ਅਸੀਂ ਪੰਜਾਬ ਨੂੰ ਕੈਲੀਫੋਰਨੀਆ ਨਹੀਂ ਪੰਜਾਬ ਬਣਾਉਣਾ ਚਾਹੁੰਦੇ ਹਾਂ: ਭਗਵੰਤ ਮਾਨ……… ਲੇਖ / ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬੌਰਨ

ਭਗਵੰਤ ਮਾਨ ਨੂੰ ਹੁਣ ਤੱਕ ਲੋਕ ਕਾਮੇਡੀ ਕਲਾਕਾਰ ਵਜੋਂ ਹੀ ਜਾਣਦੇ ਰਹੇ ਹਨ। ਸਟੇਜ ਉਤੋਂ ਉਸਦਾ ਬੋਲਣ ਦਾ ਅੰਦਾਜ਼, ਵੱਖ–ਵੱਖ ਸਰਕਾਰੀ ਵਿਭਾਗਾਂ ਉੱਤੇ ਕੀਤੇ ਵਿਅੰਗ ਲੋਕਾਂ ਨੂੰ ਪ੍ਰਭਾਵਿਤ ਕਰਦੇ ਰਹੇ ਹਨ । ਭਾਵੇ ਉਸਦੇ ਹਰੇਕ ਵਿਅੰਗ ਵਿੱਚ ਕੋਈ ਨਾ ਕੋਈ ਗੰਭੀਰ ਸਨੇਹਾ ਵੀ ਹੁੰਦਾ ਸੀ, ਪਰੰਤੂ ਜ਼ਿਆਦਾਤਰ ਲੋਕ ਉਸਦੀ ਕਾਮੇਡੀ ਨੂੰ ਹਲਕੇ ਫੁਲਕੇ ਹਾਸੇ  ਤੇ ਮਜ਼ਾਕ ਵਜੋਂ ਹੀ ਲੈਂਦੇ ਰਹੇ । ਪਰੰਤੂ ਘੱਟ ਲੋਕ ਕੀ ਜਾਣਦੇ ਹਨ ਕਿ ਇਹ ਹਾਸਿਆਂ ਦਾ ਬਾਦਸ਼ਾਹ ਲੋਕਾਂ ਦੇ ਦਰਦ ਨੂੰ ਦਿਲ ਵਿੱਚ ਸਮੋ ਕੇ ਰੱਖੀ ਬੈਠਾ ਹੈ । ਪੰਜਾਬ ਦੀ ਬਦ ਤੋ ਬਦਤਰ ਹੁੰਦੀ ਜਾ ਰਹੀ ਹਾਲਤ, ਗਰੀਬੀ ਦੀ ਚੱਕੀ ਵਿੱਚ ਪਿਸਦੇ ਜਾ ਰਹੇ ਲੋਕ ਅਤੇ ਖੁਦਕੁਸ਼ੀਆਂ ਕਰਦੇ ਕਿਸਾਨਾਂ ਦੇ ਘਰਾਂ ਵਿੱਚ ਪੈਂਦੇ ਵੈਣਾਂ ਨੇ ਉਸਦੀ ਰਾਤਾਂ ਦੀ ਨੀਂਦ ਉਚਾਟ ਕਰ ਦਿੱਤੀ। ਉਸਨੇ ਬੀੜਾ ਚੁੱਕਿਆ ਲੋਕਾਂ ਦੇ ਦੁੱਖ ਉੱਤੇ ਮਲ੍ਹਮ ਲਾਉਣ ਦਾ । ਉਸਦੇ ਅੰਦਰ ਧੁਖ ਰਹੀ ਇਸ ਚਿੰਤਾ ਨੂੰ ਉਦੋਂ ਹੋਰ ਹਵਾ ਮਿਲੀ ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਪੀਪਲਜ਼ ਪਾਰਟੀ ਆਫ ਪੰਜਾਬ (ਪੀ.ਪੀ.ਪੀ.) ਪਾਰਟੀ ਦਾ ਦਾ ਗਠਨ ਕਰਕੇ ਪੰਜਾਬ ਦੇ ਧਨ ਕੁਬੇਰ ਲੀਡਰਾਂ ਦੇ ਖਿਲਾਫ ਮੋਰਚਾ ਖੋਲ ਦਿੱਤਾ ਅਤੇ ਭਗਵੰਤ ਮਾਨ ਨੇ ਆਪਣੇ ਸੁਨਹਿਰੀ ਕੈਰੀਅਰ ਨੂੰ ਦਾਅ ਤੇ ਲਗਾ ਕੇ ਲੋਕਾਂ ਦੇ ਦਰਾਂ ਉਤੇ ਜਾਣ ਦਾ ਫੈਸਲਾ ਕਰ ਲਿਆ ।

ਭਗਵੰਤ ਮਾਨ ਨੇ ਆਪਣੇ ਜੱਦੀ ਹਲਕੇ ਸੁਨਾਮ ਨੂੰ ਛੱਡ ਕੇ ਲਹਿਰਾਗਾਗਾ ਦਾ ਉਹ ਹਲਕਾ ਚੁਣਿਆ ਜਿਸਨੂੰ ਪੰਜਾਬ ਦੇ ਕਿਸਾਨਾਂ ਦੀ ‘ਕਬਰਗਾਹ’ ਵਜੋਂ ਵੀ ਜਾਣਿਆ ਜਾਂਦਾ ਹੈ । ਇਸ ਹਲਕੇ ਦਾ ਸ਼ਾਇਦ ਕੋਈ ਵੀ ਪਿੰਡ ਅਜਿਹਾ ਨਹੀਂ ਜਿੱਥੇ ਖੁਦਕੁਸ਼ੀਆਂ ਕਰਕੇ ਕਿਸਾਨਾਂ ਦੇ ਘਰਾਂ ਵਿੱਚ ਕੀਰਨੇ ਨਾ ਪਏ ਹੋਣ । ਵਿਕਾਸ ਪੱਖੋਂ ਪਛੜਿਆ ਇਹ ਇਲਾਕਾ ਹਮੇਸ਼ਾ ਹੀ ਰਾਜਨੇਤਾਵਾਂ ਦੀ ਕ੍ਰਿਪਾ ਤੋਂ ਸੱਖਣਾ ਰਿਹਾ ਹੈ । ਭਗਵੰਤ ਮਾਨ ਜਾਣਦਾ ਹੈ ਕਿ ਇਸ ਹਲਕੇ ਵਿੱਚ ਲੜਾਈ ਏਨੀ ਸੌਖੀ ਨਹੀਂ ਬਲਕਿ ਇਸ ਹਲਕੇ ਵਿੱਚ ਉਸਦੀ ਹਾਲਤ ਮਹਾਂਭਾਰਤ ਦੇ ਉਸ ਅਭਿਮਨਊ ਵਰਗੀ ਹੈ ਜਿਸਦੇ ਆਲੇ-ਦੁਆਲੇ ਸਿਆਸਤ ਦੇ ਵੱਡੇ-ਵੱਡੇ ਦਰੋਣਾਚਾਰਿਆ ਦਾ ਚੱਕਰਵਿਊ ਰਚਿਆ ਹੋਇਆ ਹੈ । ਇੱਕ ਪਾਸੇ ਬੀਬੀ ਭੱਠਲ ਦਾ ਲੱਗਭਗ 20 ਸਾਲ ਪੁਰਾਣਾ ਅਜਿੱਤ ਸਮਝਿਆ ਜਾਣ ਵਾਲਾ ਸਾਮਰਾਜ ਹੈ ਤੇ ਦੂਜੇ ਪਾਸੇ ਅਕਾਲੀ ਦਲ ਦੇ ਉਮੀਦਵਾਰ ਦੀ ਇਲਾਕੇ ਵਿੱਚ ਵੀ ਅਤੇ ਅਫਸਰਸ਼ਾਹੀ ਵਿੱਚ ਮਜ਼ਬੂਤ ਪਕੜ ਹੈ । ਵੱਡੇ–ਵੱਡੇ ਪੂੰਜੀਪਤੀਆਂ ਦੇ ਸਾਹਮਣੇ ਨੰਗੇ ਧੜ ਲੜਨ ਦਾ ਬਲ ਕੇਵਲ ਭਗਵੰਤ ਮਾਨ ਦੇ ਹਿੱਸੇ ਹੀ ਆਇਆ  ।

ਬੀਤੇ ਦਿਨੀ ਮੇਰੀ ਭਗਵੰਤ ਮਾਨ ਫੋਨ ਤੇ ਗਲਬਾਤ ਹੋਈ ਤੇ ਇਸ ਦੌਰਾਨ ਭਗਵੰਤ ਨੇ ਕਈ ਗੱਲਾਂ ਦਾ ਜ਼ਿਕਰ ਕੀਤਾ । ਭਗਵੰਤ ਨੇ ਗੱਲਬਾਤ ਦੌਰਾਨ ਦੱਸਿਆ ਕਿ ਵਿਰੋਧੀਆਂ ਦੀ ਬੇਸ਼ੁਮਾਰ ਦੌਲਤ ਦੇ ਸਾਹਮਣੇ ਉਸ ਕੋਲ ਜੇ ਕੁਝ ਹੈ ਤਾਂ ਉਹ ਮਾਵਾਂ ਦੀਆਂ ਦੁਆਵਾਂ ਜਿੰਨ੍ਹਾਂ ਦੇ ਪੁੱਤ ਜਾਂ ਤਾਂ ਨਸ਼ਿਆਂ ਨੇ ਖਾ ਲਏ ਜਾਂ ਕੀੜੇਮਾਰ ਦਵਾਈਆਂ ਦੀ ਖੁਰਾਕ ਬਣ ਗਏ । ਉਹ ਸੱਖਣੇ ਬੂਹੇ ਜਿੰਨ੍ਹਾਂ ਨੂੰ ਸਾਲਾਂ ਤੋਂ ਜੰਗਾਲ ਲੱਗਿਆ ਹੈ । ਰੁੱਲ ਰਿਹਾ ਉਹ ਬੁਢੇਪਾ ਅੱਖਾਂ ਉਪਰ ਹੱਥ ਰੱਖ ਕੇ ਕਿਸੇ ਅਜਿਹੇ ਰਹਿਬਰ ਵੱਲ ਤੱਕ ਰਿਹਾ ਹੈ ਤਾਂ ਜੋ ਉਹਨਾਂ ਦੀ ਅਖੀਰੀਲੀ ਉਮਰੇ ਉਨ੍ਹਾਂ ਦਾ ਸਹਾਰਾ ਬਣ ਸਕੇ ਅਤੇ ਇਸੇ ਆਸ ਨਾਲ ਉਹ ਇਹ ਜੰਗ ਲੜ ਰਿਹਾ ਹੈ । ਭਗਵੰਤ ਨੇ ਕਿਹਾ ਕਿ ਦੁਖੀ ਲੋਕਾਂ ਦੀਆਂ ਦੁਆਵਾਂ ਕਦੀ ਬੇਅਸਰ ਨਹੀਂ ਹੁੰਦੀਆਂ । ਜਦੋਂ ਉਹ ਪਿੰਡਾਂ ਦੀਆਂ ਸੱਥਾਂ ਵਿੱਚ ਜਾਂਦਾ ਹੈ ਤੇ ਲੋਕਾਂ ਦੇ ਰੂਬਰੁ ਹੁੰਦਾ ਹੈ ਤਾਂ ਲੋਕ ਉਸਦੀਆਂ ਗੱਲਾਂ ਧਿਆਨ ਨਾਲ ਸੁਣਦੇ ਹਨ ਪਰ ਹੁਣ ਉਸਦੀਆਂ ਸੁਣ ਕੇ ਲੋਕ ਹੱਸਦੇ ਨਹੀਂ ਸਗੋਂ ਗੱਲਾਂ ਸੁਣ ਕੇ ਗੰਭੀਰ ਹੋ ਜਾਂਦੇ ਹਨ । ਭਗਵੰਤ ਕਹਿੰਦਾ ਕਿ ਨਾ ਤਾਂ ਉਹ ਪਿੰਡਾਂ ਵਿੱਚ ਜਾ ਕੇ ਗਲੀਆਂ – ਨਾਲੀਆਂ ਦੀ ਗੱਲ ਕਰਦਾ ਹੈ ਤੇ ਨਾਂ ਹੀ ਸਮਸ਼ਾਨਘਾਟ ਦੀ ਚਾਰਦੀਵਾਰੀ ਦੀ । ਉਹ ਨਾ ਹੀ ਕਿਸੇ ਨੂੰ ਖੁੰਡੇ ਨਾਲ ਕੁੱਟਣ ਤੇ ਨਾ ਹੀ ਕਿਸੇ ਦੀ ਧੌਣ ਵੱਢਣ ਦੀ ਗੱਲ ਕਰਦਾ ਹੈ । ਉਹ ਨਾ ਤਾਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੀਆਂ ਗੱਲਾਂ ਕਰਦਾ ਹੈ ਤੇ ਨਾ ਹੀ ਕਿਸੇ ਦੇ ਪੋਤੜੇ ਫਰੋਲਦਾ ਹੈ । ਉਹ ਗੱਲ ਕਰਦਾ ਹੈ, ਟੈਂਕੀਆਂ ਤੇ ਚੜ੍ਹ ਕੇ ਖੁਦਕੁਸ਼ੀਆਂ ਕਰਨ ਵਾਲੇ ਬੇਰੁਜ਼ਗਾਰਾਂ ਦੀ, ਆਪਣੀ ਜ਼ਮੀਨ ਗਹਿਣੇ ਕਰਕੇ ਵਿਦੇਸ਼ ਭੱਜ ਰਹੀ ਜਵਾਨੀ ਦੀ, ਉਹ ਗੱਲ ਕਰਦਾ ਹੈ ਘੱਗਰ ਦੀ ਮਾਰ ਹੇਠ ਆਏ ਉਨਾਂ ਲੋਕਾਂ ਦੀ ਜੋ ਆਪਣਾ ਸਭ ਕੁਝ ਗੁਆ ਚੁਕੇ ਹਨ, ਉਹ ਆਪਣੀ ਦਲੀਲ ਵਿੱਚ ਕਹਿੰਦਾ ਹੈ ਕਿ ਪੰਜਾਬ ਨੂੰ ਕੈਲੀਫੋਰਨੀਆ ਨਾ ਬਣਾਉ ਇਸਨੂੰ ਸਿਰਫ ਤੇ ਸਿਰਫ ਪੰਜਾਬ ਬਣਾਉਣਾ ਹੈ । ਉਹ ਕਹਿੰਦਾ ਮੈਂ ਜਿੱਤ ਕੇ ਕੋਈ ਐਮ.ਐਲ.ਏ. ਨਹੀਂ ਕਹਾਉਣਾ ਸਿਰਫ ਤੁਹਾਡਾ ਪ੍ਰਤੀਨਿਧੀ ਕਹਾਉਣਾ ਜੋ ਤੁਹਾਡੀ ਅਵਾਜ ਬੁਲੰਦ ਕਰ ਸਕੇ। ਸਾਡੀ ਪਾਰਟੀ ਦੀ ਸੋਚ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ, ਸਰਕਾਰੀ ਕੰਮਾਂ ਵਿੱਚ ਪਾਰਦਰਸ਼ਤਾ ਲਿਆਉਣਾ, ਅਫਸਰਸਾਹੀ ਨੂੰ ਲੋਕਾਂ ਪ੍ਰਤੀ ਜਵਾਬ ਦੇਹ ਕਰਨਾ। ਵੀ.ਆਈ.ਪੀ. ਕਲਚਰ ਨੂੰ ਬਿਲਕੁੱਲ ਖਤਮ ਕਰਨਾ। ਵਿਦੇਸ਼ੀ ਰਾਜਨੀਤੀਵਾਨਾਂ ਵਾਗ ਰਾਜਨੀਤਿਕ ਲੋਕਾਂ ਨੂੰ ਜਨਤਾ ਪ੍ਰਤੀ ਜਵਾਬਦੇਹ ਕਰਨਾ। ਉਹ ਆਪਣੀ ਦਲੀਲ ਵਿੱਚ ਭਾਵੁਕ ਹੋ ਕੇ ਕਹਿੰਦਾ ਹੈ ਕਿ ਭਗਤ ਸਿੰਘ, ਰਾਜਗੂਰੂ, ਸੁਖਦੇਵ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਕੱਢਣ ਲਈ ਆਪਣੀਆਂ ਜਾਨਾਂ ਵਾਰ ਗਏ । ਪਰ ਸਾਡੇ ਨੌਜਵਾਨ ਆਪਣੇ ਦੇਸ਼ ਵਿੱਚ ਰੋਜ਼ਗਾਰ ਵਸੀਲੇ ਨਾ ਬਣਦੇ ਦੇਖ ਵਿਦੇਸ਼ੀ ਧਰਤੀ ਤੇ ਪਹੁੰਚ ਰਹੇ ਹਨ । ਭਗਵੰਤ ਕਹਿੰਦਾ ਹੈ ਕਿ ਉਸ ਨੂੰ ਆਪਣੀ ਸਭ ਤੋਂ ਵੱਡੀ ਦੋਲਤ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਉਸਦੀਆਂ ਗੱਲਾਂ ਸੁਣ ਕੇ ਇਕੱਠ ਵਿੱਚੋਂ ਉਠ ਕੇ ਕੋਈ ਬਜ਼ੁਰਗ ਉਸਦੀ ਪਿੱਠ ਥਾਪੜਦਾ ਹੈ ਤੇ ਕਹਿੰਦਾ ਹੈ ! ਵਾਹ ਪੁੱਤਰ ਖੁਸ਼ ਕੀਤਾ ਈ ! ਅਤੇ ਉਸ ਬਜ਼ੁਰਗ ਦੀਆਂ ਅੱਖਾਂ ਵਿਚੋਂ ਜਿਵੇਂ ਚੜ੍ਹਦੇ ਸੂਰਜ ਦੀ ਲਾਲੀ ਦੀ ਝਲਕ ਪੈਂਦੀ ਹੈ ਅਤੇ ਚੜ੍ਹਦੇ ਸੂਰਜ ਦਾ ਇਹ ਸੁਪਨਾ ਹਰੇਕ  ਪੰਜਾਬੀ ਦੀਆਂ ਅੱਖਾਂ ਵਿੱਚ ਹੋਵੇ । ਇਹੋ ਉਸਦਾ ਅਤੇ ਪੂਰੇ ਪੰਜਾਬ ਵਾਸੀਆਂ ਦਾ ਸੁਪਨਾ ਹੈ ।

ਸ਼ਾਲਾ ! ਭਗਵੰਤ ਲੋਕਾਂ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਚੜੇ ਅਤੇ ਪੰਜਾਬ ਦੇ ਅੰਦਰ ਇੱਕ ਨਵੀਂ ਸੂਹੀ ਸਵੇਰ ਦਾ ਆਗਾਜ਼ ਹੋਵੇ । ਇਹੋ ਹੀ ਸਾਡੀ ਸਾਰਿਆਂ ਦੀ ਦੁਆ ਹੈ ।
****

No comments: