ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਗਤਾਰ ਹੋ ਰਹੀ ਬੇਅਦਬੀ ਕਿਸੇ ਪੰਥ ਦੋਖੀ ਏਜੰਸੀ ਵਲੋਂ ਸਾਜਿਸ਼ ਅਧੀਨ ਕੀਤੀ ਜਾ ਰਹੀ ਹੈ (ਬੁਲਾਰੇ)……… ਲੇਖ / ਕਿਰਪਾਲ ਸਿੰਘ ਬਠਿੰਡਾ

ਬਠਿੰਡਾ : ਲੰਘੀ 4 ਸਤੰਬਰ ਨੂੰ ਪੰਜਾਬੀ ਰੇਡੀਓ ਯੂਐੱਸਏ ’ਤੇ ਸਾਹਨੇਵਾਲਾ ਕਾਂਡ ਦੀ ਜਾਣਕਾਰੀ ਸਾਂਝੀ ਕਰਨ ਲਈ ਹੋਸਟ ਰਾਜਕਰਨਬੀਰ ਸਿੰਘ ਵੱਲੋਂ ਬਾਬਾ ਬਲਜੀਤ ਸਿੰਘ ਦਾਦੂਵਾਲ, ਮਨਵਿੰਦਰ ਸਿੰਘ ਗਿਆਸਪੁਰਾ, ਭਾਈ ਮਨਦੀਪ ਸਿੰਘ ਦੇ ਸਾਲਾ ਸਾਹਿਬ ਗੁਰਕਿਰਪਾਲ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਨਾਲ ਔਨ ਲਾਈਨ ਲਾਈਵ ਗੱਲਬਾਤ ਕੀਤੀ ਗਈ ਜਿਸ ਨੂੰ ਯੂਟਿਊਬ ਦੇ ਲਿੰਕ http://www.youtube.com/watch?v=SRtO_LIL-TA&list=UUlIjrcNgScLBbjPBUD-UREA&index=1&feature=plcp ’ਤੇ ਸੁਣਿਆ ਜਾ ਸਕਦਾ ਹੈ। ਇਸ ਗੱਲਬਾਤ ਦੌਰਾਨ ਬਾਬਾ ਬਲਜੀਤ ਸਿੰਘ ਸਮੇਤ ਸਾਰੇ ਹੀ ਬੁਲਾਰਿਆਂ ਨੇ ਖ਼ਦਸ਼ਾ ਪ੍ਰਗਟ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਲਗਤਾਰ ਹੋ ਰਹੀ ਬੇਅਦਬੀ ਕਿਸੇ ਪੰਥ ਦੋਖੀ ਏਜੰਸੀ ਵਲੋਂ ਸਾਜਿਸ਼ ਅਧੀਨ ਕੀਤੀ ਜਾ ਰਹੀ ਹੈ। ਜਦ ਤੱਕ ਇਸ ਸਾਜਿਸ਼ ਨੂੰ ਨੰਗਾ ਕਰਕੇ ਦੋਸ਼ੀਆਂ ਨੂੰ ਸਜਾ ਨਹੀਂ ਦਿੱਤੀ ਜਾਂਦੀ ਉਸ ਸਮੇਂ ਤੱਕ ਬੇਅਦਬੀ ਦੀਆਂ ਇਹ ਘਟਨਾਵਾਂ ਹੁੰਦੀਆਂ ਰਹਿਣਗੀਆਂ। ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਬੇਅਦਬੀ ਕਰਨ ਵਾਲੇ ਇਹ ਪ੍ਰਵਾਸੀ ਮਜਦੂਰ ਗੁਰਦੁਆਰੇ ਦੇ ਨੇੜੇ ਹੀ ਇੱਕ ਟਿੰਕੂ ਨਾਮੀ ਭਾਜਪਾ ਆਗੂ ਦੀ ਫੈਕਟਰੀ ਵਿੱਚ ਕੰਮ ਕਰਦੇ ਸਨ, ਤੇ ਉਹ ਉਨ੍ਹਾਂ ਨੂੰ ਛੁਡਵਾਉਣ ਲਈ ਉਸ ਸਮੇਂ ਤੱਕ ਟੈਲੀਫ਼ੋਨ ਕਰਦਾ ਰਿਹਾ ਜਦ ਤੱਕ ਭਾਈ ਮਨਦੀਪ ਸਿੰਘ ਨੇ ਉਸ ਨੂੰ ਗੋਲੀ ਨਹੀਂ ਮਾਰ ਦਿੱਤੀ ਤੇ ਸੰਗਤਾਂ ਨੇ ਰੋਸ ਵਿੱਚ ਆ ਕੇ ਜਾਮ ਲਾ ਦਿੱਤਾ ਸੀ। ਜਿਸ ਤਰ੍ਹਾਂ ਰਾਤ 10-11 ਵਜੇ ਇਹ ਘਟਨਾ ਵਾਪਰੀ ਤੇ ਦਿਨ ਦੇ 1 ਵਜੇ ਤੱਕ ਪੁਲਿਸ ਵੱਲੋਂ ਉਸ ’ਤੇ ਕੋਈ ਕੇਸ ਵੀ ਦਰਜ ਨਹੀਂ ਸੀ ਕੀਤਾ ਇਸ ਤੋਂ ਲਗਦਾ ਹੈ ਕਿ ਜੇ ਭਾਈ ਭਾਈ ਮਨਦੀਪ ਸਿੰਘ ਉਸ ਨੂੰ ਗੋਲੀ ਨਾ ਮਾਰਦਾ ਤਾਂ ਉਸ ਨੂੰ ਨਸ਼ੇ ’ਚ ਕੀਤੀ ਗਲਤੀ ਦਾ ਨਾਮ ਦੇ ਕੇ ਕੁਝ ਚਿਰ ਬਾਅਦ ਛੱਡ ਦੇਣਾ ਸੀ।

ਬਾਬਾ ਬਲਜੀਤ ਸਿੰਘ ਜਿਹੜੇ ਘਟਨਾ ਸਥਾਨ ’ਤੇ ਜਾਣ ਤੋਂ ਇਲਾਵਾ ਭਾਈ ਮਨਦੀਪ ਸਿੰਘ ਨਾਲ ਮੁਲਾਕਾਤ ਕਰਕੇ ਆਏ ਸਨ, ਨੇ ਦੱਸਿਆ ਕਿ ਸਾਹਨੇਵਾਲਾ ਮੁੱਖ ਸੜਕ ’ਤੇ ਗੁਰੂ ਅਰਜੁਨ ਸਾਹਿਬ ਜੀ ਦੇ ਨਾਮ ਦਾ ਕਾਫੀ ਵੱਡਾ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ। ਉਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੇ ਸਬੰਧ ਵਿੱਚ 30 ਅਗਸਤ ਨੂੰ ਸ਼੍ਰੀ ਅਖੰਡ ਪਾਠ ਪ੍ਰਕਾਸ਼ ਹੋਇਆ ਸੀ ਜਿਸ ਦਾ ਭੋਗ 1 ਸਤੰਬਰ ਨੂੰ ਪੈਣਾ ਸੀ। ਪਹਿਲੀ ਹੀ ਰਾਤ 10 ਤੋਂ 12 ਵਜੇ ਵਾਲੀ ਰੌਲ ਦੇ ਦੌਰਾਨ ਤਕਰੀਬਨ 10-10.30 ਵਜੇ ਪ੍ਰਵਾਸੀ ਮਜਦੂਰ ਦਲੀਪ ਕੁਮਾਰ ਤੇ ਉਸ ਦੇ 5-6 ਹੋਰ ਸਾਥੀ ਜੋ ਨਸ਼ੇ ਦੀ ਹਾਲਤ ਵਿੱਚ ਸਨ ਗੁਰਦੁਆਰੇ ਦੀ ਚਾਰਦੀਵਾਰੀ ਵਾਲੀ ਕੰਧ ਟੱਪ ਕੇ ਆਏ। ਜਿਸ ਸਥਾਨ ’ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਸੀ ਉਸ ਦੇ ਮਗਰਲੇ ਪਾਸੇ ਲੱਗੇ ਅਲਮੀਨੀਅਮ ਦੇ ਦਰਵਾਜ਼ੇ ਦਾ ਸੀਸ਼ਾ ਭੰਨ ਕੇ ਦਲੀਪ ਕੁਮਾਰ ਗੁਰਦੁਆਰਾ ਸਾਹਿਬ ਦੇ ਮੁੱਖ ਹਾਲ ’ਚ ਦਾਖ਼ਲ ਹੋਇਆ ਤੇ ਪਾਠ ਕਰ ਰਹੇ ਪਾਠੀ ਨੂੰ ਜੱਫਾ ਮਾਰ ਕੇ ਥੱਲੇ ਸੁੱਟ ਦਿੱਤਾ। ਜਿਥੇ ਪਾਠ ਚੱਲ ਰਿਹਾ ਸੀ, ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਪਾਵਨ ਪੱਤਰਾ ਪਾੜ ਕੇ ਆਪਣੇ ਹੱਥ ਵਿੱਚ ਮਰੋੜ ਕੇ ਫੜ ਲਿਆ। ਸੀਸ਼ਾ ਟੁੱਟਣ ਦੀ ਆਵਾਜ਼ ਸੁਣ ਕੇ ਦੂਸਰਾ ਗ੍ਰੰਥੀ ਜਿਹੜਾ ਕਿ ਗੁਰਦੁਆਰਾ ਹਾਲ ਕਾਫੀ ਵੱਡਾ ਹੋਣ ਕਰਕੇ ਦੂਸਰੇ ਪਾਸੇ ਪਿਆ ਸੀ, ਉਹ ਉਠ ਖੜ੍ਹਾ ਤੇ ਪਾਠ ਕਰ ਰਹੇ ਜਿਸ ਪਾਠੀ ਨੂੰ ਥੱਲੇ ਸੁੱਟਿਆ ਸੀ ਉਹ ਵੀ ਆਪਣੇ ਆਪ ਨੂੰ ਸੰਭਾਲ ਕੇ ਖੜ੍ਹਾ ਹੋ ਗਿਆ ਤੇ ਉਨ੍ਹਾਂ ਨੇ ਪੰਜ ਸੱਤ ਦਲੀਪ ਕੁਮਾਰ ਦੇ ਲਾਈਆਂ ਤਾਂ ਉਹ ਛੁਡਾ ਕੇ ਹਾਲ ’ਚੋਂ ਬਾਹਰ ਭੱਜ ਗਿਆ। ਜਿਸ ਪਾਸੇ ਗੁਰਦੁਆਰੇ ਦੀ ਬਾਊਂਡਰੀ ਟੱਪ ਕੇ ਬਾਹਰ ਜਾਣ ਦੀ ਕੋਸ਼ਿਸ਼ ਕੀਤੀ ਉਸ ਪਾਸੇ ਮੁੱਖ ਗ੍ਰੰਥੀ ਆਪਣੇ ਕਮਰੇ ਵਿੱਚ ਅਰਾਮ ਕਰ ਰਿਹਾ ਸੀ ਉਹ ਵੀ ਖੜਾਕ ਤੇ ਰੌਲਾ ਸੁਣ ਕੇ ਉਠ ਪਿਆ ਤੇ ਉਸ ਨੇ ਦਲੀਪ ਕੁਮਾਰ ਦੇ ਮੂੰਹ ’ਤੇ ਡੰਡਾ ਮਾਰਿਆ ਜਿਸ ਨਾਲ ਉਹ ਥੱਲੇ ਡਿੱਗ ਪਿਆ। ਉਸ ਦੇ ਨਾਲ ਵਾਲੇ ਤਾਂ ਭੱਜਣ ਵਿੱਚ ਸਫਲ ਹੋ ਗਏ ਪਰ ਦਲੀਪ ਕੁਮਾਰ ਨੂੰ ਫੜ ਲਿਆ। ਇੰਨੇ ਨੂੰ ਪਿੰਡ ਵਾਲੇ ਵੀ ਰੌਲਾ ਸੁਣ ਕੇ ਇਕੱਠੇ ਹੋ ਗਏ ਤੇ ਦਲੀਪ ਕੁਮਾਰ ਦੀ ਚੰਗੀ ਗਿੱਦੜ ਕੁੱਟ ਕੀਤੀ ਗਈ ਤੇ ਉਸ ਦੇ ਹੱਥ ਵਿੱਚੋਂ ਗੁਰੂ ਮਹਾਰਾਜ ਦਾ ਪਾੜਿਆ ਹੋਇਆ ਪਾਵਨ ਪੱਤਰਾ ਖੋਹ ਲਿਆ। ਦਲੀਪ ਕੁਮਾਰ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ। ਉਸ ਦੀ ਨਿਸ਼ਾਨਦੇਹੀ ’ਤੇ ਬਾਕੀ ਦੇ ਕੁਝ ਸਾਥੀ ਪ੍ਰਵਾਸੀ ਵੀ ਪੁਲਿਸ ਨੇ ਫੜ ਲਏ।

ਬਾਬਾ ਬਲਜੀਤ ਸਿੰਘ ਨੇ ਦੱਸਿਆ ਕਿ ਅਗਲੇ ਦਿਨ ਪੁਲਿਸ ਨੇ ਗ੍ਰੰਥੀ ਤੇ ਪਿੰਡ ਵਾਲਿਆਂ ਨੂੰ ਬਿਆਨ ਦਰਜ ਕਰਵਾਉਣ ਲਈ ਥਾਣੇ ਬੁਲਾਇਆ ਸੀ। ਭਾਈ ਮਨਦੀਪ ਸਿੰਘ ਜੋ ਕਿ ਪਿਛਲੇ ਸਮੇਂ ’ਚ ਇਟਲੀ ਰਹਿੰਦਾ ਸੀ ਤੇ ਪਿਛਲੇ 3 ਕੁ ਸਾਲ ਤੋਂ ਵਾਪਸ ਆਪਣੇ ਪਿੰਡ ਵਿੱਚ ਆ ਕੇ ਰਹਿਣ ਲੱਗ ਪਿਆ ਸੀ ਉਹ ਆਪਣੀ ਕਾਰ ਰਾਹੀਂ ਕੋਲੋਂ ਦੀ ਲੰਘ ਰਿਹਾ ਸੀ ਉਹ ਵੀ ਲੋਕਾਂ ਦਾ ਇਕੱਠ ਵੇਖ ਕੇ ਥਾਣੇ ਚਲਾ ਗਿਆ। ਪੁਲਿਸ ਨੇ ਚਾਰ ਪੰਜ ਘੰਟੇ ਪੰਚਾਇਤ ਨੂੰ ਉਥੇ ਬਿਠਾਈ ਰੱਖਿਆ ਸੀ ਤੇ ਉਸ ਸਮੇਂ ਤੱਕ ਕੋਈ ਕਾਰਵਾਈ ਨਹੀਂ ਸੀ ਕੀਤੀ। ਉਸ ਦੌਰਾਨ ਜਦੋਂ ਰਪਟ ਵਿੱਚ ਨਾਮ ਲਿਖਣ ਲਈ ਇੱਕ ਸਿਪਾਹੀ ਦਲੀਪ ਕੁਮਾਰ ਤੋਂ ਉਸ ਦਾ ਨਾਮ ਪੁੱਛਣ ਲਈ ਹਾਵਾਲਾਤ ਗਿਆ ਤਾਂ ਭਾਈ ਮਨਦੀਪ ਸਿੰਘ ਵੀ ਉਸ ਦੇ ਪਿੱਛੇ ਚਲਾ ਗਿਆ। ਉਸ ਨੇ ਜਦ ਦਲੀਪ ਕੁਮਾਰ ਤੋਂ ਪੁੱਛਿਆ ਕਿ ਤੂੰ ਏਡੀ ਵੱਡੀ ਘਟਨਾ ਕਿਉਂ ਕਰ ਦਿੱਤੀ ਤਾਂ ਗੱਲਬਾਤ ਦੌਰਾਣ ਉਸ ਨੇ ਵੇਖਿਆ ਕਿ ਉਸ ਦੇ ਚਿਹਰੇ ਜਾਂ ਮਨ ਵਿੱਚ ਕੋਈ ਪਸਚਾਤਾਪ ਨਹੀਂ ਸੀ। ਇਹ ਵੇਖ ਕੇ ਭਾਈ ਮਨਦੀਪ ਸਿੰਘ ਨੂੰ ਗੁੱਸਾ ਆ ਗਿਆ ਤੇ ਬਾਹਰ ਆ ਕੇ ਆਪਣੇ ਲਾਇਸੰਸੀ ਰੀਵਾਲਵਰ ’ਚ 6 ਗੋਲੀਆਂ ਭਰ ਕੇ ਕੁਝ ਸਮੇਂ ਬਾਅਦ ਮੁੜ ਆਇਆ ਤੇ ਉਸ ਨੂੰ ਇੱਕ ਵਾਰ ਫਿਰ ਪੁੱਛਿਆ ਕਿ ਤੂੰ ਇਹ ਗਲਤੀ ਕਿਉਂ ਕੀਤੀ ਹੈ, ਤੇ ਕੀ ਹੁਣ ਤੈਨੂੰ ਇਸ ਗਲਤੀ ਦਾ ਕੋਈ ਪਸ਼ਚਾਤਾਪ ਹੈ? ਉਸ ਵੱਲੋਂ ਕੋਈ ਤਸੱਲੀਬਖ਼ਸ਼ ਸਪਸ਼ਟੀਕਰਣ ਨਾ ਦਿਤੇ ਜਾਣ ਅਤੇ ਪਸ਼ਚਾਤਾਪ ਨਾ ਕੀਤੇ ਜਾਣ ਕਰਕੇ ਉਸ ਨੇ ਦਲੀਪ ਕੁਮਾਰ ਦੇ ਤਿੰਨ ਗੋਲੀਆਂ ਮਾਰੀਆਂ ਜੋ ਉਸ ਦੇ ਪੇਟ ’ਚ ਲੱਗੀਆਂ। ਚੌਥੀ ਗੋਲੀ ਚਲਾਉਣ ਲੱਗਾ ਤਾਂ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।

ਬਾਬਾ ਦਾਦੂਵਾਲ ਨੇ ਦੱਸਿਆ ਕਿ ਇਸ ਘਟਨਾ ਦੀ ਖ਼ਬਰ ਮੋਬਾਈਲਾਂ ਰਾਹੀਂ ਸਾਰੀਆਂ ਜਥੇਬੰਦੀਆਂ ਸਮੇਤ ਉਨ੍ਹਾਂ ਕੋਲ ਵੀ ਪਹੁੰਚ ਗਈ ਇਸ ਲਈ ਵੱਡੀ ਗਿਣਤੀ ਵਿੱਚ ਸੰਗਤ ਉਥੇ ਇਕੱਠੀ ਹੋ ਗਈ ਤੇ ਜਾਮ ਲਗਾ ਦਿੱਤਾ। ਬਾਬਾ ਦਾਦੂਵਾਲ ਨੇ ਅਫਸਰਾਂ ਨੂੰ ਮੋਬਾਈਲਾਂ ਰਾਹੀਂ ਕਿਹਾ ਕਿ ਭਾਈ ਮਨਦੀਪ ਸਿੰਘ ’ਤੇ ਕੋਈ ਤਸ਼ੱਦਦ ਕੀਤਾ ਗਿਆ ਤਾਂ ਸਿੱਖ ਜਥੇਬੰਦੀਆਂ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ। ਬਾਬਾ ਦਾਦੂਵਾਲ ਨੇ ਦੱਸਿਆ ਕਿ ਇਤਨੇ ਵਿੱਚ ਉਹ ਖ਼ੁਦ ਵੀ ਉਥੇ ਪਹੁੰਚ ਗਏ ਤੇ ਸੰਗਤਾਂ ਦਾ ਦਬਾਓ ਵਧਣ ਕਾਰਣ ਪੁਲਿਸ ਨੇ ਭਾਈ ਮਨਦੀਪ ਸਿੰਘ ’ਤੇ ਕੋਈ ਤਸ਼ੱਦਦ ਨਹੀਂ ਕੀਤਾ ਅਤੇ 307 ਦਾ ਕੇਸ ਦਰਜ ਕਰਕੇ ਉਸੇ ਰਾਤ ਲੁਧਿਆਣਾ ਜੇਲ੍ਹ ਵਿੱਚ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਅਗਲੇ ਦਿਨ ਉਹ ਭਾਈ ਮਨਦੀਪ ਸਿੰਘ ਨੂੰ ਜੇਲ੍ਹ ਵਿੱਚ ਮਿਲ ਕੇ ਆਏ ਹਨ ਉਹ ਪੂਰੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਹਨ ਤੇ ਉਨ੍ਹਾਂ ਨੂੰ ਆਪਣੇ ਕੀਤੇ ਦਾ ਕੋਈ ਅਫਸੋਸ ਨਹੀਂ ਹੈ ਸਗੋਂ ਗੁਰੂ ਦਾ ਧੰਨਵਾਦ ਕਰਦੇ ਹਨ ਕਿ ਇਹ ਸੇਵਾ ਉਨ੍ਹਾਂ ਆਪ ਮੇਰੇ ਕੋਲੋਂ ਲੈ ਲਈ ਹੈ।

ਅਖੀਰ ’ਤੇ ਬਾਬਾ ਦਾਦੂਵਾਲ ਨੇ ਗਿਲਾ ਕੀਤਾ ਕਿ ਐਡੀ ਵੱਡੀ ਘਟਨਾ ਹੋ ਗਈ ਪਰ ਇੱਕ ਦੋ ਨੂੰ ਛੱਡ ਕੇ ਉਥੇ ਕੋਈ ਸੰਤ, ਪ੍ਰਚਾਰਕ, ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਜਾਂ ਮੈਂਬਰ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਤੇ ਪ੍ਰਚਾਰ ਕਰਦੇ ਹਨ, ਗੁਰੂ ਦੇ ਨਾਮ ਦਾ ਖਾਂਦੇ ਹਨ ਜਾਂ ਕੋਈ ਹੋਰ ਪੰਥਕ ਆਗੂ ਉਥੇ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਮੇਰੇ ਦਿਲ ਦੀ ਬਾਈਪਾਸ ਸਰਜਰੀ ਹੋਈ ਸੀ ਤੇ ਇੱਕ ਦਿਨ ਪਹਿਲਾਂ ਹੀ ਟਾਂਕੇ ਕੱਟੇ ਸਨ ਤਾਂ ਵੀ ਇਹ ਹਿਰਦੇਵੇਦਕ ਘਟਨਾ ਸੁਣ ਕੇ ਉਹ ਤੁਰੰਤ ਘਟਨਾ ਸਥਾਨ ’ਤੇ ਪਹੁੰਚਿਆ ਇਸੇ ਤਰ੍ਹਾਂ ਬਾਕੀਆਂ ਦਾ ਵੀ ਫਰਜ ਬਣਦਾ ਸੀ ਕਿ ਉਹ ਸਾਰੇ ਪਹੁੰਚ ਕੇ ਪੰਥਕ ਇਕੱਠ ਦਾ ਸਬੂਤ ਦਿੰਦੇ। ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ’ਤੇ ਗਿਲਾ ਕਰਦੇ ਹੋਏ ਬਾਬਾ ਦਾਦੂਵਾਲ ਨੇ ਕਿਹਾ ਪਹਿਲਾਂ ਤਾਂ ਉਨ੍ਹਾਂ ਨੇ ਬਿਆਨ ਦਿੱਤਾ ਕਿ ਭਾਈ ਮਨਦੀਪ ਸਿੰਘ ਨੂੰ ਕਾਨੂੰਨ ਆਪਣੇ ਹੱਥ ਵਿੱਚ ਨਹੀਂ ਸੀ ਲੈਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਪ੍ਰਵਾਸੀ ਮਜਦੂਰਾਂ ਦੀਆਂ ਭਾਵਨਾਵਾਂ ਭੜਕ ਸਕਦੀਆਂ ਹਨ ਜਿਸ ਨਾਲ ਦੰਗੇ ਫਸਾਦ ਹੋ ਸਕਦੇ ਹਨ। ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਪ੍ਰਵਾਸੀ ਮਜਦੂਰਾਂ ਦੀਆਂ ਭਾਵਨਾਵਾਂ ਦਾ ਤਾਂ ਖ਼ਿਆਲ ਹੈ ਪਰ ਗੁਰੂ ਗ੍ਰੰਥ ਸਾਹਿਬ ਦੀ ਹਰ ਰੋਜ ਬੇਅਦਬੀ ਕੀਤੀ ਜਾਂਦੀ ਹੈ, ਸਿੱਖਾਂ ਦੀਆਂ ਕੋਈ ਭਾਵਨਾਵਾਂ ਹੀ ਨਹੀਂ! ਕੀ ਸਿੱਖਾਂ ਦੀਆਂ ਭਾਵਨਾਵਾਂ ਨਹੀ ਭੜਕਣਗੀਆਂ? ਬਾਬਾ ਦਾਦੂਵਾਲ ਨੇ ਕਿਹਾ 2 ਤਰੀਕ ਨੂੰ ਪਿੰਡ ਨਿਵਾਸੀਆਂ ਵੱਲੋਂ ਪਸਚਾਤਾਪ ਵੱਜੋਂ ਸ਼੍ਰੀ ਅਖੰਡਪਾਠ ਦਾ ਭੋਗ ਪਾਇਆ ਗਿਆ। ਜਥੇਦਾਰ ਅਕਾਲ ਤਖ਼ਤ ਤੇ ਪ੍ਰਧਾਨ ਮੱਕੜ ਦੋਵੇਂ ਉਥੇ ਪਹੁੰਚੇ। ਉਨ੍ਹਾਂ ਨੇ ਨਾ ਤਾਂ ਭਾਈ ਮਨਦੀਪ ਸਿੰਘ ਦੇ ਪ੍ਰਵਾਰ ਦਾ ਸਨਮਾਨ ਕੀਤਾ ਤੇ ਨਾ ਹੀ ਜਾਗਤਜੋਤ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਤ ਦਿਹਾੜੇ ਹੋ ਰਹੀ ਬੇਅਦਬੀ ਰੋਕਣ ਲਈ ਕੋਈ ਪ੍ਰੋਗਰਾਮ ਦਿੱਤਾ ਬੱਸ ਐਵੇਂ ਹੀ ਗੋਗਲੂਆਂ ਤੋਂ ਮਿੱਟੀ ਝਾੜ ਕੇ ਚਲੇ ਗਏ। ਬਾਬਾ ਦਾਦੂਵਾਲ ਨੇ ਕਿਹਾ ਪੰਥ ਨੇ ਮਹਾਨ ਕੁਰਬਾਨੀਆਂ ਦੇਣ ਪਿੱਛੋਂ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਲਿਆਂਦੀ ਹੈ, ਸ਼੍ਰੀ ਅਕਾਲ ਤਖ਼ਤ ਸਾਹਿਬ ਪੰਥ ਦੀ ਸਰਬ ਉਚ ਸੰਸਥਾ ਹੈ ਇਸ ਲਈ ਇਨ੍ਹਾਂ ਦੋਵਾਂ ਸੰਸਥਾਵਾਂ ਦਾ ਫਰਜ ਬਣਦਾ ਹੈ ਕਿ ਉਹ ਪੰਥ ਦੀ ਨੁਮਾਇੰਦਗੀ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ, ਪ੍ਰਚਾਰ ਤੇ ਪਾਸਾਰ ਲਈ ਕੰਮ ਕਰਨ। ਪਰ ਜਦੋਂ ਵੀ ਅਸੀਂ ਉਨ੍ਹਾਂ ਕੋਲ ਕੋਈ ਪੰਥਕ ਮਸਲਾ ਲੈ ਕੇ ਗਏ ਉਨ੍ਹਾਂ ਹਮੇਸ਼ਾਂ ਹੀ ਗੋਂਗਲੂਆਂ ਤੋਂ ਮਿੱਟੀ ਝਾੜੀ ਤੇ ਡੇਰੇਦਾਰਾਂ ਦਾ ਪੱਖ ਪੂਰਿਆ ਹੈ। ਰਾਧਾਸਵਾਮੀਆਂ ਵੱਲੋਂ ਗੁਰਦੁਆਰਾ ਢਾਹੇ ਜਾਣ ’ਤੇ ਜੇ ਅਸੀਂ ਉਨ੍ਹਾਂ ਵਿਰੁੱਧ ਆਵਾਜ਼ ਉਠਾਈ ਤਾਂ ਉਨ੍ਹਾਂ ਸਾਨੂੰ ਹੀ ਸ਼ਰਾਰਤੀ ਕਹਿਣਾ ਸ਼ੁਰੂ ਕਰ ਦਿੱਤਾ। ਇਸ ਲਈ ਹੁਣ ਅਸੀਂ ਫੈਸਲਾ ਕਰ ਲਿਆ ਹੈ ਕਿ ਅਕਾਲ ਤਖ਼ਤ ’ਤੇ ਕੋਈ ਵੀ ਮਸਲਾ ਲੈ ਕੇ ਨਹੀਂ ਜਾਣਾ। ਪਰ ਬਾਕੀ ਕੌਮ ਖਾਸ ਕਰਕੇ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਦਾ ਫਰਜ ਬਣਦਾ ਹੈ ਕਿ ਫ਼ੋਨ, ਐੱਸਐੱਮਐੱਸ ਅਤੇ ਈਮੇਲਾਂ ਰਾਹੀਂ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ’ਤੇ ਦਬਾਅ ਬਣਾਉਣ ਕੇ ਉਹ ਸਰਕਾਰ ਦੇ ਪੱਖ ਵਿੱਚ ਭੁਗਤਣ ਦੀ ਬਜ਼ਾਏ ਪੰਥ ਦੇ ਹਿੱਤਾਂ ਦੀ ਗੱਲ ਕਰਨ।

ਇਸੇ ਤਰ੍ਹਾਂ ਦੇ ਬਿਆਨ ਭਾਈ ਮਨਦੀਪ ਸਿੰਘ ਦੇ ਰਿਸ਼ਤੇਦਾਰ ਗੁਰਕਿਰਪਾਲ ਸਿੰਘ ਨੇ ਪ੍ਰਗਟ ਕਰਦੇ ਹੋਏ ਖਾਸ ਤੌਰ ’ਤੇ ਉਨ੍ਹਾਂ ਪ੍ਰਚਾਰਕਾਂ ’ਤੇ ਗਿਲਾ ਕੀਤਾ ਕਿ ਜਿਹੜੇ ਕਹਿੰਦੇ ਤਾਂ ਇਹ ਹਨ ਕਿ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਨ ਹੋਰ ਕਿਸੇ ਨੂੰ ਨਹੀਂ ਮੰਨਦੇ ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਮੌਕੇ ਉਨ੍ਹਾਂ ਵਿੱਚੋਂ ਇੱਕ ਵੀ ਨਹੀਂ ਪਹੁੰਚਦਾ। ਭਾਈ ਮਨਦੀਪ ਸਿੰਘ ਦੇ ਨਿਜੀ ਜੀਵਨ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਬਹੁਤ ਧਾਰਮਿਕ ਵਿਰਤੀ ਵਾਲੇ ਸਨ ਤੇ ਆਪਣੇ ਵਾਧੂ ਸਮੇਂ ’ਚ ਹਮੇਸ਼ਾਂ ਪਾਠ ਜਾਂ ਸਿਮਰਨ ਕਰਦੇ ਰਹਿੰਦੇ ਸਨ। ਉਨ੍ਹਾਂ ਕਿਹਾ ਕੁਝ ਦਿਨ ਪਹਿਲਾਂ ਉਹ ਗੁਰੂ ਸਾਹਿਬ ਅੱਗੇ ਇਹ ਅਰਦਾਸ ਕਰਦੇ ਵੀ ਸੁਣੇ ਗਏ ਸਨ ਕਿ ਗੁਰੂ ਮਹਾਰਾਜ ਜੀ ਸਾਰੇ ਕਸ਼ਟ ਤੁਸੀਂ ਆਪਣੇ ਉਪਰ ਹੀ ਲਈ ਜਾਂਦੇ ਹੋ ਕਦੀ ਮੇਰੇ ਵਰਗੇ ਨੂੰ ਵੀ ਸੇਵਾ ਦਾ ਮੌਕਾ ਬਖ਼ਸ਼ ਦਿਓ।

ਭਾਈ ਮਨਦੀਪ ਸਿੰਘ ਦੀ ਮਾਤਾ ਕੁਲਵਿੰਦਰ ਕੌਰ ਨੇ ਕਿਹਾ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾ ਸਹਾਰਦੇ ਹੋਏ ਗੁਰੂ ਪ੍ਰਤੀ ਆਪਣਾ ਫਰਜ਼ ਅਦਾ ਕੀਤਾ ਹੈ। ਉਨ੍ਹਾਂ ਕਿਹਾ ਉਹ ਕੁਝ ਵੀ ਕਰਨ ਜੋਗੇ ਨਹੀਂ ਸਨ, ਗੁਰੂ ਸਾਹਿਬ ਜੀ ਨੇ ਖ਼ੁਦ ਹੀ ਉਨ੍ਹਾਂ ਤੋਂ ਸੇਵਾ ਲਈ ਹੈ ਇਸ ਲਈ ਆਪਣੇ ਕੀਤੇ ’ਤੇ ਕੋਈ ਪਛੁਤਾਵਾ ਨਹੀਂ ਸਗੋਂ ਮਾਣ ਹੈ। ਉਨ੍ਹਾਂ ਇਹ ਵੀ ਕਿਹਾ ਉਨ੍ਹਾਂ ਦੇ ਪੁੱਤਰ ਮਨਦੀਪ ਸਿੰਘ ਨੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਕਿਹਾ ਹੈ ਕਿ ਗੁਰੂ ਦੀ ਸੇਵਾ ਨਿਭਾਉਣ ਦੇ ਨਾਮ ’ਤੇ ਉਨ੍ਹਾਂ ਲਈ ਕੋਈ ਫੰਡ ਇਕੱਠੇ ਨਾ ਕੀਤੇ ਜਾਣ। ਮਾਤਾ ਕੁਲਵਿੰਦਰ ਕੌਰ ਨੇ ਕਿਹਾ ਗੁਰੂ ਸਾਹਿਬ ਜੀ ਨੇ ਆਪ ਹੀ ਮੇਰੇ ਪੁੱਤਰ ਨੂੰ ਇਹ ਸੇਵਾ ਬਖ਼ਸ਼ ਕੇ ਵਡਿਆਈ ਦਿੱਤੀ ਹੈ, ਸਾਨੂੰ ਹੋਰ ਵੀ ਬਹੁਤ ਸਾਰੀਆਂ ਦਾਤਾਂ ਦਿੱਤੀਆਂ ਹਨ ਇਸ ਲਈ ਭਾਈ ਮਨਦੀਪ ਸਿੰਘ ਦਾ ਕੇਸ ਲੜਨ ਲਈ ਵੀ ਗੁਰੂ ਸਾਡੇ ਵਿੱਚ ਆਪੇ ਬਰਕਤ ਪਾਏਗਾ, ਸਾਡੇ ਨਾਮ ’ਤੇ ਕੋਈ ਵੀ ਫੰਡ ਇਕੱਠਾ ਨਾ ਕਰੇ ਪਰ ਇੱਕ ਮੁੱਠ ਹੋ ਕੇ ਪੰਥਕ ਸ਼ਕਤੀ ਲਈ ਕੰਮ ਕਰਨ। ਆਪਣੇ ਪ੍ਰਵਾਰ ਦੀ ਗੁਰੂ ਪ੍ਰਤੀ ਸ਼ਰਧਾ ਤੇ ਦ੍ਰਿੜਤਾ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਜਿਸ ਸਮੇਂ ਅਸੀਂ ਪ੍ਰਵਾਰ ਸਮੇਤ ਮਨਦੀਪ ਸਿੰਘ ਨੂੰ ਮਿਲਣ ਗਏ ਤਾਂ ਉਨ੍ਹਾਂ ਦਾ ਡੇੜ ਸਾਲ ਦਾ ਬੱਚਾ ਤੇ ਖਾਸ ਕਰਕੇ ਢਾਈ ਸਾਲ ਦੀ ਬੱਚੀ ਬਾਹਾਂ ਅੱਗੇ ਕੱਢ ਕੇ ਪਾਪਾ ਪਾਪਾ ਕਰਦੀ ਉਨ੍ਹਾਂ ਦੀ ਗੋਦੀ ਚੜ੍ਹਨ ਲਈ ਰੋ ਰਹੀ ਸੀ ਤਾਂ ਉਸ ਵੇਲੇ ਹਾਜਰ ਸੰਗਤਾਂ ਤੇ ਮੁਲਾਜ਼ਮਾਂ ਦੀਆਂ ਅੱਖਾਂ ਵਿੱਚੋਂ ਤਾਂ ਪਾਣੀ ਆ ਗਿਆ ਪਰ ਗੁਰੂ ਨੇ ਸਾਡੇ ਸਾਰੇ ਪ੍ਰਵਾਰ ’ਤੇ ਇੰਨੀ ਬਖ਼ਸ਼ਿਸ਼ ਕੀਤੀ ਕਿ ਮਨਦੀਪ ਸਿੰਘ, ਉਨ੍ਹਾਂ ਦੀ ਸਿੰਘਣੀ ਤੇ ਮੇਰੇ ’ਤੇ ਕੋਈ ਅਸਰ ਨਾ ਹੋਇਆ। ਮੁਲਾਜ਼ਮਾਂ ਦੇ ਇਹ ਕਹਿਣ ਦੇ ਬਾਵਯੂਦ ਕਿ ਇੱਕ ਵਾਰ ਬੱਚਿਆਂ ਨੂੰ ਚੁੱਕ ਕੇ ਗਲੇ ਲਗਾ ਲੈ ਇਹ ਰੋਣੋਂ ਹਟ ਜਾਣਗੇ, ਭਾਈ ਮਨਦੀਪ ਸਿੰਘ ਉਨ੍ਹਾਂ ਵੱਲ ਝਾਕਿਆ ਵੀ ਨਹੀਂ ਤੇ ਕਿਹਾ ਚੁੱਕਣ ਨੂੰ ਕੀ ਹੈ ਇਹ ਆਪੇ ਹਟ ਜਾਣਗੇ। ਮਾਤਾ ਜੀ ਨੇ ਕਿਹਾ ਕਿ ਜਦੋਂ ਭੋਗ ਮੌਕੇ ਉਹ ਗੁਰਦੁਆਰੇ ਗਏ ਸਨ ਤਾਂ ਉਥੋਂ ਬੀਬੀਆਂ ਤੋਂ ਸੁਣਿਆ ਹੈ ਕਿ ਉਹ ਭਈਆ ਖੁਦ ਕਹਿ ਰਿਹਾ ਸੀ ਕਿ ਉਸ ਨੂੰ ਭੰਗ ਪਿਆ ਕੇ ਅਤੇ ਇਹ ਕਹਿ ਕੇ ਭੇਜਿਆ ਗਿਆ ਸੀ ਕਿ ਜੇ ਤੂੰ ਇਕ ਪੇਜ ਪਾੜ ਕੇ ਲਿਆਵੇਂਗਾ ਤਾਂ ਤੇਰੀ ਬਹੁਤ ਜੈ ਜੈਕਾਰ ਹੋਵੇਗੀ। ਉਸ ਦਾ ਇਹ ਕਹਿਣਾ ਤੇ ਗੁਰੂ ਮਹਾਰਾਜ ਦਾ ਪਾੜਿਆ ਗਿਆ ਅੰਗ ਨਾ ਛੱਡਣ ਲਈ ਉਸ ਵੱਲੋਂ ਕੀਤੀ ਗਈ ਜਦੋ ਜਹਿਦ ਸਾਬਤ ਕਰਦੀ ਹੈ ਕਿ ਉਹ ਕਿਸੇ ਨੇ ਸਾਜਿਸ਼ ਅਧੀਨ ਭੇਜਿਆ ਸੀ।

ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਭਾਈ ਮਨਦੀਪ ਸਿੰਘ ਤੇ ਮਾਤਾ ਕੁਲਵਿੰਦਰ ਕੌਰ ਜੀ ਵੱਲੋਂ ਵਿਖਾਈ ਗਈ ਦ੍ਰਿੜਤਾ ਅਤੇ ਕੌਮੀ ਜ਼ਜ਼ਬੇ ਅੱਗੇ ਪ੍ਰਨਾਮ ਕਰਦਿਆਂ ਉਨ੍ਹਾਂ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਉਹ ਪਿਛਲੇ ਤਿੰਨ ਦਿਨਾਂ ਤੋਂ ਭਾਈ ਮਨਦੀਪ ਸਿੰਘ ਤੇ ਪ੍ਰਵਾਰ ਨੂੰ ਮਿਲਦੇ ਆ ਰਹੇ ਹਨ। ਭਾਈ ਮਨਦੀਪ ਸਿੰਘ ਅਨੁਸਾਰ ਇਹ ਕੰਮ ਉਨ੍ਹਾਂ ਇੱਕ ਦਮ ਤਹਿਸ਼ ਵਿੱਚ ਆ ਕੇ ਨਹੀਂ ਕੀਤਾ ਬਲਕਿ ਇਸ ਤੋਂ ਪਹਿਲਾਂ 15 -20 ਮਿੰਟ ਪੁਲਿਸ ਵਾਲਿਆਂ ਕੋਲ ਬੈਠ ਕੇ ਉਨ੍ਹਾਂ ਨਾਲ ਕੀਤੀ ਗੱਲਬਾਤ ਤੋਂ ਭਾਂਪ ਲਿਆ ਸੀ ਕਿ ਉਸ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਤੇ ਇੱਕ ਦੋ ਦਿਨ ਬਾਅਦ ਬਿਨਾਂ ਕੋਈ ਕੇਸ ਦਰਜ ਕੀਤਿਆਂ ਉਸ ਨੂੰ ਛੱਡ ਦਿੱਤਾ ਜਾਵੇਗਾ। ਦੋ ਵਾਰ ਦਲੀਪ ਕੁਮਾਰ ਨਾਲ ਮਿਲ ਕੇ ਵੇਖਿਆ ਕਿ ਉਨ੍ਹਾਂ ਨੂੰ ਵੀ ਆਪਣੇ ਕੀਤੇ ਦਾ ਕੋਈ ਅਫਸੋਸ ਨਹੀਂ। ਉਨ੍ਹਾਂ ਦੱਸਿਆ ਕਿ ਭਾਈ ਮਨਦੀਪ ਸਿੰਘ ਦੇ ਰੀਲਾਵਰ ਵਿੱਚ ਤਾਂ ਦੋ ਕਾਰਤੂਸ਼ਾਂ ਦੇ ਖੋਖੇ ਤੇ ਦੋ ਜਿੰਦਾ ਕਾਰਤੂਸ਼ ਹੀ ਸਨ। ਸਾਰੀ ਸੋਚ ਵੀਚਾਰ ਕਰਨ ਪਿੱਛੋਂ ਕਿ ਇਸ ਪਾਪੀ ਨੂੰ ਆਪ ਹੀ ਦੰਡ ਦੇਣਾ ਪੈਣਾ ਹੈ ਇਸ ਲਈ ਬਾਹਰ ਜਾ ਕੇ ਸੀਸੀਟੀਵੀ ਕੈਮਰਿਆਂ ਤੋਂ ਆਪਣੇ ਆਪ ਨੂੰ ਬਚਾ ਕੇ 6 ਕਾਰਤੂਸ਼ ਪਾ ਕੇ ਦੁਬਾਰਾ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਕਾਨੂੰਨ ਆਪਣਾ ਕੰਮ ਨਾ ਕਰੇ ਤਾਂ ਉਸ ਵੇਲੇ ਸਿੰਘਾਂ ਨੂੰ ਆਪ ਹੀ ਪਾਪੀ ਸੋਧਣੇ ਪੈਣੇ ਹਨ ਤੇ ਹੁਣ ਸਮਾਂ ਆ ਗਿਆ ਹੈ ਕਿ ਜੇ ਅਸੀਂ ਆਪਣੇ ਗੁਰਧਾਮਾਂ ਤੇ ਗੁਰੂ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਰੋਕਣੀ ਹੈ ਤਾਂ ਸਾਨੂੰ ਸਾਰਿਆਂ ਨੂੰ ਭਾਈ ਮਨਦੀਪ ਸਿੰਘ ਬਣਨਾ ਪੈਣਾ ਹੈ। ਉਨ੍ਹਾਂ ਕਿਹਾ ਇਤਿਹਾਸ ਗਵਾਹ ਹੈ ਕਿ ਗੁਰਧਾਮਾਂ ਦੀ ਬੇਅਦਬੀ ਕਰਨ ਵਾਲਾ ਬੇਸ਼ੱਕ ਮੱਸਾ ਰੰਘੜ ਹੋਵੇ, ਇੰਦਰਾ ਗਾਂਧੀ ਹੋਵੇ ਜਨਰਲ ਵੈਦਿਆ ਹੋਵੇ ਜਾਂ ਕੋਈ ਲੱਲੀ ਛੱਲੀ ਭਈਆ ਹੋਵੇ ਕੁਦਰਤ ਦੇ ਨਿਯਮਾਂ ਅਨੁਸਾਰ ਸਜਾ ਤੋਂ ਨਹੀਂ ਬਚ ਸਕਿਆ।

ਪੁਲਿਸ ਦੇ ਰਵਈਏ ਦੀ ਗੱਲ ਕਰਦੇ ਹੋਏ ਗਿਆਸਪੁਰਾ ਨੇ ਕਿਹਾ ਕਿ ਉਂਝ ਤਾਂ ਪੁਲਿਸ ਵਾਲੇ ਸਾਨੂੰ ਯਕੀਨ ਦਿਵਾ ਰਹੇ ਹਨ ਕਿ ਉਹ ਸਾਡੇ ਨਾਲ ਹੈ ਪਰ ਜੇ ਕੰਮ ਕਰਨ ਦੇ ਢੰਗ ਨੂੰ ਵੇਖਿਆ ਜਾਵੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਭਈਆਂ ’ਤੇ ਤਾਂ 17 ਘੰਟੇ ਤੱਕ ਕੋਈ ਕੇਸ ਹੀ ਦਰਜ ਨਹੀਂ ਸੀ ਕੀਤਾ। ਇਥੋਂ ਤੱਕ ਕਿ ਰਾਤ ਦਾ ਫੜਿਆ ਹੋਣ ਦੇ ਬਾਵਯੂਦ ਦੁਪਹਿਰ ਇੱਕ ਦੋ ਵਜੇ ਤੱਕ ਪੁਲਿਸ ਨੂੰ ਮੁੱਖ ਦੋਸ਼ੀ ਦੇ ਨਾਮ ਦਾ ਪਤਾ ਨਹੀਂ ਸੀ। ਇਸ ਤੋਂ ਸਪਸ਼ਟ ਹੈ ਕਿ ਵੱਡਾ ਨੇਤਾ ਬੇਸ਼ੱਕ ਉਹ ਭਾਜਪਾ ਦਾ ਹੋਵੇ ਜਾਂ ਅਕਾਲੀ ਦਲ ਦਾ, ਉਸ ਦੀ ਅੰਦਰਖਾਤੇ ਮੱਦਦ ਕਰ ਰਿਹਾ ਹੈ। ਪਰ ਸੀਨੀਅਰ ਵਕੀਲਾਂ ਦੇ ਦੱਸਣ ਅਨੁਸਾਰ ਭਾਈ ਮਨਦੀਪ ਸਿੰਘ ’ਤੇ ਬੜੀਆਂ ਸਖਤ ਧਾਰਵਾਂ ਲਾਈਆਂ ਗਈਆਂ ਹਨ। ਉਨ੍ਹਾਂ ’ਤੇ ਧਾਰਾ 307/34 ਲਗਾਈ ਗਈ ਹੈ। 307 ਦਾ ਭਾਵ ਹੈ ਕਤਲ ਕਰਨ ਦੀ ਕੋਸ਼ਿਸ਼/ 34 ਦਾ ਭਾਵ ਹੈ ਕਿ ਦੋ ਜਣੇ ਸੀ। ਇਸ ਤੋਂ ਇਲਾਵਾ ਧਾਰਾ 25 ਤੇ 27 ਲਗਾਈ ਗਈ ਹੈ। 25 ਦਾ ਭਾਵ ਹੈ ਕਿ ਉਸ ਪਾਸ ਹਥਿਆਰ ਸੀ ਤੇ 27 ਬਹੁਤ ਖਤਰਨਾਕ ਧਾਰਾ ਹੈ ਕਿਉਂਕਿ ਇਸ ਦਾ ਭਾਵ ਹੈ ਕਿ ਉਸ ਪਾਸ ਭਾਰੀ ਹਥਿਆਰ ਸੀ ਜਿਸ ਤਰ੍ਹਾਂ ਦੇ ਮਿਲਟਰੀ ਵਰਤਦੀ ਹੈ। ਇੱਕ ਹੋਰ ਧਾਰਾ 449 ਲਾਈ ਹੈ ਜਿਸ ਦਾ ਭਾਵ ਹੈ ਕਿ ਉਸ ਨੇ ਥਾਣੇ ਵਿੱਚ ਆ ਕੇ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਾਲੇ ਦਿਨਾਂ ਵਿੱਚ ਪੁਲਿਸ ਦੇ ਕੰਮ ਕਰਨ ਦੇ ਢੰਗ ਤੋਂ ਲਗਦਾ ਹੈ ਕਿ ਧਾਰਾ 34 ਅਧੀਨ ਬਾਅਦ ਵਿੱਚ ਕਿਸੇ ਹੋਰ ਵਿਅਕਤੀ ਨੂੰ ਫੜ ਕੇ ਉਸ ਕੋਲੋਂ ਭਾਰੀ ਹਥਿਆਰਾਂ ਦੀ ਬਰਾਮਦੀ ਵਿਖਾ ਸਕਦੀ ਹੈ ਜਿਵੇਂ ਕਿ ਭਾਈ ਹਵਾਰਾ ’ਤੇ ਵੀ ਇਸ ਤਰ੍ਹਾਂ ਹਥਿਆਰਾਂ ਦਾ ਕੇਸ ਪਾਇਆ ਗਿਆ ਸੀ ਜਿਸ ਵਿੱਚੋਂ ਉਹ ਬਾਇੱਜਤ ਬਰੀ ਹੋਇਆ ਹੈ। ਗਿਆਸਪੁਰਾ ਨੇ ਕਿਹਾ ਇਸ ਤਰ੍ਹਾਂ ਦੀਆਂ ਧਾਰਾਵਾਂ ਲਾਉਣ ਦਾ ਭਾਵ ਹੈ ਕਿ ਭਾਈ ਮਨਦੀਪ ਸਿੰਘ ਨੂੰ ਵੱਧ ਤੋਂ ਵੱਧ ਸਜਾ ਦਿਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਹੋਰ ਵੀ ਦੁੱਖ ਦੀ ਗੱਲ ਹੈ ਕਿ ਪੰਥਕ ਸਰਕਾਰ ਹੋਣ ਦੇ ਬਾਵਯੂਦ ਸਿੱਖਾਂ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਜਾ ਰਿਹਾ ਹੈ।

ਇੰਜ: ਗਿਆਸਪੁਰਾ ਅਨੁਸਾਰ ਭਾਈ ਮਨਦੀਪ ਸਿੰਘ ਭਾਈ ਹਵਾਰਾ ਦੀ ਸੋਚ ਨਾਲ ਸਹਿਮਤ ਹਨ ਤੇ ਉਸ ਵਾਂਗ ਹੀ ਡੀਫੈਂਸਿਵ ਹੋ ਕੇ ਕੇਸ ਲੜਨਾ ਚਾਹੁੰਦਾ ਹੈ। ਭਾਈ ਮਨਦੀਪ ਸਿੰਘ ਦੀ ਇਸ ਸੋਚ ਨਾਲ ਗਿਆਸਪੁਰਾ ਨੇ ਵੀ ਸਹਿਮਤ ਹੁੰਦਿਆਂ ਕਿਹਾ ਕਿ ਇਹ ਕੰਮ ਇੱਥੇ ਹੀ ਮੁੱਕ ਨਹੀਂ ਜਾਂਦਾ ਇਸ ਲਈ ਸਾਨੂੰ ਭਾਈ ਹਵਾਰਾ ਵਾਂਗ ਡੀਫੈਂਸਿਵ ਹੋ ਕੇ ਕੇਸ ਲੜਨਾ ਚਾਹੀਦਾ ਹੈ ਤਾ ਕਿ ਛੇਤੀ ਤੋਂ ਛੇਤੀ ਭਾਈ ਮਨਦੀਪ ਸਿੰਘ ਦੀ ਜਮਾਨਤ ਅਤੇ ਰਿਹਾਈ ਕਰਵਾਈ ਜਾ ਸਕੇ। ਉਹ ਚਾਹੁੰਦੇ ਹਨ ਕਿ ਜਦੋਂ ਭਾਈ ਮਨਦੀਪ ਸਿੰਘ ਨੇ ਸਾਫ ਕਰ ਹੀ ਦਿੱਤਾ ਹੈ ਕਿ ਉਹ ਕਿਸੇ ਇੱਕ ਜਥੇਬੰਦੀ ਦੇ ਮੈਂਬਰ ਨਹੀਂ ਇਸ ਲਈ ਸਮੁੱਚੇ ਪੰਥ ਨੂੰ ਇਕੱਠੇ ਹੋ ਕੇ ਉਸ ਦਾ ਕੇਸ ਲੜਨਾ ਚਾਹੀਦਾ ਹੈ।

ਸਾਰੀ ਗੱਲਬਾਤ ਨੂੰ ਸਮਅਪ ਕਰਦੇ ਹੋਏ ਹੋਸਟ ਰਾਜਕਰਨਬੀਰ ਸਿੰਘ ਨੇ ਮਾਤਾ ਕੁਲਵਿੰਦਰ ਕੌਰ ਅਤੇ ਸਮੁੱਚੇ ਪ੍ਰਵਾਰ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਦੀ ਇੱਛਾ ਦੁਹਰਾਉਂਦੇ ਹੋਏ ਕਿਹਾ ਕਿ ਉਨ੍ਹਾਂ ਲਈ ਕੋਈ ਫੰਡ ਇਕੱਤਰ ਨਾ ਕੀਤਾ ਜਾਵੇ ਕਿਉਂਕਿ ਜਿਸ ਤਰ੍ਹਾਂ ਪਿੱਛੇ ਵੇਖਿਆ ਹੈ ਕਿ ਇਹ ਫੰਡ ਬਦਨਾਮੀ ਦਾ ਕਾਰਣ ਬਣਦੇ ਹਨ। ਪਰ ਉਸ ਤਰ੍ਹਾਂ ਸਮੁੱਚਾ ਪੰਥ ਇਖਲਾਖੀ ਤੇ ਕਾਨੂੰਨੀ ਸਮਰਥਨ ਦੇਣ ਲਈ ਇਕੱਤਰ ਹੋ ਕੇ ਪ੍ਰਵਾਰ ਦੇ ਮੋਢੇ ਨਾਲ ਮੋਢਾ ਜੋੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੈਸਟ ਕਾਲਰਾਂ ਵੱਲੋਂ ਦੱਸਣ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਭਈਏ ਦਾ ਮਹਿੰਗੇ ਤੋਂ ਮਹਿੰਗੇ ਹਸਪਤਾਲ ਅਪੋਲੋ ਵਿੱਚ ਇਲਾਜ ਚੱਲ ਰਿਹਾ ਹੈ ਜਦੋਂ ਕਿ ਭਾਈ ਜਸਪਾਲ ਸਿੰਘ ਨਾਲ ਜਖ਼ਮੀ ਹੋਏ ਭਾਈ ਰਣਜੀਤ ਸਿੰਘ ਪੰਧੇਰ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਕੀਤਾ ਗਿਆ ਤੇ ਉਹ ਵੀ ਪੂਰੇ ਇਲਾਜ ਤੋਂ ਪਹਿਲਾਂ ਹੀ ਛੁੱਟੀ ਦੇ ਦਿੱਤੀ ਗਈ ਸੀ । ਉਨ੍ਹਾਂ ਕਿਹਾ ਪੰਥਕ ਸਰਕਾਰ ਦੇ ਹੁੰਦਿਆਂ ਇਸ ਤਰ੍ਹਾਂ ਦਾ ਵਤੀਰਾ ਬਹੁਤ ਹੀ ਮੰਦਭਾਗਾ ਹੈ।

ਉਪਰੋਕਤ ਹੋਈ ਗੱਲਬਾਤ ਤੋਂ ਇਸ ਗੱਲ ਵਿੱਚ ਤਾਂ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਿਸੇ ਸੋਚੀ ਸਮਝੀ ਸਾਜਿਸ਼ ਅਧੀਨ ਕੀਤੀ ਜਾ ਰਹੀ ਹੈ ਤੇ ਪੰਜਾਬ ਸਰਕਰ ਵੀ ਉਸ ਸਾਜਿਸ਼ ਨੂੰ ਨੰਗਾ ਕਰਨ ਦੇ ਹੱਕ ਵਿੱਚ ਨਹੀਂ ਹੈ। ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਦਾ ਜਥੇਦਾਰ ਕੌਮੀ ਫਰਜ ਅਦਾ ਕਰਨ ਦੀ ਬਜਾਏ ਸਰਕਾਰ ਦੇ ਹੱਕ ਵਿੱਚ ਭੁਗਤ ਰਹੇ ਹਨ। ਇਸ ਤਰ੍ਹਾਂ ਗੁਰੂ ਸਾਹਿਬ ਦੀ ਜ਼ਾਹਰਾ ਤੌਰ ’ਤੇ ਬੇਅਦਬੀ ਕਰਨ ਵਾਲੇ ਤਾਂ ਦੋਸ਼ੀ ਹੈ ਪਰ ਘੱਟ ਦੋਸ਼ੀ ਸਾਡਾ ਆਪਣਾ ਪ੍ਰਬੰਧਕੀ ਢਾਂਚਾ ਵੀ ਨਹੀਂ ਹੈ। ਜਿਸ ਤਰ੍ਹਾਂ ਗੈਸਟ ਕਾਲਰਾਂ ਨੇ ਅੱਖੀਂ ਡਿੱਠਾ ਹਾਲ ਵਰਨਣ ਕੀਤਾ ਹੈ ਇਸ ਤੋਂ ਇਹ ਗੱਲ ਵੀ ਸਪਸ਼ਟ ਹੁੰਦੀ ਹੈ ਕਿ ਘੱਟ ਦੋਸ਼ੀ ਪਿੰਡ ਵਾਲੇ ਵੀ ਨਹੀਂ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਪਿੰਡ ਦੇ ਗੁਰਦੁਆਰੇ ਵਿੱਚ ਅਖੰਡਪਾਠ ਚੱਲ ਰਿਹਾ ਹੋਵੇ ਪਰ ਗੁਰਦੁਆਰੇ ਵਿੱਚ ਤਿੰਨ ਗ੍ਰੰਥੀਆਂ ਤੋਂ ਇਲਾਵਾ ਕੋਈ ਵੀ ਸੇਵਾਦਾਰ ਮੌਜੂਦ ਨਾ ਹੋਵੇ, ਇਹ ਨਾਕਸ ਪ੍ਰਬੰਧ ਦੀ ਜਿੰਦਾ ਜਾਗਦੀ ਮਿਸਾਲ ਹੈ। ਇਸ ਲਈ ਵੀ ਸਿੱਧੇ ਤੌਰ ’ਤੇ ਡੇਰੇਦਾਰ ਤੇ ਸ਼੍ਰੋਮਣੀ ਕਮੇਟੀ ਜਿੰਮੇਵਾਰ ਹਨ ਜਿਨ੍ਹਾਂ ਦੀ ਮਿਹਰਬਾਨੀ ਸਦਕਾ ਗੁਰਬਾਣੀ ਸਮਝ ਕੇ ਪੜ੍ਹਨ ਸੁਣਨ ਦੀ ਥਾਂ ਅਖੰਡਪਾਠ ਨੂੰ ਰਸਮੀ ਕਰਮ ਕਾਂਡ ਦਾ ਰੂਪ ਦੇ ਦਿੱਤਾ ਹੈ। ਇੱਕ ਪਾਠੀ ਪਾਠ ਕਰ ਰਿਹਾ ਹੈ ਅਗਲੀਆਂ ਰੌਲਾਂ ਲਾਉਣ ਵਾਲੇ ਦੋ ਗ੍ਰੰਥੀ ਸੁਤੇ ਜਾਂ ਅਧ ਸੁਤੀ ਹਾਲਤ ਵਿੱਚ ਪਏ ਹਨ ਤੇ ਗੁਰਸਿੱਖਾਂ ਵੱਲੋਂ ਪਾਠ ਸੁਣਨ ਦੀ ਥਾਂ ਸਿਰਫ ਕੰਧਾਂ ਹੀ ਪਾਠ ਸੁਣ ਰਹੀਆਂ ਹਨ ਤਾਂ ਅਜੇਹੀ ਮੰਦਭਾਗੀ ਘਟਨਾ ਕਿਸੇ ਵੀ ਸਮੇਂ ਸੰਭਵ ਹੋ ਸਕਦੀ ਹੈ। ਜੇ ਇੱਕ ਗੁਰਦੁਆਰੇ ਵਿੱਚ ਸਮੁੱਚੇ ਪਿੰਡ ਵੱਲੋਂ ਗੁਰਪੁਰਬ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਅਖੰਡਪਾਠ ਦੀ ਇਹ ਹਾਲਤ ਹੈ ਤਾਂ ਆਮ ਘਰਾਂ ਦਾ ਕੀ ਹਾਲ ਹੁੰਦਾ ਹੋਵੇਗਾ ਇਸ ਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ ਹੈ। ਜੇ ਕੋਈ ਪ੍ਰਚਾਰਕ ਇਸ ਕਰਮਕਾਂਡੀ ਪਾਠਾਂ ਦੀ ਬਜਾਏ ਹਰ ਗੁਰਸਿੱਖ ਨੂੰ ਸੰਥਾ ਪੋਥੀਆਂ ਜਾਂ ਦਰਪਣ ਤੋਂ ਸਮਝ ਕੇ ਖ਼ੁਦ ਸਹਿਜ ਪਾਠ ਕਰਨ ਦੀ ਪ੍ਰੇਰਣਾ ਦਿੰਦਾ ਹੈ ਤਾਂ ਜਥੇਦਾਰ ਸਮੇਤ ਸਾਰੇ ਡੇਰੇਦਾਰ ਉਸ ਪ੍ਰਚਾਰਕ ਨੂੰ ਨਾਸਤਕ ਦੱਸ ਕੇ ਅਖੰਡਪਾਠ ਦਾ ਵਿਰੋਧ ਕਰਨ ਦਾ ਦੋਸ਼ ਲਾਉਂਦੇ ਹਨ। ਇਸ ਲਈ ਜਦ ਤੱਕ ਸਿੱਖ ਰਸਮੀ ਤੇ ਕਰਮਕਾਂਡੀ ਅਖੰਡਪਾਠ ਕਰਨ ਦੀ ਬਜ਼ਾਏ ਇਸ ਤਰ੍ਹਾਂ ਦਾ ਪ੍ਰਬੰਧ ਨਹੀਂ ਕਰਦੇ ਕਿ ਜਦੋਂ ਵੀ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਵੇ ਤਾਂ ਵੱਧ ਤੋਂ ਵੱਧ ਸੰਗਤ ਬਾਣੀ ਸੁਣਨ ਤੇ ਸੇਵਾ ਵਿੱਚ ਹਜਾਰ ਹੋਵੇ। ਜੇ ਸੇਵਾ ਤੇ ਪਾਠ ਸੁਣਨ ਵਾਲਾ ਕੋਈ ਵਿਅਕਤੀ ਹਾਜਰ ਹੀ ਨਾ ਹੋ ਸਕੇ ਤਾਂ ਗੁਰੂ ਮਹਾਰਾਜ ਨੂੰ ਕਿਸੇ ਸੁਰੱਖਿਅਤ ਕਮਰੇ ਵਿੱਚ ਸੰਤੋਖ ਦਿੱਤਾ ਜਾਵੇ ਭਾਵ ਅਖੰਡਪਾਠਾਂ ਦੀ ਬਜ਼ਾਏ ਸਹਿਜ ਪਾਟ ਦੀ ਪ੍ਰੰਪਰਾ ਸ਼ੁਰੂ ਕੀਤੀ ਜਾਵੇ। ਜੇ ਐਸਾ ਨਾ ਕਰਕੇ ਕਰਮਕਾਂਡੀ ਅਖੰਡਪਾਠਾਂ ਦੀਆਂ ਲੜੀਆਂ ਹੀ ਚਲਦੀਆਂ ਰਹੀਆਂ ਤਾਂ ਅਜੇਹੀਆਂ ਮੰਦ ਘਟਨਾਵਾਂ ਅਕਸਰ ਹੁੰਦੀਆਂ ਰਹਿਣਗੀ ਤੇ ਗੁਰੂ ਦੇ ਪਿਆਰ ਵਾਲੇ ਭਾਈ ਮਨਦੀਪ ਸਿੰਘ ਵਰਗੇ ਕੁਰਬਾਨੀਆਂ ਕਰਦੇ ਰਹਿਣਗੇ। ਸਿੱਖਾਂ ਵੱਲੋਂ ਗੁਰਬਾਣੀ ਦੀ ਵੀਚਾਰ ਨਾਲੋਂ ਟੁੱਟ ਕੇ ਕਰਮਕਾਂਡੀ ਜਾਲ ਵਿੱਚ ਫਸ ਜਾਣ ਦਾ ਹੀ ਸਿੱਟਾ ਹੈ ਕਿ ਪੰਜਾਬ ਵਿੱਚ ਡੇਰਾਵਾਦ ਅਮਰਵੇਲ ਵਾਂਗ ਵਧ ਰਿਹਾ ਹੈ ਤੇ ਕੁਝ ਜੁਝਾਰੂ ਆਪਾ ਵਾਰਨ ਲਈ ਮਜਬੂਰ ਹੋ ਰਹੇ ਹਨ।

****

1 comment:

Bhupinder Singh said...

May Akaaal purakh g keeps his lotus-hand on Bhai Mandeep Singh g's head.