ਚੱਕੀ……… ਲੇਖ / ਰਵੇਲ ਸਿੰਘ ਇਟਲੀ



ਸਾਡੇ ਪੰਜਾਬ ਦਾ ਪੁਰਾਣਾ ਕੀਮਤੀ ਵਿਰਸਾ, ਸੱਭਿਆਚਾਰ ਲੋਕ ਗੀਤ, ਲੋਕ ਕਾਵਿ ਕਿੱਸੇ, ਬੋਲੀਆਂ, ਗਿੱਧਾ, ਭੰਗੜਾ, ਢੋਲੇ, ਮਾਹੀਆ, ਕਿੱਸਾ ਮਿਰਜ਼ਾ ਸਾਹਿਬਾਂ, ਹੀਰ ਵਾਰਿਸ ਸ਼ਾਹ, ਸੂਫੀ ਫਕੀਰਾਂ ਦੇ ਮਸਤੀ ਦੇ ਰੰਗ ਵਿਚ ਰੰਗੇ ਬੋਲ, ਕਾਫੀਆਂ ਅਤੇ ਇਲਾਹੀ ਰੰਗ ਵਿਚ ਮਖਮੂਰ ਗੁਰਬਾਣੀ ਦਾ ਭੰਡਾਰ ਜਿਸ ਸੁਚੱਜੇ ਢੰਗ ਨਾਲ ਸਾਂਭਿਆ ਪਿਆ ਹੈ । ਪਰ ਸਮੇਂ ਦੀ ਤੇਜ਼ ਰਫਤਾਰੀ ਨਾਲ ਜਿੱਥੇ ਸਾਡੇ ਕਿਰਸਾਣੀ ਦੇ ਕਈ ਪ੍ਰਕਾਰ ਦੇ ਪੁਰਾਣੇ ਸੰਦ ਜਿਵੇਂ, ਰੰਬਾ, ਖੁਰਪਾ, ਪੰਜਾਲੀ, ਸੁਹਾਗਾ, ਵੱਟਾਂ ਪਾਉਣ ਵਾਲਾ ਜੰਦਰਾ, ਕਰੰਡੀ, ਕਹੀ, ਕਮਾਦ ਛਿੱਲਣ ਵਾਲੀ ਪੜਛੀ, ਫਾਲਾ, ਹੱਲੜ ਅਦਿ ਤੇ ਹੋਰ ਕਈ ਸੰਦਾਂ ਦੇ ਨਾਂ ਹੌਲੀ ਹੌਲੀ ਅਲੋਪ ਹੁੰਦੇ ਜਾ ਰਹੇ ਜਾਪਦੇ ਹਨ । ਇਸੇ ਤਰ੍ਹਾਂ ਹੀ ਆਮ ਘਰਾਂ ਵਿਚ ਰੋਟੀ ਟੁੱਕ ਤਿਆਰ ਕਰਨ ਦੀ ਮੁੱਖ ਖੁਰਾਕ ਆਟਾ ਪੀਹਣ ਵਾਲੀ ਚੱਕੀ ਦਾ ਨਾਮ ਵੀ ਦਿਨੋ ਲੋਕਾਂ ਦੀ ਜਾਣਕਾਰੀ ਵਿਚੋਂ ਨਿਕਲਦਾ ਜਾ ਰਿਹਾ ਜਾਪਦਾ ਹੈ ।ਇਸ ਦੇ ਨਾਲ ਨਾਲ ਇਸ ਮੰਤਵ ਲਈ ਆਟਾ ਪੀਹਣ ਦੇ ਹੋਰ ਸਾਧਨ ਖਰਾਸ ਅਤੇ ਘਰਾਟ ਦਾ ਨਾਮ ਵੀ ਆਉਂਦਾ ਹੈ ।ਕਿਉਂ ਜੋ ਮਸ਼ੀਨੀ ਯੁੱਗ ਵਿਚ ਹੁਣ ਇਨ੍ਹਾਂ ਦੀ ਥਾਂ ਹੁਣ ਬਿਜਲੀ ਨਾਲ ਚੱਲਣ ਵਾਲੀਆਂ ਆਟਾ ਪੀਹਣ ਵਾਲੀਆਂ ਚੱਕੀਆਂ  ਆਉਣ ਕਾਰਣ, ਇਸ ਕੰਮ ਵਿਚ ਅਸਾਨੀ ਹੋ ਜਾਣ ਕਾਰਨ ਹੱਥ ਚੱਕੀ ਦੀ ਜਾਣਕਾਰੀ ਵੀ ਹੁਣ ਦਿਨੋਂ ਦਿਨ ਘਟਦੀ ਨਜ਼ਰ ਆਉਂਦੀ ਜਾਪਦੀ ਹੈ, ਪਰ ਆਪਣੇ ਪੁਰਾਤਨ ਵਿਰਸੇ ਨੂੰ ਸੰਭਾਲਣਾ ਵੀ ਓਨਾ ਹੀ ਜ਼ਰੂਰੀ ਹੈ, ਜਿੰਨਾ ਸਾਡੀ ਪੁਰਾਣੀ ਸੱਭਿਅਤਾ ਨੂੰ ਹੋਰ ਪੱਖਾਂ ਤੋਂ ਹਰ ਪਖੋਂ ਸੰਭਾਲਣਾ । 



ਆਓ ! ਅੱਜ ਆਟਾ ਪੀਹਣ ਵਾਲੀ ਹੱਥ ਚੱਕੀ ਦੀ ਬਣਤਰ ਬਾਰੇ ਕੁਝ ਜਾਣਕਾਰੀ ਪ੍ਰਾਪਤ ਕਰੀਏ । ਮੁੱਖ ਤੌਰ ਤੇ ਲਗਪਗ ਦੋ ਢਾਈ ਫੁੱਟ ਦੇ ਗੋਲ ਆਕਾਰ ਦੇ ਪੱਥਰ, ਜੋ ਕਿ ਦੋਵੇਂ ਹੀ ਲਗਪਗ ਦੋ ਦੋ ਇੰਚ ਮੋਟਾਈ ਦੇ ਹੁੰਦੇ ਹਨ । ਇਨ੍ਹਾਂ ਨੂੰ ਪੁੜ ਕਿਹਾ ਜਾਂਦਾ ਹੈ ।ਥੱਲੇ ਵਾਲੇ ਪੁੜ ਦੇ ਐਨ ਵਿਚਕਾਰ ਬੜੀ ਪੱਕੀ ਤਰ੍ਹਾਂ ਇੱਕ ਲੋਹੇ ਦੀ ਇਕ ਢਾਈ ਕੁ ਇੰਚ ਦੀ ਸਖਤ ਲੋਹੇ ਦੀ ਕਿੱਲੀ ਫਿੱਟ ਹੁੰਦੀ ਹੈ । ਦੂਸਰੇ ਪੁੜ ਨੂੰ ਜੋ ਬਿਲਕੁਲ ਇਸੇ ਹੀ ਸਾਈਜ਼ ਦਾ ਹੁੰਦਾ ਹੈ, ਉਸ ਦੇ ਵਿਚਕਾਰ ਖਾਲੀ ਥਾਂ ਵਿਚ ਦੋ ਕੁ ਇੰਚ ਦੀ ਲੱਕੜ ਦਾ ਇੱਕ ਗੁੁੱਲਾ ਫਿੱਟ ਹੁੰਦਾ ਹੈ । ਇਸ ਲੱਕ ਦੇ ਡੱਕ ਜੇਹੇ ਨੂੰ ਮਾਨੀ ਕਹਿੰਦੇ ਹਨ । ਇਸ ਤਰ੍ਹਾਂ ਦੋਹਾਂ ਪੁੜਾਂ ਨੂੰ ਜੋੜ ਲਿਆ ਜਾਂਦਾ ਹੈ । ਮਾਨੀ ਦੁਆਲੇ ਪੀਹਣ ਵਾਲੇ ਦਾਣੇ ਪਾਉਣ ਲਈ ਖਾਲੀ ਜਗ੍ਹਾ ਹੁੰਦੀ ਹੈ ।ਦੋਵਾਂ ਪੁੜਾਂ ਨੂੰ ਬੜੀ ਤਕਨੀਕ ਨਾਲ ਇੱਕ ਖਾਸ ਕਿਸਮ ਦੀ ਛੈਣੀ ਨਾਲ ਟੱਕ ਦੇ ਕੇ ਦਾਣੇ ਪੀਹਣ ਯੋਗ ਤਿਆਰ ਕੀਤਾ ਜਾਂਦਾ ਹੈ । ਟੱਕ ਘਸ ਜਾਣ ‘ਤੇ ਕਾਰੀਗਰ ਤੋਂ ਦੁਬਾਰਾ ਲੁਵਾ ਲਏ ਜਾਂਦੇ ਹਨ । ਇਸ ਕੰਮ ਵਿਚ ਮੁਹਾਰਤ ਰਖਣ ਵਾਲੇ ਕਾਰੀਗਰ ਨੂੰ ਚੱਕੀ ਰਾਹ ਕਿਹਾ ਜਾਂਦਾ ਹੈ । ਥੱਲੇ ਵਾਲੇ ਪੁੜ ਨੂੰ ਮਿੱਟੀ ਦਾ ਥੱਲਾ ਬਣਾ ਕੇ ਪੱਕੀ ਤਰ੍ਹਾਂ ਫਿੱਟ ਕੀਤਾ ਜਾਂਦਾ ਹੈ । ਫਿਰ ਦੋਹਾਂ ਪੁੜਾਂ ਨੂੰ ਹੇਟ ੳੁੱਤੇ ਜੋੜ ਦਿਤਾ ਜਾਂਦਾ ਹੈ । ਉਪਰਲੇ ਪੁੜ ਵਿਚ ਚੱਕੀ ਨੂੰ ਗੇੜਾ ਦੇਣ ਲਈ ਲਗ ਪਗ ਫੁੱਟ ਕੁ ਦਾ ਲੱਕੜ ਦਾ ਡੰਡਾ ਫਿੱਟ ਕੀਤਾ ਹੁੰਦਾ ਹੈ, ਜਿਸ ਨੂੰ ਹੱਥਾ ਕਿਹਾ ਜਾਂਦਾ ਹੈ । ਹੱਥਾ ਫੜ ਕੇ ਗੇੜਾ ਦੇ ਕੇ ਆਟਾ ਪੀਹਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ । ਹੱਥ ਚੱਕੀ ਦੇ ਥੱਲੇ ਨਾਲ ਹੀ ਗੋਲ ਆਕਾਰ ਦਾ ਘੇਰੇ ਦਾਰ ਮਿੱਟੀ ਦੀ ਗੋਲ ਜਿਹੀ ਵਟੀਰੀ ਤਿਆਰ ਕੀਤੀ ਜਾਂਦੀ ਹੈ, ਜਿਸ ਨੂੰ ਗ੍ਰੰਡ ਜਾਂ ਗੰਡ ਕਹਿੰਦੇ ਹਨ । ਇਸ ਵਿਚ ਚੱਕੀ ਦਾ ਪੀਸਿਆ ਜਾ ਰਿਹਾ ਆਟਾ ਇਕੱਠਾ ਹੁੰਦਾ ਹੈ, ਜਿਸ ਨੂੰ ਕੱਪੜੇ ਨਾਲ, ਜਿਸ ਨੂੰ ਪਰੋਲਾ ਕਿਹਾ ਜਾਂਦਾ ਹੈ, ਨਾਲ ਨਾਲ ਆਟਾ ਇੱਕਠਾ ਕੀਤਾ ਜਾਂਦਾ ਹੇੈ । ਇਹ ਪਰੋਲਾ ਗ੍ਰੰਡ ਨੂੰ ਸਾਫ ਕਰਨ ਲਈ ਵੀ ਵਰਤਿਆ ਜਾਂਦਾ ਹੈ ।

ਆਟਾ ਪੀਸਣ ਦੇ ਅਜੋਕੇ ਸਾਧਨਾਂ ਤੋਂ ਪਹਿਲਾਂ ਘਰ ਦੀ ਸੁਆਣੀ ਸਵੇਰੇ ਤੜਕ ਸਾਰ ਕੁੱਕੜ ਦੀ ਬਾਂਗ ਦੇਣ ਵੇਲੇ ਜਾਗ ਕੇ ਚੱਕੀ ਪੀਹਣਾ ਆਰੰਭ ਕਰਦੀ ਸੀ । ਚੱਕੀ ਪੀਹਣਾ ਸ਼ੁਰੂ ਕਰਨ ਨੂੰ ਚੱਕੀ ਝੋਣਾ ਵੀ ਕਿਹਾ ਜਾਂਦਾ ਹੈ । ਕਈ ਵਾਰ ਇਸ ਕੰਮ ਨੂੰ ਛੇਤੀ ਮੁਕਾਉਣ ਲਈ ਘਰ ਦੀਆਂ ਦੋ ਤ੍ਰੀਮਤਾਂ ਦੋਵੇਂ ਇਕੱਠੇ ਰਲਕੇ ਵੀ ਚੱਕੀ ਪੀਸ ਕੇ ਆਟੇ ਦਾ ਜੁਗਾੜ ਕਰਦੇ ਸਨ । ਘਰ ਦੀਆਂ ਸੁਆਣੀਆਂ ਚੌਂਕੇ ਚੁਲ੍ਹੇ ਦਾ ਕੰਮ ਕਰਨ ਤੋਂ ਪਹਿਲੇ ਪਹਿਰ ਰਾਤ ਰਹਿੰਦਿਆਂ ਉੱਠ ਕੇ ਲੋੜ ਮੁਤਾਬਕ ਆਟਾ ਪੀਸ ਕੇ ਫਿਰ ਰੋਟੀ ਟੁੱਕ ਦੇ ਆਹਰ ਵਿਚ ਲੱਗਦੀਆਂ ਸਨ । ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੇਰੀ ਮਾਂ ਨੇ ਵੀ ਇਸੇ ਤਰ੍ਹਾਂ ਤੜਕ ਸਾਰ ਜਾਗ ਕੇ ਪਹਿਲਾਂ ਆਟਾ ਪੀਸਣਾ, ਫਿਰ ਮਧਾਣੀ ਪਾਉਣੀ ਭਾਵ ਦੁੱਧ ਰਿੜਕਣਾ ਤੇ ਫਿਰ ਰੋਟੀ ਪਾਣੀ ਦਾ ਕੰਮ ਕਰਦੀ ਸੀ ।

ਪਿੰਡਾਂ ਦੇ ਆਮ ਜ਼ਿਮੀਂਦਾਰ ਘਰਾਂ ਵਿਚ ਜਿੱਥੇ ਮਰਦ ਅਪਣੇ ਹੱਥੀਂ ਵਾਹੀ ਜੋਤੀ ਦਾ ਕੰਮ ਕਰਦੇ ਸਨ ਅਤੇ ਘਰੋਗੀ ਸੁਆਣੀਆਂ ਦੀ ਸਿਹਤ ਵੀ । ਹਰ ਪੱਖੋਂ ਹੱਥੀਂ ਕੰਮ ਕਾਰ ਕਰਨ ਕਰਕੇ ਹਰ ਪੱਖੋਂ ਨਿਰੋਈ ਹੁੰਦੀ ਸੀ । ਬੀਮਾਰੀਆਂ ਵੀ ਬਹੁਤ ਘੱਟ ਸਨ । ਮੰਦਰਾਂ, ਗੁਰਦੁਵਾਰਿਆਂ ਦੇ ਟੱਲਾਂ, ਸੰਖਾਂ, ਬਾਂਗਾਂ ਦੀ ਇਕਸੁਰਤਾ ਅੱਜ ਵਾਂਗ ਧਰਮ ਅਸਥਾਨਾਂ ਵਿਚ ਸਪੀਕਰਾਂ ਦੇ ਕੰਨ ਪਾੜਵੇਂ ਰੋਲ ਘਚੋਲੇ ਦੀ ਥਾਂ ਫਿਜ਼ਾ ਵਿਚ ਸ਼ੋਰ ਦਾ ਪ੍ਰਦੂਸ਼ਣ ਫੈਲਾਉਣ ਦੀ ਬਜਾਏ, ਸਰਵ ਸਾਂਝੀਵਾਲਤਾ ਦਾ ਸੰਦੇਸ਼ ਵੰਡਦੀ ਪ੍ਰਤੀਤ ਹੁੰਦੀ ਸੀ । 

ਅਜੋਕੀ ਵਿਹਲੜ ਤੇ ਨਿਰੀ ਪੁਰੀ ਪਰਵਾਸੀਆਂ ‘ਤੇ ਨਿਰਭਰ ਕਿਰਸਾਨੀ ਤੇ ਨਸ਼ਿਆਂ ਦੀ ਮਾਰ ਹੇਠ ਆਏ ਸਮੁੱਚੇ ਪੰਜਾਬ ਦਾ ਦਿਨੋ ਦਿਨ ਧੁੰਦਲਾ ਹੋ ਰਿਹਾ ਚੇਹਰਾ ਵੇਖ ਕੇ ਪੁਰਾਣੇ ਸਮੇਂ ਦੀ ਯਾਦ ਆਏ ਬਿਨਾਂ ਨਹੀਂ ਰਹਿੰਦੀ ।ਅੱਧੀ ਸਦੀ ਤੋਂ ਵੱਧ ਉਮਰ ਹੰਢਾ ਚੁੱਕੇ ਲੋਕਾਂ, ਮੇਰੀ ਮਾਂ ਤੇ ਹੋਰ ਸੁਘੜ ਸੁਆਣੀਆਂ ਦੀ ਤਸਵੀਰ, ਜਦ ਮੇਰੀਆਂ ਅੱਖਾਂ ਸਾਹਮਣੇ ਉਭਰਦੀ ਹੈ, ਤਾਂ ਉਨ੍ਹਾਂ ਵਿਚ ਚੱਕੀ ਪੀਂਹਦੀ, ਉੱਦਮੀ ਸੁਘੜ ਸੁਆਣੀ ਦਾ ਚਿਹਰਾ ਵੀ ਹੁੰਦਾ ਹੈ ।
***

Post a Comment