ਪੰਜਾਬੀ ਵਿਰਸਾ......... ਨਜ਼ਮ/ਕਵਿਤਾ / ਪ੍ਰੀਤ ਸਰਾਂ

ਤੁਹਾਨੂੰ ਸਮੇਂ ਪੁਰਾਣੇ ਚ ਹਾਂ ਲਿਜਾਣ ਲੱਗੀ ,
ਜਿਥੇ ਵੱਸਦਾ ਸੀ ਪੁਰਾਣਾ ਪੰਜਾਬ ਸਾਡਾ !
ਲੋਕੀਂ ਭੁੱਲਦੇ ਜਾਂਦੇ ਕੁੱਝ ਚੀਜ਼ਾਂ ਨੂੰ,
ਸੁਣਕੇ ਇਹਨਾਂ ਬਾਰੇ ਲੱਗੇ ਦੁੱਖ ਡਾਢਾ !
ਚਲੋ ਚਰਖੇ ਨੂੰ ਤਾਂ ਸਭ ਜਾਣਦੇ ਈ ਨੇ,
ਸ਼ਬਦ ਤੰਦ,ਗਲੋਟੇ,ਪੂਣੀਆਂ ਵੀ ਪਹਿਚਾਣਦੇ ਈ ਨੇ !
ਪਰ ਕੁੱਝ ਵਿਸਰੇ ਨਾਮ ਯਾਦ ਕਰਵਾ ਦੇਵਾਂ,
ਮਾਹਲ,ਤੱਕਲਾ,ਟੇਰਨ ਤੇ ਕੱਤਣੀ,
ਤੁਹਾਡੇ ਚੇਤਿਆਂ ਚ ਫਿਰ ਵਸਾ ਦੇਵਾਂ !
ਹੋਲੀ-ਹੋਲੀ ਹੋ ਰਹੀ ਆਲੋਪ ਮਧਾਣੀ,

ਕੁੱਝ ਇਸਦੇ ਬਾਰੇ ਵੀ ਵਿਚਾਰ ਕਰੀਏ !
ਸ਼ਬਦ ਚਾਟੀ,ਨੇਤਰਾ ਅਤੇ ਨੇਹੀ,
ਕੁੱਝ ਇਹਨਾਂ ਦਾ ਵੀ ਗਿਆਨ ਕਰੀਏ !
"ਖੂਹ" ਸ਼ਬਦ ਤਾਂ ਆਉਂਦਾ ਏ ਗੀਤਾਂ ਵਿਚ ਵੀ
ਪਰ ਸ਼ਬਦ ਟਿੰਡਾਂ ਤੇ ਮੌਣ ਵਿਸਾਰ ਗਏ !
ਬੋਹਲ,ਫਲਾ ਤੇ ਝਾਫੇ ਕੀ ਹੁੰਦੇ ?
ਇਹ ਸ਼ਬਦ ਵੀ ਉਡਾਰੀ ਮਾਰ ਗਏ !
ਖੇਤੀ ਧਾਰ ਗਈ ਰੂਪ ਆਧੁਨਿਕਤਾ ਦਾ,
ਸੰਦ ਪੁਰਾਣਿਆਂ ਨੂੰ ਜੰਗਾਲ ਖਾ ਗਿਆ !
ਪੰਜਾਲੀ,ਤ੍ਰ੍ਪਾਲੀ,ਜੀਉੜਾ, ਤੰਗਲੀ
ਸ੍ਲਗ,ਦੁਸਾਂਗਾ,ਬਘਿਆੜ ਤੇ ਪੋਰ,
ਸਾਰੇ ਸੰਦਾਂ ਦਾ ਰੂਪ ਨਵਾਂ ਆ ਗਿਆ !
ਕੁਲਾੜੀ,ਪੇਂਜਾ,ਤਾੜਾ ਤੇ ਘਰਾਟ,
ਸਾਰੇ ਸ਼ਬਦ ਤਾਂ ਆਚੰਭਾ ਹੋ ਗਏ !
ਭੜੋਲੀ,ਆਲਾ ਤੇ ਅਗੀਠੀ ਕਿਥੋਂ ਯਾਦ ਰਹਿਣੀ ?
ਸਾਰੇ ਬੀਤੇ ਵੇਲਿਆਂ ਦੇ ਵਿਚ ਖੋ ਗਏ !
ਪੰਜਾਬੀ ਪਹਿਰਾਵੇ ਵੀ ਵਿਚ ਕਈ ਰੰਗਾਂ ਦੇ ਰੰਗੇ ਗਏ,
ਘੱਗਰੇ,ਗਰਾਰੇ,ਦੋਸ਼ਾਲੇ,ਬਾਗ,ਫੁਲਕਾਰੀ
ਸ਼ਬਦ ਕਿੱਲੀਆਂ ਉੱਤੇ ਟੰਗੇ ਗਏ !
ਬਲਟੋਹੀ,ਛੰਨਾ,ਕੌਲ,ਗੜਵਾ
ਕਦੇ ਸੀ  ਸ਼ਿੰਗਾਰ ਰਸੋਈ ਦੇ,
"ਪ੍ਰੀਤ"ਵਿਰਸਾ ਸਾਡਾ ਬੜਾ ਅਮੀਰ ਹੈ !
ਵਿਚ ਚੇਤਿਆਂ ਦੇ ਅਸੀਂ ਵਸਾ ਲਈਏ,
ਕਦੇ ਅਨਮੋਲ ਵਿਰਸੇ ਇੰਝ ਨਹੀ ਖੋਈਦੇ !!

1 comment:

DILJODH said...

great --shabadkosh creation-----wonderful attempt