਮਾਤ ਵਿੱਚ ਆ ਕੇ ਬਲੈਕ ਬੋਰਡ ਉਪਰ ਉਕਤ ਚਾਰੇ ਫ਼ਿਕਰੇ ਲਿਖੇ। ਉਹਨਾ ਸਾਨੂੰ ਪੁੱਛਿਆ ਕਿ ਇਹਨਾਂ ਚੌਹਾਂ ਵਾਕਾਂ ਦਾ ਅਰਥ ਇੱਕ ਹੀ ਹੈ ਜਾਂ ਵੱਖਰਾ-ਵੱਖਰਾ ਹੈ? ਸਾਡੀ ਜਮਾਤ ਦੇ ਦੋ-ਚਾਰ ਚੋਣਵੇਂ ਹੁਸ਼ਿਆਰ ਵਿਦਿਆਰਥੀਆਂ ਸਣੇ ਸਾਰਿਆਂ ਨੇ ਇਹੋ ਜਵਾਬ ਦਿੱਤਾ ਕਿ ਚੌਹਾਂ ਵਾਕਾਂ ਦਾ ਇੱਕ ਹੀ ਅਰਥ ਹੈ ਕਿ ਕਿਤਾਬ ਰਾਮ ਦੀ ਹੈ। ਜਦੋਂ ਸਾਰੀ ਜਮਾਤ ‘ਭੁਗਤ’ ਗਈ ਤਾਂ ਮਾਸਟਰ ਗੁਰਮੀਤ ਸਿੰਘ ਨੇ ਆਪਣੇ ਮੱਥੇ ’ਤੇ ਹੱਥ ਮਾਰਿਆ। ਸਾਡੇ ਵੱਲ ਅੱਖਾਂ ਅੱਡ ਕੇ ਦੇਖਦਿਆਂ ਉਨ੍ਹਾਂ ਆਪਣਾ ਸਿਰ ਛੰਡਕਿਆ।
ਅਸੀਂ ਸਾਰੇ ਬਲੈਕ ਬੋਰਡ ਵੱਲ ਬਿਟਰ-ਬਿਟਰ ਝਾਕਦੇ ਹੋਏ ਸੋਚੀ ਜਾ ਰਹੇ ਸਾਂ ਕਿ ਪਹਿਲੇ ਵਾਕ ਵਿੱਚ ‘ਹੀ’ ਸ਼ਬਦ ਨਹੀਂ ਹੈ, ਪਰ ਬਾਕੀ ਦੇ ਤਿੰਨਾਂ ਵਿੱਚ ਥਾਂ ਬਦਲ-ਬਦਲ ਕੇ ‘ਹੀ’ ਲਫ਼ਜ਼ ਲਿਖਿਆ ਹੋਇਆ ਹੈ। ਇਸ ਫ਼ਰਕ ਦੇ ਬਾਵਜੂਦ ਚੌਹਾਂ ਫ਼ਿਕਰਿਆਂ ਦਾ ਮਤਲਬ ਇਹੋ ਹੋਇਆ ਕਿ ਕਿਤਾਬ ਰਾਮ ਦੀ ਹੈ। ਕੁਝ ਪਲ ਚੁੱਪ-ਗੜੁੱਪ ਬੈਠਣ ਤੋਂ ਬਾਅਦ ਉਸ ਨੇ ਠੰਢਾ ਸਾਹ ਭਰਦਿਆਂ ਬੜੇ ਤਹੱਮਲ ਨਾਲ ਮਿਸਾਲਾਂ ਦੇ-ਦੇ ਕੇ ਸਾਡੇ ‘ਖਾਨੇ’ ਇਹ ਗੱਲ ਪਾਈ ਕਿ ਪਹਿਲਾ ਵਾਕ ਇੱਕ ‘ਸਧਾਰਨ ਵਾਕ’ ਹੈ, ਜਿਸ ਦਾ ਸਿੱਧਾ-ਪੱਧਰਾ ਅਰਥ ਹੈ ਕਿ ਕੋਈ ਕਿਤਾਬ ਪਈ ਹੈ, ਉਹ ਰਾਮ ਨਾਂਅ ਦੇ ਲੜਕੇ ਦੀ ਹੈ।
ਦੂਸਰੇ ਵਾਕ ਦਾ ਭਾਵ ਬਣਦਾ ਹੈ ਕਿ ਕਿਤਾਬਾਂ ਬਹੁਤ ਸਾਰੀਆਂ ਪਈਆਂ ਹਨ, ਪਰ ਉਨ੍ਹਾਂ ਵਿੱਚ ਇੱਕੋ ਕਿਤਾਬ ਰਾਮ ਦੀ ਹੈ। ਤੀਜੇ ਫ਼ਿਕਰੇ ਦਾ ਅਰਥ ਇਹ ਬਣਦਾ ਹੈ ਕਿ ਕਿਤਾਬ ਦੇ ਨਾਲ-ਨਾਲ ਹੋਰ ਵੀ ਕਈ ਤਰ੍ਹਾਂ ਦਾ ਸਾਮਾਨ ਪਿਆ ਹੈ, ਪਰ ਇਸ ਵਿੱਚ ਰਾਮ ਦੀ ਸਿਰਫ਼ ਇੱਕ ਕਿਤਾਬ ਹੀ ਹੈ। ਚੌਥੇ ਵਾਕ ਵਿੱਚ ਇਹ ਜਾਣਕਾਰੀ ਹੈ ਕਿ ਦਾਅਵੇਦਾਰ ਮੁੰਡੇ ਤਾਂ ਕਈ ਹਨ, ਪਰ ਕਿਤਾਬ ਦਾ ਮਾਲਕ ਸਿਰਫ਼ ਰਾਮ ਹੀ ਹੈ। ਮਾਸਟਰ ਜੀ ਦੇ ਮੂੰਹੋਂ ਚੌਹਾਂ ਫ਼ਿਕਰਿਆਂ ਦੇ ਅਲੱਗ-ਅਲੱਗ ਅਰਥ ਸੁਣ ਕੇ ਸਾਡੇ ਹੈਰਾਨੀ ਨਾਲ ਮੂੰਹ ਅੱਡੇ ਰਹਿ ਗਏ। ਇਸ ਪਹਿਲੇ ਸਬਕ ਤੋਂ ਬਾਅਦ ਅਸੀਂ ਪੰਜਾਬੀ ਵਿਆਕਰਣ ਵਿੱਚ ਡੂੰਘੀ  ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ‘ਪਾਣਿਨੀ’ ਬਣਨਾ ਤਾਂ ਦੂਰ ਦੀ ਗੱਲ ਹੈ, ਪਰ ਅਸੀਂ ਉਸ ਦੀ ਸਿੱਖਿਆ ਦੇ ਉਪਾਸ਼ਕ ਜ਼ਰੂਰ ਬਣ ਗਏ।
ਹੁਣ ਸੁਣੋ ਸ਼ੁੱਧ ਮਲਵੱਈ ਮਾਸਟਰ ਗੁਰਮੀਤ ਸਿੰਘ ਦੀ ਸਾਡੇ ਇਲਾਕੇ ਵਿੱਚ ਪਹਿਲੀ ਵਾਰ ਪਧਾਰਨ ਦੀ ਵਾਰਤਾ। ਅੱਜ ਕੱਲ੍ਹ ਤਾਂ ਆਵਾਜਾਈ ਦੇ ਸਾਧਨਾਂ ਵਿੱਚ ਬੇਓੜਕ ਵਾਧਾ ਹੋ ਚੁੱਕਾ ਹੈ, ਪਰ ਉਹਨਾਂ ਦਿਨਾਂ ਵਿੱਚ ਸਾਡੇ ਨੇੜਲੇ ਕਸਬੇ ਜਾਡਲੇ ਤੋਂ ਬੱਸੋਂ ਉਤਰ ਕੇ ਆਲੇ-ਦੁਆਲੇ ਦੇ ਪਿੰਡਾਂ ਨੂੰ ਪੈਦਲ ਹੀ ਜਾਇਆ ਜਾਂਦਾ ਸੀ। ਸੋ ਜਾਡਲੇ ਬੱਸ ਵਿੱਚੋਂ ਉਤਰ ਕੇ ਮਾਸਟਰ ਜੀ ਨੇ ਉਥੇ ਬੈਠੇ ਕਿਸੇ ਬੰਦੇ ਕੋਲੋਂ ਸਾਡੇ ਪਿੰਡ ਦਾ ਰਾਹ ਪੁੱਛਿਆ। ਰਾਹ ਦੱਸਣ ਵਾਲੇ ਬਜ਼ੁਰਗ ਨੇ ਮਾਸਟਰ ਜੀ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਕਿ ਇੰਜ-ਇੰਜ ਜਾ ਕੇ ਨਹਿਰ ਦਾ ਪੁਲ਼ ਟੱਪਣ ਤੋਂ ਬਾਅਦ ਦੱਖਣ ਵੱਲ ਨੂੰ ਇੱਕ ਗੋਹਰੀ ਜਾਵੇਗੀ, ਉਹ ਸਿੱਧੀ ਦੁਪਾਲਪੁਰ ਹੀ ਜਾਂਦੀ ਹੈ। ਮਾਸਟਰ ਜੀ ਲਈ ਇਹ ‘ਗੋਹਰੀ’ ਲਫ਼ਜ਼ ਇੱਕਦਮ ਨਵਾਂ ਸੀ, ਪਰ ਉਹਨਾ ਇਸ ਦਾ ਮਤਲਬ ਪੁੱਛਣਾ ਮੁਨਾਸਬ ਨਾ ਸਮਝਿਆ ਤੇ ਉਹ ਚੁੱਪ ਕਰ ਕੇ ਤੁਰ ਪਏ। ਦੱਸੇ ਮੁਤਾਬਕ ਜਦ ਉਹ ਬਿਸਤ ਦੁਆਬ ਨਹਿਰ ਦਾ ਪੁਲ਼ ਟੱਪੇ ਤਾਂ ਉਹਨਾ ਦੀ ਨਜ਼ਰੇ ਇੱਕ ਅੱਧਖੜ ਜਿਹੀ ਜ਼ਨਾਨੀ ਪਈ। ਸਾਡੇ ਪਿੰਡ ਦੀ ਇਹ ਔਰਤ ਨਹਿਰੋਂ ਪਾਰ ਕੰਮ ਕਰਦੇ ਖੇਤੀ ਕਾਮਿਆਂ ਨੂੰ ਦੁਪਹਿਰ ਦੀ ਰੋਟੀ ਖਵਾ ਕੇ ਵਾਪਸ ਮੁੜੀ ਆ ਰਹੀ ਸੀ। ਮਾਸਟਰ ਜੀ ਉਹਦੇ ਤੋਂ ਕੁਝ ਵਿੱਥ ਰੱਖ ਕੇ ਉਸ ਜ਼ਨਾਨੀ ਦੇ ਪਿੱਛੇ-ਪਿੱਛੇ ਤੁਰ ਪਏ।
ਜ਼ਨਾਨੀ ਦੇ ਪਿੱਛੇ-ਪਿੱਛੇ ਚੁੱਪ-ਚੁਪੀਤੇ ਤੁਰੇ ਆਉਂਦਿਆਂ ਮਾਸਟਰ ਜੀ ਦਿਲ ਵਿੱਚ ਸੋਚਣ ਲੱਗੇ, ‘‘...ਜਾਡਲੇ ਬੱਸ ਅੱਡੇ ਵਿੱਚ ਰਾਹ ਦੱਸਣ ਵਾਲਾ ਬੰਦਾ ਕਿਆ ਕੋਈ ਜੋਤਸ਼ੀ ਹੋਵੇਗਾ, ਜਿਸ ਨੇ ਉੱਥੇ ਖੜੇ-ਖੜੇ ਹੀ ਦੱਸ ਦਿੱਤਾ ਸੀ ਕਿ ਨਹਿਰ ਟੱਪ ਕੇ ਦੱਖਣ ਦੇ ਪਾਸੇ ਨੂੰ ਇੱਕ ‘ਗੋਰੀ’ ਜਾਵੇਗੀ।’’ ਮਾਸਟਰ ਜੀ ਦੇ ਚੰਗੇ ਭਾਗਾਂ ਨੂੰ ਉਹ ‘ਗੋਰੀ’ ਸਾਡੇ ਪਿੰਡ ਦੀ ਹੀ ਸੀ, ਜਿਸ ਕਰ ਕੇ ਉਸ ਦੇ ਮਗਰੇ-ਮਗਰ ਤੁਰਦੇ ਹੋਏ ਉਹ ਸਹੀ ਟਿਕਾਣੇ ’ਤੇ ਪਹੁੰਚ ਗਏ।
ਸ਼ਨੀਵਾਰ ਲੱਗਦੀ ‘ਬਾਲ ਸਭਾ’ ਵਿੱਚ ਜਦੋਂ ਮਾਸਟਰ ਜੀ ਨੇ ਇਹ ਸਾਰੀ ਕਹਾਣੀ ਸੁਣਾਈ ਤਾਂ ਸਾਡਾ ਸਾਰਿਆਂ ਦਾ ਹਾਸਾ ਬੰਦ ਨਾ ਹੋਵੇ। ਹੱਸ-ਹੱਸ ਦੂਹਰੇ ਹੁੰਦੇ ਜਾਂਦੇ ਕੁਝ ਦੁਆਬੀਏ ਟੀਚਰਾਂ ਨੇ ਜਦੋਂ ਮਲਵੱਈ ਮਾਸਟਰ ਜੀ ਨੂੰ ਸਮਝਾਇਆ ਕਿ ਜਾਡਲੇ ਵਾਲੇ ਬੰਦੇ ਨੇ ਉਸ ਨੂੰ ਗੋਰੀ (ਜ਼ਨਾਨੀ) ਦੇ ਪਿੱਛੇ-ਪਿੱਛੇ ਤੁਰਨ ਲਈ ਨਹੀਂ ਸੀ ਆਖਿਆ, ਇਸ ਇਲਾਕੇ ਵਿੱਚ ਕੱਚੇ ਪਹੇ ਨੂੰ ‘ਗੋਹਰੀ’ ਆਖਦੇ ਨੇ। ਇਹ ਸੁਣ ਕੇ ਗੁਰਮੀਤ ਸਿੰਘ ਹੱਸ-ਹੱਸ ਲੋਟ-ਪੋਟ ਹੁੰਦੇ ਜਾਣ।
ਰੱਕੜਾਂ ਢਾਹਾਂ ਵਾਲੇ ਹੈੱਡਮਾਸਟਰ ਸਰਦਾਰ ਕੇਵਲ ਸਿੰਘ ਨੇ ਸਾਨੂੰ ਸਲੇਬਸ ਤੋਂ ਬਾਹਰਲੀਆਂ ਕਿਤਾਬਾਂ ਪੜ੍ਹਨ ਦੀ ਚੇਟਕ ਲਾਈ। ਉਹਨਾ ਨੇ ਨਿੱਜੀ ਤੌਰ ’ਤੇ ਮੇਰੇ ਵਿੱਚ ਦਿਲਚਸਪੀ ਲੈ ਕੇ ਮੈਨੂੰ ਨੈਤਿਕ ਕਦਰਾਂ-ਕੀਮਤਾਂ ਅਤੇ ਧਾਰਮਿਕ ਪ੍ਰੰਪਰਾਵਾਂ ਬਾਰੇ ਖੁੱਲ੍ਹ ਕੇ ਪੱਟੀਆਂ ਪੜ੍ਹਾਂਈਆਂ। ਉਹਨਾ ਨੇ ਹੀ ਮੈਨੂੰ ਮੁਕੰਮਲ ਸਿੱਖ ਇਤਿਹਾਸ ਅਤੇ ਗੁਰਬਾਣੀ ਪੜ੍ਹਨ ਲਈ ਪ੍ਰੇਰਿਆ। ਅੰਗਰੇਜ਼ੀ ਦੇ ਨਾਲ-ਨਾਲ ਉਹ ਪੰਜਾਬੀ ਬੋਲੀ ਦੇ ਵੀ ਭਾਸ਼ਾ-ਵਿਗਿਆਨੀ ਸਨ। ਇੱਕ ਵਾਰ ਉਹਨਾ ਨੇ ਲਿਖਣ-ਪੜ੍ਹਣ ਸਮੇਂ ਵਿਆਕਰਣ ਦੀਆਂ ਬਰੀਕੀਆਂ ਦੱਸਦਿਆਂ ਮੰਡੀਆਂ ਵਿੱਚ ਵਰਤੀ ਜਾਂਦੀ ‘ਲੰਡਿਆਂ’ ਦੀ ਭਾਸ਼ਾ ਬਾਰੇ ਵਿਅੰਗ-ਨੁਮਾ ਕਹਾਣੀ ਸੁਣਾਈ :
ਰੂੰ-ਮੰਡੀ ਵਿੱਚ ਸਥਿਤ ਕਿਸੇ ਲਾਲਾ ਜੀ ਦੀ ਵੱਡੀ ਦੁਕਾਨ ’ਤੇ ਰੱਖਿਆ ਹੋਇਆ ਨਵਾਂ-ਨਵਾਂ ਮੁਨੀਮ ਦੁਪਹਿਰੋਂ ਬਾਅਦ ਰੋਂਦਾ-ਪਿੱਟਦਾ ਲਾਲੇ ਹੁਣਾ ਦੇ ਘਰੇ ਜਾ ਪਹੁੰਚਾ। ਉਸ ਨੂੰ ਧਾਹਾਂ ਮਾਰਦਾ ਦੇਖ ਕੇ ਸਾਰੇ ਟੱਬਰ ਦੇ ਪ੍ਰਾਣ ਖੁਸ਼ਕ ਹੋ ਗਏ ਕਿ ਜ਼ਰੂਰ ਕੋਈ ਭਾਣੀ ਵਰਤ ਗਈ ਹੈ। ਟੱਬਰ ਦੇ ਜੀਆਂ ਵੱਲੋਂ ਪੁੱਛਣ ’ਤੇ ਮੁਨੀਮ ਨੇ ਸਿਸਕੀਆਂ ਭਰਦਿਆਂ ਦੱਸਿਆ ਕਿ ਲਾਲਾ ਜੀ ਚੜ੍ਹਾਈ ਕਰ ਗਏ ਹਨ। ਹੱਕੇ-ਬੱਕੇ ਹੋਏ ਘਰ ਦੇ ਜੀਅ ਕਹਿਣ ਕਿ ਉਹ ਤਾਂ ਦੁਪਹਿਰ ਦੀ ਰੋਟੀ ਖਾ ਕੇ ਚੰਗੇ-ਭਲੇ ਇੱਥੋਂ ਗਏ ਨੇ, ਇਹ ਅਚਾਨਕ ਕੀ ਭਾਣਾ ਵਰਤ ਗਿਆ?  ਅੱਖਾਂ ਪੂੰਝਦਿਆਂ ਮੁਨੀਮ ਦੱਸਣ ਲੱਗਾ, ‘‘ਮੈਂ ਵੀ ਆਪਣੇ ਘਰੇ ਦੁਪਹਿਰ ਵੇਲੇ ਹੀ ਰੋਟੀ ਖਾਣ ਗਿਆ, ਲਾਲਾ ਜੀ ਨੂੰ ਚੰਗਾ-ਭਲਾ ਵਹੀ-ਖਾਤੇ ਲਿਖਦਿਆਂ ਛੱਡ ਗਿਆ ਸਾਂ, ਪਰ ਜਦ ਵਾਪਸ ਆ ਕੇ ਵੇਖਿਆ ਤਾਂ ਲਾਲਾ ਜੀ ਉਥੇ ਨਹੀਂ ਸਨ। ...ਜਦ ਮੈਂ ਲਾਲ-ਚੁਪੱਤੇ ’ਤੇ ਨਜ਼ਰ ਮਾਰੀ, ਮੇਰੇ ਉਦੋਂ ਹੀ ਹੋਸ਼ ਉੱਡ ਗਏ। ਉੱਥੇ ਉਹਨਾ ਦੇ ਹੀ ਹੱਥਾਂ ਨਾਲ ‘ਨੋਟ’ ਲਿਖਿਆ ਹੋਇਆ ਸੀ : ‘ਲਾਲਾ ਜੀ ਅੱਜ ਮਰ ਗਏ, ਰੋ ਲੈਣ!’ ਸੋ ਇਹ ਕੁਲੱਛਣੀ ਖ਼ਬਰ ਦੇਣ ਲਈ ਮੈਂ ਘਰੇ ਭੱਜਾ ਆਇਆ ਹਾਂ।’’
‘ਲੰਡਿਆਂ’ ਦੀ ਲਿਖਣ-ਸ਼ੈਲੀ ਦੇ ਮਾਹਰ ਲਾਲਾ ਜੀ ਦੇ ਲੜਕੇ ਘਬਰਾਏ ਹੋਏ ਦੁਕਾਨ ਵੱਲ ਦੌੜੇ ਗਏ। ਜਾਂਦਿਆਂ ਸਾਰ ਉਹਨਾਂ ਲਾਲ-ਚੁਪੱਤਾ ਖੋਲ੍ਹਿਆ। ਉਥੇ ਲਿਖੀ ਹੋਈ ਇਬਾਰਤ ਪੜ੍ਹ ਕੇ ਉਹਨਾਂ ਦੇ ਸਾਹ ਵਿੱਚ ਸਾਹ ਆਇਆ। ਲੱਗ ਪਏ ਉਹ ‘ਟ੍ਰੇਨੀ ਮੁਨੀਮ’ ਨੂੰ ਲਾਹਨਤਾਂ ਪਾਉਣ। ਲੰਡਿਆਂ ਦੀ ਲਿੱਪੀ ਵਿੱਚ ਲਗਾਂ-ਮਾਤਰਾਂ ਨਾ ਹੋਣ ਕਾਰਨ ਮੁਨੀਮ ਵਿਚਾਰਾ ‘ਲਾਲਾ ਜੀ ਅਜਮੇਰ ਗਏ, ਰੂੰ ਲੈਣ’ ਵਾਲੇ ਲਿਖਤੀ ਸੁਨੇਹੇ ਨੂੰ ‘ਲਾਲਾ ਜੀ ਅੱਜ ਮਰ ਗਏ, ਰੋ ਲੈਣ’ ਹੀ ਪੜ੍ਹੀ ਗਿਆ।
ਜਿਵੇਂ ਕੱਚ-ਘਰੜ ਮੁਨੀਮ ਨੇ ਕਾਰੋਬਾਰ ਕਰਨ ਗਿਆ ਹੋਇਆ ਜਿਊਂਦਾ-ਜਾਗਦਾ ਮਾਲਕ ਯਮ-ਪੁਰੀ ਪਹੁੰਚਾ ਦਿੱਤਾ, ਇਵੇਂ ਹੀ ਅੱਜ ਪੰਜਾਬੀ ਬੋਲੀ ਨਾਲ ਦੁਰ-ਵਿਹਾਰ ਕੀਤਾ ਜਾ ਰਿਹਾ ਹੈ। ਕਹਿਣ-ਸੁਣਨ ਨੂੰ ਤਾਂ ਇਹ ਸਾਡੀ ਮਾਂ-ਬੋਲੀ ਹੈ, ਪਰ ਜਿੰਨੀ ਜੱਖਣਾ ਇਸ ਦੀ ਅਸੀਂ ਖ਼ੁਦ ਪੁੱਟ ਰਹੇ ਹਾਂ, ਇਹ ਵਿਚਾਰਿਆਂ ਹੀ ਪਤਾ ਲੱਗਦਾ ਹੈ। ਗੁਰਮੁਖੀ ਲਿੱਪੀ ਅਤੇ ਇਸ ਦੀਆਂ ਲਗਾਂ-ਮਾਤਰਾਂ ਦੀ ਸਹੀ ਵਰਤੋਂ ਕਰਨ ਤੋਂ ਅੰਞਾਣ ਲੇਖਕ ਅਰਥ ਦਾ ਅਨਰਥ ਕਰੀ ਜਾ ਰਹੇ ਹਨ। ਪੰਜਾਬੀ ਅਖ਼ਬਾਰਾਂ ਅਤੇ ਮੈਗਜ਼ੀਨਾਂ ਆਦਿ ਵਿੱਚ ਅਸ਼ੁੱਧ ਸ਼ਬਦ-ਜੋੜ ਅਤੇ ਸਹੀ ਲਗਾਂ-ਮਾਤਰਾਂ ਦੀ ਅਣਹੋਂਦ ਦੇਖ ਕੇ ਹੈਰਤ ਹੁੰਦੀ ਹੈ। ਖ਼ਾਸ ਕਰ ਕੇ ਬਿੰਦੀ, ਟਿੱਪੀ, ਅੱਧਕ ਜਾਂ ਪੈਰ ਬਿੰਦੀ ਦੀ ਦੁਰਵਰਤੋਂ ਕਰ ਕੇ ਕੁਝ ਹੋਰ ਹੀ ਚੰਦ ਚਾੜ੍ਹਿਆ ਹੁੰਦਾ ਹੈ। ਬਹੁਤੀ ਥਾਈਂ ‘ਪਦ’ ਲਫ਼ਜ਼ ਲਿਖਦਿਆਂ ਇਹਦੇ ਉਪਰ ‘ਅੱਧਕ’ ਪਾ ਕੇ ਅਕਲ ਦਾ ਜਨਾਜ਼ਾ ਕੱਢਿਆ ਹੁੰਦਾ ਹੈ। ‘ਰਵਾਨੀ’ ਸ਼ਬਦ ਨੂੰ ‘ਵਹਾਉ’ ਦੇ ਅਰਥਾਂ ਵਿੱਚ ਲਿਖਿਆ ਜਾਂਦਾ ਹੈ। ਜਿਵੇਂ ਲਿਖਣ ਦੀ ਰਵਾਨੀ ਜਾਂ ਦਰਿਆ ਦੇ ਪਾਣੀ ਦੀ ਰਵਾਨੀ, ਪ੍ਰੰਤੂ ਚੰਗੇ-ਭਲੇ ਲੇਖਕ ਵੀ ‘ਰਵਾਨੀ’ ਨੂੰ ‘ਰਵਾਨਗੀ’ ਹੀ ਲਿਖੀ ਤੇ ਬੋਲੀ ਜਾਂਦੇ ਹਨ।
ਇੱਕ ਪੰਜਾਬੀ ਕਵੀ-ਦਰਬਾਰ ਵਿੱਚ ਮੈਂ ਖ਼ੁਦ ਕਿਸੇ ਕਵੀ ਮੂੰਹੋਂ ‘ਜੌਹਰੀ’ ਨੂੰ ‘ਜੁਹਾਰੀ’ ਬੋਲਿਆ ਜਾਂਦਾ ਸੁਣਿਆ। ਕਈ ਥਾਈਂ ਠਾਠਾਂ ਨੂੰ ‘ਠਾਠਾ’, ਚੌਰ ਨੂੰ ‘ਚੋਰ’, ਚੌਲ਼ਾਂ ਨੂੰ ‘ਚੋਲਾ’, ਗੱਲ ਨੂੰ ‘ਗਲ’, ਪ੍ਰਸ਼ਾਦ ਨੂੰ ‘ਪ੍ਰਸਾਦ’, ਪਤਾ ਨੂੰ ‘ਪੱਤਾ’ ਅਤੇ ਕਥਾ ਨੂੰ ਕੱਥਾ’ ਬਣਾ ਕੇ ਪੰਜਾਬੀ ਨਾਲ ਵੈਰ ਕਮਾਇਆ ਹੁੰਦਾ ਹੈ।
ਪੰਜਾਬ ਵਿੱਚ ਕੋਈ ਬੱਸ ਐਸੀ ਨਹੀਂ ਹੋਣੀ, ਜਿਸ ਵਿੱਚ ‘ਸਿਗਰਟ ਪੀਣਾ ਮਨ੍ਹਾਂ ਹੈ’ ਵਾਲੀ ਹਦਾਇਤ ਨਾ ਲਿਖੀ ਹੋਈ ਹੋਵੇ, ਪਰ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਸ਼ਾਇਦ ਹੀ ਇਹ ਵਾਕ ਕਿਸੇ ਬੱਸ ਵਿੱਚ ਦਰੁੱਸਤ ਲਿਖਿਆ ਹੋਇਆ ਹੋਵੇ। ਕਿਤੇ ਲਿਖਿਆ ਹੁੰਦੈ, ‘ਸਿਗਰੇਟ ਪੀਣਾ ਮੰਨਾ ਹੈ।’ ਕਿਤੇ ਹੁੰਦਾ ਹੈ, ‘ਸਿਗਰਟ ਪਿਣਾ ਮਨਾ ਹੈ।’ ਪੰਜਾਬ ਦੇ ਕੁਝ ਸ਼ੁਕੀਨ-ਛੋਕਰਿਆਂ ਦੇ ਮੋਟਰ-ਸਾਈਕਲਾਂ ਜਾਂ ਕਾਰਾਂ ਪਿੱਛੇ ਲਿਖੇ ਹੋਏ ‘ਸਲੋਗਨ’ ਪੜ੍ਹ ਕੇ ਆਪ-ਮੁਹਾਰੇ ਹਾਸਾ ਆ ਜਾਂਦਾ ਹੈ। ਇੱਕ ਨੇ ਭਗਤ ਸਿੰਘ ਦੀ ਫੋਟੋ ਨਾਲ ਲਿਖਾਇਆ ਹੋਇਆ ਸੀ, ‘ਅਗਰੇਜ ਖਗੇ ਸੀ ਤਾ ਟਗੇ’ ਸੀ। ਇਹ ‘ਅਣਖੀਲਾ ਗੱਭਰੂ’ ਆਪਣੇ ਚਿੱਤੋਂ ‘ਖੰਘੂਰਾ ਮਾਰਨਾ’ ਚਾਹੁੰਦਾ ਹੈ, ‘ਅੰਗਰੇਜ਼ ਖੰਘੇ ਸੀ ਤਾਂ ਟੰਗੇ ਸੀ।’ ਕਈਆਂ ਨੇ ‘ਪੁਤ ਜਟਾ ਦੇ’ ਲਿਖਣ ਲੱਗਿਆਂ ਨਾ ‘ਪੁਤ’ ਉੱਤੇ ਅੱਧਕ ਲਾਉਣ ਦੀ ਖੇਚਲ ਕੀਤੀ ਹੁੰਦੀ ਹੈ ਤੇ ਨਾ ਹੀ ‘ਜਟਾ’ ਉਪਰ ਅੱਧਕ ਨਾਲ ਬਿੰਦੀ।
ਕਈਆਂ ਨੇ ‘ਬਾਹਰ ਗਏ’ ਹੋਏ ਭਰਾਵਾਂ ਦੀ ਖ਼ੂਨ-ਪਸੀਨੇ ਦੀ ਕਮਾਈ ਨਾਲ ਖ਼ਰੀਦੇ ਹੋਏ ਮੋਟਰ-ਸਾਈਕਲ ਜਾਂ ਕਾਰਾਂ ਪਿੱਛੇ ਇਹ ‘ਦੋਹਿਰਾ’ ਲਿਖਵਾਇਆ ਹੁੰਦਾ ਹੈ, ‘ਵੀਰਾ ਦੀ ਕੈਸ-ਯਾਰਾ ਦੀ ਐਸ’-ਚੌਹਾਂ ਸ਼ਬਦਾਂ ਵਿੱਚੋਂ ਬਿੰਦੀਆਂ ਗਾਇਬ ਕਰ ਕੇ ਇਹਨਾਂ ਪੰਜਾਬੀ ‘ਸੂਰਮਿਆਂ’ ਨੇ ਆਪਣੀ ਅਕਲ ਦਾ ਤੇ ਮਾਂ-ਬੋਲੀ ਦਾ ਜਲੂਸ ਕੱਢਿਆ ਹੁੰਦਾ ਹੈ। ਨਵਾਂ ਸ਼ਹਿਰ-ਰੋਪੜ ਮਾਰਗ ’ਤੇ ਬਲਾਚੌਰ ਨੇੜੇ ਪਿੰਡ ਬੀਰੋਵਾਲ ਦੇ ਇੱਕ ਡੇਰੇ ਦੀ ਕੰਧ ਉੱਤੇ ਮੋਟੇ ਅੱਖਰਾਂ ਵਿੱਚ ‘ਸੋਹੰ’ ਲਿਖਿਆ ਹੋਇਐ। ਇੱਕ ਵਾਰ ਚੰਡੀਗੜ੍ਹ ਜਾਣ ਦਾ ਪ੍ਰੋਗਰਾਮ ਬਣਾਉਂਦਿਆਂ ਮੈਂ ਆਪਣੇ ਇੱਕ ਗ੍ਰੈਜੂਏਟ ਦੋਸਤ ਨੂੰ ਉਸ ਡੇਰੇ ਕੋਲ ਖੜਾ ਹੋਣ ਲਈ ਆਖਿਆ। ਉਹ ਅੱਗਿਉਂ ਕਹਿੰਦਾ, ‘‘ਉਹੀ ਡੇਰਾ ਜਿੱਥੇ ਕੰਧ ’ਤੇ ‘ਸੌਂਹ’ ਲਿਖਿਆ ਹੋਇਆ ਹੈ?’’ ਹੈ ਨਾ ਕਮਾਲ, ਕਿ ਬੀ ਏ ਪੜ੍ਹੇ ਪੰਜਾਬੀ ਨੂੰ ‘ਸੋਹੰ’ ਅਤੇ ‘ਸੌਂਹ’ ਵਿਚਲੇ ਫ਼ਰਕ ਦਾ ਪਤਾ ਨਹੀਂ।
ਜਿਨ੍ਹਾਂ ਦਿਨਾਂ ਵਿੱਚ ਮੈਂ ਆਪਣੇ ਪਿੰਡ ਦਾ ਸਰਪੰਚ ਹੁੰਦਾ ਸਾਂ, ਮੇਰੇ ਪਿੰਡ ਦੇ ਮੁੰਡੇ-ਕੁੜੀਆਂ ਕਾਲਜਾਂ ਵਿੱਚ ਦਾਖ਼ਲੇ ਲੈਣ ਦੀ ਤਿਆਰੀ ਵਜੋਂ ਆਪਣੇ ਪੇਪਰਾਂ ’ਤੇ ਸਰਪੰਚ ਦੀ ਮੋਹਰ ਲਗਵਾਉਣ ਵਾਸਤੇ ਮੇਰੇ ਕੋਲ ਆਇਆ ਕਰਦੇ ਸਨ। ਤਕਰੀਬਨ ਸਾਰਿਆਂ ਦੀਆਂ ਅਰਜ਼ੀਆਂ ਮੇਰੇ ਲਈ ‘ਵਿਅੰਗ-ਲੇਖ’ ਹੀ ਬਣ ਜਾਂਦੀਆਂ। ਸਕੂਲਾਂ ਵਿੱਚ ਬਾਰਾਂ-ਬਾਰਾਂ ਸਾਲ ਗਾਲਣ ਵਾਲੇ ਨਿਆਣਿਆਂ ਦੀ ਪੰਜਾਬੀ (ਮਾਂ-ਬੋਲੀ?)  ਦੀ ਲਿਖਾਈ ਦੇਖ ਕੇ ਮੈਨੂੰ ਹਾਸਾ ਵੀ ਆਉਣਾ ਤੇ ਤਰਸ ਵੀ। ਸੇਵਾ ਵਿਖੇ ਨੂੰ ‘ਸੈਵਾ ਵਿਖੈ’, ਗੌਰਮਿੰਟ ਨੂੰ ‘ਗੋਰਮਿਟ’ ਅਤੇ ਆਰੀਆ ਕਾਲਜ ਨੂੰ ‘ਆਰਿਆ ਕੌਲਜ’ ਲਿਖਿਆ ਦੇਖ ਕੇ ਮੈਂ ਮੱਥੇ ’ਤੇ ਹੱਥ ਮਾਰਨਾ। ਇੱਕ ਮੁੰਡੇ ਨੇ ਆਪਣੇ ਬਾਪ ਨਰਾਇਣ ਚੰਦ ਨੂੰ ‘ਨਰੇਣ ਚਦ’ ਲਿਖ ਛੱਡਿਆ ਸੀ।
ਮੰਡੀ ਗੋਬਿੰਦਗੜ੍ਹ-ਖੰਨਾ-ਸਮਰਾਲਾ ਇਲਾਕੇ ਵਿੱਚ ਘੁੰਮਦਿਆਂ ਸੜਕਾਂ ਕਿਨਾਰੇ ਟਿਊਬਵੈੱਲਾਂ ਦੇ ਕਮਰਿਆਂ ਅਤੇ ਹੋਰ ਕਈ ਇਮਾਰਤਾਂ ਦੀਆਂ ਕੰਧਾਂ ਉੱਪਰ ਪਸ਼ੂਆਂ ਨੂੰ ਖੁਆਈ ਜਾਣ ਵਾਲੀ ਸਰ੍ਹੋਂ ਜਾਂ ਵੜੇਵਿਆਂ ਦੀ ਖਲ਼ ਦੇ ਵੱਡੇ-ਵੱਡੇ ਇਸ਼ਤਿਹਾਰ ਦਿਖਾਈ ਦਿੰਦੇ ਹਨ। ਪਤਾ ਨਹੀਂ ਉਹ ਸਾਰੇ ਇੱਕੋ ਹੀ ਪੇਂਟਰ ਦੇ ਲਿਖੇ ਹੋਏ ਹੁੰਦੇ ਹੋਣਗੇ? ਕਿਸੇ ਇੱਕ ਇਸ਼ਤਿਹਾਰ ਵਿੱਚ ਵੀ ਸਹੀ ਢੰਗ ਨਾਲ ‘ਖੱਖਾ+ਲੱਲੇ ਦੇ ਪੈਰ ’ਚ ਬਿੰਦੀ = ਖਲ਼’ ਨਹੀਂ ਲਿਖਿਆ ਦੇਖਿਆ। ਹਰੇਕ ਥਾਂ ‘ਖੱਲ’ ਹੀ ਲਿਖਿਆ ਹੁੰਦੈ। ਇਹ ਇਸ਼ਤਿਹਾਰ ਬਣਾਉਣ ਵਾਲਾ ਕੋਈ ‘ਪੜ੍ਹਿਆ-ਲਿਖਿਆ’ ਪੇਂਟਰ ਮਹਾਰਾਜ ਪਤਾ ਨਹੀਂ ਪਸ਼ੂਆਂ ਦੀ ਖੱਲ ਲਾਹ ਕੇ ਕਿਵੇਂ ਉਸ ਦੀ ‘ਖਲ਼’ ਬਣਾਈ ਜਾਂਦਾ ਹੋਵੇਗਾ। ਐਸੀਆਂ ਸੈਂਕੜੇ ਨਹੀਂ, ਹਜ਼ਾਰਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ, ਜਿਨ੍ਹਾਂ ਨੂੰ ਪੜ੍ਹ-ਸੁਣ ਕੇ ਦਿਲ ਦੁਖੀ ਹੁੰਦਾ ਹੈ ਕਿ ਪੰਜਾਬ ਵਿੱਚ ਹੀ ਮਾਂ-ਬੋਲੀ ਦੀ ਏਨੀ ਦੁਰਦਸ਼ਾ?
ਇਸੇ ਗੱਲ ਦਾ ਮਾਰਿਆ ਹੋਇਆ ਸ਼ਾਇਰ ਗੁਰਭਜਨ ਸਿੰਘ ਗਿੱਲ ‘ਆਹ’ ਭਰਦਾ ਹੈ :
ਧਰਤੀ ਵੀ ਸੀ ਅੰਬਰ ਵੀ ਸੀ,
ਬੋਹੜ ਦੀ ਸੰਘਣੀ ਛਾਂ।
ਆਪਣੇ ਘਰ ਵਿੱਚ ਬਣੀ ਓਪਰੀ,
ਪੰਜ ਪੁੱਤਰਾਂ ਦੀ ਮਾਂ!
****

Post a Comment