ਬੇਗੈਰਤ ਕਿੱਥੇ ਵਸਦਾ ਏ.......... ਲੇਖ / ਯੁੱਧਵੀਰ ਸਿੰਘ ਆਸਟ੍ਰੇਲੀਆ

ਬੇਗੈਰਤ ਸ਼ਬਦ ਬਾਰੇ ਕੋਈ ਜਿ਼ਆਦਾ ਜਾਣਕਾਰੀ ਦੇਣ ਦੀ ਲੋੜ ਨਹੀਂ ਕਿਉਂਕਿ ਹਰ ਇਨਸਾਨ ਇਸ ਦਾ ਮਤਲਬ ਸਮਝਦਾ ਹੈ । ਪਰ ਕਈ ਵਾਰ ਬੜੀਆਂ ਅਟਪਟੀਆਂ ਗੱਲਾਂ ਹੋ ਜਾਂਦੀਆਂ ਹਨ, ਜਿਵੇਂ ਕੋਈ ਕਹਿ ਦੇਵੇ ਕਿ ਅਸੀਂ ਬੇਗੈਰਤਾਂ ਦੇ ਦੇਸ਼ ਬੈਠੇ ਹਾਂ । ਜਿੱਥੇ ਲੋਕ ਮਿੰਟ ਤੋਂ ਪਹਿਲਾਂ ਕੱਪੜੇ ਉਤਾਰ ਦਿੰਦੇ ਹਨ ਤੇ ਹੌਲੀ ਹੌਲੀ ਅਸੀਂ ਵੀ ਇਹੋ ਜਿਹਾ ਹੀ ਕੁਝ ਕਰਨ ਲੱਗ ਜਾਵਾਂਗੇ ਤੇ ਸਾਡੀ ਵੀ ਸਾਰੀ ਪੀੜ੍ਹੀ ਹੀ ਬਦਲ ਜਾਵੇਗੀ । ਖਾਸ ਕਰਕੇ ਭਾਰਤ ਵਿਚ ਕੁਝ ਲੋਕਾਂ ਦਾ ਇਹੀ ਮੰਨਣਾ ਹੈ । ਬਾਹਰਲੇ ਦੇਸ਼ ਦੇ ਲੋਕਾਂ ਦੇ ਪਹਿਰਾਵੇ ਦੇਖ ਕੇ ਇਹਨਾਂ ਨੂੰ ਬੇਗੈਰਤਾਂ ਦਾ ਖਿਤਾਬ ਦੇ ਦਿੱਤਾ ਗਿਆ ਹੈ ।

ਪਰ ਕੋਈ ਵੀ ਇਹ ਮੰਨਣ ਨੂੰ ਤਿਆਰ ਨਹੀਂ ਹੈ ਕਿ ਭਾਰਤ ਵਿਚ ਵੀ ਇਹ ਕੰਮ ਚੱਲ ਰਿਹਾ ਹੈ । ਹਾਂ, ਇਹ ਗੱਲ ਸੱਚ ਹੈ ਕਿ ਕੁਝ ਨਵੀਂ ਸੋਚ ਦੇ ਮਾਲਕ ਭਾਰਤ ਵਿਚ ਵੀ ਤੇ ਆਸਟ੍ਰੇਲੀਆ ਵਿਚ ਵੀ ਜਾਂ ਹੋਰ ਦੇਸ਼ਾਂ ਵਿਚ ਵੀ ਆਪਣੀ ਘਰਵਾਲੀ ਨੂੰ ਖੁੱਲੀ ਆਜ਼ਾਦੀ ਦੇ ਦਿੰਦੇ ਹਨ ਕਿ ਜੋ ਮਰਜ਼ੀ ਕੱਪੜੇ ਪਾਓ ਕਿਉਂਕਿ ਘਰਵਾਲੀ ਨੇ  ਘਰਵਾਲੇ ਦੇ ਨਾਲ ਹੀ ਜਾਣਾ ਹੈ ਤੇ ਇਸ ਚੱਕਰ ਵਿਚ ਘਰਵਾਲੀ ਨੁਮਾਇਸ਼ ਦੀ ਚੀਜ਼ ਬਣ ਜਾਂਦੀ ਹੈ ਜਿਸ ਨੂੰ ਕਿ ਚੋਰੀ ਅੱਖ ਦੇ ਨਾਲ ਹਰ ਬੰਦਾ ਵੇਖਦਾ ਹੈ, ਚਾਹੇ ਬੱਚਿਆਂ ਵਾਲਾ ਵੀ ਕਿਉਂ ਨਾ ਹੋਵੇ । ਭਾਰਤੀ ਪਹਿਰਾਵੇ ਜਿਨ੍ਹਾਂ ਵਿਚ ਸਾੜੀ ਜਾਂ ਸਲਵਾਰ ਕਮੀਜ਼ ਆਉਂਦੀ ਹੈ । ਕਿਸੇ ਸਮੇਂ ਸੱਭਿਆਚਾਰ ਦਾ ਪ੍ਰਤੀਕ ਮੰਨੇ ਜਾਂਦੇ ਸੀ ਪਰ ਕੈਂਚੀ ਹੀ ਐਨੀ ਚੱਲ ਗਈ । ਇਹਨਾਂ ਤੇ ਕੀ ਇਹ ਤਾਂ ਕਈ ਵਾਰ ਇੰਝ ਲੱਗਦਾ ਹੈ ਕਿ ਜਿਵੇਂ ਸਰੀਰ ਤੇ ਲੀਰਾਂ ਲਪੇਟੀਆਂ ਹੁੰਦੀਆਂ ਹਨ । ਫੈਸ਼ਨ ਦਾ ਬੋਲਬਾਲਾ ਹਰ ਥਾਂ ਤੇ ਚਲ ਰਿਹਾ ਹੈ । ਕੋਈ ਵੀ ਇਸ ਦੌੜ ਵਿਚੋਂ ਬਾਹਰ ਨਹੀਂ ਨਿਕਲਣਾ ਚਾਹੁੰਦਾ,  ਵੈਸੇ ਜੇ ਪੁਰਾਣੀ ਹਾਲੀਵੁੱਡ ਦੀ ਫਿਲਮ ਦੇਖੀ ਜਾਵੇ ਤਾਂ ਉਸ ਵਿਚ ਸਾਫ਼ ਪਤਾ ਚਲ ਜਾਂਦਾ ਹੈ ਕਿ ਪਹਿਲਾਂ ਗੋਰੀਆਂ ਵੀ ਪੂਰੇ ਬਦਨ ਨੂੰ ਢਕਣ ਵਾਲੇ ਕੱਪੜੇ ਪਾਉਂਦੀਆਂ ਸੀ, ਨਾਲ ਹੀ ਸਿਰ ਵੀ ਢੱਕਿਆ ਹੁੰਦਾ ਸੀ । ਪਰ ਹੌਲੀ ਹੌਲੀ ਇਹ ਤਬਦੀਲ ਹੁੰਦੇ ਗਏ । ਇਸ ਦਾ ਕੋਈ ਜਿ਼ਆਦਾ ਵੱਡਾ ਕਾਰਣ ਤਾਂ ਕੋਈ ਦਿਖ ਨਹੀਂ ਰਿਹਾ ਪਰ ਇਹ ਆਪਸ ਵਿਚ ਮਸਤ ਰਹਿਣ ਵਾਲੀ ਕੌਮ ਹੈ । ਇੱਥੇ ਵੀ ਮੈਂ ਕਾਫੀ ਭਾਰਤੀ ਪਰਿਵਾਰ ਦੇਖੇ ਹਨ, ਜਿਨ੍ਹਾਂ ਦੀ ਦੂਜੀ ਜਾਂ ਤੀਜੀ ਪੀੜ੍ਹੀ ਚਲ ਰਹੀ ਹੈ ਪਰ ਉਹਨਾਂ ਤੇ ਕਿਸੇ ਗਲਤ ਚੀਜ਼ ਦਾ ਅਸਰ ਨਹੀਂ ਹੈ । ਉਹ ਪੰਜਾਬ ਵਾਂਗ ਹੀ ਰਹਿੰਦੇ ਹਨ । ਉਹਨਾਂ ਦੀਆਂ ਨੂੰਹ-ਧੀ ਕੰਮ ਉੱਤੇ ਅੱਛੀ ਕਿਸਮ ਦੇ ਕੱਪੜੇ ਪਾਉਂਦੀਆਂ ਹਨ ਤੇ ਘਰ ਆ ਕੇ ਪੰਜਾਬੀ ਕੱਪੜਿਆਂ ਵਿਚ ਆ ਜਾਂਦੀਆਂ ਹਨ । ਸਿਰ ਤੇ ਚੁੰਨੀਆਂ ਲਈਆਂ ਹੁੰਦੀਆਂ ਹਨ ਤੇ ਕਈ ਐਸੇ ਕਿਸਮ ਦੇ ਲੋਕ ਹਨ, ਜਿਹੜੇ ਖੁਦ ਹੀ ਕਹਿ ਦਿੰਦੇ ਹਨ ਕਿ ਸਭ ਕੁਝ ਸਰੀਰ ਦਾ ਹਿੱਸਾ ਹੀ ਹੈ । ਫਿਰ ਕੀ ਹੋਇਆ ਸਗੋਂ ਖੁਦ ਘਰਵਾਲੀ ਨੂੰ ਕਹਿ ਦਿੰਦੇ ਹਨ ਕਿ ਹੋਰ ਵੀ ਘੱਟ ਕੱਪੜੇ ਪਾ ਕੇ ਮੇਰੇ ਨਾਲ ਚੱਲਿਆ ਕਰ, ਹੁਣ ਆਪਾਂ ਮਾਡਰਨ ਹੋ ਗਏ ਹਾਂ । ਮੀਆਂ ਬੀਵੀ ਕੱਠੇ ਬਾਰ ਵਿਚ ਸ਼ਰਾਬ ਪੀ ਰਹੇ ਹੁੰਦੇ ਹਨ ਤੇ ਸਿਗਰਟ ਦੇ ਕਸ਼ ਲਗਾ ਰਹੇ ਹੁੰਦੇ ਹਨ । ਅਲੱਗ ਅਲੱਗ ਸੋਚ ਵਾਲੇ ਲੋਕ ਦੁਨੀਆਂ ਦੇ ਹਰ ਕੋਨੇ ਵਿਚ ਵਸਦੇ ਹਨ ।

ਆਸਟ੍ਰੇਲੀਆ ਦੇ ਵਿਚ ਵੀ ਕਈ ਵਾਰ ਐਸੇ ਹਾਲਾਤ ਵੇਖੇ ਹਨ ਕਿ ਕੋਈ ਵੱਡਾ ਭਾਰਤੀ ਸਮਾਗਮ ਹੋਵੇ ਜਾਂ ਕਿਸੇ ਆਸਟ੍ਰੇਲੀਅਨ ਮਲਟੀਕਲਚਰ ਦੇ  ਸਮਾਗਮ ਵਿਚ ਕਿਸੇ ਭਾਰਤੀ ਗਰੁੱਪ ਨੇ ਹਿੱਸਾ ਲੈਣਾ ਹੋਵੇ ਤਾਂ ਸਿਰਫ਼ ਭਾਰਤੀ ਹੀ ਐਸੇ ਹੁੰਦੇ ਹਨ, ਜੋ ਕਿ ਕੋਟ ਪੈਂਟ ਵਿਚ ਸਜ ਕੇ ਆਏ ਹੁੰਦੇ ਹਨ । ਬਾਕੀ ਦੂਜੇ ਭਾਈਚਾਰੇ ਦੇ ਲੋਕ ਆਪਣੇ ਆਪਣੇ ਦੇਸ਼ ਦੇ ਸੱਭਿਆਚਾਰ ਵਾਲੇ ਕੱਪੜੇ ਪਾ ਕੇ ਹਿੱਸਾ ਲੈਂਦੇ ਹਨ । ਜਿਸ ਨਾਲ ਕਿ ਉਹ ਕੌਮ  ਦੂਰੋਂ  ਦਿਖਾਈ ਦਿੰਦੀ ਹੈ । ਇਥੋਂ ਤੱਕ ਕਿ ਪਾਕਿਸਤਾਨੀ ਲੋਕ ਬਹੁਤ ਸੋਹਣੇ ਕਢਾਈ ਵਾਲੇ ਕੁੜਤੇ ਪਜਾਮੇ ਜਾਂ ਚਾਦਰਿਆਂ ਨਾਲ ਸਜੇ ਹੁੰਦੇ ਹਨ ਤੇ ਅਸੀਂ ਕੋਟ ਪੈਂਟ ਪਾ ਕੇ ਮਾਡਰਨ ਬਣੇ ਹੁੰਦੇ ਹਾਂ ।
ਆਸਟ੍ਰੇਲੀਆ ਮਲਟੀਕਲਚਰਲ ਦੇਸ਼ ਹੈ । ਧੱਕਾ ਤਾਂ ਭਾਰਤ ਵਿਚ ਵੀ ਬਹੁਤ ਹੁੰਦਾ ਹੈ, ਇਕ ਦੂਜੇ ਨਾਲ । ਇਕ ਰਾਜ ਦੀ ਦੂਜੇ ਰਾਜ ਨਾਲ ਖਹਿਬਾਜੀ ਚਲਦੀ ਰਹਿੰਦੀ ਹੈ ।  ਇੱਥੇ ਤੁਹਾਡੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਦੇ ਲਈ ਸਰਕਾਰ ਬਹੁਤ ਮਦਦ ਕਰਦੀ ਹੈ । ਤੁਹਾਨੂੰ ਸਮਾਗਮ ਦੇ ਲਈ ਗਰਾਂਟਾਂ ਵੀ ਦਿੰਦੀ ਹੈ । ਤੁਹਾਡੀ ਹਰ ਸੰਭਵ ਮਦਦ ਕਰਣ ਦੀ ਕੋਸ਼ਿਸ ਕਰਦੀ ਹੈ  ਕਿ ਤੁਸੀਂ ਆਪਣੇ ਲੋਕਾਂ ਦੇ ਨਾਲ ਨਾਲ ਦੂਜੇ ਲੋਕਾਂ ਨੂੰ ਵੀ ਆਪਣਾ ਸੱਭਿਆਚਾਰ ਦਿਖਾ ਸਕੋ । ਇੱਥੇ ਵੀ  ਭਾਰਤੀ, ਤਾਮਿਲ, ਪੰਜਾਬੀ, ਬੰਗਾਲੀ, ਮਰਾਠੀ, ਰਾਜਸਥਾਨੀ ਕਲੱਬ ਬਣੇ ਹੋਏ ਹਨ, ਜੋ ਕਿ ਸਮੇਂ ਸਮੇਂ ਤੇ ਆਪਣੇ  ਸਮਾਗਮ  ਕਰਦੇ ਰਹਿੰਦੇ ਹਨ । ਪਰ ਜਦੋਂ ਸਮਾਗਮ ਵਿਚ ਉਹੀ ਹਾਲ ਦੇਖੀਦਾ ਹੈ ਕਿ ਕੁੜੀਆਂ ਘੱਗਰੇ ਜਾਂ ਸਲਵਾਰ ਕਮੀਜ਼ ਦੀ ਥਾਂ ਤੇ ਸਕਰਟਾਂ ਤੇ ਜੀਨ ਦੇ ਵਿਚ ਆਇਟਮ ਪੇਸ਼ ਕਰ ਰਹੀਆਂ ਹਨ । ਫਿਰ ਮੁੱਖ ਮਹਿਮਾਨ ਵੀ ਸੋਚਦਾ ਹੈ ਕਿ ਵਾਕਿਆ ਹੀ ਸਾਡਾ ਇਹ ਪਹਿਰਾਵਾ ਤੇ ਸੱਭਿਆਚਾਰ ਹੈ । ਮੈਂ ਇਹਨਾਂ ਚੀਜਾਂ ਦੇ ਵਿਰੁੱਧ ਨਹੀਂ ਹਾਂ । ਪਰ ਇਹ ਜ਼ਰੂਰ ਸੋਚਦਾ ਹਾਂ ਕਿ ਭਾਰਤੀ ਸਮਾਗਮ ਵਿਚ ਤਾਂ ਖਾਸ ਕਰਕੇ ਸਾਨੂੰ ਆਪਣੇ ਅਮੀਰ ਸੱਭਿਆਚਾਰ ਤੇ ਸ਼ਾਨਦਾਰ ਪਹਿਰਾਵਿਆਂ ਦੀ ਨੁਮਾਇਸ਼ ਕਰਨੀ ਚਾਹੀਦੀ ਹੈ । ਇਕ ਗੱਲ ਤਾਂ ਹੈ ਜੇ ਕੋਈ ਨੌਜਵਾਨ ਵੀਰ ਹਿੰਮਤ ਕਰਕੇ ਚਾਦਰਾ ਕੁੜਤਾ ਤੇ ਸ਼ਮਲੇ ਵਾਲੀ ਪੱਗ ਬੰਨ ਕੇ ਜਾਂ ਕੋਈ ਲੜਕੀ ਪੰਜਾਬੀ ਪੁਸ਼ਾਕ ਵਿਚ ਜਾਂ ਘੱਗਰੇ ਦੇ ਵਿਚ ਸਜ ਕੇ ਸਮਾਗਮ ਵਿਚ ਆ ਗਈ ਤਾਂ ਗੋਰੇ ਲੋਕਾਂ ਦੇ ਲਈ ਉਹ ਖਿੱਚ ਦਾ ਕੇਂਦਰ ਬਣ ਜਾਣਾ ਹੈ ਤੇ ਸਾਡੇ ਲੋਕਾਂ ਨੇ ਉਹਨੂੰ ਮੂਰਖ ਸੱਦਣਾ ਹੈ ਕਿ ਇਹ ਪਤਾ ਨਹੀਂ ਕਦੋਂ ਪੰਜਾਬ ਵਿਚੋਂ ਬਾਹਰ ਨਿਕਲਣਗੇ । ਵੈਸੇ ਅਸੀਂ ਢਿੰਡੋਰਾ ਪਿੱਟਦੇ ਰਹਿਣਾ ਪੰਜਾਬੀ ਹੋਣ ਦਾ । ਬਹੁਤ ਵਾਰ ਮੈਂ ਵੱਖ ਵੱਖ ਦੇਸ਼ਾਂ ਦੇ ਸਮਾਗਮਾਂ ਵਿਚ ਸ਼ਾਮਿਲ ਹੋਇਆ ਹਾਂ  । ਖਾਸ ਕਰਕੇ ਯੂਰਪ ਜਾਂ ਚੀਨ  ਦੇ ਲੋਕਾਂ ਦੇ ਸਮਾਗਮ ਵੇਖਣ ਵਾਲੇ ਹੁੰਦੇ ਹਨ । ਪੇਸ਼ਕਾਰੀ ਦੇਣ ਵਾਲਿਆਂ ਦੇ ਨਾਲ ਨਾਲ ਵੇਖਣ ਵਾਲੇ ਵੀ ਉਸ ਦਿਨ ਆਪਣੇ ਦੇਸ਼ ਦੇ ਕੱਪੜੇ ਪਾ ਕੇ ਆਉਂਦੇ ਹਨ । ਜੇ ਕਰ ਤੁਸੀਂ ਸ਼ਾਪਿੰਗ ਸੈਂਟਰ  ਵਿਚ ਜਾਂ ਕਿਸੇ ਗੋਰਿਆਂ ਦੇ ਸਮਾਗਮ ਵਿਚ ਜਾ ਰਹੇ ਹੋ ਤਾਂ ਜਰੂਰ ਮਾਡਰਨ ਬਣ ਕੇ ਜਾਉ ਪਰ ਬੇਢੰਗਾ ਲਿਬਾਸ ਪਾਉਣ ਤੋਂ ਗੁਰੇਜ ਕੀਤਾ ਜਾਵੇ ਤਾਂ ਚੰਗਾ ਹੈ । ਹਰ ਇਕ ਖਾਸ ਸਮੇਂ ਲਈ ਅਲੱਗ ਲਿਬਾਸ ਹੁੰਦਾ ਹੈ ਆਪਣੇ ਆਪ ਨੂੰ ਆਕਰਸ਼ਕ ਬਣਾਉ ਨਾਂ ਕਿ ਅਸ਼ਲੀਲ ।
****

1 comment:

mukhtiar singh said...

bahut sohna likhya hai ji
rho dunya ch kite v pr apne virse te bolee no vi yad rakho..