ਅਮਰੀਕਾ ਦੀ ਫੇਰੀ (8).......... ਸਫ਼ਰਨਾਮਾ / ਯੁੱਧਵੀਰ ਸਿੰਘ

7 ਮਾਰਚ ਨੂੰ ਸਵੇਰੇ ਦਸ ਵਜੇ ਉੱਠ ਕੇ ਆਪਣਾ ਛੋਟਾ ਸੂਟਕੇਸ ਤਿਆਰ ਕਰ ਕੇ ਰੱਖ ਲਿਆ ਕਿਉਂ ਕਿ ਦੁਪਹਿਰ ਦੇ 2:30 ਤੇ ਟ੍ਰੇਨ ਤੇ ਨਿਊਆਰਕ ਦਾ ਸਫਰ ਸ਼ੁਰੂ ਕਰਨਾ ਸੀ । ਪਰਾਂਜਲ ਕਹਿੰਦਾ ਕਿ ਉਸ ਨੂੰ ਇੱਥੇ ਰਹਿੰਦੇ ਨੂੰ ਕਾਫੀ ਦੇਰ ਹੋ ਗਈ ਹੈ ਪਰ ਉਹ ਟ੍ਰੇਨ ਸਟੇਸ਼ਨ ਤੇ ਕਦੇ ਗਿਆ ਨਹੀਂ, ਪਰ ਅੱਜ ਉਹਦੇ ਦਰਸ਼ਨ ਵੀ ਕਰ ਲੈਂਦੇ ਹਾਂ ਕਿਉਂ ਕਿ ਇੱਥੇ ਸਭ ਵੱਡੇ ਰੂਟ ਦੀਆਂ ਟਰੇਨਾਂ ਚੱਲਦੀਆਂ ਹਨ, ਬਾਕੀ ਲੋਕ ਬੱਸ ਜਾਂ ਕਾਰਾਂ ਵਿਚ ਹੀ ਸਫਰ ਕਰਦੇ ਹਨ । ਦੁਪਹਿਰ ਦੇ ਇਕ ਵਜੇ ਅਸੀਂ ਘਰੋਂ ਨਿਕਲ ਪਏ ਕਿਉਂ ਕਿ ਸਾਡੇ ਕੋਲ ਈ ਟਿਕਟ ਸੀ ਤੇ ਉਸ ਨੂੰ ਦਿਖਾ ਕੇ ਸਫਰ ਵਾਲੀ ਟਿਕਟ ਮਿਲਣੀ ਸੀ । ਵੀਹ ਕੁ ਮਿੰਟ ਵਿਚ ਟ੍ਰੇਨ ਸਟੇਸ਼ਨ ਤੇ ਅਸੀਂ ਜਾ ਪਹੁੰਚੇ, ਸਟੇਸ਼ਨ ਕੋਈ ਜਿ਼ਆਦਾ ਵਧੀਆ ਨਹੀਂ ਬਣਿਆ । ਮੈਂ ਪਰਾਂਜਲ ਨੂੰ ਕਿਹਾ ਕਿ ਇਹ ਵਾਕਿਆ ਹੀ ਉਰਲੈਂਡੌ ਦਾ ਟ੍ਰੇਨ ਸਟੇਸ਼ਨ ਹੈ ਜਾਂ ਪੰਜਾਬ ਦੇ ਕਿਸੇ ਪਿੰਡ ਦਾ ਟ੍ਰੇਨ ਸਟੇਸ਼ਨ ਹੈ । ਉਹ ਕਹਿੰਦਾ ਕਿ ਅੰਦਰ ਜਾ ਕੇ ਵੇਖਦੇ ਹਾਂ ਮੈਂ ਤਾਂ ਆਪ ਪਹਿਲੀ ਵਾਰ ਆਇਆ ਹਾਂ । ਖਿੜਕੀ ਵਿਚ ਜਾ ਕੇ ਬੀਬੀ ਨੂੰ ਟਿਕਟ ਫੜਾਈ ਤਾਂ ਉਸ ਨੇ ਕਿਹਾ ਕਿ ਨਾਲ ਵਾਲੀ ਮਸ਼ੀਨ ਦੀ ਲਾਈਟ ਅੱਗੇ ਬਾਰ ਕੋਡ ਕਰ ਦਿਉ, ਟਿਕਟ ਮਿਲ ਜਾਏਗੀ । ਸੌਖਾ ਤਰੀਕਾ ਹੀ ਸੀ । ਜਹਾਜ ਦੇ ਬੋਰਡਿੰਗ ਕਾਰਡ ਵਰਗੀ ਟਿਕਟ ਛਪ ਕੇ ਆ ਗਈ । ਗੱਡੀ ਦੇ ਆਉਣ ਵਿਚ ਤਕਰੀਬਨ ਇਕ ਘੰਟਾ ਪਿਆ ਸੀ, ਸੋ ਮੈਂ ਪਰਾਂਜਲ ਨੂੰ ਵਾਪਸ ਘਰੇ ਤੋਰ ਦਿੱਤਾ । ਜਿ਼ਆਦਾਤਰ ਯਾਤਰੀਆਂ ਦੇ ਕੋਲ ਭਾਰੇ ਸੂਟਕੇਸ ਸਨ ਕਿਉਂ ਕਿ ਹਵਾਈ ਜਹਾਜ ਵਿਚ ਜਿਆਦਾ ਸਮਾਨ ਲੈ ਕੇ ਜਾਣਾ ਹੋਵੇ ਤਾਂ ਪੈਸੇ ਦੇਣੇ ਪੈਂਦੇ ਹਨ ਪਰ ਟ੍ਰੇਨ ਦੇ ਵਿਚ ਕੋਈ ਮੁਸ਼ਕਿਲ ਨਹੀਂ ਆਉਂਦੀ । 
ਠੀਕ ਟਾਇਮ ਤੇ ਸਿਲਵਰ ਸਟਾਰ  92 ਰੇਲ ਮਿਆਮੀ ਤੋਂ ਚੱਲ ਕੇ ਉਰਲੈਂਡੌ ਆ ਪਹੁੰਚੀ । ਇਸ ਨੇ ਨਿਊਯਾਰਕ ਤੱਕ ਦੇ ਯਾਤਰੀਆਂ ਨੂੰ ਛੱਡਣਾ ਸੀ । ਟ੍ਰੇਨ ਦੇ ਦੋ ਟੀ।ਟੀ। ਥੱਲੇ ਆ ਕੇ ਲੋਕਾਂ ਦੀਆਂ ਟਿਕਟਾਂ ਤੇ ਸੀਟ ਨੰਬਰ ਲਿਖ ਕੇ  ਉਹਨਾਂ ਨੂੰ ਡੱਬਿਆਂ ਦੇ ਵਿਚ ਭੇਜ ਰਹੇ ਸੀ । ਮੈਂ ਟੀ।ਟੀ। ਨੂੰ ਕਿਹਾ ਕਿ ਮੈਨੂੰ ਬਾਰੀ ਵਾਲੀ ਸੀਟ ਦੇ ਦਿਉ । ਉਸ ਨੇ ਪੈਂਸਿਲ ਨਾਲ ਟਿਕਟ ਤੇ ਨੰਬਰ ਲਿਖ ਕੇ ਮੈਨੂੰ ਅੰਦਰ ਭੇਜ ਦਿੱਤਾ । ਇਹ ਐਮਟਰੈਕ ਕੰਪਨੀ ਦੀ ਡੀਜ਼ਲ ਟ੍ਰੇਨ ਸੀ ਜੋ ਕਿ ਅਮਰੀਕਾ ਦੇ ਵੱਖ ਵੱਖ ਰਾਜਾਂ ਨੂੰ ਆਪਸ ਵਿਚ ਜੋੜਦੀ ਹੈ । ਇਸ ਦੇ ਡੱਬੇ ਬਹੁਤ ਸ਼ਾਨਦਾਰ ਬਣੇ ਹੋਏ ਸੀ । ਸੋਫਾ ਸੀਟਾਂ ਵਾਗ ਡੱਬਿਆਂ ਦੀਆਂ ਸੀਟਾਂ ਸਨ । ਦੋ ਇਕ ਪਾਸੇ, ਦੋ ਦੂਜੇ ਪਾਸੇ । ਉੱਪਰ ਸਮਾਨ ਰੱਖਣ ਦੀ ਜਗਾ ਬਣੀ ਹੋਈ ਸੀ । ਤਕਰੀਬਨ ਪੰਜ ਮਿੰਟਾਂ ਦੇ ਵਿਚ ਸਭ ਯਾਤਰੀ ਆਪਣੀਆਂ ਸੀਟਾਂ ਤੇ ਬੈਠ ਚੁੱਕੇ ਸੀ । ਟੀ।ਟੀ ਨੇ ਹਰ ਯਾਤਰੀ ਦੇ ਸੀਟ ਦੇ ਉੱਪਰ ਸਟਿੱਕਰ ਲਗਾ ਦਿੱਤਾ ਕਿ ਕਿਸ ਸਵਾਰੀ ਨੇ ਕਿੱਥੇ ਜਾਣਾ ਹੈ । ਹਰ ਸੀਟ ਦੇ ਥੱਲੇ ਦੋ ਬਿਜਲੀ ਪਲੱਗ ਲੱਗੇ ਹੋਏ ਸੀ । ਸੀਟ ਸਿੱਧੀ ਕਰਨ ਤੇ ਬੈੱਡ ਦਾ ਰੂਪ ਧਾਰਨ ਕਰ ਲੈਂਦੀ ਸੀ । ਪਰਾਂਜਲ ਨੂੰ ਕਾਲ ਕਰ ਕੇ ਦੱਸ ਦਿੱਤਾ ਤੇ ਗੱਡੀ ਆਪਣੀ ਮੰਜ਼ਿਲ ਨੂੰ ਵਧ ਤੁਰੀ । ਬਾਹਰ ਗਰਮੀ ਸੀ ਤੇ ਗੱਡੀ ਵਿਚ ਏ।ਸੀ। ਨੇ ਡੱਬਿਆਂ ਨੂੰ ਠੰਡਾ ਯੱਖ ਕੀਤਾ ਹੋਇਆ ਸੀ । ਟ੍ਰੇਨ ਸਟੇਸ਼ਨ ਜਿਆਦਾ ਵੱਡੇ ਨਹੀਂ ਬਣੇ ਸੀ, ਗੱਡੀ ਜਿਸ ਰਸਤਿਆਂ ਵਿਚੋਂ ਲੰਘ ਰਹੀ ਸੀ, ਉਹ ਜਿ਼ਆਦਾਤਰ ਖੇਤ ਸਨ ਜਾਂ ਬਿਲਡਿੰਗਾਂ ਵਾਲਾ ਖੇਤਰ ਸੀ ।
ਦੋ ਚਾਰ ਛੋਟੇ ਸਟੇਸ਼ਨਾਂ ਤੇ ਰੁਕਦੀ ਹੋਈ ਗੱਡੀ ਸ਼ਾਮ ਦੇ ਤਕਰੀਬਨ ਛੇ ਵਜੇ ਫਲੌਰਿਡਾ ਰਾਜ ਦੇ ਆਖਰੀ ਸਟੇਸ਼ਨ ਜੈਕਸਨਵਿਲੇ ਵਿਖੇ ਜਾ ਪਹੁੰਚੀ । ਟੀ।ਟੀ। ਨੇ ਅਨਾਊਂਸਮੈਂਟ ਕਰ ਦਿੱਤੀ ਕਿ ਗੱਡੀ ਪੰਜ ਮਿੰਟ ਲਈ ਰੁਕੀ ਹੈ । ਜੇ ਕਿਸੇ ਨੇ ਸਿਗਰਟ ਪੀਣੀ ਹੈ, ਉਹ ਬਾਹਰ ਜਾ ਕੇ ਜਲਦੀ ਨਾਲ ਪੀ ਲਵੇ । ਗੱਡੀ ਦੇ ਵਿਚ ਸਿਗਰਟ ਪੀਣ ਦੀ ਮਨਾਹੀ ਸੀ, ਇਸ ਲਈ ਲੋਕਾਂ ਦੀ ਥੱਲੇ ਨੂੰ ਦੌੜ ਲੱਗ ਗਈ ਤੇ ਬਾਹਰ ਨਿਕਲ ਕੇ ਸੂਟੇ ਲੱਗਣੇ ਸ਼ੁਰੂ ਹੋ ਗਏ । ਚੰਦ ਮਿੰਟਾਂ ਬਾਦ ਗੱਡੀ ਦੇ ਹਾਰਨ ਵੱਜਣ ਨਾਲ ਲੋਕ ਆਪਣੀ ਸੀਟਾਂ ਤੇ ਵਾਪਿਸ ਜਾ ਬੈਠੇ । ਇਹ ਦਸਤੂਰ ਸਾਰੇ ਸਫਰ ਦੇ ਵਿਚ ਚੱਲਿਆ । ਗੱਡੀ ਅਮਰੀਕਾ ਦੇ ਦੂਜੇ ਰਾਜ ਜਾਰਜੀਆ ਵੱਲ ਵਧ ਰਹੀ ਸੀ । ਟ੍ਰੇਨ ਦੀ ਕੈਨਟੀਨ ਵਿਚੋਂ ਰਾਤ ਦੇ ਖਾਣੇ ਦਾ ਆਰਡਰ ਲੈਣ ਲਈ ਵੇਟਰ ਸਭ ਯਾਤਰੀਆਂ ਨੂੰ ਪੁੱਛ ਰਿਹਾ ਸੀ । ਮੈਂ  ਸੋਚਿਆ ਕੈਨਟੀਨ ਵਿਚ ਚੱਲ ਕੇ ਹੀ ਖਾਂਦੇ ਹਾਂ ਕੁਝ । ਸਾਰੀ ਟ੍ਰੇਨ ਦੇ ਡੱਬੇ ਆਪਸ ਵਿਚ ਜੁੜੇ ਹੋਏ ਸਨ । ਕੁਝ ਯਾਤਰੀ ਲੈਪਟੋਪ ‘ਤੇ ਕੰਮ ਕਰ ਰਹੇ ਸੀ, ਕੁਝ ਸੌਂ ਰਹੇ ਸਨ । ਕੈਨਟੀਨ ਵਾਲਾ ਡੱਬਾ ਗੱਡੀ ਦੇ ਅਖੀਰ ਵਿਚ ਸੀ । ਕਾਫੀ ਸਾਫ ਸੁਥਰਾ ਡੱਬਾ ਸੀ । ਜਿਆਦਾ ਭੀੜ ਨਹੀਂ ਸੀ । ਇਕ ਮੇਜ ਤੇ ਜਾ ਕੇ ਬੈਠਾ ਤਾਂ ਵੇਟਰ ਨੇ ਆ ਕੇ ਸਭ ਆਈਟਮਾਂ ਗਿਣਾ ਦਿੱਤੀਆਂ । ਰੋਸਟਡ ਚਿਕਨ ਦੇ ਨਾਲ ਚਾਵਲ, ਉੱਬਲੀ ਸਬਜੀ, ਸਲਾਦ ਤੇ ਸੇਬ ਜੂਸ ਦਾ ਆਰਡਰ ਕਰ ਦਿੱਤਾ । ਨਾਲ ਵਾਲੀ ਟੇਬਲ ਤੇ ਇਕ ਬੰਦਾ ਖਾਣਾ ਖਾ ਰਿਹਾ ਸੀ ਉਹਨੇ ਵੇਖਿਆ ਕਿ ਗੱਡੀ ਰੁਕਣ ਵਾਲੀ ਹੈ । ਉਹਨੇ ਵੇਟਰ ਨੂੰ ਕਿਹਾ ਕਿ ਮੈਂ ਜਲਦੀ ਨਾਲ ਦੋ ਕਸ਼ ਲਗਾ ਲਵਾਂ, ਮੇਰਾ ਖਾਣਾ ਨਾ ਚੁੱਕੇ । ਖਾਣੇ ਨਾਲੋਂ ਜਿਆਦਾ ਜਰੂਰੀ ਲੋਕਾਂ ਲਈ ਸਿਗਰਟ ਹੋ ਗਈ ਹੈ । ਵੇਟਰ ਨੇ ਆ ਕੇ ਮੈਨੂੰ ਖਾਣਾ ਦੇ ਦਿੱਤਾ ਨਾਲ ਬਿਲ ਰੱਖ ਦਿੱਤਾ ਕਿ ਖਾਣਾ ਖਾ ਕੇ ਬਿਲ ਦੇ ਦੇਵਾਂ । ਖਾਣਾ ਬਹੁਤ ਵਧੀਆ ਬਣਾਇਆ ਹੋਇਆ ਸੀ । ਪੰਦਰਾਂ ਡਾਲਰ ਐਨੇ ਖਾਣੇ ਦੇ ਲਈ ਜਿਆਦਾ ਨਹੀਂ ਸਨ । ਵਾਈਨ ਜਾਂ ਬੀਅਰ ਦੇ ਸ਼ੌਕੀਨਾਂ ਲਈ ਵੀ ਸਹੂਲਤ ਮੌਜੂਦ ਸੀ । ਸਰਕਾਰ ਪੈਸੇ ਕਮਾਉਣ ਦੇ ਨਾਲ ਨਾਲ ਲੋਕਾਂ ਦੇ ਲਈ ਹਰ ਤਰਾਂ ਦੀ ਸਹੂਲਤ ਮੁਹੱਈਆ ਕਰਵਾਉਂਦੀ ਹੈ । ਇੱਥੋਂ ਵਾਪਿਸ ਸੀਟ ਤੇ ਜਾ ਕੇ ਸੌਂ ਗਿਆ ।
ਗੱਡੀ ਆਪਣੀ ਰਫਤਾਰ ਨਾਲ ਅੱਗੇ ਵਧਦੀ ਰਹੀ । ਰਾਤ ਨੂੰ ਗੱਡੀ  ਸਾਊਥ ਕੈਰੋਲੀਨਾ, ਨਾਰਥ ਕੈਰੋਲੀਨਾ ਤੇ ਵਰਜੀਨੀਆ ਰਾਜ ਵਿਚੋਂ ਹੁੰਦੇ ਹੋਏ  ਰਿਚਮੰਡ ਸਟੇਸ਼ਨ ਤੇ ਸਵੇਰੇ 9 ਕੁ ਵਜੇ ਪਹੁੰਚ ਗਈ । ਗੱਡੀ ਦੀਆਂ ਸੀਟਾਂ ਆਰਾਮਦਾਇਕ ਸਨ । ਰਾਤ ਕਦੇ ਕਦੇ ਅੱਖ ਵੀ ਖੁੱਲੀ ਪਰ ਨੀਂਦ ਵਧੀਆ ਆਈ । ਮੈਂ ਬਾਥਰੂਮ ਵਿਚ ਜਾ ਕੇ ਪੰਜ ਇਸ਼ਨਾਨ ਕਰ ਕੇ ਵਾਪਿਸ ਸੀਟ ਤੇ ਬੈਠ ਗਿਆ । ਕੁਆਂਟਿਕੋ ਤੇ ਅਲੈਗਜੈਂਡਰਿਆਂ ਹੁੰਦੇ ਹੋਏ ਟ੍ਰੇਨ ਵਾਸ਼ਿੰਗਟਨ ਡੀ।ਸੀ। ਵੱਲ ਵਧ ਰਹੀ ਸੀ । ਇਕ ਪਾਸੇ ਤੇ ਰੌਨਾਲਡ ਰੀਗਨ ਵਾਸ਼ਿੰਗਟਨ ਏਅਰਪੋਰਟ ਬਣਿਆ ਸੀ ਦੂਜੇ ਪਾਸੇ ਪੈਂਟਾਗਨ ਸਿਟੀ । ਇਹਨਾਂ ਥਾਵਾਂ ਨੂੰ ਵਾਪਸੀ ਤੇ ਵੇਖਣਾ ਸੀ । 11:30 ‘ਤੇ ਗੱਡੀ ਵਾਸ਼ਿੰਗਟਨ ਡੀ।ਸੀ। ਦੇ ਪੈਨ ਟ੍ਰੇਨ ਸਟੇਸ਼ਨ ਤੇ ਜਾ ਪਹੁੰਚੀ । ਇਹ ਸਟੇਸ਼ਨ  ਵੀ ਕੋਈ ਜਿਆਦਾ ਵਧੀਆ ਨਹੀਂ ਲੱਗ ਰਿਹਾ ਸੀ ਜਾਂ ਸ਼ਾਇਦ ਸਾਡੀ ਗੱਡੀ ਕਿਸੇ ਦੂਜੇ ਪਾਸੇ ਖੜੀ ਕੀਤੀ ਹੋਵੇਗੀ । ਇੱਥੇ ਅੱਧੇ ਘੰਟੇ ਦੇ ਲਈ ਗੱਡੀ ਦਾ ਠਹਿਰਾਉ  ਸੀ । ਰੇਲਵੇ ਕਰਮਚਾਰੀ ਟਾਇਲਟਾਂ ਦੀ ਸਫਾਈ ਕਰ ਰਹੇ ਸਨ । ਰੇਲਵੇ ਕਿਚਨ ਦੀ ਸਫਾਈ ਕੀਤੀ ਜਾ ਰਹੀ ਸੀ । ਬਹੁਤ ਫੁਰਤੀ ਨਾਲ ਕੰਮ ਨਿਪਟਾ ਕੇ ਗੱਡੀ ਅੱਗੇ ਵੱਲ ਨੂੰ ਰਵਾਨਾ ਹੋ ਗਈ ਪਰ ਪੰਜ ਕਿਲੋਮੀਟਰ ਬਾਦ ਹੀ ਟ੍ਰੇਨ ਵਿਚ ਕੋਈ ਖਰਾਬੀ ਆ ਗਈ ਜਿਸ ਨਾਲ ਕਿ ਗੱਡੀ ਨੂੰ ਵਾਪਿਸ ਸਟੇਸ਼ਨ ਤੇ ਭੇਜਣ ਦੇ ਲਈ ਕਰੇਨ ਰੇਲ ਗੱਡੀ ਮੰਗਾਈ ਗਈ ਤੇ ਗੱਡੀ ਨੂੰ ਧੱਕ ਕੇ ਵਾਪਿਸ ਵਾਸ਼ਿੰਗਟਨ ਸਟੇਸ਼ਨ ਭੇਜਿਆ ਗਿਆ । ਤਕਰੀਬਨ ਇਕ ਘੰਟੇ ਬਾਦ ਇਕ ਹੋਰ ਇੰਜਣ ਆਇਆ ਜੋ ਕਿ ਸਾਨੂੰ ਲੈ ਕੇ ਰਵਾਨਾ ਹੋਇਆ । ਕਾਫੀ ਲੋਕਾਂ ਨੇ ਨਿਊਯਾਰਕ ਤੋਂ ਕੋਈ ਅਗਲੀ ਟ੍ਰੇਨ ਵਿਚ ਬੈਠਣਾ ਸੀ, ਸੋ ਸੀਨੀਅਰ ਟੀ।ਟੀ। ਨੇ ਆ ਕੇ ਉਹਨਾਂ ਸਵਾਰੀਆਂ ਨੂੰ ਅਲੱਗ ਟਿਕਟਾਂ ਦੇ ਦਿੱਤੀਆਂ ਕਿਉਂ ਕਿ ਕਸੂਰ ਚਾਹੇ ਕਿਸੇ ਦਾ ਵੀ ਹੋਵੇ ਗੱਡੀ ਲੇਟ ਹੋਣ ਦੇ ਵਿਚ ਪਰ ਟ੍ਰੇਨ ਸਰਵਿਸ ਦੇਣ ਵਾਲੀ ਕੰਪਨੀ  ਹੀ ਲੋਕਾਂ ਨੂੰ ਜਵਾਬਦੇਹ ਹੁੰਦੀ ਹੈ । ਗੱਡੀ ਅੱਧੀ ਖਾਲੀ ਹੋ ਚੁੱਕੀ ਸੀ ਤੇ ਦੂਜੇ ਉਤਰਣ ਵਾਲੇ ਲੋਕ ਵੀ ਆਪਣਾ ਸਮਾਨ ਬੰਨ ਰਹੇ ਸੀ । ਗੱਡੀ ਵੈਸੇ ਦੋ ਘੰਟੇ ਦੇ ਫਰਕ ਨਾਲ ਲੇਟ ਹੋ ਗਈ ਸੀ । ਕਿਉਂ ਕਿ ਲੇਟ ਹੋਣ ਕਾਰਣ ਬਾਕੀ ਟਰੇਨਾਂ ਨੂੰ ਵੀ  ਰਾਹ ਦੇ ਰਹੀ ਸੀ ਤਾਂ ਕਿ ਉਹ ਨਾ ਲੇਟ ਹੋ ਜਾਣ । ਤਕਰੀਬਨ 2:45 ਤੇ ਫਿਲਾਡੈਲਫੀਆ ਦੇ ਸਟੇਸ਼ਨ ਤੇ ਗੱਡੀ ਜਾ ਪਹੁੰਚੀ । ਇੱਥੇ ਫਿਲਾਡੈਲਫੀਆ ਦਾ ਬੋਰਡ ਪੜ੍ਹ ਕੇ ਮੇਰੇ ਦਿਮਾਗ ਵਿਚ ਇਕ ਦਮ ਪੰਜਾਬੀ ਕਹਾਣੀਆਂ ਦੇ ਮਸ਼ਹੂਰ ਲੇਖਕ ਗਿਆਨੀ ਕਰਨੈਲ ਸਿੰਘ ਜੀ ਫਿਲਾਡੈਲਫੀਆ ਦਾ ਖਿਆਲ ਆ ਗਿਆ । ਮੈਂ ਉਹਨਾਂ ਨੂੰ ਕਦੇ ਵੀ ਨਹੀਂ ਮਿਲਿਆ ਪਰ ਉਹਨਾਂ ਦੀਆਂ ਕਹਾਣੀਆਂ ਬਹੁਤ ਪੜੀਆਂ ਹਨ ।  ਖੈਰ ਸੋਚਿਆ ਕਿ ਜੇਕਰ ਦੁਬਾਰਾ ਗੇੜਾ ਵੱਜਿਆ ਤਾਂ ਗਿਆਨੀ ਜੀ ਨੂੰ ਜਰੂਰ ਮਿਲਣ ਦੀ ਕੋਸ਼ਿਸ ਕਰਾਂਗਾ । ਗੱਡੀ ਨਿਊਜਰਸੀ ਰਾਜ ਵਿਚ ਦਾਖਿਲ ਹੌ ਚੁੱਕੀ ਸੀ । ਥੋੜੇ ਸਮੇਂ ਬਾਦ ਟੀ।ਟੀ। ਨੇ ਅਨਾਊਂਸ ਕਰ ਦਿੱਤਾ ਕਿ ਨਿਊਆਰਕ ਤੇ ਨਿਊਯਾਰਕ ਵਾਲੀਆਂ ਸਵਾਰੀਆਂ ਆਪਨਾ ਸਮਾਨ ਸਮੇਟ ਲੈਣ । ਟਰੈਂਟਨ ਤੋਂ ਹੁੰਦੇ ਹੋਏ ਮੈਟਰੋਪਾਰਕ ਸਟੇਸ਼ਨ ‘ਤੇ ਬਿਨਾਂ ਰੁਕੇ ਸ਼ਾਮ 4 ਵਜੇ  ਰੁਕੇ ਗੱਡੀ ਜਾ ਪਹੁੰਚੀ । ਨਿਊਜਰਸੀ ਰਾਜ ਦੇ ਨਿਊਆਰਕ ਪੈਨ ਸਟੇਸ਼ਨ ਦੇ ਉੱਤੇ । ਜਿੱਥੋਂ ਕਿ ਮੈਂ ਲੋਕਲ ਚੱਲਣ ਵਾਲੀ ਟ੍ਰੇਨ ਦੀ ਟਿਕਟ ਲੈ ਕੇ ਵਾਪਿਸ ਮੈਟਰੋਪਾਰਕ ਪਹੁੰਚਣਾ ਸੀ ।  ਨਿਊਆਰਕ ਦਾ ਪੈਨ ਸਟੇਸ਼ਨ ਬਹੁਤ ਵੱਡਾ ਬਣਿਆ ਹੈ । ਥੱਲੇ ਜਾ ਕੇ ਮੈਟਰੋਪਾਰਕ ਦੀ ਟਿਕਟ ਲਈ ਤੇ ਵਾਪਿਸ ਉਸੇ ਪਲੇਟਫਾਰਮ ਤੇ ਆ ਗਿਆ । ਇੱਥੇ ਇਹ ਗੱਲ ਚੰਗੀ ਹੈ ਕਿ ਤੁਸੀਂ ਬਿਨਾਂ ਟਿਕਟ ਪਲੇਟਫਾਰਮ ਤੇ ਆ ਸਕਦੇ ਹੋ । ਗੱਡੀ ਵਿਚ ਵੀ ਬੈਠ ਸਕਦੇ ਹੋ । ਬਿਨਾਂ ਟਿਕਟ ਫੜੇ ਜਾਣ ਤੇ ਤੁਹਾਨੂੰ ਸਿਰਫ ਟਿਕਟ ਦੇ ਪੈਸੇ ਦੇਣੇ ਪੈਣਗੇ ਤੇ ਨਾਲ ਪੰਜ ਡਾਲਰ ਸਰਚਾਰਜ ਅਲੱਗ ਦੇਣਾ ਪਵੇਗਾ । ਜੁਰਮਾਨਾ ਕੋਈ ਵੀ ਨਹੀਂ ਹੈ । ਪਰ ਲੋਕ ਇਮਾਨਦਾਰ ਹਨ ਇਸ ਲਈ ਇਹ ਸਭ ਕੁਝ ਚੱਲ ਰਿਹਾ ਹੈ । ਡਬਲ ਡੇਕਰ ਟ੍ਰੇਨ ਆ ਗਈ । ਮਿੰਟ ਬਾਦ ਹੀ ਚੈੱਕਰ ਨੇ ਟਿਕਟ ਲੈ ਕੇ ਮੇਰੀ ਸੀਟ ਦੇ ਉੱਤੇ ਲੱਗੇ ਕਲਿੱਪ ਵਿਚ ਇਕ ਦੂਜੀ ਟਿਕਟ ਜੜ ਦਿੱਤੀ । ਸਾਰਾ ਕੰਮ  ਬੜੀ ਫੁਰਤੀ ਨਾਲ ਟੀ।ਟੀ। ਕਰ ਰਿਹਾ ਸੀ । ਤਕਰੀਬਨ 4:45 ਤੇ ਮੈਂ ਆਪਣੇ ਸਫਰ ਦੇ ਆਖਰੀ ਸਟੇਸ਼ਨ ਮੈਟਰੋਪਾਰਕ ਜਾ ਪਹੁੰਚਿਆ ।
ਥੱਲੇ ਛੋਟੀ ਭੈਣ ਪਰਮਜੀਤ ਕੌਰ ਦਾ ਫੋਨ ਆ ਗਿਆ ਕਿ ਉਹ ਪਾਰਕਿੰਗ ਵਿਚ ਹੈ । ਪਰਾਂਜਲ ਨੂੰ ਵੀ ਫੋਨ ਕਰ ਦਿੱਤਾ ਕਿ ਮੈਂ ਮੈਟਰੋਪਾਰਕ ਪਹੁੰਚ ਗਿਆ ਹਾਂ ਤੇ ਉਹਨੂੰ ਗੱਡੀ ਲੇਟ ਹੋਣ ਬਾਰੇ ਵੀ ਦੱਸ ਦਿੱਤਾ । ਉਹ ਬੜਾ ਹੱਸਿਆ ਕਹਿੰਦਾ ਤੈਨੂੰ ਦੱਸਿਆ ਸੀ ਕਿ ਨਾ ਪੰਗੇ ਲੈ ਗੱਡੀ ਵਿਚ ਜਾਣ ਦੇ । ਸਤਾਈ ਘੰਟੇ ਵਿਚ ਤੂੰ ਸਫਰ ਤੈਅ ਕੀਤਾ । ਮੈਂ ਕਿਹਾ ਚਲੋ ਕੋਈ ਨਹੀਂ ਸਫਰ ਵੀ ਤਜ਼ਰਬੇ ਕਰਾਉਂਦਾ ਹੈ । ਇਕ ਵਾਰ ਤਾਂ ਥਕਾਵਟ ਬਹੁਤ ਹੋਈ ਪਈ ਸੀ ਪਰ ਨਵੇਂ ਤਜ਼ਰਬੇ ਕਰਨ ਦਾ ਸੋਚ ਕੇ ਮਨ ਨੂੰ ਤਸੱਲੀ ਦਿੱਤੀ ਕਿ ਕੋਈ ਨਹੀਂ ਐਡਾ ਕਿਹੜਾ ਪਹਾੜ ਡਿੱਗ ਪਿਆ ਸਤਾਈ ਘੰਟੇ ਦੇ ਸਫਰ ਵਿਚ । ਪਾਰਕਿੰਗ ਦੇ ਵਿਚ ਭੈਣ ਆਪਣੇ ਬੇਟੇ ਜਸ਼ਨਦੀਪ ਜੱਸਲ  ਤੇ ਬੇਟੀ ਦਿਵਨੀਤ ਜੱਸਲ ਨਾਲ ਮੈਨੂੰ ਲੈਣ ਲਈ ਪਹੁੰਚੀ ਹੋਈ ਸੀ । ਤਕਰੀਬਨ ਅੱਠ-ਨੌਂ ਸਾਲਾਂ ਬਾਦ ਅਸੀਂ ਮਿਲੇ ਸੀ । ਸੜਕਾਂ ਤੇ ਟਰੈਫਿਕ ਬਹੁਤ ਜਿ਼ਆਦਾ ਹੋਇਆ ਪਿਆ ਸੀ । ਇਸੇਲਿਨ ਦੇ ਵਿਚ ਭਾਰਤੀ ਦੁਕਾਨਾਂ ਦੇ ਕੋਲੋਂ ਲੰਘਦੇ ਹੋਏ ਅਸੀਂ ਘਰ ਜਾ ਪਹੁੰਚੇ । ਗੁਰਵਿੰਦਰ ਭਾਜੀ ਕੰਮ ਤੋਂ ਅਜੇ ਪਰਤੇ ਨਹੀਂ ਸੀ । ਸੋ ਪੇਟ ਪੂਜਾ ਵਾਲਾ ਕੰਮ ਨਬੇੜ ਕੇ ਮੈਂ ਬੱਚਿਆਂ  ਨਾਲ ਆਹਰੇ ਲੱਗ ਗਿਆ । ਨਿਊਆਰਕ ਦੇ ਵਿਚ ਠੰਡ ਦਾ ਸਮਾਂ ਸੀ । ਤਕਰੀਬਨ 3-4 ਡਿਗਰੀ ਦੇ ਕਰੀਬ ਤਾਪਮਾਨ ਸੀ । ਦਰਖਤਾਂ ਦੇ ਪੱਤੇ ਝੜ ਚੁੱਕੇ ਸੀ । ਪਰ ਅਸਮਾਨ ਬਹੁਤ ਸਾਫ ਸੀ । ਘੰਟੇ ਬਾਦ ਗੁਰਵਿੰਦਰ ਭਾਜੀ ਵੀ ਆ ਗਏ ਨਾਲ ਹੀ ਡਾ।ਕੰਵਰਜੀਤ ਬਰਾੜ ਦਾ ਟੈਲੀਫੋਨ ਆ ਗਿਆ ਕਿ ਕੱਲ ਉਹ ਕਿਸੇ ਮੈਡੀਕਲ ਕਾਨਫਰੰਸ ਦੇ ਸਬੰਧ ਵਿਚ ਨਿਊਯਾਰਕ ਆ ਰਿਹਾ ਹੈ ਤੇ ਪੰਜ ਵਜੇ ਦੇ ਬਾਦ ਉਹ ਬਿਲਕੁੱਲ ਫਰੀ ਹੈ ਤੇ ਮੈਂ ਉਹਦੀ  ਗੁਰਵਿੰਦਰ ਭਾਜੀ  ਨਾਲ ਗੱਲ ਕਰਵਾ ਕੇ ਨਿਊਯਾਰਕ ਸਟੇਸ਼ਨ ਤੇ ਸ਼ਾਮ ਛੇ ਵਜੇ ਮਿਲਣ ਦਾ ਟਾਇਮ ਪੱਕਾ ਕਰ ਦਿੱਤਾ ।
ਚਲਦਾ...

No comments: