ਦਾਣਾ ਪਾਣੀ ਖਿੱਚ ਕੇ ਲਿਜਾਂਦਾ.......... ਅਭੁੱਲ ਯਾਦਾਂ / ਮੋਹਣ ਸਿੰਘ ਮਲਹਾਂਸ, ਐਡੀਲੇਡ


ਜਿੰਦਗੀ ਦੀ ਮਾਲਾ ਵਿੱਚ ਘਟਨਾਵਾਂ ਦੇ ਮਣਕੇ ਲਗਾਤਾਰ ਜੁੜਦੇ ਰਹਿੰਦੇ ਹਨ। ਸਮੇਂ-ਸਮੇਂ ਸਿਰ ਵਾਪਰੀਆਂ ਘਟਨਾਵਾਂ ਵਿੱਚੋਂ ਕੁਝ ਖਾਸ ਘਟਨਾਵਾਂ ਚੇਤਿਆਂ ਚੋ ਵਿਸਰਦੀਆਂ ਹੀ ਨਹੀਂ । ਇਸੇ ਤਰਾਂ ਦੀ ਇੱਕ ਘਟਨਾ ਦਾ ਜਿ਼ਕਰ ਹਥਲੇ ਲੇਖ ਵਿੱਚ ਕਰ ਰਿਹਾ ਹਾਂ । ਮੇਰੇ ਨਾਲ ਇਹ ਘਟਨਾ ਜਨਵਰੀ 2006 ਵਿੱਚ ਵਾਪਰੀ । ਠੰਡ ਪੂਰੇ ਜੋਬਨ ਤੇ ਸੀ। ਤਕਰੀਬਨ ਇੱਕ ਹਫਤੇ ਤੋਂ ਲਗਾਤਾਰ ਧੁੰਦ ਵਾਲਾ ਮੌਸਮ ਬਣਿਆ ਹੋਇਆ ਸੀ । ਸੂਰਜ ਦੇਵਤੇ ਦੇ ਦਰਸ਼ਨਾਂ ਨੂੰ ਤੇ ਨਿੱਘ ਮਾਨਣ ਲਈ ਲੋਕ ਤਰਸੇ ਪਏ ਸਨ। ਦਿਨ ਚੜਦਾ, ਰਾਤ ਪੈਂਦੀ ਪਰ ਧੁੰਦ ਛਟਣ ਦਾ ਨਾਂ ਹੀ ਨਹੀਂ ਸੀ ਲੈ ਰਹੀ। ਉਸ ਦਿਨ ਮੈਂ ਹਰ ਰੋਜ਼ ਦੀ ਤਰਾਂ ਆਪਣੀ ਡਿਊਟੀ ਤੇ ਜਾਣ ਲਈ ਸਵੇਰੇ ਤਿਆਰ ਹੋਇਆ । ਠੰਢ ਤੋਂ ਬਚਣ ਲਈ ਆਪਣੇ ਸਾਰੇ ਸਰੀਰ ਨੂੰ ਪੂਰੀ ਤਰਾਂ ਗਰਮ ਕੱਪੜਿਆਂ ਨਾਲ ਕੱਜਿਆ ਤੇ ਆਪਣੀ ਕਰਮ ਭੂਮੀ ਮਾਲਵਾ ਕਾਲਜ ਬੌਂਦਲੀ ਸਮਰਾਲਾ ਵਿਖੇ ਪਹੁੰਚਣ ਲਈ ਆਪਣੀ ਬੱਕੀ (ਮੋਟਰ ਸਾਇਕਲ) ਤੇ ਸਵਾਰ ਹੋ ਕੇ ਮੰਜਿ਼ਲ ਵੱਲ ਨੂੰ ਚਾਲੇ ਪਾ ਦਿੱਤੇ। ਇਸ ਦਿਨ ਮੇਰਾ ਕਾਲਜ ਵਿਖੇ ਪਹੁੰਚਣ ਦਾ ਇੱਕ ਖਾਸ ਮਕਸਦ ਸੀ । ਇਸ ਦਿਨ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਮੇਰੀ ਨਿਗਰਾਨ (ਅਮਲਾ) ਦੀ  ਅਸਾਮੀ ਲਈ ਇੰਟਰਵਿਊ ਸੀ। ਇਸ ਉਦੇਸ਼ ਲਈ ਮੈਂ ਕਾਲਜ ਦੇ ਪ੍ਰਿੰਸੀਪਲ ਤੋਂ “ਕੋਈ ਇਤਰਾਜ਼ ਨਹੀਂ” ਸਰਟੀਫਕੇਟ ਪ੍ਰਾਪਤ ਕਰਕੇ ਇੰਟਰਵਿਊ ਲਈ ਫਤਿਹਗੜ੍ਹ ਸਾਹਿਬ ਵਿਖੇ ਪਹੁੰਚਣਾ ਸੀ।


ਘਰੋਂ ਚੱਲਣ ਲੱਗਿਆਂ ਮੈਂ ਆਪਣੇ ਸਾਰੇ ਅਸਲ ਵਿੱਦਿਅਕ ਸਰਟੀਫਕੇਟ, ਫਤਿਹਗੜ੍ਹ ਸਾਹਿਬ ਕਾਲਜ ਤੋਂ ਆਈ ਇੰਟਰਵਿਊ ਸਬੰਧੀ ਚਿੱਠੀ, ਇੱਕ ਫਾਇਲ ਵਿੱਚ ਪਾਏ ਤੇ ਇਹ ਫਾਇਲ ਇੱਕ ਪਲਾਸਟਿਕ ਦੇ ਲਿਫਾਫੇ ਵਿੱਚ ਪਾ ਕੇ ਲਿਫਾਫਾ ਮੋਟਰ ਸਾਇਕਲ ਦੀ ਵੱਖੀ ਵਿੱਚ ਸਮਾਨ ਟੰਗਣ ਲਈ ਲਗਾਈ ਹੁੱਕ ਤੇ ਟੰਗ ਦਿੱਤਾ। ਮੋਟਰ ਸਾਇਕਲ ਤੇ ਸਵਾਰ ਹੋ ਕੇ ਮੈਂ ਆਪਣੇ ਕਰਮ ਭੂਮੀ ਵੱਲ ਜਾ ਰਿਹਾ ਸੀ। ਰਸਤੇ ਵਿੱਚ ਮੈਂ ਬਾਰ-ਬਾਰ ਆਪਣਾ ਹੱਥ ਹੁੱਕ ਨਾਲ ਟੰਗੇ ਲਿਫਾਫੇ ਨੂੰ ਲਾ ਕੇ ਉਸਦੇ ਸਹੀ ਸਲਾਮਤ ਹੋਣ ਦੀ ਤਸੱਲੀ ਕਰਦਾ ਰਿਹਾ। ਇੰਝ ਕਰਦਿਆਂ ਮੈਂ ਆਪਣੇ ਪਿੰਡ ਅਲੂਣਾ ਤੋਲਾ ਤੋਂ ਜੀ ਟੀ ਰੋਡ ਤੱਕ ਦਾ ਸਫਰ ਤਹਿ ਕਰ ਲਿਆ । ਅੱਗੇ ਜੀ ਟੀ ਰੋਡ ਤੋਂ ਪਿੰਡ ਦਹਿੜੂ ਤੱਕ ਦਾ ਦੋ ਕੁ ਕਿਲੋਮੀਟਰ ਦਾ ਰਸਤਾ ਬੁਰੀ ਤਰਾਂ ਟੁੱਟਿਆ ਹੋਇਆ ਸੀ, ਜਿਸ ਕਾਰਨ ਮੈਂ ਆਪਣਾ ਸਾਰਾ ਧਿਆਨ ਮੋਟਰ ਸਾਇਕਲ ਨੂੰ ਟੋਇਆਂ ਤੋਂ ਬਚਾ ਕੇ ਚਲਾਉਣ ਲਈ ਕੇਂਦਰਿਤ ਕੀਤਾ ਹੋਇਆ ਸੀ। ਪਿੰਡ ਦਹਿੜੂ ਦੀ ਜੂਹ ਲੰਘ ਕੇ, ਮੈਂ ਇੱਕ ਵਾਰ ਫਿਰ ਆਪਣੇ ਹੱਥ ਰਾਹੀ ਉਸ ਲਿਫਾਫੇ ਨੂੰ ਛੋਹਣ ਦਾ ਯਤਨ ਕੀਤਾ ਪਰ ਲਿਫਾਫਾ ਆਪਣੀ ਥਾਂ ਤੇ ਨਾ ਮਿਲਿਆ। ਮੈਂ ਮੋਟਰ ਸਾਇਕਲ ਰੋਕਿਆ। ਲਿਫਾਫਾ ਡਿੱਗ ਜਾਣ ਦੇ ਅਹਿਸਾਸ ਨੇ ਮੇਰੇ ਹੋਸ਼ ਉਡਾ ਦਿੱਤੇ। ਸਮਝ ਆਈ ਕਿ ਰਸਤੇ ਵਿਚ ਪਏ ਟੋਇਆ ਕਾਰਨ ਵੱਜੇ ਝਟਕੇ ਲਿਫਾਫਾ ਡਿੱਗਣ ਦਾ ਕਾਰਨ ਬਣੇ।

ਅਗਲੇ ਹੀ ਪਲ ਗੁਆਚੇ ਲਿਫਾਫੇ ਦੀ ਤਲਾਸ਼ ਲਈ ਮੋਟਰ ਸਾਇਕਲ ਉਸੇ ਰਸਤੇ ਤੇ ਵਾਪਿਸ ਪਾ ਲਿਆ । ਸੰਘਣੀ ਧੁੰਦ ਕਾਰਨ ਦੋ ਮੀਟਰ ਤੱਕ ਵੀ ਕੁਝ ਸਾਫ ਦਿਖਾਈ ਨਹੀਂ ਸੀ ਦੇ ਰਿਹਾ। ਮੇਰੇ ਵਾਂਗ ਮਜ਼ਬੂਰੀ ਵੱਸ ਟਾਂਵੇ ਟੱਲੇ ਰਾਹਗੀਰ ਵਹੀਕਲਾਂ ਤੇ ਆਉਂਦੇ ਜਾਂਦੇ ਨਜ਼ਰੀ ਪਏ ਪਰ ਸੰਘਣੀ ਧੁੰਦ ਕਾਰਨ ਉਹਨਾਂ ਦੀ ਪਛਾਣ ਨਹੀਂ ਸੀ ਆ ਰਹੀ । ਸਿਰਫ ਲਾਈਟਾਂ ਦਾ ਚਾਨਣ ਅਤੇ ਹਾਰਨਾਂ ਦੀ ਆਵਾਜ਼ਾਂ ਹੀ ਸੁਣਾਈ ਦੇ ਰਹੀ ਸੀ। ਮੇਰਾ ਧਿਆਨ ਸੜਕ ਤੇ ਕੇਂਦਰਿਤ ਸੀ ਤੇ ਮੈਂ ਗੁਆਚੇ ਲਿਫਾਫੇ ਨੂੰ ਲੱਭਣ ਦੇ ਯਤਨ ਵਿੱਚ ਸੀ। ਮੈਂ ਵਾਪਸੀ ਤੇ ਇਹ ਦੋ ਕਿਲੋਮੀਟਰ ਦਾ ਖਰਾਬ ਰਸਤਾ ਪਰਮਾਤਮਾ ਅੱਗੇ ਇਹ ਦੁਆ ਕਰਦਾ ਤਹਿ ਕੀਤਾ ਕਿ ਡਿੱਗਿਆ ਲਿਫਾਫਾ ਸੜਕ  ਤੇ ਪਿਆ ਮਿਲ ਜਾਵੇ ਤੇ ਉਸ ਨੂੰ ਪਾ ਕੇ ਮੈਂ ਧੰਨ ਹੋ ਜਾਵਾਂ । ਪਰ ਇਸ ਤਰਾਂ ਹੋ ਨਾ ਸਕਿਆ।

ਫਿਰ ਬੇਵਸੀ ਅਤੇ ਨਿਰਾਸ਼ਾ ਦੇ ਪਲਾਂ ਵਿਚੋਂ ਗੁਜ਼ਰਦਾ ਮੈਂ ਤਕਰੀਬਨ 9 ਕੁ ਵਜੇ ਮਾਲਵਾ ਕਾਲਜ ਬੌਂਦਲੀ ਸਮਰਾਲਾ ਪਹੁੰਚ ਗਿਆ। ਉਥੇ ਪਹੁੰਚ ਕੇ ਭਟਕਣਾ ਅਤੇ ਅੱਚਵੀ ਜਿਹੀ ਲੱਗੀ ਰਹੀ। ਧਿਆਨ ਗੁਆਚੇ ਲਿਫਾਫੇ ਤੇ ਕੇਂਦਰਿਤ ਰਿਹਾ ਕੰਮ ਵਿੱਚ ਮਨ ਲਗ ਹੀ ਨਹੀ ਸੀ ਰਿਹਾ। ਲਿਫਾਫੇ ਵਿੱਚ ਆਏ ਇੰਟਰਵਿਊ ਲੈਟਰ ਵਿੱਚ ਸਪੱਸ਼ਟ ਲਿਖਿਆ ਹੋਇਆ ਸੀ ਕਿ ਇੰਟਰਵਿਊ ਸਮੇਂ ਉਮੀਦਵਾਰ ਨੂੰ ਆਪਣੇ ਅਸਲ ਸਰਟੀਫਕੇਟ ਪੇਸ਼ ਕਰਨੇ ਪੈਣਗੇ। ਜੋ ਕਿ ਮੈਂ ਗੁਆ ਬੈਠਾ ਸਾਂ। ਅਸਲ ਸਰਟੀਫਕੇਟਾਂ ਤੋਂ ਬਿਨਾਂ ਇੰਟਰਵਿਊ ਦੇਣ ਜਾਵਾਂ  ਜਾਂ ਨਾ ਜਾਵਾਂ । ਇਹਨਾਂ ਭੰਨ-ਘੜਤਾਂ ਵਿੱਚ ਹੀ ਤਕਰੀਬਨ 10 ਵੱਜ ਗਏ। ਅਖੀਰ ਮੈਂ ਆਪਣਾ ਮਨ ਸਮਝਾ ਲਿਆ ਤੇ ਨਿਰਣਾ ਕੀਤਾ ਕਿ ਇੰਟਰਵਿਊ ਤੇ ਨਹੀਂ ਜਾਵਾਂਗਾ। ਇੰਨੇ ਨੂੰ ਕਾਲਜ ਦੇ ਪ੍ਰਿੰਸੀਪਲ ਸਾਹਿਬ ਵੀ ਕਾਲਜ ਪਹੁੰਚ ਗਏ ਤੇ ਉਹਨਾਂ ਮੈਨੂੰ ਦਫਤਰ ਬੁਲਾ ਕੇ ਪੁੱਛਿਆ “ਕਿੰਨੇ ਵਜੇ ਜਾਣਾ ਹੈਂ, ਤੁਸੀਂ ਫਤਿਹਗੜ੍ਹ ਸਾਹਿਬ ਇੰਟਰਵਿਊ ਲਈ” ? ਮੈਂ ਉਹਨਾਂ ਨੂੰ ਸਰਟੀਫਕੇਟਾਂ ਵਾਲੇ ਲਿਫਾਫੇ ਦੇ ਗੁੰਮ ਹੋ ਜਾਣ ਬਾਰੇ ਦੱਸਿਆ ਅਤੇ ਆਪਣੇ ਉਸ ਫੈਸਲੇ ਬਾਰੇ ਵੀ ਕਿ ਮੈਂ ਇਸ ਕਾਰਨ ਇੰਟਰਵਿਊ ਦੇਣ ਲਈ ਨਹੀਂ ਜਾ  ਰਿਹਾ । ਉਹਨਾਂ ਮੇਰੀ ਗੱਲ ਸੁਣਕੇ ਕਿਹਾ “ਬੜਾ ਮਾੜਾ ਹੋਇਆ।
ਉਹਨਾਂ ਦੇ ਕੋਲ ਬੈਠਿਆਂ ਹੀ ਅਚਾਨਕ ਮੇਰੇ ਫੋਨ ਦੀ ਘੰਟੀ ਵੱਜੀ, ਕੋਈ ਅਣਜਾਣ ਨੰਬਰ ਸਕਰੀਨ ਤੇ ਡਿਸਪਲੇ ਹੋ ਰਿਹਾ ਸੀ । ਮੈਂ ਫੋਨ ਓ ਕੇ ਕੀਤਾ । ਅੱਗੋਂ ਕਿਸੇ ਭੱਦਰ ਪੁਰਸ਼ ਦੀ ਆਵਾਜ਼ ਆਈ 
“ਹੈਲੋ ! ਮੋਹਣ ਸਿੰਘ ਬੋਲ ਰਹੇ ਹੋ?” 
ਮੈਂ ਕਿਹਾ, “ਹਾਂ ਜੀ ! ਹਾਂ ਜੀ, ਫਰਮਾਓ!” 
ਅੱਗੋਂ ਪ੍ਰਸ਼ਨ ਸੀ, “ਤੁਹਾਡਾ ਕੋਈ ਲਿਫਾਫਾ ਗੁਆਚਿਆ ਹੈ ?” 
ਮੈਂ ਉੱਤਰ ਦਿੱਤਾ “ਹਾਂ ਜੀ ! ਹਾਂ ਜੀ !! ਇਸ ਵਿੱਚ ਮੇਰੇ ਅਸਲ ਸਰਟੀਫਕੇਟ ਹਨ ਤੁਹਾਨੂੰ ਇਹ ਕਿਥੋਂ ਮਿਲਿਆ ?”
ਉਹਨਾਂ ਜੁਆਬ ਦਿੱਤਾ “ਅਸਲ  ਚ ਇਹ ਲਿਫਾਫਾ ਸਾਡੇ ਰਾਈਸ ਸ਼ੈਲਰ ਦੇ ਡਰਾਇਵਰ ਨੂੰ, ਪਿੰਡ ਦਹਿੜੂ ਦੇ ਨੇੜਿਉਂ ਸੜਕ ਤੇ ਪਿਆ ਮਿਲਿਆ ਹੈ ਤੇ ਮੈਂ ਸ਼ੈਲਰ ਦਾ ਮੈਨੇਜਰ ਬੋਲ ਰਿਹਾ ਹਾਂ । ਤੁਸੀਂ ਆਪਣਾ ਲਿਫਾਫਾ ਸ਼ੈਲਰ ਦੇ ਦਫਤਰ ਤੋਂ ਆ ਕੇ ਲੈ ਲਵੋ।ਂ ਮੈਂ ਉਹਨਾਂ ਨੂੰ ਪੁੱਛਿਆ ਰਾਇਸ ਸੈਲਰ ਹੈ ਕਿਥੇ? ਉਹਨਾਂ ਕਿਹਾ “ਏ ਐਸ ਕਾਲਜ ਖੰਨਾ ਕੋਲ।ਂ
ਗੁਆਚਿਆ ਲਿਫਾਫਾ ਮਿਲਣ ਕਾਰਨ ਮੈਨੂੰ ਇੰਨੀ ਖੁਸ਼ੀ ਹੋਈ ਜਿਸਦਾ ਮੈਂ ਲਫਜਾਂ ਵਿੱਚ ਬਿਆਨ ਨਹੀਂ ਕਰ ਸਕਦਾ। ਲਿਫਾਫਾ ਗੁਆਚਣ ਤੋਂ ਬਾਅਦ ਇੰਟਰਵਿਊ ਨਾ ਦੇਣ ਦਾ ਫੈਸਲਾ ਮੈਂ ਕਰੀ ਬੈਠਾ ਸੀ। ਲਿਫਾਫਾ ਮਿਲ ਜਾਣ ਕਾਰਨ ਮੈਂ ਫਿਰ ਹੌਂਸਲਾ ਕੀਤਾ ਅਤੇ ਇੰਟਰਵਿਊ ਤੇ ਜਾਣ ਦਾ ਮਨ ਬਣਾ ਲਿਆ।ਪ੍ਰਿੰਸੀਪਲ ਸਾਹਿਬ ਨੇ “ਕੋਈ ਇਤਰਾਜ ਨਹੀਂ ਸਰਟੀਫਕੇਟ ਜਾਰੀ ਕੀਤਾ। ਸਰਟੀਫਕੇਟ ਲੈ ਕੇ ਮੈਂ ਸਿੱਧਾ ਰਾਇਸ ਸੈਲਰ ਵਿੱਚ ਪਹੁੰਚਿਆ । ਉਥੇ ਪਹੁੰਚਿਆ ਤਾਂ ਮੈਨੂੰ ਮੈਨੇਜਰ ਸਾਹਿਬ ਨੇ ਗਰਮ-ਗਰਮ ਚਾਹ ਪਿਲਾਈ, ਜਿਸਨੂੰ ਪੀ ਕੇ ਠੰਡ ਕੁੱਝ ਦੂਰ ਹੋਈ। ਫਿਰ ਮੈਨੇਜਰ ਸਾਹਿਬ ਦੱਸਣ ਲੱਗੇ “ ਸੈਲਰ ਦੇ ਡਰਾਇਵਰਾਂ ਨੇ ਜਦੋਂ ਇਹ ਲਿਫਾਫਾ ਮੈਨੂੰ ਪਕੜਾਇਆ ਤਾਂ ਇਸ ਵਿਚਲੀ ਫਾਇਲ ਤੇ ਐਡਰੈਸ ਕਾਰਡ ਪਾਉਣ ਵਾਲੀ ਜਗਾ ਵਿੱਚ ਮੈਨ±ੰ ਇਕ ਪਰਚੀ ਪਈ ਹੋਈ ਦਿਖੀ ਜਿਸ ਤੇ ਤੁਹਾਡਾ ਨਾਂ ਅਤੇ ਮੋਬਾਇਲ ਨੰਬਰ ਸੀ। ਮੈਂ ਫਿਰ ਫਾਇਲ ਖੋਲੀ ਇਸ ਵਿੱਚ ਪਈ ਚਿੱਠੀ ਪੜੀ ਤਾਂ ਪਤਾ ਲੱਗਿਆ ਕਿ ਅੱਜ ਹੀ ਤੁਹਾਡੀ ਇੰਟਰਵਿਊ ਹੈ ਤੇ ਮੈਂ ਤੁਰੰਤ ਫੋਨ ਕੀਤਾ।‘‘

ਉਹਨਾਂ ਕੋਲੋਂ ਮੈਂ ਫਾਇਲ ਪ੍ਰਾਪਤ ਕਰਕੇ ਉਹਨਾਂ ਦਾ ਧੰਨਵਾਦ ਕਰਦੇ ਹੋਏ ਉਹਨਾਂ ਦੇ ਕੋਲ ਹੀ ਬੈਠੇ ਦੋਨਾਂ ਡਰਾਇਵਰ ਭਰਾਵਾਂ ਦਾ ਉਚੇਚੇ ਤੌਰ ਤੇ ਧੰਨਵਾਦਾ ਕੀਤਾ ਜਿਹਨਾਂ ਕਾਰਨ ਮੈਂ ਗੁਆਚੀ ਫਾਇਲ ਦਾ ਫਿਰ ਤੋਂ ਮਾਲਕ ਬਣ ਗਿਆ ਸੀ। ਮੈਂ ਉਹਨਾਂ ਨੂੰ ਇਨਾਮ ਵੱਜੋਂ ਪੰਜ ਸੋ ਰੁਪਏ ਦੇਣੇ ਚਾਹੇ ਪਰ ਉਹਨਾਂ ਨੇ ਹੱਥ ਜੋੜ ਕੇ ਇਹ ਰੁਪਏ ਲੈਣ ਤੋਂ ਇੰਨਕਾਰ ਕਰ ਦਿੱਤਾ ਤੇ ਕਿਹਾ “ਇਹ ਤਾਂ ਅਸੀਂ ਆਪਣਾ ਫਰਜ਼ ਪੂਰਾ ਕੀਤਾ ਹੈ। ਇੱਕ ਵਾਰ ਫਿਰ ਉਹਨਾਂ ਦਾ ਧੰਨਵਾਦ ਕਰਕੇ ਫਤਿਹਗੜ੍ਹ ਸਾਹਿਬ ਵਿਖੇ ਇੰਟਰਵਿਊ ਦੇਣ ਲਈ ਚਾਲੇ ਪਾ ਦਿੱਤੇ ।
ਮੈਂ ਸਮੇਂ ਸਿਰ ਇੰਟਰਵਿਊ ਦੇ ਲਈ ਉਥੇ ਹਾਜਰ ਹੋ ਗਿਆ, ਇੰਟਰਵਿਊ ਹੋਈ ਤੇ ਮੇਰੀ ਚੋਣ ਵੀ ਹੋ ਗਈ। ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਫਿਰ ਮੈਂ ਮਿਠਾਈ ਦਾ ਡੱਬਾ ਲਿਜਾ ਕੇ ਰਾਇਸ ਸੈਲਰ ਦੇ ਮੈਨੇਜਰ ਅਤੇ ਡਰਾਇਵਰ ਭਰਾਵਾਂ ਨਾਲ ਆਪਣੀ ਖੁਸ਼ੀ ਸਾਂਝੀ ਕਰੀ। ਸੋਚਣ ਲੱਗਿਆ ਕਿ ਗੁਆਚੀ ਫਾਇਲ ਵਿੱਚ ਉਸ ਦਿਨ ਜੇ ਮੈਂ ਪਰਚੀ ਤੇ ਆਪਣਾ ਨਾਂ ਅਤੇ ਟੈਲੀਫੂਨ ਲਿਖ ਕੇ ਫਾਇਲ ਵਿੱਚ ਨਾ ਪਾਉਂਦਾ ਤਾਂ ਫਾਇਲ ਕਿਥੋਂ ਮਿਲਣੀ ਸੀ? ਫਿਰ ਕਿਵੇਂ ਮਿਲਦੀ ਇਹ ਨੌਕਰੀ ? ਜਦ ਕਦੇ ਵੀ ਮੈਂ ਇਸ ਘਟਨਾ ਨੂੰ “ਦਾਣਾ ਪਾਣੀ ਖਿੱਚ ਕੇ ਲਿਜਾਂਦਾ.... ਵਾਲੇ ਕਥਨ ਨਾਲ ਜੋੜਦਾ ਹਾਂ ਤਾਂ ਪ੍ਰਮਾਤਮਾ ਵੱਲੋਂ ਕਿਸੇ ਥਾਂ ਦਾ ਦਾਣਾ ਪਾਣੀ ਚੁਗਣ ਲਈ ਖੇਡੀ ਖੇਡ ਨੂੰ ਆਦਰ ਸਹਿਤ ਸਲਾਮ ਕਰਦਾ ਹਾਂ। ਫਾਇਲ ਦੇ ਖੋ ਜਾਣ ਨੂੰ, ਫਾਇਲ ਦੇ ਮਿਲ ਜਾਣ ਨੂੰ, ਨੌਕਰੀ ਦੀ ਪ੍ਰਾਪਤੀ ਨੂੰ ਜਦ ਪ੍ਰਮਾਤਮਾ ਦੀ ਦਾਣਾ ਪਾਣੀ ਵਾਲੀ ਖੇਡ ਨਾਲ ਜੋੜ ਕੇ ਦੇਖਦਾ ਹਾਂ ਤਾਂ ਲੋਕ ਤੱਥ “ਪ੍ਰਮਾਤਮਾ ਨੇ ਇਨਸਾਨ ਦੀ ਦਾਣੇ ਦਾਣੇ ਤੇ ਮੋਹਰ ਲਾਈ ਹੋਈ‘‘ ਨੂੰ ਸਾਕਾਰ ਰੂਪ ਵਿੱਚ ਸੱਚ ਹੋਇਆ ਪਾਉਂਦਾ ਹਾਂ ਤੇ ਮੇਰਾ ਸਿਰ ਪ੍ਰਮਾਤਮਾ ਅੱਗੇ ਅਦਬ ਨਾਲ ਝੁੱਕ ਜਾਂਦਾ ਹੈ।

****

No comments: