ਅਰਜ਼......... ਨਜ਼ਮ/ਕਵਿਤਾ / ਪਵਨ ਕੁਮਾਰ (ਇਟਲੀ)

ਹੇ ਭਗਵਾਨ... ਪ੍ਰਭੂ ਜੀ
ਮੇਰੇ ਰਾਮ ਜੀਓ... ਮੇਰੇ ਖੁਦਾ... ਮੇਰੇ ਵਾਹਿਗੁਰੂ
ਅੱਜ ਮੈਂ ਤੇਰੀ ਸ਼ਰਨ ਚ ਆਇਆ ਹਾਂ...
ਮੈਨੂੰ ਕੋਈ ਵਰਦਾਨ ਨਹੀਂ ਚਾਹੀਦਾ
ਨਾ ਹੀ ਮੈਂ ਪੂਛੋਂ ਫੜ ਕੇ ਹਾਥੀ ਘੁਮਾਓਣੇ ਨੇ
ਅਤੇ ਨਾਂ ਹੀ ਮੈਨੂੰ ਕੋਈ ਰੂਹਾਨੀ ਤਕਲੀਫ਼ ਹੋਈ ਹੈ
ਮੈਂ ਤਾਂ ਆਪਣੇ ਵਰਗੇ ਸਤਾਏ
ਕਰੋੜਾਂ ਲੋਕਾਂ ਦਾ ਘੱਲਿਆ
ਤੇਰੇ ਨਾਲ ਦੋ ਗੱਲਾਂ ਕਰਨ ਆਇਆ ਹਾਂ।

ਆਖਦੇ ਨੇ…
ਅੱਤ ਦਾ ਤੇ ਖੁਦਾ ਦਾ ਵੈਰ ਹੁੰਦਾ ਹੈ
ਹੁਣ ਤੂੰ ਹੀ ਦੱਸ
ਅੱਤ ਤੇ ਖੁਦਾ ਦਾ ਕੀ ਫਰਕ ਕਰੀਏ ???
ਮੂੰਹ ਮੇਂ ਰਾਮ ਰਾਮ, ਬਗਲ ਮੇਂ ਛੁਰੀ
ਵਾਲਿਆਂ ਦੀ ਹੀ ਕੀ ਗੱਲ ਕਰਨੀਂ ਹੈ
ਤੂੰ ਤਾਂ ਖੁਦ ਆਪਣੇ ਗ੍ਰਹਿ ਨਿਵਾਸ ਤੋਂ
ਛੁਰੀਆਂ ਦੀ ਵਰਖਾ ਕਰ ਰਿਹਾ ਹੈ
ਹੇ ਵਾਹਿਗੁਰੂ ਜੀ…
ਤੇਰੇ ਪੈਰੋਕਾਰਾਂ ਦੀ ਤਾਂ ਗੱਲ ਕਰਦਿਆਂ ਵੀ ਸ਼ਰਮ ਆੳਂੁਦੀ ਹੈ
ਨਾਲੇ ਆਪ ਜੀ ਨੂੰ ਕਿਹੜੀ ਭੁੱਲ ਹੈ
ਇਹ ਤਾਂ ਤੇਰੇ ਹੀ ਰਚਾਏ ਹੋਏ ਕੌਤਕ ਨੇ
ਜਦ ਦੇਗ ਤੋਂ ਬਾਅਦ
ਬੀਬੇ ਬੰਦੇ ਦਾੜਿਆਂ ਤੇ ਹੱਥ ਫੇਰਦੇ ਨੇ
ਉਦੋਂ ਤਾਂ ਇਹ ਤੇਰਾ ਹੀ ਸਵਰੂਪ ਹੁੰਦੇ ਹਨ
ਤੇ ਜਿੰਨੀ ਵੱਡੀ ਗੋਲਕ ਹੋਵੇ
ਓਨੇ ਵੱਡੇ ਹੀ ਇਹਨਾਂ ਦੇ ਢਿੱਡ ਹੋ ਜਾਂਦੇ ਹਨ
ਫਿਰ ਸਜੇ ਸਜਾਏ ਜਦ ਪ੍ਰਵਚਨ ਕਰਦੇ ਨੇ
ਤਾਂ ਬਹੁਤ ਅਸ਼ਾਂਤੀ ਫੈਲਾਉਂਦੇ ਨੇ
ਬੜਾ ਪ੍ਰਦੂਸ਼ਣ ਹੁੰਦਾ ਹੈ
ਇਹ ਤੇਰੀ ਕੈਸੀ ਲੀਲਾ ਹੈ, ਮੇਰੇ ਵਾਹਿਗੁਰੂ
ਜਦੋਂ ਤੁਹਾਡੇ ਤਖ਼ਤਾਂ ਨੂੰ ਖਤਰਾ ਹੁੰਦਾ ਹੈ
ਤੁਸੀਂ ਆਪਣੇ ਭਾਈ ਦੂਤਾਂ ਨੂੰ
ਵੱਖਰੇ-ਵੱਖਰੇ ਸਵਰੂਪਾਂ
ਤੇ ਵੱਖਰੇ-ਵੱਖਰੇ ਬਾਣਿਆਂ ‘ਚ
ਕਿਤੇ ਕਿਰਪਾਨਾਂ
‘ਤੇ ਕਿਤੇ ਤ੍ਰਿਸ਼ੂਲ ਦੇ ਕੇ ਭੇਜ ਦਿੰਦੇ ਹੋ
ਫਿਰ ਕੋਈ ਸੂਰਾਂ ਨਾਲ ਜਿੱਤਦਾ ਹੈ
ਕੋਈ ਗਊ ਮਾਤਾ ਦੀ ਜੈ ਬੁਲਾਉਂਦਾ ਹੈ
ਫਿਰ ਇਕੱਲੇ ਧੜ ਹੀ ਨੇਜ਼ੇ ਲਈ ਫਿਰਦੇ ਨੇ
ਮੇਰੇ ਰੱਬ ਜੀ…
ਤੇਰੇ ਖੇਡ ਕਿੰਨੇ ਨਿਰਾਲੇ ਹਨ
ਕਿ ਤੇਰੇ ਭਾਈ ਬੰਧੂ
ਘੜਿਆਂ ‘ਚ ਮੌਤ ਪਾਈ ਫਿਰਦੇ ਰਹੇ
ਤੂੰ ਆਪਣੇ ਪੈਰੋਕਾਰਾਂ ਨੂੰ ਸੁਮੱਤ ਬਖ਼ਸ਼
ਇਹ ਬਹੁਤ ਕੁਮੱਤੇ ਹੋ ਗਏ ਹਨ
ਹੇ ਮੁਰਲੀ ਵਾਲੇ…
ਮੁਰਲੀ ਵਜਾ
ਤੂੰ ਹੀ ਕੋਈ ਚੱਕਰ ਚਲਾ
ਤੈਨੂੰ ਸਾਰਾ ਪਤਾ ਤਾਂ ਹੈ
ਕਿ ਮੰਦਰ ਮਸੀਤਾਂ ਦਾ ਹੋਕਾ ਦੇ ਕੇ
ਕਿਵੇਂ ਰੱਥਾਂ ਤੇ ਚੜ੍ਹੇ ਫਿਰਦੇ ਹਨ
ਇਹਨਾਂ ਨੂੰ ਤੂੰ ਹੀ ਉਪਦੇਸ਼ ਦਿੰਦਾ ਹੈ
ਜਿਸ ਚ ਅਰਜੁਨ ਨੂੰ ਮਾਰਨ ਦੀ ਚਾਲ ਹੁੰਦੀ ਹੈ
ਰਾਮ ਜੀ…
ਹੁਣ ਛੱਡੋ ਵੀ ਪਰਾਂ ਗੁੱਸੇ ਗਿਲੇ
ਜੇ ਮੰਦਿਰ ਮਸੀਤਾਂ ਢਾਅ ਕੇ
ਜ਼ਮੀਨ ਬਣਾ ਦਿੱਤੀ ਜਾਵੇ ਉਪਜਾਊ
ਤਾਂ ਮੇਰੇ ਵਰਗੇ ਕਈ ਰੋਟੀ ਦੇ ਸੁਪਨੇ ਲੈ ਸਕਦੇ ਹਨ
ਇਹਨਾਂ ਟੱਲਾਂ, ਸੰਖਾਂ, ਘੜਿਆਲਾਂ ਦਾ
ਬਹੁਤ ਚੀਕ ਚਿਹਾੜਾ ਹੈ ਦੇਵਤਾ ਜੀ…
ਹਰਿਦੁਆਰ ਪਤਾ ਨਹੀਂ
ਹਰ ਕੀ ਪੌੜੀ ਹੈ ਜਾਂ ਨਹੀ
ਪਰ ਹਰ ਪੌੜੀ ‘ਤੇ
ਤੁਹਾਡਾ ਇਕ ਚਤੁਰ ਸਜਿਆ ਬੰਦਾ ਜ਼ਰੂਰ ਬੈਠਾ ਹੈ
ਜਿਸ ਦੇ ਤਨ ਮਨ ਦੀ ਮੈਲ ਨਾਲ
ਗੰਗਾ ਵੀ ਮੈਲੀ ਹੋ ਗਈ ਹੈ
ਗੰਗਾ ਦਾ ਮੂੰਹ ਸਿੱਧਾ ਹੀ ਖੇਤਾਂ ਵੱਲ ਮੋੜ ਦਿਓ
ਜਿਥੇ ਫਸਲਾਂ ਉਗਦੀਆਂ ਨੇ…
ਹੇ ਮੇਰੇ ਪ੍ਰਭੂ ਜੀ…
ਬੜੇ ਝੰਜਟ ਨੇ ਤੇਰੇ ਹੋਰ ਵੀ
ਤੇ ਤੂੰ ਜਿੱਥੇ ਵੀ ਹੈ…
ਬਾਹਰ ਆ ਜਾ
ਬੰਦਾ ਬਣ
ਬੰਦਿਆਂ ਵਾਂਗੂ ਬੰਦਿਆਂ ਚ ਰਹਿ
‘ਤੇ ਕਲਯੁੱਗੀਆਂ ਨੂੰ ਕਲਯੁੱਗ ‘ਚ ਹੀ ਰਹਿਣ ਦੇ
ਸਾਨੂੰ ਸਤਯੁੱਗ ਦੇ ਭਰਮ ਨਾਂ ਦਿਖਾ
ਆਪ ਵੀ ਸਮਝੋ
ਤੇ ਆਪਣੇ ਚੇਲਿਆਂ ਬਾਲਕਿਆਂ ਨੂੰ ਵੀ ਸਮਝਾਓ
ਠੀਕ ਮਾਹੌਲ ਹੀ ਤ੍ਰੇਤਾ ਯੁੱਗ ਹੁੰਦਾ ਹੈ
ਇਹਨਾਂ ਨੂੰ ਮੱਤ ਬਖ਼ਸ਼
ਸੈ਼ਤਾਨੀ ਰੂਪੀ ਬੰਦਿਆਂ ਨੂੰ
ਇਨਸਾਨ ਬਣਨ ਦਾ ਰਾਹ ਦੱਸ
ਜਿੱਥੇ ਬੰਦੇ ਨੂੰ ਬੰਦਾ ਸਮਝਣ
ਇੱਥੇ ਨਾ ਕੋਈ ਸੰਖ ਹੋਵੇ
ਨਾ ਘੜਿਆਲ, ਨਾ ਤ੍ਰਿਸ਼ੂਲ, ਨਾ ਕਿਰਪਾਨ
ਬੱਸ ਇਕੋ ਹੀ ਰਾਗ ਹੋਵੇ
ਸੱਤ ਸੁਰਾਂ ਦਾ ਰਾਗ…

****


No comments: