ਕਾਲੇ ਬੈਗ ਦੀ ਦਹਿਸ਼ਤ……… ਅਭੁੱਲ ਯਾਦਾਂ / ਰਵੇਲ ਸਿੰਘ ਇਟਲੀ


ਇਹ ਗੱਲ ਪੰਜਾਬ ਦੇ ਦਹਿਸ਼ਤਗਰਦੀ ਦੇ ਦਿਨਾਂ ਦੀ ਹੈ, ਮੇਰੇ ਬਾਪੂ ਜੀ ਗੁਰਦਾਸਪੁਰ ਡਾਕਖਾਨੇ ਵਿਚੋਂ ਪੈਨਸ਼ਨ ਲੈਂਦੇ ਸਨ । ਮੈਂ ਵੀ ਉਦੋਂ ਗੁਰਦਾਸਪੁਰ ਹੀ ਨੌਕਰੀ ਕਰਦਾ ਸਾਂ । ਬਾਪੂ ਨੇ ਮੈਨੂੰ ਇੱਕ ਦਿਨ ਦਫਤਰ ਜਾਣ ਲੱਗਿਆਂ ਕਿਹਾ ਕਿ ਮੇਰੀ ਪੈਨਸ਼ਨ ਦੀ ਕਾਪੀ ਡਾਕਖਾਨੇ ਜਾ ਕੇ ਪੈਨਸ਼ਨ ਦੀ ਐਂਟਰੀ ਕਰਵਾਉਣ ਲਈ ਦੇ ਦੇਣੀ, ਮੈਂ ਜ਼ਰਾ ਲੇਟ ਆਵਾਂਗਾ । ਸਮੇਂ ਸਿਰ ਪੈਨਸ਼ਨ ਮਿਲ ਜਾਵੇਗੀ । ਕਾਪੀ ਇੱਕ ਕਾਲੇ ਬੈਗ ਵਿਚ ਪਾ ਕੇ ਮੈਨੂੰ ਫੜਾ ਦਿੱਤੀ । ਉਸ ਦਿਨ ਮੇਰੇ ਕੋਲ ਸਕੂਟਰ ਨਾ ਹੋਣ ਕਾਰਣ ਮੈਨੂੰ ਬੱਸ ਤੇ ਜਾਣਾ ਪਿਆ ਤੇ ਬੱਸ ਸਟੈਂਡ ‘ਤੇ ਬੱਸ ਦੀ ਉਡੀਕ ਕਰਨ ਲੱਗਾ । ਆਖਿਰ ਇੱਕ ਮਿੰਨੀ ਬੱਸ ਆਈ, ਜੋ ਹੇਠਾਂ ਉੱਪਰ ਸਾਰੀ ਸਵਾਰੀਆਂ ਨਾਲ ਭਰੀ ਪਈ ਸੀ । ਦਫਤਰੋਂ ਲੇਟ ਹੋਣ ਦੇ ਡਰ ਨਾਲ ਮੈਂ ਬੱਸ ਦੀ ਪਿਛਲੀ ਪੌੜੀ ਤੇ ਹੱਥ ਵਿਚ ਬੈਗ ਫੜੀ ਲਟਕ ਗਿਆ । ਪਰ ਬੈਗ ਹੱਥੋਂ ਛੁੱਟ ਜਾਣ ਦੇ ਡਰੋਂ ਉਪਰ ਬੈਠੀ ਸਵਾਰੀ ਨੂੰ ਫੜਾ ਦਿੱਤਾ । ਅੱਡੇ ਤੇ ਪਹੁੰਚਣ ‘ਤੇ ਸਵਾਰੀਆਂ ਹਫੜਾ ਦਫੜੀ ਵਿਚ ਆਪਣੇ ਆਪਣੇ ਰਾਹੇ ਪਈਆਂ । ਮੈਂ ਵੀ ਦਫਤਰੋਂ ਲੇਟ ਹੋਣ ਦੇ ਡਰੋਂ ਕਾਹਲੀ ਕਾਹਲੀ ਦਫਤਰ ਪਹੁੰਚਿਆ ਤੇ ਬੈਗ ਦਾ ਚੇਤਾ ਹੀ ਭੁੱਲ ਗਿਆ ।ਦਫਤਰ ਪੁੱਜ ਕੇ ਬਾਪੂ ਦੇ ਪੈਨਸ਼ਨ ਵਾਲੇ ਕਾਲੇ ਬੈਗ ਦਾ ਚੇਤਾ ਆਇਆ ।



ਸਾਹੋ ਸਾਹੀ ਹੋਇਆ ਜਦ ਮੈਂ ਬੱਸ ਸਟੈਂਡ ਤੇ ਪੁੱਜਾ ਤਾਂ ਅੱਡੇ ਵਿਚ ਇੱਕ ਅਜੀਬ ਜੇਹੀ ਸੁੰਨ ਮਸਾਨ ਪਈ ਵੇਖ ਹੈਰਾਨਗੀ ਹੋਈ ।ਬੱਸ ਸਟੈਂਡ ਤੇ ਕੋਈ ਬੱਸ, ਰਿਕਸ਼ਾ ਜਾਂ ਕੋਈ ਬੰਦਾ ਨਜ਼ਰ ਨਹੀਂ ਸੀ ਆ ਰਿਹਾ । ਪਰ ਬਾਪੂ ਦਾ ਕਾਲਾ ਬੈਗ ਇੱਕਲਾ ਹੀ ਸੜਕ ਦੇ ਕੰਢੇ, ਕਿਸੇ ਨਿਹੰਗ ਸਿੰਘ ਵਾਂਗ ਪੈਂਤੜਾ ਜਮਾਈ ਬੈਠਾ ਸੀ । ਪਰ ਲੋਕ ਬੈਗ ਵਿਚ ਕਿਸੇ ਬੰਬ ਆਦਿ ਹੋਣ ਦੇ ਡਰ ਨਾਲ ਬੈਗ ਨੂੰ ਦੂਰੋਂ ਹੀ ਘੂਰ ਰਹੇ ਸਨ ਅਤੇ ਨੇੜੇ ਜਾਣ ਤੋਂ ਡਰਦੇ ਸਨ । ਪਰ ਮੈਨੂੰ ਬਾਪੂ ਦਾ ਪੈਨਸ਼ਨ ਵਾਲਾ ਕਾਲਾ ਬੈਗ ਵੇਖ ਸਾਹ ਵਿਚ ਸਾਹ ਆਇਆ । ਮੈਂ ਜਦ ਬੈਗ ਨੂੰ ਚੁੱਕਣ ਲਈ ਅੱਗੇ ਵਧਿਆ ਤਾਂ ਪਰ੍ਹਾਂ ਖੜ੍ਹੇ ਲੋਕ ਮੈਨੂੰ ਦੂਰੋਂ ਹੀ ਕਹਿਣ ਲੱਗੇ “ਵੇਖਿਓ ਸਰਦਾਰ ਜੀ ! ਹੱਥ ਨਾ ਲਾਇਓ । ਕਿਤੇ ਇਸ ਵਿਚ ਕੋਈ ਖਤਰਨਾਕ ਚੀਜ਼ ਨਾ ਹੋਵੇ । ਬਾਪੂ ਦਾ ਕਾਲਾ ਬੈਗ ਤਾਂ ਉਨ੍ਹਾਂ ਨੂੰ ਕਾਲੇ ਫਨੀਅਰ ਨਾਗ ਤੋਂ ਵੀ ਵੱਧ ਭਿਆਨਕ ਲੱਗ ਰਿਹਾ ਸੀ । ਮੈਂ ਅੱਗੇ ਵਧ ਕੇ ਜਦ ਬੈਗ ਫੜਿਆ ਤਾਂ ਮੈਨੂੰ ਇਵੇਂ ਲੱਿਗਆ ਜਿਵੇਂ ਮੇਰੇ ਹੱਥ ਕੋਈ ਬੜੀ ਕੀਮਤੀ ਸ਼ੈਅ ਹੱਥ ਆ ਗਈ ਹੋਵੇ । ਮੈਨੂੰ ਬਹੁਤਾ ਡਰ ਇਹ ਸੀ ਕਿ ਬਾਪੂ ਦੀ ਪੈਨਸ਼ਨ ਵਾਲਾ ਬੈਗ ਨਾ ਲੱਭਾ ਤਾਂ ਬਾਪੂ ਦੇ ਗੁੱਸੇ ਦਾ ਮੈਨੂੰ ਚੰਗੀ ਤਰ੍ਹਾਂ ਪਤਾ ਸੀ । ਲੋਕ ਪੁੱਛਣ ਲੱਗੇ ਕਿ ਇਸ ਬੈਗ ਵਿਚ ਕੀ ਹੈ ਤਾਂ ਮੇਰੀ ਗੱਲ ਸੁਣ ਕੇ ਉਨ੍ਹਾਂ ਠੰਢਾ ਸਾਹ ਲਿਆ । ਹੋ ਸਕਦਾ ਹੈ, ਕਾਹਲੀ ਵਿਚ ਜਿਸ ਨੂੰ ਮੈਂ ਉਹ ਬੈਗ ਫੜਾਇਆ ਸੀ, ਮੈਨੂੰ ਲੱਭਦਾ ਬੈਗ ਸੁੱਟ ਕੇ ਅਪਣੇ ਰਾਹੇ ਪਿਆ ਹੋਵੇ । ਵੇਖਣ ਵਾਲੇ ਬੰਦੇ ਆਖਣ ਲੱਗੇ ਕਿ ਜੇ ਮੈਂ ਜ਼ਰਾ ਹੋਰ ਨਾ ਆਉਂਦਾ ਤਾਂ ਉਹ ਥਾਣੇ ਪੁਲਿਸ ਨੂੰ ਇਸ ਲਾਵਾਰਿਸ ਬੈਗ ਦੀ ਰਿਪੋਰਟ ਕਰਨ ਲਈ ਜਾਣ ਹੀ ਵਾਲੇ ਸਨ । ਮੈਂ ਰੱਬ ਦਾ ਸ਼ੁਕਰ ਕੀਤਾ ਕਿ ਬੈਗ ਠਾਣੇ ਪਹੁੰਚ ਜਾਂਦਾ ਤਾਂ ਨਵਾਂ ਪੁਆੜਾ ਪੈ ਜਾਣਾ ਸੀ । ਬਾਪੂ ਦੀ ਪੈਨਸ਼ਨ ਤਾਂ ਕਿਤੇ ਰਹੀ, ਠਾਣਿਓਂ ਬੈਗ ਲੈਣ ਲਈ ਪਤਾ ਨਹੀਂ ਕੀ ਕੁਝ ਕਰਨਾ ਪੈਣਾ ਸੀ ।
            
ਮੈਂ ਡਾਕਖਾਨੇ ਜਾ ਕੇ ਬਾਪੂ ਦੀ ਪੈਨਸ਼ਨ ਦੀ ਕਾਪੀ ਐਂਟਰੀ ਲਈ ਦੇ ਕੇ ਖਾਲੀ ਬੈਗ ਦਫਤਰ ਸਾਹਮਣੇ ਫਾਈਲਾਂ ਵਾਲੇ ਰੈਕ ਵਿਚ ਰੱਖ ਕੇ ਸ਼ੁਕਰ ਕੀਤਾ ਅਤੇ ਦਫਤਰ ਦੇ ਕੰਮ ਲੱਗ ਪਿਆ । ਪਰ ਮੇਰਾ ਧਿਆਨ ਵਾਰ ਵਾਰ ਕਦੇ ਬਾਪੂ ਦੇ ਕਾਲੇ ਬੈਗ ਵੱਲ ਤੇ ਕਦੇ ਬੱਸ ਸਟੈਂਡ ਦੇ ਡਰਾਉਣੇ ਸੀਨ ਵੱਲ ਜਾਂਦਾ ਰਿਹਾ । ਸ਼ਾਮ ਨੂੰ ਦਫਤਰੋਂ ਘਰ ਆਇਆ ਤਾਂ ਬਾਪੂ ਨੂੰ ਡਰਦਿਆਂ ਇਹ ਬੈਗ ਗੁੰਮ ਹੁੋਣ ਵਾਲੀ ਗੱਲ ਨਹੀਂ ਦੱਸੀ, ਕਿਉਂਕਿ ਬਾਪੂ ਦੇ ਫੌਜੀ ਹੋਣ ਕਾਰਣ ਉਸ ਦੇ ਕਰੜੇ ਸੁਭਾਅ ਦਾ ਮੈਨੂੰ ਚੰਗੀ ਤਰ੍ਹਾਂ ਪਤਾ ਸੀ । ਰੱਬ ਜਾਣੇਂ, ਉਸ ਨੇ ਮੇਰੀ ਗੱਲ ਸੁਣਕੇ  ਕੀ ਕੁਝ ਕਹਿ ਦੇਣਾ ਸੀ । ਇਸ ਡਰੋਂ ਚੁੱਪ ਚਾਪ ਬਾਪੂ ਨੂੰ ਉਹ ਖਾਲੀ ਕਾਲਾ ਬੈਗ ਫੜਾ ਕੇ ਬਿਨਾਂ ਕੁਝ ਬੋਲੇ ਕੰਨ ਲਪੇਟ ਕੇ ਰੋਟੀ ਪਾਣੀ ਖਾ ਕੇ ਸੌਂ ਤਾਂ ਗਿਆ ਪਰ ਬਾਪੂ ਦੀ ਪੈਨਸ਼ਨ ਵਾਲੇ ਕਾਲੇ ਬੈਗ ਦੇ ਵੰਨ ਸੁਵੰਨੇ ਸੁਪਨਿਆਂ ਨੇ ਮੇਰਾ ਸਾਰੀ ਰਾਤ ਪਿੱਛਾ ਨਹੀਂ ਛਡਿਆ । ਕਿਉਂਕਿ ਮੈਂ ਇਹ ਵੀ ਸੋਚਦਾ ਰਿਹਾ ਕਿ ਜੇ ਬਾਪੂ ਪੈਨਸ਼ਨ ਲਏ ਬਗੈਰ ਖਾਲੀ ਘਰ ਮੁੜਦਾ ਤਾਂ ਮੇਰੀ ਬਾਪੂ ਨੇ ਜਿਹੜੀ ਕੁੱਤੇ ਖਾਣੀ ਕਰਨੀ ਸੀ, ਉਹ ਵੀ ਮੈਨੂੰ ਵਾਰ ਵਾਰ ਯਾਦ ਆ ਕੇ ਮੇਰੀ ਨੀਂਦਰ ਤੇ ਆਰੀ ਦਾ ਕੰਮ ਕਰ ਰਹੀ ਸੀ ।                                                                                                         

****

No comments: