ਪਿਆਰੀ ਜਹੀ ਯਾਦ ਬਣਕੇ ਰਹਿ ਗਿਆ – ਹਰਦੀਪ ਦੂਹੜਾ.......... ਸ਼ਰਧਾਂਜਲੀ / ਕੇਹਰ ਸ਼ਰੀਫ਼

ਜਿਵੇਂ ਖੁੱਲ੍ਹੇ ਦਰਵਾਜੇ ’ਚੋਂ ਹਵਾ ਦਾ ਹਲਕਾ ਜਿਹਾ ਬੁੱਲਾ ਸਰਰਰਰਰ ਕਰਦਾ ਅੰਦਰ ਲੰਘ ਆਵੇ ਤਾਂ ਹੁੰਮ ’ਚ ਬੈਠੇ ਬੰਦੇ ਨੂੰ ਚੰਗਾ ਜਿਹਾ ਹੀ ਮਹਿਸੂਸ ਨਹੀਂ ਹੁੰਦਾ ਸਗੋਂ ਜਾਨ ਵੀ ਸੌਖੀ ਹੋਈ ਲੱਗਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਵਰਿਆਂ ਪਹਿਲਾਂ ਦੀ ਗੱਲ ਯਾਦ ਆਉਂਦੀ ਹੈ – ਟੈਲੀਫੋਨ ਦੀ ਘੰਟੀ ਵੱਜਦੀ ਤੇ ਨਰਮ ਜਹੀ ਅਵਾਜ਼ ਵਾਲੀ ਹੈਲੋ ਨਿਕਲਦੀ ਅਗਲੇ ਹੀ ਪਲ ਘਰ ਪਰਿਵਾਰ ਦਾ ਹਾਲ-ਚਾਲ ਪੁੱਛਦਾ ਤੇ ਆਖਦਾ ‘ਨਾ ਜੁਆਨ ਕਦੇ ਫੋਨ ਈ ਨੀ ਕੀਤਾ’ ਨਹੋਰਾ ਜਿਹਾ ਮਾਰ ਕੇ ਆਖਦਾ ਤੇ ਗੱਲੀਂ ਜੁਟ ਪੈਂਦਾ। ਫੇਰ ਚੱਲ ਸੋ ਚੱਲ ਪੰਜਾਬੀਆਂ ਤੋਂ ਸ਼ੁਰੂ ਹੋ ਕੇ ਦੁਨੀਆਂ ਜਹਾਨ ਦੀਆਂ ਗੱਲਾਂ। ਇੰਜ ਹੀ ਹੁੰਦਾ ਸੀ ਹਰ ਵਾਰ ਜਦੋਂ ਵੀ ਹਰਦੀਪ ਦੂਹੜੇ ਨਾਲ ਗੱਲ ਹੁੰਦੀ। ਸਾਂਝ ਸਾਡੀ ਦੀ ਸ਼ੁਰੂਆਤ ਦੀ ਬੁਨਿਆਦ ਸੀ ਮਾਰਕਸਵਾਦੀ ਫਲਸਫਾ ਅਤੇ ਕਮਿਊਨਿਸਟ ਲਹਿਰ ਨਾਲ ਜੁੜੇ ਹੋਣਾ। ਅਸੀਂ ਦੋਵੇਂ ਹੀ ਖੱਬੇ ਪੱਖ ਨਾਲ ਜੁੜੇ ਹੋਏ ਹੋਣ ਕਰਕੇ ਇਕ ਦੂਜੇ ਪ੍ਰਤੀ ਨੇੜਤਾ ਰੱਖਦੇ ਸੀ, ਮਿਲਣ-ਗਿਲਣ ਵੀ ਬਣਿਆ ਰਹਿੰਦਾ ਸੀ।

ਹਲਕੇ ਸਰੀਰ, ਸਲੀਕੇ ਭਰੇ ਬੋਲਾਂ, ਸੁਨੱਖੇ ਨੈਣ-ਨਕਸ਼ਾਂ ਅਤੇ ਪੂਰੀ ਅਪਣੱਤ ਨਾਲ ਭਿੱਜ ਕੇ ਮਿਲਣ ਵਾਲਾ ਸਿਰੜ ਤੇ ਸਿਦਕ ਵਾਲਾ ਸਾਥੀ ਸੀ ਹਰਦੀਪ ਦੂਹੜਾ। ਉਸਨੂੰ ਆਪਣੇ ਲੋਕ ਦਰਦੀ ਹੋਣ ਦਾ ਸਭ ਤੋਂ ਵੱਧ ਮਾਣ ਸੀ, ਜੋ ਸਭ ਦੇ ਦੁੱਖ ਦਰਦ ਦੀ ਗੱਲ ਕਰਦਾ। ਉਹ ਦੁਨੀਆਂ ਵਿਚ ਚੱਲਦੀਆਂ ਖੱਬੇ ਪੱਖੀ ਲਹਿਰਾਂ ਬਾਰੇ ਪੜ੍ਹਦਾ ਰਹਿੰਦਾ। ਉਸਦੀਆਂ ਗੱਲਾਂ ਅਤੇ ਅਮਲ ਵਿਚ ਪਾੜਾ ਕੋਈ ਨਹੀਂ ਸੀ ਸਗੋਂ ਇਕਸਾਰਤਾ ਸੀ। ਅਪਣੱਤ ਦੀ ਮਹਿਕ ਨਾਲ ਭਰਪੂਰ ਸੀ ਉਹ।

ਹਰਦੀਪ, ਸਾਊਥਾਲ ਦੇ ਹੀ ਨਹੀਂ ਇੰਗਲੈਂਡ ਦੇ ਪੰਜਾਬੀ ਭਾਈਚਾਰੇ ਦੇ ਕੱਦਾਵਰ ਆਗੂ ਕਾਮਰੇਡ ਵਿਸ਼ਣੂ ਦੱਤ ਸ਼ਰਮਾਂ ਦੱਤ ਦੀ ਅਗਵਾਈ ਵਿਚ ਸਮਾਜ ਅੰਦਰ ਵਿਚਰਦਾ ਰਿਹਾ। ਇੰਗਲੈਂਡ ਵਿਚ ‘ਫਰੈਂਡਜ਼ ਆਫ ਸੀ ਪੀ ਆਈ’ ਨਾਂ ਦੀ ਜਥੇਬੰਦੀ ਕਾਇਮ ਕੀਤੀ, ਸਦੀਵੀ ਵਿਛੋੜਾ ਦੇ ਜਾਣ ਦੇ ਸਮੇਂ ਵੀ ਹਰਦੀਪ ਇਸ ਜਥੇਬੰਦੀ ਦਾ ਜਨਰਲ ਸਕੱਤਰ ਸੀ। ਪੰਜਾਬ ਦੇ ਅੰਦਰ ਕਾਲੇ ਦਿਨਾਂ ਵਿਚ ਜਦੋਂ ਕਿਸੇ ਦੀ ਜਾਨ ਸੌਖੀ ਨਹੀਂ ਸੀ ਤਾਂ ਵਲੈਤ ਦੇ ਸੂਝਵਾਨ ਹਲਕਿਆਂ ਵਲੋਂ ‘ਚਰਚਾ’ ਨਾਂ ਦਾ ਪਰਚਾ ਕੱਢਿਆ ਗਿਆ ਵਿਸ਼ਣੂ ਦੱਤ ਨੂੰ ਇਸ ਦਾ ਸੰਪਾਦਕ ਬਣਾਆਿ ਗਿਆ। ਇਸ ਪਰਚੇ ਨੇ ਸਾਰੇ ਹੀ ਯੂਰਪ ਦੇ ਅਗਾਂਹਵਧੂ ਪੰਜਾਬੀ ਹਲਕਿਆਂ ਵਿਚ ਬੜਾ ਹੀ ਹਾਂਅ ਪੱਖੀ ਰੋਲ ਨਿਭਾਇਆ ਜਿਸ ਨਾਲ ਕਾਲੀਆਂ ਤਾਕਤਾਂ ਵਲੋਂ ਹਨੇਰੇ ਦੇ ਕੀਤੇ ਜਾ ਰਹੇ ਪਰਚਾਰ ਨੂੰ ਪਛਾੜਿਆ। ਇਸ ਪਰਚੇ ‘ਚਰਚਾ’ ਵਾਸਤੇ ਹਰਦੀਪ ਤੇ ਉਸਦੀ ਪਤਨੀ ਜਸਵੀਰ ਦੀ ਮਿਹਨਤ ਨੂੰ ਚੇਤੇ ਕਰਨਾਂ ਬਹੁਤ ਚੰਗਾ ਲਗਦਾ ਹੈ। ਜਿਵੇਂ ਸਭ ਨੂੰ ਪਤਾ ਹੀ ਹੈ ਕਿ ਕੋਈ ਵੀ ਪਰਚਾ ਛਾਪਣਾ ਸ਼ਾਇਦ ਇੰਨਾ ਔਖਾ ਨਹੀਂ ਹੁੰਦਾ ਜਿੰਨਾ ਔਖਾ ਉਸਨੂੰ ਲੋਕਾਂ ਦੇ ਹੱਥਾਂ ਤੱਕ ਪਹੁੰਚਾਉਣਾ ਹੁੰਦਾ ਹੈ। ਜਦੋਂ ‘ਚਰਚਾ’ ਛਪ ਜਾਂਦਾ ਤਾਂ ਪਰਚਿਆਂ ਤੇ ਲੋਕਾਂ ਦੇ ਪਤੇ ਲਿਖ ਕੇ ਸਲਿਪਾਂ ਲਾਉਣੀਆਂ, ਸਾਰੇ ਪਰਚਿਆ ਦੇ ਬੰਡਲ ਬੰਨ੍ਹ ਕੇ ਬੱਚਿਆਂ ਨੂੰ ਬਿਠਾਉਣ ਵਾਲੀ ਵਾਲੀ ਬੱਘੀ ਵਿਚ ਰੱਖਕੇ ਹਰਦੀਪ ਤੇ ਜਸਵੀਰ ਗੋਡੇ ਗੋਡੇ ਬਰਫ ਵਿਚ ਵੀ ਉਸ ਨੂੰ ਡਾਕ ਵਿਚ ਪਾਉਣ ਲਈ ਡਾਕਖਾਨੇ ਵੱਲ ਖਿੱਚੀ ਜਾਂਦੇ। ਇਸ ਪਰਚੇ ਨਾਲ ਸੂਝਵਾਨ ਪੰਜਾਬੀਆਂ ਅੰਦਰ ਪੰਜਾਬ ਬਾਰੇ ਸਹੀ ਜਾਣਕਾਰੀ ਪਹੁੰਚਦੀ ਰਹੀ।

ਅਜਿਹੇ ਸਮੇਂ ਮੈਂ ਦੋ ਕਿਤਾਬਾਂ ਦਾ ਜਿ਼ਕਰ ਕਰਨਾ ਚਾਹਾਂਗਾ ਜਿਨ੍ਹਾਂ ਬਾਰੇ ਸਾਊਥਾਲ ਵਿਖੇ ਵਿਸ਼ਣੂ ਦੱਤ ਸ਼ਰਮਾ ਹੋਰਾਂ ਵਲੋਂ ਸਮਾਗਮ ਰਚਾਏ ਗਏ। ਕਿਰਤੀ ਪਾਰਟੀ ਬਾਰੇ ਚੈਨ ਸਿੰਘ ਚੈਨ ਦੀ ਕਿਤਾਬ ‘ਕਿਰਤੀ ਪਾਰਟੀ’ (ਦੂਜੀ ਸੰਸਾਰ ਜੰਗ ਸਮੇਂ) ਅਤੇ ਬਾਬਾ ਭਗਤ ਸਿੰਘ ਬਿਲਗਾ ਦੀ ਗਦਰ ਪਾਰਟੀ ਬਾਰੇ ਛਪੀ ਕਿਤਾਬ ‘ਗਦਰ ਲਹਿਰ ਦੇ ਅਣਫੋਲੇ ਵਰਕੇ’ । ਇਨ੍ਹਾਂ ਸਮਾਗਮਾਂ ਦੇ ਪ੍ਰਬੰਧ ਬਾਰੇ ਹਰਦੀਪ ਵਲੋਂ ਪਾਇਆ ਯੋਗਦਾਨ ਬਹੁਤ ਹੀ ਸਲਾਹੁਣਯੋਗ ਸੀ। ਮੈਨੂੰ ਦੋਵੇਂ ਵਾਰ ਹੀ ਇੱਥੇ ਪਹੁੰਚ ਕੇ ਸਮਾਗਮਾਂ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਇਸੇ ਤਰ੍ਹਾਂ ਪੰਜਾਬ ਤੋਂ ਛੋਟੇ ਜਾਂ ਵੱਡੇ ਖੱਬੇਪੱਖੀ ਲੀਡਰ ਵੀ ਜਦੋਂ ਇੰਗਲੈਡ ਆਉਂਦੇ ਤਾਂ ਹਰਦੀਪ ਦੇ ਘਰ ਆ ਟਿਕਦੇ। ਹਰਦੀਪ ਹਰ ਆਉਣ ਵਾਲੇ ਨੂੰ ਇੰਜ ਹੀ ਆਖਦਾ ਸੀ ‘ ਜੀ ਆਇਆਂ ਨੂੰ ਕਾਮਰੇਡ’। ਕਿੰਨਾ ਪਿਆਰਾ ਲਗਦਾ ਸੀ ਉਦੋਂ। ਗਦਰ ਪਾਰਟੀ ਦੇ ਯੋਧੇ ਬਾਬਾ ਭਗਤ ਸਿੰਘ ਬਿਲਗਾ ਜਦੋਂ ਵੀ ਵਲੈਤ ਆਉਂਦੇ ਆਪਣੇ ਪੁੱਤਰਾਂ ਦੇ ਉੱਥੇ ਹੁੰਦੇ ਹੋਏ ਵੀ ਕਈ ਕਈ ਦਿਨ ਹਰਦੀਪ ਤੇ ਜਸਵੀਰ ਦੇ ਘਰ ਜਰੂਰ ਅਟਕਦੇ। ਇਹ ਇਨਕਲਾਬੀਆਂ ਦਾ ਇਕ ਦੂਜੇ ਪ੍ਰਤੀ ਮੋਹ ਦਾ ਰਿਸ਼ਤਾ ਸੀ।

ਗੱਲ ਹੋਵੇ ਆਪਣੇ ਸਮਾਜੀ ਭਾਈਚਾਰੇ ਅੰਦਰਲੀਆਂ ਕੋਝੀਆਂ ਸਮਾਜੀ ਰਸਮਾਂ ਦੀ ਤਾਂ ਉਹ ਆਪਣੀ ਟੱਲੀ ਵਾਂਗ ਟਣਕਦੀ ਖਰੀ ਸੋਚ ਨਾਲ ਹਾਜ਼ਰ ਹੁੰਦਾ ਸੀ। ਗੱਲ ਮਜ਼ਦੂਰਾਂ ਦੇ ਹੱਕਾਂ ਵਾਸਤੇ ਲੜੇ ਜਾ ਰਹੇ ਘੋਲਾਂ ਦੀ ਹੋਵੇ ਜਾਂ ਪੰਜਾਬੀ ਸਮਾਜ ਅੰਦਰ ਧਰਮ ਦੇ ਨਾਂ ਤੇ ਝੂਠ ਬੋਲ ਕੇ ਫਿਰਕਾਪ੍ਰਸਤੀ ਭਰੀ ਸੋਚ ਦੇ ਆਸਰੇ ਪਾਈਆਂ ਜਾਂ ਰਹੀਆਂ ਵੰਡੀਆਂ ਨਾਲ ਪੰਜਾਬੀਆਂ ਦੀ ਸਾਂਝ ਤੋੜਨ ਦੀ ਹੋਵੇ ਤਾਂ ਹਰਦੀਪ ਇਨਸਾਨੀ ਕਦਰਾਂ-ਕੀਮਤਾਂ ਦੀ ਰਾਖੀ ਕਰਨ ਵਾਲੇ ਕਾਫਲੇ ਦੀਆਂ ਮੋਹਰਲੀਆਂ ਸਫਾਂ ਵਿਚ ਖੜ੍ਹਾ ਨਜ਼ਰ ਆਉਂਦਾ। ਮਸਲਾ ਸਕੂਲਾਂ ਦੇ ਪ੍ਰਬੰਧ ਨੂੰ ਭੈੜੇ ਹੱਥਾਂ ਵਿਚ ਦੇ ਕੇ ਸਕੂਲੀ ਵਿਦਿਆਰਥੀਆਂ ਦੇ ਭਵਿੱਖ ਨੂੰ ਦਾਅ ਤੇ ਲਾਉਣ ਦਾ ਹੋਵੇ ਤਾਂ ਉਹ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਘਰ ਛੱਡਕੇ ਅੱਧੀ ਅੱਧੀ ਰਾਤ ਤੱਕ ਲੋਕਾਂ ਦੇ ਘਰਾਂ ਦੇ ਬੂਹੇ ਖੜਕਾ ਕੇ ਮਸਲੇ ਬਾਰੇ ਦੱਸ ਕੇ ਆਉਣ ਵਾਲੇ ਖਤਰਿਆਂ ਤੋਂ ਸੁਚੇਤ ਕਰਦਾ ਅਤੇ ਲੋਕਾਂ ਨੂੰ ਲਾਮਬੰਦ ਕਰਨ ਵਿੱਚ ਉੱਘਾ ਰੋਲ ਅਦਾ ਕਰਦਾ ਅਤੇ ਘੋਲ ਨੂੰ ਜਿੱਤ ਤੱਕ ਲੈ ਜਾਣ ਵਾਲੇ ਸੰਘਰਸ਼ ਨਾਲ ਹਰ ਘੜੀ ਹਾਜ਼ਰ ਰਹਿੰਦਾ। ਹੋਈ ਜਿੱਤ ਤੋਂ ਲੋਕ ਉਸਦੀਆਂ ਸਿਫਤਾਂ ਅਤੇ ਧੰਨਵਾਦ ਕਰਦੇ ਨਾ ਥੱਕਦੇ।  ਇਸ ਕਰਕੇ ਹੀ ਮਾਪਿਆਂ ਵਲੋਂ ਸਾਊਥਾਲ ਦੇ ਪਰਮੁੱਖ ਗਿਣੇ ਜਾਂਦੇ ਵਿਲੀਅਰਜ਼ ਹਾਈ ਸਕੂਲ ਦੇ ਪ੍ਰਬੰਧਕੀ ਬੋਰਡ ਦੇ ਲਗਾਤਾਰ ਕਈ ਸਾਲਾਂ ਤੱਕ ਉਹ ਚੇਅਰਮੈਨ ਰਿਹਾ। 

ਉਹ ਸਮਾਜੀ ਤੇ ਸਿਆਸੀ ਸਮਾਗਮਾਂ ਅੰਦਰ ਹੀ ਹਾਜ਼ਰ ਨਹੀਂ ਸੀ ਹੁੰਦਾ ਸਗੋਂ ਸਾਹਿਤਕ ਮਹਿਫਲਾਂ ਅਤੇ ਸਮਾਗਮਾਂ ਅੰਦਰ ਵੀ ਹਰ ਹੀਲੇ ਵਿਚਰਦਾ। ਪਰ ਆਪਣੇ ਆਪ ਨੂੰ ਵਿਦਵਾਨ ਕਹੇ ਜਾਣ ਵਾਲਿਆਂ ਵਲੋਂ ਔਖੀ ਪੰਜਾਬੀ ਵਰਤੀ ਜਾਣ ਤੋਂ ਔਖਾ ਵੀ ਹੁੰਦਾ ਤੇ ਆਖਦਾ ਕਿ ਲੇਖਕਾਂ ਨੂੰ ਤਾਂ ਅਜਿਹੀ ਔਖੀ ਭਾਸ਼ਾ ਬਿਲਕੁੱਲ ਨਹੀਂ ਵਰਤਣੀ ਚਾਹੀਦੀ ਜੋ ਦੂਜਿਆਂ ਨੂੰ ਸਮਝ ਹੀ ਨਾ ਆਵੇ, ਇਨ੍ਹਾਂ ਦੀਆਂ ਬਹੁਤੀਆਂ ਗੱਲਾਂ ਤਾਂ ਸਾਡੇ ਸਿਰ ਤੋਂ ਹੀ ਲੰਘ ਜਾਂਦੀਆਂ ਹਨ। ਇਨ੍ਹਾਂ ਨੂੰ ਤਾਂ ਸੌਖੀ ਜਹੀ ਭਾਸ਼ਾ ਵਰਤਣੀ ਚਾਹੀਦੀ ਹੈ ਜੋ ਹਰ ਕਿਸੇ ਸਮਝ ਆਵੇ। ਅਜਿਹੇ ਵਿਦਵਾਨਾਂ ’ਤੇ ਆਪਣਾ ਗੁੱਸਾ ਕੱਢ ਲੈਣ ਤੋਂ ਬਾਅਦ ਆਖਦਾ ‘ਓ ਯਾਰ ਇਨ੍ਹਾਂ ਨੂੰ ਸਮਝਾਉ ਕੁੱਝ.........’।

ਹਰਦੀਪ ਨਾਲ ਜੁੜੀਆਂ ਬਹੁਤ ਸਾਰੀਆਂ ਯਾਦਾਂ ਵਿਚ ਇਕ ਯਾਦ 2002 ਵਿਚ ਲੰਡਨ ਵਿਖੇ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਵੇਲੇ ਦੀ ਹੈ। ਸ਼ਾਮ ਸਿੰਘ ਤੇ ਹਰਭਜਨ ਹਲਵਾਰਵੀ ਵੀ ਇੱਥੇ ਆਏ ਸਨ ਅਸੀਂ ਸਾਰੇ ਹੀ ਰਘਬੀਰ ਤੇ ਪਰਮਜੀਤ ਸੰਧਾਂਵਾਲੀਆ ਦੇ ਘਰ ਅਟਕੇ ਹੋਏ ਸਾਂ, ਇਕ ਸ਼ਾਮ ਹਰਦੀਪ ਦੇ ਘਰ ਮਹਿਫਲ ਸਜੀ ਪੰਜਾਬ ਦੀ ਸਿਆਸਤ, ਪੰਜਾਬੀ ਦੀਆਂ ਇਨਕਲਾਬੀ ਪਾਰਟੀਆਂ ਬਾਰੇ ਬਹੁਤ ਲੰਬੀ ਬਹਿਸ, ਸ਼ਹੀਦੇ ਆਜ਼ਮ ਭਗਤ ਸਿੰਘ ਦੇ ਸੁਪਨਿਆਂ ਦੀਆਂ ਗੱਲਾਂ, ਗਦਰੀ ਬਾਬਿਆਂ ਦੀ  ਬਹਾਦਰੀ ਦੇ ਕਿੱਸੇ,  ਖਾਣ ਪੀਣ ਦੇ ਨਾਲ ਚੁਟਕਲੇ  ਤੇ ਸ਼ੁਗਲ ਹੋ ਰਿਹਾ ਸੀ। ਯਾਦਾਂ ਵਿਚ ਸਾਂਭੀ ਹੋਈ ਇਹ ਇਕ  ਬਹੁਤ ਪਿਆਰੀ ਯਾਦ ਹੈ। ਸੌਣ ਨੂੰ ਜਾਣ ਤੋਂ ਪਹਿਲਾਂ ਹਰਦੀਪ ਨੇ ਬਹੁਤ ਹੀ ਮੋਹ ਨਾਲ ਸਭ ਦਾ ਧੰਨਵਾਦ ਕੀਤਾ ਸੀ। ਹਲਵਾਰਵੀ ਕਹਿਣ ਲੱਗਾ ‘ ਕਾਮਰੇਡ, ਅੱਧੀ ਕਾਨਫਰੰਸ ਤਾਂ ਅਸੀਂ ਇੱਥੇ ਕਰ ਹੀ ਲਈ ਐ ਅੱਧੀ ਹੁਣ ਉੱਥੇ ਜਾ ਕੇ ਕਰਾਂਗੇ’। ਇਸ ਤੋਂ ਬਾਅਦ ਜਿੰਨੀ ਵਾਰੀ ਮੈਂ ਹਲਵਾਰਵੀ ਨੂੰ ਮਿਲਿਆ ਉਹ ਹਰਦੀਪ ਦੇ ਘਰ ਹੋਈ ਇਸ ਮਹਿਫਲ ਨੂੰ ਜਰੂਰ ਚੇਤੇ ਕਰਦਾ ਰਿਹਾ।

ਜਦੋਂ ਵੀ ਮੈਂ ਇੰਗਲੈਡ ਗਿਆ ਤਾਂ ਕਈ ਵਾਰ ਅਜਿਹੇ  ਲੋਕਾਂ ਨਾਲ ਮਿਲ ਬੈਠਣ ਦਾ ਸਬੱਬ ਵੀ ਬਣਦਾ ਰਿਹਾ ਜੋ ਕਮਿਉਨਿਸਟ ਪਾਰਟੀਆਂ ਦੇ ਕਈ ਆਗੂਆਂ ਦੀ ਝੂਠੀ-ਸੱਚੀ ਆਲੋਚਨਾ ਹੀ ਨਹੀਂ ਬਦਖੋਹੀ ਕਰਦੇ ਵੀ ਦੇਖੇ / ਸੁਣੇ ਪਰ ਉਨ੍ਹਾਂ ਵਿੱਚੋਂ ਕਦੇ ਕਿਸੇ ਇਕ ਦੇ ਮੂੰਹੋਂ ਵੀ ਹਰਦੀਪ ਬਾਰੇ ਮਾੜੇ ਜਾਂ ਕੌੜੇ ਸ਼ਬਦ ਨਹੀਂ ਸੁਣੇ ਸਗੋਂ ਇਸਦੇ ਉਲਟ ਬਹੁਤ ਸਾਰੇ ਲੋਕ ਹਰਦੀਪ ਦੀ ਸਖਸ਼ੀਅਤ, ਈਮਾਨਦਾਰੀ, ਸਮਝਦਾਰੀ ਅਤੇ ਸਾਫਦਿਲੀ ਦੀ ਸਿਫਤ ਕਰਦੇ ਹੀ ਦੇਖੇ ਗਏ । ਅੱਜ ਦੇ ਸਮੇਂ ਹਰ ਕਿਸੇ ਦੇ ਹਿੱਸੇ ਅਜਿਹਾ ਸਨਮਾਨ ਨਹੀਂ ਆਉਂਦਾ।

ਪਿਛਲੇ ਸਮੇਂ ਤੋਂ ਉਹ ਕੈਂਸਰ ਦੇ ਰੋਗ ਤੋਂ ਪੀੜਤ ਸੀ । ਇਸ ਬੀਮਾਰੀ ਦੇ ਸਮੇਂ ਜਦੋਂ ਵੀ ਉਹ ਮਿਲਿਆ ਜਾਂ ਫੋਨ ਤੇ ਗੱਲ ਹੋਈ ਤਾਂ ਉਹ ਚੜ੍ਹਦੀ ਕਲਾ ਦਾ ਹੀ ਪ੍ਰਗਟਾਵਾ ਕਰਦਾ ਰਿਹਾ। ਕਦੇ ਵੀ ਉਸਦੇ ਮੂਹੋਂ ਹਾਰਨ ਵਾਲੀਆਂ ਗੱਲਾਂ ਨਾ ਸੁਣੀਆਂ, ਉਹ ਸਦਾ ਹੀ ਠੀਕ ਹੋਣ ਦੀ ਆਸ ਦਾ ਪ੍ਰਗਟਾਵਾ ਕਰਦਾ। ਉਸਦੇ ਸਦੀਵੀ ਵਿਛੜ ਜਾਣ ਤੋਂ ਦੋ ਹਫਤੇ ਪਹਿਲਾਂ ਮੈਨੂੰ ਪਰਿਵਾਰ ਸਮੇਤ ਇੰਗਲੈਂਡ ਜਾਚਣਾ ਪਿਆ, ਸ਼ਾਮ ਸਿੰਘ ਵੀ ਇੰਡੀਆ ਤੋਂ ਆਇਆ ਹੋਇਆ ਸੀ। ਅਸੀਂ ਰਘਬੀਰ ਨੂੰ ਨਾਲ ਲੈ ਕੇ ਨਾਲ ਉਸਦੇ ਘਰ ਗਏ, ਉਹ ਇਕ ਦਿਨ ਪਹਿਲਾਂ ਹਸਪਤਾਲ ਤੋਂ ਆਇਆ ਸੀ। ਸਿਹਤ ਕਾਫੀ ਕਮਜ਼ੋਰ ਸੀ ਸਖਤ ਦਵਾਈਆਂ ਤੇ ਚੱਲ ਰਹੀ ਥਰੈਪੀ ਦੇ ਅਸਰ ਨਾਲ ਸਿਰ ਦੇ ਬਹੁਤ ਸਾਰੇ ਵਾਲ  ਝੜ ਗਏ ਸਨ। ਉੱਥੇ ਉੱਘਾ ਮਜਦੂਰ ਆਗੂ ਇਬਾਲ ਵੈਦ ਵੀ ਆਇਆ ਹੋਇਆ ਸੀ। ਬਹੁਤ ਸਾਰੀਆਂ ਗੱਲਾਂ ਹੋਈਆਂ ਸਰਾਸਰੀ ਬੀਮਾਰੀ ਦੀ ਗੱਲ ਤੋਂ ਬਾਅਦ ਉਸਦਾ ਰਵਾਇਤੀ ਵਿਸ਼ਾ ਸ਼ੁਰੂ ਹੋ ਗਿਆ। ਸਮਾਜ ਅੰਦਰ ਆ ਰਹੇ ਨਿਘਾਰ ਦੀਆਂ ਗੱਲਾਂ, ਭਾਰਤ ਦੇ ਭ੍ਰਿਸ਼ਟਾਚਾਰ ਦੀਆਂ ਗੱਲਾਂ, ਖੱਬੀਆਂ ਪਾਰਟੀਆਂ ਦੇ ਖਿਲਰੇ ਹੋਣ ਦਾ ਦੁੱਖ ਕਿੰਨਾ ਹੀ ਸਮਾਂ ਅਸੀਂ ਉਸਦੇ ਕੋਲ ਬੈਠੇ ਰਹੇ ।ਇਹ ਤਾਂ ਚਿੱਤ ਚੇਤਾ ਨਹੀਂ ਸੀ ਕਿ ਸਿਰਫ ਦੋ ਹਫਤਿਆਂ ਬਾਅਦ ਹੀ ਉਹ ਸਦੀਵੀ ਵਿਛੋੜਾ ਦੇ ਜਾਵੇਗਾ।

ਹਰਦੀਪ ਦੇ ਸਦਾ ਵਾਸਤੇ ਚਲੇ ਜਾਣ ਨਾਲ ਉਸਦੇ ਪਰਿਵਾਰ ਦੇ ਨਾਲ ਹੀ ਉਸਦੇ ਸੰਗੀਆਂ-ਸਾਥੀਆਂ, ਨੂੰ ਵੀ ਬਹੁਤ ਸਦਮਾ ਹੋਇਆ। ਉਸਦੇ ਚਲੇ ਜਾਣ ਨਾਲ ਪਏ ਖੱਪੇ ਨੂੰ ਪੂਰਨ ਵਾਸਤੇ ਬਹੁਤ ਸਮਾਂ ਲੱਗੇਗਾ। ਇਸ ਸਮੇਂ ਮਨ ਬਹੁਤ ਉਦਾਸ ਹੈ। ਹੋਰ ਹੁਣ ਕੀ ਕਹੀਏ , ਬਸ ਇਹ ਹੀ ਕਿ :

          ਦੋਸਤੀ ਦੀ ਅਸਲੀ ਮਹਿਕ ਵਰਗਾ ਸੀ – ਸਾਡਾ ਮਿੱਤਰ ਪਿਆਰਾ ਹਰਦੀਪ ਦੂਹੜਾ ।

****

No comments: