ਆਸਟ੍ਰੇਲੀਆ ਨਿਵਾਸੀ ਪੰਜਾਬੀ ਸਾਹਿਤਕਾਰ ਮਿੰਟੂ ਬਰਾੜ ਨੂੰ ਸਦਮਾ, ਸਾਂਢੂ ਸ੍ਰ. ਨਿਰਮਲ ਸਿੰਘ ਖਾਲਸਾ ਅਕਾਲ ਚਲਾਣਾ ਕਰ ਗਏ ।

ਐਡੀਲੇਡ : ਪੰਜਾਬੀ ਸਾਹਿਤ ਜਗਤ ‘ਚ ਇਹ ਖਬਰ ਬੜੇ ਦੁੱਖ ਨਾਲ਼ ਪੜ੍ਹੀ ਜਾਵੇਗੀ ਕਿ ਆਸਟ੍ਰੇਲੀਆ ਨਿਵਾਸੀ ਪੰਜਾਬੀ ਸਾਹਿਤਕਾਰ ਮਿੰਟੂ ਬਰਾੜ ਦੇ ਸਾਂਢੂ ਤੇ ਸਾਹਿਤਕਾਰ ਗੱਜਣਵਾਲਾ ਸੁਖਮਿੰਦਰ ਦੇ ਸਾਲਾ ਸਾਹਿਬ ਨਿਰਮਲ ਸਿੰਘ ਖਾਲਸਾ ਪਿਛਲੇ ਦਿਨੀਂ ਲੰਬੀ ਬਿਮਾਰੀ ਪਿੱਛੋਂ ਅਕਾਲ ਪੁਰਖ ਦੇ ਚਰਨਾਂ ‘ਚ ਜਾ ਬਿਰਾਜੇ ਹਨ । ਉਹ ਆਪਣੇ ਪਿੱਛੇ ਪਤਨੀ ਅਮਨਦੀਪ ਕੌਰ, ਦੋ ਬੇਟੀਆਂ ਸਿਮਰਨਪ੍ਰੀਤ ਕੌਰ, ਇੰਦਰਪ੍ਰੀਤ ਕੌਰ, ਇੱਕ ਬੇਟਾ ਤਖ਼ਤ ਸਿੰਘ, ਭਰਾ ਹਰਬੰਸ ਸਿੰਘ ਛੱਡ ਗਏ ਹਨ । ਉਹ ਪੰਜਾਬ ‘ਚ ਮੋਗਾ ਜਿਲ੍ਹਾ ਦੇ ਪਿੰਡ ਸਾਫੂਵਾਲਾ ਨਾਲ਼ ਸੰਬੰਧਿਤ ਸਨ ਤੇ ਕਰੀਬ 36 ਵਰ੍ਹਿਆਂ ਤੋਂ ਆਸਟ੍ਰੇਲੀਆ ‘ਚ ਰਹਿ ਰਹੇ ਸਨ । ਜਿ਼ਕਰਯੋਗ ਹੈ ਕਿ ਨਿਰਮਲ ਸਿੰਘ ਖਾਲਸਾ ਗੁਰਮੁਖ ਇਨਸਾਨ ਸਨ, ਜਿਨ੍ਹਾਂ ਨੇ ਆਪਣੀ ਪੂਰੀ ਜਿੰਦਗੀ ਸਿੱਖੀ ਤੇ ਸੇਵਾ ਨੂੰ ਸਮਰਪਿਤ ਕੀਤੀ ਹੋਈ ਸੀ । ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਸਿੱਖੀ ਨਾਲ਼ ਜੋੜਿਆ ਤੇ ਬਹੁਤ ਸਾਰੇ ਨੌਜਵਾਨ ਜੋ ਕਿ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਸਨ,  ਨੇ ਉਨ੍ਹਾਂ ਦੀ ਪ੍ਰੇਰਣਾ ਸਦਕਾ ਅੰਮ੍ਰਿਤ ਛਕਿਆ । ਉਨ੍ਹਾਂ ਦੇ ਇਸ ਫ਼ਾਨੀ ਦੁਨੀਆਂ ਤੋਂ ਜਾਣ ਬਾਅਦ ਰਿਵਰਲੈਂਡ ਇਲਾਕੇ ‘ਚ ਇਹ ਚਰਚਾ ਆਮ ਹੈ ਕਿ ਉਨ੍ਹਾਂ ਨੇ ਅਡੋਲ ਖਾਲਸਾ ਸ਼ਬਦ ਨੂੰ ਸਾਰਥਕ ਕੀਤਾ ਤੇ ਬਿਮਾਰੀ ਨਾਲ਼ ਤਿੰਨ ਸਾਲ ਜੂਝਣ ਦੇ ਬਾਵਜੂਦ ਗੁਰਸਿੱਖੀ ਤੇ ਗੁਰੂ ‘ਤੇ ਆਪਣੇ ਵਿਸ਼ਵਾਸ ‘ਤੇ ਅਡੋਲ ਰਹੇ । ਇਸ ਵਕਤ ਦੌਰਾਨ ਸੰਗਤਾਂ ਨੇ ਉਨ੍ਹਾਂ ਲਈ ਅਰਦਾਸਾਂ ਕੀਤੀਆਂ ਤੇ ਬੇਹੱਦ ਸਾਥ ਦਿੱਤਾ । ਇਹ ਉਨ੍ਹਾਂ ਦੇ ਸੰਗਤਾਂ ਪ੍ਰਤੀ ਮੋਹ ਤੇ ਸਤਿਕਾਰ ਦਾ ਨਤੀਜਾ ਸੀ ।
 
ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸਹਿਜ ਪਾਠ ਦਾ ਭੋਗ 14 ਜਨਵਰੀ ਦਿਨ ਸ਼ਨੀਵਾਰ ਨੂੰ ਗਲੌਸਪ ਗੁਰਦੁਆਰਾ ਸਾਹਿਬ (ਸਾਊਥ ਆਸਟ੍ਰੇਲੀਆ) ਵਿਖੇ 11.00 ਤੋਂ 12.30 ਵਜੇ ਤੱਕ ਪਵੇਗਾ । ਗਲੌਸਪ ਗੁਰਦੁਆਰਾ ਸਾਹਿਬ ਰਿਵਰਲੈਂਡ ਵਿਖੇ ਮੁੱਖ ਸੜਕ “ਸਟੂਅਰਟ ਹਾਈਵੇ” ‘ਤੇ ਸਥਿਤ ਹੈ, ਜੋ ਕਿ ਐਡੀਲੇਡ ਤੋਂ ਕਰੀਬ 220 ਕਿਲੋਮੀਟਰ ਦੂਰ ਹੈ । ਇਸ ਸਬੰਧੀ ਵੱਖਰੇ ਕਾਰਡ ਨਹੀਂ ਭੇਜੇ ਜਾ ਰਹੇ । ਹੋਰ ਜਾਣਕਾਰੀ ਲਈ ਮੋਬਾਇਲ ਨੰਬਰ 0434 289 905 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ।
****

No comments: