ਜੋ ਹੈ ਤੋਂ ਸੀ ਹੋ ਗਿਆ, ਉਸ ਹਾਕਮ ਸੂਫ਼ੀ ਨਾਲ ਆਖ਼ਰੀ ਮਿਲਣੀ.......... ਸ਼ਰਧਾਂਜਲੀ / ਮਿੰਟੂ ਖੁਰਮੀ ਹਿੰਮਤਪੁਰਾ

ਸਵੇਰੇ ਉੱਠ ਕੇ ਨੈਟ ਚਲਾਇਆ, ਫ਼ੇਸਬੁੱਕ ਖੋਲ੍ਹੀ ਅਤੇ ਕੁਝ ਲਿਖੇ ਹੋਏ ਸ਼ਬਦ ਦਿਲ ਤੇ ਛੁਰੇ ਵਾਂਗ ਵੱਜੇ, ਲਿਖਿਆ ਹੋਇਆ ਸੀ ਪੰਜਾਬੀ ਮਾਂ ਬੋਲੀ ਦਾ ਫ਼ੱਕਰ ਫਨਕਾਰ ਹਾਕਮ ਸੂਫ਼ੀ ਮੌਤ ਦੀ ਗੋਦ ਵਿੱਚ ਚਲਾ ਗਿਆ। ਦਿਲ ਉਦਾਸ ਹੋ ਗਿਆ ਪਰ ਯਕੀਨ ਨਾ ਆਇਆ ਅਤੇ ਮੈਂ ਆਪਣੇ ਪਰਮ ਮਿੱਤਰ ਕੰਵਲਜੀਤ ਚਾਨੀਂ (ਜਲੰਧਰ) ਨੂੰ ਫੋਨ ਲਗਾ ਕੇ ਤਸ਼ਦੀਕ ਕੀਤਾ ਤੇ ਮਸਾਂ ਹੀ ਯਕੀਨ ਆਇਆ । ਪ੍ਰਸਿੱਧ ਨਾਵਲਕਾਰ ਬਾਈ ਸਿ਼ਵਚਰਨ ਜੱਗੀ ਕੁੱਸਾ ਜੀ ਦੇ ਬਾਪੂ ਜੀ ਦੀ ਬਰਸੀ ਦੀਆਂ 2009 ਵੇਲੇ ਦੀਆਂ ਯਾਦਾਂ ਝੱਟ ਤਾਜ਼ਾ ਹੋ ਗਈਆਂ। ਬੇਸ਼ੱਕ ਬਾਪੂ ਜੀ ਦੀ ਬਰਸੀ ਵੇਲੇ ਜ਼ਰੂਰੀ ਕੰਮ ਸੀ, ਪਰ ਬਰਸੀ ਤੇ ਜਾਣਾ ਵੀ ਜ਼ਰੂਰੀ ਸੀ, ਇਹ ਬਾਈ ਦਾ ਹੁਕਮ ਸੀ ਜੋ ਅਸੀਂ ਚਾਹ ਕੇ ਵੀ ਨਹੀਂ ਟਾਲ ਸਕਦੇ ਸਾਂ।

ਪਿੰਡੋਂ ਮੈਂ ਛੋਟਾ ਵੀਰ ਮਨਜਿੰਦਰ ਤੇ ਸਾਡਾ ਚਾਚਾ ਜਗਸੀਰ ਭੋਲਾ ਪੰਜਾਬ ਰੋਡਵੇਜ਼ ਜਗਰਾਉ ਠੁਰ-ਠੁਰ ਕਰਦੇ ਕੁੱਸੇ ਪਹੁੰਚ ਗਏ, ਅੱਗੇ ਸਵਰਗਵਾਸੀ ਕੁਲਦੀਪ ਮਾਣਕ ਜੀ, ਬਾਪੂ ਦੇਵ ਥਰੀਕੇ ਜੀ, ਸਵਰਗਵਾਸੀ ਦੀਦਾਰ ਸੰਧੂ ਜੀ ਦਾ ਬੇਟਾ ਜਗਮੋਹਣ ਸੰਧੂ, ਨਿੰਦਰ ਘੁਗਿਆਣਵੀ, ਸੰਤ ਬਲਵੀਰ ਸਿੰਘ ਜੀ ਸੀਚੇਵਾਲ, ਮਿੰਟੂ ਬਰਾੜ ਆਸਟਰੇਲੀਆ, ਜਗਤ ਪ੍ਰਸਿੱਧ ਭੰਗੜਾ ਕਲਾਕਾਰ ਮਨਿੰਦਰ ਮੋਗਾ ਜੀ ਵਰਗੀਆਂ ਪਵਿੱਤਰ ਰੂਹਾਂ ਦੇ ਦਰਸ਼ਨ ਕਰਕੇ ਮਨ ਬਾਗੋ ਬਾਗ ਹੋ ਗਿਆ। ਤੇ ਅਸੀ ਸਭ ਨੂੰ ਮਿਲ ਕੇ ਅਰਦਾਸ ਵਿੱਚ ਟਾਇਮ ਰਹਿੰਦਾ ਹੋਣ ਕਰਕੇ ਖੇਤਾਂ ਵੱਲ ਬਾਹਰ ਵਾਰ ਚੱਲ ਪਏ, ਤੇ ਉੱਥੇ ਇਕੱਲਤਾ ਵਿੱਚ ਇੱਕ ਫ਼ੱਕਰ ਇਨਸਾਨ ਖ਼ੜਾ ਸੀ। ਛੋਟਾ ਵੀਰ ਕਹਿਣ ਲੱਗਾ ਵੀਰੇ ਇਹ ਕੌਣ ਹੈ? ਅਸੀਂ ਜਗਿਆਸਾ ਵੱਸ ਉਸ ਇਨਸਾਨ ਦੇ ਕੋਲ ਚਲੇ ਗਏ ਅਤੇ ਮੈਂ ਪੁੱਛ ਲਿਆ ਬਾਈ ਜੀ ਤੁਸੀਂ ਜੱਗੀ ਬਾਈ ਕੇ ਆਏਂ ਹੋਂ ਜੀ ? ਉਸਨੇ ਕਿਹਾ' ਜੀ ਬਿਲਕੁੱਲ, ਬੰਦੇ ਨੂੰ ਹਾਕਮ ਸੂਫੀ ਕਹਿੰਦੇ ਹਨ। ਸਾਨੂੰ ਯਕੀਨ ਨਾ ਆਵੇ ਕਿ ਕੀ ਇਹ ਹੀ ਉਹ ਅਮਰ ਅਵਾਜ਼ ਹੈ ਜਿਸ ਨੇ 'ਪਾਣੀ ਵਿੱਚ ਮਾਰਾਂ ਡੀਟਾਂ" ਧੀਆਂ ਤੇ ਗਾਇਆ ਆਪਣਾ ਲਿਖਿਆ ਗੀਤ 'ਕਣਕਾਂ ਵਾਗੂੰ ਪਾਲੀਆਂ ਧੀਆਂ"ਵਰਗੇ ਅਮਰ ਗੀਤ ਗਾਏ ਹਨ ? ਐਨਾ ਚੰਗਾ ਇਨਸਾਨ ਜੋ ਸਾਨੂੰ ਬਾਈ ਹਾਕਮ ਸੂਫ਼ੀ ਜੀ ਵਿੱਚੋਂ ਮਿਲਿਆ, ਉਸ ਨੂੰ ਬਿਆਨ ਕਰਨਾ ਨਾਮੁਮਕਿਨ ਹੈ । ਬਾਈ ਹਾਕਮ ਦੀ ਹਲੀਮੀਂ ਦੇਖੋ, ਸਾਡੇ ਨਾਲ ਕੋਈ ਜਾਣ ਪਹਿਚਾਣ ਨਾ ਹੋਣ ਦੇ ਬਾਵਜੂਦ ਵੀ ਹਾਕਮ ਜੀ ਨੇ ਉਸ ਤੋਂ ਬਾਅਦ ਸਿਰਫ ਸਾਡੇ ਵਰਗੇ ਅਣਜਾਣ ਸਰੋਤਿਆਂ ਲਈ ਪਿੰਡ ਕੁੱਸੇ ਦੇ ਖੇਤਾਂ ਵਿੱਚ ਹਰੇ ਕਚਾਰ ਘਾਹ ਨੂੰ ਆਪਣੀ ਸਟੇਜ਼ ਬਣਾ ਕੇ, ਉਹ ਸੁਰਾਂ ਛੋਹੀਆਂ, ਜੋ ਸੱਚਮੁੱਚ ਅੱਜ ਚੇਤੇ ਆਉਦੀਆਂ ਹਨ। ਬੇਸ਼ੱਕ ਅੱਜ ਵੱਡਾ ਵੀਰ ਹਾਕਮ ਸੂਫੀ ਸਾਡੇ ਵਿਚਕਾਰ ਨਹੀ ਪਰ ਅੱਜ ਮਾਣ ਵੀ ਹੁੰਦਾ ਹੈ। ਅਸੀ ਹਾਕਮ ਸੂਫੀ ਨੂੰ ਦੇਖਿਆ ਹੀ ਨਹੀਂ ਸਗੋਂ ਨੇੜੇ ਤੋਂ ਸੁਣਿਆ ਵੀ ਹੈ। ਇੱਕ ਗੱਲ ਹੈ ਕਿ ਹਾਕਮ ਹੋਰਨਾਂ ਕਲਾਕਾਰਾਂ ਵਾਗੂ ਜਮੀਨ ਤੋਂ ਉਪਰ ਹੋ ਕੇ ਨਹੀਂ ਤੁਰਿਆ, ਸਗੋਂ ਜ਼ਮੀਨ ਨਾਲ ਜੁੜਿਆ ਹੋਇਆ ਅਤੇ ਜ਼ਮੀਨ ਤੇ ਚੱਲਣ ਵਾਲਾ ਨੇਕ ਇਨਸਾਨ ਸੀ। ਪੰਜਾਬੀ ਮਾਂ ਬੋਲੀ ਦੇ ਤਾਜ ਨੂੰ ਚਮਕਾਉਣ ਵਾਲੇ ਕੁਲਦੀਪ ਮਾਣਕ ਵਰਗੇ ਹੀਰੇ ਤੋਂ ਬਾਅਦ ਹਾਕਮ ਸੂਫੀ ਵਰਗੇ ਕੋਹਿਨੂਰ ਹੀਰੇ ਦਾ ਤੁਰ ਜਾਣਾ ਸੱਚਮੁੱਚ ਬਹੁਤ ਦੁਖਦਾਈ ਹੋ ਨਿਬੜਿਆ ਹੈ । ਬੜੇ ਵੱਡੇ ਦਿਲ ਵਾਲੇ ਇੱਕ ਵਧੀਆ ਇਨਸਾਨ ਨੂੰ ਦਿਲ ਦੀ ਬਿਮਾਰੀ ਨੇ ਸਾਡੇ ਕੋਲੋਂ ਦੂਰ ਕਰ ਦਿੱਤਾ । ਅੱਜ ਇੱਕ ਦਿਲਦਾਰ ਸੱਜਣ ਉੱਥੇ ਤੁਰ ਗਿਆ ਜਿੱਥੇ ਜਾਣ ਵਾਲੇ ਕਦੇ ਵਾਪਿਸ ਨਹੀਂ ਆਉਂਦੇ। ਇਹ ਫ਼ੱਕਰ ਇਨਸਾਨ ਲੋਕ ਮਨਾਂ ਵਿੱਚ ਆਪਣੇ ਸੱਭਿਆਚਾਰਕ ਗੀਤਾਂ ਅਤੇ ਮਸਤ ਮਲੰਗ ਸੁਭਾਅ ਕਰਕੇ ਹਮੇਸ਼ਾ ਜਿੰਦਾ ਰਹੇਗਾ।
****


No comments: