ਸੰਘਰਸ਼ ਜਾਰੀ ਹੈ……… ਹੱਡਬੀਤੀ / ਦਰਸ਼ਨ ਸਿੰਘ ਪ੍ਰੀਤੀਮਾਨ


ਸੱਚ ਕਹਿਣ ਤੋਂ ਮੈਂ ਕਦੇ ਵੀ ਨਹੀਂ ਝਿਜਕਿਆ, ਭਾਵੇਂ ਕਿਹੋ ਜਿਹੀ ਵੀ ਗੱਲ ਕਿਉਂ ਨਾ ਹੋਵੇ ਪਰ ਇਸ ਵਾਰ ਆਪ ਬੀਤੀ ਜੱਗ ਬੀਤੀ ਲਿਖਣ ਤੋਂ ਝਿਜਕਦਾ ਆ ਰਿਹਾ ਸੀ। ਇਹ ਆਪ ਬੀਤੀ ਮੇਰੀ ਸਮੱਸਿਆਵਾਂ ਨਾਲ ਹੀ ਸਬੰਧਤ ਹੈ, ਜਿਹੜੀ ਮੈਂ ਆਪਣੇ ਪਿਆਰੇ ਪਾਠਕਾਂ ਦੇ ਸਾਹਮਣੇ ਨਹੀਂ ਕਰਨਾ ਚਾਹੁੰਦਾ ਸਾਂ। ਹਕੀਕਤ ਨੰਗੀ ਕਰਨ ਤੋਂ ਸ਼ਰਮ ਜਿਹੀ ਮਹਿਸੂਸ ਕਰਦਾ ਸਾਂ, ਪਰ ਮੈਂ ਤਾਂ ਆਪ ਹੀ ਮੁੱਢ ਤੋਂ ਕਹਿੰਦਾ ਆ ਰਿਹਾ ਹਾਂ ਕਿ ਲੇਖਕ ਹੁੰਦਾ ਹੀ ਉਹ ਹੈ ਜੋ ਸੱਚ ਕਹਿ ਸਕਦਾ ਹੋਵੇ? ਫੇਰ ਸੋਚਦੈਂ, ਮੈਨੂੰ ਹਕੀਕਤ ਲਿਖਣੀ ਚਾਹੀਦੀ ਹੈ? ਮੈਂ ਕੋਈ ਚੋਰੀ ਤਾਂ ਨਹੀਂ ਕਰਦਾ? ਠੱਗੀ ਤਾਂ ਨਹੀਂ ਮਾਰਦਾ? ਮੈਂ ਤਾਂ ਮਿਹਨਤ ਕਰਦਾ ਹਾਂ। ਮਿਹਨਤ ਦਾ ਤਾਂ ਕੋਈ ਡਰ ਨਹੀਂ ਹੁੰਦਾ।
ਪਿਛਲੇ ਮਹੀਨਿਆਂ 'ਚ ਮੇਰੀ ਦੁੱਖਾਂ ਭਰੀ ਜ਼ਿੰਦਗੀ ਦੀ ਹਕੀਕਤ 'ਪ੍ਰੈਸ' ਨੇ ਚੁੱਕ ਲਈ, ਜਦ ਮੈਂ ਆਤਮ ਹੱਤਿਆ ਕਰਨ ਦੇ ਕਿਨਾਰੇ ਪਹੁੰਚ ਚੁੱਕਿਆ ਸਾਂ। ਪੱਤਰਕਾਰ ਲਵਲੀ ਗੋਇਲ ਨੇ ਕਿਹਾ, "ਅੰਦਰ ਵੜ ਕੇ ਮਰ ਜਾਣ ਨਾਲੋਂ ਕੋਠੇ 'ਤੇ ਚੜ੍ਹ ਕੇ ਰੋਣਾ-ਪਿੱਟਣਾ ਸੌ ਗੁਣਾ ਚੰਗਾ ਹੈ। ਤੂੰ ਸ਼ਰਮ ਨਾ ਮੰਨ, ਹਕੀਕਤ ਨੰਗੀ ਹੋਣ ਤੋਂ। ਸਰਕਾਰਾਂ ਕਦੇ ਆਪਣੇ ਸਰਮਾਏ ਨੂੰ ਰੁਲਣ ਨਹੀਂ ਦਿੰਦੀਆਂ, ਕੋਈ ਨਾ ਕੋਈ ਹੱਲ ਜ਼ਰੂਰ ਨਿਕਲ ਆਵੇਗਾ। 'ਮੈਂ ਹਾਂ 'ਚ ਹਾਂ ਮਿਲਾ ਦਿੱਤੀ। ਲਵਲੀ ਗੋਇਲ, ਰਜੀਵ ਗੋਇਲ, ਤਰਸ਼ੇਮ ਸ਼ਰਮਾ ਤੇ ਦਰਸ਼ਨ ਜਿੰਦਲ ਪੱਤਰਕਾਰਾਂ ਨੇ ਮੇਰੇ ਆਰਟੀਕਲ ਪੇਪਰਾਂ 'ਚ ਲਾ ਦਿੱਤੇ। 'ਮਾਲਵਾ ਪੰਜਾਬੀ ਸਾਹਿਤ ਸਭਾ ਇਲਾਕਾ ਰਾਮਪੁਰਾ ਫੂਲ ਬਠਿੰਡਾ' ਨੇ ਖ਼ਬਰਾਂ ਲਾ ਦਿੱਤੀਆਂ। ਆਰਟੀਕਲ ਤੇ ਖ਼ਬਰਾਂ ਪੜ੍ਹ ਕੇ ਪੰਜਾਬ ਦੇ ਕੋਨੇ-ਕੋਨੇ 'ਚੋਂ ਸਾਹਿਤ ਸਭਾਵਾਂ, ਕਲੱਬਾਂ ਤੇ ਜਥੇਬੰਦੀਆਂ ਵੱਲੋਂ ਖ਼ਬਰਾਂ ਪੇਪਰਾਂ 'ਚ ਲੱਗਣ ਲੱਗ ਪਈਆਂ। ਸੁੱਤੀ ਸਰਕਾਰ ਨੂੰ ਜਗਾਉਣ ਲਈ ਆਵਾਜ਼ ਬੁਲੰਦ ਹੋ ਗਈ। ਖ਼ਬਰਾਂ ਪੜ੍ਹ ਕੇ ਨਾਲ ਦੀ ਨਾਲ ਅਲਫਾ ਜ਼ੀ ਨਿਊਜ ਤੇ ਪੰਜਾਬ ਟੂਡੇ ਚੈਨਲਾਂ ਨੇ ਮੂਵੀਆਂ ਬਣਾ ਕੇ ਦਿਖਾ ਦਿੱਤੀਆਂ ਅਤੇ ਦੂਰਦਰਸ਼ਨ 'ਤੇ ਪੰਜਾਬ ਪਲੱਸ ਨੇ ਵੀ ਫਿਲਮ ਬਣਾ ਕੇ ਦੂਰਦਰਸ਼ਨ 'ਤੇ ਦਿਖਾ ਦਿੱਤੀ, ਪਰ ਸਰਕਾਰ ਨੇ ਸਭ ਕੁਝ ਨੂੰ ਅੱਖੋਂ ਪਰੋਖੇ ਕਰ ਦਿੱਤਾ।
ਦੋਸਤ-ਮਿੱਤਰ ਕਿੰਨਾ ਕੁ ਚਿਰ ਮਦਦ ਕਰਦੇ, ਆਖਰ ਕੰਮ ਤਾਂ ਕੋਈ ਕਰਨਾ ਹੀ ਪੈਣਾ ਸੀ। ਓਧਰ ਸਰੀਰ ਵੀ ਹਾਮੀ ਨਹੀਂ ਭਰਦਾ, ਢੂਹੀ ਦੀ ਤਕਲੀਫ ਕਾਰਨ, ਕੋਡਾ ਸਿੱਧਾ ਨਹੀਂ ਹੋ ਸਕਦਾ ਸੀ। ਅਖੀਰ ਪੱਤਰਕਾਰ ਡਾ. ਦਰਸ਼ਨ ਜਿੰਦਲ ਨੇ ਇੱਕ ਸੌਖੇ ਕੰਮ 'ਤੇ ਲਵਾ ਦਿੱਤਾ ਜੋ ਮੈਂ ਅਸਾਨੀ ਨਾਲ ਕਰ ਸਕਦਾ ਸਾਂ, ਉਹ ਕੰਮ ਹੈ, ਰਾਤ ਨੂੰ ਦੁਕਾਨਾਂ ਦੀ ਪਹਿਰੇਦਾਰੀ।
ਮੈਂ ਦਸੰਬਰ 2003 ਤੋਂ ਦੁਕਾਨਾਂ ਦੀ ਪਹਿਰੇਦਾਰੀ ਸੰਭਾਲ ਲਈ। ਘਰ ਦਾ ਤੋਰੀ ਫੁਲਕਾ ਤੋਰਨ ਲਈ ਕੁਝ ਨਾ ਕੁਝ ਰਾਹਤ ਮਿਲੀ ਪਰ ਚੰਗੀ ਤਰ੍ਹਾਂ ਘਰ ਦਾ ਖਰਚ ਤਾਂ ਨਹੀਂ ਤੁਰਨ ਲੱਗਿਆ। ਦੁਕਾਨਾਂ 35 ਹਨ। ਹਰੇਕ ਦੁਕਾਨ 30 ਰੁਪਏ ਮਹੀਨਾ ਦਿੰਦੀ ਹੈ। ਸਿਰਫ 1050 ਰੁਪਏ ਮਹੀਨੇ ਦੇ ਬਣਦੇ ਹਨ। ਐਨੇ ਕੁ ਪੈਸਿਆਂ 'ਚ ਘਰ ਦੇ 4 ਜੀਆਂ ਨੂੰ ਮਹੀਨਾ ਕੱਢਣਾ ਬਹੁਤ ਔਖਾ ਹੈ। ਇਸ ਕਮਾਈ 'ਚੋ ਮੈਂ ਅਜੇ ਤੱਕ ਸਾਨੂੰ ਤਰਸਾ-ਤਰਸਾ ਕੇ 14 ਸਾਲ ਬਾਅਦ ਮਿਲੇ, ਆਪਣੇ ਸਾਹਾਂ ਤੋਂ ਪਿਆਰੇ ਬੇਟੇ ਚਾਨਣਦੀਪ ਲਈ ਕੋਈ ਕੁੜਤਾ ਪਜਾਮਾ ਵੀ ਨਹੀਂ ਲਿਆ ਸਕਿਆ, ਬੱਚੇ ਨੂੰ ਸੱਤਵਾਂ ਮਹੀਨਾ ਲੱਗ ਗਿਆ ਹੈ, ਸਾਰੇ ਲੀੜੇ ਕੱਪੜੇ ਮੇਰੀ ਮਾਂ ਜਾਈ ਭੈਣ ਮਲਕੀਤ ਹੀ ਦੇ ਕੇ ਗਈ ਹੈ। ਧਿਰਗ ਹੈ ਮੇਰੇ ਇਹੋ ਜਿਹੀ ਜ਼ਿੰਦਗੀ ਜਿਉਣ ਦੇ?
ਮੇਰੇ ਲਈ ਇੱਕ ਭਾਰੀ ਸਮੱਸਿਆ ਹੋਰ ਬਣ ਗਈ ਕਿ ਮੈਂ ਅਖਬਾਰਾਂ, ਮੈਗਜ਼ੀਨਾਂ 'ਚ ਭੇਜਣ ਲਈ ਰਚਨਾਵਾਂ ਜੋ ਪਿਆਰੇ ਪਾਠਕਾਂ ਨਾਲ ਸਾਂਝੀਆਂ ਕਰਨੀਆਂ ਹਨ, ਉਨ੍ਹਾਂ ਲਈ ਟਿਕਟਾਂ ਤੇ ਲਿਫਾਫਿਆਂ ਦਾ ਪ੍ਰਬੰਧ ਕਿਵੇਂ ਕਰਾਂ? ਤਨਖਾਹ ਦੇ ਪੈਸਿਆਂ ਨਾਲ ਤਾਂ ਘਰ ਦਾ ਖਰਚ ਹੀ ਨਹੀਂ ਤੁਰਦਾ। ਇਹ ਮਸਲਾ ਹੱਲ ਕਰਨ ਲਈ ਮੇਰੇ ਦੋਸਤ ਪ੍ਰਸ਼ੋਤਮ ਤੇ ਗਮਦੂਰ ਨੇ ਮੈਨੂੰ ਸੁਝਾਓ ਦਿੱਤਾ, "ਪ੍ਰੀਤੀਮਾਨ ਜੇ ਮਿਹਨਤ ਕਰੇ ਤਾਂ ਤੇਰਾ ਇਹ ਮਸਲਾ ਹੱਲ ਹੋ ਸਕਦਾ ਹੈ।" "ਮੇਰਾ ਮਸਲਾ ਹੱਲ ਹੋਵੇ ਮਿਹਨਤ ਮੈਂ ਕਰ ਲਵਾਂਗਾ।" ਮੈਂ ਉਨ੍ਹਾਂ ਨੂੰ ਕਿਹਾ।
"ਕੰਮ ਕਰਦਾ ਸ਼ਰਮ ਤਾਂ ਨਹੀਂ ਮੰਨਦਾ?"
"ਬਿਲਕੁਲ ਨਹੀਂ।"
"ਤਾਂ ਏਦਾਂ ਕਰਿਆ ਕਰ। ਦੁਕਾਨਦਾਰਾਂ ਦਾ ਸੜਕ 'ਤੇ ਸੁੱਟਿਆ ਗੱਤਾ ਇਕੱਠਾ ਕਰ ਲਿਆ ਕਰ, ਇਹ ਵਿਕ ਜਾਂਦਾ ਹੈ, ਤੇਰੀਆਂ ਟਿਕਟਾਂ ਦਾ ਪ੍ਰਬੰਧ ਹੋ ਗਿਆ ਸਮਝ ਤੇ ਵਿੱਚੋਂ ਸਾਫ ਚਿੱਟੇ ਤੇ ਖਾਕੀ ਕਾਗਜ਼ ਵੀ ਮਿਲ ਜਾਇਆ ਕਰਨਗੇ, ਉਨ੍ਹਾਂ ਦੇ ਲਿਫਾਫੇ ਬਣਾ ਲਿਆ ਕਰ।"
ਪ੍ਰਸ਼ੋਤਮ ਤੇ ਗਮਦੂਰ ਦੀ ਗੱਲ ਮੇਰੇ ਦਿਲ ਲੱਗ ਗਈ। ਹੁਣ ਮੈਂ ਦੁਕਾਨਾਂ ਦੇ ਜਿੰਦੇ ਚੈੱਕ ਕਰਨ ਤੋਂ ਬਾਅਦ ਸੜਕ 'ਤੇ ਪਿਆ ਸਾਫ ਸਾਫ ਗੱਤਾ ਤੇ ਸਾਫ ਸਾਫ ਕਾਗਜ਼ ਇਕੱਠੇ ਕਰ ਲੈਂਦਾ ਹਾਂ। ਸਾਫ ਚਿੱਟੇ ਤੇ ਖਾਕੀ ਕਾਗਜ਼ ਵਿੱਚੋਂ ਨਿਕਲ ਆਉਂਦੇ ਹਨ। ਜਿੰਨ੍ਹਾਂ ਦੇ ਮੈਂ ਲਿਫਾਫੇ ਤਿਆਰ ਕਰਦਾ ਹਾਂ ਤੇ ਜਦ 15-20 ਕਿਲੋ ਗੱਤਾ ਇਕੱਠਾ ਹੋ ਜਾਂਦਾ ਹੈ, ਉਹ ਵੇਚ ਕੇ, ਮੈਂ ਟਿਕਟਾਂ ਲਿਆਉਂਦਾ ਹਾਂ। ਫੇਰ ਰਚਨਾਵਾਂ ਅਖਬਾਰਾਂ, ਮੈਗਜ਼ੀਨਾਂ ਨੂੰ ਭੇਜਦਾ ਹਾਂ। ਇੱਕ ਪ੍ਰਣ ਹੈ, ਮੇਰੇ ਪਿਆਰੇ ਪਾਠਕਾਂ ਨਾਲ, ਭਾਵੇਂ ਕਿੰਨੀਆਂ ਵੀ ਮੁਸੀਬਤਾਂ ਵਿਚਦੀ ਕਿਉਂ ਨਾ ਲੰਘਣਾ ਪਏ ਪਰ ਪੰਜਾਬੀ ਮਾਂ ਬੋਲੀ ਦਾ ਪਿਆਰ ਤੇ ਸਮਾਜ ਦੀ ਸੇਵਾ ਮਰਦੇ ਦਮ ਤੱਕ ਕਰਦਾ ਰਹਾਂਗਾਂ। ਸੰਘਰਸ਼ ਜਾਰੀ ਹੈ।
*****

No comments: