ਦਰਦ ਦਾ ਬੋਝ੍ਹ.......... ਲੇਖ / ਕੇਹਰ ਸ਼ਰੀਫ਼


ਮਾਨਸਿਕ ਉਲਝਣਾਂ ਬਹੁਤ ਵਾਰ ਉਦਾਸੀ ਨੂੰ ਜਨਮ ਦਿੰਦੀਆਂ ਹਨ। ਕਈ ਵਾਰ ਇਹ ਆਪਣੀਆਂ ਹੀ ਪੈਦਾ ਕੀਤੀਆਂ ਹੁੰਦੀਆਂ ਹਨ ਅਤੇ ਕਦੇ ਕਦੇ ਵਿੰਗੇ-ਟੇਢੇ ਢੰਗ ਨਾਲ ਆਪਣੀਆਂ ਬਣ ਜਾਂਦੀਆਂ ਹਨ। ਇਨ੍ਹਾਂ ਉਲਝਣਾਂ ਵਿਚੋਂ ਜਨਮੀਂ ਉਦਾਸੀ, ਦਰਦ ਦੀ ਪੀੜ/ਚੀਸ ਵਿਚ ਵਟ ਜਾਂਦੀ ਹੈ, ਜੋ ਅਖੀਰ ਵਿਚ ਆਪਣਾ ਰੂਪ ਕਿਸੇ ਮਨੋਵਿਗਿਆਨਕ ਰੋਗ ਵਿਚ ਵਟਾ ਲੈਂਦੀ ਹੈ ਜਿਸ ਨਾਲ ਤੁਰੀ ਜਾਂਦੀ ਸੁੱਖਾਂ ਭਰੀ, ਸਾਵੀਂ ਜਿ਼ੰਦਗੀ ਵਿਚ ਖਲਲ ਪੈਣਾ ਸ਼ੁਰੂ ਹੋ ਜਾਂਦਾ ਹੈ। ਫੇਰ ਤਾਂ ਮਨ ਆਪਣੇ ਨਾਲ ਹੀ ਰੁੱਸਿਆਂ ਵਰਗਾ ਵਿਹਾਰ ਕਰਦਾ ਹੈ।

ਬੱਚਿਆਂ ਬਾਰੇ ਬਹੁਤ ਕੁੱਝ ਸੁਣਨ ਨੂੰ ਮਿਲਦਾ ਹੈ ਕਿ ਬੱਚੇ ਸਾਡਾ ਹਾਸਾ ਹਨ, ਜਿ਼ੰਦਗੀ ਦਾ ਅਸਲੀ ਖੇੜਾ ਹਨ, ਸਾਡੀ ਜਿ਼ੰਦਗੀ ਦੇ ਵਿਹੜੇ ਵਿਚਲੇ ਤੁਰੇ ਫਿਰਦੇ ਸੁਗੰਧੀ ਭਰੇ ਫੁੱਲ ਹਨ। ਸਾਡਾ ਖੂਨ ਤੇ ਸਾਡਾ ਸੁਨਹਿਰਾ ਭਵਿੱਖ ਹਨ, ਆਦਿ ਕਹਿ ਕੇ ਉਨ੍ਹਾਂ ਨੂੰ ਵਡਿਆਇਆ ਜਾਂਦਾ ਹੈ। ਜਿੱਥੇ ਬੱਚਿਆਂ ਨੂੰ ਮਾਪਿਆਂ ਦੀਆਂ ਜਾਇਦਾਦਾਂ ਸੁੱਖ, ਪਿਆਰ-ਮੁਹੱਬਤ ਪ੍ਰਾਪਤ ਹੁੰਦੇ ਹਨ, ਉੱਥੇ ਬਹੁਤ ਸਾਰੇ ਬੱਚੇ ਅਜਿਹੇ ਵੀ ਮਿਲਦੇ ਹਨ । ਜਿਨ੍ਹਾਂ ਨੂੰ ਆਪਣੇ ਮਾਪਿਆਂ ਦੀ ਬੇਵਸੀ, ਮੂਰਖਤਾ, ਨਾ-ਸਮਝੀ ਅਤੇ ਇਕਹਿਰੇ ਜਾਂ ਦੁਵੱਲੇ ਹੰਕਾਰ ਵਿਚੋਂ ਜਨਮਿਆਂ ਦਰਦ ਵੀ ਵਿਰਸੇ ਵਿਚ ਮਿਲਦਾ ਹੈ। ਜਿਸ ਦਾ ਬੋਝ੍ਹ ਨਾ ਚਾਹੁੰਦਿਆਂ ਹੋਇਆਂ ਵੀ ਉਨ੍ਹਾਂ ਨੂੰ ਸਾਰੀ ਉਮਰ ਹੀ ਹੰਢਾਉਣਾ/ਢੋਣਾਂ ਪੈਂਦਾ ਹੈ। ਫੇਰ ਉਹ ਸਮੇਂ ਦੀਆਂ ਧੁੱਦਲ਼ਾਂ-ਧੂੜਾਂ ਵਿਚ ਗੁਆਚੇ ਬਚਪਨ ਨੂੰ ਢੂੰਡਦੇ ਰਹਿ ਜਾਂਦੇ ਹਨ। ਬਾਲਪੁਣੇ ਵਿਚ ਰਹਿ ਗਈ ਮੋਹ ਦੀ ਘਾਟ/ਭੁੱਖ ਪੂਰਨ ਦੀ ਸੱਧਰ ਨੂੰ ਢੂੰਡਦੇ ਰਹਿ ਜਾਂਦੇ ਹਨ। ਖਾਲੀ ਜਹੀਆਂ ਡਡਿਆਈਆਂ ਅੱਖਾਂ ਨਾਲ ਬਚਪਨੇ ਵਿਚ ਮਾਪਿਆਂ ਦੇ ਗੁਆਚੇ ਲਾਡ-ਪਿਆਰ ਨੂੰ ਤਰਸਦੇ ਰਹਿ ਜਾਂਦੇ ਹਨ। ਅਜਿਹੇ ਬੱਚੇ ਵਡੇਰੀ ਉਮਰ ਦੇ ਹੋ ਜਾਣ ’ਤੇ ਵੀ ਜਦੋਂ ਕਿਧਰੇ ਰਾਹੇ ਲੰਘਦਿਆਂ ਕਿਸੇ ਥਾਵੇਂ ਵਡੇਰਿਆਂ ਵਲੋਂ ਬੱਚਿਆਂ ਨੂੰ ਲਾਡ ਲਡਾਉਂਦੇ ਦੇਖਦੇ ਹਨ, ਝੱਟ ਹੀ ਉਹ ਆਪਣੇ ਮੋਹ ਵਿਹੂਣੇ ਕੱਲ੍ਹ ਵਿਚ ਉਤਰ ਜਾਂਦੇ ਹਨ। ਉਸ ਰਾਹੇ ਉਹ ਆਪਣੇ ਦਰਦ ਦੇ ਕੁੱਝ ਹੰਝੂ ਧਰਤੀ ਦੀ ਹਿੱਕ ਨੂੰ ਅਰਪਤ ਕਰਦੇ ਹਨ, ਆਪਣੀ ਪੀੜ ਦਾ ਬੋਝ੍ਹ ਹਲਕਾ ਕਰਨ ਵਾਸਤੇ। ਇਸ ਤਰ੍ਹਾਂ ਅਜਿਹੇ ਵਿਅਕਤੀ ਚੁੱਪ-ਚੁਪੀਤੇ ਆਪਣੀ ਉਮਰ ਵਿਚ ਬੇਹਿਸਾਬ ਹੰਝੂਆਂ ਨਾਲ ਆਪਣਾ ਦਰਦ ਧੋਂਦੇ ਰਹਿੰਦੇ ਹਨ।

ਵਿਕਾਸ ਕਰ ਰਹੇ ਅਤੇ ਗਰੀਬ ਮੁਲਕਾਂ ਦੀ ਤਾਂ ਹੋਰ ਗੱਲ ਹੈ। ਮਾਂ-ਪਿਉ ਬਾਹਰੇ ਅਨੇਕਾਂ ਬੱਚੇ ਸੜਕਾਂ ਦੇ ਕੰਢਿਆਂ ’ਤੇ ਨੀਲੇ ਅਸਮਾਨ ਦੀ ਛੱਤ ਹੇਠ ਰੈਣ ਬਸੇਰਾ ਕਰਦੇ ਹਨ (ਇੱਥੋਂ ਤੱਕ ਕਿ ਕੁਦਰਤੀ ਵਸੀਲਿਆਂ ਨਾਲ ਮਾਲਾਮਾਲ ਬਰਾਜ਼ੀਲ ਵਰਗੇ ਮੁਲਕ ਵਿਚ ਅਜਿਹੇ ਸੜਕੀ ਬੱਚਿਆਂ ਦੀ ਗਿਣਤੀ ਲੱਖਾਂ ਤੱਕ ਸੁਣੀਂਦੀ ਹੈ) ਜਾਂ ਛੋਟੀ ਉਮਰੇ ਹੀ ਰੋਟੀ ਕਮਾਉਣ ਖਾਤਰ ਹਲਕੇ ਕਹੇ ਜਾਂਦੇ ਗੰਦੇ ਅਤੇ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੰਮਾਂ ਵੱਲ ਧੱਕ ਦਿੱਤਾ ਜਾਂਦਾ ਹੈ । ਉਨ੍ਹਾਂ ਨਿਮਾਣਿਆਂ/ਨਿਤਾਣਿਆਂ ਨੂੰ ਅਤੇ ਉਨ੍ਹਾਂ ਤੋਂ ਉਨ੍ਹਾਂ ਦਾ ਬਚਪਨ ਖੋਹ ਲਿਆ ਜਾਂਦਾ ਹੈ। ਬੀਮਾਰੀਆਂ ਅਤੇ ਇਲਾਜ ਦੀ ਘਾਟ ਕਰਕੇ ਜਾਂ ਭੁੱਖ ਨਾਲ ਮਰਦੇ ਬੱਚਿਆਂ ਦਾ ਤਾਂ ਹਿਸਾਬ ਹੀ ਹਿਸਾਬੋਂ ਬਾਹਰ ਹੈ। ਇਸ ਵਾਸਤੇ ਤੀਜੀ ਦੁਨੀਆਂ ਦੇ ਗਰੀਬ ਮੁਲਕਾਂ ਅਤੇ ਅਫਰੀਕੀ ਮਹਾਂਦੀਪ ਦੇ ਦੇਸ਼ਾਂ ਵਲ ਨਿਗਾਹ ਮਾਰ ਲੈਣੀ ਚਾਹੀਦੀ ਹੈ, ਤਾਂ ਹਰ ਕਿਸੇ ਦੀਆਂ ਅੱਖਾਂ ਸੱਚ ਦੇ ਸਾਹਮਣੇ ਸ਼ਰਮਿੰਦੀਆਂ ਹੋਈਆਂ ਨਜ਼ਰ ਆਉਣਗੀਆਂ। ਅੰਗਹੀਣ ਅਤੇ ਅਪਾਹਜ ਬੱਚਿਆਂ ਦੀ ਹਾਲਤ ਤਾਂ ਤਰਸਯੋਗ ਵਰਗੇ ਲਫਜ਼ ਤੋਂ ਵੀ ਬਹੁਤ ਹੀ ਘਿਨਾਉਣੀ ਹੈ। ਜਿਵੇਂ ਉਹ ਇਨਸਾਨ ਹੀ ਨਾ ਹੋਣ। ਗੱਲ ਉਨ੍ਹਾਂ ਬੱਚਿਆਂ ਦੀ ਕਰੀਏ ਜੋ ਵਿਆਹੇ ਜਾਂ ਅਣਵਿਆਹੇ ਮਾਪਿਆਂ ਦੇ ਹਨ (ਯੂਰਪ ਅਤੇ ਪੱਛਮੀ ਸਮਾਜ ਵਿਚ ਅਣਵਿਆਹੇ ਮਾਪਿਆਂ ਦੇ ਬੱਚਿਆਂ ਨੂੰ ਸਮਾਜੀ ਪ੍ਰਵਾਨਗੀ ਵੀ ਹੈ ਅਤੇ ਪੂਰੇ ਕਾਨੂੰਨੀ ਹੱਕ ਵੀ ਹਨ) ਸਾਵੀਂ ਤੁਰਦੀ ਜਿ਼ੰਦਗੀ ਵਿਚ ਕਿਸੇ ਤਰ੍ਹਾਂ ਦੇ ਵਿਗਾੜ ਪੈਦਾ ਕਰਨ ਵਾਲੇ ਕਾਰਨ ਪੈਦਾ ਹੋ ਜਾਣ ਕਰਕੇ ਉਹ ਵਿਆਹੇ ਜਾਂ ਅਣਵਿਆਹੇ ਜੋੜੇ ਵੱਖ ਹੋ ਗਏ ਹੋਣ ਜਾਂ ਉਨ੍ਹਾਂ ਨੇ ਇਕ-ਦੂਜੇ ਤੋਂ ਤਲਾਕ ਲੈ ਲਿਆ ਹੋਵੇ। ਕਾਰਨ ਆਰਥਕ ਮਾੜੀ ਹਾਲਤ/ਦਸ਼ਾ ਵੀ ਹੋ ਸਕਦੀ ਹੈ। ਨਸ਼ੇ-ਪੱਤੇ ਵਾਲੀ ਖੋਟੀ ਆਦਤ ਜਾਂ ਆਪਣੀ ਚਾਦਰੋਂ ਬਾਹਰ ਪੈਰ ਪਸਾਰਨ ਵਾਲੀਆਂ ਗੈਰ-ਹਕੀਕੀ, ਬੇਲੋੜੀਆਂ ਖਾਹਿਸ਼ਾਂ ਦੀ ਪੂਰਤੀ/ਅਪੂਰਤੀ ਵੀ ਜਾਂ ਫੇਰ ਆਪਣੇ ਸਾਥੀ/ਸਾਥਣ ਨਾਲ ਜਿ਼ੰਦਗੀ ਭਰ ਦਾ ਸਾਥ ਨਿਭਾਉਣ ਦੇ ਕੀਤੇ ਕੌਲ-ਕਰਾਰਾਂ ਨੂੰ ਉਲੰਘ ਕੇ ਅੱਖਾਂ ਦਾ ਕਿਸੇ ਤੀਜੇ ਪਾਸੇ ਜਾ ਲੜਨਾ ਵੀ ਹੋ ਸਕਦਾ ਹੈ। ਪੱਛਮੀ ਮੁਲਕਾਂ ਵਿਚ ਅਜਿਹੇ ਮਾਪਿਆਂ ਤੋਂ ਵਿਹੂਣੇ ਹੋ ਗਏ ਬੱਚਿਆਂ ਦੀ ਵੱਡੀ ਗਿਣਤੀ ਹੈ। ਭਾਵੇਂ ਕਿ ਇੱਥੇ ਬੱਚਿਆਂ ਨੂੰ ਕਾਫੀ ਕਾਨੂੰਨੀ ਸੁਰੱਖਿਆ ਮਿਲਦੀ ਹੈ। ਪਰ ਕਿਧਰੇ ਹੈ ਕੋਈ ਅਜਿਹਾ ਕਾਨੂੰਨ ਜੋ ਬੱਚੇ ਦੀ ਪੀੜੀ ਜਾਂਦੀ ਮਾਨਸਿਕਤਾ ਤੋਂ ਉਸਦਾ ਛੁਟਕਾਰਾ ਕਰਵਾ ਸਕਦਾ ਹੋਵੇ? ਜੋ ਬੱਚਿਆਂ ਨੂੰ ਉਨ੍ਹਾਂ ਦੇ ਅੰਦਰਲੇ ਦਰਦ ਤੋਂ ਮੁਕਤ ਕਰਵਾ ਸਕੇ? ਉਸ ਦਰਦ ਦੀ ਚੀਸ ਨੂੰ ‘ਚੂਸ’ ਸਕੇ? ‘ਮਾਪਿਆਂ’ ਵਲ ਵੇਖ ਕੇ ਅੱਖਾਂ ਦੇ ਕੋਇਆਂ ਵਿਚ ਛਲਕ ਆਉਣ ਵਾਲੇ ਹੰਝੂਆਂ ਨੂੰ ਪੀ ਸਕੇ? ਉਂਜ ਵੀ ਇਹ ਕੰਮ ਕਾਨੂੰਨ ਕਰ ਹੀ ਨਹੀਂ ਸਕਦਾ, ਕਿਉਂਕਿ ਅਹਿਸਾਸ ਅਤੇ ਕਾਨੂੰਨ ਦੋ ਵੱਖੋ-ਵੱਖਰੇ ਵਰਤਾਰੇ ਤੇ ਪਹਿਲੂ ਹਨ।

ਜਦੋਂ ਵੀ ਇਕੱਠੇ ਰਹਿ ਰਹੇ ਵਿਆਹੇ ਜਾਂ ਅਣਵਿਆਹੇ ਬੱਚਿਆਂ ਵਾਲੇ ਜੋੜੇ ਵਿਚੋਂ ਕਿਸੇ ਇਕ ਦੀਆਂ ਅੱਖਾਂ ਵਿਚ ਕਿਸੇ ਹੋਰ ਤੀਸਰੇ ਦੀ ਖਿੱਚ ਦੇ ਡੋਰੇ ਨੱਚਣ ਲੱਗ ਪੈਣ ਤਾਂ ਘਰ ਵਿਚ ਕਲੇਸ਼ ਵਾਲੀ ਸਥਿਤੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਨਸ਼ਤਰ ਵਰਗੇ ਤਿੱਖੇ ਸ਼ਬਦਾਂ ਨਾਲ ਇਕ ਦੂਜੇ ਨੂੰ ‘ਜ਼ਖ਼ਮੀ’ ਕੀਤਾ ਜਾਂਦਾ ਹੈ ਜਾਂ ਆਖਰ ਕਈ ਵਾਰ ਬਿਨ ਬੋਲੇ ਹੀ ਮੀਸਣਿਆਂ ਵਾਗੂੰ ਇਹੋ ਜਹੀ ਸਥਿਤੀ ਵਿਚੋਂ ਬਾਹਰ ਹੋ ਜਾਂਦੇ ਹਨ- ਅਜਿਹੇ ਲੋਕ। ਆਪਣੇ ਵਲੋਂ ਢੂੰਡੇ ਨਵੇਂ ‘ਹਾੱਸੇ’ ਦੇ ਗਲ ਲੱਗ ਕੇ ਆਪੇ ਸਹੇੜੀ ਪੀੜ ਵਿਚੋਂ ਪਿਆਰ ਭਾਲਣ ਲੱਗ ਜਾਂਦੇ ਹਨ, ਜਦੋਂ ਕਿ ਅਜਿਹੇ ਲੋਕਾਂ ਵਿਚੋਂ ਬਹੁਗਿਣਤੀ ਪਿਆਰ ਦੇ ਬਿਲਕੁੱਲ ਕਾਬਲ ਨਹੀਂ ਹੁੰਦੀ। ਜਿਹੜੇ, ਫੁੱਲ ਦੀ ਸੁਗੰਧੀ ਵਰਗੇ ਆਪਣੇ ਬੱਚਿਆਂ ਨੂੰ ਠੋਕਰ ਮਾਰ ਕੇ ਘਰੋਂ ਨਿਕਲ ਤੁਰਦੇ ਹਨ। ਪਰ, ਤੁਰਨ ਤੋਂ ਪਹਿਲਾਂ ਉਹ ਬਿਲਕੁੱਲ ਨਹੀਂ ਸੋਚਦੇ ਕਿ ਕੀ ਹੱਕ ਹੈ ਉਨ੍ਹਾਂ ਨੂੰ ਆਪਣੀ ਅੱਯਾਸ਼ੀ ਵਿਚੋਂ ਜੰਮੇ ਦਰਦ ਨੂੰ ਉਮਰ ਭਰ ਲਈ ਆਪਣੇ ਬੱਚਿਆਂ ਦੇ ਮੋਢੇ ਧਰਨ ਦਾ? ਕੀ ਅਧਿਕਾਰ ਹੈ ਉਨ੍ਹਾਂ ਨੂੰ ਆਪਣੇ ਖੂਨ ਦੇ ਕਿਸੇ ਹਿੱਸੇ ਨੂੰ ਮੱਲੋਜ਼ੋਰੀ ਗੰਦੀ ਨਾਲ਼ੀ ਵਲ ਧੱਕਣ ਦਾ? ਉਹ ਕਿਵੇਂ ਭੁੱਲ ਜਾਂਦੇ ਹਨ ਕਿ ਬੱਚਿਆਂ ਦੇ ਆਉਣ ਵੇਲੇ ਦੀ ਉਡੀਕ ਨੇ ਉਦੋਂ ਉਨ੍ਹਾਂ ਨੂੰ ਕਿੰਨੀ ਖੁਸ਼ੀ, ਖਲੂਸ ਤੇ ਸਕੂਨ ਬਖਸਿ਼ਆ ਸੀ? ਆਪਣੇ ਹੀ ਸਾਥੀ/ਸਾਥਣ ਨਾਲ ਕੀਤਾ ਬੱਚੇ ਦਾ ਇਕਰਾਰ ਵੀ ਉਨ੍ਹਾਂ ਨੂੰ ਯਾਦ ਨਹੀਂ ਰਹਿੰਦਾ? ਬਹੁਤ ਸਾਰੇ ਛੱਡ-ਛਡਾਈ ਵੇਲੇ ਕਿਵੇਂ ਭੁੱਲ ਜਾਂਦੇ ਹਨ ਆਪਣੀ ਜਾਨੋਂ ਵੱਧ ਪਿਆਰੇ ਕਹੇ ਜਾਂਦੇ ਬੱਚਿਆਂ ਦਾ ਮੋਹ? ਨਿਰਮੋਹਾ ਹੋਣ ਵਾਸਤੇ ਮਨੁੱਖ ਨੂੰ ਪੱਥਰ ਦਿਲ ਹੋਣਾ ਪੈਂਦਾ ਹੈ ਅਤੇ ਬਹੁਤ ਸਾਰੇ ਹੋ ਵੀ ਜਾਂਦੇ ਹਨ। ਅਜਿਹੇ ਪੱਥਰਾਂ ਵਰਗੇ ਮਨੁੱਖਾਂ ਦੀ ਵਾਰਤਾ ਜਿੰਨੀ ਦਰਦਨਾਕ ਤੇ ਘਿਨਾਉਣੀ ਹੈ ਉਸ ਤੋਂ ਕਿਤੇ ਜਿ਼ਆਦਾ ਲੰਬੀ ਹੈ।

ਵਿਚ ਵਿਚਰਦਿਆਂ ਅਜਿਹੇ ਬੱਚੇ ਦੱਬੇ-ਘੁੱਟੇ ਹੀ ਰਹਿੰਦੇ ਹਨ। ਅਜਿਹੀ ਸਥਿਤੀ ਦੇ ਹੁੰਦਿਆ ਕਿਸੇ ਖੁੱਲੇ ਮਹੌਲ ਵਿਚ ਵੀ ਉਨ੍ਹਾਂ ਦਾ ਸੰਕੋਚਵਾਂ ਵਿਹਾਰ ਉਨ੍ਹਾਂ ਦੇ ਸਵੈ ਵਿਸ਼ਵਾਸ ਨੂੰ ਵਧਣ ਫੁਲਣ ਨਹੀਂ ਦਿੰਦਾ। ਜਿਸ ਕਰਕੇ ਕਈ ਵਾਰ ਉਨ੍ਹਾਂ ਦੀ ਸ਼ਖਸੀਅਤ ਦਾ ਪੂਰਾ ਵਿਕਾਸ ਹੋਣੋਂ ਪਛੜ ਜਾਂਦਾ ਹੈ। ਜਦੋਂ ਕਿ ਕਸੂਰਵਾਰ ਬੱਚੇ ਖੁਦ ਨਹੀਂ ਸਗੋਂ ਉਨ੍ਹਾਂ ਦੇ ਮਾਪੇ ਹੁੰਦੇ ਹਨ। ਜਿਨ੍ਹਾਂ ਨੇ ਮੂਰਖਤਾ ਦੇ ਘੋੜੇ ਚੜ੍ਹਕੇ ਸਿਰਫ ਆਪਣੇ ਦਿਲ ਨੂੰ ਰਾਜ਼ੀ ਕਰਨ ਲਈ ਆਪਣੇ ਹੱਸਦੇ-ਖੇਡਦੇ ਬੱਚਿਆਂ ਦੇ ਹਾਸੇ ’ਤੇ ਪੈਰ ਰੱਖਕੇ ਅਗਲੇ ਪਾਸੇ ਜਾਣ ਦਾ ਕਾਰਜ ਕੀਤਾ ਹੁੰਦਾ ਹੈ। ਬੱਚਿਆਂ ਦਾ ਕੁਚਲਿਆ ਹਾਸਾ ਉਮਰ ਭਰ ਲਈ ਉਨ੍ਹਾਂ ਦੇ ਅੰਦਰਲਾ ਸਹਿਮ ਬਣ ਜਾਂਦਾ ਹੈ। ਇਸ ਸਥਿਤੀ ਵਿਚ ਕਈਆਂ ਲਈ ਮਾਪੇ, ਕੁ-ਮਾਪੇ ਬਣ ਜਾਂਦੇ ਹਨ।
ਅਜਿਹੇ ਮਾਪਿਆਂ ਜਾਂ ਜੋੜਿਆਂ ਦੇ ਬੱਚੇ ਜਿੱਥੋਂ ਵੀ ਗੁਜ਼ਰਦੇ ਹਨ/ਜਿੱਥੇ ਵੀ ਜਾਂਦੇ ਹਨ ਉਥੋਂ ਅਕਸਰ ਹੀ ਉਦਾਸੀ ਭਰਿਆ ਚਿਹਰਾ ਲੈ ਕੇ ਵਾਪਸ ਮੁੜਦੇ ਹਨ। ਸਕੂਲ ਹੋਵੇ, ਖੇਡ ਕਲੱਬ, ਕਿਸੇ ਵਾਕਿਫ਼ ਮਿੱਤਰ ਦੇ ਘਰ ਆਉਣ-ਜਾਣ ਦਾ ਸਬੱਬ ਬਣਦਾ ਹੋਵੇ ਜਾਂ ਕਿਸੇ ਵਲੋਂ ਖੁਸ਼ੀ ਸਾਂਝੀ ਕਰਨ ਹਿਤ ਕੀਤੀ ਕੋਈ ਪਾਰਟੀ ਬਗੈਰਾ। ਬੱਚਿਆਂ ਵਿਚ ਆਮ ਜਹੀ ਹੀ ਆਦਤ ਹੈ ਮਾਪਿਆਂ ਬਾਰੇ ਗੱਲਾਂ ਕਰਨ ਦੀ। ਮਿੱਤਰਾਂ-ਦੋਸਤਾਂ

ਪਦਾਰਥਵਾਦੀ ਮਨੁੱਖੀ ਰੁਚੀਆਂ ਆਪਣੇ ਹੀ ਵਸਦੇ-ਰਸਦੇ ਘਰਾਂ ਨੂੰ/ਪ੍ਰੀਵਾਰਾਂ ਨੂੰ ਤੋੜ ਰਹੀਆਂ ਹਨ। ਨਵਾਂ ਭੋਗਵਾਦੀ ‘ਸੱਭਿਆਚਾਰਕ’ ਸਮਾਜੀ ਵਰਤਾਰਾ ਬੱਚਿਆਂ ਦੇ ਹਾਸੇ ਖੋਹ ਰਿਹਾ ਹੈ। ਇਸ ਤਰ੍ਹਾਂ ਮਨੁੱਖਤਾ ਦੇ ਆਉਣ ਵਾਲੇ ਕੱਲ੍ਹ ਨੂੰ ਮੱਲੋਜ਼ੋਰੀ ਘਸਮੈਲ਼ਾ ਕਰਨ ਦੇ ਯਤਨ ਹੋ ਰਹੇ ਹਨ। ਘਸਮੈਲ਼ੇ ਵਰਤਮਾਨ ਵਿਚੋਂ ਉਜਲਾ ਭਵਿੱਖ ਕਿਵੇਂ ਪੈਦਾ ਹੋ ਸਕਦਾ ਹੈ? ਔਰਤ-ਮਰਦ ਬੱਚਿਆ ਨੂੰ ਇਸ ਜਹਾਨ ਵਿਚ ਲਿਆਉਣ ਦਾ ਸਾਧਨ (ਅਨਰਜ਼ੀ) ਹਨ। ਪਰ ਆਏ ਬੱਚਿਆਂ ਨੂੰ ਸਾਂਝੇ ਤੌਰ ’ਤੇ ਸਾਂਭਣ, ਉਨ੍ਹਾਂ ਦਾ ਸਹੀ ਪਾਲਣ-ਪੋਸ਼ਣ ਅਤੇ ਉਨ੍ਹਾਂ ਦੀ ਸਮੁੱਚੀ ਸ਼ਖਸੀਅਤ ਨੂੰ ਵਿਕਸਤ ਕਰਨ ਵਾਸਤੇ ਲੋਕਾਂ ਨੂੰ ਅਜੇ ਹੋਰ ਬਹੁਤ ਸਾਰੀ ਸਮਝ-ਸੂਝ, ਸਾਂਝੀ ਸੋਚ ਅਤੇ ਸਹਿਣਸ਼ੀਲਤਾ ਭਰੇ ਜੇਰੇ ਦੀ ਲੋੜ ਹੈ। ਜਿਸ ਦੇ ਸਦਕਾ ਬੱਚਿਆਂ ਦੀ ਸਮੁੱਚੀ ਸ਼ਖਸੀਅਤ ਦਾ ਭਰਵਾਂ ਤੇ ਸਾਵਾਂ ਵਿਕਾਸ ਹੋ ਸਕੇ । ਇਸ ਪਾਸੇ ਕੀਤੇ ਜਾਣ ਵਾਲੇ ਹਾਂਅ ਪੱਖੀ ਯਤਨ ਬੱਚਿਆਂ ਦੇ ਸੁਹਣੇ ਭਵਿੱਖ ਦੇ ਜ਼ਾਮਨ ਹੋ ਸਕਦੇ ਹਨ। ਇਹ ਰਾਹ ਹੀ ਨਵੇਂ ਮਨੁੱਖ ਦੀ ਸਿਰਜਣਾ ਦੀ ਬੁਨਿਆਦ ਬਣ ਸਕਦਾ ਹੈ।

ਮਾਪਿਆਂ ਦੇ ਵੱਖੋ-ਵੱਖ ਹੋ ਜਾਣ ਤੋਂ ਬਾਅਦ ਬਹੁਤੇ ਬੱਚੇ ਮਾਵਾਂ ਕੋਲ ਹੀ ਰਹਿੰਦੇ ਹਨ। ਪਰ ਕਾਫੀ ਸਾਰੀਆ ਔਰਤਾਂ ਜਦੋਂ ਆਪਣੀ ਨਵੀਂ ਖਾਹਿਸ਼ ਅਧੀਨ ਫੇਰ ਕੋਈ ਨਵਾਂ ਸਾਥ ਚੁਣ ਲੈਂਦੀਆਂ ਹਨ ਤਾਂ ਬਹੁਤ ਵਾਰ ਬੱਚਿਆਂ ਦੀ ਸਹੀ ਪ੍ਰਵਰਿਸ਼ ਵਿਚ ਔਕੜਾਂ ਪੈਦਾ ਹੁੰਦੀਆਂ ਹਨ। ਉਸ ਔਰਤ ਦਾ ਨਵਾਂ ਸਾਥ ਆਮ ਤੌਰ ’ਤੇ ਉਨ੍ਹਾਂ ਬੱਚਿਆਂ ਨੂੰ ਬੇਗਾਨਾ ਹੀ ਸਮਝਦਾ ਹੈ। ਭਲਾਂ ਬੇਗਾਨਿਆਂ ਦੀ ਕੌਣ ਪ੍ਰਵਾਹ ਕਰਦਾ ਹੈ? ਬਹੁਤ ਹੀ ਘੱਟ ਮਰਦ ਹਨ ਜੋ ਆਪਣੇ ਵਲੋਂ ਕਿਸੇ ਔਰਤ ਨੂੰ ਆਪਣੀ ਦੋਸਤ ਜਾਂ ਪਤਨੀ ਮੰਨ ਲੈਣ ਤੋਂ ਬਾਅਦ ਵੀ ਉਸਦੇ (ਪਹਿਲੇ) ਬੱਚਿਆਂ ਨੂੰ ਆਪਣਾਪਨ ਦਿੰਦੇ ਹਨ। ਬਹੁਤਿਆਂ ਵਾਸਤੇ ਤਾਂ ਉਹ ਬੋਝ੍ਹ ਹੀ ਹੁੰਦੇ ਹਨ। ਹਾਲਾਂਕਿ ਉਸ ਮਰਦ ਨੂੰ ਆਪਣੀ ਨਵੀਂ ਸਾਥਣ ਦੇ ਬੱਚਿਆਂ ਬਾਰੇ ਪਹਿਲਾਂ ਹੀ ਚੰਗਾ ਭਲਾ ਗਿਆਨ ਹੁੰਦਾ ਹੈ। ਉਹ ਇਕਰਾਰ ਕਰਦੇ ਹਨ ਚੰਗੇ ਨਿਭਣ ਦਾ ਪਰ ਆਮ ਕਰਕੇ ਨਿਭਦੇ ਨਹੀਂ। ਸਿਰਫ ਮਰਦਾਂ ਬਾਰੇ ਹੀ ਅਜਿਹਾ ਸੋਚਣਾ ਗਲਤ ਹੋ ਸਕਦਾ ਹੈ ਕਿਉਂਕਿ ਤਾੜੀ ਦੋਵਾਂ ਹੱਥਾਂ ਨਾਲ ਹੀ ਵੱਜਦੀ ਹੈ।

ਬੱਚੇ ਆਪਣੇ ਨਾਲ ਹੁੰਦੇ ਜਾਂ ਹੋਏ ਮਾੜੇ ਵਿਹਾਰ ਕਰਕੇ ਕਈ ਵਾਰ ਵਿਰੋਧੀ ਰੁਚੀਆਂ ਧਾਰਨ ਕਰ ਲੈਂਦੇ ਹਨ। ਮਾੜੀ ਸੰਗਤ/ਸੁਹਬਤ ਦਾ ਸਿ਼ਕਾਰ ਹੋ ਜਾਂਦੇ ਹਨ। ਕਈ ਵਾਰ ਨਸ਼ੇ-ਪੱਤੇ ਦੀ ਆਦਤ ਵੀ ਪਾ ਲੈਂਦੇ ਹਨ। ਬੇ-ਕਸੂਰੇ ਹੀ ਕਸੂਰਵਾਰ ਹੋ ਜਾਂਦੇ ਹਨ। ਲੋੜ ਅਜਿਹੇ ਬੱਚਿਆਂ ਨੂੰ ਉਨ੍ਹਾਂ ਦਾ ਬਚਪਨ ਵਿਚ ਗੁਆਚਿਆ ਖੇੜਾ ਮੋੜਨ ਦੀ ਹੈ, ਤਾਂ ਜੋ ਉਨ੍ਹਾਂ ਦੀ ਸਾਵੀਂ ਤੋਰ ਨਾਲ ਸੰਸਾਰ ਦੇ ਖੁਬਸੂਰਤ ਭਵਿੱਖ ਦੀ ਆਸ ਕੀਤੀ ਜਾ ਸਕੇ, ਇਹੋ ਆਸ ਉੱਜਲ ਭਵਿੱਖ ਦੀ ਜਾਮਨੀ ਹੋ ਸਕਦੀ ਹੈ। ਇਸ ਤਰ੍ਹਾਂ ਹੀ ਉਨ੍ਹਾਂ ਬੱਚਿਆਂ ਦੇ ਮੋਢਿਆਂ ’ਤੇ ਮੱਲੋਜ਼ੋਰੀ ਸੁੱਟਿਆ ਗੈ਼ਰਜ਼ਰੂਰੀ ਦਰਦ ਦਾ ਬੋਝ੍ਹ ਘਟਣ ਦੀ ਆਸ ਕੀਤੀ ਜਾ ਸਕਦੀ ਹੈ। ਕਿਉਂਕਿ ! ਬੱਚੇ ਦਾ ਹੱਸਣਾ ਤੇ ਫੁੱਲ ਦਾ ਖਿੜਨਾ ਹੀ ਜਹਾਨ ਦੀ ਖੂਬਸੂਰਤੀ ਹੈ।

****

No comments: