ਕਾਮਰੇਡ ਹਰਦੀਪ ਦੂਹੜਾ ਤੈਨੂੰ ਲਾਲ ਸਲਾਮ........... ਅਭੁੱਲ ਯਾਦਾਂ / ਜੋਗਿੰਦਰ ਬਾਠ, ਹਾਲੈਂਡ


ਕੁਝ ਲੋਕ ਤੁਹਾਡੀ ਜਿੰਦਗੀ ਵਿੱਚ ਹਾੜ ਦੀ ਹਨੇਰੀ ਵਾਂਗ ਆਉਂਦੇ ਹਨ ਤੇ ਬਿਨਾਂ ਖੜਾਕ ਕੀਤਿਆਂ ਤੁਰ ਜਾਂਦੇ ਹਨ। ਤੁਹਾਨੂੰ ਪਤਾ ਵੀ ਨਹੀਂ ਲੱਗਦਾ ਤੁਸੀਂ ਹੁਣ ਕੀ ਕਰੋ ? ਉਹਨਾਂ ਨੂੰ ਯਾਦ ਕਰੋ, ਰੋਵੋ ਜਾਂ ਭੁੱਲ ਜਾਵੋ ? ਇਸੇ ਤਰਾਂ ਦਾ ਸੀ ਸਾਡਾ ਆੜੀ ਹਰਦੀਪ ਦੂਹੜਾ। ਹਰਦੀਪ ਨੂੰ ਮੈਂ ਪਹਿਲੀ ਵਾਰ ਸੰਨ 2001 ਵਿੱਚ ਸਾਡੇ ਜਰਮਨ ਤੋਂ ਗਏ ਦੋਸਤ ਰਘਬੀਰ ਸੰਧਾਂਵਾਲੀਆ ਦੇ ਘਰ ਵੇਖਿਆ ਸੀ। ਅਸੀਂ ਸਾਰਾ ਪਰਵਾਰ ਉਸ ਸਮਂੇ ਪੰਜਾਬੀ ਲੇਖਕ ਕੇ. ਸੀ. ਮੋਹਨ ਦੇ ਘਰ ਠਹਿਰੇ ਹੋਏ ਸਾਂ। ਸੰਧਾਂਵਾਲੀਆ ਪਰਿਵਾਰ ਰਘਬੀਰ ਅਤੇ ਪਰਮਜੀਤ ਨੇ ਸਾਨੂੰ ਸ਼ਾਮ ਦੀ ਰੋਟੀ ‘ਤੇ ਬੁਲਾਇਆ ਸੀ। ਅਸੀਂ ਸਾਰੇ ਅਪਣੇ ਰਵਾਇਤੀ ਮੂੜ ਵਿੱਚ ਬੀਅਰ ਦੇ ਡੱਬੇ ਖੋਹਲੀ ਚੁਟਕਲੇ ਤੇ ਚੁਟਕਲਾ ਸੁੱਟੀ ਆਉਂਦੇ ਸਾਂ। ਰਘਬੀਰ ਦੇ ਘਰ ਦੀ ਫਿਜ਼ਾ ਵਿੱਚ ਰਿੱਝਦੇ ਪਕਵਾਨਾਂ ਦੀ ਮਹਿਕ ਨਾਲ ਹਾਸਿਆਂ ਦਾ ਰਿਦਮ ਇੱਕ ਮਿੱਕ ਹੋਇਆ ਪਿਆ ਸੀ। ਅਚਾਨਕ ਘੰਟੀ ਵੱਜੀ ਰਘਬੀਰ ਨੇ ਦਰਵਾਜ਼ਾ ਖੋਹਲਿਆ, ਉਸ ਦੇ ਨਾਲ ਇੱਕ ਪਤਲਾ ਛੀਂਟਕਾ ਤੇ ਪਹਿਰਾਵੇ ਵਲੋਂ ਚੁਸਤ ਧੁੱਪ ਨਾਲ ਪੱਕੇ ਰੰਗ ਵਾਲਾ ਬੰਦਾ ਇੱਕ ਛੋਟਾ ਜਿਹਾ ਬੈਗ ਫੜੀ ਦਾਖਲ ਹੋਇਆ। ਸਾਰਿਆ ਦੇ ਹਾਸੇ ਨੂੰ ਬਰੇਕ ਲੱਗ ਗਈ। ਕੇ. ਸੀ. ਮੋਹਨ ਨੇ ਆਏ ਬੰਦੇ ਦੀ ਮੇਰੇ ਨਾਲ ਜਾਣ ਪਹਿਚਾਣ ਕਰਵਾਈ। ਇਹ ਕਾਮਰੇਡ ਹਰਦੀਪ ਦੂਹੜਾ ਸੀ। ਅਸੀਂ ਬੜੇ ਚਾਅ ਨਾਲ ਹੱਥ ਮਿਲਾਏ ਤੇ ਇੱਕ ਡੱਬਾ ਬੀਅਰ ਦਾ ਦੂਹੜਾ ਸਾਹਿਬ ਲਈ ਵੀ ਆ ਗਿਆ। ਮਹਿਫਲ ਹੁਣ ਥੋੜੀ ਜਿਹੀ ਗੰਭੀਰ ਹੋ ਗਈ ਸੀ ਤੇ ਹੁਣ ਇੱਕ ਸ਼ਬਦ ਕਾਮਰੇਡ ਵੀ ਸਾਡੀ ਗੱਲਬਾਤ ਵਿੱਚ ਆ ਰਲਿਆ ਸੀ। ਹਰਦੀਪ ਜਦ ਵੀ ਕਿਸੇ ਨੂੰ ਸੰਬੋਧਿਤ ਹੁੰਦਾ ਹਮੇਸ਼ਾ ਉਸ ਨੂੰ ਕਾਮਰੇਡ ਕਹਿ ਕੇ ਬੁਲਾਉਂਦਾ। ਇੰਨੇ ਨੂੰ ਰਘਬੀਰ ਦੇ ਘਰ ਦੇ ਸਾਹਮਣੇ ਰਹਿੰਦੀ ਮਸ਼ਹੂਰ ਵਿਅੰਗ ਲੇਖਕ ਸ਼ੇਰ ਜੰਗ ਜਾਂਗਲੀ ਦੀ ਜੀਵਨ ਸਾਥਣ ਰਾਣੋ ਵੀ ਕੁਝ ਖਾਣਾ ਆਪਣੇ ਘਰੋਂ ਬਣਾ ਕੇ ਲਿਆਂਦੀ ਪੋਟਲੀ ਨੂੰ ਕਿਚਨ ਦੀ ਸੈਂਕ ਤੇ ਰੱਖ, ਸਾਡੀ ਇਸ ਪਰਿਵਾਰਕ ਮਹਿਫਲ ਵਿੱਚ ਆ ਰਲੀ ਸੀ।

ਹਰਦੀਪ ਦੂਹੜੇ ਬਾਰੇ ਮੈਂ ਕੇ. ਸੀ. ਮੋਹਨ ਦੇ ਪਰਚੇ ਪੰਜਾਬੀ ਦਰਪਣ ਵਿੱਚ ਆਮ ਹੀ ਕੁਝ ਨਾ ਕੁਝ ਪੜ੍ਹਦਾ ਰਹਿੰਦਾ ਸਾਂ। ਅੱਤਵਾਦ ਦੇ ਭੈੜੈ ਸਮੇਂ ਨੂੰ ਸਾਊਥਾਲ ਨੇ ਵੀ ਆਪਣੇ ਪਿੰਡੇ ‘ਤੇ ਹੰਢਾਇਆ ਸੀ ਤੇ ਕਾਮਰੇਡ ਹਰਦੀਪ ਦੂਹੜੇ ਦੇ ਭਾਰਤੀ ਮੂੁਲ ਦੇ ਲੋਕਾਂ ਦੇ ਚਹੇਤੇ ਲੀਡਰ ਇੰਗਲੈਂਡ ਵਿੱਚ ਰਹਿੰਦੇ ਖੱਬੇਪੱਖੀ ਬਜੁਰਗ ਸਾਥੀ ਵਿਸ਼ਨੂੰ ਦੱਤ ਸ਼ਰਮਾਂ ਨਾਲ ਮਿਲ ਕੇ ਭਾਈਚਾਰਕ ਸਾਂਝ ਨੂੰ ਲਗਾਤਾਰ ਪੀਢਿਆਂ ਕਰਨ ਦੇ ਯਤਨਾ ਦੇ ਕਿੱਸੇ ਵੀ ਲਗਾਤਾਰ ‘ਪੰਜਾਬੀ ਦਰਪਣ’ ਵਿੱਚ ਛਪਦੇ ਰਹਿੰਦੇ ਸਨ। ਹਿੰਦੋਸਤਾਨ ਤੋਂ ਚਲੇ ਸੀ ਪੀ ਆਈ ਦੇ ਰਾਸ਼ਟਰੀ ਲੀਡਰਾਂ ਦੇ ਉਤਾਰੇ ਵੀ ਕਾਮਰੇਡ ਹਰਦੀਪ ਦੂਹੜੇ ਦੇ ਘਰ ਹੀ ਹੁੰਦੇ ਸਨ। ਜਿੰਨ੍ਹਾਂ ਵਿੱਚ ਕਾਮਰੇਡ ਏ ਕੇ ਬਰਧਨ, ਇੰਦਰਜੀਤ ਗੁਪਤਾ, ਪਿਆਰਾ ਸਿੰਘ ਦਿਉਸੀ, ਅਵਤਾਰ ਸਿੰਘ ਮਲਹੋਤਰਾ, ਜਗਜੀਤ ਸਿੰਘ ਆਨੰਦ ਵਰਗੇ ਵੱਡੇ ਨਾਮਣੇ ਵਾਲੇ ਲੀਡਰ ਸਨ। ਉਨ੍ਹਾਂ ਦੀਆਂ ਮੁਲਾਕਾਤਾਂ ਅਤੇ ਬਿਆਨਾਂ ਦੇ ਨਾਲ ਹਰਦੀਪ ਦੂਹੜੇ ਦਾ ਜਿ਼ਕਰ ਵੀ ਸਾਊਥਾਲ ਦੀਆਂ ਅਖਬਾਰਾਂ ਵਿੱਚ ਆਮ ਹੀ ਪੜ੍ਹਣ ਨੂੰ ਮਿਲਦਾ ਸੀ। ਇਸ ਕਰਕੇ ਕਾਮਰੇਡ ਦੂਹੜੇ ਦੇ ਕੰਮਾਂ ਅਤੇ ਨਾਂ ਤੋਂ ਮਂੈ ਪਹਿਲਾਂ ਵੀ ਜਾਣੂ ਸਾਂ ਤੇ ਅੱਜ ਉਸ ਨੂੰ ਮਿਲਣ ਦਾ ਸਬੱਬ ਬਣਿਆ ਸੀ। ਹਰਦੀਪ ਛੇਤੀ ਹੀ ਸਾਨੂੰ ਪਰਿਵਾਰ ਸਮੇਤ ਘਰ ਆਉਣ ਦਾ ਸੱਦਾ ਦੇ ਕੇ ਬੜੀ ਗਰਮਜੋਸ਼ੀ ਨਾਲ ਹੱਥ ਮਿਲਾ ਮੁਆਫ਼ੀ ਮੰਗ ਕੇ ਚਲਾ ਗਿਆ, ਸ਼ਾਇਦ ਕਿਸੇ ਮੀਟਿੰਗ ਵਿੱਚ ਜਾਣਾ ਸੀ । ਮੈਨੂੰ ਬਾਦ ਵਿੱਚ ਪਤਾ ਚੱਲਿਆ ਕਾਮਰੇਡ ਹਰਦੀਪ ਦੂਹੜਾ ਸੰਧਾਵਾਲੀਆ ਪਰਿਵਾਰ ਦਾ ਹਮਸਾਇਆ ਗਵਾਂਢੀ ਹੈ ।

ਫਿਰ ਕਦੀ ਕਈ ਸਾਲ ਕਾਮਰੇਡ ਹਰਦੀਪ ਦੂਹੜੇ ਨਾਲ ਮੁਲਾਕਾਤ ਨਾ ਹੋਈ। 2006 ਵਿੱਚ ਸਾਡੇ ਜਰਮਨੀ ਵਸਦੇ ਮਿੱਤਰ ਵਿਸਾਖਾ ਸਿੰਘ ਦੀ ਲੜਕੀ ਕਮਲਜੀਤ ਦੇ ਵਿਆਹ ਤੇ ਦੁਬਾਰਾ ਮਿਲਣ ਦਾ ਮੌਕਾ ਮਿਲਿਆ। ਇਸ ਵਿਆਹ ਤੇ ਇੰਗਲੈਂਡ, ਅਮਰੀਕਾ, ਹੌਲੈਂਡ ਤੇ ਹੋਰ ਬਹੁਤ ਸਾਰੇ ਦੇਸ਼ਾਂ ਵਿੱਚੋਂ ਲੇਖਕਾਂ, ਮਿੱਤਰਾਂ ਦਾ ਵੱਡਾ ਇੱਕਠ ਸੀ। ਕਿਉਂਕਿ ਇਹ ਇੱਕ ਅੰਤਰਜਾਤੀ ਤੇ ਆਏ ਹੋਏ ਪ੍ਰਾਹੁਣਿਆਂ ਦੇ ਹਿਸਾਬ ਨਾਲ ਅੰਤਰਰਾਸ਼ਟਰੀ ਵਿਆਹ ਸੀ । ਜੇ ਗੱਲ ਝੂਠ ਨਾ ਹੋਏ ਤਾਂ ਤਕਰੀਬਨ 30 ਮੁਲਕਾਂ ਦੇ ਮਹਿਮਾਨਾਂ ਨੇ ਇਸ ਵਿਆਹ ਵਿੱਚ ਹਾਜ਼ਰੀ ਲਵਾਈ ਸੀ। ਇਥੇ ਕਾਮਰੇਡ ਹਰਦੀਪ ਦੂਹੜਾ ਅਤੇ ਪਤਨੀ ਜਸਬੀਰ ਵੀ ਪਹੁੰਚੇ ਸਨ। ਮੇਰਾ ਮਰਾਸੀਆਂ ਵਰਗਾ ਸੁਭਾ ਹੋਣ ਕਰਕੇ ਮਿੱਤਰ ਵਿਸਾਖਾ ਸਿੰਘ ਨੇ ਮੇਰੀ ਡਿਊਟੀ ਆਏ ਹੋਏ ਮਹਿਮਾਨਾਂ ਦੇ ਮਨੋਰੰਜਨ ‘ਤੇ ਲਾ ਦਿੱਤੀ। ਮੈਂ ਵਿਆਹ ਵਿੱਚ ਦਾਰੂ ਬੱਤਾ ਵਰਤਾਉਂਦਾ ਆਪਣੇ ਆਪ ‘ਤੇ ਹੀ ਮਜ਼ਾਕ ਕਰ ਕਰ ਕੇ ਆਏ ਮਹਿਮਾਨਾਂ ਨੂੰ ਹਸਾਉਂਦਾ ਰਿਹਾ । ਇਸ ਵਿਆਹ ਵਿੱਚ ਮੇਰੀ ਹਰਦੀਪ ਨਾਲ ਬਹੁਤ ਨੇੜ੍ਹਤਾ ਹੋ ਗਈ। ਵਿਸਾਖਾ ਸਿੰਘ ਦੇ ਘਰ ਦੀ ਬੇਸਮਿੰਟ ਵਿੱਚ ਸਾਡੇ ਸਾਰਿਆਂ ਲੇਖਕਾਂ ਅਲੇਖਕਾਂ ਦੇ ਗੱਦੇ ਵਿਛੇ ਸਨ, ਜਦੋ ਸ਼ਰਾਬ ਦੇ ਰੱਜੇ ਬੰਦੇ ਸੌਣ ਲੱਗਦੇ ਤਾਂ ਕੇ ਸੀ ਮੋਹਨ ਦੇ ਘੁਰਾੜੇ ਕੇਹਰ ਸ਼ਰੀਫ ਵਰਗੇ ਸੋਫੀ ਬੰਦਿਆਂ ਨੂੰ ਸੌਣ ਨਾ ਦਿੰਦੇ। ਕੇ ਸੀ ਇਸ ਕਰਕੇ ਵੀ ਸ਼ਇਦ ਛੇਤੀ ਸੌਣ ਦੀ ਤਿਆਰੀ ਕਰ ਲੈਂਦਾ ਸੀ, ਉਸ ਨੂੰ ਪਤਾ ਸੀ ਜਦੋਂ ਤੋਂ ਉਸ ਨੂੰ ਪਿਛਲੇ ਤਿੰਨਾਂ ਦਿਨਾਂ ਤੋਂ ਇਨ੍ਹਾਂ ਕੜੇ ਕਾਮਰੇਡਾਂ ਦੇ ਘੜਮੱਸ ਵਿੱਚ ਸੌਣਾ ਪੈਂਦਾ ਸੀ, ਉਹ ਫਸਿਆ ਮਹਿਸੂਸ ਕਰਦਾ ਸੀ। ਸਾਰੀ ਦੁਨੀਆਂ ਦੀ ਸਿਆਸਤ ਛਾਣ ਕੇ ਜਦ ਦਾਰੂ ਦਾ ਨਸ਼ਾ ਲਹਿ ਜਾਂਦਾ ਤੇ ਉਬਾਸੀਆਂ ਆਉਣ ਲੱਗਦੀਆਂ ਤਾਂ ਸਾਊ ਲੱਗਦਾ । ਸੋਫੀ ਕੇਹਰ ਸ਼ਰੀਫ ਕੇ ਸੀ ਮੋਹਨ ਦੇ ਵਿਆਹ ਦੀ ਗੱਲ ਸ਼ੁਰੂ ਕਰ ਦਿੰਦਾ। ਦੂਹੜਾ ਮਿੰਟਾਂ ਵਿੱਚ ਕੇਹਰ ਦੀ ਹਾਂ ਵਿੱਚ ਹਾਂ ਮਿਲਾ ਦਿੰਦਾ ਤੇ ਹੋ ਜਾਂਦਾ ਰਾਤ ਦੇ ਤਿੰਨ ਵਜੇ ਮੋਹਨ ਦਾ ਵਿਆਹ ਸ਼ੁਰੂ। ਵਿਆਹ ਵਿੱਚ ਆਈਆਂ ਬਹੁਤ ਸਾਰੀਆਂ ਗੋਰੀਆਂ ਕਾਲੀਆਂ ਨਾਲ ਕੇ ਸੀ ਦੀ ਲਾਵਾਂ ਰਾਤ ਦੇ ਹਨੇਰੇ ਵਿੱਚ ਸਕਿੰਟਾਂ ਵਿੱਚ ਹੀ ਦਿਵਾਈਆਂ ਜਾਂਦੀਆਂ ਤੇ ਤਲਾਕ ਵੀ ਨਾਲੋ ਨਾਲ ਕਰਵਾਏ ਜਾਂਦੇ। ਕੇ ਸੀ ਹਰ ਰੋਜ਼ ਯਾਰਾਂ ਵਲੋਂ ਇਸ ਵਿਆਹ ਵਾਲੇ ਲੱਗਦੇ ਤਵੇ ਤੋਂ ਬਹੁਤ ਦੁਖੀ ਸੀ, ਕਿਉਂਕਿ ਰਾਤ ਨੂੰ ਕਾਮਰੇਡ ਦੂਹੜੇ ਅਤੇ ਕੇਹਰ ਸ਼ਰੀਫ ਦੇ ਵਿਅੰਗੀ ਬ੍ਰਹਮ-ਅਸਤਰ ਉਸ ਦਾ ਨਾਜ਼ੁਕ ਦਿਲ ਵਿੰਨਦੇ ਸਨ ਤੇ ਦਿਨੇ ਇਹੋ ਤਵਾ ਦੂਹੜੇ ਦੀ ਪਤਨੀ ਜਸਬੀਰ, ਜਸਪਾਲ ਸ਼ਰੀਫ ਤੇ ਮੋਹਨ ਦੀਆਂ ਹੋਰ ਭਰਜਾਈਆਂ ਉਲਟਾ ਕਰਕੇ ਵਜਾਉਣ ਲੱਗ ਪੈਂਦੀਆਂ ਸਨ। ਮੋਹਨ ਜਾਵੇ ਤਾਂ ਜਾਵੇ ਕਿੱਥੇ ? ਮੋਹਨ ਮੰਜੀ ਡਾਹਵੇ ਤਾਂ ਡਾਹਵੇ ਕਿੱਥੇ ? ਜਿੱਥੇ ਮੋਹਨ ਬਹਿੰਦਾ ਉਥੇ ਹੀ ਉਸ ਦੇ ਸੁਹਾਗ ਗੀਤ ਗਾੳਂੁਣੇ ਅਤੇ ਵੱਟਣਾ ਮਲਣਾ ਸ਼ੁਰੂ ਕਰ ਦਿੰਦੀਆਂ। ਇੱਕ ਦਿਨ ਤਾਂ ਸੁਭਾ ਪੱਖਂੋ ਜਨਮ ਤੋਂ ਠੰਢਾ ਮੋਹਨ ਗੁੱਸੇ ਦਾ ਮਰੋੜਾ ਵੀ ਖਾ ਗਿਆ ਸੀ। ਪਰ ਕੌਣ ਕਰੇ ਕੇ ਸੀ ਦੇ ਗੁੱਸੇ ਦੀ ਪਰਵਾਹ। ਇਥੇ ਤਾਂ ਪੰਜਾਬੀ ਦੀ ਰੰਡੀ ਦੇ ਰੰਡ ਕੱਟਣ ਵਾਲੀ ਕਹਾਵਤ ਉਲਟ ਹੋਈ ਪਈ ਸੀ ਅਖੇ “ਛੜਾ ਤਾਂ ਛੜੇਵਾਂ ਕੱਟ ਲਵੇ ਪਰੰਤੂ ਵਿਆਹੀਆਂ ਤੀਂਵੀਆਂ ਨਹੀਂ ਟਿਕਣ ਦਿੰਦੀਆਂ” ਇਸੇ ਕਰਕੇ ਮੋਹਨ ਨੇ ਸ਼ਾਇਦ ਬਦਲਾ ਲੈਣ ਲਈ ਇਹ ਘੁਰਾੜਿਆਂ ਵਾਲਾ ਜੰਬੋ ਜੈਟ ਉਡਾਉਣਾ ਸ਼ੁਰੂ ਕਰ ਦਿੱਤਾ ਸੀ। ਮੋਹਨ ਨੇ ਪੈਂਦਿਆਂ ਸਾਰ ਹੀ ਘੁਰਾੜਿਆਂ ਵਾਲੇ ਇੰਜਣ ਤੇ ਪਟਾ ਚਾਹੜ ਦੇਣਾ। ਅਸਲ ਵਿੱਚ ਘੁਰਾੜੇ ਤਾਂ ਸਾਰੇ ਹੀ ਮਾਰਦੇ ਸਨ ਤੇ ਦੋਸ਼ ਇੱਕ ਦੂਸਰੇ ਨੂੰ ਦੇਈ ਜਾਂਦੇ ਸਨ। ਮੈਂ ਤੇ ਦੂਹੜਾ ਇੱਕੋ ਬੈੱਡ ‘ਤੇ ਸੌਂਦੇ ਸਾਂ । ਦੂਹੜਾ ਮੈਨੂੰ ਕਹੇ ਤੇਰੇ ਘੁਰਾੜੇ ਮੈਨੂੰ ਸੌਣ ਨਹੀਂ ਦਿੰਦੇ ਤੇ ਮੈਂ ਕਹਾਂ ਦੂਹੜਾ ਸਾਹਿਬ ਤੁਹਾਡੇ ਘੁਰਾੜੇ ਮੈਨੂੰ ਸੌਣ ਨਹੀਂ ਦਿੰਦੇ। ਸਾਰੇ ਹੀ ਇੱਕ ਦੂਸਰੇ ਨੁੰ ਘੁਰਾੜਿਆਂ ਦਾ ਦੋਸ਼ੀ ਮੰਨਦੇ ਸਨ ਤੇ ਮਾਰਦੇ ਸਾਰੇ ਹੀ ਸਨ। ਦੂਜੇ ਦਿਨ ਇਹ ਫੈਸਲਾ ਹੋਇਆ ਕਿ ਇੱਕ ਟੇਪਰਿਕਾਰਡ ਲਿਆ ਕੇ ਰੱਖੀ ਜਾਵੇ ਜਾਂ ਵੀਡੀਓ ਫਿਲਮ ਬਣਾਈ ਜਾਵੇ ਤੇ ਦੋਸ਼ੀ ਨੂੰ ਰੰਗੇ ਹੱਥੀਂ ਸਣੇ ਆਵਾਜ਼ ਫੜਿਆ ਜਾਵੇ। ਕਾਮਰੇਡਾ ਮਤਾ ਪਕਾਇਆ ਤੇ ਹੁਣ ਸੌਂਵੇ ਕੌਣ ? ਅੱਜ ਇੱਕ ਹੋਰ ਭਾਰੀ ਭਰਕਮ ਮੈਥੋਂ ਵੀ ਗੂਹੜੇ ਰੰਗ ਦਾ ਫਰਾਂਸ ਤੋਂ ਇਸ ਵਿਆਹ ਵਿੱਚ ਸ਼ਰੀਕ ਹੋਣ ਵਿਸਾਖਾ ਸਿੰਘ ਦੇ ਮਿੱਤਰ ਦਾ ਮਿੱਤਰ ਜਿਸ ਨੂੰ ਸਾਰੇ ਇੰਗਲੈਂਡੀਆ ਕਹਿ ਕੇ ਬੁਲਾਉਂਦੇ ਸਨ, ਨੇ ਵੀ ਸਾਡੀ ਇਸ ਕਾਮਰੇਡੀ ਬੇਸਮਿੰਟ ਵਿੱਚ ਆ ਗੱਦਾ ਲਾਇਆ ਸੀ। ਇਸ ਘੱਟ ਬੋਲਣੇ ਬੰਦੇ ਨੇ ਆ ਕੇ ਬੜੀ ਇਮਾਨਦਾਰੀ ਨਾਲ ਆਪਣਾ ਔਗੁਣ ਸਪੱਸ਼ਟ ਦੱਸ ਦਿੱਤਾ ਸੀ। “ਮਿੱਤਰੋ ਗੁੱਸਾ ਨਾ ਕਰਿਓ, ਮੈਂ ਕੱਚਾ ਧੂੰਆਂ ਬਹੁਤ ਛੱਡਦਾ ਹਾਂ” ਤੇ ਉਹ ਅਪਣੇ ਸੁਭਾ ਵਾਂਗ ਚੁੱਪ ਹੋ ਗਿਆ। ਜਦੋਂ ‘ਕੱਚੇ ਧੂੰਏ” ਦੀ ਵਿਆਖਿਆ ਉਸ ਦੇ ਸਾਥੀ ਕੀਤੀ ਤਾਂ ਮੈਂ ਤੇਜ਼ੀ ਨਾਲ ਉੱਠ ਕੇ ਬੇਸਮਿੰਟ ਦੀਆਂ ਸਾਰੀਆਂ ਖਿੜਕੀਆਂ  ਖੋਹਲ ਦਿੱਤੀਆਂ । ਜਦ ਕੱਚੇ ਧੂੰਏ ਦਾ ਅੰਗਰੇਜ਼ੀ ਤਰਜ਼ਮਾ ‘ਬੈਡ ਸਮੈਲ’ ਹੋਇਆ ਤਾਂ ਹਰਦੀਪ ਦੇ ਸਮੇਤ ਸਾਰੀ ਬੇਸਮਿੰਟ ਹੱਸ ਹੱਸ ਕੇ ਰੋਣ ਲੱਗ ਪਈ। ਇਹ ਇੱਕ ਨਵੀਂ ਮੁਸੀਬਤ ਆ ਪਈ ਸੀ। ਅੱਜ ਫਿਰ ਬੇਸਮਿੰਟ ਵਿੱਚ ਕੇ ਸੀ ਮੋਹਨ ਦੇ ਘੁਰਾੜੇ ਸਭ ਤੋਂ ਪਹਿਲਾਂ ਵੱਜਣੇ ਸ਼ੁਰੂ ਹੋ ਗਏ ਸਨ ਤੇ ਨਾਲ “ਕੱਚੇ ਧੂਏ ਦੀ ਧੂਫ” ਵੀ ਧੁਖਣ ਲੱਗ ਪਈ ਸੀ। ਇੱਕ ਮੁਜ਼ਰਮ ਫੜਿਆ ਗਿਆ ਸੀ ਤੇ ਦੂਜੇ ਨੇ ਆਪੇ ਹੀ ਇਕਬਾਲੀਆ ਬਿਆਨ ਦੇ ਦਿੱਤਾ ਸੀ। ਅਜੇ ਹੋਰ ਬਥੇਰੇ ਮੁਜ਼ਰਮ ਸਨ। ਨੀਂਦ ਕਿੱਥੋ? ਗੱਲਾਂ ਚੁਟਕਲੇ ਤੇ ਦਸਾਂ ਪੈਗਾਂ ਵਾਲਾ ਅਮਰੀਕਾ ਤੋਂ ਆਇਆ ਵਿਸਾਖਾ ਸਿੰਘ ਦਾ ਮਿੱਤਰ ਸੁਰਜੀਤ ਜੋ ਸਾਰਾ ਦਿਨ ਸੁੱਤਾ ਰਹਿੰਦਾ ਸੀ, ਉਸ ਦੇ ਘੁਰਾੜੇ ਤਾਂ ਸਾਰੀ ਦੁਪਹਿਰ ਸ਼ਰਤਾਂ ਲਾ ਲਾ ਨਿਆਣੇ ਵੀ ਗਿਣਦੇ ਥੱਕ ਜਾਂਦੇ ਸਨ। ਜਿਸ ਦਾ ਇੱਕ ਪੱਕਾ ਡਾਇਲਾਗ ਸੀ। “ਸ਼ਰਾਬ ਦਾ ਕੀ ਏ, ਇਹ ਕੀ ਕਹਿੰਦੀ ਹੈ, ਬੰਦਾ 10 ਕੁ ਪੱੈਗ ਲਾ ਕੇ ਪਰਾਂ ਪਿਆ ਰਹੇ” ਉਸ ਨੁੰ ਜੱਜ ਮੰਨ ਲਿਆ ਕਿਉਂਕਿ ਇੰਨੇ ਕਿਹੜਾ ਸਾਰੀ ਰਾਤ ਸੌਣਾ ਸੀ ? ਉਹ ਕੋਨੇ ਨਾਲ ਲੱਗਾ ਅਜੇ ਵੀ ਪੈੱਗ ਪਾਈ ਖੜਾ ਸੀ। ਅਜੀਬ ਸਥਿਤੀ ਬਣੀ ਪਈ ਸੀ। ਜਿਵੇਂ ਕਹਿੰਦੇ ਹੁੰਦੇ ਹਨ ਨੀਂਦ ਤਾਂ ਬੰਦੇ ਨੂੰ ਸੂਲੀ ‘ਤੇ ਵੀ ਆ ਜਾਂਦੀ । ਅਜੇ ਅਸੀਂ ਸੁੱਤ ਉਨੀਂਦੇ ਹੀ ਸਾਂ ਕਿ ਹਰਦੀਪ ਦੂਹੜੇ ਦੇ ਘੁਰਾੜੇ ਵੱਜਣ ਲੱਗ ਪਏ । ਉਹ ਵੀ ਦੋਸ਼ੀਆਂ ਦੀ ਲਿਸਟ ਵਿੱਚ ਲਿਖਿਆ ਗਿਆ ਤੇ ਫਿਰ ਬੇਸਮਿੰਟ ਵਿੱਚੋਂ ਇਉਂ ਆਵਾਜ਼ਾਂ ਆਉਣ ਲੱਗੀਆਂ ਜਿਵੇ ਸਾਉਣ ਮਹੀਨੇ ਹਜ਼ਾਰਾਂ ਹੀ ਬਰਸਾਤੀ ਡੱਡੂ ਵੜ੍ਹ ਆਏ ਹੋਣ। ਸਵੇਰੇ ਉੱਠ ਕੇ ਸਾਰੇ ਫਿਰ ਘੁਰਾੜਿਆਂ ਤੋਂ ਮੁੱਕਰਣ ਲੱਗੇ ਤੇ ਹੁਣ ਫੈਸਲਾ ਕਰਨ ਵਾਲਾ ਅਮਰੀਕਾ ਵਾਲਾ ਮਿੱਤਰ ਕੁੰਭਕਰਨੀਂ ਨੀਂਦੇ ਸੁੱਤਾ ਲਗਾਤਾਰ ਘੁਰਾੜਿਆਂ ਵਾਲੀ ਮਸ਼ੀਨ ਚਲਾਈ ਪਿਆ ਸੀ।

ਇਸ ਵਿਆਹ ਨੇ ਸਾਨੂੰ ਗੂਹੜੇ ਆੜੀਆਂ ਵਿੱਚ ਬਦਲ ਦਿੱਤਾ। ਚਾਰ ਪੰਜ ਦਿਨਾਂ ਦੇ ਸਾਥ ਨੇ ਜੋ ਮਾੜੀ ਮੋਟੀ ਸੰਗ ਸੀ, ਉਹ ਵੀ ਉਡਾ ਦਿੱਤੀ । ਹੁਣ ਮੈਂ ਹਰਦੀਪ ਲਈ ਕਾਮਰੇਡ ਤੋਂ ਬਾਠ ਹੋ ਗਿਆ ਸਾਂ ਤੇ ਮੇਰੇ ਲਈ ਉਹ ਸਿਰਫ ਹਰਦੀਪ ਸੀ। ਇਹ ਤਬਦੀਲੀ ਦੋਸਤੀ ਦੀ ਪ੍ਰਤੀਕ ਸੀ। ਮੈਂ ਮਹਿਸੂਸ ਕੀਤਾ ਹਰਦੀਪ ਲੀਡਰ ਤੋਂ ਛੁੱਟ ਯਾਰਾਂ ਦਾ ਯਾਰ ਤੇ ਰੱਜ ਕੇ ਜਿੰਦਗੀ ਜਿਉਣ ਵਾਲਾ ਸਾਫ ਸੁਥਰਾ ਅਤੇ ਹਮੇਸ਼ਾ ਸਾਫ ਕੱਪੜਿਆਂ ਵਿੱਚ ਸਜਿਆ ਇੱਕ ਹੱਡ ਮਾਸ ਦਾ ਮਨੁੱਖ ਸੀ, ਜੋ ਕਿਸੇ ਚੁਟਕਲੇ ਤੇ ਬੱਚਿਆਂ ਵਾਂਗ ਖਿੜਖੜਾ ਕੇ ਹੱਸਦਾ ਹੱਸਦਾ ਲੋਟ ਪੋਟ ਹੋ ਜਾਦਾ। ਸਿਹਤ ਬਾਰੇ ਹਰਦੀਪ ਬਹੁਤ ਚੇਤੰਨ ਸੀ, ਬੇਸ਼ਕ ਕਿੰਨੀ ਵੀ ਦੇਰ ਰਾਤ ਨੂੰ ਉਹ ਸੌਂਦਾ ਹਮੇਸ਼ਾ ਸਵੇਰੇ ਸਭ ਤੋਂ ਪਹਿਲਾਂ ਉਠ ਬੂਟ ਪਾ ਤਿਆਰ ਹੋ ਜਾਂਦਾ । ਉਹ ਸੈਰ ਤੇ ਜਾਣ ਲਈ ਸਾਨੂੰ ਸਾਰਿਆਂ ਸ਼ਰਾਬੀਆਂ ਨੂੰ ਅਵਾਜ਼ਾਂ ਮਾਰਦਾ, ਜੇਕਰ ਕੋਈ ਨਾ ਉੱਠਦਾ ਤਾਂ ਇਕੱਲਾ ਹੀ ਸੈਰ ‘ਤੇ ਨਿੱਕਲ ਜਾਂਦਾ। ਖਾਣ ਪੀਣ ਵਿੱਚ ਵੀ ਉਹ ਬਹੁਤ ਸੰਜਮੀ ਸੀ । ਏਸੇ ਕਰਕੇ ਉਸ ਦਾ ਸਰੀਰ ਬਗੈਰ ਯੋਗਾ ਦੇ ਵੀ ਸਵਾਮੀ ਰਾਮ ਦੇਵ ਨੂੰ ਮਾਤ ਪਾਉਂਦਾ ਸੀ।
 ਇਸ ਵਿਆਹ ਤੋਂ ਬਾਦ ਸਾਡੇ ਸੰਪਰਕ ਹੋਰ ਪੀਡੇ ਹੋ ਗਏ । ਸਾਲਾਂ ਦੇ ਸਾਲ ਅਸੀਂ ਹਫਤੀਂ ਦੋ ਹਫਤੀਂ ਟੈਲੀਫੋਨ ਤੇ ਇੱਕ ਦੂਸਰੇ ਨੂੰ ਨਵਾਂ ਆਇਆ ਚੁਟਕਲਾ ਸੁਣਾਉਂਦੇ ਤੇ ਖੂਬ ਹੱਸਦੇ । ਜਦ ਫੋਨ ਕਰਨਾ ਤਾਂ ਜੀਵਨ ਸਾਥਣ ਜਸਬੀਰ ਨੇ ਫੋਨ ਚੁੱਕਣਾ ਤੇ ਪਹਿਲਾਂ ਹੀ ਹੱਸ ਕੇ ਇਹ ਆਖਣਾ। “ਬਾਠ ਸਾਹਿਬ ਕੋਈ ਨਵਾਂ ਚੁਟਲਕਾ ਤੰਗ ਕਰਦਾ ਹੋਣਾ, ਲਓ ਕਰ ਲਵੋ ਢਿੱਡ ਹੌਲਾ” ਤੇ ਹੱਸਦੇ ਹੋਏ ਫੋਨ ਹਰਦੀਪ ਨੂੰ ਫੜਾ ਦੇਣਾ ਤੇ ਫਿਰ ਚੱਲ ਸੋ ਚੱਲ ਚੁਟਕਲੇ ਤੇ ਚੁਟਕਲਾ। ਕਈ ਵਾਰੀ ਘੰਟਾ ਘੰਟਾ ਲੰਘ ਜਾਣਾ। ਅਸੀਂ ਗੱਲਾਂ ਕਰਦੇ ਦੁਨੀਆਂ ਦੀ ਸਿਆਸਤ ਬਾਰੇ, ਬਰਲਿਨ ਦੀ ਭੱਜੀ ਕੰਧ ਬਾਰੇ, ਨਵਾਂ ਜ਼ਮਾਨਾ ਅਖਬਾਰ ਬਾਰੇ ਤੇ ਸਾਡੇ ਸਾਂਝੇ ਮਿੱਤਰ ਜਤਿੰਦਰ ਪੰਨੂ ਦੀਆਂ ਲਿਖਤਾਂ ਬਾਰੇ, ਆਨੰਦ ਜੀ ਅਤੇ ਮੀਲਾਂ ਜੀ ਦੀ ਸੇਹਤ ਬਾਰੇ ਝੋਰਾ ਕਰਦੇ। ਦੋ ਸਾਲ ਪਹਿਲਾਂ ਹਰਦੀਪ ਨਾਲ ਫਿਰ ਪਰਿਵਾਰ ਸਮੇਤ ਸੈਲੀ ਕ੍ਰਿਸ ਵਾਲੇ ਘਰ ਵਿੱਚ ਇੰਗਲੈਂਡ ਰਹਿੰਦਿਆਂ ਮੁਲਾਕਾਤਾਂ ਹੁੰਦੀਆਂ ਰਹੀਆਂ । ਹਰ ਰੋਜ਼ ਮਹਿਫਲਾਂ ਲੱਗਦੀਆਂ, ਕਦੇ ਹਰਦੀਪ ਦੇ ਘਰ, ਕਦੀ ਰਘਬੀਰ ਦੇ ਘਰ ਤੇ ਕਦੀ ਕੇ ਸੀ ਮੋਹਨ ਬਨਾਮ ਸਾਡੇ ਘਰ । ਕਿਉਂਕਿ ਸਾਡਾ ਉਤਾਰਾ ਹਮੇਸ਼ਾਂ ਕਰਮ ਚੰਦ ਮੋਹਨ ਦੇ ਡੇਰੇ ਹੀ ਹੁੰਦਾ ਸੀ। ਫਿਰ ਉਸ ਦੇ ਬੇਟੇ ਦੇ ਵਿਆਹ ਦਾ ਕਾਰਡ ਆਇਆ । ਮੈਂ ਕੰਮ ਦੀ ਵਜ੍ਹਾ ਕਰਕੇ ਬੇਟੇ ਦੇ ਵਿਆਹ ਵਿੱਚ ਸ਼ਮੂਲੀਅਤ ਨਾ ਕਰ ਸਕਿਆ। ਫੋਨ ਤੇ ਲਗਾਤਾਰ ਸੰਪਰਕ ਰਿਹਾ । ਸਾਲਾਂ ਦੇ ਸਾਲ ਚੁਟਕਲੇ ਚਲਦੇ ਰਹੇ ਤੇ ਇੱਕ ਦਿੱਨ ਚੁਟਕਲਿਆਂ ਦੌਰਾਨ ਹੀ ਹਰਦੀਪ ਨੇ ਆਪਣੇ ਆਪ ਨੂੰ ਲੱਗੀ ਇਸ ਬੇ-ਇਲਾਜੀ ਨਾਮੁਰਾਦ ਬਿਮਾਰੀ ਬਾਰੇ ਭਿਆਨਕ ਚੁਟਕਲਾ ਸੁਣਾ ਦਿੱਤਾ। ਡੇਢ ਕੁ ਸਾਲ ਵਿੱਚ ਹੀ ਇਹ ਕੈਂਸਰ ਦਾ ਭੈੜਾ ਰੋਗ ਹਰਦੀਪ ਦੇ ਸੇਹਤਮੰਦ ਸਰੀਰ ਨੂੰ ਚੱਟਮ ਕਰ ਗਿਆ। ਇੱਕ ਅਗਸਤ ਦੇ ਨਵਾਂ ਜ਼ਮਾਨਾ ਅਖਬਾਰ ਨੂੰ ਜਦ ਵੈੱਬਸਾਈਟ ਤੇ ਖੋਲਿਆ ਤਾਂ ਇਹ ਸੋਗੀ ਖਬਰ ਪੜ੍ਹਨ ਨੂੰ ਮਿਲੀ ਕਿ ਕਾਮਰੇੜ ਹਰਦੀਪ ਦੂਹੜਾ ਨਹੀਂ ਰਹੇ। ਕੁਝ ਦਿਨ ਅਵਾਜ਼ਾਰੀ ਵਿੱਚ ਰਹੇ। ਭੈਣ ਜਸਬੀਰ ਨੂੰ ਫੋਨ ਕਰਨ ਦੀ ਹਿੰਮਤ ਨਾ ਪਵੇ ਪਰ ਕਰਨਾ ਹੀ ਪਿਆ। ਅੱਗੇ ਵੀ ਹਮੇਸ਼ਾ ਜਸਬੀਰ ਹੀ ਫੋਨ ਚੁੱਕਦੀ ਸੀ ਤੇ ਛਣਕਾਟੇ ਵਰਗੀ ਆਵਾਜ਼ ਵਿੱਚ ਹੱਸਦੀ ਕਹਿੰਦੀ ਸੀ, “ਬਾਠ ਸਾਬ੍ਹ ਕੋਈ ਨਵਾਂ ਚੁਟਕਲਾ ਤੰਗ ਕਰਦਾ ਹੋਣਾ ਤੇ ਲਓ ਕਰ ਲਉ ਢਿੱਡ ਹੌਲਾ” ਪਰ ਅੱਗੋ ‘ਹੈਲੋ ਤੋਂ ਬਾਦ ਚੁੱਪਚਾਪ ਸੀ। ਮੇਰਾ ਨਾਂ ਸੁਣ ਕੇ ਹੀ ਹੱਸਣ ਵਾਲੀ ਜਸਬੀਰ ਦੀਆਂ ਸਿਸਕੀਆਂ ਤੇ ਹੌਕੇ ਮੈਨੂੰ ਸੁਣ ਰਹੇ ਸਨ ਤੇ ਮੈਂ ਅੱਜ ਚੁਟਕਲੇ ਦੀ ਬਜਾਏ ਉਸ ਦੇ ਜੀਵਨ ਸਾਥੀ ਦੀ ਉਮਰ ਦੀਆਂ ਤਕਾਲਾਂ ਤੋਂ ਪਹਿਲਾ ਅੱਧਵਾਟੇ ਜਿਉਣ ਦੀ ਭਰਪੂਰ ਤਾਂਘ ਵਿੱਚ ਕੈਂਸਰ ਵਰਗੀ ਬਿਮਾਰੀ ਤੋਂ ਹਾਰੇ ਆੜੀ ਹਰਦੀਪ ਦੂਹੜੇ ਦੀ ਮੌਤ ਤੇ ਅਫਸੋਸ ਕਰਨ ਲਈ ਹਿੰਮਤ ਜੁਟਾ ਰਿਹਾ ਸਾਂ। ਇਸ ਤੋਂ ਵੱਡਾ ਜਸਬੀਰ ਨਾਲ ਹੋਰ ਕੀ ਮਜ਼ਾਕ ਹੋ ਸਕਦਾ ਸੀ, ਜਿਸ ਦਾ ਦੋਸਤਾਂ ਵਰਗਾ ਜੀਵਨ ਸਾਥੀ ਸਿਰਫ 58 ਸਾਲ ਦੀ ਉਮਰ ਵਿੱਚ ਹੀ ਕੁਦਰਤ ਨੇ ਖੋਹ ਲਿਆ ਸੀ।

“ਵੀਰ ਜੀ ਇੱਕ ਵਾਅਦਾ ਉਹ ਮੈਥੋਂ ਲੈ ਗਏ ਹਨ, ਕਹਿੰਦੇ ਸਨ ਜਸਬੀਰ ਤੂੰ ਮੇਰੇ ਮਿੱਤਰਾਂ ਨਾਲੋ ਕੰਟਕਟ ਨਾ ਤੋੜੀਂ। ਮੇਰੇ ਨਾਲ ਸਲਾਹਾਂ ਕਰਦੇ ਸਨ ਤੇ ਮੈਨੂੰ ਵੀ ਆਪਣੇ ਨਾਲ ਹੀ ਚਾਰ ਸਾਲ ਪਹਿਲਾਂ ਪੈਨਸ਼ਨ ਦੀ ਸਕੀਮ ਵਿੱਚ ਪਾ ਗਏ ਸਨ ਕਹਿੰਦੇ ਸਨ ਇਕੱਠੇ ਪੈਨਸ਼ਨ ਦਾ ਨਜ਼ਾਰਾ ਲਵਾਂਗੇ ਤੇ ਨਾਲੇ ਕਹਿੰਦੇ ਸਨ ਬੰਦੇ ਨੂੰ 75 ਸਾਲ ਤੋਂ ਜਿ਼ਆਦਾ ਉਮਰ ਵਿੱਚ ਸਫ਼ਰ ਤੇ ਨਹੀਂ ਜਾਣਾ ਚਾਹੀਦਾ ਤੇ ਬੱਚਿਆਂ ਨੂੰ ਤੰਗ ਨਹੀਂ ਕਰਨਾ ਚਾਹੀਦਾ ਕਿ ਮੇਰਾ ਆਹ ਦੁਖਦਾ ਹੈ ਤੇ ਮੇਰਾ ਅਹੁ ਦੁਖਦਾ ਹੈ”। ਉਸ ਦੇ ਦੱਸਣ ਮੁਤਾਬਕ ਜਦੋਂ ਡਾਕਟਰਾਂ ਜਵਾਬ ਦੇ ਤਾ ਅਸੀਂ ਇੱਕਲੇ ਬੈਠ ਕੇ ਬਹੁਤ ਰੋਂਦੇ ਸਾਂ। ਉਨ੍ਹਾਂ ਬਹੁਤ ਯੋਜਨਾਵਾਂ ਬਣਾਈਆਂ ਸਨ ਪੈਨਸ਼ਨ ਹੋਣ ਤੋਂ ਬਾਦ ਦੁਨੀਆਂ ਗਾਹੁਣ ਦੀਆਂ। ਉਹ ਦੱਸਦੀ, ਹਰਦੀਪ ਮਰਨਾ ਨਹੀਂ ਸੀ ਚਾਹੁੰਦਾ ਤੇ ਮਰਨ ਤੋਂ ਡਰਦਾ ਵੀ ਨਹੀਂ ਸੀ। ਉਹ ਕਾਮਰੇਡ ਸੀ ਉਸ ਨੂੰ ਪੱਕਾ ਇਲਮ ਸੀ ਉਸ ਨੇ ਕਿਹੜਾ ਮਰ ਕੇ ਕਿਸੇ ਨਰਕ ਸਵਰਗ ਵਿੱਚ ਜਾਣਾ ਸੀ । ਦੋ ਬੇਟੇ ਇੱਕ ਧੀ ਬਨਾਮ ਨੂੰਹ ਤੇ ਪਿਆਰੀ ਪਤਨੀ ਅਤੇ ਹਜ਼ਾਰਾਂ ਉਹ ਲੋਕ ਜਿੰਨ੍ਹਾਂ ਦੇ ਹੱਕਾਂ ਲਈ ਉਹ ਜਿੰਦਗੀ ਭਰ ਨੌਕਰੀ ਦੇ ਅੱਠ ਘੰਟਿਆਂ ਤੋਂ ਬਾਦ ਵੀ ਜੂਝਦਾ ਰਿਹਾ ਸੀ। ਇਹੋ ਉਸ ਦਾ ਸਵਰਗ ਸੀ। ਜੋ ਉਸ ਦੀ ਭੀਚ ਕੇ ਬੰਦ ਮੁੱਠੀ ਵਿੱਚੋਂ ਵੀ ਕਿਰ ਗਿਆ ਸੀ। ਆੜੀ ਹਰਦੀਪ ਦੂਹੜਾ ਤੈਨੂੰ ਲਾਲ ਸਲਾਮ।

****

No comments: