ਸਿੱਖ ਧਰਮ ਵਿਚ ਟੀਕਾਕਾਰ………… ਲੇਖ / ਮਨਜੀਤ ਸਿੰਘ ਔਜਲਾ

ਸਿੱਖ ਧਰਮ ਸਭ ਤੋਂ ਨਵਾਂ ਧਰਮ ਹੈ ਜੋ ਪੰਦਰਵੀ ਸਦੀ ਵਿਚ ਉਤਪਨ ਹੋਇਆ ਅਤੇ ਛੇ ਸਦੀਆਂ ਵਿਚ ਹੀ ਇਤਨਾਂ ਨਿਘਾਰ ਵਿਚ ਚਲਿਆ ਗਿਆ ਹੈ ਕਿ ਅਜ ਕੋਈ ਵੀ ਸਿੱਖ ਧਰਮ ਦੇ ਬਾਰੇ ਪੁਛੇ ਕਿਸੇ ਪ੍ਰਸ਼ਨ ਦਾ ਉਤਰ ਦੇਣ ਦੇ ਸਮਰੱਥ ਨਹੀਂ ਰਿਹਾ।। ਬੁਧ ਧਰਮ ਦੇ ਨਿਰਮਾਤਾ ਮਹਾਤਮਾਂ ਬੁਧ ਅਤੇ ਜੈਨ ਧਰਮ ਦੇ ਨਿਰਮਾਤਾ ਮਹਾਂਵੀਰ ਨੇ ਜੋ ਅਸੂਲ ਆਪਣੇ ਆਪਣੇ ਧਰਮਾਂ ਦੇ ਆਪਣੇ ਸਿੱਖਾਂ ਨੂੰ ਦਿਤੇ ਸਨ ਉਹ ਅਜ ਵੀ ਪ੍ਰਚਲਤ ਹਨ।ਇਸਦੇ ਉਲਟ ਜਦੋਂ ਅਸੀਂ ਸਿੱਖ ਧਰਮ ਜੋ ਸਭ ਤੋਂ ਨਿਆਰਾ, ਸਰਲ ਅਤੇ ਆਮ ਮਨੁੱਖ ਦੀ ਭਾਸ਼ਾ ਵਿਚ ਪ੍ਰਚਲਤ ਹੋਇਆ ਸੀ ਅਜ ਇਸ ਵਿਚ ਸਭ ਧਰਮਾਂ ਤੋਂ ਵੱਧ ਕਿੰਤੂ, ਪ੍ਰੰਤੂ ਅਤੇ ਅਧੋਗਤੀ ਆ ਗਈ ਹੈ।ਅਜ ਜਦੋਂ ਅਸੀਂ ਆਪਣੇ ਧਰਮ ਤੇ ਝਾਤ ਮਾਰਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਸ਼ਿਸ਼ਾਂ ਨੂੰ “ਕਿਰਤ ਕਰਨਾਂ, ਨਾਮ ਜਪਣਾ ਅਤੇ ਵੰਡ ਛਕਣ” ਦਾ ਉਪਦੇਸ਼ ਦਿਤਾ ਸੀ (ਕਿਤਨਾਂ ਸਰਲ ਅਤੇ ਮੰਨਣਯੋਗ ਸੀ)। ਇਸ ਉਪਦੇਸ਼ ਦੇ ਵਿਚ ਹੀ ਬਾਕੀ ਦੀਆਂ ਸਾਰੀਆਂ ਗਲਾਂ, ਜਾਤ-ਪਾਤ, ਊਚ-ਨੀਚ ਅਤੇ ਸੱਚ-ਝੂਠ ਆ ਜਾਂਦੇ ਹਨ। ਗੁਰੂ ਨਾਨਕ ਦੇਵ ਜੀ ਨੇ ਇਹ ਸਿਖਿਆ ਨਹੀਂ ਸੀ ਦਿਤੀ ਸਗੋਂ ਇਸਦੀ ਕਮਾਈ ਕਰਨ ਵਾਸਤੇ ਕਿਹਾ ਸੀ ਅਤੇ ਸਾਰਾ ਜੀਵਨ ਆਪ ਖੁਦ ਇਨ੍ਹਾਂ ਸ਼ਬਦਾਂ ਦੀ ਕਮਾਈ ਕੀਤੀ ਪ੍ਰੰਤੂ ਅਜ ਅਸੀਂ ਕਿਤਨੇਂ ਮੰਦ-ਭਾਗੇ ਬਣ ਚੁਕੇ ਹਾਂ ਕਿ ਅਸੀਂ ਇਨ੍ਹਾਂ ਸ਼ਬਦਾਂ ਦਾ ਗਾਯਨ ਕਰਨ ਯੋਗੇ ਹੀ ਰਹਿ ਗਏ ਹਾਂ ਕਮਾਉਣ ਦੀ ਜਾਚ ਤਾਂ ਸਾਨੂੰ ਸਿਖਿਆ ਦੇਣ ਵਾਲੇ ਰਾਗੀ ਅਤੇ ਗਰੰਥੀ ਸਿੰਘ ਵੀ ਭੁਲ ਚੁਕੇ ਹਨ। ਸਾਡੀ ਇਸ ਮੰਦ-ਭਾਗੀ ਦਸ਼ਾ ਦਾ ਕਾਰਣ ਹੈ ਕਿ ਅਜ ਸਿੱਖ ਧਰਮ ਵਿਚ ਬੇਅੰਤ ਅਤੇ ਲੋੜ ਤੋਂ ਕਿਤੇ ਵਧ ਟੀਕਾਕਾਰ ਪੈਦਾ ਹੋ ਗਏ ਹਨ ਜੋ ਆਪਣੇ ਵਜਾਏ ਢੋਲ ਦੀ ਆਵਾਜ ਨੂੰ ਹੀ ਅਸਲੀ ਰਾਗ ਦਸਦੇ ਹਨ ਬਾਕੀਆਂ ਦੀ ਟਿਪਣੀ ਬੇਸ਼ਰਮੀਂ ਨਾਲ ਸ਼ਰੇ-ਆਮ ਅਤੇ ਬੇ-ਝਿਝਕ ਕਰਦੇ ਹਨ। 


ਭਾਈ ਗੁਰਜੀਤ ਸਿੰਘ ਜੀ ਬਹੁਤ ਮੇਹਨਤ ਕਰਕੇ ਅਤੇ ਕਈ ਦਹਾਕੇ ਕਦੀ ਪਿਛੇ ਜਾ ਕੇ ਅਤੇ ਫਿਰ ਅਗੇ ਆ ਕੇ ਸਿੱਖ ਜਗਤ ਨੂੰ ਕੁਝ ਦਸਣ ਦੀ ਕੋਸ਼ਿਸ਼ ਕਰ ਰਹੇ ਹਨ ਪ੍ਰੰਤੂ ਅੰਤ ਵਿਚ ਉਹ ਵੀ ਵਿਆਕਰਣ ਦੀਆਂ ਬਿੰਦੀਆਂ, ਟਿਪੀਆਂ ਵਿਚ ਫਸ ਕੇ ਹੀ ਰਹਿ ਜਾਂਦੇ ਹਨ ਅਤੇ ਇਹ ਭੁਲ ਜਾਂਦੇ ਹਨ ਕਿ ਇਹ ਬਿੰਦੀਆਂ ਟਿਪੀਆਂ ਤਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਪੰਡਤਾਂ ਨੇ ਬਹੁਤ ਲਾ ਰਖੀਆਂ ਸਨ। ਜੇਕਰ ਇਨਾਂ ਵਿਚ ਵਾਧਾ ਹੀ ਕਰਨਾਂ ਹੁੰਦਾ ਤਾਂ ਗੁਰੂ ਨਾਨਕ ਦੇਵ ਜੀ ਨੂੰ ਸਿੱਖਾਂ ਵਾਸਤੇ ਗਾਡੀ ਰਾਹ ਚਲਾਉਣ ਦੀ ਅਤੇ “ਕਿਰਤ ਕਰਨਾਂ, ਨਾਮ ਜਪਣਾ ਅਤੇ ਵੰਡ ਛਕਣ” ਦੀ ਸਿਖਿਆ ਦੇ ਕੇ ਇਕ ਲੋਕ-ਬੋਲੀ ਵਾਲਾ ਧਰਮ ਚਲਾਉਣ ਦੀ ਕੀ ਲੋੜ ਪਈ ਸੀ। ਵੈਸੇ ਵੀ ਵਿਅਕਰਣ ਸਕੂਲਾਂ ਦੀ ਪੜਾਈ ਹੈ ਧਰਮ ਉਤੇ ਵਿਆਕਰਣ ਲਾਗੂ ਨਹੀਂ ਹੁੰਦਾ ਕਿਉਂਕਿ ਹਰ ਧਰਮ ਦੇ ਨਿਯਮ ਨਿਰਮਾਤਾ ਦੁਆਰਾ ਬੋਲ ਕੇ ਦਸੇ ਗਏ ਹਨ ਲਿਖਤ ਵਿਚ ਬਾਦ ਵਿਚ ਆਏ ਹਨ। ਭਾਈ ਸਹਿਬ “ਦ ਪੰਜਾਬ” ਦੇ ਪਿਛਲੇ ਕੁਝ ਸਮੇਂ ਤੋਂ ਇਕ ਸੂਝਵਾਨ ਕਾਲਮ ਨਵੀਸ ਵੀ ਹਨ ਪ੍ਰੰਤੂ ੳਦਾਹਰਣਾ ਉਹ ਨਿਰਮਲਾ ਮੱਤ ਅਤੇ ਡਾਕਟਰ ਜ਼ਾਕਿਰ ਨਾਇਕ ਵਰਗਿਆਂ ਦੀਆਂ ਦਿੰਦੇ ਹਨ ਜਿਨ੍ਹਾਂ ਲਈ ਸਿੱਖ ਧਰਮ ਵਿਚ ਕੋਈ ਥਾਂ ਹੀ ਨਹੀਂ ਅਤੇ ਆਪਣੇ ਧਰਮ ਉਤੇ ਟਿਪਣੀ ਉਹ ਕਰ ਨਹੀਂ ਸਕਦੇ ਇਸ ਲਈ ਉਨ੍ਹਾਂ ਪਾਸ ਵੀ ਆਪਣੀ ਅਕਲ ਦਾ ਪ੍ਰਦਰਸ਼ਨ ਕਰਨ ਵਾਸਤੇ ਇਕ ਸਿੱਖ ਧਰਮ ਹੀ ਤਾਂ ਰਹਿ ਗਿਆ ਹੈ ਜਿਸਨੂੰ ਉਹ ਘੁਣ ਦੇ ਕੀੜੇ ਬਣਕੇ ਦਿਨ ਦਿਹਾੜੇ ਸਾਡੇ ਹੀ ਸਾਹਮਣੇ ਸਾਡੇ ਹੀ ਧਰਮ ਨੂੰ ਨਿਗਲੀ ਜਾ ਰਹੇ ਹਨ। ਲੋਕ ਸਿੱਖ ਧਰਮ ਨੂੰ ਅੰਦਰੋ ਅੰਦਰ ਢਾਹ ਲਾ ਰਹੇ ਹਨ ਅਤੇ ਭਾਈ ਸਾਹਿਬ ਉਨ੍ਹਾਂ ਦੀ ਸ਼ੈਲੀ ਬਿਆਨ ਕਰੀ ਜਾ ਰਹੇ ਹਨ। ਭਾਈ ਸਾਹਿਬ ਨੇ ਕੀ ਕਦੀ ਕਿਸੇ ਨਿਰਮਲੇ ਨੂੰ ਜਾਂ ਡਾ: ਜ਼ਾਕਿਰ ਨਾਇਕ ਨੂੰ ਆਪਣੇ ਧਰਮਾਂ ਦੀ ਆਂਲੋਚਨਾਂ ਕਰਦੇ ਦੇਖਿਆ ਜਾਂ ਸੁਣਿਆ ਹੈ। ਕੀ ਨਿਰਮਲੇ ਅਤੇ ਕੁਰਾਨ ਬਿੰਦੀਆਂ, ਟਿਪੀਆਂ ਤੋਂ ਬਿਨ੍ਹਾਂ ਲਿਖੇ ਲਿਖੇ ਗਏ ਹਨ ਜਾਂ ਉਨ੍ਹਾਂ ਉਤੇ ਟਿਪਣੀ ਕਰਨ ਦਾ ਉਨ੍ਹਾਂ ਪਾਸ ਗਿਆਨ ਜਾਂ ਹੌਸਲਾ ਨਹੀਂ ਹੈ। ਕਿਨ੍ਹਾਂ ਚੰਗਾ ਹੋਵੇ ਜੇਕਰ ਸਿੱਖ ਇਸ ਤਰਾਂ ਦੇ ਗੈਰ ਸਿੱਖਾਂ ਨੂੰ ਅਜਿਹਾ ਕਰਨ ਤੇ ਉਦਾਹਰਣਾ ਦੇਣ ਦੀ ਥਾਂ ਆਪਣੀ ਕਲਮ ਅਤੇ ਜਬਾਨ ਨਾਲ ਲਾਹਨਤ ਹੀ ਪਾ ਦੇਣ ਤਾਂ ਵੀ ਸਾਡੇ ਧਰਮ ਵਿਚ ਦਿਨ ਬ ਦਿਨ ਆ ਰਹੀ ਗਿਰਾਵਟ ਕੁਝ ਘਟ ਸਕਦੀ ਹੈ। ਅਜ ਦੇ ਯੁਗ ਵਿਚ ਤਾਂ ਸਿੱਖ, ਅੱਖਬਾਰ ਵੀ ਡਰਦਾ ਡਰਦਾ ਹੀ ਖੋਲਦਾ ਹੈ ਕਿਉਂਕਿ ਮੁੱਖ ਪੰਨੇ ੳੇੁਤੇ ਹੀ ਸ਼ਰਮਸਾਰ ਖਬੱਰ ਪੜਕੇ ਸਿੱਖ ਦਾ ਸਿਰ ਝੁਕ ਜਾਂਦਾ ਹੈ ਅਤੇ ਅਗੇ ਪੰਨਾਂ ਪਰਤਣ ਦਾ ਹੌਸਲਾ ਹੀ ਨਹੀਂ ਪੈਂਦਾ। ਅਜ ਅਚਾਨਕ ਪੰਜਾਬ ਸਪੈਕਟਰਮ ਨੈਟ ਤੋਂ ਖੋਲਿਆ ਹੀ ਸੀ ਕਿ ਸੁਰਖੀਆਂ ਵਿਚ ਹੀ ਦੋ ਦਸੰਬਰ ਨੂੰ ਈਸੜੂ ਕਸਬੇ ਵਿਚ ਗਰੰਥੀ ਸੋਹਣ ਸਿੰਘ ਨੂੰ ਅਖੰਡ-ਪਾਠ ਦੀ ਰੌਲ ਲਾਉਣ ਆਏ ਨੂੰ ਸ਼ਰਾਬੀ ਹਾਲਤ ਵਿਚ ਫੜਿਆ ਜਾਣ ਦੀ ਖਬਰ ਨੇ ਸਿਰ ਝੁਕਾ ਦਿਤਾ। ਇਸ ਤੋਂ ਵੱਧ ਸਾਡੇ ਵਾਸਤੇ ਸ਼ਰਮ ਦੀ ਗਲ ਹੋਰ ਕੀ ਹੋ ਸਕਦੀ ਹੈ ਜਦੋਂ ਉਸਦੀ ਗੋਲ ਪਗ ਅਤੇ ਸਾਬਤ ਸੂਰਤ ਦੇਖਕੇ ਅਤੇ ਗਾਤਰੇ ਪਾਈ ਛੋਟੀ ਕ੍ਰਿਪਾਨ ਦੇਖਦੇ ਹਾਂ ਤਾਂ ਕਦੀ ਗੁਰੂਆਂ ਅਤੇ ਸਿੱਖਾਂ ਦੀਆਂ ਕੀਤੀਆਂ ਕੁਰਬਾਨੀਆਂ ਯਾਦ ਆਉਂਦੀਆਂ ਹਨ ਅਤੇ ਕਦੀ ਸਿੱਖੀ ਭੇਖ ਵਿਚ ਸੋਹਣ ਸਿੰਘ ਦਾ ਗਾਤਰਾ ਦਿਖਾਈ ਦਿੰਦਾ ਹੈ।

ਗੁਰਦੁਆਰਾ ਗਿਆਨ ਦਾ ਸੋਮਾਂ, ਮੁਕਤੀ ਦਾ ਮਾਰਗ ਅਤੇ ਪਾਪਾਂ ਪਾਖੰਡਾ ਤੋਂ ਰਹਿਤ ਹੈ ਕਿਉਂਕਿ ਇਸ ਅਸਥਾਨ ਉਤੇ ਸ਼ਬਦ ਸਰੂਪ ਵਿਚ ਗੁਰੂ ਸਦਾ ਹਾਜਰ ਅਤੇ ਸਮੇਂ ਸਮੇਂ ਸਿੱਖਾਂ ਨੂੰ ਸੋਝੀ ਦੇਣ ਵਾਸਤੇ ਪ੍ਰਕਾਸ਼ਮਾਨ ਹੁੰਦਾ ਹੈ। ਗੁਰ ਸ਼ਬਦ ਵਿਚ ਵਾਧ ਘਾਟ ਕਰਨ ਦਾ ਕਿਸੇ ਸਿੱਖ ਨੂੰ ਕੋਈ ਅਧਿਕਾਰ ਨਹੀਂ ੳਤੇ ਅਜਿਹੀ ਮਨ-ਮਾਨੀ ਕਰਨ ਵਾਲਾ ਕਦਾਚਿੱਤ ਸਿੱਖ ਨਹੀਂ ਹੋ ਸਕਦਾ। ਸਿੱਖ ਹਮੇਸ਼ਾਂ ਆਪਣੇ ਗੁਰੂ ਦੇ ਹੁਕਮ ਵਿਚ ਰਹਿਣ ਦਾ ਯਤਨਸ਼ੀਲ ਰਹਿੰਦਾ ਹੈ। ਅਕਤੂਬਰ ਮਹੀਨੇਂ ਦੇ ਦੂਜੇ ਅੰਕ ਵਿਚ ਭਾਈ ਸਾਹਿਬ ਨੇ ਗੁਰੂ ਗਰੰਥ ਦੇ ਪ੍ਰਕਾਸ਼ ਉਤਸਵ ਨੂੰ ਹੀ ਸਿੱਖ ਧਰਮ ਦਾ ਮਖੌਲ ਬਣਾ ਦਿਤਾ ਜਦੋਂ ਕਿ ਪੋਥੀ ਸਾਹਿਬ ਗੁਰੂਆਂ ਦੇ ਸਮੇਂ ਦੀ ਗਲ ਹੈ ਅਤੇ ਗੁਰੂ ਗਰੰਥ ਉਸ ਸਮੇਂ ਦੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੇ ਪ੍ਰਸ਼ਨ ਕਰਨ ਉਤੇ ਸੰਪੂਰਣ ਹੋਏ ਗਰੰਥ ਦਾ ਪ੍ਰਕਾਸ਼ ਕਰਕੇ ਉਸਦੇ ਅਗੇ ਪੰਜ ਪੈਸੇ ਅਤੇ ਨਾਰੀਅਲ ਰੱਖ ਕੇ ਚਲੀ ਆ ਰਹੀ ਮਰਯਾਦਾ ਅਨੁਸਾਰ ਮੱਥਾ ਟੇਕਿਆ ਅਤੇ ਸਿੱਖਾਂ ਨੂੰ ਸ਼ਬਦ ਗੁਰੂ ਅਨੁਸਾਰ ਚਲਣ ਦਾ ਉਪਦੇਸ਼ ਦਿਤਾ। ਗੁਰੂ ਗੋਬਿੰਦ ਸਿੰਘ ਜੀ ਨੇ ਕਿਤੇ ਵੀ ਇਹ ਉਪਦੇਸ਼ ਨਹੀਂ ਸੀ ਦਿਤਾ ਕਿ ਤੁਸੀਂ ਗੁਰੂ ਗਰੰਥ ਸਹਿਬ ਕੇਵਲ ਪੜਨਾਂ ਹੀ ਹੈ ਸਗੋਂ ਦੂਸਰੇ ਨੌਂ ਗੁਰੂਆਂ ਵਾਂਗ ਗੁਰੂ ਦੇ ਉਪਦੇਸ਼ ਉਤੇ ਚਲਣ ਦਾ ਹੀ ਆਦੇਸ਼ ਦਿਤਾ ਸੀ। ਅਜ ਅਸੀਂ ਦੇਖਣਾ ਤਾਂ ਇਹ ਹੈ ਕਿ ਕੀ ਅਜ ਦੇ ਸਿੱਖ ਦਾ ਜੀਵਨ ਉਨ੍ਹਾਂ ਦੇ ਆਖਰੀ ਦੇਹ-ਧਾਰੀ ਗੁਰੂ ਦੇ ਆਦੇਸ਼ ਅਨੁਸਾਰ ਗੁਰੂ ਗਰੰਥ ਸਹਿਬ ਦੇ ਉਪਦੇਸ਼ ਅਨੁਸਾਰ ਹੈ ਜੇਕਰ ਨਹੀਂ ਹੈ ਤਾਂ ਰਟਾ ਲਾਉਣ, ਸਿਰ ਝੁਕਾਣ ਅਤੇ ਬਿੰਦੀਆਂ, ਟਿਪੀਆਂ ਵਧਾਉਣ ਘਟਾਉਣ ਨਾਲ ਸਿੱਖ ਦੇ ਜੀਵਨ ਉਤੇ ਕੀ ਅਸਰ ਪਵੇਗਾ। ਜਰਾ ਉਪ੍ਰੋਕਤ ਖਬਰ ਦੇ ਆਧਾਰ ਤੇ ਸੋਚੋ? ਵਾਹਿਗੁਰੂ ਸ਼ਬਦ ਗੁਰੂ ਸਾਹਿਬਾਨ ਦੀ ਸਮੁੱਚੀ ਬਾਣੀ ਵਿਚ ਕਿਤੇ ਨਹੀਂ ਆਇਆ ਬਲਕਿ ਪਹਿਲੀ ਵਾਰ 1402 ਪੰਨੇ ਉਤੇ ਯਾਰਵੀਂ ਪੰਕਤੀ ਵਿਚ ਗਯੰਦ ਭਟ ਦੀ ਬਾਣੀ ਵਿਚ ਆਇਆ ਹੈ ਜਿਸ ਵਿਚ ਉਸਨੇ ਵਾ ਹੇ ਗੁ ਰੂ ਬਾਰਬਾਰ ਕਹਿ ਕੇ ਗੁਰੂਆਂ ਦੇ ਦਿਤੇ ਉਪਦੇਸ਼ ਦੀ ਅਤੇ ਉਪਦੇਸ਼ ਦੇਣ ਵਾਲੇ ਗੁਰੂ ਦੀ ਵਡਿਆਈ ਹੀ ਕੀਤੀ ਹੈ ਅਤੇ ਉਨ੍ਹਾਂ ਦੀ ਮਹਿਮਾਂ ਅਤੇ ਉਪਮਾਂ ਗਾਇਣ ਕੀਤੀ ਹੈ। ਅਜ ਅਸੀਂ ਇਸ ਸ਼ਬਦ ਦੇ ਹੀ ਕਿਤਾਬਚੇ ਲਿੱਖ ਮਾਰੇ ਹਨ ਜਿਨ੍ਹਾਂ ਨੂੰ ਵੇਚ ਵੇਚ ਮਾਇਆ ਇਕਠੀ ਕਰੀ ਜਾ ਰਹੇ ਹਾਂ। ਵੈਸੇ ਵਾਹੇਗੁਰੂ ਸ਼ਬਦ ਸਾਡੇ ਗੁਰੂ “ਗੁਰੂ ਗਰੰਥ ਸਹਿਬ” ਦਾ ਸ਼ਬਦ ਹੋਣ ਕਰਕੇ ਸਾਡੇ ਗੁਰੂ ਦਾ ਅੰਗ ਹੈ ਇਸ ਲਈ ਵਾਹਿਗੁਰੂ ਸ਼ਬਦ ਦਾ ਜਾਪ ਕਿਸੇ ਵੀ ਪਖੋਂ ਸਿੱਖਾਂ ਵਾਸਤੇ ਘਾਟੇ ਦਾ ਸੌਦਾ ਨਹੀਂ ਪ੍ਰੰਤੂ ਜੇਕਰ ਇਸਦੇ ਜਾਪ ਨਾਲ ਮਨ ਟਿਕਾਓ ਵਿਚ ਆਉਂਦਾ ਹੋਵੇ ਤਾਂ!

ਓੁੇਸੇ ਤਰਾਂ ਟੀਕਾਕਾਰ ਜਦੋਂ ਰਾਗਾਂ ਉਤੇ ਟੀਕਾ ਕਰਕੇ ਚੰਗੇ ਜਾਂ ਮਾੜੇ ਰਾਗ ਬਾਰੇ ਗਲ ਕਰਦੇ ਹਨ ਤਾਂ ਉਹ ਭੁਲ ਜਾਂਦੇ ਹਨ ਕਿ ਗੁਰੂ ਗਰੰਥ ਸਹਿਬ ਵਿਚ ਲਿਖਿਆ ਹਰ ਰਾਗ ਮਨ ਦੇ ਟਿਕਾਓ ਅਤੇ ਕਮਾਈ ਦੀ ਸਿਖਿਆ ਦਿੰਦਾ ਹੈ ਫਿਰ ਰਾਗ ਚੰਗਾ ਜਾਂ ਮੰਦਾ ਕਿਵੇਂ ਹੋ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਆਸ਼ਾ ਵਾਦੀ ਹੈ, ਨਿਰਾਸ਼ਾਵਾਦੀ ਨਹੀਂ। ਟੀਕਾਕਾਰ ਜੇਕਰ ਗੁਰੂ ਰਾਮਦਾਸ ਜੀ ਦਾ ਉਚਾਰਣ ਕੀਤਾ ਸ਼ਬਦ, ਸਭਨਾਂ ਰਾਗਾਂ ਵਿਚ ਸੋ ਭਲਾ ਭਾਈ, ਜਿਤ ਵਸਿਆ ਮਨ ਆਏ॥ ਵਿਚਾਰ ਲੈਣ ਤਾਂ ਇਸਦੇ ਨਾਲ ਹੀ ਟੀਕਾਕਾਰਾਂ ਦੀ ਟਿਪਣੀ ਖਤਮ ਹੋ ਜਾਂਦੀ ਹੈ। ਵੈਸੇ ਵੀ ਕਿਸੇ ਰਾਗ ਉਤੇ ਕਿਸੇ ਨੂੰ ਵੀ ਟਿਪਣੀ ਦਾ ਕੋਈ ਅਧਿਕਾਰ ਨਹੀਂ। ਇਸ ਤਰਾਂ ਹੀ ਕਈ ਰਾਗੀ ਸੋਹਣੇ ਰਾਗ ਦੀ ਵਿਆਖਿਆ ਵਿਚ ਹੀ ਸਮਾਂ ਗੁਜਾਰ ਦਿੰਦੇ ਹਨ ਉਹ ਗੁਰੂ ਅਰਜਨ ਦੇਵ ਜੀ ਦਾ ਉਚਾਰਿਆ ਸ਼ਬਦ ਜੋ ਪੰਨਾਂ 958 ਸਤਰ-6 ਤੇ ਅੰਕਤ ਹੈ, “ਧੰਨ ਸੁ ਰਾਗ ਸੁਰੰਗੜੇ…”  ਬਾਰੇ ਭੁਲ ਹੀ ਜਾਂਦੇ ਹਨ ਜਾਂ ਫਿਰ ਇਸ ਦੇ ਅਰਥ ਉਹ ਆਪਣੀ ਮਰਜੀ ਦੇ ਕਰਦੇ ਹਨ। ਸਿੱਖਾਂ ਦੇ ਭਰਮ ਅਤੇ ਬਿੰਦੀਆਂ ਟਿਪੀਆਂ ਤੋਂ ਛੁਟਕਾਰਾ ਪਾਉਣ ਲਈ ਅਜ ਵੀ ਸਿੱਖ ਗੁਰੂ ਸਹਿਬ ਦੀ ਪਹਿਲੀ ਲਿਖਵਾਈ ਬੀੜ ਜੋ ਅਜ ਵੀ ਕਰਤਾਰ ਪੁਰ ਜਿਲਾ ਜਲੰਧਰ ਵਿਚ ਮੌਜੂਦ ਹੈ ਉਸਤੋਂ ਹੀ ਅਗਵਾਈ ਲੈ ਸਕਦੇ ਹਨ। ਆਪਣੀ ਇਛਾ ਅਨੁਸਾਰ ਬਾਣੀ ਵਿਚ ਵਾਧ-ਘਾਟ ਸਿੱਖੀ ਨੂੰ ਢਾਹ ਹੀ ਨਹੀਂ ਲਾਉਂਦੀ ਸਗੋਂ ਅਜਿਹਾ ਕਰਨ ਵਾਲੇ ਨੂੰ ਧਰਮ ਤੋਂ ਪਤਤ ਵੀ ਕਰਦੀ ਹੈ। ਅਜ ਸਾਨੂੰ ਆਪਣੇ ਹੀ ਧਰਮ ਤੇ ਟਿਪਣੀ ਕਰਨ ਤੋਂ ਪਹਿਲਾਂ ਰਾਮ ਰਾਏ ਦੀ ਕੀਤੀ ਭੁਲ ਉਤੇ ਹੀ ਨਜ਼ਰ ਮਾਰ ਲੈਣੀ ਚਾਹੀਦੀ ਹੈ ਅਤੇ ਸਿਖਿਆ ਲੈ ਲੈਣੀ ਚਾਹੀਦੀ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖਾਂ ਨੂੰ ਪੰਦਰਵੀਂ ਸਦੀ ਵਿਚ ਸਿਖਿਆ ਦੇਣੀ ਅਰੰਭ ਕੀਤੀ ਸੀ। ਜੇਕਰ ਉਸ ਸਮੇਂ ਦੇ ਸਿੱਖ ਗੁਰੂ ਜੀ ਭਾਸ਼ਾ ਸਮਝ ਸਕਦੇ ਸਨ ਤਾਂ ਅਜ ਇਕੀਵੀਂ ਸਦੀ ਦਾ ਸਿੱਖ ਤਾਂ ਅਸਮਾਨ ਦੇ ਤਾਰੇ ਗਿਣਨ ਦੇ ਯੋਗ ਹੋ ਗਿਆ ਹੈ ਅਤੇ ਇਸਨੂੰ ਬਿੰਦੀਆਂ ਟਿਪੀਆਂ ਦੀ ਪੂਰਣ ਸੂਜ ਵੀ ਹੈ ਫਿਰ ਅਜ ਦਾ ਸਿੱਖ ਗੁਰੂਆਂ ਦੀ ਉਚਾਰਣ ਕੀਤੀ ਬਾਣੀ ਵਿਚ ਕਟ-ਵੱਢ ਕਰਕੇ ਕਿਓਂ ਪਤਤ ਹੋ ਰਿਹਾ ਹੈ। ਗੁਰੂ ਅਰਜਨ ਦੇਵ ਜੀ ਨੇ ਪੋਥੀ ਸਹਿਬ ਦਾ ਪ੍ਰਕਾਸ਼ ਸਤਾਰਵੀਂ ਸਦੀ ਦੇ ਆਰੰਭ ਵਿਚ ਕਰਕੇ ਬਾਬਾ ਬੁਢਾ ਜੀ ਨੂੰ ਗਰੰਥੀ ਦੀ ਸੇਵਾ ਸੌਂਪ ਦਿਤੀ ਸੀ ਅਤੇ ਦਸਾਂ ਗੁਰੂ ਸਹਿਬਾਨ ਦੇ ਕਾਲ ਵਿਚ ਜੇਕਰ ਕੋਈ ਸੁਧਾਈ ਹੋਣ ਵਾਲੀ ਸੀ ਤਾਂ ਜਰੂਰ ਹੋ ਗਈ ਹੋਵੇਗੀ। ਸਾਨੂੰ ਕੇਵਲ ਉਪਦੇਸ਼ ਦੀ ਕਮਾਈ ਵਲ ਹੀ ਧਿਆਨ ਦੇਣਾ ਚਾਹੀਦਾ ਹੈ।

****

No comments: