ਪੰਜਾਬੀ ਸੱਥ ਕੈਲੀਫੋਰਨੀਆ ਦਾ ਸਲਾਨਾ ਸਮਾਗਮ........... ਸਲਾਨਾ ਸਮਾਗਮ / ਤਰਲੋਚਨ ਸਿੰਘ ਦੁਪਾਲਪੁਰ

ਪੰਜਾਬੀ ਸੱਥ ਕੈਲੀਫੋਰਨੀਆਂ ਦੇ ਵਰ੍ਹੇਵਾਰ ਸਨਮਾਨ ਸਮਾਗਮ ਮਿਤੀ 25 ਅਗਸਤ ਗੁਰਦਵਾਰਾ ਸੱਚਖੰਡ ਸਾਹਿਬ ਰੋਜ਼ਵਿਲ ਵਿਖੇ ਸਫ਼ਲਤਾ ਪੂਰਵਕ ਨੇਪਰੇ ਚੜਿਆ। ਹਰ ਸਾਲ ਵਾਂਗ ਏਸ ਵਾਰ ਵੀ ਪੰਜਾਬੀ ਭਾਈਚਾਰੇ ਦੀ ਮਾਂ ਬੋਲੀ, ਵਿਰਾਸਤ, ਸਾਹਿਤ, ਪੱਤਰਕਾਰੀ ਦੇ ਖੇਤਰਾਂ ਵਿਚ ਮੁੱਲਵਾਨ ਯੋਗਦਾਨ ਪਾਉਣ ਵਾਲੀਆਂ ਚਾਰ ਹਸਤੀਆਂ ਨੂੰ ਸਤਿਕਾਰ ਸਹਿਤ ਸੱਥ ਵੱਲੋਂ ਸਨਮਾਨ ਭੇਟ ਕੀਤੇ ਗਏ। ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿਚ ਸ ਜਗਜੀਤ ਸਿੰਘ ਥਿੰਦ ਨੂੰ ਡਾ ਗੰਡਾ ਸਿੰਘ ਪੁਰਸਕਾਰ (ਖੋਜ ਦੇ ਖੇਤਰ ਵਿਚ), ਸ ਅਮੋਲਕ ਸਿੰਘ (ਸੰਪਾਦਕ ਪੰਜਾਬ ਟਾਈਮਜ਼) ਨੂੰ ਗਿਆਨੀ ਹੀਰਾ ਸਿੰਘ ਦਰਦ, ਬੀਬੀ ਮਨਜੀਤ ਕੌਰ ਸੇਖੋਂ(ਸਾਹਿਤ) ਨੂੰ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਪੁਰਸਕਾਰ, ਅਤੇ ਗੁਰਦਵਾਰਾ ਸਾਹਿਬ ਰੋਜ਼ਵਿਲ ਦੀ ਲਾਇਬ੍ਰੇਰੀ ਨੂੰ ਮਾਂ ਬੋਲੀ ਦੀ ਸੇਵਾ ਸੰਭਾਲ ਲਈ ਭਾਈ ਗੁਰਦਾਸ ਪੁਰਸਕਾਰ ਅਤੇ ਕਿਤਾਬਾਂ ਭੇਂਟ ਕਰ ਸਨਮਾਨਤ ਕੀਤਾ ਗਿਆ। ਏਸ ਮੌਕੇ ਪੰਜਾਬੀ ਸੱਥ ਵੱਲੋਂ ਛਪੀਆਂ ਪੰਜ ਕਿਤਾਬਾਂ ਦੀ ਮੁੱਖ ਵਿਖਾਈ ਵੀ ਕੀਤੀ ਗਈ। ਇਹਨਾਂ ਵਿਚ ਡੋਗਰੀ ਲੋਕ ਗੀਤਾਂ ਦੇ ਸੰਗ੍ਰਹਿ ‘ਡੂਗਰ ਝਨਕਾਰ’(ਬਬਲੀ ਅਰੋੜਾ), ਪੰਜਾਬ ਦੀ ਕਿਰਸਾਨੀ ਅਤੇ ਆਮ ਲੋਕਾਂ ਦੇ ਜੀਵਨ ਸੰਬੰਧੀ ਖੋਜ ਪੁਸਤਕ ‘ਸਾਨੂੰ ਕਿਹੜੀ ਜੂਨੇ ਪਾਇਆ’(ਡਾ ਕੇਸਰ ਸਿੰਘ ਬਰਵਾਲੀ), ਡਾ ਕੇਸਰ ਸਿੰਘ ਬਰਵਾਲੀ ਸੰਬੰਧੀ ਲੇਖ ਸੰਗ੍ਰਿਹ ‘ਕੇਸਰ ਦੀ ਮਹਿਕ’, ਬਾਬਾ ਬੰਦਾ ਸਿੰਘ ਬਹਾਦਰ ਸੰਬੰਧੀ ਮਹਾਂ ਕਾਵਿ ‘ਮਰਦ ਗੁਰੁ ਕਾ ਚੇਲਾ’(ਸ ਬਲਹਾਰ ਸਿੰਘ ਰੰਧਾਵਾ) ਅਤੇ ਸੱਥ ਵੱਲੋਂ ਪਿਛਲੇ ਵਰ੍ਹੇ ਐਲਾਨੀ ਗਈ ਪੁਸਤਕ ‘ਹੀਰ ਵਿਚ ਮਿਲਾਵਟੀ ਸ਼ੇਅਰਾਂ ਦਾ ਵੇਰਵਾ’(ਜ਼ਾਹਿਦ ਇਕਬਾਲ ਗੁਜਰਾਂਵਾਲਾ)ਸ਼ਾਮਿਲ ਸਨ।
ਪੰਜਾਬੀ ਸੱਥ ਦੀ ਮੁੱਖ ਇਕਾਈ ਦੇ ਸੇਵਾਦਾਰ ਡਾ ਨਿਰਮਲ ਸਿੰਘ ਹੁਰਾਂ ਨੇ ਕਿਤਾਬਾਂ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਏਸ ਵਾਰ ਸੱਥ ਦੇ ਵਿਸ਼ੇਸ਼ ਉਪਰਾਲਿਆਂ ਰਾਹੀਂ ਡੋਗਰੀ ਲੋਕ ਗੀਤਾਂ ਨੂੰ ਗੁਰਮੁਖੀ ਲਿਪੀ ਅਤੇ ਦੇਵਨਾਗਰੀ ਲਿਪੀ ਵਿਚ ਛਾਪ ਪੰਜਾਬੀ ਦੇ ਗਵਾਚ ਰਹੇ ਲਹਿਜ਼ੇ ਮੁੜ ਜੀਵਤ ਕਰਨ ਦੀ ਕੋਸਿ਼ਸ਼ ਕੀਤੀ ਗਈ ਹੈ। ਡਾ ਨਿਰਮਲ ਸਿੰਘ ਨੇ ਵਿਸ਼ੇਸ਼ ਤੌਰ ਤੇ ਜ਼ਾਹਿਦ ਇਕਬਾਲ ਦੀ ਖੋਜ ਪੁਸਤਕ ਜੋ ਕਿ ਦੋ ਸਾਲ ਪਹਿਲਾਂ ਸ਼ਾਹਮੁਖੀ ਅੱਖਰਾਂ ਵਿਚ ਯੂਰਪੀ ਪੰਜਾਬੀ ਸੱਥ ਵੱਲੋਂ ਛੱਪ ਚੁੱਕੀ ਹੈ ਅਤੇ ਗੁਰਮੁਖੀ ਲਿਪੀ ਵਿਚ ਪਿੱਛੇ ਜਹੇ ਹੀ ਛਪੀ ਹੈ,ਬਾਰੇ ਚਾਨਣਾ ਪਾੳਂੁਦਿਆਂ ਦਸਿਆ ਕਿ ਇਸ ਪੁਸਤਕ ਰਾਹੀਂ ਪੰਜਾਬ ਦੀ ਸ਼ਾਹਕਾਰ ਰਚਨਾ ਵਿਚੋਂ ਲਚੱਰਪੁਣਾ ਅਤੇ ਅਸ਼ਲੀਲਤਾ ਵਾਲੇ ਮਿਲਾਵਟੀ ਸ਼ੇਅਰ ਕੱਢ ਕੇ ਸੱਯਦ ਦੀ ਰੂਹ ਨਾਮ ਇਨਸਾਫ ਕਰਨ ਦਾ ਯਤਨ ਕੀਤਾ ਗਿਆ ਹੈ। ਡਾ ਸਾਹਿਬ ਨੇ ਦੇਸਾਂ ਬਿਦੇਸਾਂ ਵਿਚ ਸੱਥ ਦੀਆਂ ਤੀਹ ਇਕਾਈਆਂ,ਵਿਰਾਸਤੀ ਕੈਲੰਡਰਾਂ,ਸਵਾ ਸੌ ਤੋਂ ਵੱਧ ਛਾਪੀਆਂ ਕਿਤਾਬਾਂ,ਚਾਰ ਸੌ ਦੇ ਲੱਗਭੱਗ ਸਨਮਾਨਤ ਕੀਤੀਆਂ ਹਸਤੀਆਂ ਅਤੇ ਸੰਸਥਾਵਾਂ ਦੀ ਸੰਖੇਪ ਜਾਣਕਾਰੀ ਦਿੱਤੀ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਆਂਪਣੇ ਸਵੈ ਮਾਣ ਅਤੇ ਅਣਖ ਨਾਲ ਜੀਣ ਵਾਸਤੇ ਆਪਣੀ ਪੁਸ਼ਤੈਨੀ ਬੋਲੀ, ਸਹਿਤਮੰਦ ਸਭਿਆਚਾਰ ਅਤੇ ਸ਼ਾਨਾਂਮਤੀ ਵਿਰਾਸਤ ਨਾਲ ਜੋੜਨ ਲਈ ਗੰਭਰਿਤਾ ਨਾਲ ਯਤਨ ਕਰਨ ਦੀ ਲੋੜ ਹੈ। ਅਮਰੀਕੀ ਭਾਈਚਾਰੇ ਨੂੰ ਬੇਨਤੀ ਕਰਦਿਆਂ ਉਹਨਾਂ ਅੰਗ੍ਰੇਜੀ ਨੂੰ ਆਪਣੀ ਕਾਰੋਬਾਰੀ ਅਤੇ ਸਰਕਾਰੀ ਜ਼ੁਬਾਨ ਦੇ ਤੌਰ ਤੇ ਸਿਖਣ ਦੇ ਨਾਲ ਨਾਲ ਪੰਜਾਬੀ ਨੂੰ ਘਰਾਂ ਤੋਂ ਸ਼ੁਰੂ ਕਰਕੇ ਧਾਰਮਿਕ ਸੰਗਠਨਾਂ ਅਤੇ ਸਮਾਜਿਕ ਸੰਸਥਾਂਵਾਂ ਰਾਹੀਂ ਪ੍ਰਚਾਰਨ ਅਤੇ ਪ੍ਰਸਾਰਨ ਲਈ ਦੋਹਰੇ ਉਪਰਾਲੇ ਕਰਨ ਵਾਸਤੇ ਕਿਹਾ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਗੁਰਦਵਾਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਸ ਹਰਜੀਤ ਸਿੰਘ ਸਵੈਚ ਹੁਰਾਂ ਸਮਾਗਮ ਦੀ ਸ਼ਲਾਘਾ ਕਰਦਿਆਂ ਭਵਿੱਖ ਵਿਚ ਵੀ ਸਹਿਯੋਗ ਦੀ ਪੇਸ਼ਕਸ਼ ਕੀਤੀ। ਉਹਨਾਂ ਲਾਇਬ੍ਰੇਰੀ ਦੇ ਨਾਲ ਹੀ ਵਿਰਾਸਤੀ ਅਜਾਇਬ ਘਰ ਬਣਾਉਣ ਸੰਬੰਧੀ ਕਮੇਟੀ ਵਿਚ ਦੀ ਵਿਚਾਰ ਕਰਨ ਦੀ ਵਾਦਾ ਕੀਤਾ। ਸ ਹਰਬਿੰਦਰ ਸਿੰਘ ਬੈਂਸ ਦੀ ਬਿਮਾਰੀ ਕਾਰਨ ਗੈਰਹਾਜ਼ਰੀ ਵਿਚ ਸ ਮਨਜੀਤ ਸਿੰਘ ਹੁਰਾਂ ਨੇ ਲਾਇਬ੍ਰੇਰੀ ਵਿਚ ਇੱਕਤਰ ਬਾਰਾਂ ਸੌ ਤੋਂ ਵੀ ਵੱਧ ਕਿਤਾਬਾਂ, ਖੁਲਣ ਦਾ ਸਮਾਂ ਅਤੇ ਪਾਠਕਾਂ ਦੀ ਆਵਾਜਾਈ ਦੇ ਸੰਬੰਧ ਵਿਚ ਵਿਸਥਾਰਤ ਜਾਣਕਾਰੀ ਦਿੱਤੀ। ਸ ਬਲਦੇਵ ਸਿੰਘ ਘਣਗਸ ਹੁਰਾਂ ਨੇ ਆਪਣੀ ਕਾਵਿ ਰਚਨਾ ਨਾਲ ਸਰੋਤਿਆਂ ਨਾਲ ਸਾਂਝ ਪਾਈ। ਭਾਈ ਘਨੀਆ ਇੰਨਟਰਨੈਸ਼ਨਲ ਸਭਾ ਵਲੋਂ ਮਾ ਸੰਤੋਖ ਸਿੰਘ ਨੇ ਏਸ ਸਮਾਗਮ ਵਿਚ ਸਨਮਾਨਤ ਸ਼ਖਸੀਅਤਾਂ ਨੂੰ ਵਧਾਈ ਦਿੰਦਿਆਂ ਸੱਥ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਬੀਬੀ ਮਨਜੀਤ ਕੌਰ ਸੇਖੋਂ ਨੇ ਆਪਣੇ ਸਾਹਿਤਕ ਸਫ਼ਰ, ਛੱਪੀਆਂ ਕਿਤਾਬਾਂ ਅਤੇ ਭਵਿੱਖੀ ਯੋਜਨਾਵਾਂ ਦਾ ਜਿ਼ਕਰ ਕਰਦਿਆਂ ਸੱਥ ਵਾਲਿਆਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹਨਾਂ ਵਾਸਤੇ ਇਹ ਸਨਮਾਨ ਸੱਚੀ ਮੁਚੀਂ ਹੀ ਇਕ ਥਾਪੜਾ ਹੋਣ ਕਾਰਨ ਆਉਣ ਵਾਲੇ ਸਮੇਂ ਵਿਚ ਇਕ ਪ੍ਰੇਰਨਾ ਦਾ ਸੋਮਾ ਸਾਬਿਤ ਹੋਵੇਗਾ। ਉਹਨਾਂ ਨੇ ਬੀਬੀ ਰਾਜਬੀਰ ਕੌਰ ਸੇਖੋਂ ਦੇ ਉਦਮਾਂ ਦੀ ਪ੍ਰਸੰਸਾ ਕਰਦਿਆਂ ਆਪਣੇ ਵੱਲੋਂ ਹਰ ਕਿਸਮ ਦੀ ਇਮਦਾਦ ਦੇਣ ਦਾ ਭਰੋਸਾ ਦਵਾਇਆ।
ਏਸੇ ਦੌਰਾਨ ਬੀਬੀ ਰਾਜਬੀਰ ਕੌਰ ਸੇਖੋਂ ਨੇ ਕੈਲੇਫੋਰਨੀਆਂ ਪੰਜਾਬੀ ਸੱਥ ਦੇ ਪਿਛਲੇ ਸਮਾਗਮ,ਸੱਥ ਵੱਲੋਂ ਹੁਣ ਤੱਕ ਅਮਰੀਕਾ ਵਿਚ ਸਨਮਾਨਤ ਹਸਤੀਆਂ, ਵਿਰਾਸਤੀ ਅਜਾਇਬ ਘਰ ਉਸਾਰਨ ਸੰਬੰਧੀ ਤਜਵੀਜਾਂ, ਛਾਪੀਆਂ ਪੁਸਤਕਾਂ ਬਾਰੇ ਦਸਦਿਆਂ ਕੈਲੇਫੋਰਨੀਆਂ ਵਿਚ ਸਥਾਪਤ ਆਪਣੇ ਭਾਈਚਾਰੇ ਦੇ ਮੁੱਢ ਤੋਂ ਲੈ ਕੇ ਅੱਜ ਤੀਕ ਦੇ ਪੈਂਡੇ ਨੂੰ ਦਰਸਾਉਂਦੀ ਪੁਸਤਕ ਛਾਪਣ ਦਾ ਐਲਾਨ ਕੀਤਾ। ਉਹਨਾਂ ਸ ਅਮੋਲਕ ਸਿੰਘ ਅਤੇ ਸ ਜਗਜੀਤ ਸਿੰਘ ਥਿੰਦ ਹੁਰਾਂ ਦੀਆਂ ਸਹਿਤਾਂ ਢਿਲੇ ਹੋਣ ਕਾਰਨ ਉਹਨਾਂ ਦੇ ਸਨਮਾਨ ਉਹਨਾਂ ਤੱਕ ਛੇਤੀ ਹੀ ਪੁੱਜਦਾ ਕਰਨ ਦਾ ਵਾਦਾ ਕੀਤਾ। ਉਹਨਾਂ ਨੇ ਵੈਸਟ ਸੈਕਰਾਮੈਂਟੋ ਤੋਂ ਸ ਦਲਜੀਤ ਸਿੰਘ ਨਾਲ ਆਏ ਸ਼ਬਦ ਗਾਇਨ ਵਾਲੇ ਬਚਿਆਂ ਦਾ, ਸਟੇਜ ਸਕੱਤਰ ਦੀ ਸੇਵਾ ਨਿਭਾਉਣ ਵਾਲੀ ਬੱਚੀ ਪ੍ਰੀਤਵੀਰ ਕੌਰ, ਕਿਆਬਾਂ ਅਤੇ ਵਿਰਾਸਤੀ ਵਸਤਾਂ ਦੀ ਨੁਮਾਇਸ਼ ਦੀ ਸੇਵਾ ਨਿਭਾਉਣ ਵਾਲੀਆਂ ਬਚੀਆਂ ਜਸਦੀਪ ਕੌਰ,ਨਵਨੀਤ ਕੌਰ ਅਤੇ ਮੁਸਕਾਨ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਗੁਰਦਵਾਰਾ ਰੋਜ਼ਵਿਲ ਦੇ ਪ੍ਰਬੰਧਕਾਂ,ਲੰਗਰ ਦੇ ਸੇਵਾਦਾਰਾਂ ਅਤੇ ਦੂਰੋਂ ਨੇੜੇੳਂ ਆਏ ਸਾਰੇ ਮਹਿਮਾਨਾਂ ਦਾ ਹਾਰਦਿਕ ਸ਼ੁਕਰਾਨਾ ਕੀਤਾ। ਸ੍ਰੋਤਿਆਂ ਵਿਚ ਫ੍ਰੀਮਾਂਟ ਤੋਂ ਆਏ ਸ ਗੁਰਮੀਤ ਸਿੰਘ, ਬੀਬੀ ਰੁਪਿੰਦਰ ਕੌਰ, ਅਨੰਤ ਸਿੰਘ, ਯੂਬਾ ਸਿਟੀ ਤੋਂ ਕਮਲਜੀ ਕੌਰ, ਵੁੱਡਲੈਂਡ ਤੋਂ ਸ ਸੁਖਵਿੰਦਰ ਸਿੰਘ, ਬੀਬੀ ਪ੍ਰਭਜੋਤ ਕੌਰ, ਦਲਜੀਤ ਕੌਰ, ਰੋਜ਼ਵਿਲ ਤੋਂ ਸ ਗੁਰਮੇਲ ਸਿੰਘ ਸੰਧੂ,ਸ ਬਲਜਿੰਦਰ ਸਿੰਘ ਅਤੇ ਸ਼ਾਮਿਲ ਹੋਰ ਮਹਿਮਾਨਾਂ ਦਾ ਧੰਨਵਾਦ ਕੀਤਾ। ਅੰਤ ਵਿਚ ਸਾਰਿਆਂ ਨੂੰ ਲੰਗਰ ਛੱਕ ਕੇ ਜਾਣ ਦੀ ਬੇਨਤੀ ਕੀਤੀ।
****


No comments: