ਬਾਬਾ ਦਾਦੂਵਾਲ ਵੱਲੋਂ ਨਾਨਕਸ਼ਾਹੀ ਕੈਲੰਡਰ ਦੀ ਸੋਧ ਦਾ ਕੰਮ ਵਿਦਵਾਨਾਂ ’ਤੇ ਛੱਡਣ ਦਾ ਸੁਝਾਉ ਅਤਿ ਸ਼ਲਾਘਾਯੋਗ: ਸ. ਪੁਰੇਵਾਲ……… ਲੇਖ / ਕਿਰਪਾਲ ਸਿੰਘ

ਜਦੋਂ ਬਾਬਾ ਬਲਜੀਤ ਸਿੰਘ ਦਾਦੂਵਾਲ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਕੀਤੀ ਕਥਾ ਵਖਿਆਨ ਦੌਰਾਣ ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਸਬੰਧੀ ਪ੍ਰਗਟ ਕੀਤੇ ਵੀਚਾਰਾਂ ਵੱਲ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ, ਕੈਨੇਡਾ ਨਿਵਾਸੀ ਸ: ਪਾਲ ਸਿੰਘ ਪੁਰੇਵਾਲ ਦਾ ਧਿਆਨ ਦਿਵਾ ਕੇ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਇਹ ਸੰਭਵ ਹੈ ਕਿ ਨਾਨਕਸ਼ਾਹੀ ਕੈਲੰਡਰ ਦੀਆਂ ਸੰਗਰਾਂਦਾਂ ਬਿਕਰਮੀ ਸੰਮਤ ਦੀ ਸੰਗਰਾਂਦਾਂ ਨਾਲ ਜੁੜੀਆਂ ਰਹਿਣ ਦਿੱਤੀਆਂ ਜਾਣ ਤਾ ਕਿ ਸੂਰਜ ਦੇ ਇੱਕ ਰਾਸ ਵਿੱਚੋਂ ਦੂਜੀ ਰਾਸ ਵਿੱਚ ਪ੍ਰਵੇਸ਼ ਕਰਨ ਦਾ ਕੁਦਰਤੀ ਨਿਯਮ ਵੀ ਭੰਗ ਨਾ ਹੋਵੇ ਤੇ ਇਸ ਸੋਧ ਉਪ੍ਰੰਤ ਗੁਰਪੁਰਬ ਤੇ ਇਤਿਹਾਸਕ ਦਿਹਾੜੇ ਵੀ ਸਥਿਰ ਤਰੀਖਾਂ ਨੂੰ ਆ ਸਕਣ। ਸ: ਪੁਰੇਵਾਲ ਨੇ ਕਿਹਾ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਬਾਬਾ ਦਾਦੂਵਾਲ ਜੀ ਦੀ ਇਸ ਗੱਲੋਂ ਭਰਪੂਰ ਸ਼ਾਲਾਘਾ ਕਰਦੇ ਹਨ ਕਿਉਂਕਿ ਉਹ ਸੰਤ ਸਮਾਜ ਚੋਂ ਪਹਿਲੇ ਤੇ ਇੱਕੋ ਇੱਕ ਐਸਾ ਸੰਤ ਨਿਕਲਿਆ ਹੈ ਜਿਨ੍ਹਾਂ ਨੇ ਸੱਚ ਕਬੂਲਦਿਆਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਨਾਨਕਸ਼ਾਹੀ ਕੈਲੰਡਰ ਦੀ ਸੋਧ ਦਾ ਕੰਮ ਵਿਦਵਾਨਾਂ ’ਤੇ ਛੱਡਣ ਦੀ ਸਲਾਹ ਦਿੱਤੀ ਹੈ।
ਸੰਗਰਾਂਦਾਂ ਦੀ ਗੱਲ ਕਰਦਿਆਂ ਸ: ਪੁਰੇਵਾਲ ਨੇ ਕਿਹਾ ਕਿ ਇਹ ਸਵਾਲ ਅੱਜ ਸਿਰਫ ਇਨ੍ਹਾਂ ਨੇ ਹੀ ਖੜ੍ਹਾ ਨਹੀਂ ਕੀਤਾ ਸਗੋਂ 1999 ਤੋਂ ਪਹਿਲਾਂ ਹੋਈਆਂ ਮੀਟਿੰਗਾਂ ਤੋਂ ਲੈ ਕੇ ਅੱਜ ਤੱਕ ਸੰਤ ਸਮਾਜ ਦੇ ਆਗੂ ਸਮੇਂ ਸਮੇਂ ’ਤੇ ਖੜ੍ਹੇ ਕਰਦੇ ਆ ਰਹੇ ਹਨ। ਜਿਨ੍ਹਾਂ ਦਾ ਜਵਾਬ ਉਨ੍ਹਾਂ (ਸ: ਪੁਰੇਵਾਲ) ਵੱਲੋਂ ਨਾਲੋਂ ਨਾਲ ਦਿੱਤਾ ਜਾਂਦਾ ਰਿਹਾ ਹੈ ਤੇ ਅੱਜ ਵੀ ਉਨ੍ਹਾਂ ਦੀ ਵੈੱਬਸਾਈਟ ’ਤੇ ਵੇਖਿਆ ਜਾ ਸਕਦਾ ਹੈ। ਕੈਨੇਡਾ ਵਿੱਚ ਰਾਤ ਹੋਣ ਕਰਕੇ ਉਨ੍ਹਾਂ ਦੇ ਸੌਣ ਦਾ ਸਮਾਂ ਸੀ ਪਰ ਮੈਨੂੰ ਇਸ ਸਬੰਧੀ ਪੂਰੀ ਜਾਣਕਾਰੀ ਦੇਣ ਲਈ ਉਨ੍ਹਾਂ ਝੱਟ ਕੰਪਿਊਟਰ ਸਟਾਰਟ ਕਰਕੇ ਇੰਟਰਨੈੱਟ ’ਤੇ ਉਨ੍ਹਾਂ ਦੀ ਵੈੱਬ ਸਾਈਟ http://www.purewal.org ਖੋਲ੍ਹਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਗੁਰੂ ਅਰਜਨ ਸਾਹਿਬ ਜੀ ਦੀ ਉਚਾਰਣ ਕੀਤੀ ਹੋਈ, ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰ: 927 ’ਤੇ ਦਰਜ ਬਾਣੀ ਹੈ ‘ਰਾਮਕਲੀ ਮਹਲਾ 5 ਰੁਤੀ ਸਲੋਕੁ’। ਇਸ ਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਦੋ ਦੋ ਮਹੀਨਿਆਂ ਦੀਆਂ ਰੁਤਾਂ ਬਣਾ ਕੇ ਸਾਲ ਵਿੱਚ 6 ਰੁਤਾਂ ਦਾ ਵਰਨਣ ਕੀਤਾ ਹੈ। ਇਸ ਤਰ੍ਹਾਂ ਹਰ ਮਹੀਨੇ ਦਾ ਸਬੰਧ ਖਾਸ ਰੁੱਤ ਨਾਲ ਜੁੜਿਆ ਹੈ। ਇਸੇ ਨੂੰ ਮੁੱਖ ਰੱਖ ਕੇ ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ਵਿੱਚ ‘ਤੁਖਾਰੀ ਛੰਤ ਮਹਲਾ 1 ਬਾਰਹ ਮਾਹਾ’  ਅਤੇ ਗੁਰੂ ਅਰਜੁਨ ਸਾਹਿਬ ਜੀ ਨੇ ਮਾਝ ਰਾਗ ਵਿੱਚ ‘ਬਾਰਹ ਮਾਹਾ ਮਾਂਝ ਮਹਲਾ 5 ਘਰੁ 4’  ਉਚਾਰਣ ਕੀਤੇ ਹਨ। ਇਨ੍ਹਾਂ ਦੋਵੇਂ ਬਾਣੀਆਂ ਵਿੱਚ ਸੂਰਜ ਦਾ ਕਿਸੇ ਇੱਕ ਰਾਸ ਤੋਂ ਨਿਕਲ ਕੇ ਦੂਜੀ ਰਾਸ ਵਿੱਚ ਪ੍ਰਵੇਸ਼ ਕਰਨ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਬਲਕਿ ਇਨ੍ਹਾਂ ਮਹੀਨਿਆਂ ਵਿੱਚ ਮੌਸਮ ਦਾ ਜੀਵਾਂ ਅਤੇ ਪ੍ਰਾਕ੍ਰਿਤੀ ’ਤੇ ਪੈ ਰਹੇ ਚੰਗੇ ਮਾੜੇ ਪ੍ਰਭਾਵ ਦਾ ਵਰਨਣ ਕਰਕੇ ਇਸ ਰਾਹੀਂ ਮਨੁੱਖ ਨੂੰ ਅਧਿਆਤਮਕ ਤੌਰ ’ਤੇ ਪ੍ਰੇਰਣਾ ਦਿਤੀ ਗਈ ਹੈ ਕਿ ਹੈ ਜਿਹੜੇ ਉਸ ਦੀ ਯਾਦ ਨੂੰ ਵਿਸਾਰ ਕੇ ਵਿਕਾਰਾਂ ਵਿੱਚ ਲਿਪਤ ਰਹਿੰਦੇ ਹਨ ਦਾ ਉਨ੍ਹਾਂ ਦੀ ਆਤਮਿਕ ਜਿੰਦਗੀ ਵਿੱਚ ਪ੍ਰਭਾਵ ਇਸੇ ਤਰ੍ਹਾਂ ਹੈ ਜਿਵੇਂ ਮਾੜੇ ਮੌਸਮ ਦਾ ਪ੍ਰਭਾਵ ਜੀਵਾਂ ਅਤੇ ਪ੍ਰਕ੍ਰਿਤੀ ਤੇ ਪੈ ਰਿਹਾ ਹੈ। ਇਸੇ ਤਰ੍ਹਾਂ ਸਬੰਧਤ ਮਹੀਨੇ ਦੇ ਚੰਗੇ ਮੌਸਮ ਦਾ ਵਰਨਣ ਕਰਦੇ ਹੋਏ ਉਪਦੇਸ਼ ਦਿੱਤਾ ਹੈ ਕਿ ਪ੍ਰਭੂ ਦੀ ਕੀਰਤੀ ਵਿੱਚ ਜੁੜੇ ਮਨੁੱਖ ਹਮੇਸ਼ਾਂ ਹੀ ਇਸ ਇਸ ਮਹੀਨੇ ਵਰਗੇ ਚੰਗੇ ਮੌਸਮ ਦਾ ਅਨੰਦ ਮਾਣਦੇ ਰਹਿੰਦੇ ਹਨ ਜਦੋਂ ਕਿ ਪ੍ਰਭੂ ਨਾਲੋਂ ਟੁੱਟੇ ਮਨੁੱਖ ਅਜਿਹੇ ਸੁਹਾਵਣੇ ਮੌਸਮ ਵਿੱਚ ਵੀ ਵਿਕਾਰਾਂ ਦੀ ਅੱਗ ਵਿੱਚ ਸੜਦੇ ਰਹਿੰਦੇ ਹਨ।
ਉਨ੍ਹਾਂ ਦੀ ਵੈੱਬ ਸਾਈਟ ’ਤੇ ‘ਤਾਰਾ ਚੜਿਆ ਲੰਮਾ ਕਿਉ ਨਦਰਿ ਨਿਹਾਲਿਆ ਰਾਮ ॥’ ਸਿਰਲੇਖ ਹੇਠ ਛਪੇ ਲੇਖ ਵਿੱਚ ਗੁਰਬਾਣੀ ਵਿੱਚੋਂ ਪ੍ਰਮਾਣ ਦੇ ਕੇ ਦੱਸਿਆ ਗਿਆ ਹੈ ਕਿ ਬਿਕ੍ਰਮੀ ਕੈਲੰਡਰ ਗੁਰਬਾਣੀ ਅਨੁਸਾਰ ਬਿਲਕੁਲ ਨਹੀਂ ਹੈ। ਉਨ੍ਹਾਂ ਕਿਹਾ ਇਸ ਪੱਖ ਦੀ ਵਿਆਖਿਆ 2003 ਵਿੱਚ ਲਾਗੂ ਕੀਤੇ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਵਿੱਚ ਵੀ ‘ਨਾਨਕਸ਼ਾਹੀ ਕੈਲੰਡਰ ਦੀ ਲੋੜ ਕਿਉਂ’ ਸਿਰਲੇਖ ਹੇਠ ਖੁੱਲ੍ਹ ਕੇ ਕੀਤੀ ਗਈ ਹੈ ਕਿ ਪ੍ਰਚਲਤ ਬਿਕ੍ਰਮੀ ਕੈਲੰਡਰ ਦਾ ਸਾਲ ਮੌਸਮੀ ਸਾਲ ਨਾਲੋਂ ਤਕਰੀਬਨ 20 ਮਿੰਟ ਵੱਡਾ ਹੈ ਅਤੇ ਈਸਵੀ ਸਾਲ 26 ਸੈਕੰਡ ਵੱਧ ਹੈ। ਇਨ੍ਹਾˆ  ਕਾਰਣਾˆ ਕਰਕੇ ਜਿੱਥੇ ਈਸਵੀ ਸਾਲ ਦਾ ਸਾˆਝੇ ਮੌਸਮੀ ਸਾਲ ਨਾਲੋਂ 3300 ਸਾਲਾਂ 'ਚ 1 ਦਿਨ ਦਾ ਫਰਕ ਪਵੇਗਾ ਉਥੇ ਬਿਕ੍ਰਮੀ ਕੈਲੰਡਰ ਅਨੁਸਾਰ 70/71 ਸਾਲਾਂ ਵਿੱਚ ਹੀ ਇੱਕ ਦਿਨ ਦਾ ਫਰਕ ਪੈ ਜਾਂਦਾ ਹੈ। ਇਹ ਫ਼ਰਕ ਬਿਕ੍ਰਮੀ ਕੈਲੰਡਰ ਅਨੁਸਾਰ ਆਈਆਂ ਜਾਂ ਆਉਣ ਵਾਲੀਆਂ ਵੈਸਾਖੀ ਦੀਆਂ ਤਰੀਕਾਂ ਤੋਂ ਭਲੀਭਾਂਤ ਸਪਸ਼ਟ ਹੋ ਜਾਂਦਾ ਹੈ। ਇਤਿਹਾਸਕ ਤੌਰ 'ਤੇ ਸਭ ਜਾਣਦੇ ਹਨ ਕਿ ਅੰਮ੍ਰਤਿ ਛਕਾ ਕੇ ਖ਼ਾਲਸਾ ਪ੍ਰਗਟ ਕਰਨ ਸਮੇਂ ਵੈਸਾਖੀ 1699 ਨੂੰ 30 ਮਾਰਚ ਸੀ। ਇਸ ਤੋਂ ਉਪ੍ਰੰਤ ਈਸਵੀ ਸੰਨ ਨੂੰ ਸਾਂਝੇ ਮੌਸਮੀ ਸਾਲ ਨਾਲ ਮਿਲਾਉਣ ਲਈ 1752 'ਚ ਈਸਵੀ ਕੈਲੰਡਰ ਨੂੰ 10 ਦਿਨ ਅੱਗੇ ਕਰ ਦਿੱਤਾ ਗਿਆ, ਜਿਸ ਕਾਰਨ ਵੈਸਾਖੀ ਭਾਵ ਵੈਸਾਖ ਦੀ 1 ਤਰੀਕ 1753 ਈਸਵੀ ਨੂੰ 9 ਅਪ੍ਰੈਲ, 1799 ਨੂੰ 10 ਅਪ੍ਰੈਲ, 1999 ਨੂੰ 14 ਅਪ੍ਰੈਲ ਆਈ ਅਤੇ 2100 ਨੂੰ 15 ਅਪ੍ਰੈਲ ਅਤੇ 2199 ਨੂੰ 16 ਅਪ੍ਰੈਲ ਹੋਵੇਗੀ। ਉਪ੍ਰੋਕਤ ਦ੍ਰਿਸ਼ਟੀ ਤੋਂ ਬਿਕ੍ਰਮੀ ਸਾਲ ਅਨੁਸਾਰ ਪਹਿਲੀ ਵੈਸਾਖ ਭਾਵ ਵੈਸਾਖੀ ਤਕਰੀਬਨ 1100 ਸਾਲ ਬਾਅਦ ਅਪ੍ਰੈਲ ਦੀ ਬਜਾਇ ਮਈ ਮਹੀਨੇ ਵਿੱਚ ਚਲੀ ਜਾਵੇਗੀ ਅਤੇ 13000 ਸਾਲ ਬਾਅਦ ਅਕਤੂਬਰ ਦੇ ਅੱਧ ਵਿੱਚ ਆਵੇਗੀ। ਗੁਰੂ ਨਾਨਕ ਦੇਵ ਜੀ ਤੇ ਗੁਰੂ ਅਰਜਨ ਦੇਵ ਜੀ ਨੇ ਅਧਿਆਤਮਕ ਸੰਦੇਸ਼ ਜਨ ਸਧਾਰਣ ਤੱਕ ਪਹੁੰਚਾਉਣ ਲਈ ਮਹੀਨਿਆਂ ਅਨੁਸਾਰ ਬਾਰਹ ਮਾਹਾ ਤੁਖਾਰੀ ਤੇ ਬਾਰਹ ਮਾਝ ਸ਼੍ਰੀ ਗੁਰੂ ਗੰ੍ਰਥ ਸਾਹਿਬ ਵਿੱਚ ਮੌਸਮਾਂ ਰਾਹੀਂ ਬਿਆਨ ਕੀਤਾ ਹੈ। ''ਅਸਾੜ ਤਪੰਦਾ ਤਿਸੁ ਲਗੈ ਹਰਿ ਨਾਹੁ ਨਾ ਜਿੰਨਾ ਪਾਸਿ॥'' (ਬਾਰਹ ਮਾਹ ਮਾਝ ਮ: 5) ''ਅਸਾੜ ਭਲਾ ਸੂਰਜੁ ਗਗਨਿ ਤਪੈ ਧਰਤੀ ਦੁਖ ਸਹੈ ਸੋਖੈ ਅਗਨਿ ਭਖੈ॥'' (ਬਾਰਹ ਮਾਹਾ ਤੁਖਾਰੀ ਮ: 1) ਪਰ 13000 ਸਾਲ ਬਾਅਦ ਅਸਾੜ ਮਹੀਨਾ ਤਕਰੀਬਨ ਦਸੰਬਰ 'ਚ ਆਵੇਗਾ ਜਦੋਂ ਅਸਾੜ (ਹਾੜ) ਮਹੀਨਾ ਤਪਨ ਦੀ ਥਾਂ ਹੁਣ ਦੇ ਪੋਹ ਦੇ ਮਹੀਨੇ ਵਾਂਗ ਅਤਿ ਦੀ ਠੰਡ ਵਾਲਾ ਹੋਵੇਗਾ। ਸੋ ਜੇ ਕਰ ਬਿਕ੍ਰਮੀ ਕੈਲੰਡਰ ਮੌਜ਼ੂਦਾ ਰੂਪ 'ਚ ਚੱਲਦਾ ਰਿਹਾ ਤਾਂ ਗੁਰਬਾਣੀ ਵਿੱਚ ਮਹੀਨਿਆਂ ਦਾ ਮੌਸਮਾਂ ਤੇ ਰੁੱਤਾਂ ਨਾਲੋਂ ਸਬੰਧ ਟੁੱਟ ਜਾਵੇਗਾ। ਗੁਰਬਾਣੀ ਵਿੱਚ ਵਰਣਨ ਮਹੀਨੇ ਦੀ ਰੁੱਤ ਕਿਸੇ ਹੋਰ ਹੀ ਮਹੀਨੇ ਵਿੱਚ ਆਇਆ ਕਰੇਗੀ।
ਹਿੰਦੀ ‘ਪੰਚਾਂਗ ਦਿਵਾਕਰ’ ਸੰਮਤ 2068, ਪੰਡਿਤ ਦੇਵੀ ਦਿਆਲ ਐਂਡ ਸੰਜ਼, ਪੰਨਾ 124 ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ 1 ਅਪ੍ਰੈਲ ਨੂੰ ਆਯਨਅੰਸ਼ 24º 01' 08" ਦਿੱਤਾ ਹੈ, ਜਿਸ ਦਾ ਅਰਥ ਹੈ ਕਿ ਪਿਛਲੇ ਲਗ-ਭਗ 1700 ਸਾਲਾਂ ਵਿੱਚ ਬਿਕ੍ਰਮੀ ਸੂਰਜੀ ਸਾਲ ਦਾ ਮੌਸਮੀ ਸਾਲ ਨਾਲੋਂ (ਰੁੱਤਾਂ ਅਨੁਸਾਰ) ਤਕਰੀਬਨ 24 ਦਿਨਾਂ ਦਾ ਅੰਤਰ ਹੋ ਗਿਆ ਹੈ। ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਅੱਜ ਤੱਕ 7/8 ਦਿਨ ਦਾ ਫ਼ਰਕ ਪੈ ਚੁੱਕਾ ਹੈ। ਇਸ ਗੱਲ ਨਾਲ ਵਿੱਦਵਾਨ ਪੰਡਿਤ ਅਤੇ ਖ਼ਗੋਲ ਵਿਗਿਆਨੀ ਸਹਿਮਤ ਹਨ।
ਸ: ਪੁਰੇਵਾਲ ਨੇ ਕਿਹਾ : ‘ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥’ (ਪੰਨਾ 1108- ਬਾਰਹ ਮਾਹਾ ਤੁਖਾਰੀ ਰਾਗ ਵਿੱਚ ਆਸਾੜ ਦੇ ਮਹੀਨੇ ਸਬੰਧੀ ਹੈ) ਦੇ ਅਰਥ ਫ਼ਰੀਦਕੋਟੀ ਟੀਕੇ ਅਨੁਸਾਰ ਇਸ ਤਰ੍ਹਾਂ ਹਨ: “-ਜਬ ਅਸਾੜ ਕੇ ਮਹੀਨੇ ਸੂਰਜ ਕਾ ਰਥ ਫਿਰਤਾ ਹੈ ਅਰਥਾਤ ਉਤ੍ਰਾਇਣ ਦਖਯਾਇਣ ਕੋ ਹੋਤਾ ਹੈ --- ” 
ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਅਨੁਸਾਰ ਇਸ ਦੇ ਅਰਥ ਹਨ “ਰਥ ਫਿਰਨਾ ਸੂਰਜ ਦਾ ਦੱਖਿਣਾਯਨ ਅਥਵਾ ਉੱਤਰਾਯਣ ਵੱਲ ਹੋਣਾ ---”
 ਆਸਾੜ ਦੇ ਮਹੀਨੇ ਜਿਸ ਦਿਨ ਸੂਰਜ ਦੱਖਣ ਵੱਲ ਨੂੰ ਮੋੜੇ ਪਾਉਂਦਾ ਹੈ, ਉਹ ਦਿਨ ਉੱਤਰੀ ਅਰਧ-ਗੋਲੇ ਵਿੱਚ ਵੱਡੇ ਤੋਂ ਵੱਡਾ ਹੁੰਦਾ ਹੈ, ਅਤੇ ਉਸੇ ਦਿਨ ਪੰਜਾਬ ਵਿੱਚ ਵਰਖਾ ਰੁੱਤ ਅਰੰਭ ਹੁੰਦੀ ਹੈ। ਕਿਸੇ ਸਾਲ ਦੇ ਆਸਾੜ ਦੇ ਮਹੀਨੇ ਰਥ ਫਿਰਨ ਦੇ ਸਮੇਂ ਤੋਂ ਅਗਲੇ ਸਾਲ ਦੇ ਉਸੇ ਮਹੀਨੇ ਰਥ ਫਿਰਨ ਦੇ ਸਮੇਂ ਤੱਕ ਨੂੰ ਸੂਰਜੀ ਮੌਸਮੀ ਸਾਲ ਕਹਿੰਦੇ ਹਨ।
 ਇਹੀ ਨਾਨਕਸ਼ਾਹੀ ਕੈਲੰਡਰ ਦੀ ਲੰਬਾਈ ਹੈ, ਇਹੀ ਅੰਗ੍ਰੇਜ਼ੀ ਗਰੈਗੋਰੀਅਨ ਕੈਲੰਡਰ ਦੀ ਲੰਬਾਈ ਹੈ, ਇਹੀ ਈਰਾਨੀਅਨ ਸੂਰਜੀ ਕੈਲੰਡਰ ਦੀ ਲੰਬਾਈ ਹੈ, ਇਹੀ ਜਾਪਾਨੀ ਕੈਲੰਡਰ ਦੀ ਲੰਬਾਈ ਹੈ, ਅਤੇ ਇਹੀ ਬਹਾਈ ਧਰਮ ਦੇ ਕੈਲੰਡਰ ਦੀ ਲੰਬਾਈ ਹੈ। ਗੁਰੂ ਨਾਨਕ ਸਾਹਿਬ ਦੇ ਸਮੇਂ ਇਹ ਦਿਨ ਬਿਕ੍ਰਮੀ ਕੈਲੰਡਰ (ਸੂਰਜ ਸਿਧਾਂਤ) ਅਨੁਸਾਰ 1469 ਸੰਨ ਤੋਂ 1539 ਸੰਨ ਤੱਕ  16 ਹਾੜ (ਸੂਰਜ ਸਿਧਾਂਤ) ਨੂੰ ਆਇਆ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਮੇਂ 1666 ਸੰਨ ਤੋਂ 1708 ਸੰਨ ਤੱਕ – 13 ਹਾੜ (ਸੂਰਜ ਸਿਧਾਂਤ) ਨੂੰ ਆਇਆ ਸੀ। (ਤਿੰਨ ਦਿਨ ਦਾ ਫ਼ਰਕ ਪੈ ਗਿਆ) ਅਤੇ ਅੱਜ-ਕੱਲ  - 7 ਹਾੜ (ਦ੍ਰਿਕ ਗਣਿਤ) ਨੂੰ ਆਉਂਦਾ ਹੈ। (ਛੇ ਦਿਨ ਦਾ ਹੋਰ ਫ਼ਰਕ ਪੈ ਗਿਆ)
ਨੋਟ ਕਰਨ ਵਾਲੀ ਗੱਲ ਇਹ ਹੈ ਕਿ ਤਕਰੀਬਨ 500 ਸਾਲਾਂ ਬਾਅਦ ਰਥ ਫਿਰਨ ਦੀ ਕਿਰਿਆ, ਬਿਕ੍ਰਮੀ ਕੈਲੰਡਰ ਦੀ ਲੰਬਾਈ ਮੌਸਮੀ ਸਾਲ ਨਾਲੋਂ ਤਕਰੀਬਨ 20 ਮਿੰਟ ਵੱਧ ਹੋਣ ਕਾਰਨ ਬਿਕ੍ਰਮੀ ਜੇਠ ਦੇ ਮਹੀਨੇ ਵਿੱਚ ਹੋਣ ਲੱਗ ਪਵੇਗੀ, ਜੋ ਕਿ ਆਸਾੜ ਦੇ ਮਹੀਨੇ ਸਬੰਧੀ ਉਪ੍ਰੋਕਤ ਤੁਕ ਅਨੁਕੂਲ ਨਹੀਂ ਹੋਵੇਗੀ, ਜਦ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਇਹ ਪ੍ਰ੍ਰਕ੍ਰਿਆ ਸਦਾ ਹੀ ਨਾਨਕਸ਼ਾਹੀ ਆਸਾੜ ਦੇ ਮਹੀਨੇ ਵਿੱਚ ਹੁੰਦੀ ਰਹੇਗੀ। ਇਸ ਲਈ ਅਸੀਂ ਬੜੇ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਨਾਨਕਸ਼ਾਹੀ ਕੈਲੰਡਰ ਗੁਰਬਾਣੀ ਅਨੁਸਾਰ ਹੈ, ਜਦੋਂ ਕਿ ਬਿਕ੍ਰਮੀ ਕੈਲੰਡਰ ਨਹੀਂ ਹੈ।
ਸ: ਪੁਰੇਵਾਲ ਨੇ ਦੱਸਿਆ ਕਿ ਗੁਰੂ ਕਾਲ ਤੋਂ ਵੀ ਪਹਿਲਾਂ ਤੋਂ ਇਸ ਦੀ ਲੰਬਾਈ ਸੂਰਜ ਸਿਧਾਂਤ ਗ੍ਰੰਥ ਅਨੁਸਾਰ 365 ਦਿਨ 15 ਘੜੀ 31 ਪਲ ਅਤੇ 31 ਵਿਪਲ (365 ਦਿਨ 6 ਘੰਟੇ 12 ਮਿੰ 36.5 ਸਕਿੰਟ) ਲਈ ਜਾਂਦੀ ਸੀ, ਪਰ 1960 ਸੰਨ ਵਾਲੇ ਦਹਾਕੇ ਵਿੱਚ ਪੰਜਾਬ ਦੇ ਜੰਤਰੀਕਾਰਾਂ ਨੇ ਦ੍ਰਿਕ ਗਣਿਤ ਅਨੁਸਾਰ ਨਛੱਤ੍ਰ ਸਾਲ ਦੀ ਗਣਿਤ ਕਰਨੀ ਸ਼ੁਰੂ ਕਰ ਦਿੱਤੀ, ਅਤੇ ਸੂਰਜ ਸਿਧਾਂਤ ਨੂੰ ਗ਼ਲਤ ਦੱਸ ਕੇ ਉਸ ਅਨੁਸਾਰ ਗਣਿਤ ਨੂੰ ਤਲਾਂਜਲੀ ਦੇ ਦਿੱਤੀ।
ਸ: ਪੁਰੇਵਾਲ ਨੇ ਆਪਣੇ 500 ਸਾਲਾ ਕੈਲੰਡਰ ਵਿਚੋਂ ਬਿਕ੍ਰਮੀ ਕੈਲੰਡਰ ਅਨੁਸਾਰ 2999 ਸੰਨ ਦੀਆਂ ਸੰਗ੍ਰਾਂਦਾਂ ਦੀਆਂ ਤਾਰੀਖ਼ਾਂ ਵਿਖਾਉਂਦੇ ਹੋਏ ਦੱਸਿਆ ਕਿ ਉਸ ਸਾਲ
ਮਾਘੀ - 27 ਜਨਵਰੀ
ਫ਼ੱਗਣ - 26 ਫ਼ਰਵਰੀ
ਚੇਤ - 28 ਮਾਰਚ
ਵੈਸਾਖੀ - 27 ਅਪ੍ਰੈਲ
ਜੇਠ - 28 ਮਈ
ਹਾੜ - 28 ਜੂਨ
ਸਾਵਣ - 30 ਜੁਲਾਈ
ਭਾਦੋਂ - 30 ਅਗਸਤ
ਅੱਸੂ - 30 ਸਤੰਬਰ
ਕੱਤਕ - 30 ਅਕਤੂਬਰ
ਮੱਘਰ - 29 ਨਵੰਬਰ
ਪੋਹ - 29 ਦਸੰਬਰ ਨੂੰ ਆਵੇਗੀ 
ਭਾਵ ਉਦੋਂ ਤੱਕ ਬਿਕ੍ਰਮੀ ਅਤੇ ਨਾਨਕਸ਼ਾਹੀ ਸੰਗ੍ਰਾਂਦਾਂ ਵਿੱਚ ਤਕਰੀਬਨ 2 ਹਫ਼ਤਿਆਂ ਦਾ ਫ਼ਰਕ ਪੈ ਚੁੱਕਿਆ ਹੋਵੇਗਾ। ਜਦੋਂ ਕਿ ਉਨ੍ਹਾਂ ਵੱਲੋਂ ਤਿਆਰ ਕੀਤੇ ਨਾਨਕਸ਼ਾਹੀ ਕੈਲ਼ੰਡਰ ਵਿੱਚ ਇਨ੍ਹਾਂ ਮਹੀਨਿਆਂ ਦੀ ਅਰੰਭਤਾ ਦੀਆਂ ਤਾਰੀਖ਼ਾਂ ਸਦਾ ਲਈ:
ਮਾਘੀ - 13 ਜਨਵਰੀ
ਫ਼ੱਗਣ - 12 ਫ਼ਰਵਰੀ
ਚੇਤ - 14 ਮਾਰਚ
ਵੈਸਾਖੀ - 14 ਅਪ੍ਰੈਲ
ਜੇਠ - 15 ਮਈ
ਹਾੜ - 15 ਜੂਨ
ਸਾਵਣ - 16 ਜੁਲਾਈ
ਭਾਦੋਂ - 16 ਅਗਸਤ
ਅੱਸੂ - 15 ਸਤੰਬਰ
ਕੱਤਕ - 15 ਅਕਤੂਬਰ
ਮੱਘਰ - 14 ਨਵੰਬਰ
ਪੋਹ - 14 ਦਸੰਬਰ ਨੂੰ ਹੀ ਆਵੇਗੀ।
ਹੁਣ ਤੁਸੀਂ ਆਪ ਹੀ ਵਿਚਾਰ ਕਰ ਲਓ ਕਿ ਕੀ ਨਾਨਕਸ਼ਾਹੀ ਕੈਲੰਡਰ  ਦੀਆਂ ਸੰਗਰਾਂਦਾਂ ਬਿਕ੍ਰਮੀ ਕੈਲੰਡਰ ਅਨੁਸਾਰ ਕਰਨੀਆਂ ਠੀਕ ਹਨ?
 ਦੋ ਸੰਗਰਾਂਦਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਬਿਕ੍ਰਮੀ ਸੂਰਜ ਸਿਧਾਂਤ ਗਣਿਤ ਅਨੁਸਾਰ 2002-3 ਸੰਨ ਵਿੱਚ ਸੰਗ੍ਰਾਂਦਾਂ ਦੀਆਂ ਤਾਰੀਖ਼ਾਂ ‘ਗਣੇਸ਼ ਆਪਾ ਪੰਚਾਂਗ (ਹਿੰਦੀ), ਵਾਰਾਨਸੀ’ ਅਨੁਸਾਰ
ਵੈਸਾਖੀ - 14 ਅਪ੍ਰੈਲ 
ਜੇਠ - 14 ਮਈ
ਹਾੜ - 15 ਜੂਨ
ਸਾਵਣ - 17 ਜੁਲਾਈ
ਭਾਦੋਂ - 17 ਅਗਸਤ
ਅੱਸੂ – 17 ਸਤੰਬਰ
ਕੱਤਕ - 17 ਅਕਤੂਬਰ
ਮੱਘਰ - 16 ਨਵੰਬਰ
ਪੋਹ - 16 ਦਸੰਬਰ
ਮਾਘ - 14 ਜਨਵਰੀ
ਫ਼ੱਗਣ – 13 ਫ਼ਰਵਰੀ
ਚੇਤ - 14 ਮਾਰਚ  ਨੂੰ ਆਈ ਸੀ
ਤੇ ਬਿਕ੍ਰਮੀ ਦ੍ਰਿਕ ਗਣਿਤ 2002-3 ਸੰਨ ਵਿੱਚ ਸੰਗ੍ਰਾਂਦਾਂ ਦੀਆਂ ਤਾਰੀਖ਼ਾਂ  ‘ਮਾਰਤੰਡ ਪੰਚਾਂਗ (ਹਿੰਦੀ), ਕੁਰਾਲੀ’ ਅਨੁਸਾਰ
ਵੈਸਾਖੀ - 13 ਅਪ੍ਰੈਲ
ਜੇਠ - 14 ਮਈ
ਹਾੜ - 15 ਜੂਨ
ਸਾਵਣ - 16 ਜੁਲਾਈ
ਭਾਦੋਂ – 16 ਅਗਸਤ
ਅੱਸੂ - 16 ਸਤੰਬਰ
ਕੱਤਕ - 17 ਅਕਤੂਬਰ
ਮੱਘਰ - 16 ਨਵੰਬਰ
ਪੋਹ - 15 ਦਸੰਬਰ
ਮਾਘੀ - 14 ਜਨਵਰੀ
ਫ਼ੱਗਣ - 12 ਫ਼ਰਵਰੀ
ਚੇਤ - 14 ਮਾਰਚ  ਨੂੰ ਆਈ ਸੀ।
ਇਸ ਚਾਰਟ ਤੋਂ ਤੁਸੀਂ ਵੇਖ ਸਕਦੇ ਹੋ ਕਿ ਉਸ ਸਾਲ ਦੋਹਾਂ ਪੰਚਾਂਗਾਂ ਵਿੱਚ 6 ਸੰਗ੍ਰਾਂਦਾਂ ਵਿੱਚ ਇੱਕ-ਇੱਕ ਦਿਨ ਦਾ ਫ਼ਰਕ ਸੀ। ਇਸੇ ਤਰ੍ਹਾਂ 2007 ਦੀ ਗੀਤਾ ਪ੍ਰੈੱਸ ਗੋਰਖਪੁਰ ਅਤੇ 2007-08  ਕੁਰਾਲੀ ਦੀ ਮਾਰਤੰਡ ਪੰਚਾਂਗ ਦੀ ਦੀਆਂ ਸੰਗਰਾਂਦਾ ਦਾ ਚਾਰਟ ਵਿਖਾਉਂਦੇ ਹੋਏ ਕਿਹਾ ਕਿ ਇਸ ਸਾਲ ਵਿੱਚ ਦੋਵੇਂ ਪਚਾਂਗਾ ਅਨੁਸਾਰ ਫੱਗਣ, ਸਉਣ, ਕੱਤਕ ਤੇ ਮੱਘਰ ਦੇ ਚਾਰ ਮਹੀਨਿਆਂ ਦੀ ਸੰਗਰਾਂਦਾਂ ਵਿੱਚ ਇੱਕ ਇੱਕ ਦਿਨ ਦਾ ਫਰਕ ਹੈ। ਇਸ ਸਾਲ ਦੀਆਂ ਪੰਚਾਂਗਾਂ ਖ਼ਰੀਦ ਕੇ ਤੁਸੀਂ ਖ਼ੁਦ ਵੇਖ ਲੈਣਾ ਕਿ ਕਿਹੜੇ ਕਿਹੜੇ ਮਹੀਨਿਆਂ ਦੀਆਂ ਸੰਗਰਾਂਦਾਂ ਵਿੱਚ ਫਰਕ ਹੈ। ਹੁਣ ਸੰਗਰਾਂਦਾਂ ਬਿਕ੍ਰਮੀ ਸੰਮਤ ਅਨੁਸਾਰ ਕਰਨ ਦੀ ਵਕਾਲਤ ਕਰਨ ਵਾਲੇ ਦੱਸਣ ਕਿ, ਕਿਹੜੇ ਕੈਲੰਡਰ  ਵਿੱਚ ਦੋ-ਦੋ ਸੰਗ੍ਰਾਂਦਾਂ ਹੋਈਆਂ? ਬਿਕ੍ਰਮੀ ਵਿੱਚ ਜਾਂ ਅਸਲੀ ਨਾਨਕਸ਼ਾਹੀ ਵਿੱਚ? ਭਾਰਤ ਵਿੱਚ ਪ੍ਰਚਲਤ ਪਚਾਂਗਾਂ ਵਿੱਚੋਂ ਕਿਹੜੀ ਪਚਾਂਗ ਦੀ ਤਰੀਖਾਂ, ਸੂਰਜ ਸਿਧਾਂਤ ਦੀਆਂ ਗੁਰੂ ਪ੍ਰਵਾਣਿਤ ਮਿਤੀਆਂ ਅਨੁਸਾਰ ਸੰਗ੍ਰਾਂਦਾਂ ਨੂੰ ਕੁਸੋਧੇ ਨਾਨਕਸ਼ਾਹੀ ਕੈਲੰਡਰ ਵਿੱਚ ਲਾਗੂ ਕਰਨਗੇ?
ਸ: ਪੁਰੇਵਾਲ ਨੇ ਆਪਣੀ ਵੈੱਬ ਸਾਈਟ ’ਤੇ ਪਾਈ ਹੋਈ ਪਟਨਾ ਸਾਹਿਬ ਵਿਖੇ ਸੁਰੱਖਿਅਤ ਸਭ ਤੋਂ ਪੁਰਾਣੇ ਦੱਸੇ ਜਾਂਦੇ ਦਸਮ ਗ੍ਰੰਥ ਦੇ ਇੱਕ ਪੰਨੇ ਉੱਪਰ ਜਨਮ ਪੱਤਰੀ, ਜੋ ਕਹੀ ਜਾਂਦੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੈ, ਦੇ ਉਤਾਰੇ  ਦੀ ਫੋਟੋ ਕਾਪੀ ਵਿਖਾਉਂਦੇ ਹੋਏ ਇੱਕ ਹੋਰ ਭੇਦ ਦੀ ਗੱਲ ਦੱਸਦਿਆਂ ਕਿਹਾ ਕਿ ਇਨ੍ਹਾਂ ਦਾ ਸਾਰਾ ਜੋਰ ਇਸ ’ਤੇ ਲੱਗਾ ਹੈ ਕਿ ਗੁਰੂ ਸਾਹਿਬ ਜੀ ਪ੍ਰਕਾਸ਼ ਦਿਹਾੜਾ ਇਸ ਮੁਤਾਬਕ ਪੋਹ ਸੁਦੀ 7 ਨੂੰ ਹੀ ਮਨਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਇਸ ਦੇ ਪੱਖ ਨੂੰ ਉਜਾਗਰ ਕਰਨ ਲਈ ਬਹੁਤ ਸਾਰੇ ਚਾਰਟ ਬਣਾਏ ਹਨ ਜਿਨ੍ਹਾਂ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ:
1.  ਪੱਤਰੀ ਵਿੱਚ ਦਿੱਤਾ ਦਿਨ ਰਵਿ-ਵਾਰ (ਐਤਵਾਰ) ਹੈ। ਇਹ ਕੇਵਲ 1662 ਅਤੇ 1669 ਈ. ਵਾਲੀਆਂ ਪੋਹ ਸੁਦੀ ਸਪਤਮੀਆਂ ਨੂੰ ਹੀ ਆਉਂਦਾ ਹੈ। ਪਰ, 1662 ਵਿੱਚ ਦਿੱਤੇ ਸਮੇਂ ਲਗਨ ਕੁੰਭ ਹੈ, ਮੀਨ ਨਹੀਂ।
2.  ਪੱਤਰੀ ਵਿੱਚ ਦਿੱਤਾ ਤਿਥੀ ਸਪਤਮੀ ਦਾ ਸਮਾਪਤੀ ਸਮਾਂ 24 ਘੜੀ ਦਿੱਤਾ ਹੈ। ਜੋ ਸੂਰਜ ਉਦੇ ਅਨੁਸਾਰ ਸ਼ਾਮ ਦੇ 4 ਬਜ ਕੇ 7 ਮਿੰਟ ਤੋ ਸ਼ਾਮ ਦੇ 4 ਵਜ ਕੇ 14 ਮਿੰਟ ਵੱਖ ਵੱਖ ਸਾਲਾਂ ਵਿੱਚ ਬਣਦਾ ਹੈ। ਇਹ ਕੇਵਲ 1669 ਈਸਵੀ / 1726 ਬਿਕ੍ਰਮੀ ਵਾਲੀ ਪੋਹ ਸੁਦੀ ਸਪਤਮੀ ਦੇ ਨਾਲ ਲਗ-ਭਗ ਮੇਲ ਖਾਂਦਾ ਹੈ।
3.  ਪੱਤਰੀ ਵਿੱਚ ਦਿੱਤਾ ਉੱਤਰਾ-ਭਾਦਰਪਦ ਨਖਸ਼ੱਤਰ ਦਾ ਸਮਾਪਤੀ ਸਮਾਂ 36 ਘੜੀ ਦਿੱਤਾ ਹੈ। ਜੋ ਸੂਰਜ ਉਦੇ ਅਨੁਸਾਰ ਰਾਤ ਦੇ 8 ਬਜ ਕੇ 55 ਮਿੰਟ ਤੋਂ ਰਾਤ ਦੇ 9 ਬਜ ਕੇ 2 ਮਿੰਟ ਵੱਖ ਵੱਖ ਸਾਲਾਂ ਵਿੱਚ ਬਣਦਾ ਹੈ। ਇਹ ਵੀ ਕੇਵਲ 1669 ਈਸਵੀ / 1726 ਬਿਕ੍ਰਮੀ ਪੋਹ ਸੁਦੀ ਸਪਤਮੀ ਵਾਲੇ ਦਿਨ ਵਾਪਰਨ ਵਾਲੇ ਉੱਤਰਾ-ਭਾਦਰਪਦ ਨਖਸ਼ੱਤਰ ਨਾਲ ਲਗ-ਭਗ ਮਿਲਦਾ ਹੈ, ਹੋਰ ਕਿਸੇ ਸਾਲ ਵਿੱਚ ਨਹੀਂ।
4.  ਪੱਤਰੀ ਵਿੱਚ ਦਿੱਤਾ ਪ੍ਰਕਾਸ਼ 11 ਘੜੀ 5 ਪਲ ਦਾ ਹੈ, ਜੋ ਤਕਰੀਬਨ 11 ਵਜੇ ਸਵੇਰ ਦਾ ਸਮਾਂ ਬਣਦਾ ਹੈ। ਲਗਨ ਮੀਨ ਦਿੱਤਾ ਹੈ। ਮੀਨ ਲਗਨ 1660, 1661, 1663, 1664, 1666 (ਜਨਵਰੀ, ਦਸੰਬਰ), 1668, 1669 ਸਾਲਾਂ ਵਿੱਚ ਪੋਹ ਸੁਦੀ ਸਪਤਮੀ ਵਾਲੇ ਦਿਨ 11 ਬਜੇ ਸਵੇਰੇ ਪਟਨਾ ਸਾਹਿਬ ਵਿਖੇ ਚੱਲ ਰਿਹਾ ਸੀ। ਉਪਰਲੀਆਂ ਟਿੱਪਣੀਆਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਪੱਤਰੀ-ਉਤਾਰੇ ਵਿੱਚ ਦਿੱਤੇ ਸਾਰੇ ਤੱਥ - ਤਿਥ (ਪੋਹ ਸੁਦੀ ਸਪਤਮੀ), ਵਾਰ (ਐਤਵਾਰ / ਰਵਿ-ਵਾਰ), ਨਖਸ਼ੱਤਰ (ਉੱਤਰਾ-ਭਾਦਰਪਦ), ਤਿਥ ਸਮਾਪਤੀ ਕਾਲ (24 ਘੜੀ), ਨਖਸ਼ੱਤਰ ਸਮਾਪਤੀ ਕਾਲ (36 ਘੜੀ), ਅਤੇ ਲਗਨ (ਮੀਨ) - 1660 ਤੋ 1670 ਈ: ਵਿੱਚ ਕੇਵਲ ਤੇ ਕੇਵਲ  1669 ਸੰਨ ਵਿੱਚ ਹੀ ਮਿਲਦੇ ਹਨ। ਇਸ ਲਈ ਨਿਸਚੇ ਤੌਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਉਤਾਰਾ 1723 ਬਿਕ੍ਰਮੀ ਦੀ ਪੋਹ ਸੁਦੀ ਸਪਤਮੀ ਦਾ ਨਹੀਂ ਬਲਕਿ 1726 ਬਿਕ੍ਰਮੀ ਵਾਲੀ ਪੋਹ ਸੁਦੀ ਸਪਤਮੀ ਦਾ ਹੈ। ਉਨ੍ਹਾਂ ਕਿਹਾ ਉਤਾਰੇ ਦੀ ਫੋਟੋ ਕਾਪੀ ਤੋਂ ਦੇਖ ਸਕਦੇ ਹੋ ਕਿ ਅਸਲੀ ਸੰਮਤ ਦੇ ਸੱਜੇ ਪਾਸੇ ਦਾ ਹਿੰਦਸਾ ਮਿਟਾ ਕੇ ਉੱਪਰਲੀ ਸਤਰ ਤੇ 1723 ਲਿਖਿਆ ਹੈ ਜੋ ਅਸਲ ਨਾਲੋਂ ਹੋਰ ਹੱਥ-ਲਿਖਤ ਵਿੱਚ, ਹੋਰ ਕਲਮ / ਨਿੱਬ ਨਾਲ ਹੈ । ਗਹੁ ਨਾਲ ਵੇਖਣ ’ਤੇ ਅਸਲ ਲਿਖਤ ਦਾ ਹਿੰਦਸਾ 6 ਪਹਿਚਾਨਿਆ ਜਾ ਸਕਦਾ ਹੈ, ਜਿਸ ਨੂੰ 3 ਵਿੱਚ ਬਦਲਨ ਦਾ ਯਤਨ ਕੀਤਾ ਗਿਆ  ਲੱਗਦਾ ਹੈ, ਪਰ ਫਿਰ ਕੱਟ ਕੇ ਉੱਪਰਲੀ ਸਤਰ ਵਿੱਚ ਪੂਰਾ ਸੰਮਤ 1723 ਲਿਖ ਦਿੱਤਾ ਗਿਆ ਹੈ।ਪਟਨਾ ਸਾਹਿਬ ਵਾਲੀ ਬੀੜ ਵਿੱਚ ਦਰਜ ਜਨਮ ਪੱਤਰੀ ਦੇ ਉਤਾਰੇ ਵਿੱਚ 1726 ਸੰਮਤ ਨੂੰ 1723 ਵਿੱਚ ਕੱਟ ਕੇ ਬਦਲਿਆ ਗਿਆ ਹੈ, ਪਰ ਪੱਤਰੀ ਵਾਲੇ ਸਾਰੇ ਤੱਥ - ਵਾਰ, ਤਿਥ ਸਮਾਪਤੀ-ਕਾਲ, ਨਕਸ਼ੱਤ੍ਰ ਸਮਾਪਤੀ-ਕਾਲ, ਲਗਨ - 1726 ਬਿਕ੍ਰਮੀ ਦੀ ਪੋਹ ਸੁਦੀ 7 ਦੇ ਹਨ। ਜੋ ਕੋਝੀ ਜਾਅਲਸਾਜ਼ੀ ਹੈ।
ਸ: ਪੁਰੇਵਾਲ ਨੇ ਦੱਸਿਆ ਕਿ ਇਹ ਸਾਰੇ ਤੱਥ ਉਨ੍ਹਾਂ ਨੇ  17 ਫ਼ਰਵਰੀ 2011 ਸੰਨ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਜੱਥੇਦਾਰ ਸਾਹਿਬ ਨੂੰ ਲਿਖੇ ਪੱਤਰ ਵਿੱਚ ਸਪਸ਼ਟ ਕਰ ਦਿੱਤੇ ਸਨ ਤੇ ਦੱਸਿਆ ਸੀ ਕਿ ਆਪ ਜੀ ਦੇ ਆਦੇਸ਼ ਅਨੁਸਾਰ ਜੋ ਅਖੌਤੀ ਸੋਧਾਂ ਵਾਲਾ  ਕੈਲੰਡਰ 14 ਮਾਰਚ 2010 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਾਰੀ ਕੀਤਾ ਗਿਆ ਸੀ, ਉਹ ਕੇਵਲ 2003 ਵਾਲੇ ਨਾਨਕਸ਼ਾਹੀ ਕੈਲੰਡਰ ਦਾ ਬਿਕ੍ਰਮੀਕਰਨ ਕੀਤਾ ਹੋਇਆ ਰੂਪ ਹੈ, ਜਿਸ ਦੀਆਂ ਬਾਰਾਂ ਦੀਆਂ ਬਾਰਾਂ ਸੰਗ੍ਰਾਂਦਾਂ ਬਿਕ੍ਰਮੀ (ਦ੍ਰਿਕ ਗਣਿਤ ਪ੍ਰਨਾਲੀ) ਅਨੁਸਾਰ ਹਨ। ਚਾਰ ਗੁਰਪੁਰਬਾਂ ਦੇ ਦਿਹਾੜਿਆਂ ਨੂੰ ਵੀ ਬਿਕ੍ਰਮੀ (ਦ੍ਰਿਕ ਗਣਿਤ ਪ੍ਰਨਾਲੀ) ਦੀਆਂ ਸੁਦੀਆਂ-ਵਦੀਆਂ ਅਨੁਸਾਰ ਨਿਸਚਿਤ ਕਰ ਦਿੱਤਾ ਹੈ। ਇਹ ਕੋਈ ਨਾਨਕਸ਼ਾਹੀ ਕੈਲੰਡਰ ਦੀ ਸੋਧ ਨਹੀਂ ਹੈ, ਬਲਕਿ ਬਿਕ੍ਰਮੀ ਦ੍ਰਿਕ ਗਣਤਿ ਪ੍ਰਨਾਲੀ ਨੂੰ ਅਪਨਾਉਣਾ ਹੈ। ?
ਸ: ਪੁਰੇਵਾਲ ਨੇ ਕਿਹਾ ਬਿਕ੍ਰਮੀ ਚੰਦ੍ਰ ਕੈਲੰਡਰ ਦੀਆਂ ਸੁਦੀਆਂ ਵਦੀਆਂ ਅਨੁਸਾਰ ਮਨਾਏ ਜਾਣ ਵਾਲੇ ਪੁਰਬਾਂ ਦੀਆਂ ਕੈਲੰਡਰੀ ਸਮੱਸਿਆਵਾਂ ਹੋਰ ਭੀ ਗੰਭੀਰ ਹਨ। ਕਿਉਂਕਿ ਚੰਦ੍ਰ ਸਾਲ ਬਿਕ੍ਰਮੀ ਸੂਰਜੀ ਸਾਲ ਨਾਲੋਂ 11 ਦਿਨ ਛੋਟਾ ਹੋਣ ਕਾਰਨ ਇਹ ਪੁਰਬ ਸੂਰਜੀ ਕੈਲੰਡਰ ਵਿੱਚ ਹਰ ਸਾਲ ਤਕਰੀਬਨ 11 ਦਿਨ ਪਹਿਲਾਂ ਆ ਜਾਂਦੇ ਹਨ, ਪਰ ਚੰਦ੍ਰ ਸਾਲ ਦਾ ਸੂਰਜੀ ਸਾਲ ਨਾਲ ਮੇਲ ਰੱਖਣ ਲਈ ਪੰਡਿਤ ਹਰ 2/3 ਸਾਲ ਬਾਅਦ ਚੰਦ੍ਰ ਸਾਲ ਵਿੱਚ 1 ਮਹੀਨਾ ਵਾਧੂ ਪਾ ਦਿੰਦੇ ਹਨ। ਇਸ ਤਰ੍ਹਾਂ ਉਹ ਚੰਦ੍ਰ ਸਾਲ 13 ਮਹੀਨਿਆਂ ਦਾ ਹੋ ਜਾਂਦਾ ਹੈ, ਅਤੇ ਵਾਧੂ ਮਹੀਨੇ ਕਾਰਨ ਉਸ ਪਿੱਛੋਂ ਆਉਣ ਵਾਲੇ ਪੁਰਬ ਇੱਕ ਸਾਲ ਲਈ 18/19 ਦਿਨ ਲੇਟ ਹੋ ਜਾਂਦੇ ਹਨ। ਇਸ ਵਾਧੂ ਮਹੀਨੇ ਨੂੰ ਲੌਂਦ ਦਾ ਮਹੀਨਾ, ਜਾਂ ਮਲਮਾਸ, ਜਾਂ ਅਸ਼ੁੱਧ ਮਹੀਨਾ ਕਿਹਾ ਜਾਂਦਾ ਹੈ। ਹਿੰਦੂ ਵਿਚਾਰਧਾਰਾ ਅਨੁਸਾਰ ਇਸ ਮਹੀਨੇ ਵਿੱਚ ਧਰਮ ਕਾਰਜ ਵਿਵਰਜਿਤ ਹਨ, ਇਸ ਲਈ ਇਸ ਵਿੱਚ ਗੁਰਪੁਰਬ ਨਹੀਂ ਮਨਾਏ ਜਾਂਦੇ। 2012 ਸੰਨ ਵਿੱਚ ਚੰਦ੍ਰ ਸਾਲ ਵਿੱਚ ਭਾਦੋਂ ਦੇ 2 ਮਹੀਨੇ ਹਨ। ਬਿਕ੍ਰਮੀ ਕੈਲੰਡਰ ਅਨੁਸਾਰ ਭਾਦੋਂ ਸੁਦੀ ਏਕਮ (ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦੀ ਤਾਰੀਖ਼ ਚੰਦ੍ਰ ਕੈਲੰਡਰ ਅਨੁਸਾਰ) ਪਹਿਲੇ ਮਹੀਨੇ 18 ਅਗਸਤ ਨੂੰ ਹੈ, ਅਤੇ ਦੂਜੇ ਮਹੀਨੇ 16 ਸਤੰਬਰ ਨੂੰ। ਪਰ, ਗੁਰਪੁਰਬ ਦੂਜੇ ਮਹੀਨੇ ਵਾਲੀ ਤਾਰੀਖ ਨੂੰ ਮਨਾਇਆ ਗਿਆ ਹੈ, ਕਿਉਂਕਿ ਭਾਦੋਂ ਦੇ ਚਾਰ ਪੱਖਾਂ ਚੋਂ ਵਿਚਾਰਲੇ ਦੋ ਪੱਖਾਂ ਨੂੰ ਪੰਡਿਤ ਅਸ਼ੁੱਧ ਮੰਨਦੇ ਹਨ। ਕਿਸੇ ਮਹੀਨੇ ਦੇ ਸ਼ੁੱਧ ਜਾਂ ਅਸ਼ੁੱਧ ਹੋਣ ਦੀ ਗੱਲ ਗੁਰਮਤਿ ਵਿਰੋਧੀ ਹੈ। ਗੁਰਬਾਣੀ ਵਿੱਚ ਬਾਰਹ ਮਾਹ ਹਨ, ਤੇਰ੍ਹਵੇਂ ਮਹੀਨੇ ਦਾ ਕਿਤੇ ਜ਼ਿਕਰ ਨਹੀਂ ਹੈ। ਕੀ ਅਸੀਂ ਇਸ  ਇੰਦ੍ਰ ਜਾਲ ਵਿੱਚੋਂ ਨਹੀਂ ਨਿਕਲ ਸਕਦੇ?
ਸ: ਪੁਰੇਵਾਲ ਨੇ ਕਿਹਾ ਅਸੀਂ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਚੱਲੇ ਸਾਂ ਉਹ ਸਨ: 
1. ਕੈਲੰਡਰ ਗੁਰਬਾਣੀ ਅਨੁਸਾਰ ਹੋਵੇ।
2. ਸਿੱਖ ਕੌਮ ਦੀ ਵਿਲੱਖਣਤਾ ਦਾ ਪ੍ਰਤੀਕ ਕੌਮ ਦਾ ਆਪਣਾ ਕੈਲੰਡਰ ਹੋਵੇ।
3. ਗੁਰਪੁਰਬਾਂ ਦੀਆਂ ਤਾਰੀਖ਼ਾਂ ਨਾਨਕਸ਼ਾਹੀ ਸੂਰਜੀ ਮੌਸਮੀ ਕੈਲੰਡਰ ਅਨੁਸਾਰ ਹੋਵਣ ਤਾਂ ਕਿ ਇਹ ਸਦਾ ਹੀ ਨਾਨਕਸ਼ਾਹੀ ਕੈਲੰਡਰ ਅਤੇ ਗ੍ਰੈਗੋਰੀਅਨ (ਅੰਗ੍ਰੇਜ਼ੀ) ਕੈਲੰਡਰ ਦੋਹਾਂ ਵਿੱਚ ਹਰ ਸਾਲ ਉਨ੍ਹਾਂ ਤਾਰੀਖਾਂ ’ਤੇ ਹੀ ਆਉਣ।
ਪਰ ਕੁਸੋਧਿਆ ਗਿਆ ਕੈਲੰਡਰ ਇਨ੍ਹਾਂ ਮੁੱਦਿਆਂ ’ਤੇ ਕਤਈ ਪੂਰਾ ਨਹੀਂ ਉਤਰਦਾ। ਉਨ੍ਹਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਜੇ ਕਿਸੇ ਸੋਧ ਦੀ ਲੋੜ ਹੈ ਉਹ ਹੈ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ, ਬੰਦੀ ਛੋੜ ਦਿਵਸ ਤੇ ਹੋਲੇ ਮਹੱਲੇ ਦਾ ਦਿਵਸ ਨਿਸਚਿਤ ਕਰਨੇ ਜਿਹੜੇ ਕਿ ਉਸ ਸਮੇਂ ਸੰਤ ਸਮਾਜ ਦੇ ਅੜੀਅਲ ਵਤੀਰੇ ਕਾਰਣ ਨਹੀਂ ਸਨ ਹੋ ਸਕੇ। ਸ: ਪੁਰੇਵਾਲ ਨੇ ਕਿਹਾ ਕਿ ਬਾਬਾ ਦਾਦੂਵਾਲ ਜੀ ਦੇ ਵੀਚਾਰ ਸੁਣ ਕੇ ਉਨ੍ਹਾਂ ਨੂੰ ਖ਼ੁਸ਼ੀ ਹੋਈ ਹੈ ਕਿ ਜੇ ਇਨ੍ਹਾਂ ਤੋਂ ਸੇਧ ਲੈ ਕੇ ਬਾਕੀ ਦਾ ਸੰਤ ਸਮਾਜ ਤੇ ਦੋ ਤਖ਼ਤਾਂ ਦੇ ਜਥੇਦਾਰ ਸਾਹਿਬ ਆਪਣੇ ਵੀਚਾਰਾਂ ਵਿੱਚ ਸੋਧ ਕਰਨ ਲਈ ਤਿਆਰ ਹੋ ਜਾਣ ਤਾਂ ਇਹ ਵਿਵਾਦ ਖਤਮ ਹੋ ਸਕਦਾ ਹੈ। ਉਨ੍ਹਾਂ ਕਿਹਾ ਜੇ ਕਰ ਜਥੇਦਾਰ ਸਾਹਿਬ ਤੇ ਕੌਮ ਚਾਹੇ ਤਾਂ ਕੌਮੀ ਹਿਤਾਂ ਵਿਚ ਉਹ ਹੁਣ ਵੀ ਆਪਣੀਆਂ ਸੇਵਾਵਾਂ ਦੇਣ ਲਈ ਤਿਆਰ ਹਨ।
ਸ: ਪੁਰੇਵਾਲ ਦੀ ਵੈੱਬ ਸਾਈਟ ਵੇਖ ਕੇ ਇੰਝ ਪ੍ਰਤੀਤ ਹੁੰਦਾ ਹੈ ਉਨ੍ਹਾਂ ਇਕੱਲਿਆਂ ਦੀ ਖੋਜ ਕਿਸੇ ਯੂਨੀਵਰਸਿਟੀ ਦੀ ਖੋਜ ਨਾਲੋਂ ਘੱਟ ਨਹੀਂ ਪਰ ਇਹ ਕੌਮ ਦੀ ਬਦਕਿਸਮਤੀ ਹੈ ਕਿ ਵੋਟਾਂ ਦੀ ਰਾਜਨੀਤੀ ਅਧੀਨ ਕੈਲੰਡਰ, ਭੁਗੋਲ ਅਤੇ ਖ਼ਗੋਲ ਵਿਗਿਆਨ ਤੋਂ ਬਿਲਕੁਲ ਕੋਰੇ ਸੰਤ ਸਮਾਜ ਦੇ ਆਗੂਆਂ ਦੇ ਦਬਾਅ ਦੀ ਭੇਂਟ ਚੜ੍ਹ ਗਿਆ ਹੈ।

****

No comments: