ਜ਼ੁਬਾਨ.......... ਕਹਾਣੀ / ਤਰਸੇਮ ਬਸ਼ਰ

     ਇਹ ਤਕਰੀਬਨ ਓਹੀ ਸਮਾਂ ਸੀ ਜਦੋਂ ਮੈਂ ਮੋਟਰਸਾਇਕਲ ਤੇ ਜਾਂਦਿਆਂ ਬੀਵੀ ਨਾਲ ਹੋਈ ਵਾਰਤਾਲਾਪ ਦਰਅਸਲ ਬਹਿਸ ਦੇ ਬਾਰੇ ਸੋਚ ਰਿਹਾ ਸੀ ।
 ਮੁੱਦਾ ਉਸ ਦਾ ਕਿਸੇ ਵੀ ਵਿਸ਼ੇ ਤੇ ਬਹੁਤ ਘੱਟ ਬੋਲਣਾ ਸੀ ।
     ਮੈਂ ਕਿਹਾ ਸੀ ,''ਬੰਦੇ ਨੂੰ ਜ਼ੂਬਾਨ ਇਸੇ ਵਾਸਤੇ ਦਿੱਤੀ ਐ ਰੱਬ ਨੇ ਕਿ ਉਹ ਆਪਣੇ ਖ਼ਿਆਲ ਪ੍ਰਗਟ ਕਰ ਸਕੇ , ਹਸਤੀ ਸਾਬਤ ਕਰ ਸਕੇ ।''
     ਤੇ ਉਹਦਾ ਕਹਿਣਾ ਸੀ ਕਿ ਹਰ ਭਾਵਨਾ ਬੋਲ ਕੇ ਹੀ ਕਹੀ ਜਾਵੇ , ਇਹਦੇ ਵਾਸਤੇ ਸਾਹਮਣੇ ਵਾਲਾ ਵੀ ਦੋਸ਼ੀ ਐ... ਹਰ ਭਾਵਨਾ ਤੇ ਭਾਸ਼ਣ ਦਿੱਤਾ ਜਾਵੇ ਥੋਡੇ ਵਾਂਗੂੰ ਇਹ ਜਰੂਰੀ ਨਹੀਂ ।
       ਮੈਂ ਸੋਚਾਂ ਦੀ ਤਾਣੀ ਬਾਣੀ 'ਚ ਉਲਝਿਆ ਆਪਣੀ ਰਫ਼ਤਾਰ ਨਾਲ ਜਾ ਰਿਹਾ ਸੀ । ਇਸੇ ਸਮੇਂ ਹੀ ਮੇਰੀ ਨਿਗਾਹ ਉਸ ਮੁੰਡੇ ਤੇ ਪਈ ਸੀ, ਲੰਮਾ ਕੱਦ, ਬਿਖਰੇ ਵਾਲ, ਬੇਤਰਤੀਬੇ ਕੱਪੜੇ  ਤੇ 17-18 ਸਾਲਾਂ, ਅੱਧੇ ਖੁਲ੍ਹੇ ਮੂੰਹ ਵਾਲੇ ਚਿਹਰੇ ਤੇ ਛਾਏ ਗਹਿਰੇ ਭੋਲੇਪਣ ਨੇ ਮੈਨੂੰ ਆਕਰਸਿ਼ਤ ਕਰ ਲਿਆ ਸੀ । ਉਹ ਸੜਕ ਤੇ ਦੂਜੇ ਪਾਸੇ ਖੜ੍ਹਾ ਆਉਂਦੇ ਜਾਂਦੇ ਸਵਾਰੀਆਂ ਨੂੰ ਲਿਫਟ ਵਾਸਤੇ ਹੱਥ ਦੇ ਰਿਹਾ ਸੀ । ਮੈਂ ਭਾਵੇਂ ਉਸ ਨੂੰ ਗਹੁ ਨਾਲ ਤੱਕਿਆ ਪਰ ਅੱਗੇ ਨਿਕਲ ਗਿਆ, ਮੈਂ ਦਵਾਈ ਲੈਣੀ ਸੀ । ਮੈਂ ਵਾਪਸ ਆਇਆ ਤਾਂ ਵੀ ਖ਼ਿਆਲਾਂ ਵਿੱਚ ਗੁੰਮ ਸੀ... ਅਚਾਨਕ ਮੈਨੂੰ ਖਿਆਲ ਆਇਆ ਖੁਲ੍ਹੇ ਮੂੰਹ ਵਾਲਾ ਚਿਹਰਾ ਹੁਣੇ ਹੀ ਕੋਲੋ ਲੰਘਿਆ ਹੈ । ਮੈਂ ਪਿੱਛੇ ਮੁੜ ਕੇ ਦੇਖਿਆ  ਓਹ ਹਾਲੇ ਵੀ ਖੜ੍ਹਾ ਸੀ, ਹਰ ਇੱਕ ਨੂੰ ਹੱਥ ਦੇ ਰਿਹਾ ਸੀ । ਸ਼ਾਇਦ ਉਸ ਨੇ ਹੱਥ ਮੈਨੂੰ ਵੀ ਦਿੱਤਾ ਸੀ ਪਰ ਮੈਨੂੰ ਪਤਾ ਹੀ ਨਈ ਲੱਗਾ ਸੀ... ਮੈਂ ਵਾਪਸ ਮੁੜ ਕੇ ਉਹਦੇ ਕੋਲ ਪਹੁੰਚ ਗਿਆ ।
“ਕਿੱਥੇ ਜਾਣੈ?”
“ਟੇਸ਼ਨ ਤੇ ਬਾਈ...”
ਬਿਨਾਂ ਪੁੱਛਣ ਤੋਂ ਉਹ ਪਿੱਛੇ ਬੈਠ ਚੁੱਕਿਆ ਸੀ
“ਅੱਗੇ ਕਿੱਥੇ ਜਾਣੈ '' ਮੈਂ ਕਿਹਾ ਸੀ
“ਬਾਈ ਗੋਨਿਆਣੇ ਜਾਣੈ, ਮੇਰੇ ਨਾਲ ਦਾ ਅੱਜ ਆਇਆ ਨਈ, ਬੀਬੀ ਫਿਕਰ ਕਰਦੀ ਹੋਊ... ਪੰਜ ਮਿੰਟ ਰਹਿ ਗਏ ਐ ਗੱਡੀ ਚੱਲਣ 'ਚ...”
“ਤੂੰ ਟੈਂਪੂ 'ਚ ਬਹਿ ਜਾਣਾ ਸੀ”
“ਪੈਸੇ ਹੈਨੀ ਬਾਈ”
ਮੈਂ ਕੁਛ ਪਲ ਲਈ ਚੁੱਪ ਹੋ ਗਿਆ ਸੀ, ਉਸਦੇ ਨਿਰਛਲ ਜਵਾਬ ਤੇ ਮਾਸੂਮ ਮਨੋਭਾਵ ਨੇ ਮੇਰੇ ਦਿਲ ਵਿੱਚ ਹਲਚਲ ਪੈਦਾ ਕਰ ਦਿੱਤੀ ਸੀ । ਮੇਰੇ ਅੰਦਰ ਇਕਦਮ ਵੈਰਾਗ ਪਤਾ ਨਈਂ ਕਿੱਥੋਂ ਆ ਗਿਆ ਸੀ ਪਰ ਮੈਂ  ਫਿਰ ਪੁੱਛ ਲਿਆ
“ਇੱਥੇ ਕੀ ਕਰਦਾ ਹੁੰਨੈ”
“ਕੱਪੜੇ ਦੀ ਦੁਕਾਨ ਤੇ ਲੱਗਿਆ ਆਂ 2500 ਰੁਪਈਏ ਮਿਲਦੈ ਆ ਮਹੀਨੇ ਦੇ...”
ਇਸ ਤੋਂ ਬਾਅਦ ਨਾ ਉਹ ਬੋਲਿਆ ਤੇ ਨਾ ਮੈਂ । ਸਟੇਸ਼ਨ ਆ ਗਿਆ ਤਾਂ ਮੈਂ ਕਿਹਾ, “20 ਰੁਪਈਏ ਲੈਣੇ ਐ... ਦੇਵਾਂ ?”
“ਦੇ... ਦੇ...”
ਮੈਂ ਉਸਨੂੰ ਪੈਸੇ ਦੇ ਦਿੱਤੇ, ਉਸਨੇ ਮੈਥੋਂ ਪੈਸੇ ਫੜ੍ਹੇ ਤੇ ਅਜੀਬ ਜਿਹੀਆਂ ਨਜ਼ਰਾਂ ਨਾਲ ਮੈਨੂੰ ਤੱਕਿਆ ਤੇ ਬਿਨਾਂ ਕੁਝ ਬੋਲੇ ਚਲਾ ਗਿਆ। ਮੈਨੂੰ ਉਸ ਤੇ ਬੜੀ ਖਿਝ ਆਈ, ਨਾ ਧੰਨਵਾਦ, ਨਾ ਸ਼ੁਕਰੀਆ... । ਅਜੀਬ ਬੇਤੁਕੀ ਦੁਨੀਆਂ ਹੈ ਇਹ ।
    ਮੈਂ ਮੋਟਰਸਾਇਕਲ ਮੋੜਨ ਹੀ ਲੱਗਿਆ ਸੀ ਕਿ ਮੈਂ ਸਾਹਮਣੇ ਦੇਖਿਆ, ਉਹ ਖੁੱਲ੍ਹੇ ਮੂੰਹ ਵਾਲਾ ਮੁੰਡਾ ਸਟੇਸ਼ਨ ਦੀਆਂ ਪੌੜੀਆਂ ‘ਤੇ ਖੜ੍ਹਾ ਟਕ ਟਕੀ ਲਗਾ ਕੇ ਮੈਨੂੰ ਦੇਖ ਰਿਹਾ ਸੀ । ਪੌੜੀਆਂ 'ਚ ਭੀੜ ਸੀ, ਦਰਜਨਾਂ ਇਨਸਾਨ ਸਨ ਤੇ ਸੈਂਕੜੇ ਅੱਖਾਂ ਸਨ ਪਰ ਉਹ ਦੋ ਅੱਖਾਂ ਸਨ ਜੋ ਸਭ ਤੋਂ ਅੱਡ ਚਮਕ ਰਹੀਆਂ ਸਨ । ਜਿੰਨਾਂ ਦੀ ਜੁਬਾਨ ਸੀ ਤੇ ਇਸ ਖਾਮੋਸ਼ ਜ਼ੂਬਾਨ ਦੀ ਮੈਨੂੰ ਸਮਝ ਵੀ ਆ ਰਹੀ ਸੀ ਪਰ ਮੈਂ ਥੋੜਾ ਪ੍ਰੇਸ਼ਾਨ ਸੀ ਕਿ ਇਸਦੀ ਗੱਡੀ ਨਾ ਨਿਕਲ ਜਾਵੇ...।

****

No comments: