ਮਹਾਨ ਇਨਕਲਾਬੀ - ਗੁਰੂ ਗੋਬਿੰਦ ਸਿੰਘ ਜੀ............ ਲੇਖ / ਅਮਨਦੀਪ ਸਿੰਘ ਟੱਲੇਵਾਲੀਆ (ਡਾ)

ਮਹਾਨ ਸ਼ਾਇਰ ਅੱਲਾ ਯਾਰ ਖਾਂ ਯੋਗੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਦਾ ਹੋਇਆ ਲਿਖਦਾ ਹੈ :

ਕਰਤਾਰ ਕੀ ਸੌਗੰਧ ਹੈ, ਨਾਨਕ ਕੀ ਕਸਮ ਹੈ।
ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ਼, ਵੁਹ ਕਮ ਹੈ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਵਿੱਚ ਉਹ ਸਾਰੇ ਗੁਣ ਮੌਜੂਦ ਸਨ ਜੋ ਇੱਕ ਮਹਾਨ ਇਨਸਾਨ ਵਿੱਚ ਹੋਣੇ ਚਾਹੀਦੇ ਹਨ। ਗੁਰੂ ਸਾਹਿਬ ਮਹਾਨ ਵਿਦਵਾਨ, ਲੇਖਕ, ਕਵੀ, ਮਨੋਵਿਗਿਆਨੀ, ਸੰਤ-ਸਿਪਾਹੀ, ਕੌਮ ਦੇ ਉਸਰਈਏ, ਦੀਨ-ਦੁਖੀ ਦੀ ਬਾਂਹ ਫੜ੍ਹਨ ਵਾਲੇ ਮਹਾਨ ਇਨਕਲਾਬੀ ਗੁਰੂ ਹੋਏ ਹਨ। ਗੁਰੂ ਸਾਹਿਬ ਨੂੰ ਚਿੱਟਿਆਂ ਬਾਜ਼ਾਂ ਵਾਲੇ, ਕਲਗੀਆਂ ਵਾਲੇ ਜਾਂ ਨੀਲੇ ਘੋੜੇ ਦਾ ਸ਼ਾਹ ਅਸਵਾਰ ਆਖਕੇ ਬੇਸ਼ੱਕ ਅਸੀਂ ਆਪਣੀ ਸ਼ਰਧਾ ਤਾਂ ਗੁਰੂ ਸਾਹਿਬ ਪ੍ਰਤੀ ਅਰਪਣ ਕਰਦੇ ਹਾਂ ਪਰ ਉਹਨਾਂ ਦੀ ਵੀਚਾਰਧਾਰਾ ਨਾਲ ਇਨਸਾਫ਼ ਨਹੀਂ ਕਰਦੇ ਕਿਉਂਕਿ ਗੁਰੂ ਜੀ ਨੇ ਬਾਜ਼, ਘੋੜਾ ਅਤੇ ਕਲਗੀ ਤਾਂ ਸਿਰਫ਼ ਸਮੇਂ ਦੀ ਹਕੂਮਤ ਨੂੰ ਵੰਗਾਰਨ ਲਈ ਗ੍ਰਹਿਣ ਕੀਤੇ ਸਨ। 

ਗੁਰੂ ਸਾਹਿਬ ਦੇ ਸਮੁੱਚੇ ਜੀਵਨ ਦਾ ਵਿਸ਼ਲੇਸ਼ਣ ਕਰਦਿਆਂ ਇਕੋ ਗੱਲ ਸਾਹਮਣੇ ਆਉਂਦੀ ਹੈ ਕਿ ਗੁਰੂ ਨਾਨਕ ਦੀ ਸੋਚ ਦੇ ਦਸਵੇਂ ਪਹਿਰੇਦਾਰ ਨੇ, ਉਸ ਆਦਰਸ਼ ਨੂੰ ਜੋ ਪਹਿਲੇ ਗੁਰੂ ਸਾਹਿਬਾਨ ਨੇ ਸਿਰਜਿਆ ਸੀ ਨੂੰ ਕ੍ਰਿਆਤਮਿਕ ਰੂਪ ਵਿੱਚ ਪ੍ਰਗਟ ਕਰਕੇ, ਇੱਕ ਨਵੇਂ ਸਮਾਜ ਦੀ ਸਿਰਜਣਾ ਕੀਤੀ ਅਤੇ ਸਦੀਆਂ ਤੋਂ ਦੱਬੇ-ਕੁਚਲੇ ਲੋਕਾਂ ਦੇ ਮਨ ਅੰਦਰ ਇਕ ਨਵੀਂ ਰੂਹ ਫੂਕੀ ਤਾਂ ਕਿ ਉਹ ਲੋਕ ਜਿੰਨ੍ਹਾਂ ਨੇ ਕਦੇ ਰਾਜ ਕਰਨ ਦਾ ਸੁਪਨਾ ਵੀ ਨਹੀਂ ਸੀ ਲਿਆ, ਉਹਨਾਂ ਨੂੰ ਗੱਦੀਆਂ ਦੇ ਮਾਲਕ ਬਣਾਇਆ ਜਾ ਸਕੇ।

ਇਹ ਕਹਿਣਾ ਵੀ ਬਿਲਕੁਲ ਗਲਤ ਹੋਵੇਗਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਕੇ ਕਿਸੇ ਨਵੇਂ ਪੰਥ ਨੂੰ ਹੋਂਦ ਵਿੱਚ ਲਿਆਂਦਾ ਸਗੋਂ ਇਹ ਤਾਂ ਬਾਬੇ ਨਾਨਕ ਦਾ ਲਾਇਆ ਸਿੱਖੀ ਦਾ ਬੂਟਾ ਹੀ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਜਿਸ ਦੀਆਂ ਜੜ੍ਹਾਂ ਮਜ਼ਬੂਤ ਹੋ ਚੁੱਕੀਆਂ ਸਨ, ਤਣੇ ਦੂਰ-ਦੂਰ ਤੱਕ ਫੈਲ ਚੁੱਕੇ ਸਨ ਅਤੇ ਜਿਸ ਦੀਆਂ ਟਾਹਣੀਆਂ ਤੇ ਦੱਬੇ-ਕੁਚਲੇ ਲੋਕਾਂ ਨੇ ਪੀਘਾਂ ਪਾ ਲਈਆਂ ਸਨ। ਗੋਕਲ ਚੰਦ ਨਾਰੰਗ ਲਿਖਦਾ ਹੈ :

What was Latent in Guru Nanak
become Patent in Guru Gobind Singh.

ਗੁਰੂ ਨਾਨਕ ਦੇਵ ਜੀ ਨੇ ਆਪਣੇ ਆਦਰਸ਼ ਨੂੰ ਨਾ ਕੋਈ ਹਿੰਦੂ ਨਾ ਮੁਸਲਮਾਨਦੁਆਰਾ ਪ੍ਰਸਤੁਤ ਕੀਤਾ ਸੀ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਮਾਨਸੁ ਕੀ ਜਾਤਿ ਸਬੈ ਏਕੋ ਪਹਿਚਾਨਬੋਦਾ ਉਹੀ ਆਦਰਸ਼ ਦੁਹਰਾਇਆ ਨਾ ਕਿ ਕੋਈ ਨਵਾਂ ਪੰਥ ਹੋਂਦ ਵਿੱਚ ਲਿਆਂਦਾ।

ਕਈ ਬੁੱਧੀਜੀਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਿਰਫ਼ ਜੰਗਾਂ-ਯੁੱਧਾਂ ਦੇ ਨਾਇਕ ਦੇ ਤੌਰ ਤੇ ਹੀ ਪੇਸ਼ ਕਰਦੇ ਹਨ ਪਰ ਅਸਲ ਵਿੱਚ ਗੁਰੂ ਸਾਹਿਬ ਜੰਗਾਂ-ਯੁੱਧਾਂ ਦੇ ਵਿਰੁੱਧ ਸਨ, ਉਹ ਤਾਂ ਅਮਨ ਪਸੰਦ ਮਨੁੱਖ ਸਨ। ਜੰਗ-ਯੁੱਧ ਲੜਨੇ ਉਨ੍ਹਾਂ ਦੀ ਮਜ਼ਬੂਰੀ ਬਣ ਚੁੱਕੀ ਸੀ। ਔਰੰਗਜੇਬ ਨੂੰ ਜਫ਼ਰਨਾਮੇ ਵਿੱਚ ਲਿਖਦੇ ਹੋਏ ਗੁਰੂ ਸਾਹਿਬ ਕਹਿੰਦੇ ਹਨ:

ਚਿ ਕਸਮੇ ਕੁਰਾਂ ਮਨ ਕੁਨਮ ਏਤਬਾਰ
ਵਗਰਨਾ ਤੁ ਗੋਈ, ਮਨ ਈ ਰੋਹ ਚਿਕਾਰ।
ਜਾਂ
ਚੂੰ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ
ਹਲਾਲ ਅਸਤ ਬੁਰਦਨ ਬ ਸ਼ਮੀਸ਼ਰ ਦਸਤ॥

ਜੇਕਰ ਗੁਰੂ ਸਾਹਿਬ ਨੂੰ ਜੰਗ-ਯੁੱਧ ਕਰਨੇ ਵੀ ਪਏ ਤਾਂ ਉਹ ਵੀ ਲੋਕ ਹਿਤਾਂ ਖ਼ਾਤਿਰ ਹੀ ਸਨ। ਬੇਸ਼ੱਕ ਗੁਰੂ ਸਾਹਿਬ ਦਾ ਮਨੋਰਥ ਕੋਈ ਗੱਦੀ ਹਥਿਆਉਣਾ ਨਹੀਂ ਸੀ ਪਰ ਉਹ ਇਹ ਵੀ ਚਾਹੁੰਦੇ ਸਨ ਕਿ ਗੱਦੀਆਂ ਦੇ ਮਾਲਕ ਇਸ ਧਰਤੀ ਦੇ ਸੱਚੇ-ਸੁੱਚੇ ਲੋਕ ਹੀ ਹੋਣ ਨਾ ਕਿ ਕੋਈ ਰਾਜੇ ਜਾਂ ਰਜਵਾੜੇ। ਗੁਰੂ ਸਾਹਿਬ ਅੰਦਰ ਸਦੀਆਂ ਤੋਂ ਲੁੱਟ ਦਾ ਸ਼ਿਕਾਰ ਹੋ ਰਹੀ ਭਾਰਤ ਦੀ ਆਮ ਜਨਤਾ ਪ੍ਰਤੀ ਇੱਕ ਜ਼ਜਬਾ ਸੀ ਕਿ ਉਹ ਕਿਵੇਂ ਨਾ ਕਿਵੇਂ ਕੁਦਰਤ ਦੇ ਇੱਕ ਨੂਰ ਤੋਂ ਉਪਜੇ ਹੋਏ ਬੰਦਿਆਂਨੂੰ ਬਰਾਬਰੀ ਦਾ ਸਮਾਜ ਸਿਰਜ ਕੇ ਦੇਣ ਅਤੇ ਬੇਗਮਪੁਰੇ ਦੇ ਸੰਕਲਪਨੂੰ ਅਮਲੀ ਜਾਮਾ ਪਹਿਨਾਉਣ। ਇਹੀ ਗੁਰੂ ਗੋਬਿੰਦ ਜੀ ਦੀ ਸੋਚ ਸੀ, ਇਸੇ ਸੋਚ ਨੂੰ ਲੈਕੇ ਉਨ੍ਹਾਂ ਆਪਣਾ ਸਾਰਾ ਪ੍ਰੀਵਾਰ ਦੇਸ਼-ਕੌਮ ਤੋਂ ਵਾਰ ਦਿੱਤਾ ਅਤੇ ਖਾਲਸੇ ਦੀ ਸਿਰਜਣਾ ਕਰਕੇ ਇੱਕ ਮਹਾਨ ਇਨਕਲਾਬ ਇਸ ਧਰਤੀ ਉਪਰ ਲੈ ਆਂਦਾ।         

ਫਰਾਂਸ ਵਿੱਚ Liberty, Fraternity & equality ਦਾ ਜੋ ਨਾਹਰਾ ਲਾਇਆ ਸੀ, ਗੁਰੂ ਸਾਹਿਬ ਨੇ ਸੌ ਸਾਲ ਪਹਿਲਾਂ ਉਸਨੂੰ ਲਾਗੂ ਕਰ ਦਿੱਤਾ ਸੀ। ਮਹਾਨ ਚਿੰਤਕ ਕਾਰਲ ਮਾਰਕਸ ਜਿਸ ਸਮਾਜਵਾਦ ਦੀ ਗੱਲ ਕਰਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਅਮਲੀ ਰੂਪ ਵਿੱਚ ਲਾਗੂ ਕੀਤਾ ਸੀ। ਫਿਰ ਕੀ ਕਾਰਨ ਹੈ ਕਿ ਅਸੀਂ ਆਪਣੇ ਮਹਾਨ ਗੁਰੂ ਨੂੰ ਛੱਡਕੇ, ਕਦੇ ਫਰਾਂਸੀਸੀ ਕਦੇ ਰਸ਼ੀਅਨ ਚਿੰਤਕਾਂ ਮਾਰਕਸ, ਲੈਨਿਨ, ਸਟਾਲਨ ਨੂੰ ਆਪਣਾ ਆਦਰਸ਼ ਮੰਨੀ ਬੈਠੇ ਹਾਂ। ਕਿਤੇ ਕੋਈ ਸੋਚੀ ਸਮਝੀ ਸਾਜਿਸ਼ ਤਾਂ ਨਹੀਂ ਕਿ ਇਸ ਧਰਤੀ ਦੇ ਲੋਕਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਦੂਰ ਕੀਤਾ ਜਾਵੇ ਤਾਂ ਕਿ ਇਹ ਲੋਕ ਗੁਰੂ ਸਾਹਿਬ ਨੂੰ ਆਪਣਾ ਆਦਰਸ਼ ਮੰਨ ਕੇ ਕਿਤੇ ਫੇਰ ਇਨਕਲਾਬ ਨਾ ਲੈ ਆਉਣ।

ਬੇਸ਼ੱਕ ਗੁਰੂ ਸਾਹਿਬ ਬੁੱਤ ਪੂਜਾ ਦੇ ਵਿਰੁੱਧ ਰਹੇ ਹਨ ਪਰ ਸ਼ਰਧਾ ਵੱਸ ਅੱਜ ਹਰ ਸਿੱਖ ਦੇ ਘਰੇ ਗੁਰੂ ਸਾਹਿਬ ਦੀ ਫੋਟੋ ਤਾਂ ਜ਼ਰੂਰ ਪਈ ਹੈ, ਪਰ ਗੁਰੂ ਸਾਹਿਬ ਦੇ ਆਦਰਸ਼ ਤੋਂ ਲੋਕ ਕੋਰੇ ਹੋਏ ਫਿਰਦੇ ਹਨ। ਗੁਰੂ ਸਾਹਿਬ ਦੀ ਫੋਟੋ ਤੇ ਹਾਰ ਪਾਉਣਾ ਤਾਂ ਨਹੀਂ ਭੁੱਲਦੇ ਪਰ ਉਨ੍ਹਾਂ ਦੇ ਦਰਸਾਏ ਮਾਰਗ ਨੂੰ ਜਰੂਰ ਭੁੱਲ ਚੁੱਕੇ ਹਾਂ। ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਸਾਡੇ ਚਿੱਤਰਕਾਰਾਂ ਨੇ ਵੀ ਗੁਰੂ ਸਾਹਿਬ ਦੀਆਂ ਹੱਥ ਵਿੱਚ ਬਾਜ਼ ਫੜ੍ਹ ਕੇ, ਨੀਲੇ ਘੋੜੇ ਦੀ ਸਵਾਰੀ ਕਰਦਿਆਂ ਸਿਰ ਤੇ ਕਲਗੀ ਲਾ ਕੇ ਤਾਂ ਬਹੁਤ ਕਾਲਪਨਿਕ ਤਸਵੀਰਾਂ ਬਣਾ ਲਈਆਂ ਪਰ ਗੁਰੂ ਸਾਹਿਬ ਦੀ ਸਾਹਿਤ ਰਚਨਾ ਕਰਦਿਆਂ ਦੀ ਤਸਵੀਰ ਜਾਂ ਇਕੋ ਬਾਟੇ ਵਿੱਚ ਵੱਖ-ਵੱਖ ਜਾਤਾਂ ਦੇ ਲੋਕਾਂ ਨੂੰ ਇਕੱਠਿਆਂ ਅੰਮ੍ਰਿਤ ਛਕਾਉਣ ਦੀਆਂ ਤਸਵੀਰਾਂ ਬਹੁਤ ਘੱਟ ਬਣਾਈਆਂ। ਗੁਰੂ ਸਾਹਿਬ ਪ੍ਰਤੀ ਸ਼ਰਧਾ ਭਾਵਨਾ ਰੱਖਣ ਵਾਲੇ ਚਿਤਰਕਾਰਾਂ ਨੂੰ ਬੇਨਤੀ ਹੈ ਕਿ ਗੁਰੂ ਸਾਹਿਬ ਦੀ ਸ਼ਖ਼ਸੀਅਤ ਦੇ ਉਹ ਪੱਖ ਜਿਨ੍ਹਾਂ ਤੋਂ ਕਈ ਲੋਕ ਅਜੇ ਅਨਜਾਣ ਹਨ, ਉਹਨਾਂ ਨੂੰ ਉਜਾਗਰ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਦੁਨੀਆਂ ਦੇ ਲੋਕ ਇਸ ਗੱਲ ਨੂੰ ਭਲੀ ਭਾਂਤ ਸਮਝ ਲੈਣ ਕਿ ਗੁਰੂ ਗੋਬਿੰਦ ਸਿੰਘ ਕੋਈ ਲੜਾਕੂ ਯੋਧਾ ਜਾਂ ਮਹਾਤਮਾ ਗਾਂਧੀ ਦੇ ਸ਼ਬਦਾਂ ਵਿੱਚ ਕੋਈ ਭੁੱਲੜ ਦੇਸ਼ ਭਗਤ ਹੀ ਨਹੀਂ ਸਨ ਬਲਕਿ ਮਹਾਨ ਵਿਦਵਾਨ ਅਤੇ ਮਹਾਨ ਇਨਕਲਾਬੀ ਸਨ। ਜਿੰਨਾਂ ਨੇ ਸਦੀਆਂ ਤੋਂ ਲੁੱਟ-ਖਸੁੱਟ ਦਾ ਸ਼ਿਕਾਰ ਹੋਈ ਭਾਰਤ ਦੀ ਆਮ ਜਨਤਾ ਨੂੰ ਗੱਦੀਆਂ ਦੇ ਵਾਰਿਸ ਬਣਾਇਆ ਅਤੇ ਚਿੜੀਆਂ ਕੋਲੋਂ ਬਾਜ਼ ਤੁੜਵਾਉਣ ਦਾ ਅਤੇ ਸਵਾ ਲੱਖ ਨਾਲ ਇੱਕ ਲੜਾਉਣ ਦਾ ਸਿਰਫ਼ ਸੁਪਨਾ ਹੀ ਨਹੀਂ ਸੀ ਲਿਆ ਸਗੋਂ ਪ੍ਰਤੱਖ ਰੂਪ ਵਿੱਚ ਕਰ ਦਿਖਾਇਆ। ਗੁਰੂ ਸਾਹਿਬ ਦੀ ਇੱਕ ਵਚਨਵੱਧਤਾ ਦਾ ਜ਼ਿਕਰ ਰਤਨ ਸਿੰਘ ਭੰਗੂ ਨੇ ਆਪਣੇ ਸ਼ਬਦਾਂ ਵਿੱਚ ਇਉਂ ਕੀਤਾ ਹੈ :

ਸਤ ਸਨਾਅ ਔ ਬਾਰਹ ਜਾਤ
ਜਾਨੇ ਨਹਿ ਰਾਜਨੀਤ ਕੀ ਬਾਤ
ਜਟ ਬੂਟ ਕਹਿ ਨਹਿ ਜਗੁ ਮਾਹੀਂ
ਬਣੀਏ ਬਕਾਲ ਕਿਰਾੜ ਖਤ੍ਰੀ ਸਦਾਈ
ਲੁਹਾਰ ਤ੍ਰਖਾਣ ਹੁਣ ਜਾਤ ਕਮੀਨੀ
ਛੀਪੋ ਕਲਾਲ ਨੀਚਨ ਪੈ ਕ੍ਰਿਪਾ ਕੀਨੀ
ਗੁਜਰ ਗਵਾਰ ਹੀਰ ਕਮਜਾਤ
ਕੰਬੋਇ ਸੂਦਨ ਕੋਇ ਪੂਛੇ ਨਾ ਬਾਤ
ਝੀਵਰ ਨਾਈ ਰੋੜੇ ਘੁਮਿਆਰ
ਸਾਇਣੀ ਨਾਈ ਚੂੜੇ ਚਮਿਆਰ
ਭੱਟ ਐ ਬ੍ਰਾਹਮਣ ਹੁਤੇ ਸੰਗਵਾਰ
ਬਹੁਰੂਪੀਏ ਲੁਬਾਣੇ ਔ ਘੁਮਿਆਰ
ਇਨ ਗ੍ਰੀਬ ਸਿਖਨ ਕੋ ਦਯੋ ਪਾਤਿਸ਼ਾਹੀ
ਏ ਯਾਦ ਰਖੈ ਹਮਰੀ ਗੁਰਿਆਈ।

ਗੁਰੂ ਗੋਬਿੰਦ ਸਿੰਘ ਜੀ ਨੇ ਸਿਰਫ਼ ਰਾਜਸੀ ਇਨਕਲਾਬ ਦੀ ਹੀ ਗੱਲ ਨਹੀਂ ਕੀਤੀ ਸਗੋਂ ਲੋਕਾਂ ਦੀ ਆਤਮਾ ਨੂੰ ਅਧਿਆਤਮਕਤਾ ਦੇ ਰਾਹ ਤੇ ਚੱਲਕੇ ਆਪਣੇ ਮਨੋਬਲ ਨੂੰ ਉੱਚਾ ਚੁੱਕਣ ਅਤੇ ਆਪਣੇ ਆਚਰਣ ਨੂੰ ਸ਼ੁੱਧ ਰੱਖਣ ਤੇ ਵੀ ਜ਼ੋਰ ਦਿੱਤਾ ਤਾਂ ਜੋ ਕਿਤੇ ਗੱਦੀਆਂ ਦੇ ਮਾਲਕ ਬਣਕੇ ਇਹ ਲੋਕ ਵੀ ਡੋਲ ਨਾ ਜਾਣ ਇਸੇ ਕਰਕੇ ਬਾਣੀ ਅਤੇ ਬਾਣੇਦਾ ਸੰਕਲਪ ਗੁਰੂ ਸਾਹਿਬ ਜੀ ਦੀ ਮਨੋਵਿਗਿਆਨਕ ਸੂਝ ਦਾ ਪ੍ਰਤੀਕ ਹੈ।

ਗੁਰੂ ਗੋਬਿੰਦ ਸਿੰਘ ਜੀ ਦੇ ਕੱਦ ਕਾਠ ਨੂੰ ਕੇਵਲ ਉਨ੍ਹਾਂ ਦੀਆਂ ਰਾਜਸੀ ਤੇ ਫੌਜੀ ਪ੍ਰਾਪਤੀਆਂ ਦੇ ਗਜਾਂ ਨਾਲ ਹੀ ਨਹੀਂ ਮਾਪਣਾ ਚਾਹੀਦਾ। ਉਨ੍ਹਾਂ ਦੀਆਂ ਪ੍ਰਾਪਤੀਆਂ ਸਰਬਪੱਖੀ ਹਨ ਅਤੇ ਉਨ੍ਹਾਂ ਨੂੰ ਕੇਵਲ ਇੱਕ ਖੇਤਰ ਵਿੱਚ ਪ੍ਰਾਪਤੀਆਂ ਕਰਨ ਵਾਲਾ ਦਿਖਾਉਣਾ ਉਨ੍ਹਾਂ ਦੀ ਸ਼ਖ਼ਸੀਅਤ ਨਾਲ ਨਾ-ਇਨਸਾਫ਼ੀ ਕਰਨਾ ਹੋਵੇਗਾ।
           
****

No comments: