ਯਾਦਗਾਰੀ ਰਿਹਾ ਪੰਜਾਬ ਯੂਨੀਵਰਸਿਟੀ ’ਚ ‘ਸਿੱਖ ਸੰਦਰਭ ਵਿਚ ਔਰਤ ਤੇ ਦਲਿਤ’ ਸਬੰਧੀ ਰਾਸ਼ਟਰੀ ਸੈਮੀਨਾਰ.......... ਡਾ. ਪਰਮਿੰਦਰ ਸਿੰਘ ਤੱਗੜ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਆਈ. ਸੀ. ਐਸ. ਐਸ. ਆਰ ਹਾਲ ਵਿਖੇ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਵੱਲੋਂ ‘ਸਿੱਖ ਸੰਦਰਭ ਵਿਚ ਔਰਤ ਤੇ ਦਲਿਤ ਦੀ ਪੇਸ਼ਕਾਰੀ : ਸਾਹਿਤ, ਇਤਿਹਾਸ ਅਤੇ ਸਮਾਜਕ ਪ੍ਰਵਚਨਾਂ ਦੇ ਪ੍ਰਸੰਗ ਵਿਚ’ ਮੁੱਖ ਥੀਮ ਨੂੰ ਲੈ ਕੇ ਇਕ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਪੰਜਾਬ ਯੂਨੀਵਰਸਿਟੀ ਦੇ ਵਿਦਵਾਨਾਂ ਤੋਂ ਇਲਾਵਾ ਕੁਰੂਕਸ਼ੇਤਰ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਜੰਮੂ ਯੂਨੀਵਰਸਿਟੀ, ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਤੋਂ ਇਲਾਵਾ ਚੰਡੀਗੜ੍ਹ, ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ ਅਤੇ ਦਿੱਲੀ ਦੇ ਵਿਭਿੰਨ ਕਾਲਜਾਂ ਤੋਂ ਆਏ ਪ੍ਰਾਧਿਆਪਕਾਂ ਅਤੇ ਖੋਜਾਰਥੀਆਂ ਨੇ ਹਿੱਸਾ ਲਿਆ।  
ਸੈਮੀਨਾਰ ਦੇ ਉਦਘਾਟਨੀ ਸੈਸ਼ਨ ਦੇ ਮੁੱਖ ਮਹਿਮਾਨ ਸਨ ਪੰਜਾਬੀ ਭਾਸ਼ਾ ਤੇ ਸਭਿਆਚਾਰ ਦੇ ਮੁੱਦਈ ਡਾ. ਜਸਪਾਲ ਸਿੰਘ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪ੍ਰਧਾਨਗੀ ਮੰਡਲ ਵਿਚ ਸ਼ਾਮਲ ਦੂਜੇ ਵਕਤਾਵਾਂ ’ਚ ਉਦਘਾਟਨੀ ਸ਼ਬਦਾਂ ਲਈ ਪ੍ਰੋਫ਼ੈਸਰ ਆਰ. ਸੀ. ਸੋਬਤੀ ਉਪ ਕੁਲਪਤੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਕੁੰਜੀਵਤ ਭਾਸ਼ਣ ਲਈ  ਪ੍ਰਸਿਧ ਆਲੋਚਕ ਪ੍ਰੋਫ਼ੈਸਰ (ਡਾ.) ਜਗਬੀਰ ਸਿੰਘ ਸਾਬਕਾ ਚੇਅਰਮੈਨ ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ, ਵਿਸ਼ੇਸ਼ ਮਹਿਮਾਨਾਂ ਵਜੋਂ ਡਾ. ਗੁਰਨੇਕ ਸਿੰਘ ਉਪ ਕੁਲਪਤੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫ਼ਤਿਹਗੜ੍ਹ ਸਾਹਿਬ ਅਤੇ ਪੰਜਾਬੀ ਦੀ ਪ੍ਰਸਿੱਧ ਗਲਪਕਾਰਾ ਡਾ. ਦਲੀਪ ਕੌਰ ਟਿਵਾਣਾ ਸੁਸ਼ੋਭਤ ਸਨ। ਆਏ ਮਹਿਮਾਨਾਂ ਅਤੇ ਡੈਲੀਗੇਟਾਂ ਦਾ ਹਾਰਦਿਕ ਸਵਾਗਤ ਕਰਦਿਆਂ ਗੁਰੂ ਸਿੱਖ ਅਧਿਐਨ ਵਿਭਾਗ ਦੇ ਚੇਅਰਪਰਸਨ ਡਾ. ਜਸਪਾਲ ਕੌਰ ਕਾਂਗ ਨੇ ਸੈਮੀਨਾਰ ਦੀ ਰੂਪ ਰੇਖਾ ਬਿਆਨ ਕੀਤੀ ਅਤੇ ’ਵਰਸਿਟੀ ਦੇ ਉਪ ਕੁਲਪਤੀ ਡਾ. ਸੋਬਤੀ ਦੁਆਰਾ ਪੰਜਾਬੀ ਭਾਸ਼ਾ ਅਤੇ ਸਿੱਖ ਅਧਿਐਨ ਸਬੰਧੀ ਵਿਭਾਗ ਵੱਲੋਂ ਕਰਵਾਏ ਜਾਣ ਵਾਲੇ ਵਿਭਿੰਨ੍ਹ ਕਾਰਜਾਂ ਵਿਚ ਭਰਪੂਰ ਸਹਿਯੋਗ ਲਈ ਧਨਵਾਦ ਵਿਅਕਤ ਕੀਤਾ। ਡਾ. ਸੋਬਤੀ ਨੇ ਆਪਣੇ ਉਦਘਾਟਨੀ ਸ਼ਬਦ ਬਿਆਨ ਕਰਦਿਆਂ ਗੁਰੂ ਗ੍ਰੰਥ ਸਾਹਿਬ ਵਿਚ ਪੇਸ਼ ਸਿਖਿਆਵਾਂ ਦਾ ਜ਼ਿਕਰ ਕਰਦਿਆਂ ਮੁੱਖ ਥੀਮ ਬਾਰੇ ਚਰਚਾ ਕੀਤੀ। ਮੁੱਖ ਮਹਿਮਾਨ ਡਾ. ਜਸਪਾਲ ਸਿੰਘ ਨੇ ਸੈਮੀਨਾਰ ਦੇ ਮੁੱਖ ਥੀਮ ਨੂੰ ਲੈ ਕੇ ਵਿਸਥਾਰ ਸਹਿਤ ਚਰਚਾ ਕਰਦਿਆਂ ਗੁਰੂ ਮਹਿਲਾਂ ਦੇ ਇਤਿਹਾਸਕ ਹਵਾਲਿਆਂ ਸਹਿਤ ਔਰਤ ਦੀ ਮਹਾਨਤਾ ਨੂੰ ਪੇਸ਼ ਕਰਨ ਦੇ ਨਾਲ਼-ਨਾਲ਼ ਨਿਤਾਣਿਆਂ/ਦਮਿਤਾਂ ਦੀ ਹੋਣੀ ਅਤੇ ਚੇਤਨਤਾ ਦੇ ਸੰਦਰਭ ਵਿਚ ਚਰਚਾ ਕੀਤੀ ਅਤੇ ਗੁਰਬਾਣੀ ’ਚੋਂ ਉਦਾਹਰਣਾਂ ਸਹਿਤ ਗੁਰਮਤਿ ਵਿਚਾਰਧਾਰਾ ਦੁਆਰਾ ਸੋਸ਼ਤ ਸਮਾਜ ਨੂੰ ਉਪਰ ਚੁੱਕਣ ਪ੍ਰਤਿ ਅਪਣਾਏ ਰੁਖ਼ ਦਾ ਬਿਉਰਾ, ਇਤਿਹਾਸ ਅਤੇ ਵਰਤਮਾਨ ਹਾਲਾਤ ਦੇ ਮੱਦੇਨਜ਼ਰ ਤੁਲਨਾਤਮਕ ਸੁਰ ਵਿਚ ਪੇਸ਼ ਕੀਤਾ। ਡਾ. ਜਗਬੀਰ ਸਿੰਘ ਨੇ ਆਪਣਾ ਕੁੰਜੀਵਤ ਭਾਸ਼ਨ ਦਿੰਦਿਆਂ ਗੁਰੂ ਨਾਨਕ ਦੁਆਰਾ ਦਲਿਤਾਂ ਤੇ ਨਾਰੀ ਦੇ ਹੱਕ ਵਿਚ ਉਠਾਈ ਬੁਲੰਦ ਆਵਾਜ਼ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਗੁਰਬਾਣੀ ’ਚੋਂ ਹਵਾਲਿਆਂ ਸਹਿਤ ਮੁੱਖ ਥੀਮ ਦੀਆਂ ਪਰਤਾਂ ਨੂੰ ਖੋਲ੍ਹਿਆ। ਡਾ. ਗੁਰਨੇਕ ਸਿੰਘ ਨੇ ਸਿੱਖ ਸੰਦਰਭ ਵਿਚ ਜਾਤ ਪਾਤ ਦੇ ਖਾਤਮੇ ਲਈ ਸਿੱਖ ਸਿਧਾਂਤਕ ਮੁੱਲਾਂ ਦਾ ਖ਼ੁਲਾਸਾ ਕੀਤਾ। ਪ੍ਰਸਿੱਧ ਸਾਹਿਤਕਾਰਾ ਡਾ. ਦਲੀਪ ਕੌਰ ਟਿਵਾਣਾ ਨੇ ਨਾਰੀ ਸ਼ਕਤੀ ਦੇ ਸਬੰਧ ਵਿਚ ਇਤਿਹਾਸਕ ਹਵਾਲਿਆਂ ਸਹਿਤ ਆਪਣੇ ਵਿਚਾਰ ਪੇਸ਼ ਕੀਤੇ। ਮਹਿਮਾਨਾਂ ਪ੍ਰਤਿ ਧਨਵਾਦ ਦੀ ਰਸਮ ਡਾ. ਗੁਰਪਾਲ ਸਿੰਘ ਸੰਧੂ ਨੇ ਅਦਾ ਕੀਤੀ।
ਸਮੁੱਚੇ ਸੈਮੀਨਾਰ ਨੂੰ ਚਾਰ ਸੈਸ਼ਨਾਂ ਵਿਚ ਵੰਡਿਆ ਹੋਇਆ ਸੀ। ਉਦਘਾਟਨੀ ਸੈਸ਼ਨ ਉਪਰੰਤ ਦੂਜੇ ਸੈਸ਼ਨ ਦੀ ਸਦਾਰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਆਏ ਪ੍ਰੋਫ਼ੈਸਰ (ਡਾ.) ਜਸਬੀਰ ਸਿੰਘ ਸਾਬਰ ਨੇ ਕੀਤੀ। ਉਨ੍ਹਾਂ ਨਾਲ਼ ਪ੍ਰਧਾਨਗੀ ਮੰਡਲ ਵਿਚ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਚੇਅਰਮੈਨ ਪ੍ਰੋਫ਼ੈਸਰ (ਡਾ.) ਹਰਸਿਮਰਨ ਸਿੰਘ ਰੰਧਾਵਾ, ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਿੰਦਰਪਾਲ ਸਿੰਘ ਬਰਾੜ ਅਤੇ ਡਾ. ਏ. ਐਸ. ਆਹਲੂਵਾਲੀਆ ਸ਼ਾਮਲ ਸਨ।  ਡਾ. ਰੰਧਾਵਾ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਮਾਨਤਾ ਦੇ ਸਰੋਕਾਰ’ ਵਿਸ਼ੇ ’ਤੇ ਵਿਚਾਰ ਪੇਸ਼ ਕਰਦਿਆਂ ਇਸ ਗੱਲ ’ਤੇ ਜੋਰ ਦਿੱਤਾ ਕਿ ਇਸ ਮਹਾਨ ਰਚਨਾ ਵਿਚ ਮਾਨਵ ਮੁਕਤੀ ਦਾ ਕੇਵਲ ਰਾਹ ਹੀ ਨਹੀਂ ਦੱਸਿਆ ਗਿਆ ਸਗੋਂ ਸਮਾਜ, ਰਾਜਨੀਤੀ ਅਤੇ ਸਭਿਆਚਾਰ ਦੀ ਵਿਹਾਰਕਤਾ ਨੂੰ ਵੀ ਮੁੜ ਵਿਚਾਰਿਆ ਗਿਆ ਹੈ। ਡਾ. ਬਰਾੜ ਨੇ ਸਿੱਖ ਧਰਮ ਅੰਦਰ ਸਿਧਾਂਤ ਤੇ ਵਿਹਾਰ ਦੇ ਪਾੜੇ ਦੀ ਗੱਲ ਕਹੀ। ਦਿੱਲੀ ਤੋਂ ਆਏ ਨੌਜਵਾਨ ਵਿਦਵਾਨ ਡਾ. ਰਵਿੰਦਰ ਸਿੰਘ ਅਨੁਸਾਰ ਗੁਰਬਾਣੀ ਪ੍ਰਵਚਨ ਦਾ ਮੁਹਾਵਰਾ ਤੇ ਮੁਹਾਂਦਰਾ ਭਾਵੇਂ ਪਰਾਭੌਤਿਕਤਾ ਦੇ ਨੇੜੇ ਤੇੜੇ ਜਾਪਦਾ ਹੈ ਪਰ ਇਸ ਦੇ ਸਰੋਕਾਰ ਪੂਰੀ ਤਰ੍ਹਾਂ ਸਧਾਰਣ ਲੋਕਾਈ ਅਤੇ ਦਲਿਤ ਵਰਗਾਂ ਨਾਲ਼ ਜੁੜੇ ਹੋਏ ਹਨ। ਡਾ. ਗੁਰਸ਼ਰਨ ਸਿੰਘ ਨੇ ਸਿੱਖ ਸੰਦਰਭ ਵਿਚ ਔਰਤ ਅਤੇ ਦਲਿਤ ਪ੍ਰਵਚਨ ਦੇ ਪ੍ਰਸੰਗ ਵਿਚ ਚਰਚਾ ਕਰਦਿਆਂ ਸੁਚੱਜਾ ਜੀਵਨ ਜਿਉਣ ਸਬੰਧੀ ਗੁਰਬਾਣੀ ’ਚੋਂ ਹਵਾਲੇ ਪੇਸ਼ ਕੀਤੇ। ਮਨੁੱਖੀ ਅਧਿਕਾਰ ਕੇਂਦਰ ਦੀ ਕੋਆਰਡੀਨੇਟਰ ਡਾ. ਸਵਰਨਜੀਤ ਕੌਰ ਨੇ ਸਿੱਖ ਸੰਦਰਭ ਵਿਚ ਔਰਤ ਦੇ ਅਧਿਕਾਰਾਂ ਅਤੇ ਮਨੁੱਖੀ ਅਧਿਕਾਰਾਂ ਦੇ ਸਨਮੁਖ ਵਿਚਾਰ ਪੇਸ਼ ਕੀਤੇ। ਡਾ. ਸਾਬਰ ਨੇ ਸੈਸ਼ਨ ਦੀ ਚਰਚਾ ਨੂੰ ਸਮੇਟਦਿਆਂ ਕਹਿਣੀ ਤੇ ਕਰਨੀ ਦੇ ਸੰਕਲਪ ’ਤੇ ਪੂਰੇ ਉਤਰਨ ਦਾ ਸੁਨੇਹਾ ਦਿੱਤਾ।
ਤੀਜੇ ਸੈਸ਼ਨ ਦੀ ਸਦਾਰਤ ਪ੍ਰਸਿਧ ਨਾਟਕਕਾਰ ਨਿਰਦੇਸ਼ਕ ਫ਼ਿਲਮ-ਅਦਾਕਾਰ ਅਤੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ (ਡਾ.) ਸਤੀਸ਼ ਕੁਮਾਰ ਵਰਮਾ ਨੇ ਕੀਤੀ। ਉਨ੍ਹਾਂ ਨਾਲ਼ ਪ੍ਰਧਾਨਗੀ ਮੰਡਲ ਵਿਚ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਡਾ. ਰਾਜਿੰਦਰ ਸਿੰਘ ਭੱਟੀ ਅਤੇ ਪ੍ਰੋਫ਼ੈਸਰ (ਡਾ.) ਬੀ. ਐਸ. ਘੁੰਮਣ ਡੀਨ ਆਰਟਸ ਫ਼ੈਕਲਟੀ ਪੰਜਾਬ ਯੂਨੀਵਰਸਿਟੀ ਸ਼ਾਮਲ ਸਨ। ਇਸ ਸੈਸ਼ਨ ਵਿਚ ਦਿੱਲੀ ਤੋਂ ਡਾ. ਬੇਅੰਤ ਕੌਰ ਨੇ ਆਪਣੇ ਪਰਚੇ ਵਿਚ ਇਹ ਗ਼ਿਲਾ ਜਤਾਇਆ ਕਿ ਸਭਿਅਤਾ ਦੇ ਇਤਿਹਾਸ ਵਿਚ ਜੈਂਡਰ ਵਖਰੇਵੇਂ ਦੀ ਭਾਵਨਾ ਪ੍ਰਬਲ ਹੋਣ ਸਦਕਾ ਸਮਾਜ ਵਿਚ ਨਾਰੀ ਨੂੰ ਪ੍ਰਾਪਤ ਹੋਏ ਨਿਗੁਣੇ ਤੇ ਦੂਜੈਲੇ ਸਥਾਨ ਕਰਕੇ ਬਹੁਤੀ ਵਾਰ ਨਾਰੀ ਨੂੰ ਇਤਿਹਾਸ ਵਿਚ ਗੌਲ਼ਿਆ ਹੀ ਨਹੀਂ ਗਿਆ। ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੀ ਪ੍ਰੋਫ਼ੈਸਰ (ਡਾ.) ਅੰਮ੍ਰਿਤਪਾਲ ਕੌਰ ਅਨੁਸਾਰ ਸਿੱਖ ਚਿੰਤਨ, ਸਿੱਖ ਸਾਹਿਤ, ਸਿੱਖ ਇਤਿਹਾਸ ਵਿਚ ਪੇਸ਼ ਹੋ ਰਹੀ ਨਾਰੀ ਦੀ ਜੀਵਨ ਸ਼ੈਲੀ ਜਿੱਥੇ ਇਕ ਪਾਸੇ ਗੁਰਮਤਿ ਦੇ ਸਿਧਾਂਤਕ ਆਸ਼ੇ ਦੀ ਪੂਰਤੀ ਲਈ ਕਾਰਜਸ਼ੀਲ ਹੁੰਦੀ ਹੈ ਉਥੇ ਨਾਰੀ ਦੀ ਜੀਵਨ ਸ਼ੈਲੀ ਦੀਆਂ ਅਨੇਕ ਪਰਤਾਂ ਨੂੰ ਦ੍ਰਿਸ਼ਟਮਾਨ ਕਰਦੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਡਾ. ਚਰਨਜੀਤ ਕੌਰ ਨੇ ਮੱਧਕਾਲੀਨ ਸਾਹਿਤ ਵਿਚ ਗੁਰਬਾਣੀ ਪ੍ਰਵਚਨ ਨੂੰ ਛੱਡ ਕੇ ਬਾਕੀ ਸਾਰੇ ਸਾਹਿਤ ਅਤੇ ਸਮਾਜ ਵਿਚ ਔਰਤ ਦੀ ਸ਼ਖ਼ਸੀਅਤ ਨੂੰ ਵੱਖੋ ਵੱਖ ਤਰੀਕਿਆਂ ਨਾਲ਼ ਦਬਾਏ ਜਾਣ ਦੀ ਨਿਸ਼ਾਨਦੇਹੀ ਕੀਤੀ। ਸਥਾਨਕ ਪੰਜਾਬੀ ਵਿਭਾਗ ਦੇ ਡਾ. ਯੋਗਰਾਜ ਅੰਗਰੀਸ਼ ਨੇ ਗੁਰਬਾਣੀ ਦੇ ਸੰਦਰਭ ਵਿਚ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਧਿਆਤਮਕ ਸਾਹਿਤ ਦੇ ਨੁਕਤੇ ਤੋਂ ਗੁਰਬਾਣੀ ਸਿੱਖ ਮਤ ਨਾਲ਼ ਸਬੰਧਤ ਹੋਣ ਦੇ ਬਾਵਜੂਦ ਬਹੁਲਤਾਵਾਦੀ ਕਾਵਿ-ਪ੍ਰਵਚਨ ਉਸਾਰਦੀ ਹੈ। ਡਾ. ਅੰਮ੍ਰਿਤ ਰਿਸ਼ਮਾਂ ਨੇ ਡਾ. ਦਲੀਪ ਕੌਰ ਟਿਵਾਣਾ ਦੇ ਗੁਰੂ ਮਹਿਲਾਂ ਸਬੰਧੀ ਨਾਵਲਾਂ ਦੇ ਪ੍ਰਸੰਗ ਵਿਚ ਚਰਚਾ ਕੀਤੀ। ਪੰਜਾਬ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੇ ਡਾ. ਸੁਧੀਰ ਕੁਮਾਰ ਨੇ ਦਲਿਤਾਂ ਦੀ ਹੋਣੀ ਲਈ ਜ਼ਿੰਮੇਵਾਰ ਹਾਲਾਤ ਬਿਆਨ ਕਰਦਿਆਂ ਦਲਿਤਾਂ ਵਿਚ ਆ ਰਹੀ ਚੇਤਨਾ ਦਾ ਮੁਜ਼ਾਹਰਾ ਕੀਤਾ। ਚਰਚਾ ਨੂੰ ਸਮੇਟਦਿਆਂ ਡਾ. ਵਰਮਾ ਨੇ ਪੰਜਾਬ ਦੇ ਮਧਕਾਲ ਨੂੰ ਆਧੁਨਿਕ ਚੇਤਨਾ ਦਾ ਆਧਾਰ ਬਿਆਨ ਕੀਤਾ। ਸੈਸ਼ਨ ਦਾ ਸੰਚਾਲਨ ਡਾ. ਉਮਾ ਨੇ ਬਾਖ਼ੂਬੀ ਨਿਭਾਇਆ।
ਚੌਥੇ ਅਤੇ ਆਖ਼ਰੀ ਸੈਸ਼ਨ ਦੌਰਾਨ ਡਾ. ਸਵਰਨਜੀਤ ਕੌਰ ਵੱਲੋਂ ਸੈਮੀਨਾਰ ਰਿਪੋਰਟ ਪੇਸ਼ ਕੀਤੀ ਗਈ। ਇਸ ਤੋਂ ਇਲਾਵਾ ਵਿਚਾਰ ਵਿਅਕਤ ਕਰਨ ਵਾਲ਼ੀਆਂ ਸ਼ਖ਼ਸੀਅਤਾਂ ਵਿਚ ਡਾ. ਮਦਨਜੀਤ ਕੌਰ ਸਹੋਤਾ, ਡਾ. ਰਜਿੰਦਰਜੀਤ ਕੌਰ ਢੀਂਡਸਾ ਅਤੇ ਡਾ. ਪ੍ਰਭਜੋਤ ਕੌਰ ਵੀ ਸ਼ਾਮਲ ਸਨ। ਸੈਮੀਨਾਰ ਵਿਚ ਪ੍ਰੋਫ਼ੈਸਰ (ਡਾ.) ਦੀਪਕ ਮਨਮੋਹਨ ਸਿੰਘ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪ੍ਰੋਫ਼ੈਸਰ (ਡਾ.) ਸਤਨਾਮ ਸਿੰਘ ਜੱਸਲ ਸਾਬਕਾ ਨਿਰਦੇਸ਼ਕ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ, ਡਾ. ਰਵਿੰਦਰ ਰਵੀ ਪੰਜਾਬ ਯੂਨੀਵਰਸਿਟੀ ਰਿਜਨਲ ਸੈਂਟਰ ਸ੍ਰੀ ਮੁਕਤਸਰ ਸਾਹਿਬ ਉਚੇਚੇ ਤੌਰ ’ਤੇ ਸ਼ਾਮਲ ਸਨ। ਵਿਭਾਗ ਦੇ ਚੇਅਰਪਰਸਨ ਡਾ. ਜਸਪਾਲ ਕੌਰ ਕਾਂਗ ਨੇ ਆਏ ਹੋਏ ਸਾਰੇ ਵਿਦਵਾਨਾਂ ਤੇ ਡੈਲੀਗੇਟਾਂ ਪ੍ਰਤਿ ਹਾਰਦਿਕ ਸ਼ੁਕਰੀਆ ਅਦਾ ਕੀਤਾ।
ਸਵੇਰ ਤੋਂ ਸ਼ੁਰੂ ਹੋ ਕੇ ਦੇਰ ਸ਼ਾਮ ਤੱਕ ਚੱਲੇ ਇਸ ਸੈਮੀਨਾਰ ਦੀ ਇਹ ਖ਼ਾਸੀਅਤ ਰਹੀ ਕਿ ਪ੍ਰਬੰਧਕਾਂ ਦੀ ਆਸ ਤੋਂ ਵੱਧ ਵਿਦਵਾਨ ਸੈਮੀਨਾਰ ਵਿਚ ਹਿੱਸਾ ਲੈਣ ਪੁੱਜੇ। ਪ੍ਰਬੰਧਕ ਖ਼ੁਸ਼ੀ ਤੇ ਉਮਾਹ ਵਿਚ ਖੀਵੇ ਵੀ ਹੋ ਰਹੇ ਸਨ ਕਿ ਵਿਦਵਾਨਾਂ ਨੇ ਉਨ੍ਹਾਂ ਦੇ ਸੱਦੇ ਨੂੰ ਰਸਮੀ ਤੌਰ ’ਤੇ ਹੀ ਨਹੀਂ ਬਲਕਿ ਹਕੀਕੀ ਤੌਰ ’ਤੇ ਕਬੂਲਿਆ ਹੈ। ਸੈਮੀਨਾਰ ਲਈ ਪੇਸ਼ ਹੋਏ 50 ਤੋਂ ਵੱਧ ਪੰਜਾਬੀ ਅਤੇ ਗਿਆਰਾਂ ਅੰਗਰੇਜ਼ੀ ਭਾਸ਼ਾਈ ਪਰਚਿਆਂ ਵਿਚੋਂ ਚੌਥਾ ਹਿੱਸਾ ਪਰਚੇ ਹੀ ਪੜ੍ਹੇ ਜਾ ਸਕੇ। ਉਪ ਕੁਲਪਤੀ ਡਾ. ਸੋਬਤੀ ਦੀ ਸਹਿਮਤੀ ਨਾਲ਼ ਪੜ੍ਹੇ ਗਏ ਅਤੇ ਬਾਕੀ ਪਰਚਿਆਂ ਨੂੰ ਕਿਤਾਬੀ ਰੂਪ ਦੇਣ ਦੇ ਵਾਅਦੇ ਨਾਲ਼ ਪਰਚਿਆਂ ਦੇ ਐਬਸਟ੍ਰੈਕਟਸ ਦੀ ਸੀ.ਡੀ. ਹਰ ਡੈਲੀਗੇਟ ਨੂੰ ਭੇਟ ਕੀਤੀ ਗਈ। ਸੈਮੀਨਾਰ ਦੀ ਮੁੱਖ ਮੇਜ਼ਬਾਨ ਤੇ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਦੀ ਚੇਅਰਪਰਸਨ ਡਾ. ਜਸਪਾਲ ਕੌਰ ਕਾਂਗ ਦੇ ਹਮਸਫ਼ਰ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸੰਸਥਾਪਕ ਚੇਅਰਮੈਨ ਸਵ: ਪ੍ਰੋਫ਼ੈਸਰ (ਡਾ.) ਅਮਰਜੀਤ ਸਿੰਘ ਕਾਂਗ ਦੀ ‘ਪੁਖ਼ਤਾ ਮੇਜ਼ਬਾਨ ਸ਼ਖ਼ਸੀਅਤ’ ਸਬੰਧੀ ਯਾਦਾਂ ਦੀਆਂ ਪਰਤਾਂ ਦੀ ਆਪ-ਮੁਹਾਰੇ ਨਿਸ਼ਾਨਦੇਹੀ ਕਰਦਾ ਇਹ ਸੈਮੀਨਾਰ ਯਾਦਗਾਰੀ ਹੋ ਨਿਬੜਿਆ ਅਤੇ ਡਾ. ਮਿਸਿਜ਼ ਕਾਂਗ ਸਵ: ਡਾ. ਅਮਰਜੀਤ ਸਿੰਘ ਕਾਂਗ  ਦੀ ਰੂਹ ਨਾਲ਼ ਆਤਮਸਾਤ ਹੋਏ ਮਹਿਮਾਨ ਵਿਦਵਾਨਾਂ ਨੂੰ ਵਿਦਾ ਕਰ ਰਹੇ ਸਨ।
****

No comments: