ਕਦੇ ਨਹੀਂ ਭੁੱਲੀ ਐਮਰਜੈਂਸੀ ਦੀ ਉਹ ਰਾਤ........... ਅਭੁੱਲ ਯਾਦਾਂ / ਬਲਜੀਤ ਬੱਲੀ


...........26 ਜੂਨ ਨੂੰ ਸਭਾ ਉੱਠੇ ਤਾਂ ਸਭ ਕੁਛ ਬਦਲਿਆ ਹੋਇਆ ਸੀ

ਮੇਰੇ ਤੇ ਵੀ ਲੱਗਿਆ ਸੀ ਕਾਲਾ ਕਾਨੂੰਨ - ਡੀ. ਆਈ. ਆਰ.

ਇਹ ਕਿੱਸਾ 25 ਜੂਨ, 1975 ਦੀ ਰਾਤ ਦਾ ਹੈ। ਮੈਂ ਉਸ ਵੇਲੇ ਰਜਿੰਦਰਾ ਬਠਿੰਡੇ ਵਿੱਚ ਬੀ ਏ ਫਾਈਨਲ ਦਾ ਵਿਦਿਆਰਥੀ ਸੀ। ਕਾਲਜ ਵਿੱਚ ਛੁੱਟੀਆਂ ਸਨ। ਬੇਹੱਦ ਗਰਮੀ ਦੇ ਦਿਨ ਸੀ। ਉਦੋਂ ਬਠਿੰਡਾ ਰੇਤ ਦੇ ਟਿੱਬਿਆਂ ਵਿੱਚ ਘਿਰਿਆ ਇੱਕ ਕਸਬਾ ਨੁਮਾ ਸ਼ਹਿਰ ਸੀ। ਬੇਹੱਦ ਤੱਤੀਆਂ ਲੋਆਂ  ਦੇ ਨਾਲ ਹਨੇਰੀਆਂ ਅਤੇ ਵਾਵਰੋਲੇ ਆਮ ਜਿਹੀ ਗੱਲ ਹੁੰਦੀ ਸੀ। ਰੇਤਾ ਐਨਾ ਉਡਦਾ ਸੀ ਕਿ ਬਠਿੰਡੇ ਜ਼ਿਲੇ ਵਿਚ ਲਗਭਗ ਸਭ ਨੂੰ ਕੁੱਕਰੇ ਹੁੰਦੇ ਸਨ। ਸ਼ਾਮ ਨੂੰ ਮੈਂ ਆਪਣੇ  ਨਗਰ ਰਾਮਪੁਰਾ ਫੂਲ ਤੋਂ ਬਠਿੰਡੇ ਹੁੰਦਾ ਹੋਇਆ ਗੋਨਿਆਨੇ ਮੰਡੀ ਪੁੱਜਾ। ਬੱਸ ਤੋਂ ਉੱਤਰ ਕੇ ਮੈਂ ਆਪਣੇ ਹੀ ਕਾਲਜ  ਦੇ ਜੂਨੀਅਰ ਵਿਦਿਆਰਥੀ ਪੰਜਾਬ ਸਿੰਘ ਦੇ ਘਰ ਪੁੱਜਾ। ਉਹ ਪੰਜਾਬ ਸਟੂਡੈਂਟਸ  ਯੂਨੀਅਨ ਦਾ ਸਰਗਰਮ  ਕਰਿੰਦਾ  ਸੀ  ਅਤੇ ਮੈਂ ਉਸ ਵੇਲੇ ਯੂਨੀਅਨ ਦਾ ਸੂਬਾਈ ਪੱਧਰ  ਦਾ ਆਗੂ ਸਾਂ। ਉਦੋਂ  ਲੈਂਡ ਲਾਈਨ ਫ਼ੋਨ ਤਕ ਵੀ ਨਹੀਂ ਸੀ ਹੁੰਦੇ, ਮੋਬਾਈਲ ਫ਼ੋਨ ਦੀ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ। ਜੇਕਰ ਕਿਸੇ  ਨਾਲ ਕੋਈ ਗੱਲ ਕਰਨੀ ਹੁੰਦੀ ਤਾਂ ਖ਼ੁਦ  ਹੀ ਇੱਕ ਦੂਜੇ ਦੇ ਘਰ ਜਾਣਾ ਪੈਂਦਾ ਸੀ। ਉਨਾਂ ਦਿਨਾਂ ਵਿਚ  ਅਜੋਕਾ ਸ਼ਹਿਰੀਕਰਨ ਨਹੀਂ ਸੀ ਹੋਇਆ  ਅਤੇ ਕਾਲਜ ਦੇ ਦਿਨਾਂ ਵਿਚ ਜਾਂ ਛੁੱਟੀਆਂ ਵਿਚ  ਕਾਲਜੀਏਟ ਇੱਕ ਦੂਜੇ ਦੇ ਘਰ ਅਕਸਰ ਜਾਇਆ ਕਰਦੇ ਸੀ ਅਤੇ ਰਾਤਾਂ ਵੀ ਠਹਿਰ  ਜਾਂਦੇ ਸੀ। ਪੰਜਾਬ ਸਟੂਡੈਂਟਸ  ਯੂਨੀਅਨ ਵਿਚ  ਸਰਗਰਮ  ਵਿਦਿਆਰਥੀ ਤਾਂ ਇੱਕ ਦੂਜੇ ਨਾਲ ਰਾਬਤਾ ਰੱਖਣ ਲਈ ਇੱਕ ਦੂਜੇ  ਦੇ ਘਰ ਅਕਸਰ  ਹੀ ਚੱਕਰ ਲਾਉਂਦੇ ਰਹਿੰਦੇ ਸੀ  ਤੇ ਕਾਲਜ ਤੋਂ ਬਿਨਾਂ ਘਰਾਂ ਵਿਚ ਵੀ ਮੀਟਿੰਗਾਂ ਕਰ ਲਿਆ ਕਰਦੇ ਸੀ। ਘਰੋਂ ਰੋਟੀ ਪਾਣੀ ਜੁ ਚੰਗਾ ਮਿਲ ਜਾਂਦਾ ਸੀ।
ਉਸ ਦਿਨ  ਮੈਂ ਵੀ  ਰਾਤ ਗੋਨਿਆਨੇ ਵਿਚ ਪੰਜਾਬ  ਸਿੰਘ ਦੇ ਘਰ ਠਹਿਰਿਆ। ਗੱਪਸ਼ਪ ਕੀਤੀ ਤੇ ਸੌਂ  ਗਏ । ਸਵੇਰੇ ਉਠਕੇ  ਨਾਸ਼ਤਾ ਕਰਕੇ  ਮੈਂ ਬੱਸ ਫੜੀ ਤੇ ਬਠਿੰਡੇ  ਆ ਗਿਆ । ਉਂਝ ਉਨਾ ਦਿਨਾਂ ਵਿਚ ਅਸੀਂ 15 -20 ਕਿਲੋਮੀਟਰ ਦਾ ਸਫ਼ਰ ਸਾਈਕਲ ਤੇ ਆਮ ਹੀ ਕਰ ਲੈਂਦੇ ਸੀ ਪਰ  ਉਸ ਦਿਨ ਗਰਮੀ ਬਹੁਤੀ ਹੋਣ ਕਰਕੇ ਮੈਂ ਬੱਸ ਹੀ ਫੜੀ।

ਬਠਿੰਡੇ  ਬੱਸ ਅੱਡ ਤੇ ਉੱਤਰਕੇ ਜ਼ਿਲਾ ਕਚਹਿਰੀ ਸਾਹਮਣੇ ਹਲਵਾਈ ਦੀ ਇੱਕ ਦੁਕਾਨ ਵੱਲ ਅਜੇ ਮੈਂ ਜਾ ਹੀ ਰਿਹਾ ਸੀ ਕਿ  ਮੇਰਾ ਇੱਕ ਕਾਲਜਮੇਟ ਅਤੇ  ਪੀ ਐਸ ਯੂ ਦਾ   ਕਰਿੰਦਾ ਮਿਲ ਪਿਆ। ਉਹ ਇੱਕ ਦਮ ਮੈਨੂੰ ਖਿੱਚ ਕੇ  ਦੁਕਾਨ ਦੇ ਅੰਦਰ ਲੈ ਗਿਆ  ਅਤੇ ਤ੍ਰਭਕ ਕੇ ਬੋਲਿਆ ,‘‘ ਉਹ ਬੱਲੀ, ਤੂੰ ਕਿਵੇਂ  ਮੌਜ ਨਾਲ ਫਿਰਦੈਂ, ਤੈਨੂੰ ਪਤਾ ਨਹੀਂ ਤੈਨੂੰ ਪੁਲਿਸ ਲੱਭ ਰਹੀ ਐ ? ਰਾਤ ਨੂੰ ਪੁਲਿਸ  ਨੇ ਛਾਪੇ  ਮਾਰੇ ਸੀ। ਥੋਡੇ ਘਰੇ ਰਾਮਪੁਰੇ  ਵੀ ਅੱਧੀ ਰਾਤ ਨੂੰ ਪੁਲਿਸ ਗਈ ਸੀ ਤੈਨੂੰ ਫੜਨ। ਹੋਰ ਕਈ ਥਾਈਂ ਛਪੇ ਪਏ ਨੇ, ਹੁਣ ਪਤਾ ਨਹੀਂ ਕੌਣ ਕਾਬੂ ਆਇਆ ਤੇ ਕੌਣ ਬਚਿਐ ?‘‘ ਉਹ ਇੱਕੇ ਸਾਹ ਹੀ ਸਾਰਾ ਕੁਝ ਕਹਿ ਗਿਆ। ਮੈਂ ਬਹੁਤ ਹੈਰਾਨ ਹੋਇਆ। ਮੈਂ ਕਿਹਾ, ‘‘ਪੁਲਿਸ ਕਾਹਤੋਂ ਛਪੇ ਮਾਰ ਰਹੀ ਐ, ਅਸੀਂ ਤਾਂ ਕੁਛ ਕੀਤਾ  ਹੀ ਨਹੀਂ, ਨਾ ਹੀ ਕੋਈ ਐਜੀਟੇਸ਼ਨ ਚੱਲ ਰਹੀ ਹੈ ਤੇ ਨਾ ਹੀ ਕੋਈ ਲੜਾਈ ਝਗੜਾ ਹੋਇਐ ?‘‘ ਉੁਸ  ਨੇ ਦੱਸਿਆ  ਕਿ ਕੋਈ ਐਮਰਜੈਂਸੀ ਲੱਗੀ ਐ। ਕਹਿੰਦੇ ਐ ਇੰਦਰਾ  ਨੇ ਲਾਈ ਐ।
ਮੇਰੀ  ਤਾਂ ਸਮਝੋ ਬਾਹਰ ਸੀ । ਐਮਰਜੈਂਸੀ  ਦਾ  ਨਾਂ ਵੀ ਅਸੀਂ  ਪਹਿਲੀ ਵਾਰ ਸੁਣਿਆ ਸੀ। ਇਸ  ਤੋਂ  ਪਹਿਲਾਂ 1965  ਅਤੇ 1971 ਦੀਆਂ ਜੰਗਾਂ ਵੇਲੇ ਬਲੈਕ ਆਊਟ ਤਾਂ ਹੰਢਾਏ ਸੀ ਪਰ  ਅਜਿਹੀ ਐਮਰਜੈਂਸੀ ਬਾਰੇ ਕਦੇ ਨਹੀਂ ਸੀ ਸੁਣਿਆ। ਉਸ  ਨੇ ਦੱਸਿਆ  ਕਿ ਸਿਰਫ਼ ਪੀ ਐਸ ਯੂ ਵਾਲਿਆਂ ਦੇ ਹੀ ਨਹੀਂ ਹੋਰ ਕਈ ਪਾਰਟੀਆਂ ਅਤੇ ਜਥੇਬੰਦੀਆਂ ਦੇ ਨੇਤਾ ਵੀ ਪੁਲਿਸ  ਨੇ ਫੜੇ ਨੇ। ਫੇਰ ਪੁਲਿਸ ਤੋਂ ਬਚਦੇ ਬਚਾਉਂਦੇ ਅਸੀਂ ਅਖ਼ਬਾਰ  ਲੱਭਿਆ। ਮੈਨੂੰ ਇੰਡੀਅਨ ਐਕਸਪ੍ਰੈਸ ਦਾ 26 ਜੂਨ ਦਾ ਉਹ ਪਹਿਲਾ ਸਫ਼ਾ ਯਾਦ  ਹੈ ਜੋ ਲਗਭਗ ਸਾਰਾ ਖ਼ਾਲੀ ਸੀ। ਉਸ ਤੇ ਇੱਕ ਵੱਡੀ ਸਾਰੀ ਕੈਂਚੀ  ਛਾਪ ਕੇ ਸਿਰਫ਼ -ਸੈਂਸਰਡ   ਸ਼ਬਦ ਲਿਖਿਆ ਹੋਇਆ ਸੀ । ਫਿਰ ਹੌਲੀ ਹੌਲੀ ਇਧਰੋਂ ਉਧਰੋਂ ਸੁਣ ਕੇ ਸਮਝ ਆਈ ਕਿ  ਓਸ ਵੇਲੇ ਦੀ  ਪ੍ਰਧਾਨ ਮੰਤਰੀ ਇੰਦਰਾ ਗਾਂਧੀ  ਨੇ ਜੈ ਪ੍ਰਕਾਸ਼ ਨਾਰਾਇਣ ਦੀ ਅਗਵਾਈ ਹੇਠ ਸ਼ੁਰੂ ਹੋਏ ਜਨਤਕ ਅੰਦੋਲਨ ਨੂੰ ਦਬਾਉਣ  ਲਈ ਅੰਦਰੂਨੀ ਸੁਰੱਖਿਆ ਨੂੰ ਖ਼ਤਰੇ ਦੇ ਬਹਾਨੇ ਐੱਮਰਜੈਂਸੀ ਲਾਈ ਸੀ ਅਤੇ ਸਾਰੇ ਸਿਆਸੀ ਵਿਰੋਧੀਆਂ ਨੂੰ ਫੜ ਕੇ ਜੇਲਾਂ ਵਿਚ ਪਾ ਦਿੱਤਾ ਸੀ। ਉਨਾ ਤੇ ਅੰਗਰੇਜ਼   ਸਰਕਾਰ  ਦੇ ਜ਼ਮਾਨੇ ਦਾ ਬਣਾਇਆ ਕਾਲਾ ਕਾਨੂੰਨ -ਡਿਫੈਂਸ ਆਫ ਇੰਡੀਆ ਰੂਲਸ (ਡੀ.ਆਈ.ਆਰ. ) ਲਾਕੇ ਜੇਲਾਂ ਵਿਚ ਬੰਦ ਕਰ ਦਿੱਤਾ ਸੀ। ਇਸ ਐਕਟ  ਹੇਠ ਕਿਸੇ  ਨੂੰ ਅੰਦਰੂਨੀ ਸੁਰੱਖਿਆ ਨੂੰ ਖ਼ਤਰੇ ਬਹਾਨੇ ਵੀ ਦੋ ਸਾਲ ਲਈ ਬਿਨਾਂ ਮੁਕੱਦਮਾ ਚਲਾਏ ਜੇਲ ਵਿਚ ਨਜ਼ਰਬੰਦ  ਰੱਖਿਆ ਜਾ ਸਕਦਾ ਸੀ। ਉਸ ਵੇਲੇ ਚਾਰੇ ਪਾਸੇ  ਬਹੁਤ ਖੌਫ਼ਜ਼ਦਾ ਮਾਹੌਲ ਸੀ।

ਅਸੀਂ ਜਾਂ  ਸਾਡੀ ਯੂਨੀਅਨ ਸਿੱਧੇ ਰੂਪ ਵਿਚ ਜੈ ਪ੍ਰਕਾਸ਼ ਨਾਰਾਇਣ  ਦੇ ਅੰਦੋਲਨ ਵਿਚ  ਸ਼ਾਮਲ ਨਹੀਂ ਸੀ ਅਤੇ ਅਸੀਂ ਤਾਂ ਖੱਬੇਪੱਖੀ ਸਮਝੇ ਜਾਂਦੇ  ਸੀ ਪਰ ਅਸੀਂ ਵੀ ਐਮਰਜੈਂਸੀ ਦੇ ਰਗੜੇ ਵਿੱਚ ਆ ਗਏ ਸੀ। ਮੇਰੇ  ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਉਸ ਵੇਲੇ ਦੇ ਪ੍ਰਸਿੱਧ ਆਗੂ ਪਿਰਥੀਪਾਲ ਸਿੰਘ ਰੰਧਾਵਾ ਅਤੇ ਸਾਡੇ ਕਈ ਹੋਰ ਸਾਥੀਆਂ ਤੇ ਵੀ ਡੀ. ਆਈ. ਆਰ. ਲਾਇਆ ਗਿਆ ਸੀ। ਐਮਰਜੈਂਸੀ  ਵਰਗੇ ਤਾਨਾਸ਼ਾਹ  ਕਦਮ ਦਾ ਵਿਰੋਧ ਕਰਨ ਦਾ ਫ਼ੈਸਲਾ ਪੀ ਐਸ  ਯੂ ਨੇ ਵੀ ਕੀਤਾ। ਸ਼੍ਰੋਮਣੀ ਅਕਾਲੀ ਦਲ  ਨੇ  ਵੀ  ਆਪਣਾ  ਮੋਰਚਾ ਸ਼ੁਰੂ ਕਰ ਦਿੱਤਾ ਸੀ ਪਰ  ਅਸੀਂ ਆਪਣੇ ਹਿਸਾਬ ਨਾਲ ਵੱਖਰੇ ਤੌਰ ਤੇ ਐਮਰਜੈਂਸੀ ਵਿਰੋਧੀ ਲਹਿਰ  ਚਲਾਉਂਦੇ ਰਹੇ। ਉਹੀ ਕਾਲਾ ਕਾਨੂੰਨ ਡੀ. ਆਈ. ਆਰ. ਲਾਇਆ ਗਿਆ ਸੀ।  ਮੇਰੇ ਤੋਂ ਇਲਾਵਾ ਮੇਰੇ ਦੋ ਭਰਾਵਾਂ ਅਤੇ ਇੱਕ ਹੋਰ ਨਜ਼ਦੀਕੀ ਰਿਸ਼ਤੇਦਾਰ  ਤੇ  ਵੀ  ਡੀ. ਆਈ. ਆਰ. ਲਾਇਆ ਗਿਆ ਸੀ ਅਤੇ ਉਹ ਤਿੰਨੇ ਕਾਫ਼ੀ  ਸਮਾਂ ਜੇਲ ਵਿਚ ਹੀ ਰਹੇ ਸਨ।
  ਅਸੀਂ  ਐਮਰਜੈਂਸੀ ਦਾ ਵਿਰੋਧ ਕਰਨ  ਅਤੇ ਲੋਕਾਂ ਨੂੰ ਇਸਦੇ ਖ਼ਿਲਾਫ਼ ਲੜਨ ਦਾ ਸੱਦਾ ਦੇਣ ਲਈ  ਆਮ ਤੌਰ ਤੇ ਹੱਥ ਲਿਖਤ ਪੋਸਟਰ ਕਾਲਜਾਂ  ਅਤੇ ਜਨਤਕ ਥਾਵਾਂ ਤੇ ਰਾਤਾਂ ਨੂੰ ਲਾਉਂਦੇ ਸੀ ਤਾਂ ਕਿ ਪੁਲਿਸ  ਨੂੰ ਪਤਾ ਨਾ ਲੱਗੇ। ਕਾਲਜਾਂ ਵਿਚ ਮੀਟਿੰਗਾਂ  ਅਤੇ ਕਦੇ   ਕਦੇ ਖੁੱਲੀਆਂ ਰੋਸ ਰੈਲੀਆਂ ਵੀ ਕਰ ਲੈਂਦੇ  ਪਰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਖਿਸਕ ਜਾਂਦੇ ਸੀ। ਪੀ ਐਸ  ਯੂ ਦੀ ਸਟੇਟ ਕਮੇਟੀ ਦੇ ਫ਼ੈਸਲੇ ਮੁਤਾਬਿਕ ਪਿਰਥੀਪਾਲ ਸਿੰਘ ਰੰਧਾਵਾ ਤਾਂ ਗ੍ਰਿਫ਼ਤਾਰ ਹੋ ਗਏ ਪਰ  ਮੈਂ ਅਤੇ ਯੂਨੀਅਨ ਦੇ ਕੁਝ ਇੱਕ ਹੋਰ ਨੇਤਾ ਭੂਮੀਗਤ ਹੀ ਰਹੇ। ਪਹਿਲਾਂ-ਪਹਿਲਾਂ ਤਾਂ ਪੁਲਿਸ  ਨੇ ਬਹੁਤ ਸਖ਼ਤੀ ਕੀਤੀ ਸੀ ਪਰ  ਸਾਲ ਕੁ  ਬਾਅਦ  ਕੁਝ ਢਿੱਲ ਮਿਲ ਗਈ ਸੀ ਪਰ ਮੇਰੇ ਤੇ ਲੱਗਿਆ  ਡੀ ਆਈ ਆਰ  23 ਮਾਰਚ 1977 ਨੂੰ ਉਦੋਂ  ਹੀ ਖ਼ਤਮ ਹੋਇਆ ਜਦੋਂ ਐਮਰਜੈਂਸੀ ਚੁੱਕੀ ਗਈ ਸੀ। ਉਹ ਸਮਾਂ ਕਾਲਜ ਦਿਨਾਂ ਦੀ ਇੱਕ ਅਭੁੱਲ ਯਾਦ ਬਣਿਆ  ਹੋਇਐ ਅਤੇ ਹਰ  ਵਰੇ ਜੂਨ ਮਹੀਨੇ ਵਿਚ ਇਹ ਯਾਦ ਤਾਜ਼ਾ ਹੋ ਜਾਂਦੀ ਹੈ।
       
****

1 comment:

gagan brar said...

tusi ta g mere city aye c,,,,vase eh punjab singh g hun kithe rehnde ne,,,