ਠੱਗ ਜੀ……… ਲੇਖ / ਮਿੰਟੂ ਬਰਾੜ

ਦੋਸਤੋ! ਲੇਖ ਸ਼ੁਰੂ ਕਰਨ ਤੋਂ ਪਹਿਲਾਂ ਇਸ ਦੇ ਸਿਰਲੇਖ ਉੱਤੇ ਤੁਹਾਡੀ ਹੈਰਾਨੀ ਦਾ ਜਵਾਬ ਦੇ ਦੇਵਾਂ। ਤੁਸੀਂ ਹੈਰਾਨ ਹੋਵੋਗੇ ਕਿ ਠੱਗ ਨੂੰ ਏਨਾ ਸਤਿਕਾਰ ਕਿਉਂ? ਕੋਈ ਖ਼ਾਸ ਵਜ੍ਹਾ ਨਹੀਂ, ਠੱਗ ਨੂੰ ‘ਠੱਗ ਜੀ’ ਕਹਿ ਕੇ ਬੱਸ ਦੁਨੀਆਂਦਾਰੀ ਜਹੀ ਨਿਭਾ ਰਿਹਾ ਹਾਂ। ਕਿਉਂਕਿ ਅੱਜ ਦੀ ਦੁਨੀਆਂ ਧਨ ਵਾਲੇ ਧਨਵਾਨ ਦਾ ਸਤਿਕਾਰ ਕਰਦੀ ਹੈ। ਮੈਨੂੰ ਅੱਜ ਤੱਕ ਕੋਈ ਠੱਗ ਗ਼ੁਰਬਤ ਵਿਚ ਲਬਰੇਜ਼ ਨਹੀਂ ਮਿਲਿਆ। ਧਨਵਾਨ ਬੰਦੇ ਨੂੰ ਜੀ ਜੀ ਕਰਨਾ ਹੀ ਅੱਜ ਕੱਲ੍ਹ ਦੁਨੀਆਂਦਾਰੀ ਹੈ। ਸੋ ਮਿੱਤਰੋ, ਇਸ ਦੁਨੀਆਂ ’ਚ ਰਹਿੰਦਿਆਂ ਹੋਇਆਂ ਦੁਨੀਆਂਦਾਰੀ ਨਾ ਨਿਭਾ ਕੇ ਮੈਂ ਆਪਣੇ ਸਿਰ ‘ਤੇ ਜਿਹੜੇ ਚਾਰ ਵਾਲ ਬਚੇ ਨੇ, ਉਹ ਤਾਂ ਨਹੀਂ ਝੜਵਾਉਣੇ!

ਸਭ ਤੋਂ ਪਹਿਲਾਂ ਅੱਜ ਦੇ ਮੁੱਦੇ ਦੀ ਗੱਲ ਕਰਦਿਆਂ ਠੱਗ ਸ਼ਬਦ ਬਾਰੇ ਵਿਚਾਰ ਕਰਦੇ ਹਾਂ। “ਠੱਗ” ਸ਼ਬਦ ਦੇ ਮਾਇਣੇ ਦੱਸਣ ਦੀ ਤਾਂ ਲੋੜ ਨਹੀਂ, ਬੱਸ ਇੰਨਾ ਕੁ ਕਹਿ ਸਕਦੇ ਹਾਂ ਕਿ ਇਹ ਹਿੰਦੀ ਪੰਜਾਬੀ ਦਾ ਸ਼ਬਦ ਅੰਗਰੇਜ਼ੀ ਭਾਸ਼ਾ ਨਾਲ 1810 ਦੇ ਕਰੀਬ ਠੱਗੀ ਮਾਰ ਕੇ ਘੁਸਪੈਠ ਕਰ ਗਿਆ ਸੀ ਤੇ 1839 ਆਉਂਦੇ ਆਉਂਦੇ ਅੰਗਰੇਜ਼ਾਂ ਤੋਂ ਵੀ ਮਾਨਤਾ ਲੈ ਗਿਆ ਸੀ। ਸੋ, ਜਿਵੇਂ ਅੱਜ ਸਾਡੇ ਬਹੁਤ ਸਾਰੇ ਪੰਜਾਬੀ ਵੀਰ ਪੰਜਾਬੀ ਭਾਸ਼ਾ ’ਚ ਅੰਗਰੇਜ਼ੀ ਦੀ ਘੁਸਪੈਠ ਤੋਂ ਦੁਖੀ ਹਨ, ਉਨ੍ਹਾਂ ਦੀ ਜਾਣਕਾਰੀ ਲਈ ਇਹ ਵੀ ਦੱਸ ਦੇਵਾਂ ਕਿ ਤਕਰੀਬਨ ਪੱਚੀ ਸੌ ਦੇ ਕਰੀਬ ਹਿੰਦੀ ਪੰਜਾਬੀ ਭਾਸ਼ਾ ਦੇ ਸ਼ਬਦ ਅੰਗਰੇਜ਼ੀ ਵਿਚ ਆਪਣੀ ਮਾਨਤਾ ਕਰਵਾ ਚੁੱਕੇ ਹਨ। ਇਹ ਇਕ ਵੱਖਰਾ ਵਿਸ਼ਾ ਹੈ, ਕਿਸੇ ਹੋਰ ਵਕਤ ਵਿਸਤਾਰ ਕਰਾਂਗੇ। ਹੁਣ ‘ਠੱਗ ਜੀ’ ਦੇ ਪਿਛੋਕੜ ਤੇ ਝਾਤ ਮਾਰਦੇ ਹਾਂ।

ਜਦੋਂ ਤੋਂ ਇਹ ਦੁਨੀਆਂ ਹੋਂਦ ’ਚ ਆਈ ਹੈ ਠੱਗਾਂ ਦਾ ਇਤਿਹਾਸ ਵੀ ਉਨ੍ਹਾਂ ਹੀ ਪੁਰਾਣਾ ਹੈ। ਮੁੱਢ ਕਦੀਮੋਂ ਮਨੁੱਖ ਨੂੰ “ਈਜ਼ੀ ਮਨੀ” ਬਣਾਉਣਾ ਭਾਉਂਦਾ ਰਿਹਾ ਹੈ। ਸੌਖਾ ਧਨ ਠੱਗੀ ਮਾਰਨ ਤੋਂ ਬਿਨਾਂ ਕਮਾਉਣਾ ਨਾ-ਮੁਮਕਿਨ ਜਿਹਾ ਲੱਗਦਾ ਹੈ। ਇਸ ਲਈ ਭਾਵੇਂ ਮਿਥਿਹਾਸ ਤੇ ਝਾਤ ਮਾਰ ਲਵੋ ਜਾਂ ਇਤਿਹਾਸ ’ਤੇ, ਕੋਈ ਵੀ ਯੁੱਗ ਫਰੋਲ ਲਵੋ, ਠੱਗ ਜੀ ਬੜੀ ਆਸਾਨੀ ਨਾਲ ਨਜ਼ਰੀਂ ਪੈ ਜਾਣਗੇ। ਹਾਂ! ਇਕ ਫ਼ਰਕ ਜ਼ਰੂਰ ਰਿਹਾ, ਉਹ ਇਹ ਕਿ ਸਤਯੁੱਗ ’ਚ ਜ਼ਿਆਦਾਤਰ ਠੱਗੀਆਂ ਲੋਕਾਈ ਦੇ ਭਲੇ ਲਈ ਵੱਜਦੀਆਂ ਸਨ ਤੇ ਅੱਜ ਕੱਲ੍ਹ ਇਹ ਕਾਰਜ ਆਪਣੇ ਭਲੇ ਲਈ ਹੁੰਦਾ ਹੈ। ਪੁਰਾਤਨ ਗ੍ਰੰਥ ਦੱਸਦੇ ਹਨ ਕਿ ਕਿਵੇਂ ਵਾਮਨ ਨੇ ਬੌਣਾ ਬਣ ਕੇ ਅਸੁਰਾਂ ਨਾਲ ਠੱਗੀ ਮਾਰ ਕੇ ਸਾਰੀ ਧਰਤੀ ਢਾਈ ਕਦਮਾਂ ’ਚ ਹੀ ਮਾਪ ਲਈ ਸੀ। ਕ੍ਰਿਸ਼ਨ ਭਗਵਾਨ ਨੇ ਤਾਂ ਗਿਣਤੀ ’ਚ ਨਾ ਆਉਣ ਵਾਲੀਆਂ ਠੱਗੀਆਂ ਮਾਰੀਆਂ। ਯਾਦ ਰਹੇ ਕਿ ਇਹ ਠੱਗੀਆਂ ਮਾਰਨ ਦਾ ਮਕਸਦ ਲੋਕਾਈ ਦਾ ਭਲਾ ਸੀ। ਆਪਾਂ ਹੁਣ ਮਿਥਿਹਾਸ ’ਚ ਨਾ ਉਲਝੀਏ ਕਿਉਂਕਿ ਇਹਨਾਂ ਮਿਥਿਹਾਸਿਕ ਠੱਗੀਆਂ ਤੋਂ ਹਰ ਕੋਈ ਵਾਕਫ਼ ਹੈ। ਗੱਲ ਅੱਗੇ ਤੋਰਦੇ ਹਾਂ…

ਚੋਰੀ, ਡਾਕਾ ਅਤੇ ਠੱਗੀ ਤਿੰਨਾਂ ’ਚ ਕਾਫ਼ੀ ਨੇੜੇ ਦਾ ਰਿਸ਼ਤਾ ਹੈ । ਜੇਕਰ ਇਨ੍ਹਾਂ ਤਿੰਨਾਂ ‘ਚੋਂ ਕੋਈ ਇੱਕ ਕਿਸੇ ਨਾਲ ਵਾਪਰ ਜਾਵੇ, ਹਮੇਸ਼ਾ ਉਸਦਾ ਮਾਲੀ ਨੁਕਸਾਨ ਹੁੰਦਾ ਹੈ ਪਰ ਠੱਗੀ ਪਹਿਲੇ ਦੋਨੇਂ ਵਰਤਾਰਿਆਂ ਨਾਲੋਂ ਵੱਖਰੀ ਚੀਜ਼ ਹੈ। ਚੋਰੀ ਹਮੇਸ਼ਾ ਤੁਹਾਡੀ ਪਿੱਠ ਪਿੱਛੇ ਹੁੰਦੀ ਹੈ ਅਤੇ ਡਾਕਾ ਜ਼ੋਰਾਵਰ ਬੰਦਾ ਹਿੱਕ ਦੇ ਜ਼ੋਰ ਤੇ ਮਾਰਦਾ ਹੈ। ਠੱਗੀ ਇੱਕ ਇਹੋ ਜਿਹਾ ਕੌਤਕ ਹੈ, ਜਿਸ ਵਿਚ ਠੱਗੀ ਮਾਰਨ ਵਾਲੇ ਦੇ ਨਾਲ-ਨਾਲ ਠੱਗੀ ਖਾਣ ਵਾਲਾ ਵੀ ਬਰਾਬਰ ਦਾ ਭਾਈਵਾਲ ਹੁੰਦਾ ਹੈ। ਕਿਉਂਕਿ ਠੱਗ ਜਦੋਂ ਕਿਸੇ ਨਾਲ ਠੱਗੀ ਮਾਰਦਾ ਹੈ ਤਾਂ ਉਹ ਮੂਹਰਲੇ ਦੀ ਸਹਿਮਤੀ ਨਾਲ ਹੀ ਮਾਰਦਾ ਹੈ। ਬੱਸ ! ਫ਼ਰਕ ਏਨਾ ਕੁ ਹੁੰਦਾ ਹੈ ਕਿ ਠੱਗਿਆ ਜਾਣ ਵਾਲਾ ਇਨਸਾਨ ਥੋੜ੍ਹੀ ਦੇਰ ਬਾਅਦ “ਠੱਗਿਆ ਠੱਗਿਆ” ਜਿਹਾ ਮਹਿਸੂਸ ਕਰਦਾ ਹੈ । ਹੁਣ ਗੱਲ ਆਉਂਦੀ ਹੈ ਕਿ ਠੱਗਿਆ ਜਾਣ ਵਾਲਾ ਠੱਗ ਨਾਲ ਸਹਿਮਤ ਕਿਉਂ ਹੋ ਜਾਂਦਾ ਹੈ, ਤਾਂ ਇਸ ਪਿੱਛੇ ਕੋਈ ਬਾਹਲ਼ੇ ਕਾਰਨ ਨਜ਼ਰ ਨਹੀਂ ਆਉਂਦੇ। ਇਸ ਪਿੱਛੇ ਤਾਂ ਸਿਰਫ਼ ਤੇ ਸਿਰਫ਼ ਲਾਲਚ ਜਾਂ ਵਿਸ਼ਵਾਸਘਾਤ ਹੀ ਦਿਖਾਈ ਦਿੰਦਾ ਹੈ। ਕਹਿੰਦੇ ਹਨ ਕਿ ਜਿੱਥੇ ਲਾਲਚ ਆ ਜਾਏ ਉੱਥੇ ਅਕਲ ਨਹੀਂ ਖੜ੍ਹਦੀ ਅਤੇ ਜਦੋਂ ਅਕਲ ਨਿਕਲ ਜਾਵੇ ਉਦੋਂ ਠੱਗੀ ਵੱਜਣੀ ਸੁਭਾਵਿਕ ਹੀ ਹੈ ।

ਹੁਣ ਗੱਲ ਆਉਂਦੀ ਹੈ ਜ਼ਮਾਨੇ ਦੇ ਨਾਲ ਨਾਲ ਠੱਗੀਆਂ ’ਚ ਵੀ ਆਏ ਬਦਲਾਅ ਦੀ। ਜਦੋਂ ਯੁੱਗ ਊਠਾਂ ਤੇ ਗੱਡਿਆਂ ਦਾ ਸੀ, ਉਦੋਂ ਠੱਗੀਆਂ ਵੀ ਉਸੇ ਤਰ੍ਹਾਂ ਦੀਆਂ ਸੀ। ਹੁਣ ਜਦੋਂ ਯੁੱਗ ਲਗਜ਼ਰੀ ਹੋ ਗਿਆ ਹੈ ਤਾਂ ਠੱਗੀਆਂ ਵੀ ਲਗਜ਼ਰੀ ਹੋ ਗਈਆਂ ਹਨ। ਪਰ ਇਕ ਹੋਰ ਗੱਲ ਜ਼ਿਕਰਯੋਗ ਹੈ ਕਿ ਇਕ ਵਾਰ ਜਦੋਂ ਕਿਸੇ ਨਾਲ ਠੱਗੀ ਹੋ ਜਾਂਦੀ ਹੈ ਤਾਂ ਉਹ ਗੱਲ ਜੱਗ ਜ਼ਾਹਿਰ ਹੋ ਜਾਂਦੀ ਹੈ। ਪਰ ਫੇਰ ਵੀ ਠੱਗ ਜੀ ਦਾ ਸ਼ਾਤਰਪੁਣਾ ਦੇਖੋ! ਉਹ ਉਹੀ ਠੱਗੀ ਵਾਰ ਵਾਰ ਮਾਰਦਾ ਹੈ ਤੇ ਕਾਮਯਾਬ ਵੀ ਹੁੰਦਾ ਹੈ। ਕਾਰਣ ਇਹੀ ਹੈ ਕਿ ਠੱਗ ਜੀ ਮੂਹਰਲੇ ਨੂੰ ਲਾਲਚ ਨਾਲ ਅੰਨ੍ਹਾ ਕਰ ਦਿੰਦਾ ਹੈ, ਜਿਸ ਨਾਲ ਮੂਹਰਲਾ ਆਪਣੇ ਹੀ ਕਿਸੇ ਸਕੇ-ਸਨੇਹੀ ਨਾਲ ਹੋਈ ਠੱਗੀ ਨੂੰ ਭੁੱਲ ਕੇ ਠੱਗ ਜੀ ਦੇ ਜਾਲ ’ਚ ਆ ਜਾਂਦਾ ਹੈ ।

ਆਓ ! ਹੁਣ ਕੁਝ ਕਿੱਸੇ ਤੇ ਕੁਝ ਨੇੜੇ ਤੋਂ ਦੇਖੀਆਂ ਠੱਗੀਆਂ ਸਾਂਝੀਆਂ ਕਰਦੇ ਹਾਂ। ਪਹਿਲਾਂ ਤਾਂ ਜਗਤ ਪ੍ਰਸਿੱਧ ਮੁੱਲਾਂ ਨਸੀਰੂਦੀਨ ਦਾ ਇਕ ਕਿੱਸਾ ਸੁਣੋ; ਕਹਿੰਦੇ ਨੇ ਕਿ ਇਕ ਬਾਰ ਮੁੱਲਾਂ ਤੁਰਦਾ ਫਿਰਦਾ ਕਿਸੇ ਪਿੰਡ ’ਚ ਜਾ ਕੇ ਰਹਿਣ ਲੱਗਿਆ। ਹੌਲੀ-ਹੌਲੀ ਆਂਢ-ਗੁਆਂਢ ਨਾਲ ਘੁਲ-ਮਿਲ ਗਿਆ ਅਤੇ ਉਸ ਨੇ ਗੁਆਂਢ ’ਚ ਰਹਿੰਦੇ ਇਕ ਕੰਜੂਸ ਅਮੀਰ ਨਾਲ ਵਾਸਤਾ ਪਾ ਲਿਆ। ਇਕ ਦਿਨ ਸ਼ਾਮ ਨੂੰ ਮੁੱਲਾਂ ਉਸ ਦੇ ਘਰ ਗਿਆ ਤੇ ਉਸ ਤੋਂ ਇਕ ਰਾਤ ਲਈ ਇਕ ਥਾਲ਼ੀ ਮੰਗੀ ਕਿ ਮੇਰੇ ਘਰ ਕੋਈ ਪ੍ਰਾਹੁਣਾ ਆਇਆ ਹੈ। ਕੰਜੂਸ ਚਾਹੁੰਦਾ ਹੋਇਆ ਵੀ ਨਾਂਹ ਨਾ ਕਰ ਸਕਿਆ ਤੇ ਉਸ ਨੂੰ ਥਾਲ਼ੀ ਦੇ ਦਿੱਤੀ। ਦੂਜੇ ਦਿਨ ਤੜਕਸਾਰ ਮੁੱਲਾਂ ਨੇ ਗੁਆਂਢੀ ਦਾ ਦਰਵਾਜਾ ਜਾ ਖੜਕਾਇਆ ਅਤੇ ਉਸ ਨੂੰ ਥਾਲ਼ੀ ਦੇ ਨਾਲ-ਨਾਲ ਇਕ ਕੌਲੀ ਵੀ ਵਾਪਸ ਕਰ ਦਿੱਤੀ। ਇਸ ਤੇ ਕੰਜੂਸ ਹੈਰਾਨ ਹੁੰਦਾ ਹੋਇਆ ਬੋਲਿਆ;

“ਇਹ ਕੀ? ਤੂੰ ਤਾਂ ਥਾਲ਼ੀ ਹੀ ਮੰਗ ਕੇ ਲੈ ਗਿਆ ਸੀ ਪਰ ਇਹ ਕੌਲੀ ਨਾਲ ਕਿਉਂ ਦੇ ਰਿਹਾਂ ?”

“ਸੇਠ ਜੀ ! ਰਾਤ ਤੁਹਾਡੀ ਥਾਲ਼ੀ ਸੂ ਪਈ ਤੇ ਇਸ ਨੇ ਇਹ ਕੌਲੀ ਜੰਮ ਦਿੱਤੀ । ਜਦੋਂ ਤੁਹਾਡੀ ਥਾਲ਼ੀ ਨੇ ਕੌਲੀ ਨੂੰ ਜਨਮ ਦਿੱਤਾ ਤਾਂ ਇਹ ਕੌਲੀ ਤੁਹਾਡੀ ਹੀ ਅਮਾਨਤ ਹੋਈ ਨਾ।”, ਮੁੱਲਾਂ ਦਾ ਜੁਆਬ ਸੀ ।

ਕੰਜੂਸ ਹੈਰਾਨ ਵੀ ਸੀ ਤੇ ਖ਼ੁਸ਼ ਵੀ ਸੀ। ਬੱਸ ਫੇਰ ਕੀ ਸੀ ਹਰ ਰੋਜ਼ ਇਹ ਸਿਲਸਿਲਾ ਸ਼ੁਰੂ ਹੋ ਗਿਆ। ਕਦੇ ਮੁੱਲਾਂ ਤੌੜਾ ਲੈ ਜਾਵੇ ਤੇ ਦੂਜੇ ਦਿਨ ਤੜਕਸਾਰ ਇਕ ਕੁੱਜਾ ਹੋਰ ਮੋੜ ਜਾਵੇ, ਕਦੇ ਮੰਜਾ ਲੈ ਜਾਵੇ ਤੇ ਨਾਲ ਪੀਹੜੀ ਦੇ ਜਾਵੇ। ਕੰਜੂਸ ਨੇ ਸੋਚਿਆ ਕਿ ਆਹ ਤਾਂ ਬੜਾ ਲੋਟ ਆਇਆ। ਇਕ ਦਿਨ ਮੁੱਲਾਂ ਕੰਜੂਸ ਨੂੰ ਕਹਿੰਦਾ ਕਿ ਮੇਰੇ ਘਰ ਬਹੁਤ ਸਾਰੇ ਪ੍ਰਾਹੁਣੇ ਆ ਰਹੇ ਹਨ ਜੇ ਤੁਸੀਂ ਮੈਨੂੰ ਆਪਣੇ ਘਰ ਦਾ ਸਾਰਾ ਸਮਾਨ ਦੇ ਦੇਵੋ ਤਾਂ ਮੇਰੀ ਟੌਹਰ ਜਿਹੀ ਬਣ ਜਾਵੇ । ਕੰਜੂਸ ਝੱਟ ਰਾਜ਼ੀ ਹੋ ਗਿਆ ਤੇ ਸਾਰਾ ਸਮਾਨ ਦੇ ਕੇ ਦਿਨ ਚੜ੍ਹਨ ਦੀ ਉਡੀਕ ਕਰਨ ਲੱਗਿਆ। ਜਦੋਂ ਦਿਨ ਚੜ੍ਹੇ ਰੋਜ਼ ਵਾਂਗ ਮੁੱਲਾਂ ਨਾ ਆਇਆ ਤਾਂ ਕੰਜੂਸ ਹੌਸਲਾ ਜਿਹਾ ਕਰ ਕੇ ਉਸ ਦੇ ਘਰ ਗਿਆ ਤਾਂ ਦੇਖਿਆ ਕਿ ਮੁੱਲਾਂ ਸੱਥਰ ਵਿਛਾਈ ਬੈਠਾ ਤੇ ਰੋਈ ਜਾਵੇ। ਕੰਜੂਸ ਹੈਰਾਨ ਹੋ ਕੇ ਕਹਿੰਦਾ,“ਮੁੱਲਾਂ ਜੀ ਕੀ ਹੋ ਗਿਆ ?”

“ਅਨਰਥ ਹੋ ਗਿਆ ਸੇਠ ਜੀ, ਮੈਂ ਤੁਹਾਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ”, ਮੁੱਲਾਂ ਅੱਖਾਂ ਪੂੰਝਦਾ ਬੋਲਿਆ ।

“ਕਿਉਂ ?”

“ਰਾਤ ਜਿਹੜਾ ਸਮਾਨ ਮੈਂ ਤੁਹਾਡੇ ਘਰੋਂ ਲਿਆਇਆ ਸੀ ਉਹ ਸਾਰੇ ਦਾ ਸਾਰਾ ਮਰ ਗਿਆ”, ਨੱਕ ਸੁਣਕਦੇ ਮੁੱਲਾਂ ਦਾ ਜੁਆਬ ਸੀ ।

“ਤੂੰ ਝੂਠ ਬੋਲਦੈਂ, ਕਦੇ ਸਮਾਨ ਵੀ ਮਰਿਆ? ਮੈਂ ਹੁਣੇ ਪੰਚਾਇਤ ਕਰਦਾ ਤੇਰੇ ਖ਼ਿਲਾਫ਼”

ਪੰਚਾਇਤ ਬੈਠ ਗਈ ਤੇ ਉਨ੍ਹਾਂ ਜਦੋਂ ਮੁੱਲਾਂ ਨੂੰ ਪੁੱਛਿਆ ਤਾਂ ਉਹ ਕਹਿੰਦਾ, “ਹਜ਼ੂਰ, ਜਦੋਂ ਥਾਲ - ਕੌਲੀ, ਤੌੜਾ - ਕੁੱਜਾ ਅਤੇ ਮੰਜਾ - ਪੀਹੜੀ ਜੰਮ ਸਕਦਾ ਤਾਂ ਉਹ ਮਰ ਕਿਉਂ ਨਹੀਂ ਸਕਦੇ ???”
ਇਸ ਕਿੱਸੇ ਦਾ ਸੁਨੇਹਾ ਦੱਸਣ ਦੀ ਲੋੜ ਨਹੀਂ ਤੁਸੀਂ ਆਪ ਸਮਝਦਾਰ ਹੋ।

ਅਗਲੀ ਠੱਗੀ ਸੁਣ ਲਵੋ; ਕਾਫ਼ੀ ਪੁਰਾਣੀ ਗੱਲ ਹੈ ਕਿ ਸਾਡੀ ਮੰਡੀ ਕਾਲਾਂਵਾਲੀ ’ਚ ਇਕ ਸਪੇਅਰ ਪਾਰਟਸ ਦੀ ਦੁਕਾਨ ਕਰਦਾ ਸੇਠ ਆਪਣੀ ਦੁਕਾਨ ਦਾ ਸਮਾਨ ਲੈਣ ਦਿੱਲੀ ਜਾਂਦਾ ਹੁੰਦਾ ਸੀ।ਉਸ ਦੇ ਦੱਸਣ ਮੁਤਾਬਿਕ, ਇਕ ਵਾਰ ਉਹ ਦਸ ਹਜ਼ਾਰ ਜੇਬ ’ਚ ਪਾ ਕੇ ਜਦੋਂ ਦਿੱਲੀ ਇਕ ਸੜਕ ‘ਤੇ ਤੁਰਿਆ ਜਾਂਦਾ ਸੀ ਤਾਂ ਉਸ ਦੀ ਨਿਗ੍ਹਾ ਅਚਾਨਕ ਇਕ ਸੋਨੇ ਦੇ ਬਿਸਕੁਟ ‘ਤੇ ਪਈ। ਜਦ ਉਹ ਛੇਤੀ ਨਾਲ ਉਸ ਨੂੰ ਚੁੱਕਣ ਲੱਗਿਆ ਤਾਂ ਇਕ ਹੋਰ ਹੱਥ ਉਸ ਦੇ ਬਰਾਬਰ ਉਸ ਬਿਸਕੁਟ ਨੂੰ ਆ ਝਪਟਿਆ। ਉਸ ਨੇ ਦੇਖਿਆ ਕਿ ਇਕ ਹੋਰ ਅਣਜਾਣ ਉਸ ਬਿਸਕੁਟ ਨੂੰ ਪਹਿਲਾਂ ਦੇਖਣ ਦਾ ਦਾਅਵਾ ਕਰ ਰਿਹਾ ਸੀ। ਨਾਲੇ ਧਮਕੀ ਦੇ ਰਿਹਾ ਸੀ ਕਿ ਜਾਂ ਤਾਂ ਮੈਨੂੰ ਅੱਧਾ ਬਿਸਕੁਟ ਦੇ ਦਿਓ ਨਹੀਂ ਮੈਂ ਪੁਲਿਸ ਨੂੰ ਦੱਸ ਦੇਵਾਂਗਾ। ਇਸ ਤੇ ਸੇਠ ਨੇ ਸੋਚਿਆ ਕਿ ਕਿਉਂ ਨਾ “ਸਾਰਾ ਜਾਂਦਾ ਦੇਖੀਏ, ਅੱਧਾ ਦੇਈਏ ਵੰਡ” ਵਾਲਾ ਫ਼ਾਰਮੂਲਾ ਅਪਣਾ ਲਿਆ ਜਾਵੇ ਤੇ ਉਹ ਵੰਡਣ ਲਈ ਰਾਜ਼ੀ ਹੋ ਗਿਆ। ਉਨ੍ਹਾਂ ਦੋਹਾਂ ਨੇ ਉਥੇ ਹੀ ਕਿਸੇ ਖੁੰਜ ’ਚ ਖੜ੍ਹ ਕੇ ਉਸ ਸੋਨੇ ਦੇ ਬਿਸਕੁਟ ਨੂੰ ਵਿਚਾਲਿਓਂ ਤੋੜਨ ਦਾ ਯਤਨ ਕੀਤਾ ਪਰ ਕਾਮਯਾਬ ਨਾ ਹੋਏ। ਇਸ ਕੰਮ ਲਈ ਉਹ ਕਿਸੇ ਦੀ ਮਦਦ ਲੈਣੀ ਨਹੀਂ ਸਨ ਚਾਹੁੰਦੇ। ਅਖੀਰ ’ਚ ਇਹੀ ਫ਼ੈਸਲਾ ਹੋਇਆ ਕਿ ਬਿਸਕੁਟ ਦੀ ਅੰਦਾਜ਼ਨ ਕੀਮਤ ਤੀਹ ਹਜ਼ਾਰ ਦੇ ਕਰੀਬ ਹੋਣੀ ਹੈ ਤੇ ਜਿਹੜਾ ਬੰਦਾ ਇਸ ਨੂੰ ਰੱਖੇਗਾ, ਉਹ ਦੂਜੇ ਨੂੰ ਪੰਦਰਾਂ ਹਜ਼ਾਰ ਰੁਪਈਆ ਦੇ ਦੇਵੇਗਾ। ਦੂਜਾ ਸ਼ਖ਼ਸ ਕਹਿੰਦਾ ਕਿ ਮੈਂ ਤਾਂ ਗ਼ਰੀਬ ਬੰਦਾ ਮੈਂ ਇਸ ਦਾ ਕੀ ਕਰਾਂਗਾ, ਤੂੰ ਸੇਠ ਬੰਦਾ ਤੂੰ ਰੱਖ ਲੈ ਤੇ ਮੈਨੂੰ ਭਾਵੇਂ ਹਜ਼ਾਰ ਘੱਟ ਦੇ ਦਿਓ। ਇਸ ਤੇ ਸੇਠ ਨੂੰ ਲਾਲਚ ਆ ਗਿਆ ਤੇ ਉਹ ਕਹਿੰਦਾ, “ਮੇਰੇ ਕੋਲ ਤਾਂ ਦਸ ਹਜ਼ਾਰ ਹੀ ਹਨ ਜਾਂ ਫੇਰ ਤੁਸੀਂ ਮੈਨੂੰ ਦਸ ਹਜ਼ਾਰ ਦੇ ਦਿਓ”। ਸੇਠ ਸਮਝ ਗਿਆ ਸੀ ਕਿ ਇਸ ਕੋਲ ਪੈਸੇ ਨਹੀਂ ਹਨ ਤੇ ਇਹ ਸਸਤਾ ਮੰਨ ਜਾਉ। ਸੇਠ ਕਾਮਯਾਬ ਹੋ ਗਿਆ ਇਸ ਸੌਦੇ ’ਚ ਤੇ ਆਪਣੇ ਗੀਝੇ ਦਾ ਦਸ ਹਜ਼ਾਰ ਉਸ ਪਿੱਤਲ ਦੇ ਬਿਸਕੁਟ ਬਦਲੇ ਦੇ ਕੇ ਬਾਗੋ ਬਾਗ਼ ਹੋ ਕੇ ਘਰ ਵਾਪਸ ਆ ਗਿਆ।

ਚਲੋ ! ਪੁਰਾਣੀਆਂ ਗੱਲਾਂ ਨੂੰ ਛੱਡੀਏ ਤੇ ਠੱਗੀਆਂ ’ਚ ਆਈ ਆਧੁਨਿਕਤਾ ਦੀ ਗੱਲ ਕਰਦੇ ਹਾਂ।

ਇੰਟਰਨੈੱਟ ਦੇ ਜ਼ਮਾਨੇ ’ਚ ਹਰ ਚੀਜ਼ ਦਾ ਦਾਇਰਾ ਵਿਸ਼ਾਲ ਹੋਇਆ ਹੈ, ਸੋ ਠੱਗਾਂ ਦਾ ਵੀ ਹੋਣਾ ਸੁਭਾਵਿਕ ਸੀ। ਅੱਗੇ ਸਾਹਮਣੇ-ਸਾਹਮਣੀ ਠੱਗੀ ਵੱਜਦੀ ਸੀ ਪਰ ਅੱਜ ਕੱਲ੍ਹ ਤਾਂ ਠੱਗਿਆ ਜਾਣ ਵਾਲਾ ਬੰਦਾ ਠੱਗ ਨੂੰ ਦੇਖਣ ਤੋਂ ਵੀ ਵੰਚਿਤ ਰਹਿ ਜਾਂਦਾ ਹੈ । ਹੁਣ ਜਦੋਂ ਤੜਕੇ ਉਠਣ ਸਾਰ ਈਮੇਲ ਚੈੱਕ ਕਰੀ ਦੀ ਹੈ ਤਾਂ ਕਰੋੜਪਤੀ ਹੋਏ ਪਏ ਹੁੰਦੇ ਹਾਂ। ਸ਼ਾਇਦ ਹੀ ਕੋਈ ਇਹੋ ਜਿਹਾ ਦਿਨ ਹੋਵੇ ਜਦੋਂ ਦੋ ਚਾਰ ਇਹੋ ਜਿਹੀਆਂ ਈਮੇਲਾਂ ਨਾ ਆਈਆਂ ਹੋਣ, ਜਿਸ ’ਚ ਮਿਲੀਅਨ ਡਾਲਰਾਂ ਜਾਂ ਪੌਡਾਂ ਦੀ ਲਾਟਰੀ ਨਿਕਲਣ ਦੀ ਖ਼ੁਸ਼ਖ਼ਬਰੀ ਨਾ ਆਈ ਹੋਵੇ। ਆਮ ਤੌਰ ਤੇ ਇਸ ਵਿਚ ਲਿਖਿਆ ਹੁੰਦਾ ਹੈ ਕਿ ਤੁਸੀਂ ਕਿਸਮਤ ਵਾਲੇ ਹੋ, ਤੁਹਾਡੀ ਈਮੇਲ ਆਈ.ਡੀ. ਕਰੋੜਾਂ ਆਈ. ਡੀਆਂ. ਵਿਚੋਂ ਚੁਣੀ ਗਈ ਹੈ। ਜਾਂ ਫੇਰ ਕੋਈ ਜਜ਼ਬਾਤੀ ਕਹਾਣੀ ਲਿਖੀ ਹੁੰਦੀ ਹੈ ਕਿ ਮੈਂ ਵੀਹ ਸਾਲਾ ਨੌਜਵਾਨ ਕੁੜੀ ਹਾਂ ਤੇ ਮੇਰੇ ਮਾਂ-ਬਾਪ ਫਲਾਂ ਜਹਾਜ਼ ਹਾਦਸੇ ’ਚ ਮਰ ਗਏ ਸਨ ਤੇ ਮੇਰੇ ਲਈ ਬਹੁਤ ਸਾਰਾ ਪੈਸਾ ਛੱਡ ਗਏ ਹਨ। ਜਦੋਂ ਮੈਂ ਤੁਹਾਡੀ ਪ੍ਰੋਫਾਈਲ ਦੇਖੀ ਤਾਂ ਮੈਨੂੰ ਲੱਗਿਆ ਕਿ ਦੁਨੀਆਂ ’ਚ ਤੁਸੀਂ ਹੀ ਉਹ ਸਹੀ ਇਨਸਾਨ ਹੋ ਜੋ ਮੇਰੀ ਮੱਦਦ ਕਰ ਸਕਦੇ ਹੋ। ਸੋ, ਮੈਂ ਇਕ ਧਨ ਦੌਲਤ ਦਾ ਬਕਸਾ ਤੁਹਾਨੂੰ ਭੇਜ ਦਿੰਦੀ ਹਾਂ, ਬਾਕੀ ਧਨ ਨਾਲ ਮੈਂ ਬਾਅਦ ’ਚ ਤੁਹਾਡੇ ਕੋਲ ਆ ਜਾਵਾਂਗੀ। ਈਮੇਲ ਪੜ੍ਹਨ ਸਾਰ ਮੇਰੇ ਵਰਗੇ ਦੇ ਮਨ ’ਚ ਲੱਡੂ ਭੁਰਨ ਲੱਗ ਜਾਂਦੇ ਹਨ ਕਿ ਜਵਾਨ ਕੁੜੀ ਤੇ ਉਹ ਵੀ ਮਾਇਆ ਨਾਲ! ਕਿਸਮਤ ਤੇ ਯਕੀਨ ਨਹੀਂ ਆਉਂਦਾ। ਵੀਹ ਕੁ ਵਰ੍ਹੇ ਪਹਿਲਾਂ ਵਿਆਹ ਕੇ ਲਿਆਂਦੀ ਘਰਵਾਲੀ ਵੀ ਸੌਂਕਣ ਰੱਖਣ ਲਈ ਰਾਜ਼ੀ ਹੋ ਜਾਂਦੀ ਹੈ।

ਅੱਜ ਕੱਲ੍ਹ ਠੱਗੀ ਵੀ ਇਕ ਬਹੁਤ ਵੱਡਾ ਵਪਾਰ ਬਣ ਗਿਆ ਹੈ ਤੇ ਜਿਵੇਂ ਇਕ ਵੱਡੇ ਵਪਾਰ ਲਈ ਕਾਫ਼ੀ ਵੱਡਾ ਤਾਣਾ-ਬਾਣਾ ਬੁਣਨਾ ਪੈਂਦਾ ਹੈ, ਓਵੇਂ ਹੀ ਅੱਜ ਕੱਲ੍ਹ ਠੱਗ ਵੀ ਟੀਮ ਵਰਕ ਨਾਲ ਕੀਤੀ ਜਾਂਦੀ ਹੈ। ਪਿੱਛੇ ਜਿਹੇ ਇੱਕ ਠੱਗੀ ਸਾਡੇ ਬੇਰੁਜ਼ਗਾਰਾਂ ਭਰਾਵਾਂ ਨਾਲ ਹੋਈ ਸੀ। ਹੋਇਆ ਕੀ ਕਿ ਅਕਸਰ ਹੀ ਸਾਡੇ ਪੜ੍ਹੇ ਲਿਖੇ ਬੇਰੁਜ਼ਗਾਰ ਨੌਕਰੀ ਦੀ ਤਲਾਸ਼ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਠੱਗ ਉਨ੍ਹਾਂ ਤਕ ਅਖ਼ਬਾਰਾਂ ਰਾਹੀਂ ਸੰਪਰਕ ਪੈਦਾ ਕਰਦੇ ਹਨ। ਚਾਰ ਕੁ ਸਾਲ ਪਹਿਲਾਂ ਕੁਝ ਅਜਿਹਾ ਹੀ ਵਾਪਰਿਆ। ਪੰਜਾਬ ਦੇ ਇਕ ਮਸ਼ਹੂਰ ਅਖ਼ਬਾਰ ’ਚ ਇਕ ਇਸ਼ਤਿਹਾਰ ਛਪਿਆ ਕਿ ਡਿਗਰੀ ਹੋਲਡਰ ਕਮਾਓ ਪੱਚੀ ਹਜ਼ਾਰ ਮਹੀਨਾ, ਡਿਪਲੋਮਾ ਪਾਸ ਵੀਹ ਹਜ਼ਾਰ, ਬਾਰ੍ਹਵੀਂ ਪਾਸ ਪੰਦਰਾਂ ਹਜ਼ਾਰ, ਦਸਵੀਂ ਪਾਸ ਦਸ ਹਜ਼ਾਰ, ਅੱਠਵੀਂ ਪਾਸ ਅੱਠ ਹਜ਼ਾਰ ਅਤੇ ਇਸ ਤੋਂ ਵੀ ਘੱਟ ਪੜ੍ਹੇ ਕਮਾਓ ਛੇ ਹਜ਼ਾਰ ਰੁਪਈਆ ਪ੍ਰਤੀ ਮਹੀਨਾ। ਅਪਲਾਈ ਕਰਨ ਲਈ ਉਨ੍ਹਾਂ ਬੜੀ ਇਮਾਨਦਾਰੀ ਨਾਲ ਸਿਰਫ਼ ਸੌ ਰੁਪਈਆਂ ਦਾ ਡਿਮਾਂਡ ਡਰਾਫ਼ਟ ਮੰਗਿਆ ਸੀ। ਹੈੱਡ ਆਫ਼ਿਸ ਦਾ ਪਤਾ ਚੰਡੀਗੜ੍ਹ ਦੇ ਸਤਾਰਾਂ ਸੈਕਟਰ ਦਾ ਦਿੱਤਾ ਹੋਇਆ ਸੀ। ਸਾਡੇ ਬੇਰੁਜ਼ਗਾਰ ਵੀਰਾਂ ਨੇ ਆਓ ਦੇਖਿਆ ਨਾ ਤਾਓ ਬੱਸ ਚੱਕ ‘ਤੇ ਫੱਟੇ। ਇਕ ਮਹੀਨੇ ਦੀ ਆਖ਼ਰੀ ਤਾਰੀਖ਼ ਰੱਖੀ ਹੋਈ ਸੀ। ਬੱਸ ਉਦੋਂ ਤੱਕ ਸੌ-ਸੌ ਕਰ ਕੇ ਕਰੋੜਾਂ ਰੁਪਈਏ ਭੇਜ ਦਿੱਤੇ। ਇਕ ਦੋ ਮਹੀਨੇ ਹਰ ਇਕ ਨੇ ਜਵਾਬ ਉਡੀਕਿਆ ਪਰ ਜਦੋਂ ਨਾ ਆਇਆ ਤਾਂ ਕਿਸੇ ਵੀ ਮੇਰੇ ਵੀਰ ਭੈਣ ਨੇ ਜਵਾਬ ਮੰਗਣ ਦੀ ਖੇਚਲ ਨਹੀਂ ਕੀਤੀ, ਕਿਉਂਕਿ ਉਸ ਸੌ ਰੁਪਈਏ ਲਈ ਪੰਜ-ਚਾਰ ਸੌ ਲਾ ਕੇ ਚੰਡੀਗੜ੍ਹ ਜਾਣਾ ਕੋਈ ਸਿਆਣਪ ਦਾ ਕੰਮ ਨਹੀਂ ਸੀ। ਪਰ ਠੱਗ ਜੀ ਦੀ ਦੂਰ ਅੰਦੇਸ਼ੀ ਦੇਖੋ ਕਿ ਕਿੰਨੀ ਆਸਾਨੀ ਨਾਲ ਕਰੋੜਾਂ ਲੈ ਕੇ ਫੁਰਰ ਹੋ ਗਏ, ਪੜ੍ਹੇ ਲਿਖੇ ਤੋਂ ਲੈ ਕੇ ਅਨਪੜ੍ਹ ਤਕ ਸਾਰਿਆਂ ਦੇ ਲਾਲਚ ਦਾ ਟੀਕਾ ਲਗਾ ਕੇ।

ਹੁਣ ਇਕ ਅੱਜ ਕੱਲ੍ਹ ਦੇ ਜਾਣੀਜਾਣ ਬਾਬਿਆਂ ਦੀ ਸੁਣ ਲਵੋ। ਬਹੁਤ ਸਾਰੇ ਤਾਂ ਇਸ ਕਾਂਡ ਤੋਂ ਵਾਕਫ਼ ਹੋਣਗੇ ਪਰ ਬਾਕੀਆਂ ਲਈ ਪੇਸ਼ ਹੈ । ਇਹ ਇਕ ਸੱਚੀ ਘਟਨਾ ਹੈ, ਬੱਸ ਇਕ ਦੂਜੇ ਮੂੰਹ ਤੋਂ ਹੁੰਦੀ ਹੋਣ ਕਰਕੇ ਇਸ ਨੂੰ ਥੋੜ੍ਹਾ ਜਿਹਾ ਕਹਾਣੀ ਦਾ ਰੂਪ ਮਿਲ ਗਿਆ। ਪਰ ਜਿਨ੍ਹਾਂ ਲੋਕਾਂ ਨੇ ਉਸ ਵਕਤ ਦੇ ਅਖ਼ਬਾਰ ਪੜ੍ਹੇ ਹਨ ਉਹ ਇਸ ਘਟਨਾ ਤੋਂ ਚੰਗੀ ਤਰ੍ਹਾਂ ਜਾਣੂ ਹਨ।

ਹੋਇਆ ਇਹ ਕਿ ਇਕ ਡੇਰੇਦਾਰ ਬਾਬੇ ਦੀ ਦੁਕਾਨਾਦਾਰੀ ਬਹੁਤ ਵਧੀਆ ਚੱਲ ਪਈ ਤੇ ਸ਼ਰਧਾਲੂ ਇਕ ਦੂਜੇ ਤੋਂ ਮੂਹਰੇ ਹੋ ਕੇ ਸੇਵਾ ਕਰਨ ਲੱਗੇ। ਹਫ਼ਤੇ-ਹਫ਼ਤੇ ਤੋਂ ਦੀਵਾਨ ਸਜਨ ਲੱਗੇ। ਇਹ ਸਾਰੀ ਮਹਿਮਾ ਦੀ ਭਿਣਕ ਠੱਗ ਜੀ ਕੋਲ ਵੀ ਪਹੁੰਚ ਗਈ। ਲਓ ਜੀ ਠੱਗ ਜੀ ਹਰ ਦੀਵਾਨ ’ਚ ਹਾਜ਼ਰੀ ਭਰਨ ਲੱਗਿਆ ਤੇ ਚੁੱਪ ਕਰ ਕੇ ਇਕ ਖੂੰਜੇ ’ਚ ਅੱਖਾਂ ਮੀਚ ਕੇ ਬਹਿ ਜਾਇਆ ਕਰੇ ਤੇ ਸਭ ਤੋਂ ਮਗਰੋਂ ਉਥੋਂ ਜਾਇਆ ਕਰੇ। ਪੰਜ-ਸੱਤ ਚੌਂਕੀਆਂ ਭਰੀਆਂ ਤਾਂ ਇਕ ਦਿਨ ਜਾਣੀਜਾਣ ਬਾਬਾ ਜੀ ਨੇ ਉਸ ਸੇਵਕ ਨੂੰ ਆਪਣੇ ਕੋਲ ਬੁਲਾ ਲਿਆ ਤੇ ਪੁੱਛਿਆ;

“ਭਾਈ ਤੁਸੀਂ ਕਿਥੋਂ ਦੇ ਰਹਿਣ ਵਾਲੇ ਹੋ ?”

“ਜੀ ਰਹਿੰਦਾ ਤਾਂ ਮੈਂ ਬਾਹਰਲੇ ਮੁਲਕ ਹਾਂ ਪਰ ਵਪਾਰ ’ਚ ਘਾਟਾ ਪੈ ਗਿਆ । ਸੋ ਹੁਣ ਤਾਂ ਨਾ ਘਰ ਦਾ ਨਾ ਘਾਟ ਦਾ ਜਿਹਾ ਹੋਇਆ ਪਿਆ ਹਾਂ, ਮਿਹਰ ਕਰੋ ਬਾਬਾ ਜੀ ।”

ਬਾਬਾ ਜੀ ਨੂੰ ਸੇਵਕ ਦੇ ਪੱਲੇ ਤਾਂ ਕੁਝ ਦਿਸਿਆ ਨਹੀਂ ਬੱਸ ਲੋਕ ਲੱਜੋਂ ਕਹਿ ਦਿੱਤਾ, “ਭਗਤਾ ਅੱਜ ਤੋਂ ਸਭ ਠੀਕ ਹੋ ਜਾਊ ਸਾਡਾ ਅਸ਼ੀਰਵਾਦ ਹੈ ।”

ਉਸ ਦਿਨ ਤੋਂ ਬਾਅਦ ਕਦੇ ਉਹ ਭਗਤ ਡੇਰੇ ਨਾ ਆਇਆ। ਤਿੰਨ ਕੁ ਮਹੀਨਿਆਂ ਬਾਅਦ ਭਗਤ ਕਾਲੇ ਰੰਗ ਦੀ ਵੱਡੀ ਕਾਰ ਤੇ ਢੇਰਾਂ ਸਾਰੇ ਤੋਹਫ਼ੇ ਲੈ ਕੇ ਬਾਬਾ ਜੀ ਦੇ ਚਰਨੀਂ ਢੈਅ ਪਿਆ। ਸ਼ਰਧਾਲੂਆਂ ਦਾ ਇਕੱਠ ਹੋ ਗਿਆ। ਵਿਦੇਸ਼ੀ ਸੇਵਕ ਕਹਿੰਦਾ, “ਬਾਬਾ ਜੀ ਤੁਹਾਡੇ ਅਸ਼ੀਰਵਾਦ ਨਾਲ ਲਹਿਰਾਂ ਬਹਿਰਾਂ ਹੋ ਗਈਆਂ। ਆਹ ਕਾਰ ਦੀ ਤੁੱਛ ਭੇਂਟ ਸਵੀਕਾਰ ਕਰੋ”।

ਬਾਬਾ ਜੀ ਦਾ ਹਾਸਾ ਕੱਛਾਂ ਥਾਂਣੀ ਬਾਹਰ ਨੂੰ ਨਿਕਲੇ ਅਤੇ ਡੇਰੇ ’ਚ ਸੇਵਕਾਂ ਦਾ ਇਕੱਠ ਵੀ ਦਿਨਾਂ ’ਚ ਹੀ ਦੂਣਾ-ਤੀਣਾ ਹੋ ਗਿਆ। ਵਿਦੇਸ਼ੀ ਸੇਵਕ ਨੇ ਦਸ-ਵੀਹ ਦਿਨ ਬਾਬੇ ਦੀ ਸੇਵਾ ਕੀਤੀ । ਗੱਲਾਂ ਬਾਤਾਂ ’ਚ ਠੱਗ ਜੀ ਕਹਿੰਦੇ ਕਿ ਸਾਨੂੰ ਸੌ ਬੰਦਾ ਬਾਹਰਲੇ ਮੁਲਕ ’ਚ ਚੱਲਦੀਆਂ ਫ਼ੈਕਟਰੀਆਂ ਲਈ ਚਾਹੀਦਾ ਹੈ, ਜਿਸ ਦੀ ਮਨਜ਼ੂਰੀ ਸਾਨੂੰ ਮਿਲ ਗਈ ਹੈ। ਉਸੇ ਕੰਮ ਲਈ ਇਥੇ ਆਇਆਂ ਹਾਂ। ਜਦੋਂ ਬਾਬਾ ਜੀ ਨੇ ਪੁੱਛਿਆ ਕਿ ਭਾਈ ਉਥੇ ਜਾਣ ਤੇ ਕਿੰਨਾ ਖ਼ਰਚਾ ਹੋਵੇਗਾ। ਸੇਵਕ ਕਹਿੰਦਾ ਕਿ ਜੇ ਪੱਕਾ ਵੀਜ਼ਾ ਲੈਣਾ ਤਾਂ ਪੰਜ ਲੱਖ ਰੁਪਈਆ ਇਕ ਜਣੇ ਦਾ ਖ਼ਰਚ ਹੋਵੇਗਾ। ਬਾਬਾ ਜੀ ਨੇ ਹੁਕਮ ਲਾ ਦਿੱਤਾ ਕਿ ਕੁਝ ਸਾਡੇ ਸ਼ਰਧਾਲੂਆਂ ਨੂੰ ਲੈ ਜਾ ਭਾਈ। ਸੇਵਕ ਕਹਿੰਦਾ ਬਾਬਾ ਜੀ ਸਭ ਤੁਹਾਡਾ ਦਿਤਾ ਤਾਂ ਖਾਂਦੇ ਹਾਂ ਫੇਰ ਤੁਹਾਨੂੰ ਕਿਵੇਂ ਨਾਂਹ ਕਰ ਸਕਦੇ ਹਾਂ। ਪਰ ਪੈਸਿਆਂ ਦੇ ਮਾਮਲੇ ’ਚ ਮੈਂ ਕੁਝ ਨਹੀਂ ਕਰ ਸਕਦਾ ਕਿਉਂਕਿ ਉਹ ਤਾਂ ਸਰਕਾਰੀ ਖ਼ਰਚਾ ਲੱਗੇਗਾ । ਸ਼ਾਮ ਦੇ ਦੀਵਾਨ ’ਚ ਬਾਬਾ ਜੀ ਨੇ ਸੇਵਕਾਂ ਨੂੰ ਦੱਸ ਦਿੱਤਾ ਕਿ ਜੇ ਕਿਸੇ ਨੇ ਵਿਦੇਸ਼ ਜਾਣਾ ਤਾਂ ਸਾਡੇ ਕੋਲ ਨਾਂ ਲਿਖਵਾ ਦਿਓ, ਅਸੀਂ ਤੁਹਾਡੀ ਮੱਦਦ ਕਰਾਂਗੇ। ਬੱਸ ਫੇਰ ਕੀ ਸੀ… ਲਾਈਨ ਲਗ ਗਈ । ਜਾ ਸਕਣ ਵਾਲੇ ਬੰਦੇ ਸੌ ਪਰ ਉਥੇ ਦਰਖ਼ਾਸਤਾਂ ਡੇਢ ਸੌ ਆ ਗਈਆਂ। ਫ਼ੈਸਲਾ ਹੋਇਆ ਕਿ ਬਾਬਾ ਜੀ ਇਹਨਾਂ ‘ਚੋਂ ਕਿਸਮਤ ਵਾਲੇ ਸੌ ਬੰਦੇ ਚੁਣ ਦੇਣਗੇ। ਪੰਜਾਹ ਕੁ ਬੰਦੇ ਜਿਹੜੇ ਨਾ ਚੁਣੇ ਜਾ ਸਕੇ, ਉਹ ਵਿਚਾਰੇ ਆਪਣੇ ਆਪ ਨੂੰ ਬੇ ਭਾਗੇ ਸਮਝ ਕੇ ਚੁੱਪ ਕਰ ਕੇ ਬਹਿ ਗਏ।

ਮੁੱਕਦੀ ਗੱਲ ਸਾਰੇ ਪੈਸੇ ਤੇ ਚੁਣੇ ਗਏ ਸਾਰੇ ਸੇਵਕਾਂ ਨਾਲ ਜਾਣੀਜਾਣ ਬਾਬਾ ਜੀ ਸੇਵਕ ਵੱਲੋਂ ਭੇਂਟ ਕੀਤੀ ਕਾਰ ਤੇ ਸਵਾਰ ਹੋ ਬੱਸਾਂ ਭਰ ਕੇ ਦਿੱਲੀ ਜਾ ਪਹੁੰਚੇ। ਸਾਰਿਆਂ ਨੂੰ ਇਕ ਵੱਡੀ ਸਰਾਂ ’ਚ ਬੈਠਾ ਕੇ ਸੇਵਕ ਸਾਰੇ ਪੈਸੇ ਤੇ ਬਾਬਾ ਜੀ ਨੂੰ ਦਿੱਤੀ ਕਾਰ ਲੈ ਕੇ ਚਲਾ ਗਿਆ, ਇਹ ਕਹਿ ਕੇ ਕਿ ਮੈਂ ਅੰਬੈਸੀ ਜਾ ਕੇ ਕਾਗ਼ਜ਼ ਪੱਤਰ ਲੈ ਆਵਾਂ । ਕਦੇ ਅੱਜ ਤੱਕ ਗੰਗਾ ਗਏ ਫੁੱਲ ਵੀ ਮੁੜੇ ਹਨ! ਹੁਣ ਕਰਮਾਂ ਵਾਲੇ ਸੌ ਸ਼ਰਧਾਲੂ ਪਿੱਛੇ ਰਹਿ ਗਏ ਪੰਜਾਹ ਬੇ-ਭਾਗਿਆਂ ਨੂੰ “ਕਰਮਾਂ ਵਾਲੇ” ਕਹਿਣ ਲਈ ਮਜ਼ਬੂਰ ਸਨ ਅਤੇ ਜੋ ਜਾਣੀਜਾਣ ਬਾਬਾ ਜੀ ਨਾਲ ਬੀਤੀ ਉਹ ਇਥੇ ਲਿਖਣ ਦੀ ਲੋੜ ਨਹੀਂ, ਕਬੀਰ ਜੀ ਦੀ ਬਾਣੀ ਵਿਚੋਂ ਇਹ ਸ਼ਬਦ ਸਭ ਕੁਝ ਬਿਆਨ ਕਰ ਰਿਹਾ;

ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥
ਗਲੀ ਜਿਨ੍‍ਾ ਜਪਮਾਲੀਆ ਲੋਟੇ ਹਥਿ ਨਿਬਗ ॥
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ॥1॥ (476, ਆਸਾ, ਕਬੀਰ ਜੀਉ)

ਦੋਸਤੋ! ਕੁਝ ਹਲਕੀਆਂ ਫੁਲਕੀਆਂ ਗੱਲਾਂ ਰਾਹੀਂ ਇਹੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਸਭ ਜਾਣਦੇ ਹੋਏ ਵੀ ਫੇਰ ਵਾਰ ਵਾਰ ਕਿਉਂ ਠੱਗੇ ਜਾਂਦੇ ਹਾਂ। ਠੱਗੇ ਜਾਣ ਵਾਲਿਆਂ ਦੇ ਵੱਡੇ ਹਿੱਸੇ ਦਾ ਕਾਰਨ ਲਾਲਚ ਹੀ ਦਿਖਾਈ ਦਿੰਦਾ ਹੈ ਪਰ ਕੁਝ ਇਕ ਹਿੱਸਾ ਵਿਸ਼ਵਾਸਘਾਤ ਦਾ ਸ਼ਿਕਾਰ ਹੋ ਕੇ ਵੀ ਠੱਗਿਆ ਜਾਂਦਾ ਹੈ। ਇਸ ਗੱਲ ਨੂੰ ਸਾਬਤ ਕਰਨ ਲਈ ਜੇ ਅਸੀਂ ਉਪਰੋਕਤ ਬਾਬਾ ਜੀ ਦੀ ਗੱਲ ਦਾ ਵਿਸ਼ਲੇਸ਼ਣ ਕਰੀਏ ਤਾਂ ਇਹੀ ਸਾਹਮਣੇ ਆਉਂਦਾ ਹੈ ਕਿ ਪਹਿਲਾ ਠੱਗ, ਬਾਬਾ ਦਿਖਾਈ ਦਿੰਦਾ ਹੈ ਜੋ ਸੇਵਕਾਂ ਨਾਲ ਵਿਸ਼ਵਾਸਘਾਤ ਕਰ ਰਿਹਾ ਹੈ। ਪਰ ਅੱਗੇ ਜਾ ਕੇ ਸ਼ਰਧਾਲੂ ਲਾਲਚੀ ਹੋ ਜਾਂਦੇ ਹਨ ਤੇ ਬਾਬੇ ਨਾਲ ਇਕ ਸੇਵਕ ਵਿਸ਼ਵਾਸਘਾਤ ਕਰ ਜਾਂਦਾ ਹੈ। ਸੋ ਇਹ ਕਹਾਣੀ ਦੋ ਗੱਲਾਂ ਦੁਆਲੇ ਹੀ ਘੁੰਮਦੀ ਹੈ। ਇਕ ਹੋਰ ਪੱਖ, ਜੋ ਇਸ ਲੇਖ ’ਚ ਛੋਹਣ ਦੀ ਕੋਸ਼ਿਸ਼ ਕੀਤੀ ਹੈ ਉਹ ਇਹ ਹੈ ਕਿ ਠੱਗੀ ਤੋਂ ਕੋਈ ਵੀ ਵਰਗ ਨਹੀਂ ਬਚ ਸਕਿਆ।

ਜਾਂਦੇ ਜਾਂਦੇ ਦਸ ਦੇਣਾ ਚਾਹੁੰਦਾ ਹਾਂ ਕਿ ਮੈਂ ਵੀ ਠੱਗ ਜੀ ਦੀ ਮਾਰ ਤੋਂ ਬਚ ਨਹੀਂ ਸਕਿਆ। ਬੱਸ ਫ਼ਰਕ ਏਨਾ ਕੁ ਰਿਹਾ ਕਿ ਮੈਂ ਲਾਲਚ ’ਚ ਆ ਕੇ ਨਹੀਂ ਠੱਗਿਆ ਗਿਆ ਬਲਕਿ ਵਿਸ਼ਵਾਸਘਾਤ ਦਾ ਸ਼ਿਕਾਰ ਜ਼ਰੂਰ ਹੋਇਆ। ਮੈਂ ਯਕੀਨਨ ਹੀ ਮਾਲੀ ਨੁਕਸਾਨ ਤੋਂ ਤਾਂ ਬਚ ਗਿਆ ਪਰ ਠੱਗੀ ’ਚ ਜੋ ਕੁਝ ਮੈਂ ਗੁਆਇਆ ਉਹ ਮਾਲੀ ਨੁਕਸਾਨ ਨਾਲੋਂ ਕਿਤੇ ਵੱਡਾ ਸੀ। ਕਿਸੇ ਨਾਲ ਕੋਈ ਗਿਲਾ ਵੀ ਨਹੀ ਕਿਉਂਕਿ ਮੈਂ ਵੀ ਤਾਂ ਆਪਣੀ ਸਹਿਮਤੀ ਨਾਲ ਹੀ ਠੱਗਿਆ ਗਿਆ ਸਾਂ।

****

1 comment:

Unknown said...

ਬਹੁਤ ਵਧੀਆ ਜੀ।