ਕਮਾਊ ਪੁੱਤ.......... ਗੀਤ / ਰਾਜੂ ਪੁਰਬਾ

ਦੂਰ ਇੱਕ ਪਿੰਡ ਵਿੱਚ ਮੈਨੂੰ ਹੈ ਉਡੀਕ ਦੀ।
ਪੁੱਛਦੀ ਖਬਰ ਆਉਣ ਵਾਲੀ ਤਰੀਕ ਦੀ।
ਭੁੱਲਿਆਂ ਨਹੀ ਬਚਪਨ ਦਾ ਕੱਚਾ ਘਰ  ਮੈਂ,
ਲੋਚਦਾ ਏ ਦਿਲ ਮਾਣੀ ਮਮਤਾ ਦੀ ਛਾਂ ਨੂੰ।
ਕਰਕੇ ਕਮਾਈਆਂ ਪੁੱਤ, ਆਊ ਤੇਰੇ ਕੋਲ ਜਦੋਂ,
ਚੱਕੇ ਨਹੀਂਉ ਜਾਣੇ ਚਾਅ ਕਹਿ ਦਿਉ ਮਾਂ ਨੂੰ।

ਉੱਠਕੇ ਸਵੇਰੇ ਤੇਰੀ ਤਸਵੀਰ ਤੱਕਦਾ।
ਮੱਥਾ ਟੇਕ ਤੈਨੂੰ ਅੰਨ ਪਾਣੀ ਫੇਰ ਛੱਕਦਾ।
ਇੱਕ ਤੂੰ ਹੀ ਮੇਰਾ ਬਸ ਰੱਬ ਨੀ ਅੰਮੀਏ,
ਤੇਰੇ ਉੱਤੋਂ ਵਾਰਾਂ ਸਦਾ ਆਪਣੀ ਜਾਂ ਨੂੰ।
ਕਰਕੇ ਕਮਾਈਆਂ ਪੁੱਤ , ਆਊ ਤੇਰੇ ਕੋਲ ਜਦੋਂ,
ਚੱਕੇ ਨਹੀਂਉ ਜਾਣੇ ਚਾਅ ਕਹਿ ਦਿਉ ਮਾਂ ਨੂੰ।


ਚਿੱਤ ਬੜਾ ਕਰਦਾ ਮੈਂ ਤੇਰੇ ਕੋਲ ਆਵਾਂ।
ਪੱਕੀ ਤੇਰੇ ਹੱਥ ਦੀ ਰੋਟੀ ਸਦਾ ਖਾਵਾਂ।
ਹੱਸਾਂ ਖੇਡਾਂ ਤੇਰੇ ਨਾਲ ਹਰ ਪਲ ਮਾਏ ਨੀ,
ਰੋਦਾਂ ਹਾਲ ਦੱਸਾਂ ਮੈਂ ਬਨੇਰੇ ਬੈਠੇ ਕਾਂ ਨੂੰ।
ਕਰਕੇ ਕਮਾਈਆਂ ਪੁੱਤ , ਆਊ ਤੇਰੇ ਕੋਲ ਜਦੋਂ,
ਚੱਕੇ ਨਹੀਂਉ ਜਾਣੇ ਚਾਅ ਕਹਿ ਦਿਉ ਮਾਂ ਨੂੰ।
 ਪੈਸੇ ਦੀ ਨਾ ਤੋਟ ਆਵੇ, ਜਿੰਦ ਇਹ ਹਰਤੀ।
ਪਰਦੇਸਾਂ ਵਿੱਚ ਦਿਨ ਰਾਤ ਇੱਕ ਕਰਤੀ।
ਬਸ ਥੋੜਾ ਜਿਹਾ ਹੋਰ ਸਬਰ ਕਰ ਅੰਮੀਏ,
ਵੇਚੀ ਨਾ ਨਿਸ਼ਾਨੀ ਉਸ ਪੁਰਖਾਂ ਦੀ ਥਾਂ ਨੂੰ।
ਕਰਕੇ ਕਮਾਈਆਂ ਪੁੱਤ , ਆਊ ਤੇਰੇ ਕੋਲ ਜਦੋਂ,
ਚੱਕੇ ਨਹੀਂਉ ਜਾਣੇ ਚਾਅ ਕਹਿ ਦਿਉ ਮਾਂ ਨੂੰ।

ਜੱਗ ਚੰਦਰੇ ਦੀ ਭੈੜੀ ਨੀਤ ਨੂੰ ਪਛਾਣਦਾ।
ਤੇਰੇ ਉੱਤੇ ਬੀਤਦੀ ਜੋ ਚੰਗੀ ਤਰਾਂ ਜਾਣਦਾ।
ਬੜੇ ਤਾਹਨੇ ਮੇਹਨੇ ਸਹਿ ਲੇ ਲੋਕਾਂ ਦੇ ਤੂੰ ਅੰਮੀਏ,
ਮੁੜ ਆਊ ਛੇਤੀ "ਰਾਜੂ" ਅਪਨੇ ਗਰਾਂ ਨੂੰ ।
ਕਰਕੇ ਕਮਾਈਆਂ ਪੁੱਤ , ਆਊ ਤੇਰੇ ਕੋਲ ਜਦੋਂ,
ਚੱਕੇ ਨਹੀਂਉ ਜਾਣੇ ਚਾਅ ਕਹਿ ਦਿਉ ਮਾਂ ਨੂੰ।
****

No comments: