ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ‘ਚ ਮਨਾਇਆ ਗਿਆ ਅਜ਼ਾਦੀ ਦਿਹਾੜਾ..........ਰਿਸ਼ੀ ਗੁਲਾਟੀ


ਐਡੀਲੇਡ : ਬੀਤੇ ਦਿਨੀਂ “ਇੰਡੀਅਨ ਆਸਟ੍ਰੇਲੀਅਨ ਐਸੋਸੀਏਸ਼ਨ ਆਫ਼ ਸਾਊਥ ਆਸਟ੍ਰੇਲੀਆ” ਵੱਲੋਂ ਭਾਰਤ ਦਾ ਅਜ਼ਾਦੀ ਦਿਹਾੜਾ ਮਨਾਇਆ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਗੀਤ ਵੰਦੇ ਮਾਤਰਮ ਨਾਲ ਕੀਤੀ ਗਈ ਤੇ ਮੁੜ ਜਨ ਗਨ ਮਨ ਨਾਲ਼ ਇਹ ਪ੍ਰੋਗਰਾਮ ਅੱਗੇ ਵਧਾਇਆ ਗਿਆ । ਇਸ ਉਪਰੰਤ ਐਸੋਸੀਏਸ਼ਨ ਦੇ ਨਵੇਂ ਬਣੇ ਪ੍ਰਧਾਨ ਸੁਰਿੰਦਰ ਅਗਰਵਾਲ ਨੇ ਸਭ ਨੂੰ ਜੀ ਆਇਆਂ ਕਿਹਾ । ਇਸ ਮੌਕੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਤੇ ਆਜ਼ਾਦੀ ਦੇ ਪ੍ਰਵਾਨਿਆਂ ਦੇ ਰੂਪ ਧਾਰ ਕੇ ਉਨ੍ਹਾਂ ਦਾ ਸੁਨੇਹਾ ਵੀ ਦਰਸ਼ਕਾਂ ਤੱਕ ਪਹੁੰਚਦਾ ਕੀਤਾ ਗਿਆ । ਇਸ ਸਮੇਂ ਸਾਊਥ ਆਸਟ੍ਰੇਲੀਆ ਦੇ ਨਵੇਂ ਆ ਰਹੇ ਪ੍ਰੀਮੀਅਰ ਜੇ ਵਾਈਟਲਰ, ਗਵਰਨਰ ਹੀਊ ਵੈਨ ਲੀ, ਰਿਟਾਇਰਡ ਮੇਜਰ ਜਨਰਲ ਵਿਕਰਮ ਮਦਾਨ, ਰਿਟਾਇਰ ਲੈਫਟੀਨੈਂਟ ਕਰਨਲ ਬਿੱਕਰ ਸਿੰਘ ਬਰਾੜ, ਰਿਟਾਇਰਡ ਕਰਨਲ ਸੰਜੇ ਪਾਠਕ, ਰਿਟਾਇਰਡ ਕਮਾਂਡਰ ਸੁਬਰਤੋ ਘੋਸ਼, ਪੰਜਾਬੀ ਕਲਚਰਲ ਐਸਸੀਏਸ਼ਨ ਸਾਊਥ ਆਸਟ੍ਰੇਲੀਆ ਦੇ ਪ੍ਰਧਾਨ ਮਿੰਟੂ ਬਰਾੜ, ਬੌਬੀ ਗਿੱਲ, ਉਮੇਸ਼ ਨਾਗਜਾਂਡਰਾ, ਗਿੱਪੀ ਗਰੇਵਾਲ, ਸੁਮਿਤ ਟੰਡਨ ਆਦਿ ਹਾਜ਼ਰ ਸਨ । ਵਿਦੇਸ਼ੀ ਧਰਤੀ ‘ਤੇ ਚਾਰ ਸੀਨਿਆਂ ‘ਤੇ ਲੱਗੇ ਮੈਡਲ ਤੱਕ ਕੇ ਸਭ ਮਾਣ ਮਹਿਸੂਸ ਕਰ ਰਹੇ ਸਨ । ਇਸ ਮੌਕੇ ‘ਤੇ ਰੋਮਨ ਬਾਜਵਾ ਨੇ ਭੰਗੜਾ ਪਾ ਕੇ ਸਭ ਦਾ ਦਿਲ ਖੁਸ਼ ਕਰ ਦਿੱਤਾ ।

ਜਿੱਥੇ ਦਰਸ਼ਕਾਂ ਨੇ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ, ਉੱਥੇ ਇੰਤਜ਼ਾਮ ਪੱਖੋਂ ਕੁਝ ਕੁ ਊਣਤਾਈਆਂ ਵੀ ਨਜ਼ਰ ਆਈਆਂ । ਐਡੀਲੇਡ ‘ਚ ਭਾਰਤੀ ਭਾਈਚਾਰੇ ਦੀਆਂ ਹੋਰ ਵੀ ਐਸੋਸੀਏਸ਼ਨਾਂ ਹਨ । ਜੇਕਰ ਉਨ੍ਹਾਂ ਨੂੰ ਵੀ ਇਸ ਪ੍ਰੋਗਰਾਮ ‘ਚ ਸ਼ਮੂਲੀਅਤ ਦਾ ਸੱਦਾ ਪੱਤਰ ਦਿੱਤਾ ਜਾਂਦਾ ਤੇ ਇਹ ਦਿਹਾੜਾ ਮਿਲ ਕੇ ਮਨਾਇਆ ਜਾਂਦਾ ਤਾਂ ਦਰਸ਼ਕਾਂ ਦੀ ਗਿਣਤੀ ਹੋਰ ਵਧ ਸਕਦੀ ਸੀ । ਇਸ ਤੋਂ ਇਲਾਵਾ ਦਰਸ਼ਕਾਂ ਲਈ ਚਾਹ ਪਾਣੀ ਮੁੱਲ ਦਾ ਸੀ ਪਰ ਪ੍ਰੋਗਰਾਮ ਦੀ ਸਮਾਪਤੀ ‘ਤੇ ਲੱਡੂ ਵੀ ਵੰਡੇ ਗਏ । ਜਿ਼ਕਰਯੋਗ ਹੈ ਕਿ ਇਸ ਪ੍ਰੋਗਰਾਮ ‘ਚ ਆਸਟ੍ਰੇਲੀਅਨ ਭਾਈਚਾਰੇ ਦੇ ਲੋਕਾਂ ਨੇ ਵੀ ਭਾਰਤੀ ਪਹਿਰਾਵਾ ਪਹਿਨ ਕੇ ਪ੍ਰੋਗਰਾਮ ਦਾ ਆਨੰਦ ਮਾਣਿਆ ।

****

No comments: