ਨੌਟਿੰਘਮ ‘ਚ ਨੌਜਵਾਨ ਪੰਜਾਬੀ ਗਜ਼ਲਗੋ ਰਾਜਿੰਦਰਜੀਤ ਦਾ ਸਨਮਾਨ……… ਸਨਮਾਨ ਸਮਾਰੋਹ / ਸੰਤੋਖ ਧਾਲੀਵਾਲ

ਬੀਤੇ ਦਿਨੀਂ ਨੌਟਿੰਘਮ ਪੰਜਾਬੀ ਅਕੈਡਮੀ ਵਲੋਂ ਇੰਡੀਅਨ ਕਮਿਊਨਿਟੀ ਸੈਂਟਰ, ਏਸ਼ੀਅਨ ਆਰਟਸ ਕੌਂਸਲ ਤੇ 50+ ਐਸੋਸੀਏਸ਼ਨ ਦੇ ਸਹਿਯੋਗ ਨਾਲ ਸੈਮੀਨਾਰ ਤੇ ਬਹੁਭਾਸ਼ੀ ਕਵੀ ਦਰਬਾਰ ਆਯੋਜਿਤ ਕੀਤਾ ਗਿਆ।

ਪਹਿਲੇ ਸੈਸ਼ਨ ‘ਚ ‘ਪਰਦੇਸਾਂ ‘ਚ ਪੰਜਾਬੀ ਬੋਲੀ ਦਾ ਭਵਿਖ’ ਵਿਸ਼ੇ ‘ਤੇ ਵਿਚਾਰ ਚਰਚਾ ਕਰਵਾਈ ਗਈ, ਜਿਸ ‘ਚ ਹਾਜ਼ਰ ਲੋਕਾਂ ਨੇ ਇਸ ਬਹੁਤ ਹੀ ਗੰਭੀਰ ਮੁੱਦੇ ਤੇ ਆਪਣੀਆਂ ਸ਼ੰਕਾਵਾਂ ਜ਼ਾਹਿਰ ਕਰਦਿਆਂ ਕਈ ਸਵਾਲ ਉਠਾਏ। ਜਵਾਬ ਦੇਣ ਲਈ ਮੰਚ ‘ਤੇ ਨਵੀਂ ਪੰਜਾਬੀ ਕਵਿਤਾ ਦੇ ਮੂਹਰਲੀ ਕਤਾਰ ਦੇ ਕਵੀ ਤੇ ਬੁੱਧੀਜੀਵੀ ਵਰਿੰਦਰ ਪਰਿਹਾਰ, ਪੰਜਾਬੀ ਭਾਸ਼ਾ ਨੂੰ ਆਪਣੀ ਖੋਜ ਦਾ ਵਿਸ਼ਾ ਬਣਾਉਣ ਵਾਲੇ ਡਾ. ਮੰਗਤ ਰਾਮ ਭਾਰਦਵਾਜ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪ੍ਰਨਾਏ ਯੂਰਪੀਅਨ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਸਰਾਏ ਤੇ ਅੱਧੀ ਸਦੀ ਤੋਂ ਉਪਰ ਲੋਕਾਂ ‘ਚ ਵਿਚਰਨ ਵਾਲੇ ਤੇ ਉਨ੍ਹਾਂ ਦੀਆਂ ਔਕੜਾਂ ਨਾਲ ਨਜਿਠਣ ਵਾਲੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਵਤਾਰ ਜੌਹਲ ਸਟੇਜ ‘ਤੇ ਸਸ਼ੋਭਿਤ ਸਨ। ਇਸ ਭਖਵੀਂ ਤੇ ਗੰਭੀਰ ਵਿਚਾਰ ਚਰਚਾ ਨੂੰ ਪਿਛਲੇ ਪੱਚੀਆਂ ਸਾਲਾਂ ਤੋਂ ਮੀਡੀਆ ਨਾਲ ਜੁੜੇ ਤੇ ਰੇਡੀਓ ਤੋਂ ਹਰ ਰੋਜ਼ ਵਿਚਾਰ ਚਰਚਾ ਦਾ ਪ੍ਰੋਗਰਾਮ ਕਰਨ ਵਾਲੇ ਪੰਜਾਬੀ ਸਾਹਿਤਕਾਰ ਡਾ. ਸਾਥੀ ਲੁਧਿਆਣਵੀ ਨੇ ਸੰਚਾਲਿਤ ਕੀਤਾ। ਇਕ ਇਕ ਕਿਤਾਬ ਤੇ ਤਿੰਨ ਤਿੰਨ ਪਰਚੇ ਪੜ੍ਹਾ ਕੇ ਆਪਣੀ ਬੱਲੇ ਬੱਲੇ ਕਰਵਾਉਣ ਦੀ ਬਜਾਏ ਇਹ ਇਕ ਨਵਾਂ ਤਜ਼ਰਬਾ ਸੀ, ਜਿਸਨੂੰ ਹਰ ਇਕ ਨੇ ਸਲਾਹਿਆ ਤੇ ਸਾਥੀ ਲੁਧਿਆਣਵੀ ਦੀ ਸ਼ਖਸੀਅਤ ਤੇ ਇਹੋ ਜਿਹੀਆਂ ਚਰਚਾਵਾਂ ਨੂੰ ਸੰਚਾਲਿਤ ਕਰਨ ਦੀ ਉਸਦੀ ਕਾਬਲੀਅਤ ਨੇ ਹੋਰ ਵੀ ਬਹੁ-ਚਰਚਿਤ ਤੇ ਸਾਰਥਿਕ ਬਣਾ ਦਿੱਤਾ।

ਦੂਜੇ ਸੈਸ਼ਨ ‘ਚ ਕਵੀ ਦਰਬਾਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸੰਤੋਖ ਧਾਲੀਵਾਲ ਨੇ ‘ਕਾਲਵਿੰਦਰਜੀਤ ਧਾਲੀਵਾਲ ਯਾਦਗਾਰੀ ਟਰੱਸਟ’ ਦੀ ਸਥਾਪਨਾ ਬਾਰੇ ਵਿਸਥਾਰ ‘ਚ ਦੱਸਿਆ ਕਿ ਇਹ ਟਰੱਸਟ ਕਸ਼ਮੀਰਾ ਸਿੰਘ ਧਾਲੀਵਾਲ ਦੇ ਪਰਿਵਾਰ ਨੇ ਆਪਣੇ ਜੁਆਨ ਪੁੱਤ ਕਾਲਵਿੰਦਰਜੀਤ ਦੀ ਯਾਦ ਨੂੰ ਸੁਰਜੀਤ ਰੱਖਣ ਲਈ ਸਥਾਪਿਤ ਕੀਤਾ ਹੈ, ਜੋ ਚੜ੍ਹਦੀ ਉਮਰੇ ਪਰਿਵਾਰ ਨੂੰ ਛੱਡ ਕੇ ਉਨ੍ਹੀਂ ਰਾਹੀਂ ਤੁਰ ਗਿਆ, ਜਿੱਥੋਂ ਕਦੇ ਕੋਈ ਮੁੜਕੇ ਨਹੀਂ ਆਇਆ। ਇਹ ਟਰੱਸਟ ਹਰ ਸਾਲ ਇਕ ਪੰਜਾਬੀ ਨੌਜਵਾਨ ਜਿਸਨੇ ਆਪਣੇ ਖੇਤਰ ’ਚ ਸਿਖਰਾਂ ਤੇ ਪੰਹੁਚਣ ਲਈ ਵੱਡੀਆਂ ਪੁਲਾਂਘਾਂ ਪੱਟੀਆਂ ਹੋਣ, ਨੂੰ 1000 ਪੌਂਡ ਦੀ ਰਾਸ਼ੀ ਤੇ ਇੱਕ ਯਾਦਗਾਰੀ ਸ਼ੀਲਡ ਨਾਲ ਸਨਮਾਨਿਤ ਕਰਿਆ ਕਰੇਗਾ। ਇਹ ਅਥਾਹ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ 2012 ਦਾ ਇਹ ਪਹਿਲਾ ਐਵਾਰਡ ਪੰਜਾਬੀ ਗਜ਼ਲ ‘ਚ ਨਵੀਆਂ ਪੈੜਾਂ ਉਲੀਕਣ ਵਾਲੇ ਨੌਜਵਾਨ ਸ਼ਾਇਰ ਰਾਜਿੰਦਰਜੀਤ ਨੂੰ ਦਿੱਤਾ ਜਾ ਰਿਹਾ ਹੈ । ਰਾਜਿੰਦਰਜੀਤ ਨੇ ਥੋਹੜੇ ਹੀ ਸਮੇਂ ‘ਚ ਪੰਜਾਬੀ ਗ਼ਜ਼ਲ ਰਚਣ ਵਾਲਿਆਂ ‘ਚ ਆਪਣੀ ਵੱਖਰੀ ਦਿੱਖ ਬਣਾ ਲਈ ਹੈ। ਇਹ ਪਹਿਲਾ ਐਵਾਰਡ ਕਾਲਵਿੰਦਰਜੀਤ ਦੀ ਮਾਂ ਸਰਦਾਰਨੀ ਮਨਜੀਤ ਕੌਰ ਨੇ ਸਿੱਲ੍ਹੀਆਂ ਅੱਖਾਂ ਨਾਲ ਰਾਜਿੰਦਰਜੀਤ ਨੂੰ ਦਿੰਦਿਆਂ ਉਸ ‘ਚੋਂ ਆਪਣੇ ਜੁਆਨ ਬੇਟੇ ਕਾਲਵਿੰਦਰਜੀਤ ਦੀ ਝਲਕ ਮਹਿਸੂਸ ਕਰਦਿਆਂ ਉਸਨੂੰ ਆਪਣੇ ਕਲਾਵੇ ‘ਚ ਘੁੱਟ ਕੇ ਆਸ਼ੀਰਵਾਦ ਦਿੱਤਾ।

ਕਵੀ ਦਰਬਾਰ ਦੀ ਸ਼ੁਰੂਆਤ ਦੇਵਿੰਦਰ ਕੌਰ ਨੇ ਨਿਰੰਜਣ ਸਿੰਘ ਨੂਰ ਦੀ ਗਜ਼ਲ, ‘ਮੈਂ ਆਪਣੀ ਭਾਲ ਵਿਚ ਤੁਰਿਆ ਹਾਂ ਤੇ ਸ਼ਾਇਦ ਪਰਤ ਹੀ ਆਵਾਂ ਤੂੰ ਦੀਵਾ ਬਾਲ ਕੇ ਰੱਖੀਂ’ ਗਾ ਕੇ ਕੀਤੀ। ਸਟੇਜ ਤੇ ਪ੍ਰਧਾਨਗੀ ਮੰਡਲ ’ਚ ਦੇਵਿੰਦਰ ਕੌਰ, ਇੰਡੀਆ ਤੋਂ ਆਏ ਮਸ਼ਹੂਰ ਪੱਤਰਕਾਰ ਸ਼ਾਮ ਸਿੰਘ ਅੰਗ ਸੰਗ, ਅਰਕਮਲ ਕੌਰ ਐਡੀਟਰ ਪੰਜਾਬੀ ਮੈਗਜ਼ੀਨ ‘ਸਰੂ’, ਕੁਲਵੰਤ ਢਿੱਲੋਂ ਤੇ ਸੁਖਦੇਵ ਸਿੰਘ ਬਾਂਸਲ ਬਿਰਾਜਮਾਨ ਸਨ।ਦਲਵੀਰ ਕੌਰ ਪੰਜਾਬੀ ਦੀ ਬਹੁ ਚਰਚਿਤ ਕਾਵਿਤਰੀ ਕੁਝ ਮਜਬੂਰੀਆਂ ਕਾਰਨ ਆ ਨਾ ਸਕੀ ਪਰ ਪ੍ਰਧਾਨਗੀ ਮੰਡਲ ’ਚ ਉਸਦੀ ਕੁਰਸੀ ਉਸਨੂੰ ਸਾਰਾ ਸਮਾਂ ਉਡੀਕਦੀ ਰਹੀ। ਵਲੈਤ ਦੇ ਦੂਰ-ਦੁਰਾਡੇ ਸ਼ਹਿਰਾਂ ਤੋਂ ਆਏ ਕਵੀਆਂ ਨੇ ਆਪਣੀਆਂ ਨਵੀਆਂ ਨਜ਼ਮਾਂ ਸੁਣਾਈਆਂ। ਜਿਨ੍ਹਾਂ ਕਵੀਆਂ ਨੇ ਕਵੀ ਦਰਬਾਰ ’ਚ ਭਾਗ ਲਿਆ, ਉਹ ਹਨ: ਦੇਵਿੰਦਰ ਕੌਰ, ਵਰਿੰਦਰ ਪਰਿਹਾਰ, ਸਾਥੀ ਲੁਧਿਆਣਵੀ, ਸੁਰਿੰਦਰ ਸੀਹਰਾ, ਕ੍ਰਿਪਾਲ ਪੂਨੀ, ਦੇਵਿੰਦਰ ਨੌਰਾ, ਸੁਰਿੰਦਰਪਾਲ, ਸੰਤੋਖ ਹੇਅਰ, ਕੁਲਦੀਪ ਬਾਂਸਲ, ਰਤਨ ਰੀਹਲ, ਉਂਕਾਰ ਸਿੰਘ, ਹਰਜਿੰਦਰ ਸੰਧੂ, ਸੁਰਿੰਦਰ ਰਾਏ, ਮਕਸੂਦ ਅਹਿਮਦ,ਸ਼ਾਮ ਸਿੰਘ ਅੰਗ ਸੰਗ। ਸਾਰੇ ਕਵੀਆਂ ਦੇ ਭੁਗਤਣ ਤੋਂ ਬਾਅਦ ਮੋਹਣ ਸਿੰਘ ਕੁਕੜਪਿੰਡੀਏ ਦਾ ਨਵਾਂ ਨਾਵਲ ‘ਗੋਰਿਆਂ ਦਾ ਦੇਸ਼’ ਕਸ਼ਮੀਰਾ ਸਿੰਘ ਧਾਲੀਵਾਲ, ਵਰਿੰਦਰ ਪਰਿਹਾਰ, ਮੋਤਾ ਸਿੰਘ ਸਰਾਏ ਨੇ ਪ੍ਰਧਾਨਗੀ ਮੰਡਲ ’ਚ ਸ਼ਾਮਿਲ ਹੁੰਦਿਆਂ ਰਿਲੀਜ਼ ਕੀਤਾ। ਕੁਕੜਪਿੰਡੀਏ ਨੇ ਆਪਣੇ ਪ੍ਰਕਾਸ਼ਨ ਬਾਰੇ ਦਸਿਆ, ਜਿਹੜਾ ਉਸਨੇ ਹੁਣੇ ਹੁਣੇ ਹੀ ਜਲੰਧਰ ’ਚ ਪੰਜਾਬ ਦੇ ਪਬਲਿਸ਼ਰਾਂ ਦੀ ਪ੍ਰਵਾਸੀ ਸਾਹਿਤਕਾਰਾਂ ਦੀ ਅੰਨ੍ਹੀ ਲੁੱਟ ਨੂੰ ਠੱਲ ਪਾਉਣ ਲਈ ਹੀ ਸ਼ੁਰੂ ਕੀਤਾ ਹੈ ਤੇ ਉਸਨੇ ਵਲੈਤੀ ਸਾਹਿਤਕਾਰਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੀਆਂ ਰਚਨਾਵਾਂ ਉਸਦੇ ਪ੍ਰਕਾਸ਼ਨ ਤੋਂ ਛਪਵਾਉਣ ਜਿਸਤੇ ਉਨ੍ਹਾਂ ਦਾ ਕੋਈ ਖਰਚਾ ਨਹੀਂ ਹੋਵੇਗਾ। ਇਸ ਤੋਂ ਮਗਰੋਂ ਸੰਤੋਖ ਧਾਲੀਵਾਲ ਨੇ ਮਾਈਕ ਰਾਜਿੰਦਰਜੀਤ ਨੂੰ ਸੰਭਾਲਿਆ ਤੇ ਉਸਨੇ ਆਪਣੀਆਂ ਖ਼ੂਬਸੂਰਤ ਗਜ਼ਲਾਂ ਗਾ ਕੇ ਸਰੋਤਿਆਂ ਨੂੰ ਅੱਧੇ ਘੰਟੇ ਲਈ ਕੀਲੀ ਰੱਖਿਆ। ਸੰਤੋਖ ਧਾਲੀਵਾਲ ਨੇ ਕਸ਼ਮੀਰਾ ਸਿੰਘ ਤੇ ਉਸਦੇ ਪਰਿਵਾਰ ਵਲੋਂ ਆਪਣੇ ਰੈਡ ਹੌਟ ਰੈਸਟੋਰੈਂਟ ਚੋਂ ਲਿਆਂਦੇ ਖਾਣੇ ਦੀ ਤੇ ਇਹ ਟਰੱਸਟ ਬਣਾ ਕੇ ਪੰਜਾਬੀ ਨੌਜਵਾਨਾਂ ’ਚ ਨਵੀਂ ਤੇ ਨਵੇਕਲੀ ਪਹਿਚਾਨ ਬਣਾਉਣ ਲਈ ਉਤਸ਼ਾਹ ਤੇ ਕੁਝ ਸਾਰਥਕ ਕਰਨ ਦੀ ਰੀਝ ਨੂੰ ਹਲੂਣਾ ਦੇਣ ਤੇ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹਾਜ਼ਰ ਲੋਕਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਏਡਾ ਨਿੱਠ ਕੇ ਹੋਇਆ ਕਿ 6 ਵਜੇ ਦੀ ਥਾਂ ਮਸਾਂ 7 ਵਜੇ ਖ਼ਤਮ ਹੋਇਆ। ਅੰਤ ’ਚ ਸਾਰੇ ਆਏ ਕਵੀਆਂ ਤੇ ਨੌਟਿੰਘਮ ਦੇ ਲੋਕਾਂ ਨੇ ਰਲ ਕੇ ਰਾਵਿੰਦਰ ਦੇ ਵਧੀਆ ਖਾਣੇ ਦਾ ਅਨੰਦ ਮਾਣਿਆ ਤੇ ਰੁਖਸਤੀ ਲਈ।

****

No comments: