ਮਾਂ ਅਤੇ ਮਿੱਟੀ ਦੀ ਖਿੱਚ……… ਲੇਖ / ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬੌਰਨ

ਹਰ ਮਿੱਟੀ ਦੀ ਇੱਕ ਫਿਤਰਤ ਹੁੰਦੀ ਹੈ ਕਿ ਉਹ ਆਪਣੇ ਜਾਇਆਂ  ਨੂੰ ਆਪਣੀ ਗੋਦ ਵਿੱਚ ਜਕੜ ਕੇ ਰੱਖਦੀ ਹੈ। ਫਿਰ ਚਾਹੇ ਕੋਈ ਪੌਦਾ ਹੋਵੇ ਜਾਂ ਇਨਸਾਨ ਆਪਣੀ ਮਿੱਟੀ ਤੋਂ ਟੁੱਟ ਕੇ ਕੋਈ ਵੀ ਜਿਆਦਾ ਦੇਰ ਤੱਕ ਜਿਉਂਦਾ ਨਹੀਂ ਰਹਿ ਸਕਦਾ, ਸਗੋਂ ਮਿੱਟੀ ਤੋਂ ਜੁੱਦਾ ਹੋ ਕੇ ਪੌਦਾ ਜਾਂ ਇਨਸਾਨ ਪਹਿਲਾਂ ਮੁਰਝਾ ਜਾਂਦਾ ਹੈ ਅਤੇ ਫੇਰ ਸੁੱਕ ਸੜ ਕੇ ਮਿੱਟੀ ਵਿੱਚ ਹੀ ਮਲੀਨ ਹੋ ਜਾਂਦਾ ਹੈ। ਰੁੱਖ ਚਾਹੇ ਕਿੰਨਾ ਵੀ ਉਚਾ ਕਿਉਂ ਨਾ ਹੋਵੇ ਉਸ ਦੀਆਂ ਜੜ੍ਹਾਂ ਹਮੇਸ਼ਾ ਜਮੀਨ ਵਿੱਚ ਹੀ ਰਹਿੰਦੀਆਂ ਹਨ। ਉਵੇਂ ਇਨਸਾਨ ਭਾਵੇਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲਾ ਜਾਵੇ ਆਪਣੀ ਮਾਂ ਅਤੇ ਮਿੱਟੀ ਤੋਂ ਦੂਰ ਨਹੀਂ ਹੋ ਸਕਦਾ। ਉਸ ਦਾ ਦਿਲ ਹਮੇਸ਼ਾ ਹੀ ਆਪਣੀ ਜੰਮਣ ਭੂਮੀ ਲਈ ਧੜਕਦਾ ਹੈ। ਉਸਨੂੰ ਸੁਪਨਿਆਂ ਵਿੱਚ ਵੀ ਆਪਣੀ ਮਾਂ ਦੀਆਂ ਹਾਕਾਂ ਵਜਦੀਆਂ ਸੁਣਦੀਆਂ ਹਨ। ਮਾਂ ਦੇ  ਹੱਥਾਂ ਦੀਆਂ ਪੱਕੀਆਂ ਰੋਟੀਆਂ 36  ਕਿਸਮ ਦੇ ਭੋਜਨ ਤੋਂ ਵੀ ਵਧੀਆ ਲਗਦੀਆਂ ਹਨ। ਜਿਨ੍ਹਾਂ ਕੋਈ ਆਪਣੀ ਜੰਮਣ ਭੂੰਮੀ ਤੋਂ ਦੂਰ ਹੁੰਦਾ ਹੈ। ਉਨੀ ਹੀ ਸ਼ਿਦਤ ਉਸਦੇ ਦਿਲ ਵਿੱਚ ਉਸ ਪ੍ਰਤੀ ਵਧਦੀ ਜਾਂਦੀ ਹੈ। ਇੱਕ ਹਸਰਤ ਉਸ ਦੇ ਦਿਲ ਵਿੱਚ ਹਮੇਸ਼ਾ ਹੀ ਪਲਦੀ ਰਹਿੰਦੀ ਹੈ ਕਿ ਕਾਸ਼ ! ਉਹ ਇੱਕ ਪੰਛੀ ਬਣ ਜਾਵੇ ਉਸ ਦੇ ਪਰ ਨਿਕਲ ਆਉਣ ਤਾਂ ਕਿ ਉਹ ਝੱਟ ਉਡ ਕੇ ਆਪਣੇ ਵਤਨ ਪਹੁੰਚ ਜਾਵੇ ਅਤੇ ਆਪਣੀ ਮਾਂ ਦੀ ਗੋਦ ਵਿੱਚ ਸਿਰ ਰੱਖ ਸਕੇ।

ਇਸ ਗੱਲ ਦਾ ਅਹਿਸਾਸ ਮੈਨੂੰ ਉਸ ਸਮੇਂ ਬੜੀ ਸ਼ਿਦਤ ਨਾਲ ਹੋਇਆ ਜਦੋਂ ਸਾਢੇ ਤਿੰਨ ਸਾਲਾਂ ਦੇ ਆਸਟ੍ਰੇਲੀਆ ਪ੍ਰਵਾਸ ਤੋਂ ਬਾਅਦ ਮੇਰੇ ਲਈ ਆਪਣੇ ਸੋਹਣੇ ਪੰਜਾਬ ਜਾਣ ਦਾ ਮੌਕਾ ਬਣਿਆ । ਜਾਣ ਦੀ ਤਰੀਕ ਤੈਅ ਹੁੰਦਿਆਂ ਹੀ ਆਪਣੀ ਮਿੱਟੀ ਨੂੰ ਮਿਲਣ ਦੀ ਚਾਹਤ ਦਿਨੋ-ਦਿਨ ਤੀਬਰ ਹੁੰਦੀ ਗਈ । ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਚੰਦਰਾ ਵਕਤ ਗੁਜਰ ਹੀ ਨਾ ਰਿਹਾ ਹੋਵੇ, ਦਿਨ ਜਿਵੇਂ ਸਦੀਆਂ ਬਣ ਗਏ ਹੋਣ । ਇਹ ਕੁਝ ਹੀ ਦਿਨਾਂ ਦਾ ਸਫਰ ਕਿਵੇਂ ਬੀਤਿਆ ਇਹ ਮੇਰਾ ਦਿਲ ਹੀ ਜਾਣਦਾ ਹੋ ਅਤੇ ਅੰਤ ਨੂੰ ਉਹ ਸੁਭਾਗੀ ਘੜੀ ਆ ਪਹੁੰਚੀ ਜਦੋਂ ਵਤਨ ਨੂੰ ਜਾਣ ਵਾਲੇ ਜਹਾਜ ਵਿੱਚ ਬੈਠਿਆ ਅਤੇ ਇਸ ਸਫਰ ਦੌਰਾਨ ਵੀ ਸਮਾਂ ਜਿਵੇਂ ਖਲੋ ਹੀ ਗਿਆ ਹੋਵੇ । ਮੈਂ ਸਫਰ ਤਾਂ ਜਹਾਜ਼ ਵਿੱਚ ਕਰ ਰਿਹਾ ਸੀ ਪਰੰਤੂ ਮੇਰੇ ਖਿਆਲ ਮੇਰੇ ਪੰਜਾਬ ਵਿਚਲੇ ਘਰ ਦੀ ਪਰਿਕਰਮਾ ਹੀ ਕਰ ਰਹੇ ਸਨ। ਜਿਵੇਂ ਸਾਰਾ ਬ੍ਰਹਿਮੰਡ ਸੁੰਗੜ ਦੇ ਇੱਕ ਬਿੰਦੂ ਬਣ ਗਿਆ ਹੋਵੇ ਅਤੇ ਅੰਤ ਨੂੰ ਆਪਣੇ ਵਤਨ ਦੀ ਸਰਜ਼ਮੀਨ ਉੱਤੇ ਪੈਰ ਰੱਖਣ ਦੀ ਖੁਸ਼ਕਿਸਮਤੀ ਮੇਰੇ ਹਿੱਸੇ ਵੀ ਆ ਹੀ ਗਈ । ਉਸ ਮਿੱਟੀ ਦੀ ਖਿੱਚ ਦਾ ਵਰਨਣ ਸ਼ਬਦਾਂ ਵਿੱਚ ਨਹੀਂ ਕੀਤਾ ਜਾ ਸਕਦਾ । ਉਸ ਸਮੇਂ ਮੇਰਾ ਦਿਲ ਭਰਿਆ ਹੋਇਆ ਸੀ ਤੇ ਡੱਬਡਬਾਉਂਦੀਆਂ ਅੱਖਾਂ ਮੇਰੀ ਅੰਦਰੂਨੀ  ਹਾਲਤ ਨੂੰ ਬਿਆਨ  ਕਰ ਰਹੀਆਂ ਸੀ । ਮੇਰੀ ਪਤਨੀ ਵੀ ਮੇਰੀ ਇਸ ਗਲਤ ਤੋਂ ਭਲੀ ਭਾਂਤੀ ਜਾਣੂ ਸੀ ਕਿ ਅੱਜ ਦਾ ਦਿਨ ਸਾਡੇ ਲਈ ਕੀ ਮਾਇਨੇ ਰੱਖ ਰਿਹਾ ਸੀ ਤੇ ਬੀਤੇ ਸਾਲ ਅੱਜ ਦੇ ਦਿਨ ਲਈ ਕਿਸ ਤਰ੍ਹਾਂ ਲੰਘਾਏ ।

ਏਅਰਪੋਰਟ ਦੇ ਉਤੇ ਸਾਰੇ ਸਾਡਾ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਏਅਰਪੋਟ ਉੱਤੇ ਮੇਰੇ ਮਾਤਾ ਜੀ, ਭੈਣਾਂ, ਵੱਡਾ ਵੀਰ, ਭਰਜਾਈ, ਬੱਚੇ ਤੇ ਸਹੁਰਾ ਪਰਿਵਾਰ ਸਾਨੂੰ ਬਾਹਰ ਆਉਦਿਆਂ ਨੂੰ ਦੇਖ ਕੇ ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਸਨ। ਸਾਰਿਆਂ ਨੂੰ ਮਿਲ ਕੇ ਅੰਤ ਵਿਚ ਜਦੋਂ ਮੈਂ ਆਪਣੀ ਮਾਂ ਨੂੰ ਮਿਲਿਆ ਤਾਂ ਉਹ ਡਡਿਆ ਕੇ ਮੇਰੇ ਗਲ ਲਗ ਗਈ। ਇੰਝ ਲਗਦਾ ਸੀ ਜਿਵੇਂ ਸਾਰੀ ਕਾਇਨਾਤ ਇੱਕ ਥਾਂਵੇ ਠਹਿਰ ਗਈ ਹੋਵੇ ਵਕਤ ਜਿਵੇਂ ਚਲਣੋ ਭੁਲ ਗਿਆ ਹੋਵੇ ਅਸੀਂ ਦੋਵੇਂ ਚੁੱਪ ਸਾਂ ਪਰ ਸਾਡੇ ਦੋਵਾਂ ਦੀਆਂ ਅੱਖਾਂ ਵਿੱਚ ਵਹਿੰਦੇ ਪਰਲ-2 ਹੰਝੂ ਸਾਡੇ ਦਿਲਾਂ ਦੀ ਭਾਸ਼ਾ ਨੂੰ ਬਿਆਨ ਕਰ ਰਹੇ ਸਨ। ਇਸ ਤਰਾਂ ਜਾਪਦਾ ਸੀ ਕਿ ਜਿਵੇਂ ਰੋਟੀ ਦੇ ਦਸ਼ਰਥ ਵੱਲੋਂ ਦਿੱਤੇ ਗਏ ਬਨਵਾਸ ਤੋਂ ਪਰਤ ਕੇ ਘਰ ਮੁੜਿਆ ਹੋਵਾਂ। ਆਪਣੇ ਘਰ ਆ ਕੇ ਘਰ ਦੀ ਦਹਲੀਜ਼ ਨੂੰ ਸਲਾਮ ਕੀਤਾ। ਇੱਕ ਵਾਰ ਤਾਂ ਯਕੀਨ ਹੀ ਨਹੀ ਸੀ ਆ ਰਿਹਾ ਕਿ ਮੈਂ ਆਪਣੇ ਉਸ ਘਰ ਪਹੁੰਚ ਗਿਆ ਹਾਂ ਜਿਥੇ ਬਚਪਨ ਵਿੱਚ ਖੇਡਿਆ, ਸ਼ਰਾਰਤਾਂ ਕੀਤੀਆ ਪਰਿਵਾਰ ਦਾ ਪਿਆਰ ਤੇ ਝਿੜਕਾਂ ਖਾਧੀਆਂ। ਮੈਂ ਇੰਨ੍ਹਾਂ ਉਧਾਰੇ ਮਿਲੇ ਦਿਨਾਂ ਨੂੰ ਆਪਣੇ ਢੰਗ ਨਾਲ ਬਿਤਾਇਆ। ਜਿਆਦਾ ਸਮਾਂ ਆਪਣੇ ਪਰਿਵਾਰ ਵਿੱਚ ਹੀ ਗੁਜ਼ਾਰਿਆ । ਘਰ ਵਿੱਚ ਮਾਤਾ ਜੀ, ਵੱਡਾ ਵੀਰ, ਭਾਬੀ, ਭਤੀਜਾ–ਭਤੀਜੀ ਦੇ ਨਾਲ-ਨਾਲ ਮੈਂ, ਮੇਰੀ ਪਤਨੀ ਅਤੇ ਮੇਰੇ ਦੋ ਸਾਲ ਦੇ ਬੇਟੇ ਦੇ ਜਾਣ ਨਾਲ ਇੱਕ ਵਿਆਹ ਵਰਗਾ ਮਾਹੌਲ ਬਣ ਗਿਆ ਸੀ। ਦਿਨ ਕਦੋਂ ਚੜਦਾ ਤੇ ਕਦੋਂ ਢਲਦਾ ਕੁਝ ਪਤਾ ਹੀ ਨਾ ਲਗਦਾ । ਵਕਤ ਨੂੰ ਜਿਵੇਂ ਖੰਭ ਲੱਗ ਗਏ ਹੋਣ, ਇਸ ਤਰ੍ਹਾਂ ਉਡਿਆ ਜਾ ਰਿਹਾ ਸੀ । ਇਨ੍ਹਾਂ ਦਿਨਾਂ ਵਿੱਚ ਬੀਤੇ ਸਮੇਂ ਦੀਆਂ ਯਾਦਾਂ ਤਾਜ਼ਾ ਕੀਤੀਆਂ । ਪੁਰਾਣੇ ਬੇਲੀਆਂ ਨੂੰ ਮਿਲਿਆ । ਸਕੂਲ-ਕਾਲ਼ਜ ਦੇ ਸਮੇ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ। ਇਸ ਸਮੇਂ ਦੌਰਾਨ ਕੁਝ ਖਾਸਮਖਾਸਾਂ ਦਾ ਸਦੀਵੀ ਵਿਛੋੜਾ ਵੀ ਮਨ ਨੂੰ ਦੁਖੀ ਕਰ ਰਿਹਾ ਸੀ । ਬਚਪਨ ਵਿੱਚ ਹੀ ਪਿਤਾ ਜੀ ਦੇ ਅਕਾਲ ਚਲਾਣੇ ਮਗਰੋਂ ਸਾਡੀ ਮਾਤਾ ਨੇ ਸਾਡੇ ਪਰਿਵਾਰ ਨੂੰ ਕਿਸ ਤਰ੍ਹਾਂ ਸੰਭਾਲਿਆ, ਇਹ ਸਿਰਫ ਸਾਡਾ ਪਰਿਵਾਰ ਜਾਣਦਾ ਸੀ । ਪਰੰਤੂ ਅੱਜ ਆਪਣਾ ਹਰਿਆ-ਭਰਿਆ ਪਰਿਵਾਰ ਦੇਖ ਕੇ ਉਸ ਦੀ ਖੁਸ਼ੀ ਸੰਭਾਲੇ ਤੋਂ ਵੀ ਨਹੀਂ ਸੀ ਰੁੱਕ ਰਹੀ । ਘਰ ਆਇਆ ਦਿਨ ਕਿਵੇਂ ਬੀਤਣ ਲੱਗੇ ਪਤਾ ਹੀ ਨਾ ਲੱਗੇ ਅਤੇ ਵਾਪਸ ਪਰਤਣ ਦਾ ਦਿਨ ਨੇੜੇ ਆਉਣ ਲੱਗਾ । ਜਿਵੇਂ-ਜਿਵੇਂ ਇਹ ਤਰੀਕ ਨੇੜੇ ਆਉਣ ਲੱਗੀ ਦਿਲ ਨੂੰ ਖੋਹ ਜਿਹੀ ਪੈਂਦੀ । ਦਿਲ ਕਰਦਾ ਕਿ ਸਮਾਂ ਠਹਿਰ ਜਾਵੇ, ਘੜੀਆਂ ਰੁਕ ਜਾਣ ਪਰ ਸਮਾਂ ਤਾਂ ਦੌੜਿਆ ਜਾ ਰਿਹਾ ਸੀ । ਅੰਤ ਵਿੱਚ ਉਹ ਦਿਨ ਵੀ ਆ ਗਿਆ ਜਦੋਂ ਦੁਬਾਰਾ ਆਪਣੀ ਮਿੱਟੀ ਨੂੰ ਅਲਵਿਦਾ ਆਖਣਾ ਸੀ। ਸਾਡੇ ਘਰੋਂ ਤੁਰਨ ਵੇਲੇ ਸਾਰੇ ਸਕੇ ਸਬੰਧੀਆਂ ਦੇ ਮਨ ਮੁਰਝਾਏ ਹੋਏ ਸਨ ਪਰ ਮਾਂ ਦੇ ਚਿਹਰੇ ਉਪਰ ਇੱਕ ਡੂੰਘੀ ਖਾਮੋਸ਼ੀ ਛਾਈ ਹੋਈ ਸੀ । ਲੱਗਦਾ ਸੀ ਕਿ ਜਿਵੇਂ ਸ਼ਬਦ ਉਸਦੇ ਅੰਦਰ ਜਿਵੇਂ ਬਰਫ ਬਣ ਗਏ ਹੋਣ । ਉਸਦੀ ਡੂੰਘੀ ਚੁੱਪ ਜਿਵੇਂ ਆਪਣੇ ਆਪ ਵਿੱਚ ਦਰਦ ਦਾ ਇੱਕ ਇਤਿਹਾਸ ਸਮੋਈ ਬੈਠੀ ਸੀ । ਉਸਦੇ ਨਾਂ ਬੋਲਣ ਦੇ ਬਾਵਜੂਦ ਵੀ ਉਸਦੇ ਦਿਲ ਦੀ ਆਵਾਜ਼ ਸਾਫ ਸੁਣਾਈ ਦੇ ਰਹੀ ਸੀ । ਉਸਦੀਆਂ ਉਦਾਸ ਅੱਖਾਂ ਮੈਨੂੰ ਜਿੱਥੇ ਨਾ ਜਾਣ ਬਾਰੇ ਤਰਲਾ ਕਰ ਰਹੀਆਂ ਹੋਣ । ਉਸਦੇ ਭਾਵਾਂ ਨੂੰ ਸਮਝਣ ਦੇ ਬਾਵਜੂਦ ਮੇਰਾ ਉਸ ਵੱਲ ਦੇਖਣ ਦਾ ਹੌਸਲਾ ਨਹੀਂ ਸੀ ਪੈ ਰਿਹਾ, ਜਿਵੇਂ ਮੈਂ ਉਸ ਤੋਂ ਅੱਖਾਂ ਚੁਰਾ ਰਿਹਾ ਹੋਵਾਂ । ਅੱਜ ਮੈਨੂੰ ਜਾਪਿਆ ਕਿ ਮਾਂ ਤੇ ਮਿੱਟੀ ਕੁਦਰਤ ਦੇ ਇੱਕ ਹੀ ਰੂਪ ਹਨ ਜਿਹੜੇ ਸਮੇਂ- ਸਮੇਂ ਸੰਤਾਪ ਸਹਿੰਦੇ ਹੋਏ ਵੀ ਸਾਡੇ ਲਈ ਦੁਆਵਾਂ ਤੇ ਰਹਿਮਤਾਂ ਦੀ ਵਰਖਾ ਹੀ ਕਰਦੀਆਂ ਹਨ । ਤੁਰਨ ਵੇਲੇ ਮਾਂ ਨੇ ਆਪਣੇ ਭਰੇ ਮਨ ਨਾਲ ਮੁਸ਼ਕਲ ਨਾਲ ਇਨ੍ਹਾਂ ਹੀ ਕਿਹਾ “ਪੁੱਤ ਛੇਤੀ ਮੁੜੀ” ਅਤੇ ਉਸਦੀ ਨਜ਼ਰ ਉਦੋਂ ਤੱਕ ਮੇਰਾ ਪਿੱਛਾ ਕਰਦੀ ਰਹੀ, ਜਦੋਂ ਤੱਕ ਸਾਡੀ ਗੱਡੀ ਨਜਰਾਂ ਤੋਂ ਉਹਲੇ ਨਾ ਹੋ ਗਈ । ਜਾਪਦਾ ਹੈ, ਵਾਪਸ ਇੱਥੇ ਪਹੁੰਚਣ ਦੇ ਇੰਨ੍ਹੇ ਦਿਨਾਂ ਬਾਅਦ ਵੀ ਮਾਂ ਦੀ ਉਹ ਸੱਖਣੀ ਨਜ਼ਰ ਜਿਵੇਂ ਅੱਜ ਵੀ ਮੇਰਾ ਪਿੱਛਾ ਕਰ ਰਹੀ ਹੋਵੇ ।

****

No comments: