ਅਮਰੀਕਾ ਦੀ ਫੇਰੀ ( ਭਾਗ 6 )..........ਸਫ਼ਰਨਾਮਾ / ਯੁੱਧਵੀਰ ਸਿੰਘ

ਡਿਜ਼ਨੀਵਰਲਡ ਦੇ ਕਾਰਣ ਹੀ ਉਰਲੈਂਡੌਂ ਦੁਨੀਆ ਦੇ ਨਕਸ਼ੇ ਤੇ  ਮੁੱਖ ਆਕਰਸ਼ਣ ਦੇ ਰੂਪ ਵਿਚ ਉੱਭਰਿਆ ਹੈ । ਰਿੰਕੀ ਭਾਬੀ ਨੇ ਵੀ ਡਿਜ਼ਨੀਵਰਲਡ ਦੇਖਿਆ ਨਹੀਂ ਸੀ ਸੋ ਅਸੀਂ ਸਭ ਨੇ ਚਾਲੇ ਪਾ ਦਿੱਤੇ ਡਿਜ਼ਨੀਵਰਲਡ ਨੂੰ । ਡਿਜ਼ਨੀਵਰਲਡ ਦਾ ਨਾਮ ਆਉਂਦੇ ਹੀ ਲੋਕਾਂ ਦੇ ਅੱਗੇ ਸੁਪਨਿਆਂ ਦੀ ਦੁਨੀਆ ਪਰਗਟ ਹੋਣੀ ਸ਼ੁਰੂ ਹੋ ਜਾਂਦੀ ਹੈ । ਇਕ ਖੂਬਸੂਰਤ ਕਿਲੇ ਦੀ ਤਸਵੀਰ ਉੱਕਰਣੀ ਸ਼ੁਰੂ ਹੋ ਜਾਂਦੀ ਹੈ, ਜਿਸ ਨੂੰ ਬਚਪਨ ਦੇ ਵਿਚ ਮਿੱਕੀ ਮਾਊਸ ਦੇ ਕਾਰਟੂਨ ਦੇ ਵਿਚ ਹਰ ਇਕ ਨੇ ਦੇਖਿਆ ਹੈ । ਮਿੱਕੀ ਮਾਊਸ, ਮਿੰਨੀ ਮਾਊਸ, ਡੌਨਲਡ ਡੱਕ, ਗੂਫੀ ਅੰਕਲ, ਸਕਰੂਜ ਮੈਕਡੱਕ, ਚਿਪ ਐਂਡ ਡੇਲ, ਅਲਾਦੀਨ  ਤੇ ਹੋਰ ਬਹੁਤ ਕਾਰਟੂਨ ਵਾਲਟ ਡਿਜ਼ਨੀ ਦੀ ਹੀ ਦੇਣ ਹਨ । ਡਿਜ਼ਨੀਵਰਲਡ ਕੋਈ ਪਾਰਕ ਨਹੀਂ ਬਲਕਿ ਇਕ ਸ਼ਹਿਰ ਬਣ ਚੁੱਕਿਆ ਹੈ । ਜਿਸ ਦੇ ਵਿਚ ਡਿਜ਼ਨੀਵਰਲਡ ਦੇ ਚਾਰ ਵੱਡੇ ਥੀਮ ਪਾਰਕ ਮੈਜਿਕ ਕਿੰਗਡਮ, ਐਨੀਮਲ ਕਿੰਗਡਮ, ਹਾਲੀਵੁੱਡ ਸਟੂਡੀਉ, ਐਪਕੋਟ  ਤੇ ਦੋ ਵਾਟਰ ਪਾਰਕ ਬਲਿਜ਼ਰਡ ਬੀਚ ਤੇ ਟਾਈਫੂਨ ਲਗੂਨ ਬਣੇ ਹਨ । ਇਸ ਦੇ ਵਿਚ ਬਹੁਤ ਖੂਬਸੂਤ ਰਿਸੋਰਟਜ਼ ਤੇ ਹੋਟਲ ਵੀ ਬਣੇ ਹਨ । ਡਿਜ਼ਨੀਵਰਲਡ ਦੀ ਆਪਣੀ ਟਰੇਨ, ਬੱਸ ਤੇ ਕਿਸ਼ਤੀਆਂ ਚੱਲਦੀਆਂ ਹਨ । ਸੋਚ ਰਿਹਾ ਸੀ ਕਿ ਸ਼ਾਇਦ ਦੂਰ ਤੋਂ ਹੀ ਨਜ਼ਰ ਆਉਣ ਲੱਗ ਪਵੇਗਾ ਡਿਜ਼ਨੀ ਪਰ ਐਡੇ ਉੱਚੇ ਦਰਖਤ ਲੱਗੇ ਸਨ ਕਿ ਕੁਝ ਵੀ ਨਹੀਂ ਦਿਖ ਰਿਹਾ ਸੀ । ਅਸੀਂ ਸਭ ਤੋਂ ਪਹਿਲਾਂ ਡਿਜ਼ਨੀਵਰਲਡ ਦੇ ਮੇਨ ਪਾਰਕ ਮੈਜਿਕ ਕਿੰਗਡਮ ਜਾਣਾ ਸੀ  ਜਿੱਥੇ ਕਿ ਪਰਾਂਜਲ ਦੀ ਇਕ ਗੋਰੀ ਦੋਸਤ ਕੰਮ ਕਰਦੀ ਹੈ ਤੇ ਉਸ ਨੇ ਹੀ ਸਾਨੂੰ ਅੰਦਰ ਦਾਖਲ ਕਰਨਾ ਸੀ ।  ਕਾਰ ਪਾਰਕ ਹੀ ਐਡਾ ਵੱਡਾ ਸੀ ਕਿ ਉਸ ਤੋਂ ਟਰੇਨ ਸਟੇਸ਼ਨ ਜਾਣ ਦੇ ਲਈ ਸਾਨੂੰ ਸੜਕ ਤੇ ਚੱਲਣ ਵਾਲੀ ਛੋਟੀ ਰੇਲ ਤੇ ਬੈਠਣਾ ਪੈਣਾ ਸੀ । ਕਾਰ ਪਾਰਕ ਦੀ ਲਾਈਨ ਦਾ ਨੰਬਰ ਨੋਟ ਕਰਣਾ ਬੇਹੱਦ ਜ਼ਰੂਰੀ ਹੈ, ਕਿਉਂ ਕਿ ਇਕ ਵਾਰ ਜੇ ਤੁਸੀਂ ਭੁੱਲ ਗਏ ਤਾਂ ਬਾਦ ਵਿਚ ਕਾਰ ਲੱਭਣਾ ਬਹੁਤ ਜਿਆਦਾ ਔਖਾ ਹੈ । ਭਾਰੀ ਗਿਣਤੀ ਵਿਚ ਲੋਕ ਆ ਰਹੇ ਸਨ । ਸਟਾਫ ਸਭ ਨੂੰ ਵਾਰੀ ਨਾਲ ਬਿਠਾ ਕੇ ਸਟੇਸ਼ਨ ਵੱਲ ਭੇਜ ਰਿਹਾ ਸੀ । ਦੁਨੀਆਂ ਦੇ ਹਰ ਦੇਸ਼ ਤੋਂ ਹਜ਼ਾਰਾਂ ਦੀ ਤਾਦਾਦ ਦੇ ਵਿਚ ਲੋਕ ਡਿਜ਼ਨੀ ਵਿਚ ਕੰਮ ਕਰਨ ਆਉਂਦੇ ਹਨ । ਡਿਜ਼ਨੀਵਰਲਡ ਦੇ ਸਟਾਫ ਦੀ ਕਮੀਜ ਤੇ ਉਹਨਾਂ ਦੇ ਨਾਮ ਟੈਗ ਦੇ ਨਾਲ ਉਹਨਾਂ ਦੀ ਮੁੱਖ ਭਾਸ਼ਾ ਵੀ ਲਿਖੀ ਹੁੰਦੀ ਹੈ । ਉਦਾਹਰਣ ਦੇ ਤੌਰ ‘ਤੇ ਜੇਕਰ ਕੋਈ ਪੰਜਾਬੀ ਉੱਥੇ ਕੰਮ ਕਰ ਰਿਹਾ ਹੋਵੇਗਾ ਤਾਂ ਉਸ ਦੇ ਨਾਮ ਟੈਗ ਤੇ ਉਸ ਦੇ ਨਾਮ ਦੇ ਨਾਲ ਥੱਲੇ ਪੰਜਾਬੀ ਤੇ ਹਿੰਦੀ ਵੀ ਜ਼ਰੂਰ ਲਿਖਿਆ ਹੋਵੇਗਾ ਤਾਂ ਕਿ ਜੇ ਕਿਸੇ ਨੂੰ ਕੋਈ
ਪਰੇਸ਼ਾਨੀ ਹੋਵੇ ਤਾਂ ਉਹ ਅਸਾਨੀ ਨਾਲ ਆਪਣੀ ਮੁਸ਼ਕਿਲ ਉਸ ਸਟਾਫ ਮੈਂਬਰ ਨੂੰ ਦੱਸ ਸਕੇ । ਸਟੇਸ਼ਨ ਤੇ ਬਿਜਲਈ ਟਰੇਨਾਂ ਵਾਹੋਦਾਹੀ ਭੱਜ ਰਹੀਆਂ ਸਨ । ਨਾਲ ਹੀ ਇਕ ਪਾਸੇ ਬੱਸ ਸਟੈਂਡ ਬਣਿਆ ਹੋਇਆ ਸੀ, ਜਿੱਥੋਂ ਤੁਸੀਂ ਕਿਸੇ ਦੂਜੇ ਪਾਰਕ ਵਿਚ ਜਾ ਸਕਦੇ ਹੋ, ਬਿਨਾਂ ਕਿਸੇ ਕਾਹਲੀ ਤੋਂ ਲੋਕ ਆਰਾਮ ਨਾਲ ਆਪਣੀ ਵਾਰੀ ਆਉਣ ਤੇ ਟਰੇਨ ਵਿਚ ਬੈਠ ਰਹੇ ਸੀ । ਮੈਟਰੋ ਟਰੇਨਾਂ ਵਾਂਗ ਇਹ ਟਰੇਨਾਂ ਸੜਕ ਤੋਂ ਤਕਰੀਬਨ ਤੀਹ ਫੁੱਟ ਦੀ ਉਚਾਈ ਤੇ ਚਲਦੀਆਂ ਹਨ । ਸਾਡੀ ਗੱਡੀ ਡਿਜ਼ਨੀ ਦੇ ਇਕ ਹੋਟਲ ਵਿਚੋਂ ਗੁਜ਼ਰਦੀ ਹੋਈ ਆਪਣੀ ਮੰਜਿਲ ਵੱਲ ਨੂੰ ਵਧ ਰਹੀ ਸੀ, ਨਾਲ ਹੀ ਇਕ ਪਾਸੇ ਝੀਲ ਵਿਚ ਬਹੁਤ ਖੂਬਸੂਰਤ ਮਹਿਲ ਵਰਗਾ ਰਿਜ਼ੋਰਟ ਬਣਿਆ ਸੀ । ਝੀਲ ਦੇ ਵਿਚ ਆਕਰਸ਼ਕ ਕਿਸ਼ਤੀਆਂ ਚੱਲ ਰਹੀਆਂ ਸਨ ਜੋ ਕਿ ਰਿਜ਼ੋਰਟ ਵਿਚ ਰਹਿਣ ਵਾਲੇ ਲੋਕਾਂ ਨੂੰ ਮੈਜਿਕ ਕਿੰਗਡਮ ਤੱਕ ਛੱਡਦੀਆਂ ਸਨ । ਪਰ ਇਸ ਤਰਾਂ ਦੇ ਰਿਜ਼ੋਰਟ ਵਿਚ ਰਹਿਣ ਲਈ ਹਜ਼ਾਰਾਂ ਡਾਲਰ ਖਰਚਣੇ ਪੈਂਦੇ ਹਨ । ਗੱਡੀ ਦੇ ਸ਼ੀਸਿਆਂ ਵਿਚੌਂ ਮੈਜਿਕ ਕਿੰਗਡਮ ਦੇ ਕਿਲੇ ਦੀ ਝਲਕ ਦਿਖਦਿਆਂ ਹੀ ਲੋਕਾਂ ਦੀਆਂ ਕਿਲਕਾਰੀਆਂ ਸ਼ੁਰੂ ਹੋ ਗਈਆਂ । ਦਰਸ਼ਕਾਂ ਵਿਚ ਅਜੀਬ ਜਿਹਾ ਜੋਸ਼ ਦਿਖ ਰਿਹਾ ਸੀ । ਆਖਿਰ ਗੱਡੀ ਮੈਜਿਕ ਕਿੰਗਡਮ ਦੇ ਸਟੇਸ਼ਨ ‘ਤੇ ਜਾ ਪਹੁੰਚੀ ।  ਟਿਕਟ ਕਾਊਂਟਰ ਤੇ ਭਾਰੀ ਭੀੜ ਜਮਾਂ ਹੋ ਰਹੀ ਸੀ । ਵੈਸੇ ਛੇ ਪਾਰਕ ਸਹੀ ਤਰੀਕੇ ਨਾਲ  ਦੇਖਣ ਦੇ ਲਈ ਘੱਟੋ ਘੱਟ ਛੇ ਦਿਨ ਚਾਹੀਦੇ ਹਨ । ਜਿਹੜੇ ਲੋਕ ਖਾਸ ਡਿਜ਼ਨੀ ਦੇਖਣ ਆਉਂਦੇ ਹਨ ਉਹ ਤਿੰਨ ਚਾਰ ਦਿਨ ਘੁੰਮਦੇ ਵੀ ਹਨ । ਇਸ ਦੇ ਲਈ ਜਿਆਦਾ ਦਿਨਾਂ ਦਾ ਸਪੈਸ਼ਲ ਸਸਤਾ ਪਾਸ ( ਟਿਕਟ ) ਹੁੰਦਾ ਹੈ । ਜੇਕਰ ਕਿਸੇ ਨੇ ਸਿਰਫ ਇਕ ਦਿਨ ਘੁੰਮਣਾ ਹੋਵੇ ਉਸ ਲਈ ਇਕ ਦਿਨ ਦਾ ਪਾਸ ( ਟਿਕਟ ) ਹੁੰਦਾ ਹੈ । ਇਸ ਪਾਸ ਦੇ ਨਾਲ ਤੁਹਾਡੀ ਇਕ ਉਂਗਲ ਦਾ ਫਿੰਗਰ ਪਰਿੰਟ (ਨਿਸ਼ਾਨ) ਵੀ ਜੋੜ ਦਿੱਤਾ ਜਾਂਦਾ ਹੈ ਤਾਂ ਕਿ ਇਹ ਪਾਸ ਸਿਰਫ ਤੁਸੀਂ ਹੀ ਵਰਤ ਸਕੌਂ, ਜਿੰਨੇ ਵਾਰ ਵੀ ਤੁਸੀਂ ਕਿਸੇ ਪਾਰਕ ਦੇ ਵਿਚ ਦਾਖਲ ਹੋਵੋਂਗੇ ਤੁਹਾਨੂੰ ਟਿਕਟ ਦੇ ਨਾਲ ਆਪਣਾ ਫਿੰਗਰ ਪਰਿੰਟ ਵੀ ਦੇਣਾ ਪੈਂਦਾ ਹੈ । ਇਕ ਦਿਨ ਦੀ ਟਿਕਟ ਤਕਰੀਬਨ ਨੱਬੇ ਡਾਲਰ ਹੁੰਦੀ ਹੈ,  ਟਿਕਟ ਕਾਊਂਟਰਾਂ ਦੀਆਂ ਲਾਈਨਾਂ ਵਿਚ ਭੀੜ ਵਧਦੀ ਜਾ ਰਹੀ ਸੀ ਤੇ ਲੋਕ  ਟਿਕਟਾਂ ਲੈ ਕੇ ਅੱਗੇ ਜਾ ਰਹੇ ਸਨ । ਪਰਾਂਜਲ ਦੀ ਦੋਸਤ ਨੇ ਸਾਨੂੰ ਆ ਕੇ ਚਾਰ ਪਾਸ ਦਿੱਤੇ ਤੇ ਸਾਨੂੰ ਅੰਦਰ ਦਾਖਲ ਕਰਵਾ ਕੇ ਉਹ ਚਲੀ ਗਈ । ਅੰਦਰ ਵੜਦੇ ਹੀ ਭਾਪ ਇੰਜਨ ਵਾਲੀ ਗੱਡੀ ਤੇ ਨਜ਼ਰ ਪਈ ਜੋ ਕਿ ਮੇਨ ਗੇਟ ਦੇ ਬਾਦ ਥੋੜੀ ਉੱਚਾਈ ਤੇ ਬਣੀ ਸੀ ਇਹ ਵੀ ਲੋਕਾਂ ਨੂੰ ਪਾਰਕ ਦੀ ਸੈਰ ਕਰਵਾਉਂਦੀ ਸੀ । ਹਰ ਝੂਲੇ ਦੇ ਅੱਗੇ ਜਾਂ ਆਕਰਸ਼ਣ ਦੇ ਅੱਗੇ ਟਾਇਮ ਵੇਟਿੰਗ ਲਿਖੀ ਹੁੰਦੀ ਸੀ ਕਿ ਜੇਕਰ ਤੁਸੀਂ ਹੁਣ ਖੜੋਂਗੇ ਤਾਂ ਤੁਹਾਡੀ ਵਾਰੀ 35 ਜਾਂ 40 ਮਿੰਟਾਂ ਬਾਦ ਆਏਗੀ, ਅੰਦਰ ਇਕ ਛੋਟੇ ਗਰਾਊਂਡ ਦੇ ਵਿਚ ਡੋਨਲਡ ਡੱਕ ਦੇ ਕੱਪੜੇ ਪਾ ਕੇ ਇਕ ਵਿਅਕਤੀ ਖੜਾ ਸੀ ਉਸ ਨਾਲ ਫੋਟੋ ਖਿਚਵਾਉਣ ਦੀ ਵੇਟਿੰਗ ਇਕ ਘੰਟੇ ਦੀ ਦਿਖਾਈ ਜਾ ਰਹੀ ਸੀ ਕਿਉਂ ਕਿ ਬੱਚਿਆਂ ਦੇ ਲਈ ਸੁਪਨਿਆਂ ਦੀ ਦੁਨੀਆ ਹੀ ਅਸਲ ਦੁਨੀਆ ਹੈ ਉਹਨਾਂ ਲਈ ਮਿੱਕੀ ਮਾਊਸ, ਡੋਨਲਡ ਡੱਕ  ਜਾਂ ਹੋਰ ਕਾਰਟੂਨ ਹੀ ਅਸਲ ਹੀਰੋ ਹੁੰਦੇ ਹਨ । ਸੜਕ ਦੇ ਵਿਚਕਾਰ ਇਕ ਟਰਾਮ ਚੱਲ ਰਹੀ ਸੀ ਜਿਸ ਨੂੰ ਕਿ ਘੋੜਿਆਂ ਵੱਲੋਂ ਖਿੱਚਿਆ ਜਾ ਰਿਹਾ ਸੀ ਤੇ ਬਿਲਕੁਲ ਸਾਹਮਣੇ ਸਿੰਡਰੇਲਾ ਕਾਸਲ ( ਕਿਲਾ ) ਬਣਿਆ ਦਿਖਾਈ ਦੇ ਰਿਹਾ ਸੀ । ਸੜਕ ਦੇ ਉੱਤੇ ਡਿਜ਼ਨੀ ਦੇ ਕੈਮਰਾਮੈਨ ਖੜੇ ਸਨ ਜੋ ਕਿ ਲੋਕਾਂ ਦੀਆਂ ਫੋਟੋਆਂ ਖਿੱਚ ਰਹੇ ਸਨ, ਨਾਲ ਨਾਲ ਬਹੁਤ ਖੂਬਸੂਰਤ ਢੰਗ ਨਾਲ ਸਜਾਈਆਂ ਦੁਕਾਨਾਂ ਤੇ ਲੋਕਾਂ ਦੀਆਂ ਭੀੜਾਂ ਜੁਟ ਰਹੀਆਂ ਸਨ । ਇਕ ਅਲੱਗ ਹੀ ਵਾਤਾਵਰਣ ਦਿਖਾਈ ਦੇ ਰਿਹਾ ਸੀ, ਲੋਕ ਡਿਜ਼ਨੀ ਦੇ ਰੰਗਾਂ ਵਿਚ ਰੰਗੇ ਜਾ ਰਹੇ ਸਨ ਕਿਸੇ ਨੇ ਅਜੀਬ ਜਿਹੇ ਮੁਖੋਟੇ ਪਾਏ ਹੋਏ ਸਨ, ਕਿਸੇ ਨੇ ਅਜੀਬ ਜਿਹੇ ਕੰਨ ਤੇ ਨੱਕ ਲਾਏ ਹੋਏ ਸੀ ਤੇ ਕਿਸੇ ਨੇ ਫੇਸਪੇਂਟ  ਕਰਵਾਇਆ ਹੋਇਆ ਸੀ । ਕਿਲੇ ਤੋਂ ਪਹਿਲਾਂ ਇਕ ਛੋਟੀ ਝੀਲ ਬਣੀ ਸੀ ਜਿਸ ਦੇ ਪੁਲ ਨੂੰ ਪਾਰ ਕਰਕੇ ਕਿਲੇ ਦੀ ਦੂਰੀ ਸਿਰਫ  200 ਮੀਟਰ ਰਹਿ ਜਾਂਦੀ ਹੈ ਤੇ ਉੱਥੇ ਮਿੱਕੀ ਮਾਊਸ ਤੇ ਉਸ ਦੇ ਪਿਤਾਮਾ ਵਾਲਟ ਡਿਜ਼ਨੀ ਦਾ ਕਿਸੇ ਧਾਤ ਦਾ ਬਣਿਆ ਪੁਤਲਾ ਲੱਗਿਆ ਹੈ । ਕਿਲੇ ਦੀਆਂ ਕੰਧਾਂ ਸਫੇਦ ਤੇ ਕਰੀਮ ਰੰਗ ਦੀਆਂ ਬਣੀਆਂ ਹਨ ਤੇ ਉੱਤੇ ਤਿਕੋਣੀ ਛੱਤਾਂ ਤੇ ਨੀਲਾ ਰੰਗ ਕੀਤਾ ਹੋਇਆ ਹੈ । ਛੱਤਾਂ ਦੇ ਉੱਤਲੇ ਹਿੱਸਿਆਂ ਤੇ ਸੁਨਹਿਰੀ ਰੰਗ ਕੀਤਾ ਹੋਇਆ ਹੈ, ਨਾਲ ਹੀ ਇਕ ਮਜ਼ਬੂਤ ਤਾਰ ਉੱਪਰ ਤੋਂ ਥੱਲੇ ਧਰਤੀ ਨੂੰ ਜਾਂਦੀ ਦਿਖਾਈ ਦਿੰਦੀ ਹੈ ਕਹਿੰਦੇ ਹਨ ਕਿ ਮਿੱਕੀ ਮਾਊਸ ਦਾ ਪੁਤਲਾ ਰਾਤ ਨੂੰ ਇਸ ਤਾਰ ਦੇ ਸਹਾਰੇ ਨਾਲ ਉੱਪਰ ਮਹਿਲ ਵਿਚ ਜਾਂਦਾ ਹੈ । ਕਿਲੇ  ਵਿਚੋਂ ਦੀ ਲੋਕ ਸਿਰਫ ਲੰਘ ਰਹੇ ਸਨ ਪਰ ਕਿਲੇ ਅੰਦਰ ਕੋਈ ਵੀ ਨਹੀਂ ਜਾ ਸਕਦਾ ਸੀ ਥੱਲੇ ਰਸਤੇ ਵਿਚ ਕੰਧਾਂ ਤੇ ਬਹੁਤ ਖੂਬਸੂਰਤ ਪੇਟਿੰਗ ਬਣੀਆਂ ਹੋਈਆਂ ਹਨ ਨਾਲ ਹੀ ਇਕ ਚੁੰਡ ਤੇ ਕੁੜੀਆਂ ਦਾ ਬਿਊਟੀ ਪਾਰਲਰ ਬਣਿਆ ਹੋਇਆ ਹੈ ਜਿਸ ਵਿਚ ਨੌਜਵਾਨ ਕੁੜੀਆਂ ਦੇ ਨਾਲ ਨਾਲ ਛੋਟੀਆਂ ਬੱਚੀਆਂ ਵੀ ਬੈਠ ਕੇ ਆਪਣੇ ਵਾਲਾਂ ਨੂੰ ਰਾਜਕੁਮਾਰੀ ਵਾਂਗ ਬਣਵਾ ਰਹੀਆਂ ਸਨ, ਸੁਨਹਿਰੀ ਵਾਲਾਂ ਵਾਲੀਆਂ ਬੱਚੀਆਂ ਤਿਆਰ ਹੋ ਕੇ ਵਾਕਿਆ ਹੀ ਰਾਜਕੁਮਾਰੀ ਦਾ ਭੁਲੇਖਾ ਪਾ ਰਹੀਆਂ ਸਨ । ਕਿਲਾ ਲੰਘ ਕੇ ਆਕਰਸ਼ਣਾਂ ਦੀ ਦੁਨੀਆਂ ਵਿਚ ਆ ਜਾਂਦੀ ਹੈ ਪਰ 35-40 ਮਿੰਟ ਦੀ ਵੇਟਿੰਗ ਹਰ ਪਾਸੇ ਚਲ ਰਹੀ ਸੀ, ਪਰਾਂਜਲ ਕਹਿੰਦਾ ਇਟਸ ਸਮਾਲ ਵਲਰਡ ਆਕਰਸ਼ਣ ਦੇਖ ਲੈਂਦੇ ਹਾਂ ਉਸ ਦੀ ਵੇਟਿੰਗ 20 ਮਿੰਟ ਹੈ ਅਸੀ ਸਭ ਲਾਈਨ ਦੇ ਵਿਚ ਜਾ ਖਲੋਤੇ, ਦਾਖਲੇ ਤੋਂ ਪਹਿਲਾਂ ਬੱਚੇ ਦਾ ਦੀ ਬੱਗੀ ਜਾਂ ਹੋਰ ਫਾਲਤੂ ਸਮਾਨ ਤੁਹਾਨੂੰ ਬਾਹਰ ਰੱਖਣਾ ਪੈਂਦਾ ਹੈ । ਹੈਰਾਨੀ ਦੀ ਗੱਲ ਇਹ ਹੈ ਕਿ ਸਕਿਉਰਟੀ ਦਾ ਕੋਈ ਵੀ ਆਦਮੀ ਪੂਰੇ ਪਾਰਕਾਂ ਵਿਚ ਦਿਖਾਈ ਨਹੀਂ ਦਿੱਤਾ, ਪਰ ਸਕਿਉਰਟੀ ਕੈਮਰੇ ਚੱਪੇ ਚੱਪੇ ਤੇ ਲੱਗੇ ਦਿਖਾਈ ਦੇ ਰਹੇ ਸਨ, ਨਾਲ ਹੀ ਡਿਜ਼ਨੀ ਦੇ ਕਰਮਚਾਰੀ ਲੋਕਾਂ ਨੂੰ ਬੜੇ ਪਿਆਰ ਨਾਲ ਪਾਰਕ ਬਾਰੇ ਦੱਸ ਰਹੇ ਸਨ । ਲੋਕ ਬੇਖੌਫ ਹੋ ਕੇ ਆਪਣਾ ਸਮਾਨ ਬਾਹਰ ਰੱਖ ਕੇ ਅੰਦਰ ਜਾ ਰਹੇ ਸੀ । ਅਪਾਹਜ ਲੋਕਾਂ ਦੇ ਲਈ ਵਿਸ਼ੇਸ ਤੌਰ ਤੇ ਰੈਂਪ ਬਣਾਇਆ ਹੋਇਆ ਹੈ ਨਾਲੇ ਉਹਨਾਂ ਨੂੰ ਅੰਦਰ ਜਾਣ ਦੀ ਪਹਿਲ ਦਿੱਤੀ ਜਾਂਦੀ ਹੈ । ਇਸ ਵਿਚ ਜਾਣ ਦੇ ਲਈ ਕਿਸ਼ਤੀਆਂ ਤੇ ਬੈਠਣਾ ਹੁੰਦਾ ਸੀ ਜੋ ਕਿ ਇਕ ਖਾਸ ਚੈਨ ਦੇ ਨਾਲ ਜੁੜੀਆਂ ਹੋਣ ਕਾਰਨ ਆਟੋਮੈਟਿਕ ਚੱਲ ਰਹੀਆ ਸਨ । ਸਾਡੀ ਵਾਰੀ ਆਉਣ ਤੇ ਅਸੀਂ ਵੀ ਬੈਠ ਕੇ ਜਾ ਪਹੁੰਚੇ ਸੁਰੰਗ ਦੇ ਅੰਦਰ ਜਿੱਥੇ ਕਿ ਵੱਖ ਦੇਸ਼ਾਂ ਤੇ ਕੁਦਰਤ ਨਾਲ ਸਬੰਧਤ  ਪਲਾਸਟਿਕ ਸ਼ੀਟਾਂ ਤੇ  ਫੋਮ ਨਾਲ ਬਣਾਈਆਂ ਝਾਕੀਆਂ ਲੱਗੀਆਂ ਹੋਈਆਂ ਸਨ ।  ਪੰਦਰਾਂ ਮਿੰਟ ਦਾ ਇਹ ਸਫਰ ਇਨਸਾਨ ਨੂੰ ਰੋਮਾਂਚਿਤ ਕਰ ਦਿੰਦਾ ਹੈ । ਇਸ ਬਾਰੇ ਬਿਆਨ ਕਰਣਾ ਬਹੁਤ ਮੁਸ਼ਕਿਲ ਹੈ । ਜਦੋਂ  ਕਿਲੇ ਤੋਂ  ਬਾਹਰ ਵਾਪਿਸ ਆ ਰਹੇ ਸੀ ਤਾਂ ਸਾਹਮਣੇ ਤੋਂ ਕਾਰਟੂਨ ਟਰੱਕਾਂ ਤੇ ਵਾਲਟ ਡਿਜ਼ਨੀ ਦੇ ਸਾਰੇ ਕਿਰਦਾਰਾਂ ਦੀ ਪਰੇਡ ਚੱਲ ਰਹੀ ਸੀ । ਸਭ ਕਿਰਦਾਰ ਸੰਗੀਤ ਤੇ ਮਸਤ ਹੋ ਕੇ ਆਪ ਵੀ ਨੱਚ ਰਹੇ ਸੀ ਤੇ ਲੋਕਾਂ ਨੂੰ ਵੀ ਨਚਾ ਰਹੇ ਸੀ, ਵਾਲਟ ਡਿਜ਼ਨੀ ਨੇ ਅਣਸੋਚੀ ਦੁਨੀਆਂ ਕਾਇਮ ਕਰ ਦਿੱਤੀ ਸੀ । ਕਿਲੇ ਦੇ ਅੱਗੇ ਵੀ ਦਿਨ ਵਿਚ ਵੱਖ ਵੱਖ ਟਾਇਮ ਤੇ ਸ਼ੋਅ ਹੁੰਦੇ ਰਹਿੰਦੇ ਹਨ । ਇਸ ਤੋਂ ਬਾਦ ਅਸੀਂ ਸੋਚਿਆ ਕਿ ਹੁਣ ਐਨੀਮਲ ਕਿੰਗਡਮ ਨੂੰ ਚਾਲੇ ਪਾਏ ਜਾਣ ਨਹੀਂ ਤਾਂ ਪੰਜ ਛੇ ਆਕਰਸ਼ਣ  ਦੇਖਣ ਦੇ ਚੱਕਰ ਵਿਚ ਸਾਰਾ ਦਿਨ ਇੱਥੇ ਲੰਘ ਜਾਣਾ ਹੈ । ਇਸ ਦੇ ਲਈ ਪਹਿਲਾਂ ਟਰੇਨ ਲੈ ਕੇ ਵਾਪਿਸ ਕਾਰ ਪਾਰਕਿੰਗ ਵਾਲੀ ਥਾਂ ਤੇ ਪਹੁੰਚੇ ਤੇ ਉੱਥੋਂ ਬੱਸ ਲੈ ਕੇ ਐਨੀਮਲ ਕਿੰਗਡਮ ਵੱਲ ਨੂੰ ਵਹੀਰਾਂ ਘੱਤ ਲਈਆਂ । ਐਨੀਮਲ ਕਿੰਗਡਮ ਵਿਚ ਸਭ ਕੁਦਰਤੀ ਦਿਖਾਉਣ ਦੀ ਕੋਸ਼ਿਸ ਕੀਤੀ ਗਈ ਹੈ ਪਰ ਕਾਫੀ ਕੁਝ ਨਕਲੀ ਬਣਾਇਆ ਹੋਇਆ ਹੈ । ਪਰ ਇਹ ਵੇਖ ਕੇ ਵੀ ਇਨਸਾਨ ਦੇ ਰੋਂਗਟੇ ਖੜੇ ਹੋ ਜਾਂਦੇ ਹਨ ਇਸ ਦੇ ਵਿਚ ਜਾਣ ਦੇ ਲਈ ਉਹੀ ਪਾਸ ਦੇ ਨਾਲ ਆਪਣਾ ਫਿੰਗਰ ਪਰਿੰਟ ਲਗਾਇਆ ਤੇ ਅੰਦਰ ਜਾ ਵੜੇ । ਇਹ ਪਾਰਕ ਵੀ ਬਹੁਤ ਵੱਡਾ ਬਣਾਇਆ ਗਿਆ ਹੈ ਜਿਸ ਨੂੰ ਕੈਂਪ ਮਿੰਨੀ ਮਿੱਕੀ, ਡਿਸਕਵਰੀ ਆਈਲੈਂਡ, ਮਿੱਕੀ'ਜ ਜੈਮੀਨ ਜੰਗਲ ਪਰੇਡ, ਵਾਈਲਡ ਅਫਰੀਕਾ ਟਰੈਕ, ਰਫੀਕੀ ਪਲੈਨਟ ਵਾਚ, ਏਸ਼ੀਆ, ਡਿਸਕਵਰੀ ਰਿਵਰ, ਡੀਨੋਲੈਂਡ ਯੂ।ਐਸ।ਏ ਨਾਮ ਦੇ ਹਿੱਸਿਆ ਵਿਚ ਵੰਡਿਆ ਹੋਇਆ ਹੈ । ਹਰ ਇਕ ਚੀਜ ਐਸੀ ਬਣਾਈ ਗਈ  ਹੈ ਕਿ ਤੁਸੀਂ ਉਸ ਨੂੰ ਦੇਖੇ ਬਿਨਾਂ ਨਹੀਂ ਰਹਿ ਸਕਦੇ ਤੇ ਇਕ ਦਿਨ ਦੇ ਵਿਚ ਸਭ ਕੁਝ ਦੇਖਿਆ ਨਹੀਂ ਜਾ ਸਕਦਾ ਸੋ ਥੋੜਾ ਖੁੱਲਾ ਟਾਇਮ ਚਾਹੀਦਾ ਹੈ । ਪਾਰਕ ਦੇ ਅੰਦਰ ਦਾਖਲ ਹੋ ਕੇ ਇਨਸਾਨ ਦੇ ਬਣਾਏ ਕੁਦਰਤੀ ਵਾਤਾਵਰਣ ਦਾ ਆਨੰਦ ਮਾਣਦੇ ਹੋਏ ਅਸੀਂ ਅੱਗੇ ਵਧਣਾ ਸ਼ੁਰੂ ਕਰ ਦਿੱਤਾ । ਪਰ ਇੱਥੇ ਵੀ ਦਆਕਰਸ਼ਣਾਂ ਦੇ ਵਿਚ 40-45 ਮਿੰਟ ਦੇ ਵੇਟਿੰਗ ਚੱਲ ਰਹੀ ਸੀ । ਏਸ਼ੀਆ ਸ਼ੈਕਸਨ ਦੇ ਫਲਾਈਟਸ ਆਫ ਵੰਡਰ ਨਾਮ ਦੇ ਸ਼ੋਅ ਦੇ ਵਿਚ ਜਿਆਦਾ ਭੀੜ ਨਹੀਂ ਸੀ ਸੋ ਉੱਥੇ ਵਾਰੀ ਆਉਣ ਤੇ ਜਾ ਬੈਠੇ । ਇਸ ਸ਼ੋਅ ਦੇ ਵਿਚ ਦੁਨੀਆਂ ਦੇ ਵੱਖ ਵੱਖ ਪੰਛੀਆਂ ਨੂੰ ਲੋਕਾਂ ਦੇ ਸਾਹਮਣੇ ਦਿਖਾਇਆ ਜਾਂਦਾ ਹੈ ਤੇ ਉਹਨਾਂ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ ਜਾਂਦੀ ਹੈ । ਇਸ ਸ਼ੋਅ ਦੇ ਖਤਮ ਹੋਣ ਪਿੱਛੋਂ ਜਦੋਂ ਥੋੜਾ ਅੱਗੇ ਵਧੇ ਤਾਂ ਹਿੰਦੀ ਵਿਚ ਲਿਖੇ ਬੋਰਡ ਅੱਖਾਂ ਅੱਗੇ ਦਿਸਣੇ ਸ਼ੁਰੂ ਹੋ ਗਏ । ਇਸ ਏਰੀਆ ਦੇ ਵਿਚ ਵੜਦੇ ਹੀ ਇਕ ਵੱਡਾ ਬੋਰਡ ਤੇ ਲਿਖਿਆ ਦਿਖਿਆ " ਵੈਲਕਮ ਟੂ ਆਨੰਦਪੁਰ " ਮੇਰੇ ਇਕ ਵਾਰ ਹੋਸ਼ ਉੱਡ ਗਏ ਕਿ ਯਾਰ ਕਮਾਲ ਕਰ ਦਿੱਤੀ ਅਮਰੀਕੀਆਂ ਨੇ। ਪਰ ਬਾਦ ਵਿਚ ਪਤਾ ਚੱਲਿਆ ਕਿ ਇਹ ਨੇਪਾਲੀ ਪਿੰਡ ਬਣਾਇਆ ਗਿਆ ਹੈ । ਹਿੰਦੀ ਤੇ ਨੇਪਾਲੀ  ਲਿਖਣ ਦੇ ਵਿਚ ਤਕਰੀਬਨ ਇਕੋ ਜਿਹੀ ਹੀ ਹੈ । ਥਾਂ ਥਾਂ ਤੇ ਅੰਗਰੇਜੀ ਤੇ ਨੇਪਾਲੀ ਭਾਸ਼ਾ ਇਕੱਠੀ ਲਿਖੀ ਹੋਈ ਸੀ । ਦੂਰ ਤੋਂ ਨਕਲੀ ਬਣਾਈ ਹੋਈ ਮਾਊਂਟ ਐਵਰਸਟ ਦੀ ਪਹਾੜੀ ਦਿਖ ਰਹੀ ਸੀ, ਜਿਸ ਵਿਚ ਰੋਲਰ ਕੋਸਟਰ ਚਲਦਾ ਦਿਖਾਈ ਦੇ ਰਿਹਾ ਸੀ । ਭਾਰਤੀ ਤੇ ਨੇਪਾਲੀ ਸੱਭਿਆਚਾਰ ਨਾਲ ਜੁੜੀਆਂ ਚੀਜਾਂ ਪਰਦਰਸ਼ਤ ਕੀਤੀਆਂ ਹੋਈਆਂ ਹਨ ਜਿਵੇਂ ਪਿੰਡ ਵਿਚ ਦੁਕਾਨਦਾਰ ਨੇ ਪੀਪਿਆਂ ਤੇ ਲਿਖ ਕੇ ਰੱਖਿਆ ਹੁੰਦਾ ਹੈ ਕਿ ਇਸ ਪੀਪੇ ਵਿਚ ਖੰਡ ਹੈ, ਦੂਜੇ ਵਿਚ ਚੋਲ ਹਨ, ਉਸੇ ਤਰਾਂ ਹੀ ਇੱਥੇ ਵੀ ਦੁਕਾਨਾਂ ਵਿਚ ਉਵੇਂ ਹੀ ਪੀਪੇ ਰੱਖੇ ਹੋਏ ਸੀ ਉੱਤੇ ਲਿਖਿਆ ਸੀ ਬਾਸਮਤੀ ਚਾਮਲ, ਅਰੋਰਾ ਏਕਾਈਸ ਗਹੂੰ ( ਕਣਕ )। ਦਰਖਤਾਂ ਉੱਤੇ ਚੁੰਨੀਆਂ ਮੋਲੀਆਂ ਲਪੇਟੀਆਂ ਹੋਈਆਂ ਸਨ, ਨਿੰਬੂ ਤੇ ਮਿਰਚਾਂ ਨਜ਼ਰ ਤੋਂ ਬਚਣ ਲਈ ਟੰਗੀਆਂ ਹੋਈਆਂ ਸਨ । ਸ਼ੋਚਾਲਿਆ ਵੀ ਬਾਹਰੋਂ ਤਾਂ ਭਾਰਤੀ ਸਟਾਇਲ ਦੇ ਬਣਾਏ ਹੋਏ ਸਨ ਪਰ ਅੰਦਰ ਤੋਂ ਅਮਰੀਕੀ ਸਟਾਇਲ ਦੇ ਸਨ । ਥਾਂ ਥਾਂ ਤੇ ਯੇਤੀ ( ਹਿਮਮਾਨਵ ) ਦੀਆਂ ਮੂਰਤੀਆਂ ਲੱਗੀਆਂ ਹੋਈਆਂ ਸਨ । ਯਾਕ ਤੇ ਯੇਤੀ ਨਾਮ ਦੇ ਕਾਫੀ ਰੈਸਟੋਰੈਂਟ ਵੀ ਬਣੇ ਹੋਏ ਹਨ । ਹੱਥ ਦੇਖਣ ਵਾਲੇ ਜੋਤਸ਼ੀ, ਕੁੱਕਰ ਠੀਕ ਕਰਣ ਵਾਲੇ ਮਿਸਤਰੀ ਤੇ ਨੇਪਾਲੀ ਫਿਲਮਾਂ ਦੇ ਪੋਸਟਰ  ਦੇ ਬੋਰਡ ਦੇਖ ਕੇ ਅਜੀਬ ਜਿਹਾ ਮਹਿਸੂਸ ਹੋ ਰਿਹਾ ਸੀ । ਕੰਧੌਲਿਆਂ ਦੇ ਵਿਚ ਛੋਟੀਆਂ ਛੋਟੀਆਂ ਦੇਵੀ ਦੇਵਤੇ ਦੀਆਂ ਮੂਰਤਾਂ ਰੱਖੀਆਂ ਹੋਈਆਂ ਸਨ ਜਿੰਨਾਂ ਅੱਗੇ ਜੋਤਾਂ ਚਲ ਰਹੀਆਂ ਸਨ । ਸਿਰਫ ਦਾਨ ਪੇਟੀ ਨਹੀਂ ਰੱਖੀ ਸੀ ਇਹਨਾਂ ਦੇ ਅੱਗੇ, ਇਹ ਗੱਲ ਚੰਗੀ ਲੱਗੀ ਕਿ ਲੜਾਈ ਤੋਂ ਬਚਾ  ਹੋ ਗਿਆ ਨਹੀਂ ਤਾਂ ਡਿਜ਼ਨੀ ਵਿਚ ਵੀ ਦਾਨ ਦੇ ਪੈਸਿਆਂ ਪਿੱਛੇ ਮਹਾਂਭਾਰਤ ਹੋ ਜਾਇਆ ਕਰਣੀ ਸੀ । ਥੋੜਾ ਅੱਗੇ  ਝੀਲ ਦੇ ਵਿਚ ਇਕ ਟਾਵਰ ਬਣਾਇਆ ਜਾ ਰਿਹਾ ਸੀ । ਜਿਸ ਦੇ ਸਿਰੇ ਤੇ ਚਾਰ ਪਾਸੇ ਨਾਗ ਦੇ ਸਟੈਚੂ ਬਣਾ ਕੇ ਲਗਾਏ ਹੋਏ ਸੀ । ਅੱਗੇ ਚੱਕਰਨਦੀ ਰਿਵਰ ਵਿਚ ਕਾਲੀ ਰਿਵਰ ਰੇਪਿਡ ਰਾਈਡ ਬਣਾਈ ਹੋਈ ਸੀ । ਪਰਾਂਜਲ ਕਹਿੰਦਾ ਕਿ ਮੈਂ ਤਾਂ ਇਸ ਵਿਚ ਬੈਠਾ ਹੋਇਆ ਹਾਂ ਤੂੰ ਤੇ ਰਿੰਕੀ ਭਾਬੀ ਚਲੇ ਜਾਉ ਤੇ ਮੈਂ ਬੱਚੇ ਨੂੰ ਸੰਭਾਲਦਾ ਹਾਂ । ਰਾਈਡ ਤੇ ਜਾਣ ਦੇ ਲਈ ਪੂਰੀ ਭੂਲ ਭੁਲੱਈਆ ਸਟਾਇਲ ਵਿਚ ਰਸਤਾ ਬਣਿਆ ਹੋਇਆ ਸੀ, ਵਿਚ ਬਹੁਤ ਸੋਹਣੇ ਮੰਦਿਰ ਬਣੇ ਹੋਏ ਸੀ ਜਿੰਨਾਂ ਨੂੰ ਕਿ ਭਾਰਤੀ ਰੀਤੀ ਰਿਵਾਜਾਂ ਮੁਤਾਬਿਕ ਸਜਾਇਆ ਹੋਇਆ ਹੈ । ਰਾਈਡ ਦੇ ਬਿਲਕੁਲ ਨਜ਼ਦੀਕ ਪਹੁੰਚ ਕੇ ਅੰਦਾਜ਼ਾ ਹੋਇਆ ਕਿ ਰਾਈਡ ਤਾਂ ਕੋਈ ਖਤਰਨਾਕ ਨਹੀਂ ਹੈ । ਪਰ ਇਸ ਰਾਈਡ ਦੇ ਵਿਚ ਬੈਠਣ ਲਈ ਲੰਡੀ ਕਮੀਜ ਤੇ ਕੈਪਰੀ ਜਾਂ ਹਾਫ ਪੈਂਟ ਤੇ ਚੱਪਲ ਪਾਉਣੀ ਵਧੀਆ ਹੈ ਕਿਉਂ ਕਿ ਇਹ ਗੋਲ ਕਿਸ਼ਤੀਆਂ  ਪਾਣੀ ਦੇ ਵਿਚੋਂ ਦੀ ਲੰਘਦੀਆਂ ਹਨ ਤੇ ਪਾਣੀ ਫੁਹਾਰਿਆਂ ਦੇ ਰੂਪ ਵਿਚ ਤੁਹਾਡੇ ਉੱਤੇ ਡਿਗਦਾ ਹੈ । ਜਿੰਨੇ ਵੀ ਲੋਕ ਰਾਈਡ ਤੋਂ ਉੱਤਰ ਰਹੇ ਸੀ ਉਹ ਸਾਰੇ ਪਾਣੀ ਦੇ ਨਾਲ ਭਿੱਜੇ ਹੋਏ ਸੀ ਪਰ ਸਾਡੇ ਤਾਂ ਟੀ ਸ਼ਰਟ, ਪੈਂਟ ਤੇ ਬੂਟ ਕਸੇ ਹੋਏ ਸੀ ਜੇ ਇਕ ਵਾਰ ਗਿੱਲੇ ਹੋ ਜਾਂਦੇ ਤਾਂ ਜਲਦੀ ਸੁੱਕਣੇ ਵੀ ਨਹੀਂ ਸਨ ਨਾਲੇ ਕੋਈ ਅਲੱਗ ਕੱਪੜੇ ਵੀ ਨਹੀਂ ਲੈ ਕੇ ਆਏ ਸੀ । ਵੈਸੇ ਸਾਡੇ ਤੋਂ ਬਿਨਾਂ ਬਾਕੀ ਸਾਰੇ ਲੋਕ ਬਨੈਣਾਂ ਤੇ ਨਿੱਕਰਾਂ ਦੇ ਵਿਚ ਸਨ । ਇਸ ਲਈ ਅਸੀਂ ਵਾਪਿਸ ਝੂਲੇ ਦੀ ਲਾਈਨ ਵਿਚੋਂ ਪੁੱਠੇ ਪੈਰੀਂ ਮੁੜ ਗਏ ।
ਚੱਲਦਾ....

No comments: