ਪੰਜਾਬੀ ਅਦਬੀ ਸੰਗਤ ਵਲੋਂ ਸਿਰਦਾਰ ਕਪੂਰ ਸਿੰਘ ਜੀ ਦੀ 26ਵੀਂ ਬਰਸੀ ਨੇ ਕਨੇਡਾ ਦੀ ਧਰਤੀ ਤੇ ਨਵਾਂ ਇਤਿਹਾਸ ਸਿਰਜਿਆ……… ਸ਼ਿੰਗਾਰ ਸਿੰਘ ਸੰਧੂ

ਸਰੀ :ਪੰਜਾਬੀ ਅਦਬੀ ਸੰਗਤ ਲਿਟਰੇਰੀ ਸੁਸਾਇਟੀ ਆਫ ਕੈਨੇਡਾ (ਰਜਿ.) ਵਲੋਂ ਨਾਮਵਰ ਵਿਦਵਾਨ ਤੇ ਚਿੰਤਕ ਸਿਰਦਾਰ ਕਪੂਰ ਸਿੰਘ ਜੀ ਦੀ 26ਵੀਂ ਬਰਸੀ ਸਰੀ ਦੀ ਸਿਟੀ ਸੈਂਟਰ ਲਾਇਬ੍ਰੇਰੀ ਵਿਖੇ ਇਕ ਸਤੰਬਰ, 2012 ਨੂੰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਈ ਗਈ। ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਖਿਦਮਤਦਾਰ ਜੈਤੇਗ ਸਿੰਘ ਅਨੰਤ, ਦਲਜੀਤ ਸਿੰਘ ਸੰਧੂ, ਜਗਜੀਤ ਸਿੰਘ ਤੱਖਰ ਤੇ ਕੇਹਰ ਸਿੰਘ ਧਮੜੈਤ ਨੂੰ ਬਿਠਾਇਆ ਗਿਆ। ਜਗਜੀਤ ਸਿੰਘ ਤੱਖਰ ਨੇ ਦੂਰੋਂ ਨੇੜਿਉਂ ਪੁੱਜੇ ਮਹਿਮਾਨਾਂ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਕਹਿੰਦੇ ਹੋਏ ਸਿਰਦਾਰ ਕਪੂਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤ। ਜੈਤੇਗ ਸਿੰਘ ਅਨੰਤ ਨੇ ਸਿਰਦਾਰ ਸਾਹਿਬ ਦੇ ਜੀਵਨ, ਸ਼ਖਸੀਅਤ ਤੇ ਫਲਸਫੇ ਤੇ ਕੂੰਜੀਵਤ ਪੇਪਰ ਪੜ੍ਹਿਆ, ਜਿਸ ਵਿੱਚ ਉਨ੍ਹਾਂ ਦੀਆਂ ਪ੍ਰਾਪਤੀਆਂ, ਲਿਖਤਾਂ ਤੇ ਸੋਚ ਉਡਾਰੀ ਦੇ ਖੂਬਸੂਰਤ ਪੱਖਾਂ ਨੂੰ ਬੜੀ ਵਿਤਵਤਾ ਤੇ ਖੋਜ ਭਰਪੂਰ ਢੰਗ ਨਾਲ ਪੇਸ਼ ਕੀਤਾ।

ਸਿਰਦਾਰ ਸਾਹਿਬ ਦੀ ਮਹਾਤਮਾ ਬੁੱਧ ਤੇ ਲਿਖੀ ਪੁਸਤਕ “ਇਕ ਸਿੱਖ ਦਾ ਬੁੱਧ ਨੂੰ ਪ੍ਰਣਾਮ” ਉਤੇ ਪ੍ਰਿੰਸੀਪਲ ਸੁਰਿੰਦਰ ਕੌਰ ਬਰਾੜ ਅਤੇ ਬੀਬੀ ਗੁਰਦੀਸ਼ ਕੌਰ ਗਰੇਵਾਲ ਨੇ ਖੋਜ ਭਰਪੂਰ ਪਰਚੇ ਪੜ੍ਹ ਕੇ ਗਾਗਰ ਵਿੱਚ ਸਾਗਰ ਭਰ ਦਿੱਤਾ। ਸਿਰਦਾਰ ਜੀ ਦੇ ਦੁਖੀ ਹਿਰਦੇ ‘ਚੋਂ ਨਿਕਲੀਆਂ ਵਿਅੰਗ ਸਤਰਾਂ ਇਕ ਕਬਿੱਤ ਦੇ ਰੂਪ ਵਿੱਚ,ਚਮਕੌਰ ਸਿੰਘ ਸੇਖੋਂ ਨੇ ਪੇਸ਼ ਕਰਕੇ ਚੰਗੀ ਵਾਹ ਵਾਹ ਖੱਟੀ। ਪੁਸਤਕ ਰਲੀਜ਼ ਤੋਂ ਪਹਿਲਾਂ ਸਿਰਦਾਰ ਸਾਹਿਬ ਦੇ ਪਰਿਵਾਰਕ ਜੀਅ (ਭਾਣਜੇ ਤੇ ਭਾਣਜੀਆਂ) ਜਿਹਨਾਂ ਵਿੱਚ ਸੂਰਤ ਸਿੰਘ ਗਰੇਵਾਲ, ਜੋਗਿੰਦਰ ਸਿੰਘ ਗਰੇਵਾਲ, ਗੁਰਦੀਪ ਕੌਰ ਸਿੱਧੂ, ਜੋਗਿੰਦਰ ਕੌਰ ਢੱਟ, ਰਾਜਵਿੰਦਰ ਕੌਰ ਤੱਖਰ ਤੇ ਸੁਰਿੰਦਰ ਕੌਰ ਭੁੱਲਰ ਨੂੰ ਫੁੱਲਾਂ ਦੇ ਹਾਰਾਂ ਨਾਲ ਸਨਮਾਨਿਤ ਕੀਤਾ ਗਿਆ। ਦਲਜੀਤ ਸਿੰਘ ਸੰਧੂ ਸਾਬਕਾ ਪ੍ਰਧਾਨ ਰੌਸ ਸਟਰੀਟ ਸਿੱਖ ਟੈਂਪਲ ਵੈਨਕੂਵਰ ਵਲੋਂ,ਜੈਤੇਗ ਸਿੰਘ ਅਨੰਤ ਦੁਆਰਾ ਸੰਪਾਦਿਤ, ਸਿਰਦਾਰ ਸਾਹਿਬ ਦੀ ਰਚਿਤ ਪੁਸਤਕ ਨੂੰ ਤਾੜੀਆਂ ਦੀ ਗੂੰਜ ਵਿੱਚ ਲੋਕ ਅਰਪਣ ਕੀਤਾ ਗਿਆ।

ਖਚਾ ਖਚ ਭਰੇ ਹਾਲ ਵਿੱਚ ਸਿਰਦਾਰ ਕਪੂਰ ਸਿੰਘ ਯਾਦਗਾਰੀ ਅਵਾਰਡ-ਬੀਬੀ ਗੁਰਦੀਪ ਕੌਰ ਸਿੱਧੂ ਤੇ ਕੇਹਰ ਸਿੰਘ ਧਮੜੈਤ ਨੂੰ ਪ੍ਰਦਾਨ ਕੀਤੇ ਗਏ। ਇਸੇ ਤਰ੍ਹਾਂ ਐਸ.ਐਲ.ਪਰਾਸ਼ਰ ਅਵਾਰਡ ਸੁਤੇ ਪ੍ਰਕਾਸ਼ ਅਹੀਰ ਨੂੰ ਦਿੱਤਾ ਗਿਆ। ਇਹ ਅਵਾਰਡ ਸੰਸਥਾ ਦੇ ਰੂਹੇ ਰਵਾਂ ਜੈਤੇਗ ਸਿੰਘ ਅਨੰਤ ਨੇ ਦਿੱਤੇ ਜਿਸ ਵਿੱਚ ਇਕ ਸ਼ਾਲ, ਪਲੇਕ, ਪਰਸ ਤੇ ਮਾਣ ਪੱਤਰ ਸ਼ਾਮਲ ਸੀ। ਸ਼ਿੰਗਾਰ ਸਿੰਘ ਸੰਧੂ ਤੇ ਬਿੱਕਰ ਸਿੰਘ ਖੋਸਾ ਵਲੋਂ ਅਵਾਰਡ ਕਰਤਾ ਦੇ ਮਾਣ ਪੱਤਰਾਂ ਨੂੰ ਬੜੇ ਖੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ। ਪੰਜਾਬੀ ਭਾਈਚਾਰੇ ਦੀ ਪ੍ਰਤੀਨਿਧ ਹਾਜ਼ਰੀ ਵਿੱਚ ਪੰਜਾਬੀਆਂ ਦੀ ਬੁਲੰਦ ਅਵਾਜ਼ ਦਲਜੀਤ ਸਿੰਘ ਸੰਧੂ, ਪੰਜਾਬੀ ਭਾਈਚਾਰੇ ਦਾ ਮਾਣ ਤੇ ਗੁਰੁ ਨਾਨਕ ਸਿੱਖ ਗੁਰਦੁਆਰਾ ਦੇ ਸਾਬਕਾ ਪ੍ਰਧਾਨ ਪਿਆਰਾ ਸਿੰਘ ਨੱਤ, ਦਸ਼ਮੇਸ਼ ਗੁਰੂੁ ਘਰ ਦੇ ਫਾਉਂਡਰ ਪ੍ਰਧਾਨ ਜਗਤਾਰ ਸਿੰਘ ਸੰਧੂ ਨੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਸਿਰਦਾਰ ਕਪੂਰ ਸਿੰਘ ਜੀ ਦੀ ਸ਼ਖਸੀਅਤ ਦੇ ਸੁਨਹਿਰੇ ਤੇ ਇਤਿਹਾਸਕ ਪੱਖਾਂ ਨੂੰ ਜੱਗ ਜਾਹਰ ਕੀਤਾ। ਸਭਨਾਂ ਨੇ ਇਕੋ ਸੁਰ ਨਾਲ ਇਸ ਗੱਲ ਤੇ ਜੋਰ ਦਿੱਤਾ ਕਿ ਭਵਿੱਖ ਵਿੱਚ ਵੀ ਸਿਰਦਾਰ ਸਾਹਿਬ ਦੀ ਬਰਸੀ ਵੱਖ ਵੱਖ ਗੁਰੁ ਘਰਾਂ ਵਿੱਚ ਮਨਾਣ ਦਾ ਉਪਰਾਲਾ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਪੰਜਾਬੀ ਅਦਬੀ ਸੰਗਤ ਨੂੰ ਵੀ ਵੱਧ ਤੋਂ ਵੱਧ ਸਹਿਯੋਗ ਦੇਣਾ ਵੀ ਬਣਦਾ ਹੈ-ਜੋ ਸਾਹਿਤ ਦੇ ਪਿੜ ਵਿੱਚ ਵਿਲੱਖਣ ਪੈੜਾਂ ਪਾ ਰਹੇ ਹਨ। ਸੰਸਥਾ ਵਲੋਂ ਲਾਈ ਗਈ, ਕੇਵਲ ਸਿੰਘ ਧਾਲੀਵਾਲ ਤੇ ਸਰਬਜੀਤ ਸਿੰਘ ਕੂਨਰ ਦੀ ਦੇਖ ਰੇਖ ਹੇਠ, ਸਿਰਦਾਰ ਸਾਹਿਬ ਦੇ ਜਨਜੀਵਨ ਉਤੇ ਅਧਾਰਿਤ ਕਲਾਤਮਕ ਫੋਟੋ ਪ੍ਰਦਰਸ਼ਨੀ ਤੇ ਉਨ੍ਹਾਂ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਚਾਰ ਚੰਨ ਲਾ ਰਹੀ ਸੀ। ਨੱਕੋ ਨੱਕ ਭਰੇ ਹਾਲ ਵਿੱਚ ਪੰਜਾਬੀ ਭਾਈਚਾਰੇ ਦੀਆਂ ਉਘੀਆਂ ਹਸਤੀਆਂ ਨੇ ਸ਼ਾਮੂਲੀਅਤ ਕੀਤੀ। ਇਨ੍ਹਾਂ ਵਿੱਚ ਜੋਗਿੰਦਰ ਸ਼ਮਸ਼ੇਰ,ਬੀਬੀ ਇੰਦਰਜੀਤ ਕੌਰ ਸਿੱਧੂ,ਖੁਸ਼ੀ ਰਾਮ ਜੀ,ਦੀਪ ਸਿੰਘ ਸਾਂਗਰਾ,ਜਗਦੇਵ ਸਿੰਘ ਜਟਾਨਾ,ਅਜੰਟ ਸਿੰਘ ਸੰਧੂ,ਜਗਦੇਵ ਸਿੰਘ ਸਿੱਧੂ,ਦਲਜੀਤ ਕਲਿਆਣਪੁਰੀ,ਰਮਿੰਦਰ ਭੁੱਲਰ,ਹਰਪਰੀਤ ਸਿੰਘ ਰੇਡੀਓ ਹੋਸਟ,ਨਾਮਵਰ ਫੋਟੋਗ੍ਰਾਫਰ ਚੰਦਰ ਬਦਾਲੀਆ,ਕਮਲੇਸ਼ ਅਹੀਰ,ਪਰਮਜੀਤ ਬੰਗਾ,ਨਰਿੰਦਰ ਵਿਰਦੀ,ਪਰਮਜੀਤ ਕੈਂਥ,ਸੀਤਾ ਰਾਮ ਅਹੀਰ,ਰਾਮ ਪ੍ਰਤਾਪ ਕਲੇਰ,ਰਛਪਾਲ ਭਾਰਦਵਾਜ਼,ਲਛਮਣ ਵਿਰਦੀ,ਗੁਰਮੀਤ ਸਿੰਘ ਸਾਥੀ,ਮੋਹਣ ਲਾਲ ਕਰੀਮ ਨੇ ਆਪਣੀ ਹਾਜ਼ਰੀ ਲਵਾਈ। ਢਾਈ ਘੰਟੇ ਨਿਰੰਤਰ ਚੱਲੇ ਇਸ ਸਫਲ ਸਮਾਗਮ ਨੇ, ਸਿਰਦਾਰ ਸਾਹਿਬ ਦੇ ਜੀਵਨ ਤੇ ਸੰਵਾਦ ਤੇ ਚਿੰਤਨ ਰਚਾ ਕੇ, ਇਕ ਨਵਾਂ ਇਤਿਹਾਸ ਸਿਰਜਦੇ ਹੋਏ ਆਪਣੀ ਅਮਿੱਟ ਛਾਪ ਸਰੋਤਿਆਂ ਦੇ ਹਿਰਦਿਆਂ ਤੇ ਛੱਡ ਦਿੱਤੀ।ਇਹ ਫੈਸਲਾ ਕੀਤਾ ਗਿਆ ਕਿ ਮੁੜ ਅਗਲੇ ਸਾਲ ਇਸ ਦਿਨ ਨੂੰ ਹੋਰ ਵੀ ਵੱਡੇ ਪੱਧਰ ਤੇ ਮਨਾਉਦੇ ਹੋਏ,ਸਿਰਦਾਰ ਸਾਹਿਬ ਨੂੰ ਯਾਦ ਕੀਤਾ ਜਾਵੇਗਾ। 

****


No comments: